|

ਭੈਣੇ ਸੁਣਿਐਂ ਪਰਲੈ ਆ ਗਈ!
ਧਰਤੀ ਕੰਬੀ, ਅੰਬਰ ਹਿੱਲਿਆ,
ਪਾਣੀ ਦੀਆਂ ਕੰਧਾਂ ਬਣ ਟੁਰੀਆਂ,
ਧਰਤੀ ਸਾਗਰ ਵਿਚ ਸਮਾ ਗਈ।
ਔਹ ਜੋ ਸਾਹਵੇਂ ਦਿਸਦਾ ਟੋਇਆ,
ਕਲ੍ਹ ਓਥੇ ਇਕ ਪਿੰਡ ਹੁੰਦਾ ਸੀ।
ਇਸ ਪਿੰਡ ਦਾ, ਹਰ ਇਕ ਜੀਅ ਮੋਇਆ।
ਕੋਈ ਨਾ ਕਿਸੇ ਦੇ ਜਾਣ ‘ਤੇ ਰੋਇਆ।

ਇਸ ਟੋਏ ਵਿਚ ਵੇਖ ਤੱਤੜੀਏ,
ਕਿੰਨੀਆਂ ਹੀ ਮਾਵਾਂ ਦੀਆਂ ਲਾਸ਼ਾਂ,
ਕੁਝ ਕੁ ਮਰਦਾਂ ਦੀਆਂ ਲਾਸ਼ਾਂ ਵੀ,
ਸਭ ਤੋਂ ਵੱਧ ਬਾਲਾਂ ਦੀਆਂ ਲਾਸ਼ਾਂ।
ਲ਼ਓ ਕੁਝ ਹੋਰ ਆ ਗੀਆਂ ਲਾਸ਼ਾਂ।
ਰੁਕੋ ਤਾਂ ਮੇਰੇ ਫ਼ੌਜੀ ਵੀਰੋ!
ਇੰਜ ਵਗਾਹ ਕੇ ਤਾਂ ਨਾ ਮਾਰੋ!
ਕੁਝ ਤਾਂ ਸ਼ਿਸ਼ਟਾਚਾਰ ਨਾ ਸੋਚੋ!
ਇਹ ਕੋਈ, ਕੁੱਤੇ ਸੂਅਰ ਨਹੀਂ,
ਇੰਜ ਨਿਰ-ਦਇਤਾ ਨਾਲ ਨਾ ਨੋਚੋ!
ਸ਼ਾਇਦ ਇਹਨਾਂ ਚੋਂ ਮੁਸਕ ਪਈ ਆਵੇ,
ਇਹ ਵੀ ਕਲ੍ਹ ਤੱਕ, ਥੋਡੇ ਜਿਹੇ ਸਨ।
ਖਵਰੇ ਪਿਆਰ ਦੀ ਗਲਵਕੜੀ ਵਿਚ,
ਇਹਨਾਂ ਵੀ ਕੁਝ ਸੁਫ਼ਨੇ ਲਏ ਸਨ।
ਇੰਨੀਆਂ ਕੋਮਲ ਜਿੰਦੜੀਆਂ ਨੂੰ,
ਕਿਓਂ ਕੁਦਰਤ ਨੇ ਸਜ਼ਾ ਸੁਣਾਈ।
ਮਾਂਵਾਂ ਦੀ ਹਿੱਕ ਦੇ ਨਿੱਘ ਦੀ ਥਾਂ।
ਮਿਲੀ ਅਚਾਨਕ ਮੌਤ ਅਣਿਆਈ।
ਕੁਝ ਇਨਸਾਨੀ ਫ਼ਰਜ਼ ਪਛਾਣੋ,
ਕੁਝ ਤਾਂ ਤਰਸ ਇਹਨਾਂ ‘ਤੇ ਖਾਓ,
ਏਨੇ ਸਾਰੇ ਮਲਬੇ ਵਿੱਚੋਂ,
ਇਹਨਾਂ ਲਈ ਕੁਝ ਬਾਲਣ ਲਿਆਓ।
ਕੂੜੇ ਹੇਠੋਂ ਲੱਭ ਪਵੇਗੀ,
ਇਕ ਅੱਧ ਨਵੀਂ ਪੁਰਾਣੀ ਚਾਦਰ।
ਰੁਖਸਤ ਹੋਣ ਤੋਂ ਪਹਿਲੋਂ ਕਰੀਏ,
ਕੁਝ ਤਾਂ ਮਾਨਵਤਾ ਦਾ ਆਦਰ |