|
ਪ੍ਰਤੀਕਰਮ
-
ਸੁਰਜੀਤ
ਸਿੰਘ ਭੁੱਲਰ
ਮਿੱਤਰਾ
ਅਤੀਤ ਦੀਆਂ ਪਰਛਾਈਆਂ ਦੇ
ਕੋਝ੍ਹੇ',
ਬੇ-ਢੱਬੇ ਤੇ
ਮੂੰਹ ਚਿੜਾਉਂਦੇ ਮੁਹਾਂਦਰਿਆਂ ਨੂੰ
ਐਵੇਂ ਯਾਦ ਕਰਕੇ
ਆਪਣਾ ਲਹੂ ਨਾ ਸੁਕਾ
ਤੇ ਨਾ ਹੀ ਇਨ੍ਹਾਂ ਦੀ ਬਣਤਰ ਦਾ
ਕਿਸੇ ਨੂੰ ਦੋਸ਼ੀ ਠਹਿਰਾ
ਜਿਸ ਕਿਸੇ ਨੇ ਵੀ
ਤੇਰੇ ਜਿਹੜੇ ਬੋਲ ਸੁਣੇ ਸਨ
ਭੱਦੀ ਜਿਹੀ ਗਾਲ੍ਹ ਕੱਢ
ਤੈਨੂੰ ਮੋੜਦਿਆਂ ਹੋਇਆਂ
ਤੈਥੌਂ ਦੂਰ ਹੋ ਗਿਆ ਹੈ ।
ਕੀ ਇਹ ਸੁਭਾਵਿਕ ਨਹੀਂ
ਤੂੰ ਜੋ ਕੁਝ ਵੀ ਕਹਿੰਦਾ ਏਂ
ਦੂਜੇ ਲਈ ਇਹ
ਪ੍ਰਤੀਕਰਮ ਦਾ ਕਾਰਨ ਹੋ ਨਿਬੜਦਾ ਹੈ
ਤੇਰੇ ਉਚਰੇ ਹੋਏ ਬੋਲ
ਕਿਸੇ ਦੇ ਮੇਚੇ ਨਹੀਂ ਆਉਂਦੇ
ਤੂੰ ਆਪਣੀ ਆਦਤ ਅਨੁਸਾਰ
ਅਲੰਕਾਰ-ਰਹਿਤ
ਕੋਰੇ ਸ਼ਬਦਾਂ ਦੀ ਵਰਤੋਂ ਕਰਨੋਂ
ਝਿਜਕਦਾ ਨਹੀਂ
ਹਟਦਾ ਨਹੀਂ
ਕਿਉਂਕਿ ਇਹ ਤੇਰੀ ਆਦਤ ਹੈ
।
ਭਾਵੇਂ ਤੇਰੇ ਕੋਲ ਸ਼ਿਸ਼ਟ
ਸ਼ਬਦਾਂ ਦਾ
ਅਮੁਕ ਭੰਡਾਰ ਹੈ
ਪਰ ਗੱਲ ਤਾਂ ਨਿੱਜਤਵ ਦੀ ਹੁੰਦੀ ਹੈ
।
ਅਜ ਦੇ ਸਮੇਂ
ਕੌਣ ਕੋਰੇ ਸ਼ਬਦਾਂ ਨੂੰ
ਜਰ ਤੇ ਹਜ਼ਮ ਕਰ ਸਕਦਾ ਹੈ
ਜੋ ਆਧੁਨਿਕ ਸਭਿਅਤਾ 'ਚ
ਵਰਜਿਤ ਹਨ ।
ਮਿੱਤਰਾ
ਜਦ ਤੂੰ ਆਪ ਹੀ
ਸਮੇਂ ਨਾਲ ਸਮਝੋਤਾ ਨਹੀਂ ਕਰਦਾ
ਤਾਂ ਫਿਰ
ਅਤੀਤ ਦੀਆਂ ਪਰਛਾਈਆਂ ਦੇ
ਕੋਝ੍ਹੇ',
ਬੇ-ਢੱਬੇ ਤੇ
ਮੂੰਹ ਚਿੜਾਉਂਦੇ ਮੁਹਾਂਦਰਿਆਂ ਨੂੰ
ਐਵੇਂ ਯਾਦ ਕਰਕੇ
ਆਪਣਾ ਲਹੂ ਨਾ ਸੁਕਾ । |