ਧਾਰਾ

  ਸਾਡਾ ਮਨੋਰਥ
  ਹੋਰ ਪੰਜਾਬੀ ਸੰਪਰਕ
  ਮਾਨਵ ਚੇਤਨਾ
  ਕਲਾ/ਕਲਾਕਾਰ
  ਅਨੰਦ ਕਰਮਨ
  ਵਿਅੱਕਤੀਗਤ ਨਾਮ

  ਇਤਿਹਾਸ

  ਫਿਲਮੀ ਸੰਸਾਰ
  ਖੇਡਾਂ
  ਪੁਸਤਕਾਂ
  ਗਿਆਨ ਵਿਗਿਆਨ
  ਆਮ ਜਾਣਕਾਰੀ
  ਸਾਨੂੰ ਲਿਖੋ


ਸੁਨਾਮੀ ਕਿ ਖੁਨਾਮੀ
- ਭੂਵਿੰਦਰ ਕੌਰ ਗਿੱਲ, ਐਡਮੰਟਨ, ਕੈਨੇਡਾ

ਭੂਵਿੰਦਰ ਕੌਰ ਗਿੱਲ, ਐਡਮੰਟਨ, ਕੈਨੇਡਾ

 
 
 
 
 
 
 

ਕੀ ਖੁਨਾਮੀ ਹੋਈ ਹੈ ਗਰੀਬਾਂ ਤੋਂ,
ਕਿ ਇਹੋ ਜਿਹੇ ਕਹਿਰ
ਹਮੇਸ਼ਾ ਉਹਨਾਂ ਤੇ ਹੀ ਢਹਿੰਦੇ ਹਨ।

ਕੀ ਗੁਆ ਸਕਦਾ ਹੈ ਇੱਕ ਮਛੇਰਾ,
ਇੱਕ ਕੱਖਾਂ ਦੀ ਕੁੱਲੀ ਕੀ ਸਮੇਟ ਸਕਦੀ ਹੈ।
ਕੱਖਾਂ ਦੀ ਕੁੱਲੀ ਤਾਂ ਉਹ ਫਿਰ
ਤੀਲੇ ਇੱਕਠੇ ਕਰ ਬਣਾ ਲਏਗਾ
ਪਰ ਕਿੱਥੋਂ ਭਾਲੇਗਾ
ਆਪਣੇ ਗਰੀਬੀ ਦੇ ਚੀਥੜਿਆਂ ਵਿਚ
ਢਿੱਡ ਨੂੰ ਗੰਢ ਦੇ ਕੇ ਪਾਲੇ ਬੋਟ।
ਕੀ ਖੁਨਾਮੀ ਹੋਈ ਹੈ ਗਰੀਬਾ ਤੋਂ।

ਕਿੱਥੋਂ ਭਾਲਣਗੇ ਨਿੱਕੇ ਨਿੱਕੇ ਹੱਥ
ਬਾਪ ਦੀ ਉਂਗਲ,
ਜਿਸ ਨੂੰ ਫੜ ਉਹ
ਕੱਖਾਂ ਦੀ ਕੁੱਲੀ ਵਿਚ ਵੀ
ਸਵਰਗ ਮਾਣਦੇ ਸਨ।
ਕਿਉਂ ਫਿਰ ਇਹਨਾਂ ਹੱਥਾਂ ਵਿਚ
ਕਾਸਾ ਫੜਾ ਦਿੰਦੀ ਹੈ ਤਕਦੀਰ,
ਜਦ ਇਹ ਆਪਣੇ ਪੈਰਾਂ ਤੇ
ਖੜਨ ਦੀ ਕੋਸਿ਼ਸ਼ ਕਰਦੇ ਹਨ,
ਕੀ ਖੁਨਾਮੀ ਹੋਈ ਹੈ ਗਰੀਬਾਂ ਤੋਂ।

ਸਮੁੰਦਰ ਦੇ ਕਿਨਾਰੇ
ਕੱਖਾਂ ਦੀ ਕੁੱਲੀ
ਜਿੱਥੇ ਬਾਪ
ਆਪਣੀ ਟੁੱਟੀ ਹੋਈ ਕਿਸ਼ਤੀ ਨੂੰ
ਲੀਰਾਂ ਨਾਲ ਗੰਢ ਕੇ ਤੁਰ ਪੈਂਦਾ ਹੈ
ਕਮਾਈ ਕਰਨ
ਇਹ ਨਿੱਕੇ ਨਿੱਕੇ ਬਾਲ ਸਾਰਾ ਦਿਨ
ਰੇਤੇ ਚੋਂ ਘੋਗੇ ਲੱਭਦੇ ਤੇ
ਫਿਰ ਸਮੁੰਦਰ ਵਿਚ ਸੁੱਟ ਦਿੰਦੇ ਹਨ
ਕਰਦੇ ਹਨ ਬਾਪ ਦੀ ਉਡੀਕ।
ਕੀ ਖੁਨਾਮੀ ਹੋਈ ਹੈ ਗਰੀਬਾਂ ਤੋਂ।

ਬਾਲਾਂ ਦੀ ਮਾਂ ਸਾਰਾ ਦਿਨ
ਬੈਠੀ ਛਿੱਲਦੀ ਹੈ ਮੱਛੀ ਦੇ ਪੱਛ,
ਤੇ ਕਦੀ ਕਦੀ ਦੂਰ ਦੂਰਾਡੇ
ਜਾ ਬੈਠਦੀ ਹੈ ਵੇਚਣ ਲਈ,
ਆਪਣੇ ਢਿੱਡ ਨੂੰ ਗੰਢ ਦੇ ਕੇ
ਤੇ ਬੋਟਾਂ ਦੇ ਮੂੰਹ ਵਿਚੋਂ ਖੋਹ ਕੇ
ਦਿਨ ਭਰ ਦੀ ਮਿਹਨਤ,
ਕੀ ਖੁਨਾਮੀ ਹੋਈ ਹੈ ਗਰੀਬਾਂ ਤੋਂ।


ਅੱਜ ਕੌਣ ਗੰਢੇਗਾ
ਲੀਰਾਂ ਨਾਲ ਟੁੱਟੀ ਹੋਈ ਕਿਸ਼ਤੀ,
ਅੱਜ ਕੌਣ ਭਾਲੇਗਾ
ਰੇਤੇ ਚੋਂ ਘੋਗੇ,
ਅੱਜ ਕੌਣ ਛਿੱਲੇਗਾ
ਮੱਛੀ ਦੇ ਪੱਛ,
ਅੱਜ ਕੋਣ ਕਰੇਗਾ
ਤੀਲੇ ‘ਕੱਠੇ
ਤੇ ਬਣਾਏਗਾ ਕੱਖਾਂ ਦੀ ਕੁੱਲੀ,
ਇੱਕ ਵਾਰ ਫਿਰ
ਕਿਸੇ ਹੋਰ ਕਹਿਰ ਦੀ ਭੇਟ ਚਾੜ੍ਹਨ ਲਈ।
ਕੀ ਖੁਨਾਮੀ ਹੋਈ ਹੈ ਗਰੀਬਾਂ ਤੋਂ।

hore-arrow1gif.gif (1195 bytes)


Terms and Conditions
Privacy Policy
© 1999-2005, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][