ਧਾਰਾ

  ਸਾਡਾ ਮਨੋਰਥ
  ਹੋਰ ਪੰਜਾਬੀ ਸੰਪਰਕ
  ਮਾਨਵ ਚੇਤਨਾ
  ਕਲਾ/ਕਲਾਕਾਰ
  ਅਨੰਦ ਕਰਮਨ
  ਵਿਅੱਕਤੀਗਤ ਨਾਮ

  ਇਤਿਹਾਸ

  ਫਿਲਮੀ ਸੰਸਾਰ
  ਖੇਡਾਂ
  ਪੁਸਤਕਾਂ
  ਗਿਆਨ ਵਿਗਿਆਨ
  ਆਮ ਜਾਣਕਾਰੀ
  ਸਾਨੂੰ ਲਿਖੋ


ਐਨੀਂ ਸਰਦੀ ਪਈ ਐਤਕੀਂ ਕਿ....
- ਜਸਵੰਤ ਸਿੰਘ ਬੱਗਾ ਯੂ-ਐਸ-ਏ

ਕੰਧਾਂ ਤੇ ਲੱਗੀਆਂ ਕਲਾਕਾਂ ਚੋਂ ਕੂਕੁ-ਬਰਡੀਆਂ ਬਾਹਰ ਆ ਗਈਆਂ,
ਤੇ ਕੂ-ਕੂ ਕਰਦੀਆਂ ਕੱਠੀਆਂ ਹੋ ਕੇ ਦੱਖਣ ਵੱਲ ਉਡਾਰੀ ਲਾ ਗਈਆਂ

ਪਾਣੀ ਦੇ ਗਿਲਾਸਾਂ ਚ ਦਾਦੀਆਂ ਦੇ ਦੰਦ ਕਿੜ-ਕਿੜ ਕਰਨ ਲੱਗ ਪਏ
ਚੀਂ-ਚੀਂ ਕਰਦੇ ਚੂਹੇ ਖੇਤਾਂ ਚੋਂ ਭੱਜ ਕੇ ਘਰਾਂ ਅੰਦਰ ਵੜਣ ਲੱਗ ਪਏ

ਐਨੀਂ ਸਰਦੀ ਪਈ ਐਤਕੀਂ ਕਿ ਸਾਰੇ ਜੀਅ-ਜੰਤ ਡਰਾ ਗਈ
ਤੇ ਕੁਦਰਤ ਦੀ ਹਰ ਬੇਜਾਨ ਸ਼ੈ ਵੀ ਠੰਡ ਤੋਂ ਘਬਰਾ ਗਈ

ਪਿਛਲੇ ਟੂਰਨਾਮੈਂਟ ਤੋਂ ਗਵਾਚੀਆਂ ਗੌਲਫ਼ ਬਾਲਾਂ ਆਪੇ ਰੁੜ੍ਹ ਪਈਆਂ
ਤੇ ਘਾਹ-ਪੱਤਿਆਂ ਦੀਆਂ ਮਾਰ ਕੇ ਬੁੱਕਲਾਂ ਖੁੱਡਾਂ ਵਿਚ ਵੜ ਗਈਆਂ

ਥਰਮਾਮੀਟਰ ਦਾ ਪਾਰਾ ਆਪਣੇ ਆਪ ਨੂੰ ਚੱਟ ਕੇ ਖ਼ੁਦਕਸ਼ੀ ਕਰ ਗਿਆ
ਰਿਸ਼ਵਤਖੋਰ ਮਨਿਸਟਰ ਚੋਰੀ ਕਰਦਾ ਓਥੇ ਹੀ ਜੰਮ ਕੇ ਮਰ ਗਿਆ

ਐਨੀ ਸਰਦੀ ਪਈ ਐਤਕੀਂ ਕਿ ਸਾਰੀ ਹੱਡੀ-ਪਸਲੀ ਚਮੜੀ ਨਾਲ ਜੁੜ ਗਈ
ਤੇ ਅੱਖਾਂ ਦੇ ਸਾਰੇ ਪਾਣੀ ਤੋਂ ਇਕ ਆਈਸ-ਕਿਊਬ ਜਿਹੀ ਬਣ ਕੇ ਝੜ੍ਹ ਪਈ

ਬਾਹਰ ਦਾਣੇ ਚੁੱਗਣ ਲਈ ਪੰਛੀ ਹਾਟ-ਵਾਟਰ ਬੌਟਲਾਂ ਲੈ ਕੇ ਆਏ
ਜਾਨਵਰ ਅੱਖਾਂ ਖੋਲ੍ਹ ਕੇ ਸੁੱਤੇ ਤਾਂ ਕਿ ਰਾਤੀ ਪਟਾਕਾ ਹੀ ਨਾ ਬੋਲ ਜਾਏ

ਕਾਵਾਂ ਨੇ ਚੌਲ ਤੇ ਚਿੜੀਆਂ ਨੇ ਦਾਲ ਇਕੱਠੀ ਕਰ ਕੇ ਖਿਚੜੀ ਬਣਾਈ
ਗਊਆਂ ਦੇ ਥਣਾਂ ਚੋਂ ਦੁੱਧ ਦੀ ਥਾਂ ਮਿੱਠੀ ਆਈਸ-ਕਰੀਮ ਨਿਕਲ ਆਈ

ਐਨੀਂ ਸਰਦੀ ਪਈ ਐਤਕੀਂ ਕਿ ਵਿਚਾਰੇ ਸਰੀਰ ਦੇ ਉੜ ਗਏ ਤੋਤੇ
ਰਸੋਈ ਵਿਚ ਲੋਕਾਂ ਨੇ ਬਰਤਨ-ਸ਼ਰਤਨ ਵੀ ਰਜਾਈ ਲੈ ਕੇ ਧੋਤੇ

ਮੈਕਸੀਕਨ ਫ਼ੂਡ ਦੇ ਸ਼ੁਕੀਨ ਤਾਂ ਹੈਲੇਪੀਨੀਓ ਮਿਰਚਾਂ ਦੀ ਸੇਜ ਤੇ ਸੌਂ ਗਏ
ਅਮਰੀਕਾ ਚ ਡਾਈਵੋਰਸਡ ਲੋਕਾਂ ਦੇ ਐਲੀਮੋਨੀ ਚੈਕ ਹੀ ਫ਼ਰੀਜ਼ ਹੋ ਗਏ

ਐਨਰਜਾਈਜ਼ਰ-ਬੰਨੀ ਦਾ ਵੀ ਚਲਦੇ ਚਲਦੇ ਤੇਲ ਮੁੱਕ ਗਿਆ
ਐਨੀ ਸਰਦੀ ਪਈ ਕਿ ਪਾਟੇ ਖਾਂ ਤੇ ਨਾਹਡੂ ਖਾਂ ਦਾ ਵੀ ਸਾਹ ਸੁੱਕ ਗਿਆ

ਜ਼ਿੰਦਗੀ ਦਾ ਹਰ ਇਕ ਪਲ ਜਿਵੇਂ ਬਰਫ਼ ਚ ਹੀ ਲੱਗ ਗਿਆ
ਐਸਾ ਕਾਂਬਾ ਛਿੜਿਆ ਸਭ ਨੂੰ ਕਿ ਰਿਕਟਰ-ਸਕੇਲ ਤੇ ਛਪ ਗਿਆ

ਦੋ ਦੋ ਥਰਮਲ-ਬਲੈਂਕਟਾਂ ਵਿਚ ਵੀ ਲੋਕੀਂ ਠਰ ਗਏ
ਕਾਨੂੰਨ ਦੇ ਸਾਰੇ ਲੂਪ-ਹੋਲ ਵੀ ਪਾਲੇ ਨਾਲ ਮਰ ਗਏ

ਨਿੱਕੇ ਬੱਚਿਆਂ ਤੋਂ ਤਾਂ ਕੈਂਡੀ-ਬਾਰਾਂ ਦੇ ਰੈਪਰ ਵੀ ਨਾ ਖੁਲ੍ਹੇ
ਕੰਮ ਕਾਰ ਛੱਡ ਦਾਇਰਾ ਲਾ ਕੇ ਬਹਿ ਗਏ ਸਾਰੇ, ਬਾਲ ਕੇ ਚੁਲ੍ਹੇ

ਦਾਦੀਆਂ-ਪੜਦਾਦੀਆਂ ਨੂੰ ਐਤਕੀਂ ਦੰਦ ਥਰਮਸ ਚ ਰੱਖਣੇ ਪਏ
ਫ਼ਸਟ-ਏਡ ਕਿੱਟ ਵਿਚ ਵੀ ਗਰਮ ਚਾਹ ਦੇ ਥਰਮਸ ਸ਼ਾਮਲ ਹੋਏ

ਅਤੇ ਚਾਹ ਦੇ ਕੱਪ ਵਿਚ ਮਿੱਠਾ ਕਾਂਬੇ ਨਾਲ ਹੀ ਘੁਲ੍ਹ ਗਿਆ
ਐਨੀ ਸਰਦੀ ਪਈ ਐਤਕੀਂ ਕਿ ਸਾਰਾ ਜਗਤ ਹਿੱਲ ਗਿਆ

ਫਿਰ ਪਿਆਰ ਨਾਲ ਬਣਾਈ ਚਾਹ ਪੀਤੀ ਤਾਂ ਸੋਝੀ ਪਈ ਇਸ ਗੱਲ ਦੀ,
ਕਿ ਐਨਾ ਤਾਂ ਨਿੱਘ ਹੈ ਪਿਆਰ ਵਿਚ, ਐਵੇਂ ਦੁਨੀਆਂ ਠੁਰ-ਠੁਰ ਪਈ ਕਰਦੀ

hore-arrow1gif.gif (1195 bytes)


Terms and Conditions
Privacy Policy
© 1999-2005, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][