|
ਅਹਿਸਾਸ
-
ਭੂਵਿੰਦਰ
ਕੌਰ ਗਿੱਲ
ਮੈਂ ਨਾ ਹੋਇਆ ਤਾਂ ਕੀ ਹੋਇਆ,
ਰਹੇਗੀ ਬਹਾਰ ਫਿਰ ਵੀ ਖਿਜ਼ਾ ਤੇ॥
ਕਦੀ ਕਿਸੇ ਦੇ ਨਕਸ਼ਾਂ ਵਿਚ
ਜਦ ਮੇਰੀ ਸੂਰਤ ਦਾ ਭੁਲੇਖਾ ਪਿਆ
ਤਾਂ ਇੱਕ ਪਲ ਲਈ ਰੁਕੇਗਾ ਸਾਹ ਤੇਰਾ
ਤੇ ਫਿਰ
ਸ਼ਾਇਦ ਹੋਵੇਗਾ ਅਹਿਸਾਸ
ਮੇਰੇ ਜਾਣ ਦਾ
 |
|
ਭੂਵਿੰਦਰ ਕੌਰ ਗਿੱਲ |
ਕਦੀ ਕਿਤੇ ਤੁਰੇ ਜਾਂਦਿਆਂ
ਜਦ ਤੇਰਾ ਪੱਲਾ ਕਿਸੇ ਟਾਹਣੀ ਵਿਚ ਅਟਕ ਗਿਆ
ਤਾਂ ਇੱਕ ਪਲ ਲਈ ਮਹਿਸੂਸ ਹੋਵੇਗਾ
ਕਿ ਕੋਈ ਤੇਰਾ ਪਿੱਛਾ ਕਰ ਰਿਹੈ
ਤੇ ਫਿਰ
ਸ਼ਾਇਦ ਹੋਵੇਗਾ ਅਹਿਸਾਸ
ਮੇਰੇ ਜਾਣ ਦਾ
ਜਦ ਕਦੀ ਮਿਲਦਿਆਂ ਦੇਖੇਂਗੀ
ਦੋ ਰੂਹਾ ਨੂੰ ਕਿਧਰੇ ਉਹਲੇ ਜਿਹੇ
ਤੇ ਇੱਕ ਪਲ ਲਈ ਯਾਦਾਂ ਦੀ ਪਟਾਰੀ ਲੈ ਬੈਠੇਂਗੀ
ਤਾਂ ਤੇਰੇ ਸਾਹਾਂ ਚੋਂ ਖੁਸ਼ਬੂ ਆਵੇਗੀ
ਤੇ ਫਿਰ
ਸ਼ਾਇਦ ਹੋਵੇਗਾ ਅਹਿਸਾਸ
ਮੇਰੇ ਜਾਣ ਦਾ
ਜਦ ਕਦੀ ਪਤਝਣ ਦੀ ਰੁੱਤੇ
ਖੜਖੜਾਉਂਦੇ ਪੱਤਿਆਂ ਦੀ ਅਵਾਜ਼ ਆਈ
ਤਾਂ ਆਪਣੇ ਆਪ ਇੱਕ ਧੁਨ ਜਿਹੀ ਬਣ ਜਾਵੇਗੀ
ਜੋ ਧੁਰ ਅੰਦਰ ਇੱਕ ਤਰਾਨਾ ਛੇੜ ਬੈਠੇਗੀ
ਤੇ ਫਿਰ
ਸ਼ਾਇਦ ਹੋਵੇਗਾ ਅਹਿਸਾਸ
ਮੇਰੇ ਜਾਣ ਦਾ
ਮੈਂ ਨਾ ਹੋਇਆ ਤਾਂ ਕੀ ਹੋਇਆ
ਰਹੇਗੀ ਬਹਾਰ ਫਿਰ ਵੀ ਖਿਜ਼ਾ ਤੇ॥
|