|
ਵੀਨਾ
ਦੇ ਤਾਰ
-
ਸਤਪਾਲ ਗੋਇਲ
ਮੈਂ ਵੀਨਾ ਦੇ ਤਾਰ ਕਸਦਾ ਰਿਹਾ
ਪਰ ਨਾਦ ਕੋਈ ਉਠ ਨਾ ਪਾਇਆ।
ਮੇਰੇ ਗਲੇ ਵਿੱਚ ਸੰਗੀਤ ਦੀ ਸਾਂ ਸਾਂ ਤਾਂ ਹੈ
ਪਰ ਗੀਤ ਕੋਈ ਹੋਠਾਂ ਤਕ ਨਹੀਂ ਆਇਆ।
ਮੇਰੇ ਜ਼ਿਗਰ ਵਿੱਚ ਜਜ਼ਵਾ ਹੈ ਬਹੁਤ
ਪਰ ਜ਼ਿੰਦਗੀ ਦਾ ਜਸ਼ਨ ਮਨਾ ਨਹੀਂ ਪਾਇਆ।
ਮੇਰੇ ਦਿਲ ਵਿੱਚ ਸ਼ਰਧਾ ਤਾਂ ਹੈ
ਪਰ ਮਨ ਹਾਲੀ ਕਾਬੂ ਨਹੀਂ ਆਇਆ।
ਮੇਰੇ ਦਿਮਾਗ ਵਿੱਚ ਜਨੂਨ ਤਾਂ ਹੈ
ਪਰ ਹੌਂਸਲਾ ਹਾਲੀ ਕਰ ਨਹੀਂ ਪਾਇਆ।
ਮੇਰੇ ਪੈਰਾਂ ਵਿੱਚ ਥਿਰਕ ਹੈ ਬਹੁਤ
ਪਰ ਮੋਰ ਦੀ ਤਰ੍ਹਾਂ ਨੱਚ ਨਹੀਂ ਪਾਇਆ।
ਮੇਰੇ ਹੱਥਾਂ ਵਿੱਚ ਫ਼ੁੱਲ ਤਾਂ ਹਨ ਬਹੁਤ
ਪਰ ਖ਼ੁਸ਼ਬੂ ਹਾਲੀ ਵੰਡ ਨਹੀਂ ਪਾਇਆ।
ਮੈਂ ਕਾਰਵਾਂ ਜਾਂਦਾ ਵੇਖਿਆ ਤਾਂ ਹੈ
ਪਰ ਆਹਟ ਕੋਈ ਦਰ ਤੇ ਸੁਣ ਨਹੀਂ ਪਾਇਆ।
ਮੈਂ ਰਥ ਸਜਿਆ ਵੇਖਿਆ ਤਾਂ ਹੈ
ਪਰ ਮੁਰਾਰੀ ਅਪਨੇ ਘਰ ਨਹੀਂ ਆਇਆ।
ਅੰਦਰ ਦੇ ਅੰਦਰ ਤਸਵੀਰ ਬਨੀ ਹੈ ਤੇਰੀ ਬਹੁਤ ਸੁੰਦਰ
ਪਰ ਅੱਖਾਂ ਦੇ ਸ਼ੀਸ਼ੇ ਵਿੱਚ ਮੈਂ ਜੜ ਨਹੀਂ ਪਾਇਆ।
ਸਮਾਂ ਕੱਟ ਰਿਹਾ ਹੈ ਸਮੇਂ ਨੂੰ
ਜ਼ਿੰਦਗੀ ਤੇ ਮੌਤ ਦਾ ਓਹਲਾ ਮੇਰੀ ਸਮਝ ਨਹੀਂ ਆਇਆ।
ਸ਼ਾਸ਼ਵਤ ਹੈ ਹਾਜ਼ਰ ਹਰ ਵਕਤ
ਪਰ ਵਕਤ ਬੇਵਕਤ ਦਾ ਭੇਦ ਮੈਂ ਨਹੀਂ ਪਾਇਆ |