ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਕਲਾ ਦਾ ਨਜ਼ਰੀਆ

ਆਮ ਤੌਰ ਤੇ ਅਸੀਂ ਧੁੱਪ ਵਲ ਪਿੱਠ ਕਰਕੇ ਕਿਸੇ ਵੀ ਵਸਤੂ, ਵਿਅਕਤੀ ਦੇ ਰੋਸ਼ਨ ਅਕਸ ਨੂੰ ਹੀ ਦੇਖਣਾ, ਪਰਖਣਾ ਜਾਂ ਪਹਿਚਾਨਣਾ ਚਾਹੁੰਦੇ ਹਾਂ। ਸਮੁੱਚੇ ਤੌਰ ਤੇ ਕਿਸੇ ਸਖਸ਼ੀਅਤ ਜਾਂ ਵਸਤੂ ਨੂੰ ਦੇਖਣ ਲਈ ਉਸਦੇ ਅਪਹੁੰਚ ਪਾਸੇ ਜਾਣ ਦੀ ਲੋੜ ਹੀ ਮਹਿਸੂਸ ਨਹੀਂ ਕਰਦੇ। ਅਸੀਂ ਇਸ ਸੋਚ ਤੋਂ ਮੁਨਕਰ ਹੋ ਜਾਂਦੇ ਹਾਂ ਕਿ ਖੂਬਸੂਰਤੀ ਸਿਰਫ ਇਕ ਪਾਸੇ ਹੀ ਨਹੀਂ ਹੁੰਦੀ ਸਗੋਂ ਹਰ ਪਾਸੇ ਅੰਗ–ਸੰਗ ਹੁੰਦੀ ਹੈ। ਇਹ ਸਾਡਾ ਨਜ਼ਰੀਆ ਹੀ ਹੈ ਜੋ ਫੁੱਲ ਦੇ ਪਿਛਲੇ ਪਾਸੇ ਦੀਆਂ ਪੱਤੀਆਂ ਦੀ ਹਰੀ ਕਰੂਰਤਾ ਜਾਂ ਰੰਗਾਂ ਦੀ ਅਮੀਰੀ ਨੂੰ ਐਵੇਂ ਨਿਕਾਰਦੇ ਰਹਿੰਦੇ ਹਾਂ। ਅਸੀਂ ਤਾਂ ਆਦੀ ਹੋ ਗਏ ਹਾਂ ਹਰ ਇਨਸਾਨ ਨੂੰ ਇਕ ਚੌਗਾਠ ਵਿਚ ਬੰਨ ਕਿ ਦੇਖਣ ਦੇ। ਉਸਦੇ ਨਿਵੇਕਲੇ ਪੱਖਾਂ ਨੂੰ ਘੋਖਣਾ ਅਸੀਂ ਆਪਣੀ ਲੋੜ ਦਾ ਹਿੱਸਾ ਹੀ ਨਹੀਂ ਬਣਾਉਂਦੇ। ਇਹੋ ਜਿਹੇ ਮੌਕੇ ਸਾਡੀਆਂ ਸਰਪ੍ਰਸਤੀਆਂ ਗਲਤ ਫੈਸਲੇ ਲੈਂਦੀਆਂ ਹਨ। ਅਸੀਂ ਕਲਾ ਨੂੰ ਉਤਸ਼ਾਹਿਤ ਕਰਨ ਦੀ ਬਜਾਏ, ਕਲਾ ਨੂੰ ਵੱਧਣ ਫੁੱਲਣ ਦਾ ਮਾਹੌਲ ਦੇਣ ਦੀ ਬਜਾਏ, ਤੋੜੇ ਹੋਏ ਫੁੱਲ ਵਾਂਗ ਆਪਣੇ ਟੇਬਲ ਤੇ ਸਜਾ ਕਿ ਰੱਖਣਾ ਚਾਹੁੰਦੇ ਹਾਂ। ਕਲਾ ਨੇ ਕੁਝ ਨਹੀਂ ਕਹਿਣਾ ਹੁੰਦਾ। ਉਸਨੇ ਤਾਂ ਜਿੱਥੋਂ ਟੁੱਟੀ ਹੈ ਉਥੋਂ ਅੱਗੇ ਤੁਰ ਹੀ ਪੈਣਾ ਹੁੰਦਾ ਹੈ, ਪਰ ਤੁਹਾਡੀ ਬੌਧਿਕ ਗਰੀਬੀ ਨੂੰ ਜੱਗ ਜ਼ਾਹਿਰ ਕਰ ਦਿੰਦੀ ਹੈ। ਆਉ ਇਸ ਨਜ਼ਰੀਏ ਨੂੰ ਬਦਲੀਏ, ਆਓ ਦੇਖੀਏ ਜੋ ਕੁਦਰਤ ਦਿਖਾਉਣਾ ਚਾਹੁੰਦੀ ਹੈ। ਕੁਦਰਤ ਦੀ ਰਚਨਾ ਨੂੰ ਹਰ ਪਾਸਿਓਂ ਨਿਹਾਰੀਏ ਤੇ ਆਪਣੇ ਮਨਾਂ ਦੇ ਬੰਦ ਦਰਵਾਜ਼ੇ ਖੋਹਲੀਏ।

ਸਾਡੀ ਤਾਂ ਇਹੋ ਗੰਗਾ

ਆਮ ਮਨੁੱਖ ਦਾ ਵਿਸ਼ਵਾਸ਼ ਹੈ ਕਿ ਜੇਕਰ ਕਿਸੇ ਦਰਿਆ ਵਿਚ ਨਹਾ ਲਿਆ ਜਾਵੇ ਜਾਂ ਕਿਸੇ ਸਰੋਵਰ ਵਿਚ ਡੁੱਬਕੀ ਲਗਾ ਲਈ ਜਾਵੇ ਤਾਂ ਪਾਪ ਧੋਤੇ ਜਾਂਦੇ ਹਨ। ਇਹ ਸਰਾਸਰ ਇੱਕ ਮਨਮੱਤ ਵਹਿਮ ਤੋਂ ਇਲਾਵਾ ਕੁਝ ਨਹੀਂ। ਜੇ ਇਸ ਤਰ੍ਹਾਂ ਪਾਪ ਧੋਤੇ ਜਾ ਸਕਦੇ ਹਨ ਤਾਂ ਫੇਰ ਕੈਦਖਾਨਿਆਂ ਦੀ ਕੀ ਲੋੜ ਹੈ? ਕੀਤੇ ਪਾਪਾਂ ਨੂੰ, ਅਦਾਲਤਾਂ ਵਿਚ ਸਾਬਤ ਕਰਨ ਦੀ ਕੀ ਲੋੜ ਹੈ? ਇਹ ਤਾਂ ਸੱਚ ਹੈ ਕਿ ਪਾਣੀ ਦੀ ਅਸੀਮ ਸ਼ਕਤੀ ਮਨੁੱਖੀ ਜਾਮੇ ਨੂੰ ਅੰਦਰੋਂ ਬਾਹਰੋਂ ਸਾਫ ਕਰ ਸਕਦੀ ਹੈ ਅਤੇ ਮਨ ਵਿਚ ਸੁੱਚਤਾ ਦਾ ਅਹਿਸਾਸ ਵੀ ਪੈਦਾ ਕਰ ਸਕਦੀ ਹੈ ਪਰ ਪਾਪ ਧੋਤੇ ਜਾਣ ਇਹ ਤਾਂ ਹੋ ਹੀ ਨਹੀਂ ਸਕਦਾ। ਜੇਕਰ ਇਹ ਸੱਚ ਹੋਵੇ ਤਾਂ ਹੁਣ ਤੱਕ ਲੱਖਾਂ ਲੋਕਾਂ ਦੇ ਪਾਪਾਂ ਨਾਲ ਇਹ ਨਦੀਆਂ ਭਰ ਗਈਆਂ ਹੁੰਦੀਆਂ ਤੇ ਸਮੁੰਦਰ ਪਾਪਾਂ ਦਾ ਹੀ ਸਾਗਰ ਅਖਵਾਉਂਦਾ। ਸਰੋਵਰਾਂ ਵਿਚ ਪਲਦੇ ਜੀਵ ਪਾਪ ਆਤਮਾਵਾਂ ਬਣ ਗਏ ਹੁੰਦੇ। ਮਨੁੱਖ ਅਸਲ ਵਿਚ ਆਪਣੀਆਂ ਕਮਜ਼ੋਰੀਆਂ ਨੂੰ ਹਮੇਸ਼ਾ ਕਿਸੇ ਹੋਰ ਦੇ ਛਾਬੇ ਵਿਚ ਸੁੱਟਣ ਦਾ ਬਹਾਨਾ ਲੱਭਦਾ ਰਹਿੰਦਾ ਹੈ। ਦਰਿਆ, ਸਰੋਵਰ, ਸਮੁੰਦਰ, ਵਿਚਾਰੇ ਮੁਫਤ ਵਿਚ ਅੜਿੱਕੇ ਆ ਜਾਂਦੇ ਹਨ। ਪਾਣੀ ਦੀ ਜੇ ਸ਼ਕਤੀ ਦੇਖਣੀ ਹੋਵੇ ਤਾਂ ਸਰਦੀਆਂ ਦੀ ਕਿਸੇ ਕੋਸੀ ਸਵੇਰ, ਧਰਤੀ ਦੀ ਹਿੱਕ 'ਚੋਂ ਨਿਕਲੇ ਕੋਸੇ ਪਾਣੀ ਦੀ ਧਾਰਾ, ਤਾਜ਼ੇ ਘੜੇ ਖ਼ਾਲੇ ਵਿਚ ਵਗਦੇ ਹੋਏ ਦੀ ਕਲ ਕਲ ਸੁਣੋ। ਨਿਰਛਲ, ਨਿਰਮਲ ਤੇ ਨਿਰਅਕਾਰ ਪਾਣੀ ਦੇ ਕੰਢੇ ਉੱਤੇ ਬੈਠ ਜਦ ਕਿਸਾਨ ਫਸਲਾਂ ਨੂੰ ਖੁਸ਼ੀ ਨਾਲ ਝੂੰਮਦੇ ਦੇਖਦਾ ਹੈ, ਦੂਰ ਤੱਕ ਆਕਾਸ਼ ਵਿਚ ਉਸਦੀ ਸੋਚ ਉਡਾਰੀ ਮਾਰਦੀ ਹੈ ਤਾਂ ਉਸਦੇ ਪੈਰਾਂ ਨਾਲ ਕਲੋਲਾਂ ਕਰਦਾ ਪਾਣੀ ਉਸਨੂੰ ਕਿਸੇ ਗੰਗਾ ਤੋਂ ਘੱਟ ਨਹੀਂ ਲੱਗਦਾ।

ਪ੍ਰਛਾਵੇਂ ਦੀ ਔਕਾਤ

ਪਰਛਾਵੇਂ ਬੜੀ ਅਜੀਬ ਚੀਜ਼ ਹੁੰਦੇ ਹਨ। ਅਸਲ ਵਿਚ ਇਹ ਨਾ ਹੋ ਕੇ ਵੀ ਹੁੰਦੇ ਹਨ। ਰੋਸ਼ਨੀ ਕਿਸੇ ਦੀ, ਰੋਕ ਕਿਸੇ ਦੀ,  ਤੇ ਹੋਂਦ ਆਪਣੀ ਦਿਖਾਉਂਦੇ ਹਨ। ਉਹ ਵੀ ਪਰਾਈ ਹਿੱਕ 'ਤੇ। ਦਰਖੱਤਾਂ, ਕੁੱਲੀਆਂ ਤੇ ਕੰਧਾਂ ਦੇ ਪਰਛਾਵੇਂ ਮੌਸਮੀ ਸਕੂਨ ਜਾਂ ਦੁੱਖ ਵਰਤਾਉਂਦੇ ਹਨ। ਪਰ ਮਨੁੱਖ ਦਾ ਪਰਛਾਵਾਂ ਮਨੁੱਖ ਲਈ ਹਊਆ ਬਣ ਕੇ ਬਹੁੜਦਾ ਹੈ। ਸਭ ਤੋਂ ਵੱਧ ਮਨੁੱਖ ਆਪਣੇ ਹੀ ਪਰਛਾਵੇਂ ਤੋਂ ਡਰਦਾ ਹੈ। ਦੂਸਰੇ ਦਾ ਪਰਛਾਵਾਂ ਲੈਣ ਦੀ ਕੋਤਾਹੀ ਵੀ ਵਰਤਦਾ ਹੈ ਤੇ ਉਸਦਾ ਨਿਰਾਦਰ ਵੀ ਕਰਦਾ ਹੈ। ਇਹ ਪਰਛਾਵਿਆਂ ਦੀ ਹੀ ਕਿਸਮਤ ਵਿਚ ਹੁੰਦਾ ਹੈ ਕਿ ਉਨ੍ਹਾਂ ਦੀ ਕੋਈ ਮਿੱਥੀ ਲੰਬਾਈ, ਚੌੜਾਈ, ਸਮਾਂ, ਸਥਾਨ ਜਾਂ ਉਮਰ ਨਹੀਂ ਹੁੰਦੀ। ਪਰ ਇਕ ਵਾਰ ਬਣਿਆ ਪਰਛਾਵਾਂ ਸਦਾ ਲਈ ਮਨਾਂ ਵਿਚ  ਛਾਪ ਛੱਡ ਜਾਂਦਾ ਹੈ। ਪਰਛਾਵੇਂ ਦੀ ਔਕਾਤ ਵੀ ਇਹੀ ਕਰਮ ਨਿਰਧਾਰਤ ਕਰਦੇ ਹਨ। ਪਰਛਾਵੇਂ ਦੀਆਂ ਕਿਸਮਾਂ ਵੀ ਮਨੁੱਖੀ ਮਨ ਦੀ ਮੈਲ ਤੇ ਸਵੱਛਤਾ ਦੇ ਅਨੁਸਾਰ ਹੀ ਹੁੰਦੀਆਂ ਹਨ। ਪਰ ਦੁੱਖ ਉਦੋਂ ਹੁੰਦਾ ਹੈ, ਜਦੋਂ ਮਨੁੱਖ ਖੁਦ ਹੀ ਪਰਛਾਵਾਂ ਬਣ ਜਾਵੇ। ਇਸ ਪਰਛਾਵੇਂ ਦੀ ਆਪਣੀ ਔਕਾਤ ਕਦੇ ਨਹੀਂ ਹੁੰਦੀ, ਭਾਵੇਂ ਇਹ ਦੇਖਣ ਨੂੰ ਕਾਲੇ ਦੀ ਥਾਂ ਰੰਗਦਾਰ ਹੀ ਕਿਉਂ ਨਾ ਹੋਵੇ। ਆਪਣੇ ਆਲੇ–ਦੁਆਲੇ ਦੇਖੋ, ਕਿੰਨੇ ਲੋਕ ਪਰਛਾਵੇਂ ਬਣੀ ਘੁੰਮ ਰਹੇ ਹਨ। ਕਾਸ਼ ਇਹ ਪਰਛਾਵਿਆਂ 'ਚੋਂ ਉਭਰ ਕੇ ਬਾਹਰ ਆ ਜਾਣ, ਧੁੱਪ ਛੱਟਣ ਤੋਂ ਪਹਿਲੋਂ ਪਹਿਲੋਂ।

ਸਿਰਨਾਵੇਂ ਦੀ ਤਲਾਸ਼

ਧਰਤੀ ਦੇ ਕਿਸ ਹਿੱਸੇ ਤੇ ਮਨੁੱਖ ਨੇ ਜਨਮ ਲੈਣਾ ਹੈ, ਇਹ ਮਨੁੱਖ ਦੇ ਵੱਸ ਨਹੀਂ। ਪਰ ਧਰਤੀ ਤੇ ਮਨੁੱਖ ਦੀ ਸਾਂਝ ਅਟੁੱਟ ਹੈ। ਕਿਤੇ ਵੀ ਮਨੁੱਖ ਪਹੁੰਚ ਜਾਵੇ। ਜੰਮਣ ਭੌਂ ਦੀ ਤਲਾਸ਼ ਤੇ ਮੋਹ ਹਮੇਸ਼ਾ ਕਾਇਮ ਰਹਿੰਦੇ ਹਨ। ਰੁਜ਼ਗਾਰ ਦੀ ਭਾਲ ਵਿਚ ਲੱਖਾਂ ਲੋਕ ਆਪਣੀ ਧਰਤੀ ਨੂੰ ਛੱਡ ਕਿ ਵਿਦੇਸ਼ਾਂ ਵਿਚ ਜਾ ਵਸਦੇ ਹਨ। ਸੁਭਾਅ ਅਨੁਸਾਰ ਉਹ ਉਥੇ ਵਰਤਦੇ ਹਨ। ਕਈ ਤਾਂ ਆਪਣੀ ਧਰਤੀ ਨੂੰ ਭੁੱਲ ਹੀ ਜਾਂਦੇ ਹਨ ਤੇ ਕਈ ਅਗਲੀ ਪੀੜ੍ਹੀ ਨੂੰ ਵੀ ਆਪਣੀ ਧਰਤੀ ਨਾਲ ਜੋੜਕੇ ਰੱਖਣਾ ਚਾਹੁੰਦੇ ਹਨ। ਇਹੋ ਜਿਹੇ ਲੋਕਾਂ ਵਿਚ ਇਕ ਹੈ ਬਦੋਵਲ ਦਾ ਹਰਦੀਪ, ਜਿਸਦਾ ਸਾਰਾ ਟੱਬਰ ਅਮਰੀਕਨ ਹੋ ਗਿਆ ਪਰ ਉਸਦੀ ਸੋਚ ਕਿ ਬੱਚਿਆਂ ਨੂੰ ਘੱਟੋਂ ਘਟ ਪਹਿਲੀ ਉਮਰੇ ਪੰਜਾਬ ਵਿਚ ਪਾਲਣਾ ਹੈ। ਦੂਜੀ ਵਿਚ ਪੜ੍ਹਦੀ ਅੰਜਨ ਤੇ ਪਹਿਲੀ ਵਿਚ ਪੜ੍ਹਦਾ ਗਨੀਵ, ਹੁਣ ਪਿੰਡ ਰਹਿੰਦੇ ਹਨ। ਸਕੂਲ ਜਾਂਦੇ ਹਨ। ਫਰਾਟੇਦਾਰ ਅੰਗੇਜ਼ੀ ਦੀ ਥਾਂ, ਠੇਠ ਪੰਜਾਬੀ ਬੋਲਦੇ ਹਨ। ਪਿੰਡ ਦੇ ਕੱਟਿਆਂ ਦੀ ਸਵਾਰੀ ਕਰਦੇ ਹਨ। ਖੇਤਾਂ ਦੀ ਖੁਸ਼ਬੂ ਮਾਣਦੇ ਹਨ। ਪਿੰਡ ਦੇ ਬੱਚੇ ਉਨ੍ਹਾਂ ਨੂੰ ਅਮਰੀਕਨ ਬੱਚਿਆਂ ਨਾਲੋਂ ਗੂੜ੍ਹੇ ਦੋਸਤ ਲੱਗਦੇ ਹਨ। ਹਰਦੀਪ ਅਨੁਸਾਰ ਵੱਡੇ ਹੋਕੇ ਇਹ ਜਿੱਥੇ ਮਰਜ਼ੀ ਜਾਣ, ਪਰ ਜੋ ਪੰਜਾਬੀਅਤ ਇਨ੍ਹਾਂ ਵਿਚ ਹੁਣ ਭਰ ਹੋ ਗਈ ਹੈ। ਉਹ ਕਦੇ ਵੀ ਫੇਰ ਹਾਸਿਲ ਨਹੀਂ ਹੋ ਸਕਣੀ। ਉਸ ਅਨੁਸਾਰ ਅਮਰੀਕਾ 'ਚ ਕਮਾਉਣਾ ਤੇ ਪੰਜਾਬ ਰਹਿਣਾ, ਆਰਥਿਕ ਤੌਰ 'ਤੇ ਵੀ ਲਾਹੇਵੰਦ ਹੈ। ਇੰਜ ਦੇ ਨਵੇ ਪੰਜਾਬੀ ਸਿਰਨਾਵੇਂ ਪੈਦਾ ਕਰਨ ਲਈ ਦੋਸਤ ਨੂੰ ਮੁਬਾਰਕ।

ਕਾਵਾਂ ਹੱਥ ਨਾ ਆਉਣ ਸੁਨੇਹੇ !

ਤੇ ਨਾ ਹੀ ਔਂਸੀਆਂ ਪਾਉਣ ਮੁਟਿਆਰਾਂ ! ਸਮਾਂ ਬਦਲ ਗਿਆ ਹੈ। ਸਮੇਂ ਦੀ ਚਾਲ ਵੀ ਬਦਲ ਗਈ ਹੈ। ਸੜਕੀ ਦੂਰੀਆਂ ਵੀ ਘਟ ਗਈਆਂ ਹਨ। ਇਸੇ ਕਰਕੇ ਸਮਾਜਿਕ ਰਿਸ਼ਤਿਆਂ ਦੀਆਂ ਪਰਤਾਂ ਇਕਸਾਰ ਹੋ ਰਹੀਆਂ ਹਨ। ਕਿਸੇ ਆਖਿਆ ਸੀ ਖੁਸ਼ੀ ਸਿਰਫ ਮਨੁੱਖੀ ਰਿਸ਼ਤਿਆ ਵਿਚ ਹੀ ਮਿਲਦੀ ਹੈ' ਪਰ ਇਹ ਰਿਸ਼ਤੇ ਮਿਲਣ ਗਿਲਣ ਨਾਲ ਹੀ ਬਣਦੇ ਹਨ। ਮਨੁੱਖ ਆਦਿ ਸਮੇਂ ਤੋਂ ਹੀ ਇਸ ਖੁਸ਼ੀ ਦੀ ਭਾਲ ਵਿਚ ਸਫਰ ਕਰਦਾ ਰਿਹਾ ਹੈ। ਵਾਟਾਂ ਨੱਪਦਾ ਰਿਹਾ ਹੈ। ਕਈਆਂ ਦਾ ਮੰਜ਼ਿਲ ਤੇ ਪਹੁੰਚਣਾ ਮੁਸ਼ਕਿਲ ਵੀ ਹੋਇਆ ਤੇ ਕਈ ਪਹੁੰਚੇ ਹੀ ਨਹੀਂ। ਦੂਸਰੇ ਪਾਸੇ ਪੰਜਾਬੀ ਪ੍ਰਹੁਣਾਚਾਰੀ ਕਰਨ ਦੇ ਭੁੱਖੇ ਹਨ। ਹਰ ਵੇਲੇ ਮਹਿਮਾਨ ਉਡੀਕਦੇ ਰਹਿੰਦੇ ਹਨ। ਔਰਤਾਂ ਘਰਾਂ ਵਿਚ ਬਨੇਰੇ ਤੇ ਬੈਠੇ ਕਾਂ ਨੂੰ ਪ੍ਰਹੁਣੇ ਦਾ ਸੂਚਕ ਸਮਝਦੀਆਂ ਰਹੀਆਂ ਹਨ ਤੇ ਖੇਤਾਂ ਵਿਚ ਕੰਮ ਕਰਦੇ ਬੰਦੇ ਹਰ ਝਾਉਲੇ ਨੂੰ ਪ੍ਰਹੁਣਾ। ਪਰ ਇਹ ਉਡੀਕ ਦੇ ਸਾਰੇ ਕਾਰਜ ਇਕੋ ਖੋਜ ਨੇ ਅਰਥਹੀਣ ਕਰ ਦਿੱਤੇ ਹਨ। ਅਜ ਮੋਬਾਇਲ ਫੋਨ ਨੇ ਤਬਾਹੀ ਮਚਾ ਦਿੱਤੀ ਹੈ। ਨਿੱਤ ਸਸਤੀਆਂ ਹੋ ਰਹੀਆਂ ਫੋਨ ਕਾਲਾਂ ਨੇ ਹਰ ਪਾਸੇ ਗਲਾਂ ਦੀ ਭਰਮਾਰ ਪੈਦਾ ਕਰਤੀ। ਹਰ ਨਿੱਕੀ ਜਿਹੀ ਗਲ ਜਾਂ ਇਹ ਕਹਿ ਲਵੋ ਕੇ ਹਰ ਫਜ਼ੁਲ ਜਾਣਕਾਰੀ ਵੀ ਇਕ ਦੂਜੇ ਤਕ ਪਹੁੰਚਾਤੀ। ਮਿਲਣ ਗਿਲਣ ਦੀ ਤਮੰਨਾ ਹੀ ਖਤਮ ਕਰਤੀ। ਅਫਵਾਹਾਂ ਫੈਲਾਣ ਵਿਚ ਵੀ ਮੋਬਾਇਲ ਦਾ ਬਹੁਤ ਵੱਡਾ ਹੱਥ ਹੈ। ਲੋਕਾਂ ਦੇ ਕੰਨਾਂ ਦੇ ਪਰਦੇ ਨਰਮ ਹੋ ਰਹੇ ਹਨ। ਬੋਲਿਆਂ ਦੀ ਗਿਣਤੀ ਵੱਧ ਰਹੀ ਹੈ। ਹੋਰ ਤਾਂ ਹੋਰ ਔਂਸੀਆਂ ਸ਼ਬਦ ਦੀ ਹੋਂਦ ਨੂੰ ਹੀ ਖਤਰਾ ਪੈਦਾ ਹੋ ਗਿਆ ਹੈ। ਇਹੋ ਜਿਹੇ ਮਾਹੌਲ ਵਿਚ ਜੇਕਰ ਕੋਈ ਕਾਂ ਕਿਤੇ ਸੁਨੇਹਾ ਲੈਕੇ ਆ ਵੀ ਗਿਆ ਤਾਂ ਉਸਦੀ ਸੁਣੇਗਾ ਕੌਣ। ਇਸੇ ਲਈ ਹੋ ਸਕਦਾ ਆੳਣ ਵਾਲੇ ਸਮੇਂ ਵਿਚ ਕਾਂ ਵੀ ਮੋਬਾਇਲ ਤੇ ਸੁਨੇਹੇ ਦੇਣ ਲਗ ਪੈਣ ਜਾਂ ਫੇਰ ਆਪਣੀ ਹੀ ਕੰਪਨੀ ਖੋਲ ਲੈਣ ਕਾਂਟੈੱਲ'

ਮਨ ਦੀ ਕੱਢੂ ਮੈਲ ਕੌਣ?

ਮਨੁੱਖੀ ਸਰੀਰ ਕੁਦਰਤ ਦੀ ਐਸੀ ਰਚਨਾ ਹੈ ਕਿ ਇਹਦੇ ਠੀਕ ਚੱਲਣ ਲਈ ਸਮਾਂ, ਸਥਾਨ, ਖੁਰਾਕ ਤੇ ਵਰਤਾਰਾ ਆਦਿ ਸਭ ਕੁਝ ਸੀਮਾ ਅਨੁਸਾਰ ਨਿਰਧਾਰਤ ਹੈ। ਪਰ ਮਨੁੱਖ ਦੇ ਅੰਦਰਲਾ ਮਨ ਇਸ ਸਭ ਕਾਸੇ ਤੋਂ ਬੇਪਰਵਾਹ ਹੈ। ਉਹ ਮਨੁੱਖ ਨੂੰ ਸਾਰੇ ਉਹ ਕਰਮ ਕਰਨ ਲਈ ਉਕਸਾਉਂਦਾ ਹੈ, ਜੋ ਉਸਨੂੰ ਚੰਗੇ ਲੱਗਣ ਪਰ ਜੀਵਨ ਦੀ ਰੇਲ ਗੱਡੀ ਨੂੰ ਪਟੜੀ ਤੋਂ ਭੁੰਝੇ ਸੁੱਟਣ ਲਈ ਕਾਫੀ ਹੁੰਦੇ ਹਨ। ਜਿਵੇਂ ਜਿਵੇਂ ਸਾਡਾ ਮਨ ਬੇਕਾਬੂ ਹੁੰਦਾ ਜਾਂਦਾ ਹੈ, ਸਾਡੇ ਸਰੀਰਕ ਰੋਗ ਵਧਦੇ ਜਾਂਦੇ ਹਨ। ਇਕ ਧਾਰਨਾ ਇਹ ਵੀ ਹੈ ਕਿ ਸਰੀਰ ਦੇ ਸਾਰੇ ਰੋਗਾਂ ਦੀ ਜੜ੍ਹ, ਮਨੁੱਖ ਦੀ ਆਪਣੀ ਸੋਚ ਦਾ ਬਿਮਾਰ ਹੋ ਜਾਣਾ ਹੀ ਹੈ। ਇਹ ਬਿਮਾਰੀ ਹਾਓਮੇਂ ਤੋਂ ਲੈਕੇ ਲਾਲਚ ਤੱਕ ਦਾ ਸਫਰ ਕਰ ਸਕਦੀ ਹੈ। ਇੰਨਾਂ ਬੀਮਾਰੀਆਂ ਦੇ ਹੁੰਦੇ ਸਰੀਰ ਕਦੇ ਵੀ ਠੀਕ ਕੰਮ ਨਹੀਂ ਕਰ ਸਕਦਾ। ਇਹੋ ਕਾਰਣ ਹੈ ਕਿ ਸਾਇੰਸ ਦੇ ਬੇਥਾਹ ਵਿਕਸਤ ਹੋਣ ਦੇ ਬਾਵਜੂਦ ਤੇ ਲਗਭਗ ਹਰ ਕਿਸਮ ਦੀ ਬੀਮਾਰੀ ਦਾ ਇਲਾਜ ਲੱਭ ਪੈਣ ਦੇ ਬਾਵਜੂਦ, ਸਾਰੇ ਹਸਪਤਾਲ ਭਰੇ ਪਏ ਹਨ। ਪੂਰਾਂ ਦੇ ਪੂਰ ਡਾਕਟਰਾਂ ਦੇ ਅਮੀਰ ਹੋਈ ਜਾ ਰਹੇ ਹਨ। ਮਾਨਸਿਕ ਤਣਾਅ ਵਧਣ ਕਰਕੇ ਅਦਾਲਤਾਂ ਵਿਚ ਕੇਸਾਂ ਦੇ ਭੰਡਾਰ ਲੱਗੇ ਪਏ ਹਨ। ਕਦੇ ਕਦੇ ਸੋਚਦਾਂ ਇਹ ਜ਼ਰੂਰੀ ਵੀ ਹੈ। ਜੇ ਰੋਗ ਨਾ ਹੋਣ ਤਾਂ ਡਾਕਟਰ ਬੇਕਾਰ ਹੋ ਜਾਣ, ਬਹੁਮੰਜ਼ਲੀਆਂ ਹਸਪਤਾਲਾਂ ਦੀਆਂ ਇਮਾਰਤਾਂ 'ਚ ਉੱਲੂ ਬੋਲਣ। ਜੇਕਰ ਮਾਨਸਿਕ ਤਣਾਅ, ਲਾਲਚ ਤੇ ਹਾਉਮੇ ਦੀ ਭੁੱਖ ਮਿਟ ਜਾਵੇ ਤਾਂ ਅਦਾਲਤਾਂ ਹੀ ਖਤਮ ਹੋ ਜਾਣ, ਵਕੀਲਾਂ, ਜੱਜਾਂ ਦਾ ਧੰਦਾ ਬੰਦ ਹੋ ਜਾਵੇ, ਸਭ ਤੋਂ ਵੱਡੀ ਗੱਲ, ਸਰਕਾਰਾਂ ਦੀ ਵੀ ਫੇਰ ਕੀ ਲੋੜ ਰਹਿ ਜਾਵੇਗੀ? ਖੈਰ ਜਦ ਤੱਕ ਮਨੁੱਖ ਹੈ, ਉਸਨੇ ਆਪਣੇ ਮਨ 'ਚੋਂ ਮੈਲ ਨਹੀਂ ਕੱਢਣੀ, ਬਸ ਕੰਨਾਂ 'ਚੋਂ ਹੀ ਨਿਕਲ ਜਾਵੇ, ਹਾਲੇ ਇਹੀ ਬਹੁਤ ਹੈ।

ਕੈਮਰਾ ਬੋਲ ਪਿਆ    

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)