|
|
|
ਸਹਿਜੇ ਸਹਿਜੇ ਪਿੰਡ ਬੱਝਦਾ |
ਮਨੁੱਖ
ਨੇ ਜਦੋਂ ਪਿੰਡ ਬੰਨ ਕਿ ਰਹਿਣਾ ਸਿੱਖ ਲਿਆ ਸੀ। ਉਸਨੇ ਆਪਣੀਆਂ ਜਰੂਰਤਾਂ ਲਈ
ਹੁੱਨਰਮੰਦ ਲੋਕਾਂ ਨੂੰ ਆਪਣੇ ਨਾਲ ਰਲਾ ਲਿਆ। ਖੇਤੀ ਦੇ ਸੰਦਾਂ ਲਈ ਤਕਨੀਕੀ
ਲੁਹਾਰ, ਤਰਖਾਣ ਤੇ ਇਸੇ ਤਰ੍ਹਾਂ ਹੋਰ ਲੋੜਾਂ ਲਈ ਕੁਦਰਤੀ ਹੁਨਰਾਂ ਵਾਲੇ ਲੋਕ
ਉਸਦੇ ਸਾਥੀ ਬਣਦੇ ਗਏ। ਅਧਿਆਤਮਕ ਸ਼ਾਂਤੀ ਲਈ ਪੰਡਤ ਪਾਂਧੇ ਉਸਦੇ ਕੰਮ ਆਏ। ਪਿੰਡ
ਵਿਚ ਮੁੱਖ ਕਿੱਤਾ ਖੇਤੀਬਾੜੀ ਹੀ ਹੁੰਦਾ ਸੀ। ਫਸਲਾਂ ਨੇ ਸਹਿਜ ਨਾਲ ਤੇ ਸਮੇਂ
ਅਨੁਸਾਰ ਹੀ ਫੱਲਣਾ ਫੁੱਲਣਾ ਹੁੰਦਾ ਸੀ। ਇਸ ਲਈ ਪੇਂਡੂ ਮਨੁੱਖ ਵਿੱਚ ਕੁਦਰਤੀ
ਸੀ ਕਿ ਸਹਿਜ ਉਸਦੇ ਸੁਭਾਅ ਦਾ ਹਿਸਾ ਬਣੇ। ਹੌਲੀ ਹੌਲੀ ਹਲਟ ਚੱਲਣੇ, ਇਕ ਸਾਰ
ਕੁੱਤੇ ਦਾ 'ਵੱਜਣਾ' ਉਸਦਾ ਸੰਗੀਤ ਸੀ ਤੇ ਖੋਪੇ ਪਾਏ ਬਲਦਾਂ ਦੀ ਚਾਲ ਦਾ ਸੂਚਕ।
ਖੇਤਾਂ ਬੇਲਿਆਂ ਵਿਚ ਪਸ਼ੂਆਂ ਦੇ ਵੱਗ ਚਾਰਨ ਲਈ ਸਹਿਜ ਦੀ ਅਵਸਥਾ ਬਹੁਤ ਜ਼ਰੂਰੀ
ਸੀ। ਸਮਾਂ ਬਦਲਣ ਨਾਲ ਇਹ ਪਸ਼ੂ ਡੇਅਰੀਆਂ ਵਿਚ ਤੜ ਗਏ। ਪੱਠੇ, ਫੀਡ ਲਈ ਤੇਜ਼
ਟਰਾਲੀਆਂ ਤੇ ਜੀਪਾਂ ਦੌੜਨ ਲੱਗ ਪਈਆਂ। ਦੁੱਧ ਗੜਵੀਆਂ 'ਚੋਂ ਉੱਛਲ ਕਿ ਟੈਂਕਰਾਂ
ਵਿੱਚ ਪਹੁੰਚ ਗਿਆ। ਯਾਨੀ ਸਹਿਜ ਖਤਮ ਹੋਕੇ ਤੇਜ਼ੀ ਬਣ ਗਿਆ। ਇਹ ਤੇਜ਼ੀ ਪਿੰਡ ਦੇ
ਮੂਲ ਸਰੂਪ ਦੇ ਉਲਟ ਹੋ ਗਈ। ਇਸੇ ਲਈ ਅੱਜ ਇਕੱਲੇ ਪੰਜਾਬ ਵਿਚ ਹੀ 2000 ਪਿੰਡ
ਅਜ਼ਾਦੀ ਤੋਂ ਬਾਅਦ (1947) ਆਪਣੀ ਹੋਂਦ ਗੁਆ ਚੁੱਕੇ ਹਨ। ਸਹਿਜ ਨਾਲ ਬੱਝੇ
ਪਿੰਡ, ਤੇਜੀ ਨਾਲ ਉੱਜੜ ਰਹੇ ਹਨ। ਆਉਣ ਵਾਲਾ ਸਮਾਂ ਹਾਲੇ ਹੋਰ ਕੀ ਰੰਗ
ਦਿਖਾਵੇਗਾ, ਇੰਤਜ਼ਾਰ ਕਰੋ ਤਦ ਤਕ। |
|
ਪੱਤਝੜ ਰੁੱਤੇ ਖੇੜਾ... ! |
ਕੁਦਰਤ
ਨੇ ਦੋ ਤਰਾਂ ਦੀ ਜੀਵਨ ਵੰਡ ਕੀਤੀ ਹੈ। ਇੱਕ ਉਹ ਜੋ ਸਥਿਰ ਰਹਿੰਦੇ ਹਨ, ਜਿਵੇਂ
ਦਰਖਤ ਆਦਿ ਅਤੇ ਦੂਜੇ ਉਹ ਜੋ ਚਲਦੇ ਫਿਰਦੇ ਹਨ ਜਿਵੇਂ ਮਨੁੱਖ, ਜਾਨਵਰ, ਮੱਛੀਆਂ
ਆਦਿ। ਇਹ ਵੰਡ ਬਹੁਤ ਮਹੱਤਵਪੂਰਣ ਹੈ। ਸਾਰੀ ਸ਼੍ਰਿਸ਼ਟੀ ਦਾ ਕਾਰਵਿਹਾਰ ਇਸ ਵੰਡ
ਦੀ ਕਾਰਜਸ਼ੈਲੀ ਉਤੇ ਨਿਰਭਰ ਹੈ। ਸਥਿਰ ਜੀਵਾਂ ਉਤੇ ਧਰਤੀ ਦੀ ਖਾਧ ਖੁਰਾਕ ਦੀ
ਜ਼ਿੰਮੇਵਾਰੀ ਹੈ। ਅਸਥਿਰ ਜੀਵ, ਜੀਵਨ ਬੀਜਾਂ ਦੀ ਧਰਤੀ ਉਤੇ ਵੰਡ ਕਰਦੇ ਹਨ।
ਹਵਾ, ਪਾਣੀ ਤੇ ਰੋਸ਼ਨੀ ਇਹਨਾਂ ਪ੍ਰੀਕ੍ਰਿਆਵਾਂ ਦੇ ਵਾਹਨ ਬਣਦੇ ਹਨ।
ਇੱਕ ਹੋਰ ਗੱਲ ਹੈ ਕਿ ਸਥਿਰ
ਜੀਵ ਧਰਤੀ ਨੂੰ ਸੁੰਦਰਤਾ ਦੇਂਦੇ ਹਨ। ਉੱਗਣ ਲੱਗੇ ਵੀ, ਜਵਾਨੀ ਵਿਚ ਵੀ ਤੇ
ਬੁਢਾਪੇ ਵਿਚ ਵੀ। ਅਸਥਿਰ ਜੀਵਾਂ ਨੂੰ ਇਹ ਖੂਬਸੂਰਤੀ ਜੀਵਨ ਅਨੰਦ ਦੇਂਦੀ ਹੈ।
ਪਰ ਦੋਹਾਂ ਜੀਵਨ ਵੰਡਾਂ ਵਿੱਚ ਇੱਕ ਵੱਡਾ ਫਰਕ ਹੈ। ਸਥਿਰ ਜੀਵ ਹਰ ਬਦਲਦੇ ਮੌਸਮ
ਨਾਲ ਆਪਣਾ ਰੂਪ ਬਦਲਦੇ ਹਨ। ਬਹਾਰ ਤੋਂ ਪੱਤਝੜ ਤੱਕ ਇਹ ਹਰ ਸਾਲ ਆਪਣਾ ਪਹਿਰਾਵਾ
ਨਵਿਆ ਲੈਂਦੇ ਹਨ। ਪਰ ਅਸਥਿਰ ਜੀਵ ਪੂਰੇ ਜੀਵਨ ਵਿੱਚ ਇੱਕ ਪਹਿਰਾਵੇ ਨੂੰ ਇੱਕ
ਵਾਰ ਹੀ ਜੀਉਂਦੇ ਹਨ। ਮਸਲਨ ਮਨੁੱਖ ਤੇ ਬਚਪਨ, ਜਵਾਨੀ ਤੇ ਬੁਢਾਪਾ ਇੱਕ ਵਾਰੀ
ਹੀ ਆਉਂਦੇ ਹਨ। ਦਰਖਤਾਂ ਵਾਂਗ ਮਨੁੱਖ ਜੀਵਨ ਨੂੰ ਦੁਹਰਾਅ ਨਹੀਂ ਸਕਦਾ। ਦਰਖਤ
ਸਾਨੂੰ ਹਰ ਮੌਸਮ ਵਿਚ ਖਿੜਨਾ ਦਸਦੇ ਹਨ। ਜਿਹੜਾ ਮਨੁੱਖ ਜਾਂ ਜੀਵ ਆਪਣੇ ਹਰ
ਪੜਾਅ ਨੂੰ ਮਾਨਣ ਦੀ ਕੋਸ਼ਿਸ਼ ਕਰਦਾ ਹੈ, ਖੇੜਾ ਉਸਦਾ ਸਾਥ ਦੇਂਦਾ ਹੈ। ਕੁਦਰਤ
ਨੂੰ ਪਿਆਰ ਕਰਨ ਵਾਲੇ ਘਰਾਂ, ਖੇਤਾਂ, ਪਿੰਡਾਂ, ਸ਼ਹਿਰਾਂ ਜਾਂ ਕਹਿ ਲਵੋ ਹਰ ਥਾਂ
ਖਿੜੇ ਰਹਿੰਦੇ ਹਨ, ਏਸ ਬਾਪੂ ਵਾਂਗ। (27/01/2012) |
|
ਮੱਖਾਂ! ਵੋਟ ਕਿੱਥੇ ਪਾਣੀ ਐ? |
|
'ਆਜਾ
ਉਏ ਬਿੰਦਿਆ, ਐਥੇ ਬੈਠੇ ਸਾਰੇ', ਲਾਠੇਕੇ ਚਾਚੇ ਨੇ ਟੈਕਸੀ ਘਰੇ ਖੜੀ ਕਰਕੇ ਖੇਤ
ਜਾਂਦੇ ਬਿੰਦੇ ਡਰੈਵਰ ਨੂੰ ਵਾਜ ਮਾਰ ਲੀ।
'ਪਹਿਲੋਂ ਇਹ ਦੱਸ, ਦਿੱਲੀ, ਦੱਖਣ ਤੂੰ ਘੁੰਮਦਾ ਫਿਰਦਾ, ਵੋਟਾਂ ਦਾ ਕੀ ਹਾਲ
ਐ?'
'ਮੈਨੂੰ ਕੀ ਪਤਾ? ਮੈਂ ਤਾਂ ਸੜਕਾਂ ਦੇ ਟੋਏ ਨਾਪਦਾਂ, ਸਿਆਸੀ ਪਲਟੀਆਂ ਤਾਂ
ਤੁਸੀਂ ਐਥੇ ਪਿੰਡਾਂ 'ਚ ਦੇਖਦੇ ਹੋ?'
'ਇੱਥੇ ਤਾਂ ਭਾਈ ਵੋਟਾਂ ਦੇ ਰੇਟਾਂ ਦੀ ਹੀ ਗੱਲ ਚੱਲਦੀ ਐ' ਇੱਕ ਬੋਲਿਆ।
'ਸਾਨੂੰ ਤਾਂ 'ਕਾਲੀ ਹੀਰ' ਹਾਲੇ ਮਿਲੀ ਨੀ, ਵੋਟਾਂ ਕਾਹਦੀਆਂ', ਝੀਰੂ ਅਮਲੀ
ਬੋਲਿਆ।
'ਪਤੰਦਰਾ ਭੱਖ ਤਾਂ ਲੈਣ ਦੇ ਮੈਦਾਨ, ਜੇ ਹੁਣੇ ਦੇਤੀ ਤਾਂ, ਵੋਟਾਂ ਤੱਕ ਯਾਦ
ਕੌਣ ਰੱਖੂ?' ਜੀਤੇ ਨੇ ਅਮਲੀ ਨੂੰ ਸਮਝਾਇਆ।
'ਨਾ ਆਹ ਜੇਹੜੀ ਸੌਂਹਾਂ ਜਿਹੀਆਂ ਪੁਆ ਕਿ ਤੁਹਾਨੂੰ ਗਾਂਧੀ ਦੀਆਂ ਫੋਟੋਆਂ ਵਾਲੇ
ਕਾਗਜ ਵੰਡੇ ਆ, ਤੁਸੀਂ ਯਾਦ ਰੱਖਣੇ?' ਅਮਲੀ ਭੜਕਿਆ।
'ਭਾਈ ਉਹ ਤਾਂ ਸੋਂਹ ਖਾਧੀ ਐ, ਪੁਗਾਣੀ ਪਊ' ਬੀਰੂ ਨੇ ਸਫਾਈ ਦਿੱਤੀ।
'ਉਏ ਜਿਹੜੇ ਆਪ ਝੂਠੀਆਂ ਸੋਹਾਂ ਖਾਂਦੇ ਆ, ਅਖੇ ਅਸੀਂ ਸੱਚ ਬੋਲਾਂਗੇ, ਸਹੀ
ਕਹਾਂਗੇ ਤੇ ਫੇਰ ਵੇਚਦੇ ਆ ਨਸ਼ੇ, ਉਹਨਾਂ ਦੀਆਂ ਪੁਅਈਆਂ ਸੋਹਾਂ ਦੀ ਭਲਾ ਕੀ
ਕੀਮਤ ਆ।'
'ਇਹ ਤਾਂ ਸਾਡੇ ਭੋਲੇਪਨ ਦਾ ਨਜਾਇਜ਼ ਫੈਇਦਾ' ਰਾਜੀ ਦਾ ਵਿਚਾਰ ਸੀ।
'ਲੈ ਫੇਰ ਤਾਂ ਮੈਂ ਵੀ ਸੋਂਹ ਤੋੜਦੂ, ਝੂਠੇ ਦਾ ਝੂਠ ਹੀ ਦਾਰੂ', ਪਰ ਕਾਲੀ
ਬੇਗਮ ਵੀ ਭੋਰਾ ਦੇ ਜਾਣ ਤਾਂ ਚੰਗਾ' ਅਮਲੀ ਨੇ ਆਪਣੀ ਇੱਛਾ ਜਾਹਿਰ ਕੀਤੀ।
'ਪਰ ਚਾਚਾ, ਫੇਰ ਵੀ ਵੋਟ ਕਿਹਨੂੰ ਪਾਂਣੀ ਆ', ਬਿੰਦੇ ਨੇ ਪੁੱਛਿਆ।
'ਉਏ ਮੁੰਡਿਆ, ਤੂੰ ਨਵੇਂ ਜ਼ਮਾਨੇ ਦਾ ਕਮਲਾ ਲੱਗਦਾਂ? ਵੋਟ ਤਾਂ ਆਪਣਾ ਹਥਿਆਰ ਆ,
ਜਿਹੜਾ 5 ਸਾਲ ਬਾਅਦ ਮਿਲਦਾ ਕੁਝ ਸਕਿੰਟਾਂ ਲਈ। ਬਸ ਇੱਕ ਵਾਰ ਚੱਲਣਾ' ਚਾਚੇ ਨੇ
ਗੱਲ ਕੀਤੀ।
'ਪਰ ਚਾਚਾ ਇਹ ਚਲੂ ਕਿਹਤੇ? ਕਈ ਪਾਲਟੀਆਂ ਫਿਰਦੀਆਂ'।
'ਚਾਚਾ ਜੇ ਸਾਰੇ ਦੇ ਗਏ, ਪੈਸਾ, ਕੋਈ ਲਾਲ ਪਰੀ ਤੇ ਕੋਈ ਕਾਲੀ ਹੀਰ ਤਾਂ ਫੇਰ
ਕੀ ਕਰਾਂਗੇ।'
'ਲੈ ਇਹ ਕਿਹੜਾ ਵੱਡਾ ਮਸਲਾ ਜਿਹੜਾ ਦੇਜੂ ਵੱਧ, ਉਹਨੂੰ ਪੈਜੂ'– ਕੀੜੇ ਕੇ ਮੀਤੇ
ਨੇ ਜਵਾਬ ਦਿੱਤਾ।
'ਉਏ ਜਿਹੜਾ ਹਰਾਮ ਦੀ ਖਾਊ, ਉਹ ਪਚਾਊ ਕਿਵੇਂ? ਉਏ ਉਤੇ ਰੱਬ ਦੇਖਦਾ', ਭਗਤੂ
ਬੋਲਿਆ।
'ਭਗਤੂਆ ਫਿਕਰ ਨਾ ਕਰ, ਖਾਵਾਂਗੇ ਸਭ ਦੀ, ਪਾਵਾਂਗੇ ਫੱਬ ਦੀ' ਬੱਕਰੀਆਂ ਵਾਲਾ
ਸ਼ੇਰੂ ਉੱਚੀ ਦੇਣੀ ਕਹਿ ਗਿਆ।
'ਆ ਠੀਕ ਆ, ਧਿਆਨ ਨਾਲ ਸੁਣੋ, ਸ਼ਰਾਬ ਇੱਕ ਦਿਨ, ਨਸ਼ਾ ਦੋ ਦਿਨ ਤੇ ਪੈਸਾ ਚਾਰ
ਦਿਨ ਚੱਲੂ, ਪਰ ਤੁਹਾਡੇ ਬੱਚੇ ਪੰਜ ਸਾਲ ਰੋਣਗੇ', ਸੋਚ ਕਰੋ, ਇਹ ਜੋ ਪਵਿੱਤਰ
ਹਥਿਆਰ ਤੁਹਾਨੂੰ ਮਿਲਿਆ ਹੈ, ਸੋਚ ਕਿ ਚਲਾਓ ਐਵੇਂ ਆਪਣੈ ਹੀ ਟੱਬਰ ਦੇ ਦੁਸ਼ਮਣ
ਨਾ ਬਣ ਜਾਇਓ', ਚਾਚੇ ਨੇ ਸਭ ਨੂੰ ਸਲਾਹ ਦਿੱਤੀ।
'ਮੈਂ ਚਲਦਾਂ! ਅਮਲੀ ਨੇ ਗੱਲ ਨਾ ਬਣਦੀ ਦੇਖ ਆਪਣਾ ਫੈਸਲਾ ਸੁਣਾ ਦਿੱਤਾ।
ਸੱਥ ਵਿਚ ਹੁਣ ਚੁੱਪ ਪਸਰ ਗਈ, ਸਭ ਹੌਲੀ ਹੌਲੀ ਘਰਾਂ ਨੂੰ ਖਿਸਕਣ ਲੱਗੇ। |
|
ਸ਼ਹਿਰਾਂ ਦਾ ਪਿੰਡਾਂ ਨੂੰ ਤੋਹਫ਼ਾ |
ਆਮ
ਗਿਣਿਆ ਜਾਂਦਾ ਹੈ ਕਿ ਸ਼ਹਿਰੀ ਲੋਕ ਸਾਫ ਸੁਥਰੇ ਹੁੰਦੇ ਹਨ। ਪੜੇ ਲਿਖੇ ਹੁੰਦੇ
ਹਨ ਤੇ ਸਫਾਈ ਪਸੰਦ ਕਰਦੇ ਹਨ। ਪੁਰਾਣੇ ਸਮੇਂ ਵਿਚ ਜਦੋਂ ਕੋਈ ਸ਼ਹਿਰੋਂ, ਪਿੰਡ
ਆਉਂਦਾ ਸੀ ਤਾਂ ਉਹ ਮੱਖੀਆਂ, ਮੱਛਰਾਂ ਜਾਂ ਰੂੜੀਆਂ ਤੋਂ ਨੱਕ ਬੁੱਲ• ਵੱਟਦਾ
ਸੀ। ਹੌਲੀ ਹੌਲੀ ਸ਼ਹਿਰ ਵਿਚ ਸਨਅਤੀ ਅਤੇ ਘਰੇਲੂ ਪ੍ਰਦੂਸ਼ਣ ਵੱਧਣ ਲੱਗ ਗਿਆ।
ਕੂੜਾ ਤੇ ਕੱਚਰਾ ਇੱਕ ਵੱਡੀ ਤਦਾਦ ਬਣ ਗਈ। ਕਾਰਖਾਨਿਆਂ ਖਾਸ ਕਰਕੇ ਰੰਗਾਈ
ਵਾਲਿਆਂ ਨੇ ਪ੍ਰਦੂਸ਼ਤ ਪਾਣੀ ਕੱਢਣਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਪਿੰਡਾਂ ਵਿਚ
ਫਸਲਾਂ ਨੂੰ ਛੂਹ ਕਿ ਆਉਂਦੀ ਸਾਫ ਹਵਾ ਵਿਚ ਸ਼ਹਿਰਾਂ ਲਈ ਇੱਟਾਂ ਬਣਾਉਂਦੇ
ਭੱਠਿਆਂ ਨੇ ਕਾਲਾ ਧੂੰਆਂ ਸ਼ਾਮਲ ਕਰ ਦਿੱਤਾ। ਛੋਟੇ ਨਾਲੇ ਜਿੱਥੋਂ ਪਿੰਡਾਂ ਦੇ
ਪਸ਼ੂ ਪਾਣੀ ਪੀਂਦੇ ਸਨ ਜਾਂ ਔਰਤਾਂ ਵੇਲੇ ਕੁਵੇਲੇ ਲੀੜੇ ਧੋ ਲਿਆਉਂਦੀਆਂ ਸਨ,
ਵਿਚ ਸ਼ਹਿਰਾਂ ਦੇ ਸੀਵਰੇਜ ਨੇ ਐਸੀ ਪੁੱਠ ਚਾੜ ਦਿੱਤੀ ਕਿ ਪਿੰਡ ਦੇ ਜਿਸ ਪਾਸੇ
ਇਹ ਨਾਲਾ ਲੱਗਦਾ ਹੈ, ਬਦਬੋ ਨੇ ਲੋਕਾਂ ਦੇ ਨੱਕ ਹੀ ਸਾੜ ਦਿੱਤੇ ਹਨ। ਵਿਚਾਰੇ
ਗਰੀਬ ਘਰ ਛੱਡ ਕੇ ਵੀ ਨਹੀਂ ਜਾ ਸਕਦੇ। ਧਰਤੀ ਹੇਠਲੇ ਲਾਗਲੇ ਪਾਣੀ ਨੇ ਨਲਕਿਆਂ
ਜਾਂ ਬੋਰਾਂ ਵਿਚੀਂ ਜ਼ਹਿਰ ਉਗਲਣਾ ਸ਼ੁਰੂ ਕਰ ਦਿੱਤਾ ਹੈ। ਸ਼ਾਮ ਨੂੰ ਜਾਂ ਸਵੇਰੇ
ਸੈਰ ਕਰਨ ਲਈ ਮੂੰਹ, ਨੱਕ ਬੰਦ ਕਰਕੇ ਪੈਂਦੇ ਹਨ। ਇਹ ਸਭ ਕੁਝ ਸਾਡੇ ਨੀਤੀਵਾਨਾਂ
ਵੱਲੋਂ 64 ਸਾਲ ਵਿਚ ਕੋਈ ਕਾਗਾਰ ਨੀਤੀ ਨਾ ਬਨਾਉਣ ਕਰਕੇ ਹੀ ਹੋ ਰਿਹਾ ਹੈ।
ਸ਼ਹਿਰਾਂ ਲਾਗਲੇ ਪਿੰਡਾਂ ਦੀ ਜਨਤਾ ਇਸ ਨਵੇਂ ਸ਼ਹਿਰੀ ਤੋਹਫੇ ਲਈ ਕਿਸਦੇ
'ਸ਼ੁਕਰਗੁਜ਼ਾਰ' ਹੋਣ, ਉਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ। ਪਿੰਡਾਂ ਲਈ ਲੜਾਈ
ਲੜਨ ਵਾਲੇ ਥੋੜੇ ਹਨ ਅਤੇ 'ਡੱਕੇ ਭੰਨ ਕੇ' ਸਨਮਾਨ ਕਰਵਾਉਣ ਵਾਲੇ ਵੱਧ ਪੈਦਾ ਹੋ
ਗਏ ਹਨ। ਪਿੰਡਾਂ ਵਾਲਿਆਂ ਨੂੰ ਆਪਣੀ ਲੜਾਈ ਆਪੇ ਹੀ ਲੜਨੀ ਪੈਣੀ ਹੈ, ਉਹ ਕਿਸੇ
ਮਦਦ ਦੀ ਆਸ ਨਾ ਰੱਖਣ। (09/01/2012) |
|
ਇਹ ਵੀ ਧਰਤੀ ਦੇ ਜਾਏ |
ਅੱਜ
ਤੋਂ ਤੀਹ ਚਾਲੀ ਸਾਲ ਪਹਿਲੋਂ ਪਿੰਡਾਂ ਵਿਚ ਅਕਸਰ ਹੀ ਜੰਗਲੀ ਜਾਨਵਰਾਂ, ਜਿਵੇਂ
ਹਿਰਨ ਜਾਂ ਰੋਜ਼ ਆਦਿ ਦੀਆਂ ਡਾਰਾਂ ਵੇਖਣ ਨੂੰ ਮਿਲ ਜਾਂਦੀਆਂ ਸਨ। ਇਹ ਜਿੱਥੇ
ਕੁਦਰਤੀ ਤਵਾਜਨ ਰੱਖਦੇ ਸਨ ਉਥੇ ਧਰਤੀ ਦੀ ਦਿੱਖ ਨੂੰ ਸੁਹੱਪਣ ਵੀ ਪ੍ਰਦਾਨ ਕਰਦੇ
ਸਨ।
ਗਿੱਦੜ ਮਾਰਾਂ, ਬਿੱਲੇ ਮਾਰਾਂ ਤੇ ਕੁਝ ਆਮ ਬੰਦੂਕਾਂ ਵਾਲਿਆਂ
ਨੇ ਇਹਨਾਂ ਨੂੰ ਮੀਟ ਵਾਸਤੇ ਮਾਰਨਾ ਸ਼ੁਰੂ ਕਰ ਦਿੱਤਾ ਤੇ ਇਹਨਾਂ ਦੇ ਸਿਰ ਘਰਾਂ
ਵਿਚ ਟੰਗ ਲਏ। ਇਹ ਜਾਨਵਰ ਡਰ ਕਿ ਦੂਰ ਭੱਜਣੇ ਸ਼ੁਰੂ ਹੋ ਗਏ ਤੇ ਹੌਲੀ ਹੌਲੀ ਘਟਣ
ਵੀ ਲੱਗ ਪਏ। ਸ਼ੋਰ ਪ੍ਰਦੂਸ਼ਣ ਨੇ ਵੀ ਇਹਨਾਂ ਦੀ ਕਾਫੀ ਬਲੀ ਲਈ ਹੈ। ਸਮੇਂ ਨਾਲ
ਪੰਜਾਬੀਆਂ ਵਿਚ ਸ਼ਿਕਾਰ ਦੀ ਬਿਰਤੀ ਘੱਟ ਗਈ ਹੈ। ਇਸੇ ਕਰਕੇ ਬਚੇ ਖੁਚੇ ਇਹ
ਜੰਗਲੀ ਜਾਨਵਰ ਨਹਿਰਾਂ ਦੁਆਲੇ ਹਾਲੇ ਮਿਲ ਜਾਂਦੇ ਹਨ। ਭਾਵੇਂ ਇਹਨਾਂ ਦੀ ਗਿਣਤੀ
ਜਿਆਦਾ ਨਹੀਂ ਹੈ। ਕੁਦਰਤ ਦੀ ਗੋਦ ਵਿਚ ਪਲਣ ਵਾਲੇ ਇਹ ਜਾਨਵਰ, ਮਨੁੱਖ ਦੀ ਲੋੜ
ਵੀ ਹਨ ਤੇ ਮਨੁੱਖ ਤੋਂ ਉਸਦੇ ਫਰਜ਼ ਦੀ ਆਸ ਵੀ ਰੱਖਦੇ ਹਨ।
ਜਿੰਨ੍ਹਾਂ ਇਲਾਕਿਆਂ ਵਿਚ ਇਹ ਹਨ, ਉੱਥੇ ਦੇ ਕਿਸਾਨ ਇਹਨਾਂ
ਤੋਂ ਫਸਲ ਦਾ ਉਜਾੜਾ ਨਹੀਂ ਚਾਹੁੰਦੇ। ਪਰ ਇਹ ਵਿਚਾਰੇ ਜਾਣ ਕਿੱਥੇ? ਇਸਦਾ ਹਲ
ਹੈ ਕਿ ਪੰਜਾਬ ਵਿਚ ਇਹਨਾਂ ਲਈ ਰੱਖਾਂ ਬਣਾਈਆਂ ਜਾਣ, ਖਾਲੀ ਥਾਵਾਂ 'ਤੇ ਖਾਣਯੋਗ
ਘਾਹ ਜਾਂ ਪੱਠਿਆਂ ਦੇ ਬੀਜ ਦਾ ਛਿੱਟਾ ਦਿੱਤਾ ਜਾਵੇ। ਕਾਇਨਾਤ ਦੀ ਮਜ਼ਬੂਤੀ ਲਈ
ਇਹੋ ਜਿਹੇ ਕਦਮ ਜ਼ਰੂਰੀ ਹਨ। |
|
ਪ੍ਰਦੂਸ਼ਨ ਦੀ ਵੈਰੀ, ਲਾਹੇਵੰਦ ਸੁੰਦਰਤਾ |
|
ਬਹੁਤੀ
ਵਾਰੀ ਅਸੀਂ ਆਪਣੇ ਕੋਲ ਪਏ ਧਨ ਤੋਂ ਅਨਜਾਣ ਹੁੰਦੇ ਹਾਂ। ਪੰਜਾਬ ਵਿਚ ਕਮਲ ਦਾ
ਫੁੱਲ ਇਕ ਇਹੋ ਜਿਹਾ ਹੀ ਧਨ ਹੈ, ਜਿਸ ਬਾਰੇ ਅਸੀਂ ਅਣਭਿੱਜ ਹੀ ਬੈਠੇ ਹਾਂ।
ਸਾਡੀਆਂ ਖੇਤੀ ਸੰਸਥਾਵਾਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਦੇ ਰਹੀਆਂ। ਬਹੁਤ ਹੀ
ਸੁੰਦਰ ਇਹ ਫੁੱਲ ਪਿੰਡਾਂ ਦੀ ਜ਼ਿੰਦਗੀ ਵਿਚ ਖੁਸ਼ੀਆਂ ਵੀ ਭਰ ਸਕਦਾ ਹੈ। ਇਸ ਫੁੱਲ
ਦੇ ਪੱਤੇ, ਪੱਤੀਆਂ, ਡੰਡੀਆਂ, ਜੜਾਂ ਆਦਿ ਕਈ ਬਿਮਾਰੀਆਂ ਦਾ ਇਲਾਜ ਹੋ ਸਕਦੀਆਂ
ਹਨ। ਇਸ ਦੀਆਂ ਜੜਾਂ, ਸਬਜ਼ੀ ਤੇ ਅਚਾਰ ਬਣਾਉਣ ਦੇ ਕੰਮ ਆਉਂਦੀਆਂ ਹਨ। ਇਹ ਇਕ
ਖੇਤ ਵਿਚ ਤਕਰੀਬਨ 150 ਕੁਇੰਟਲ ਤੱਕ ਹੋ ਜਾਂਦੀਆਂ ਹਨ। ਇਸ ਦਾ ਫੁੱਲ 25 ਰੁਪਏ
ਪ੍ਰਤੀ ਤੱਕ ਵਿਕਦਾ ਹੈ। ਇਸ ਦੇ ਬੀਜ ਜਿਹਨਾਂ ਨੂੰ ਮਖਾਣੇ ਵੀ ਆਖਦੇ ਹਨ, ਬਹੁਤ
ਗੁਣਕਾਰੀ ਹਨ। ਸਭ ਤੋਂ ਵੱਡੀ ਗਲ, ਇਹ ਪੌਦਾ ਪਾਣੀ ਵਿਚਲੇ ਧਾਤੂਆਂ ਨੂੰ ਖਾ
ਜਾਂਦਾ ਹੈ ਅਤੇ ਪਾਣੀ ਸਾਫ਼ ਕਰਦਾ ਹੈ। ਇਹ ਕੁਦਰਤੀ ਤੌਰ ਤੇ ਪਾਣੀ ਨੂੰ ਸ਼ੁੱਧ
ਕਰਦਾ ਹੈ। ਇਸ ਲਈ ਗੰਦੇ ਨਾਲੇ ਜਾਂ ਛੱਪੜਾਂ ਵਿਚ ਵੀ ਇਸ ਨੂੰ ਲਾ ਕੇ ਫਾਇਦਾ
ਲਿਆ ਜਾ ਸਕਦਾ ਹੈ। ਇਹ ਅਗਰ ਤਲਾਬ ਵਿਚ ਲਗਾ ਹੋਵੇ ਤਾਂ ਕਲੋਰਾਇਡ ਪਾਉਣ ਦੀ ਵੀ
ਜ਼ਰੂਰਤ ਨਹੀਂ। ਸਨਅਤਾਂ ਆਦਿ ਦੀ ਪ੍ਰਦੂਸ਼ਣ ਸੋਧਣ ਲਈ ਇਹ ਇਕ ਕੁਦਰਤੀ ਤਰੀਕਾ ਹੈ।
ਕਮਲ ਦੇ
ਕੋਈ 60 ਰੰਗ ਹੁੰਦੇ ਹਨ। ਇਹ ਵੀਹ ਦੇ ਕਰੀਬ ਦੇਸ਼ਾਂ ਵਿਚ ਹੁੰਦਾ ਹੈ। ਇਸ ਦੀਆਂ
16 ਤੋਂ 160 ਤੱਕ ਫੁੱਲ ਪੱਤੀਆਂ ਹੋ ਸਕਦੀਆਂ ਹਨ। ਜੋ ਬੂਟੇ ਜੜਾਂ ਤੋਂ ਲਗਾਏ
ਜਾਂਦੇ ਹਨ ਉਹ ਆਪਣਾ ਰੰਗ ਕਾਇਮ ਰੱਖਦੇ ਹਨ। ਪਰ ਜੋ ਬੂਟੇ ਬੀਜ ਤੋਂ ਤਿਆਰ
ਹੁੰਦੇ ਹਨ ਉਹ ਰੰਗ ਬਦਲ ਲੈਂਦੇ ਹਨ। ਇਸ ਦਾ ਬੀਜ ਸਖਤ ਜਾਨ ਹੁੰਦਾ ਹੈ। ਉਸ ਦੀ
ਉ¤ਗਣ ਸ਼ਕਤੀ 500 ਸਾਲ ਤੱਕ ਵੀ ਰਹਿ ਸਕਦੀ ਹੈ। ਬੀਜ ਨੂੰ ਬੀਜਣ ਤੋਂ ਪਹਿਲੋਂ
ਰੇਗਮਾਰ ਨਾਲ ਰਗੜ ਕੇ ਨਰਮ ਕਰ ਲੈਣਾ ਚਾਹੀਦਾ ਹੈ। ਇਕ ਏਕੜ ਲਈ 4-5 ਕਿਲੋ ਬੀਜ
ਦੀ ਜ਼ਰੂਰਤ ਹੈ। ਇਸ ਫੁੱਲ ਦੀ ਸੁੰਦਰਤਾ ਤੇ ਪ੍ਰਦੂਸ਼ਣ ਘਟਾਉਣ ਦੀ ਸਮਰੱਥਾ ਕਰਕੇ
ਪੰਜਾਬ ਦੇ ਵਿਚ ਇਕ ਨਵੀਂ ਕ੍ਰਾਂਤੀ ਲਿਆਂਦੀ ਜਾ ਸਕਦੀ ਹੈ। ...
26/11/2011 |
|
ਮਾਣ ਸੁਹਾਗੇ ਦਾ |
ਆਪਣੀ
ਚੀਜ਼ ’ਤੇ ਹਰ ਕੋਈ ਮਾਣ ਕਰਦਾ ਹੈ। ਆਪਣਾਪਨ
ਮਨੁੱਖ ਨੂੰ ਜੀਵਨ ਆਨੰਦ ਦੇਈ ਰਖਦਾ ਹੈ। ਆਪਣੀ ਕੀਤੀ ਹੋਈ ਕਿਰਤ ਤਾਂ ਬਰਕਤਾਂ
ਨਾਲ ਝੋਲੀ ਭਰ ਦੇਂਦੀ ਹੈ। ਅੱਜ ਪੰਜਾਬ ਦਾ ਲੋਕ ਸਮੂਹ ਹੱਥੀਂ ਕਿਰਤ ਕਰਨੀ ਛੱਡ
ਰਿਹਾ ਹੈ। ਪਦਾਰਥਵਾਦ ਨੇ ਮਨਾਂ ਵਿਚ ਤੇਜ਼ੀ ਲੈ ਆਂਦੀ ਹੈ। ਮਨੁੱਖ ਹਰ ਚੀਜ਼ ਤੇਜ਼ੀ
ਨਾਲ ਹਾਸਲ ਕਰਨਾ ਚਾਹੁੰਦਾ ਹੈ ਪਰ ਕੁਦਰਤ ਨੇ ਤਾਂ ਆਪਣੀ ਰਫ਼ਤਾਰ ਨਾਲ ਹੀ ਚਲਣਾ
ਹੈ। ਫੁੱਲਾਂ ਨੇ ਮੌਸਮ ਆਏ ਤੇ ਹੀ ਖਿੜਨਾ ਹੈ। ਬੀਜ ਤੋਂ ਬੂਟਾ ਬਨਣ ਤਕ
ਸੁਭਾਵਿਕ ਸਮਾਂ ਤਾਂ ਲਗਣਾ ਹੀ ਹੈ। ਕਿਸੇ ਫ਼ਸਲ ਜਾਂ ਫੱਲ ਨੂੰ ਤੇਜ਼ੀ ਨਾਲ ਨਹੀਂ
ਵਧਾਇਆ ਜਾ ਸਕਦਾ। ਬਣਦਾ ਸਮਾਂ ਤਾਂ ਉਸ ਲੈਣਾ ਹੀ ਹੈ। ਮਨੁੱਖ ਤਾਂ ਸਿਰਫ਼ ਮਾਹੌਲ
ਨੂੰ ਸੀਮਤ ਹੱਦ ਤਕ ਸਿਰਜਣ ਦੀ ਕੋਸ਼ਿਸ਼ ਹੀ ਕਰ ਸਕਦਾ ਹੈ। ਜੇ ਮਨੁੱਖ ਨੇ ਫ਼ਸਲ
ਲੈਣੀ ਹੈ ਤਾਂ ਬੀਜ ਬੀਜਣਾ ਹੀ ਪਊ। ਧਰਤੀ ਦੀ ਹਿੱਕ ਵਾਹ ਕੇ ਥਾਪੜਣੀ ਹੀ ਪਊ।
ਹੱਲ ਚਲਾਉਣਾ ਹੀ ਪਊ। ਸੁਹਾਗਾ ਫੇਰਨਾ ਹੀ ਪਊ। ਭਾਵੇਂ ਇਹ ਕੰਮ ਮਸ਼ੀਨਾਂ ਨਾਲ ਹੀ
ਹੋਣ ਲਗ ਪਏ ਹਨ, ਪਰ ਜੋ ਮਜ਼ਾ ਇਹ ਕੰਮ ਆਪ ਕਰਕੇ ਹੈ ਉਸ ਅਸੀਮ ਹੈ। ਗਲ ਸਿਰਫ਼
ਸੁਹਾਗੇ ਦੀ ਨਹੀਂ ਉਸ ਨਾਲ ਜੁੜੇ ਦੋ ਬਲਦਾਂ ਦੀ ਵੀ ਹੈ। ਇਹਨਾਂ ਦੀ ਸਾਂਭ
ਸੰਭਾਲ ਸਿਰਫ਼ ਇਕ ਦਿਨ ਦੀ ਵਰਤੋਂ ਲਈ ਹੀ ਨਹੀਂ ਹੁੰਦੀ। ਇਹਨਾਂ ਦੀ ਲੋੜ ਤੇ ਸਾਥ
ਸਾਲਾਂ ਬੱਧੀ ਚਲਦਾ ਹੈ। ਮਨੁੱਖ ਦਾ ਰਿਸ਼ਤਾ ਕੁਦਰਤ ਦੀਆਂ ਹੋਰ ਸਿਰਜਨਾਵਾਂ ਨਾਲ
ਪੱਕਾ ਹੁੰਦਾ ਹੈ। ਇਹ ਹੌਲੀ ਹੌਲੀ ਚਲਦਾ ਕਾਰਜ ਮਨੁੱਖ ਅੰਦਰ ਸਹਿਜ ਪੈਦਾ ਕਰਦਾ
ਹੈ, ਜੋ ਮਨੁੱਖ ਨੂੰ ਲੱਖਾਂ ਅਲਾਮਤਾਂ ਤੋਂ ਬਚਾਈ ਰੱਖਦਾ ਹੈ। ਸੁਹਾਗਾ ਇਸੇ
ਸਹਿਜ ਹੋਣ ਦੀ ਪ੍ਰਕਿਰਿਆ ਦਾ ਇੱਕ ਹਿੱਸਾ ਹੈ। ਇਸੇ ਲਈ ਸੁਹਾਗੇ ਤੇ ਮਾਣ ਦੀ
ਬਿਰਤੀ ਸਦੀਆਂ ਤੋਂ ਕਾਇਮ ਹੈ।...15/11/11 |
|
ਤਨ ਅਮਰੀਕਾ, ਮਨ ਪੰਜਾਬ |
|
ਜਦੋਂ
ਟੱਬਰਾਂ ਦੇ ਟੱਬਰ ਵਿਦੇਸ਼ਾਂ ਵਿਚ ਚਲੇ ਜਾਣ ਤਾਂ 60
ਸਾਲ ਦੀ ਉਮਰ ਟੱਪ ਚੁੱਕੇ, ਰਿਟਾਇਰ ਮਾਪਿਆਂ ਲਈ ਕੋਈ ਰਾਹ ਨਹੀਂ ਰਹਿ ਜਾਂਦਾ।
ਮਜ਼ਬੂਰਨ ਵਸ ਪੰਜਬ ਛੱਡ ਕਿ ਵਿਦੇਸ਼ੀਂ ਵਸਣਾ ਪੈਂਦਾ ਹੈ। ਪੰਜਾਬ ਦੇ ਤੱਤੇ ਠੰਡੇ
ਮੌਸਮ, ਖੁੱਲੀਆਂ ਹਵਾਵਾਂ, ਬੇਰੋਕ ਮਨ ਦਾ ਵੇਗ, ਯਾਰਾਂ ਦੋਸਤਾਂ ਦੀ ਮਹਿਫਲ,
ਸਿਆਸਤ ਦੀਆਂ ਚੁੱਟਕੀਆਂ, ਛੇਵੇਂ ਦਰਿਆ ਦੀਆਂ ਚੁਸਕੀਆਂ ਤੇ
ਰਿਸ਼ਤੇਦਾਰਾਂ/ਮਿੱਤਰਾਂ ਦੇ ਦਰਸ਼ਨ ਤੋਂ ਇਕ ਦਮ ਵਾਂਝੇ ਹੋਕੇ ਦੂਰ ਦੂਰ ਤੱਕ
ਦਿਸਦੀ ਹਰਿਆਲੀ, ਸਾਫ ਸੁਥਰੇ ਰਾਹ, ਸ਼ਿਸਟਾਚਾਰ ਦੀਆਂ ਖੂਬਸੂਰਤ ਹੱਦਾਂ, ਹਰ ਗੱਲ
ਤੇ ਥੈਂਕ ਯੂ, ਆਦਿ ਮਨ ਵਿਚਲੀ ਇਕੱਲਤਾ ਨੂੰ ਦੂਰ ਨਹੀਂ ਕਰ ਸਕਦੇ। ਆਪਣੀ ਮਿੱਟੀ
ਦਾ ਮੋਹ ਤੇ ਉਸ ਵਿਚ ਆਖਰ ਸਮਾਉਣ ਦੀ ਤਮੰਨਾ ਮਨੁੱਖ ਨੂੰ ਕਾਫੀ ਹੱਦ ਤੱਕ ਤੋੜ
ਕਿ ਰੱਖ ਦੇਂਦੀ ਹੈ। ਬੇਗਾਨੀ ਧਰਤੀ ਤੇ ਸਭ ਕੁੱਝ ਹੈ ਪਰ ਪੈਰਾਂ ਹੇਠ ਜੜ੍ਹਾਂ
ਨਾ ਹੋਣ ਦਾ ਅਹਿਸਾਸ ਖਤਮ ਹੀ ਨਹੀਂ ਹੁੰਦਾ। ਰਿਸ਼ਤਿਆਂ ਦੀ ਘਾਟ ਨਹੀਂ ਪਰ
ਰਿਸ਼ਤਿਆਂ ਵਿਚ ਬੇਗਾਨਗੀ ਦਾ ਅੰਸ਼ ਰਹਿੰਦਾ ਹੈ। ਮਾਇਆ ਦੇ ਦੌਰ ਵਿਚ ਘਰਾਂ ਵਿਚ
ਵੀ ਡਰ ਬੈਠੇ ਹੋਏ ਹਨ। ਰਿਸ਼ਤੇ ਨਿੱਭ ਰਹੇ ਹਨ ਪਰ ਜਿਵੇਂ ਰਸੋਈ ਵਿਚ ਕੋਲ ਕੋਲ
ਪਏ ਭਾਂਡੇ। ਮਾੜੀ ਜਿਹੀ ਹਿੱਲਜੁਲ ਉੱਤੇ ਖ਼ੜਕ ਪੈਂਦੇ ਹਨ, ਝੱਟ ਟੁੱਟ ਜਾਂਦੇ
ਹਨ। ਦਰਦ ਦਾ ਅਹਿਸਾਸ ਹੀ ਨਹੀਂ ਹੁੰਦਾ। ਜੋ ਹੋ ਗਿਆ, ਸੋ ਹੋ ਗਿਆ। ਆਖਰ ਹਰ
ਧਰਤੀ ਦਾ ਆਪਣਾ ਪ੍ਰਕਾਸ਼ ਹੈ। ਉਸ ਵਿਚ ਇਕਮਿੱਕ ਹੋਣਾ ਆਸਾਨ ਨਹੀਂ। ਤਨ ਨੂੰ ਤਾਂ
ਸਮੋਇਆ ਜਾ ਸਕਦਾ ਹੈ ਮਨ ਨੂੰ ਨਹੀਂ। ਸੁਪਨਿਆਂ ਦੀ ਧਰਤੀ, ਨਵੇਂ ਸੁਪਨੇ ਦੇਣ ਲਗ
ਪੈਂਦੀ ਹੈ। ਬਸ ਜਿਸ ਆਸ ਨੂੰ ਲੈਕੇ ਜਾਂਦੇ ਹਨ, ਉਸੇ ਆਸ ਨੂੰ ਲੈਕੇ ਵਾਪਸੀ ਦੀ
ਉਡੀਕ ਰਹਿੰਦੀ ਹੈ।...
20/09/2011 |
|
|
|
|
|
|