ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

 

 

   ਜਨਮੇਜਾ ਸਿੰਘ ਜੌਹਲ


ਮੇਰਾ ਰੁੰਡ ਮਰੁੰਡ ਪੰਜਾਬ

ਜਿਉਂ ਜਿਉਂ ਆਬਾਦੀ ਵੱਧੇਗੀ, ਆਵਾਜਾਈ ਵੀ ਵੱਧੇਗੀ ਤੇ ਇਸਦੇ ਨਾਲ ਹੀ ਸੜਕਾਂ ਦੇ ਜਾਲ ਵਿਛਾਉਣੇ ਪੈਣਗੇ ਤੇ ਮੌਜੂਦਾ ਸੜਕਾਂ ਨੂੰ ਚੌੜਾ ਕਰਨਾ ਪਵੇਗਾ। ਇਸ ਕਾਰਜ ਲਈ ਸੜਕਾਂ ਕੰਢੇ ਲੱਗੇ ਰੁੱਖ ਪੁੱਟਣੇ ਹੀ ਪੈਣਗੇ, ਇਹ ਵਿਕਾਸ ਅਧਿਕਾਰੀਆਂ ਦਾ ਮੰਨਣਾ ਹੈ। ਪਰ ਇਹ ਸਾਰਾ ਕੁਝ ਬਹੁਤ ਨੁਕਸਾਨ ਕਰ ਰਿਹਾ ਹੈ। ਖੇਤਾਂ ਵਿਚੋਂ ਛਾਂ ਦੀ ਮਾਰ ਤੋਂ ਫਸਲਾਂ ਨੂੰ ਬਚਾਉਣ ਦੇ ਬਹਾਨੇ, ਪਹਿਲੋਂ ਹੀ ਲੋਕ ਰੁੱਖ ਪੁੱਟੀ ਜਾਂਦੇ ਨੇ ਤੇ ਹੁਣ ਸੜਕਾਂ ਦੁਆਲੇ ਲੱਗੇ 50 ਸਾਲ ਤੋਂ ਵੀ ਪੁਰਾਣੇ ਰੁੱਖ ਸੜਕਾਂ ਦੀ ਹੀ ਭੇਟਾ ਚੜ੍ਹ ਰਹੇ ਨੇ। ਦੁੱਖ ਦੀ ਗੱਲ ਹੈ ਕਿ ਕੋਈ ਵੀ ਸੰਸਥਾ ਜਾਂ ਮਹਿਕਮਾ ਇਹਨਾਂ ਦੇ ਬਦਲੇ ਰੁੱਖ ਨਹੀਂ ਲਾ ਰਿਹਾ। ਜਦ ਕਈ ਸਾਲ ਪਹਿਲੋਂ ਹੀ ( ਘੱਟੋ ਘੱਟ 5 ਸਾਲ ਤਾਂ) ਪਤਾ ਹੀ ਹੁੰਦਾ ਹੈ ਕਿ ਇਹ ਸੜਕ ਚੌੜੀ ਕਰਨੀ ਹੈ ਜਾਂ ਨਵੀਂ ਕੱਢਣੀ ਹੈ ਤਾਂ ਕਿਉਂ ਨਹੀ ਉਸ ਅਨੁਸਾਰ ਪਹਿਲੋਂ ਜਦੇ ਹੀ ਰੁੱਖ ਲਾਏ ਜਾਂਦੇ ? ਸੜਕ ਬਣਦੇ ਵੀ 2–4 ਸਾਲ ਲੱਗ ਜਾਂਦੇ ਹਨ। ਏਨੇ ਚਿਰ ਵਿਚ ਰੁੱਖ  ਆਰਾਮ ਨਾਲ ਛਾਂ ਦੇਣ ਲੱਗ ਜਾਂਦੇ ਹਨ। ਪਰ ਏਥੇ ਕਾਗਜ਼ਾਂ ਚ ਤਾਂ ਹੋ ਸਕਦਾ ਇਹ ਕਨੂੰਨ ਹੋਵੇ ਪਰ ਅਮਲ ਲਈ ਕਿਸੇ ਕੋਲ ਸਮਾਂ ਨਹੀਂ । ਸਾਰਾ ਢਾਂਚਾ ਹੀ ਵਿਗੜ ਚੁੱਕਾ ਹੈ, ਹੁਣ ਪੰਜਾਬ ਨੂੰ ਰੁੰਡ ਮਰੁੰਡ ਹੋਣ ਤੋਂ ਬਚਾਉਣਾ ਜੇ ਅਸੰਭਵ ਨਹੀਂ ਤਾ ਮੁਸ਼ਕਲ ਜ਼ਰੂਰ ਹੈ। (10/05/2018)

kcn1034
ਭੀੜੇ ਪੁੱਲਾਂ ਤੇ ਹੋ ਗਏ ਟਾਕਰੇ


ਛੋਟੇ ਹੁੰਦੇ ਕਹਾਣੀ ਸੁਣਦੇ ਹੁੰਦੇ ਸੀ ਬਈ ਕਿਵੇੱ ਦੋ ਸ਼ੇਰ ਇਕ ਇਕਹਰੀ ਲਕੱੜ ਦੇ ਪੁੱਲ ਤੇ ਦੋਵੇੱ ਪਾਸਿਓਂ ਕੱਠੇ ਆ ਗਏ। ਹਾਓਮੇ ਤੇ ਨਾਸਮਝੀ ਦੇ ਮਾਰੇ ਲੱੜ ਪਏ ਤੇ ਦੋਵੇਂ ਪਾਣੀ ਵਿਚ ਡਿੱਗ ਪਏ। ਕਦੇ ਯਕੀਨ ਹੀ ਨਹੀਂ ਸੀ ਆਇਆ ਕਿ ਇੰਝ ਕਿਵੇਂ ਹੋ ਸਕਦਾ ਹੈ। ਇਹ ਗੱਲ ਪ੍ਰਤੱਖ ਦੇਖਣ ਨੂੰ ਪੰਜਾਹ ਸਾਲ ਲੱਗ ਗਏ। ਪੰਜਾਬੀਆਂ ਦੇ ਸੁਭਾਅ ਵਿਚ ਕਾਹਲ ਤੇ ਬਸ ਇਹ ਸੋਚਣਾ ਕਿ 'ਮੈਂ ਹੀ ਮੈਂ ' ਹਾਂ। ਸਭ ਥਾਂ ਤੇ ਮੇਰਾ ਹੀ ਹੱਕ ਹੈ, ਕੋਈ ਹੋਰ ਕਿਵੇਂ ਮੇਰੇ ਤੋਂ ਫਾਇਦਾ ਲੈ ਜੂ, ਖਾਸ ਕਰਕੇ ਜਿਹਦਾ ਪਿੱਛਾ ਪੰਜਾਬੀ ਨਾ ਹੋਵੇ। ਸੜਕਾਂ ਤੇ ਹੁੰਦੀਆਂ ਰੋਜ਼ ਘਟਨਾਵਾਂ ਦੇ ਪਿੱਛੇ ਇਹੀ ਸੋਚ ਮੂਲ ਰੂਪ ਵਿਚ ਭਾਰੂ ਹੈ। ਸਦੀਆਂ ਤੋਂ ਅਸੀਂ ਵੱਟਾਂ ਪਿੱਛੇ ਲੜਦੇ ਆ ਰਹੇ ਹਾਂ। ਕਤਲ, ਮਾਰਧਾੜ ਕਰਦੇ ਆ ਰਹੇ ਹਾਂ, ਧਰਤੀ ਤੇ ਕਬਜ਼ਾ ਕਰਨ ਦੀ ਰੀਝ ਰੱਖਦੇ ਆ ਰਿਹੇ ਹਾਂ, ਜਦ ਕਿ ਸਚ ਇਹ ਹੈ ਕਿ ਧਰਤੀ ਕਿਸੇ ਦੀ ਨਹੀਂ ਹੁੰਦੀ। ਲੱਖਾਂ ਰਾਜੇ ਮਾਹਰਾਜੇ ਲੱੜਦੇ ਮਰ ਗਏ, ਪਰ ਅੱਜ ਕਿੱਥੇ ਹਨ, ਉਹਨਾਂ ਦੇ ਕਬਜ਼ੇ ? ਵੱਡੇ ਵੱਡੇ ਕਿਲਿਆਂ ਵਿਚ ਵੀ ਮਾਲਕ ਕਬੂਤਰ ਤੇ ਤੋਤੇ ਹੀ ਹਨ। ਸਹਿਜ ਨਾਲ ਤੇ ਸਮਝ ਨਾਲ ਜੀਣਾ ਜੋ ਜੋ ਪੰਜਾਬੀ ਸਿੱਖ ਗਏ, ਸਮਝੋ, ਉਹ ਦੁਨੀਆ ਤੇ ਰਾਜ ਕਰ ਜਾਣਗੇ। (04/05/2018)

kcn1033
ਕੌਣ ਪਿਲਾਊ ਪਾਣੀ

ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਹਰੇਕ ਜੀਵ ਨੂੰ ਪਿਆਸ ਲੱਗਦੀ ਹੈ ਤੇ ਪਾਣੀ ਪੀਣ ਦੀ ਲੋੜ ਮਹਿਸੂਸ ਹੁੰਦੀ ਹੈ। ਮਨੁੱਖ ਤਾਂ ਤਰੱਦਦ ਕਰਕੇ ਆਪਣੇ ਘਰ ਜਾਂ ਕੰਮ ਤੇ ਪਾਣੀ ਦਾ ਪ੍ਰਬੰਧ ਕਰ ਹੀ ਲੈਂਦਾ ਹੈ। ਪਰ ਪੰਛੀ, ਪਰਿੰਦੇ, ਜਾਨਵਰ ਕਿੱਥੇ ਜਾਣ। ਸਾਡੇ ਪਿੰਡਾਂ ਵਿਚ ਛੱਪੜ ਜਾਂ ਟੋਬੇ ਇਹਨਾਂ ਲਈ ਹੁੰਦੇ ਸਨ,  ਹੁਣ ਵੀ ਹਨ।  ਪਰ, ਇਹਨਾਂ ਵਿਚਲਾ ਪਾਣੀ ਅਸੀਂ ਗੰਦੀਆਂ ਨਾਲੀਆਂ ਪਾਕੇ ਪੀਣ ਜੋਗਾ ਰਹਿਣ ਹੀ ਨਹੀ ਦਿੱਤਾ। ਇਹ ਪਾਣੀ ਹਰ ਤਰ੍ਹਾਂ ਦੀ ਬਿਮਾਰੀ ਦਾ ਘਰ ਹੈ। ਇਹਨੂੰ ਪੀਣ ਨਾਲ ਪੰਛੀਆਂ ਦੀ ਮੌਤ ਯਕੀਨੀ ਹੈ। ਇਹੋ ਜਿਹੇ ਸਮੇਂ ਵਿਚ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ, ਕਿਸੇ ਨਾ ਕਿਸੇ ਭਾਂਡੇ ਵਿਚ ਪਾਣੀ ਪਾ ਕੇ, ਕਿਸੇ ਕੰਧ ਕੋਠੇ ਤੇ ਰੱਖੀਏ। ਖੇਤਾਂ ਵਿਚ ਵੀ ਅੱਧੇ ਝੱਕਰੇ ਰੱਖੇ ਜਾ ਸਕਦੇ ਹਨ। ਟਿਊਵੈੱਲ ਦਾ ਚੁਬੱਚਾ ਜਾਂ ਚਲ੍ਹਾ ਪਾਣੀ ਭਰ ਕੇ ਛੱਡਿਆ ਜਾ ਸਕਦਾ ਹੈ। ਪਾਣੀ ਦੀ ਲੋੜ ਸਿਰਫ ਪੰਛੀਆਂ ਨੂੰ ਹੀ ਨਹੀਂ ਹੁੰਦੀ, ਕਾਟੋ, ਬਿੱਲੀਆਂ, ਕਤੂਰੇ ਆਦਿ ਨੂੰ ਵੀ ਚਾਹੀਦਾ ਹੁੰਦਾ। ਇਹ ਕੰਮ ਕਰ ਕੇ ਦੇਖੋ, ਮਨ ਨੂੰ ਸ਼ਾਂਤੀ ਤੇ ਸਕੂਨ ਮਿਲੇਗਾ। (27/04/2018)

kbp1031
ਪਿੰਡ ਪਹੁੰਚੇ ਪ੍ਰਦੇਸ

ਪੰਜਾਬੀ ਜਿੱਥੇ ਵੀ ਜਾਂਦੇ ਹਨ, ਆਪਣੇ ਪਿਛੋਕੜ ਨੂੰ ਨਾਲ ਹੀ ਲੈ ਜਾਂਦੇ ਹਨ। ਆਪਣੀਆਂ ਚੰਗੀਆਂ ਜਾਂ ਮੰਦੀਆਂ ਆਦਤਾਂ ਵੀ। ਖਾਣ ਪੀਣ ਦਾ ਸੁਭਾਅ ਵੀ। ਹੁਣ ਵਿਦੇਸ਼ਾਂ ਵਿਚ ਸਾਗ ਮੱਕੀ ਦੀ ਰੋਟੀ ਵੀ ਦੁਰਲੱਭ ਵਸਤੂ ਨਹੀਂ ਹੈ। ਕਾਰਾਂ ਤੇ ਖੰਡੇ, ਜਾਂ ਦੇਸੀ ਨੰਬਰ ਪਲੇਟਾਂ ਆਮ ਹਨ। ਖੇਡ ਮੇਲਿਆਂ ਤੇ ਲੱਖਾਂ ਦੇ ਕੱਠ ਹੋਣ ਲੱਗ ਪਏ ਹਨ। ਗਿੱਧੇ, ਭੰਗੜੇ ਆਮ ਹਨ। ਕਬੱਡੀ ਤੇ ਦਾਅ ਲੱਗਣ ਲੱਗ ਪਏ ਹਨ। ਇਕ ਇਕ ਸ਼ਹਿਰ ਵਿਚ ਕਈ ਕਈ ਪੰਜਾਬੀ ਰੇਡੀਓ ਟੀਵੀ ਚੈਨਲ ਆਮ ਹਨ। ਕਈ ਅਖਬਾਰਾਂ ਨਿਕਲਣ ਲੱਗ ਪਈਆਂ ਹਨ। ਸਿਆਸੀ ਗਲਿਆਰਿਆਂ ਵਿਚ ਪੰਜਾਬੀਆਂ ਨੇ ਥਾਂ ਬਣਾ ਲਈ ਹੈ। ਬਹੁਤੇ ਇਮਾਨਦਾਰੀ ਤੇ ਮਿਹਨਤ ਦੀ ਕਮਾਈ ਕਰਦੇ ਹਨ, ਪਰ ਕਈ ਵਿਚੋਂ ਕੁੰਢੀ ਵੀ ਲਾ ਜਾਂਦੇ ਹਨ। ਘਰ ਵੀ ਇਕੱਠੇ ਲੈਂਦੇ ਹਨ ਤੇ ਫਿਰ ਦੇਸੀ ਪਿੰਡਾਂ ਵਾਲੇ ਨਾਮ ਰੱਖ ਲੈਂਦੇ ਹਨ। ਅੱਜ ਦਾ ਸੱਚ ਇਹ ਵੀ ਹੈ ਕਿ ਪੰਜਾਬ ਦੇ ਮੱਧ ਵਰਗੀ ਪ੍ਰੀਵਾਰਾਂ ਦੇ ਬਹੁਤੇ ਬੱਚੇ ਬਾਹਰ ਚੱਲੇ ਗਏ ਹਨ ਜਾਂ ਜਾਣ ਲਈ ਤਿਆਰ ਬੈਠੇ ਹਨ। ਘਰਾਂ ਦੇ ਘਰ ਖਾਲੀ ਹੋ ਰਹੇ ਹਨ। ਕਾਲਜਾਂ ਵਿਚ ਹਾਜ਼ਰੀ ਘੱਟ ਰਹੀ ਹੈ। ਆਉਣ ਵਾਲੇ ਸਮੇਂ ਵਿਚ ਕਈ ਕਾਲਜ ਬੰਦ ਹੋਣ ਦੀ ਉਮੀਦ ਹੈ। ਇਸ ਪਿੱਛੇ, ਸਿਆਸੀ ਦੂਰ ਅੰਦੇਸ਼ੀ ਦੀ ਘਾਟ ਤੇ ਆਰਥਿਕ ਲੋੜਾਂ ਦਾ ਪੂਰਾ ਨਾ ਹੋਣਾ ਮੁੱਖ ਕਾਰਣ ਮੰਨੇ ਜਾ ਸਕਦੇ ਹਨ। ਖੈਰ ਜੋ ਵੀ ਹੈ, ਜਿਵੇਂ ਵੀ ਹੈ, ਜਿੱਥੇ ਵੀ ਹੈ, ਇਕ ਗੱਲ ਤਾਂ ਪੱਕੀ ਹੈ ਕਿ  ਪੰਜਾਬੀਆਂ ਨੇ ਪੰਜਾਬੀ ਤੇ ਪੰਜਾਬੀਅਤ ਮਰਨ ਨਹੀਂ ਦੇਣੀ। (17/04/2018)

kcn1030
ਗੂੰਦ ਨਾ ਜੋੜੇ ਟੁੱਟੇ ਦਿਲ

ਸਾਡੇ ਪਿੰਡਾਂ ਵਿਚ ਲੋਕ ਆਮ ਤੌਰ ਤੇ ਦੋ ਹੀ ਤਰ੍ਹਾਂ ਦੀ ਗੂੰਦ ਬਾਰੇ ਜਾਣਦੇ ਹਨ, ਜੋੜਨ ਵਾਲੀ ਕਿੱਕਰ ਦੀ ਗੂੰਦ ਤੇ ਖਾਣ ਵਾਲਾਂ ਗੂੰਦ ਕਤੀਰਾ। ਪਰ ਗੂੰਦ ਦੀਆਂ ਸੈਂਕੜੇ ਕਿਸਮਾਂ ਹਨ। ਹਰ ਰੁੱਖ ਜਾਂ ਪੌਦਾ ਗੂੰਦ ਪੈਦਾ ਕਰਦਾ ਹੈ। ਮੁੱਖ ਤੌਰ ਤੇ ਸਮੁੰਦਰੀ ਜਾਂ ਦਰਿਆਈ ਪੌਦੇ  ਚਾਰ ਕਿਸਮ ਦੀ ਤੇ ਧਰਤੀ ਦੇ ਰੁੱਖ 10 ਕਿਸਮ ਅਤੇ ਬਾਕੀ ਚੀਜ਼ਾਂ ਵੀ ਚਾਰ ਕਿਸਮ ਦੇ ਗੂੰਦ ਪੈਦਾ ਕਰਦੇ ਹਨ। ਇਹਨਾਂ ਨੂੰ ਵਿਗਿਆਨਕ ਤੌਰ ਤੇ E400 ਤੋਂ ਨੰਬਰ ਦਿੱਤੇ ਜਾਂਦੇ ਹਨ। ਗੂੰਦ ਇਕ ਅਜਿਹੀ ਵਸਤੂ ਹੈ ਜੋ ਦੋ ਚੀਜ਼ਾਂ ਨੂੰ ਆਪਸ ਵਿਚ ਜੋੜ ਦਿੰਦੀ ਹੈ। ਪਰ ਮਨੁੱਖ ਦੇ ਟੁੱਟੇ ਦਿਲਾਂ ਨੂੰ ਗੂੰਦ ਨਹੀਂ , ਮੁਆਫੀ ਹੀ ਜੋੜ ਸਕਦੀ ਹੈ। ਫੇਰ ਵੀ ਜੇਕਰ ਕੋਈ ਧੋਖਾ ਕਰੇ,  ਨੁਕਸਾਨ ਕਰੇ, ਬਦਨਾਮੀ ਕਰੇ, ਜਾਂ ਦੁਖੀ ਕਰੇ, ਉਸਨੂੰ ਮੁਆਫ ਤਾਂ ਕੀਤਾ ਜਾ ਸਕਦਾ ਹੈ, ਪਰ  ਭੁਲਾਇਆ ਨਹੀਂ ਜਾ ਸਕਦਾ। ਕਾਸ਼  ਕੋਈ ਇਹਨਾਂ ਦਰਦਾਂ ਨੂੰ  ਭੁਲਾਉਣ ਵਾਲੀ ਗੂੰਦ ਲੱਭ ਪਵੇ। (22/03/2018)

kbp1021
ਖਾ ਕੇ ਛੱਲੀਆਂ, ਉੱਡ ਗਏ ਕਾਂ


ਕਾਂ ਇਕ ਸ਼ੈਤਾਨ ਪੰਛੀ ਹੈ। ਇਸ ਨੂੰ ਪਤਾ ਹੁੰਦਾ ਕੇ, ਕਿੱਥੇ ਭੋਜਨ ਪਿਆ ਹੈ ਅਤੇ ਉਹ ਪ੍ਰਾਪਤ ਕਿਵੇਂ ਕਰਨਾ ਹੈ। ਜਦੋਂ ਵੀ ਫਸਲਾਂ ਖਾਣ ਯੋਗ ਹੋ ਜਾਂਦੀਆਂ ਹਨ ਤਾਂ ਇਸਦੀ ਤੇਜ਼ ਅੱਖ ਤੇ ਤਰਾਰ ਦਿਮਾਗ ਵਾਧੂ ਕੰਮ ਕਰਨ ਲੱਗ ਪੈਂਦੇ ਹਨ। ਇਹ ਕਾਰਣ ਹੈ ਕਿ ਇਹ ਕਦੇ ਭੁੱਖਾ ਨਹੀਂ ਮਰਦਾ। ਆਪ ਇਹ ਉਹਨਾਂ ਰੁੱਖਾਂ ਤੇ ਆਲਹਣਾ ਪਾਉਂਦਾ ਹੈ, ਜਿੱਥੋਂ, ਕਿਸੇ ਨੂੰ , ਕਦੇ ਵੀ, ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ। ਇਸ ਦੇ ਕੋੜਮੇ ਵਿਚ ਹੋਰ ਪਰਜੀਵ ਵੀ ਆਉਂਦੇ ਹਨ। ਧਿਆਨ ਨਾਲ ਵੇਖੋ, ਸਾਡੇ ਧਨ ਉੱਤੇ, ਕਿੰਨੇ ਹੋਰ ਲੋਕਾਂ ਦੀ ਅੱਖ ਹੁੰਦੀ ਹੈ। ਸਾਨੂੰ ਤਾਂ ਪਤਾ ਵੀ ਨਹੀ ਲੱਗਦਾ ਕਿ ਕਦੋਂ ਕੋਈ ਠੂੰਗਾ ਮਾਰ ਗਿਆ। ਛੋਟੀ ਉਮਰੇ ਤਾਂ , ਬੱਚੇ ਦੇ ਹੱਥ ਚੋਂ ਕੁੱਤਾ ਵੀ ਰੋਟੀ ਖੋਹ ਕੇ ਭੱਜ ਜਾਂਦਾ ਹੈ। ਬਾਕੀ ਉਮਰੇ ਵੀ, ਕਈ  ਤਰ੍ਹਾਂ ਦੇ ਲਾਲਚ ਦੇਕੇ, ਕਦੇ ਨੋਕਰੀ ਦੇ ਸੁਪਨੇ, ਕਦੇ ਰਾਤੋ ਰਾਤ ਅਮੀਰ ਬਨਾਉਣ ਦਾ ਲਾਲਚ, ਕਦੇ ਵਿਦੇਸ਼ੀ ਝਾਂਸੇ,  ਕਦੇ ਬਿਜਲੀ ਮਾਫ਼, ਕਦੇ ਕਰਜ਼ੇ ਮਾਫ਼, ਕਦੇ ਅੱਛੇ ਦਿਨਾਂ ਦੇ ਵਾਅਦੇ, ਕਦੇ ਆਹ,  ਕਦੇ ਓਹ, ਗੱਲ ਕੀ ਸਭ ਸਾਡੀਆਂ ਛੱਲੀਆਂ ਚੁੱਗਣ ਦੇ ਫਾਰਮੂਲੇ ਹਨ। ਕਮਾਈਏ ਅਸੀਂ ਤੇ ਖਾਣ ਉਹ। ਵਾਹ ਤੇਰੀ ਕੁਦਰਤ। (14/03/2018)

kcn1019
ਜਦੋਂ ਉੱਲਝ ਜਾਵੋਂ !


ਦੇਰ ਸਵੇਰ ਹਰ ਬੰਦੇ ਤੇ ਇਕ ਸਮਾਂ ਆਉਂਦਾ ਹੈ, ਜਦੋਂ ਉਸਨੂੰ ਇਹ ਨਹੀਂ ਪਤਾ ਲੱਗਦਾ ਕੇ, ਹੁਣ ਕੀ ਕੀਤਾ ਜਾਵੇ ? ਇਹ ਜਾਤੀ ਰਿਸ਼ਤੇਆਂ ਨਾਲ ਸੰਚਾਰ ਵੀ ਹੋ ਸਕਦਾ ਹੈ। ਇਹ ਕੰਮ ਕਾਰ ਵਿਚ ਅੱਗੇ ਵੱਧਣ ਜਾਂ ਬੰਦ ਕਰਨ ਦਾ ਫੈਸਲਾ ਵੀ ਹੋ ਸਕਦਾ ਹੈ। ਇਹ ਕਿਹੜੀ ਫਸਲ ਬੀਜਣ ਦਾ ਉੱਲਝਾਅ ਵੀ ਹੋ ਸਕਦਾ ਹੈ। ਰਵਾਇਤੀ ਝੋਨੇ–ਕਣਕ ਚੋਂ ਨਿਕਲਣ ਲਈ ਹੱਥ ਪੈਰ ਮਾਰਨਾ ਵੀ ਹੋ ਸਕਦਾ ਹੈ। ਮਨੁੱਖੀ ਮਨ ਨੂੰ ਉੱਲਝਾਣ ਲਈ ਲੱਖਾਂ ਹਾਲਾਤ ਬਣ ਸਕਦੇ ਹਨ। ਬਹੁਤੀ ਵਾਰੀ ਅਸੀਂ, ਦੂਸਰਿਆਂ ਵੱਲ ਵੇਖ ਕੇ ਨਕਲ ਕਰਨਾ ਚਾਹੁੰਦੇ ਹਾਂ, ਜਾਂ ਫੇਰ ਅੱਧੇ ਗਿਆਨ ਵਾਲੇ ਦੇ ਮਗਰ ਲੱਗ ਜਾਂਦੇ ਹਾਂ। ਕਈ ਵਾਰੀ ਤਾਂ ਸਾਨੂੰ ਦੂਜੇ ਦੀ ਥਾਲੀ ਵਿਚ ਪਿਆ ਲੱਡੂ, ਵੱਡਾ ਲੱਗਣ ਲੱਗ ਪੈਂਦਾ ਹੈ। ਅਸਲ ਵਿਚ ਉਲਝਾਅ ਉਦੋਂ ਪੈਦਾ ਹੁੰਦਾ ਹੈ ਜਦ ਅਸੀਂ ਮਿਹਨਤ ਕੀਤੇ ਬਗੈਰ ਹੀ ਫ਼ਲ ਪਾਉਣਾ ਚਾਹੁੰਦੇ ਹਾਂ ਤੇ ਉਹ ਵੀ ਦੂਸਰਿਆਂ ਤੋਂ ਪਹਿਲੋਂ। ਸਾਡਾ ਲਾਲਚ ਤੇ ਸਾਡੀ ਕਾਹਲ਼ੀ ਹੀ ਸਾਡੇ ਲਈ ਗਲ਼ ਦੀ ਹੱਡੀ ਬਣ ਜਾਂਦੇ ਹਨ। ਜਦੋਂ ਵੀ ਕਿਸੇ ਨੇ ਸਬਰ ਤੇ ਸਹਿਜ ਨਾਲ ਕੰਮ ਕੀਤਾ ਹੈ, ਸਫ਼ਲਤਾ ਜ਼ਰੂਰ ਮਿਲੀ ਹੈ। ਜੇ ਮੰਜ਼ਿਲ ਦਾ ਟੀਚਾ ਪਤਾ ਹੋਵੇ ਤੇ ਮਿਹਨਤ ਕਰੋ ਤਾਂ, ਸੂਰਜ ਦੀਆਂ ਕਿਰਨਾਂ ਦੇ ਦਰਸ਼ਨ ਜ਼ਰੂਰ ਹੋਣਗੇ। (08/03/2018)

kcn1018
ਸਸਤੇ ਭਾਅ, ਮਹਿੰਗਾ ਫ਼ਲ


ਜੇ ਬਜ਼ਾਰ ਚੋਂ ਸਟਰਾਅਬੈਰੀ ਦਾ ਫ਼ਲ ਲੈਣਾ ਹੋਵੇ ਤਾਂ ਜੇਬ ਵਿਚ ਮੋਰੀ ਹੋ ਜਾਂਦੀ ਹੈ। ਦਿਲ ਤਾਂ ਹਰੇਕ ਦਾ ਕਰਦਾ ਹੈ ਕਿ ਸੋਹਣਾ ਤੇ ਮਹਿੰਗਾ ਫ਼ਲ ਖਾਧਾ ਜਾਵੇ। ਜੇ ਥੋੜੀ ਜਿਹੀ ਹਿੰਮਤ ਕਰ ਲਵੋ ਤਾਂ ਇਹ ਬਹੁਤ ਸੌਖਾ ਹੈ। ਇਕ ਚੌੜਾ ਗਮਲਾ ਤਿਆਰ ਕਰ ਲਵੋ। ਆਮ ਨਰਸਰੀਆਂ ਚੋਂ  ਸਟਰਾਅ ਬੈਰੀ ਦੇ ਬੂਟੇ 10 ਤੋਂ 20 ਰੁਪਏ ਦੇ ਹਿਸਾਬ ਮਿਲ ਜਾਂਦੇ ਹਨ। ਕੋਸ਼ਿਸ਼ ਕਰੋ ਕਿ ਫਰਵਰੀ ਦੇ ਅੱਧ ਤਕ ਲੱਗ ਜਾਣ। ਵੈਸੇ ਮਾਰਚ ਵਿਚ ਵੀ ਲੱਗ ਜਾਂਦੀ ਹੈ। ਇਸਦੇ ਪੱਤਿਆਂ ਅਤੇ ਫ਼ਲ ਥੱਲੇ ਪਲਾਸਟਿਕ ਵਿਛਾਅ ਦੇਵੋ। ਪਾਣੀ ਕੋਸ਼ਿਸ਼ ਕਰੋ ਕਿ ਸਿਰਫ ਜੜ੍ਹਾਂ ਨੂੰ ਹੀ ਦਿੱਤਾ ਜਾਵੇ। ਇਹ ਬਹੁਤ ਹੀ ਗੁਣਕਾਰੀ ਫ਼ਲ ਹੈ। ਇਸ ਵਿਚ ਫੈਟ 0.3, ਸ਼ੂਗਰ 5 ਅਤੇ ਵਿਟਾਮਿਨ 97 ਪ੍ਰਤੀਸ਼ਤ ਹੁੰਦਾ ਹੈ। ਇਸਦੀਆਂ 200 ਦੇ ਕਰੀਬ ਕਿਸਮਾਂ ਹਨ ਤੇ ਇਹ 80 ਕਿਸਮ ਦੀ ਮਹਿਕ ਦੇ ਸਕਦੀ ਹੈ। ਚਿੱਲੀ ਦੇਸ਼ ਵਿਚ ਇਸਦੀ ਖੇਤੀ ਸੰਨ 1550 ਤੋਂ ਹੋ ਰਹੀ ਹੈ। ਥੋੜੀ ਸੰਭਾਲ ਤਾਂ ਕਰਨੀ ਪਵੇਗੀ, ਕਿਉਂਕਿ ਕਈ ਆਮ ਕੀੜੇ ਇਸ ਨੂੰ ਲੱਗ ਸਕਦੇ ਹਨ, ਨਾਲੇ ਕਈ ਵਾਰੀ ਛੋਟੀਆਂ ਚਿੜੀਆਂ, ਸਾਡੇ ਤੋੜਨ ਤੋਂ ਪਹਿਲੋਂ ਹੀ ਠੁੰਗ ਮਾਰ ਜਾਂਦੀਆਂ ਹਨ। (02/03/2018)

kbp1017
ਚੀਸ ਹਾਲੇ ਬਾਕੀ ਹੈ


ਜਿਵੇਂ ਸ਼ੇਰਾਂ ਦੀ ਖੁਰਾਕ ਖਰਗੋਸ਼ ਹੁੰਦੇ ਹਨ, ਬਿਲਕੁਲ ਇਵੇਂ ਹੀ ਸਿਆਸਤ ਦੀ ਖੁਰਾਕ, ਆਮ ਖਲਕਤ ਹੁੰਦੀ ਹੈ। ਖਲਕਤ ਨੇ ਕੰਮ ਕਰਨਾ ਹੁੰਦਾ ਹੈ ਤੇ ਸਿਆਸਤ ਦੇ ਖਰਚੇ ਚੁੱਕਣੇ ਹੁੰਦੇ ਹਨ। ਇਹ ਸਦੀਆਂ ਤੋਂ ਚੱਲਦਾ ਆ ਰਿਹਾ ਤੇ ਸ਼ਾਇਦ ਸਦੀਆਂ ਤਕ ਚੱਲਦਾ ਰਹੇ। ਸਿਆਸਤ ਨੇ ਹੀ ਮਾੜੇ ਡਾਕਟਰ ਵਾਂਗ, ਲੋਕਾਂ ਨੂੰ ਡਰਾ ਕੇ ਰੱਖਣਾ ਹੁੰਦਾ ਕਿ ਤੁਹਾਡੀ ਹੋਂਦ ਨੂੰ, ਤੁਹਾਡੀ ਆਸਥਾ ਨੂੰ, ਬਾਹਰੀ ਖਤਰਾ ਹੈ। ਅਸੀਂ ਹੀ ਤੁਹਾਨੂੰ ਬਚਾਉਣ ਦੇ ਸਮਰੱਥ ਹਾਂ। ਡਰਦੇ ਲੋਕ, ਕਦੇ ਕਿਸੇ ਨੂੰ ਤੇ ਕਦੇ ਕਿਸੇ ਨੂੰ ਸਤਾ ਸੌਂਪਦੇ ਰਹਿੰਦੇ ਹਨ, ਪਰ ਨਤੀਜੇ ਚ ਕਦੇ ਵੀ ਬਦਲਾਵ ਨਹੀਂ ਆਉਂਦਾ। ਇਹੀ ਵਰਤਾਰਾ ਥੌੜੇ ਬਹੁਤੇ ਫਰਕ ਨਾਲ, ਸਾਰੀ ਦੁਨੀਆ ਦੇ ਵਿਚ ਵਾਪਰਦਾ ਹੈ। ਵੱਡਾ ਮਸਲਾ ਉਦੋਂ ਪੈਦਾ ਹੁੰਦਾ ਹੈ, ਜਦ ਰਾਜ ਸੱਤਾ ਲੈਣ ਲਈ, ਲੋਕਾਂ ਨੂੰ, ਕਿਸੇ ਨਾ ਕਿਸੇ ਬਹਾਨੇ ਵੰਡ ਦਿੱਤਾ ਜਾਂਦਾ ਹੈ, ਘਰੋਂ, ਬੇਘਰ ਕਰ ਦਿੱਤਾ ਜਾਂਦਾ ਹੈ। ਬਚਪਨ, ਜੁਆਨੀ, ਬੁਢਾਪਾ ਖਤਮ ਕਰ ਦਿੱਤਾ ਜਾਂਦਾ ਹੈ। ਪਿਛਲੀ ਸਦੀ ਦਾ ਸਭ ਤੋਂ ਵੱਡਾ ਦੁਖਾਂਤ 1947 ਵਿਚ ਹੋਇਆ। ਬੜੀ ਹੀ ਬੇਦਰਦੀ ਨਾਲ ਘੁੱਗ ਵੱਸਦੇ ਲੋਕਾਂ ਨੂੰ ਲਹੂ ਲੁਹਾਨ ਕਰ ਦਿੱਤਾ ਗਿਆ। ਸਰਹੱਦ ਦੇ ਦੋਵੇਂ ਪਾਸੇ, ਆਸਥਾ ਲੀਰੋ ਲੀਰ ਕਰ ਦਿੱਤੀ ਗਈ। ਲੱਖਾਂ ਲਾਸ਼ਾਂ, ਕਾਵਾਂ, ਕੁੱਤਿਆਂ ਦੀ ਖੁਰਾਕ ਬਣੀਆਂ। ਛੋਟੇ ਬੱਚੇ, ਜੋ ਚਰੀਆਂ, ਮੱਕੀਆਂ, ਕਮਾਦਾਂ ਚ ਲੁੱਕ ਕੇ ਬੱਚ ਗਏ, ਅੱਜ ਸਰਹੱਦ ਦੇ ਦੋਵੇ ਪਾਸੇ, 80 ਤੋਂ 90 ਸਾਲ ਨੂੰ ਢੁੱਕ ਚੁੱਕੇ ਹਨ। ਅੱਜ ਵੀ ਉਹਨਾਂ ਦੇ ਵਡੇਰੇ ਉਹਨਾਂ ਨੂੰ ਖੂਨ ਨਾਲ ਲੱਥ ਪੱਥ ਹੋਏ ਦਿਸ ਰਹੇ ਹਨ। ਇਕ ਚੀਸ ਅੱਜ ਵੀ ਉਹਨਾਂ ਦੇ ਅੰਦਰੋਂ ਉੱਠ ਪੈਂਦੀ ਹੈ, ਜਦ ਮੇਰੇ ਵਰਗਾ ਕੋਈ, ਉਹਨਾਂ ਨਾਲ  ਇਤਿਹਾਸ ਦਾ ਸੱਚ ਜਾਨਣ ਲਈ ਗੱਲ ਕਰਦਾ ਹੈ। (28/02/2018)

kbp1016
ਆਪਣੀ ਪੰਜਾਬੀ ਹੋਵੇ
 

ਅੱਜ ਹਰ ਪਾਸੇ ਆਪੋ ਆਪਣੀ ਮਾਤ ਭਾਸ਼ਾ ਨੁੰ ਬਚਾਉਣ ਦਾ ਰੌਲਾ ਹੈ। ਕੀ ਪਿੰਡ ਤੇ ਕੀ ਸ਼ਹਿਰੀ, ਸਭ ਸਮਝਦੇ ਤਾਂ ਹਨ, ਪਰ ਜਦੋਂ ਅਮਲ ਦੀ ਵਾਰੀ ਆਉਂਦੀ ਹੈ ਤਾਂ ਸਭ ਅੱਗ ਲੱਗੀ ਵਾਂਗ ਇਸ ਤੋਂ ਦੂਰ ਭੱਜ ਜਾਂਦੇ ਹਨ। ਪਤਾ ਨਹੀਂ ਕਿਉਂ ਅਸੀਂ ਇਹੀ ਆਪਣੇ ਅੰਦਰ ਭਰਮ ਪਾਲ਼ੀ ਬੈਠੇ ਹਾਂ ਕਿ ਪੰਜਾਬੀ ਸਿੱਖਣ ਨਾਲ ਗੁਜ਼ਾਰਾ ਨਹੀਂ ਹੋਣਾ। ਇਹ ਬਿਲਕੁਲ ਸੱਚ ਹੋ ਸਕਦਾ ਹੈ, ਪਰ ਯਾਦ ਰੱਖੋ, ਜਿਹਨੂੰ ਆਪਣੀ ਪੂਰੀ ਮਾਤ ਭਾਸ਼ਾ ਨਹੀਂ ਆਉਂਦੀ ਉਹ ਦੂਜੀ ਭਾਸ਼ਾ ਵੀ ਸਹੀ ਨਹੀਂ ਸਿੱਖ ਸਕਦਾ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਪੰਜਾਬੀ , ਦੁਨੀਆਂ ਦੀਆਂ ਉਹਨਾਂ 5 ਕੌਮਾਂ ਵਿਚੋਂ ਹਾਂ, ਜੋ ਹਰ ਤਰ੍ਹਾਂ ਦੀ ਆਵਾਜ਼ ਪੈਦਾ ਕਰ ਸਕਦੇ ਹਾਂ। ਬਹੁਤ ਸਾਰੀਆਂ ਕੌਮਾਂ, ਕਈ ਅੱਖਰ ਹੀ ਨਹੀਂ ਬੋਲ ਸਕਦੀਆਂ, ਖਾਸ ਕਰਕੇ, ਡ, ਢ, ੜ, ਣ, ਟ, ਙ, ਞ ਥ ਆਦਿ। ਇਸੇ ਕਰਕੇ ਮੇਰੇ ਵਰਗਾ ਵੀ ਜੋ ਦੇਸੀ ਤੇ ਸਰਕਾਰੀ ਸਕੂਲ ਚ ਪੜਿਆ ਵੀ, ਬਹੁਤੇ ਅੰਗਰੇਜ਼ੀ ਪ੍ਰੋਫੈਸਰਾਂ ਨਾਲੋਂ ਵਧੀਆ ਅੰਗਰੇਜ਼ੀ ਬੋਲ ਲੈਂਦਾ ਹਾਂ। ਭਾਸ਼ਾ ਰੁਜ਼ਗਾਰ ਵਿਚ ਸਹਾਈ ਹੁੰਦੀ ਹੈ, ਰੁਜ਼ਗਾਰ ਭਾਸ਼ਾ ਨਾਲ ਨਹੀਂ ਮਿਲਦਾ। ਰੁਜ਼ਗਾਰ ਲਈ ਸਮਝ ਚਾਹੀਦੀ ਹੈ ਤੇ ਸਮਝ ਦਾ ਮੂਲਮੰਤਰ, ਮਾਤ ਭਾਸ਼ਾ ਦੀ ਜਾਣਕਾਰੀ ਹੋਣਾ ਹੁੰਦਾ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਡਾਰੀ ਮਾਰਨ ਤੋਂ ਪਹਿਲੋਂ, ਖੰਭਾਂ ਨੂੰ ਵਿਕਸਤ ਹੋਣ ਦੇਈਏ। ਇਸੇ ਵਿਚ ਹੀ ਸਾਡੀ ਭਲਾਈ ਹੈ, ਨਹੀਂ ਤਾਂ ਕਿਸੇ ਬਾਜ਼ ਦੇ ਅੜਿੱਕੇ ਆ ਜਾਵਾਂਗੇ। (16/02/2018)

 
kcn1015
 
ਫੂਕਾਂ ਮਾਰ ਅੱਗ ਵਧਾਵੇਂ
 

ਕਹਿੰਦੇ ਜੇ ਬਾਲਣ ਅੱਗ ਨਾ ਫੜ੍ਹੇ ਤਾਂ, ਭੂਕਣੇ ਨਾਲ ਫੂਕ ਮਾਰਕੇ, ਭਾਂਬੜ ਮਚਾਇਆ ਜਾ ਸਕਦਾ ਹੈ। ਪਰ ਇਸ ਲਈ ਚੁੱਲ੍ਹੇ ਵਿਚ ਅੱਗ ਹੋਣੀ ਜ਼ਰੂਰੀ ਹੈ। ਸਾਡੀ ਜ਼ਿੰਦਗੀ ਵਿਚ ਵੀ ਅਸੀਂ ਕੁਝ ਨਾ ਕੁਝ ਤਾਂ ਧੁੱਖਦੇ ਹੀ ਰਹਿਨੇ ਹਾਂ। ਇਹ ਕਿਸੇ ਵਸਤੂ ਦੀ ਪ੍ਰਾਪਤੀ ਨਾ ਹੋਣਾ ਜਾਂ ਕਿਸੇ ਦਾ ਤੁਹਾਡੀ ਇੱਛਾ ਅਨੁਸਾਰ ਕੰਮ ਨਾ ਕਰਨਾ, ਜਾਂ ਫੇਰ ਸਾਡੇ ਅੰਦਰਲੇ ਫਤੂਰ ਨੂੰ ਸਾਂਭ ਨਾ ਸੱਕਣ ਕਰਕੇ ਵੀ ਹੋ ਸਕਦਾ ਹੈ। ਬਹੁਤੀ ਵਾਰੀ ਸਾਡੀ ਅਗਿਆਨਤਾ ਤੇ ਆਪਣੇ ਆਪ ਨੂੰ ਬਾਹਲਾ ਸਿਆਣਾ ਸਮਝਣ ਨਾਲ ਵੀ ਇਹ ਮਨ ਧੁੱਖਣ ਲੱਗ ਪੈਂਦਾ ਹੈ। ਅਸੀਂ ਦੂਸਰਿਆਂ ਨੂੰ ਬੇਲੋੜੀ ਨਫਰਤ ਕਰਨ ਲੱਗ ਪੈਂਦੇ ਹਾਂ। ਦੂਸਰੇ ਨੂੰ ਤਹਿਸ ਨਹਿਸ ਕਰਨਾ ਲੋਚਦੇ ਹਾਂ। ਪਰ ਕੋਈ ਵੀ ਪੈਰ ਪੁੱਟਣ ਤੋਂ ਪਿੱਛੇ ਹੱਟਦੇ ਰਹਿੰਦੇ ਹਾਂ, ਹੌਂਸਲਾ ਕਰਨ ਦਾ ਹੀਆਂ ਨਹੀਂ ਪੈਂਦਾ। ਸਾਡਾ ਚੇਤਨ ਮਨ ਸਾਨੂੰ ਮਾੜਾ ਕਾਰਜ ਕਰਨ ਤੋਂ ਰੋਕਦਾ ਰਹਿੰਦਾ ਹੈ। ਇਹੋ ਜਿਹੇ ਧੁੱਖਦੇ ਹੋਏ ਬੰਦੇ ਨੂੰ ਜੇ ਕੋਈ ਭੂਕਣਾ ਰੂਪੀ ਇਨਸਾਨ ਟੱਕਰ ਜਾਵੇ ਤਾਂ, ਫੇਰ ਖੈਰ ਨਹੀਂ। ਬਹੁਤੇ ਜੁਰਮ ਦੂਜਿਆਂ ਵਲੋਂ ਦਿੱਤੀ ਜਾਂ ਮਾਰੀ ਫੂਕ ਕਰਕੇ ਹੀ ਹੁੰਦੇ ਹਨ। ਫੂਕ ਵਾਲਾ ਅਕਸਰ ਕਹੇਗਾ, ' ਤੂੰ ਫਿਕਰ ਨਾ ਕਰ, ਮੈਂ ਹੈ ਗਾਂ, ਮੈਂ ਆਪੇ ਸਾਂਭ ਲੂੰ ' ਤੇ ਬਾਅਦ ਵਿਚ ਜਦ ਭਾਂਬੜ ਮੱਚ ਜਾਂਦਾ ਹੈ ਤਾਂ ਇਹ ਮਨੁੱਖੀ ਭੂਕਣੇ ਪਾਥੀਆਂ ਦੇ ਟੋਕਰੇ ਥੱਲੇ ਜਾ ਲੁੱਕਦੇ ਹਨ।  ਤੇ ਧੁੱਖਦਾ ਧੁੱਖਦਾ ਇਨਸਾਨ ਆਪ ਵੀ ਮੱਚ ਜਾਂਦਾ ਹੈ। (09/02/2018)

 
kbp
 
ਨਿੱਕੀ ਜਿਹੀ ਖੁਸ਼ੀ
 

ਨਾ ਮੈਨੂੰ ਇਸ ਚਿੜੀ ਦਾ ਨਾਮ ਪਤਾ ਹੈ ਤੇ ਨਾ ਹੀ ਪਤਾ ਹੈ ਕਿ ਇਹ ਕਿੱਥੋਂ ਆਉਂਦੀ ਹੈ। ਪਰ ਜਦ ਇਹ ਵਿਹੜੇ ਵਿਚ ਲੱਗੇ ਹੋਏ ਪੌਦਿਆਂ ਦੇ ਪੱਤਿਆਂ ਵਿਚ ਲੁੱਕ ਕੇ ਚਿਰਪ ਚਿਰਪ ਕਰਦੀ ਹੈ ਤੇ ਅੱਖ ਦੇ ਫੌਰ ਤੋਂ ਪਹਿਲੋਂ ਟਪੂਸੀ ਮਾਰ ਦੌੜ ਜਾਂਦੀ ਹੈ ਤਾਂ, ਕੁਦਰਤ ਦੇ ਇਸ ਘਸਮੈਲੇ ਰੰਗੇ ਪੰਛੀ ਤੇ ਬੜਾ ਪਿਆਰ ਆਉਂਦਾ ਹੈ। ਜੇ ਕਰ ਅਸੀਂ ਆਪਣੇ ਖੇਤ, ਬਗੀਚੇ ਜਾਂ ਫੁੱਲਵਾੜੀ ਵਿਚ ਆਰਾਮ ਨਾਲ ਬਹਿ ਜਾਈਏ ਤਾਂ ਅਨੇਕਾਂ ਹੀ ਅਜਿਹੇ ਕਈ ਰੰਗੇ ਪੰਛੀ ਸਾਨੂੰ ਦਿੱਸ ਪੈਣਗੇ। ਇਹ ਸਾਡਿਆਂ ਵਿਹੜਿਆਂ ਵਿਚ ਖੁਸ਼ੀਆਂ ਵੰਡਣ ਕਿਉਂ ਆਉਂਦੇ ਹਨ ? ਇਹ ਸਵਾਲ ਦੇ ਇਕ ਹਿੱਸੇ ਦਾ ਜਵਾਬ ਤਾਂ ਵਿਗਿਆਨੀ ਦੇ ਸਕਦੇ ਹਨ, ਪਰ ਇਹਨਾਂ ਦਾ ਸਾਡੇ ਨਾਲ ਕੀ ਨਾਤਾ ਹੈ ? ਇਹ ਵਿਗਿਆਨ ਦੀ ਪਹੁੰਚ ਤੋਂ ਬਾਹਰ ਦੀ ਗੱਲ ਹੈ। ਜੇ ਅਸੀਂ ਕਹੀਏ ਕਿ ਇਹ ਸਾਡਾ ਪਾਇਆ ਚੋਗਾ ਚੁੱਗਣ ਆਉਂਦੇ ਹਨ, ਤਾਂ ਇਹ ਗਲਤ ਗੱਲ ਹੈ, ਜਿੰਨੇ ਵੀ ਇਹੋ ਜਿਹੇ ਰੰਗ ਬਿਰੰਗੇ ਨਿੱਕੇ ਪੰਛੀ ਹਨ, ਇਹ ਕਦੇ ਪਾਇਆ ਚੋਗਾ ਨਹੀਂ ਖਾਂਦੇ। ਇਹ ਹਮੇਸ਼ਾ, ਪੱਤਿਆਂ ਪਿਛੇ ਲੱਗੇ ਕੀੜੇ ਜਾਂ ਧਰਤੀ ਵਿਚੋਂ ਜੀਵ ਹੀ ਚੁੱਗਦੇ ਹਨ। ਦਾਣੇ ਵਗੈਰਾ ਤਾਂ ਥੋੜੇ ਵੱਡੇ ਪੰਛੀ ਹੀ ਖਾਂਦੇ ਹਨ, ਜਿਵੇਂ ਕਬੂਤਰ, ਘੁੱਗੀ, ਸਾਰਖ਼ ਆਦਿ। ਇਹ ਤਾਂ ਮਨੁੱਖ ਤੇ ਪੌਦਿਆਂ ਨੂੰ ਬੀਮਾਰੀਆਂ ਤੋਂ ਬਚਾਉਂਦੇ ਹਨ। ਇਹਨਾਂ ਦੀ ਇਹ ਸੇਵਾ ਨਿਰਸਵਾਰਥ ਹੈ। ਭਾਵੇਂ ਸਾਨੂੰ ਇਹਨਾਂ ਦੀ ਬੋਲੀ (ਗੀਤ) ਸਾਨੂੰ ਸਮਝ ਨਹੀ਼ ਲੱਗਦੀ, ਪਰ ਮੈਨੂੰ ਯਕੀਨ ਹੈ ਕਿ ਇਹ ਕੁਦਰਤ ਦਾ ਗੁਣਗਾਣ ਹੀ ਕਰਦੇ ਹੋਣਗੇ। (03/02/2018)

 
kbp1013
 
ਗੁੰਮ ਹੈ ਹਾਸਾ ਠੱਠਾ
 

ਕਹਿੰਦੇ ਹਨ, ਹੱਸਣ ਨਾਲ ਬੰਦੇ ਦੇ ਸਾਰੇ ਰੋਮ ਖੁੱਲ੍ਹ ਜਾਂਦੇ ਹਨ ਤੇ ਅੱਧੀਆਂ ਸਰੀਰਕ ਬਿਮਾਰੀਆਂ, ਆਪੇ ਭੱਜ ਜਾਂਦੀਆਂ ਹਨ। ਹੱਸਣਾ, ਰੋਟੀ ਖਾਣ ਨਾਲੋਂ ਵੀ ਜ਼ਰੂਰੀ ਹੈ। ਹਾਸਾ ਦੋ ਤਰ੍ਹਾਂ ਦਾ ਗਿਣਿਆ ਜਾਂਦਾ ਹੈ: ਕਿਸੇ ਤੇ ਹੱਸਣਾ ਤੇ ਆਪਣੇ ਆਪ ਤੇ ਹੱਸਣਾ। ਕਿਸੇ ਤੇ ਤਾਂ ਕੋਈ ਵੀ ਹੱਸ ਸਕਦਾ ਹੈ, ਇਹ ਥੋੜ ਚਿਰਾ ਹੁੰਦਾ ਹੈ ਤੇ ਇਸਦਾ ਅਸਰ ਵੀ ਬਹੁਤ ਨਹੀਂ ਹੁੰਦਾ, ਸਮਝੋ ਇਹ ਘੱਟ ਤਾਕਤ ਵਾਲੀ ਦਵਾਈ ਵਾਂਗ ਹੈ, ਡਾਕਟਰ ਨੂੰ ਵਾਰ ਵਾਰ ਪੈਸੇ ਦੇਣ ਵਾਂਗ। ਪਰ ਆਪਣੇ ਆਪ ਤੇ ਹੱਸਣਾ ਸਭ ਤੋਂ ਉੱਤਮ ਹੈ, ਇਸ ਲਈ ਢੇਰ ਸਾਰਾ ਜੇਰਾ ਚਾਹੀਦਾ ਹੈ। ਇਸ ਵਿਚ ਤੁਹਾਡਾ ਸੁਭਾਅ, ਇਮਾਨਦਾਰੀ ਤੇ ਦੂਸਰੇ ਲਈ ਫਿਕਰ, ਬਹੁਤ ਅਹਿਮੀਅਤ ਰੱਖਦੇ ਹਨ। ਪੁਰਾਣੇ ਸਮੇਂ, ਜੋ ਮੀਰਜ਼ਾਦੇ ਪਰਿਵਾਰ ਨਾਲ ਜੋੜ ਕੇ ਗੱਲਬਾਤ ਸੁਣਾਉਂਦੇ ਸਨ, ਉਸ ਦਾ ਅਸਰ ਦੇਰ ਤਕ ਰਹਿੰਦਾ ਸੀ। ਅੱਜ ਦੇ ਯੁੱਗ ਦੇ ਸਟੇਜੀਏ, ਘੜੀ ਦੀ ਘੜੀ ਤਾਂ ਹਸਾ ਸਕਦੇ ਹਨ, ਪਰ ਘਰ ਤਕ ਜਾਂਦੇ ਸਭ ਭੁੱਲ ਜਾਈਦਾ। ਜੀਵਨ ਚ ਆਈ ਤੇਜ਼ੀ ਦੀ ਹਨ੍ਹੇਰੀ, ਸਾਡੇ ਹਾਸੇ ਵੀ ਉੱਡਾ ਕੇ ਲੈ ਗਈ ਹੈ। ਜੇ ਕਈ ਉੱਚੀ ਹੱਸ ਵੀ ਪਏ ਤਾਂ ਆਲਾ ਦੁਆਲਾ ਹੀ ਪ੍ਰੇਸ਼ਾਨੀ ਮਹਿਸੂਸ ਕਰਨ ਲੱਗ ਪੈਂਦਾ ਹੈ। ਜਿਓਂ ਜਿਓਂ ਯੁੱਗ ਅੱਗੇ ਵੱਧ ਰਿਹਾ ਹੈ, ਮੈਂਨੂੰ ਲੱਗਦਾ ਹਾਸੇ ਵਾਲੀਆਂ ਮਸ਼ੀਨਾਂ ਦੀ ਮਦਦ ਲੈਣੀ ਪਿਆ ਕਰੂ,  ਡਾਕਟਰ ਤੋਂ ਪਰਚੀ ਲਿਖਵਾ ਕੇ। (26/01/2018)

 
kbp1012
 
ਸੂਈ ਅੱੜਗੀ ਰਕਾਟ ਦੇ ਉੱਤੇ
 
ਮਨੁੱਖੀ ਜੀਵਨ ਦੇ ਰਹਾਓ ਦਾ ਮੂਲ ਸਰੋਤ ਸੰਗੀਤ ਹੈ। ਸੰਗੀਤ ਪੈਦਾ ਹੁੰਦਾ ਹੈ ਤਾਂ, ਸਰੀਰ ਨੂੰ ਰਵਾਨਗੀ ਮਿਲਦੀ ਹੈ, ਸੰਗੀਤ ਹੀ ਮਨ ਨੂੰ ਸੰਸਾਰ ਨਾਲ ਜੋੜਦਾ ਹੈ। ਸੰਗੀਤ ਹੀ ਬੋਧਿਕਤਾ ਦਾ ਮੂਲ ਹੈ। ਸੰਗੀਤ ਦਾ ਮੁੱਢਲਾ ਰੂਪ ਭੌਤਿਕਤਾ ਨਹੀਂ ਹੁੰਦਾ। ਇਹ ਆਨੰਦਮਈ ਅਵਸਥਾ ਦਾ ਅਦਿੱਖ ਅੰਗ ਹੈ। ਇਸੇ ਵਿਚ ਜੀਵਨ ਦੀਆਂ ਖੁਸ਼ੀਆਂ, ਗਮੀਆਂ ਦੇ ਰਾਜ਼ ਛੁਪੇ ਪਏ ਹਨ। ਪਰ ਮਨੁੱਖ ਜਦੋਂ ਆਵਾਜ਼ ਨਾਲ ਇਸਨੂੰ ਜੋੜ ਲੈਂਦਾ ਹੈ ਤਾਂ, ਸਾਰੀ ਗੜਬੜ ਹੋ ਜਾਂਦੀ ਹੈ। ਰੂਹ ਤੋਂ ਨਿਕਲ ਕੇ ਇਹ ਸਰੀਰ ਦੀ ਕੈਦ ਵਿਚ ਆ ਜਾਂਦਾ ਹੈ। ਸੁਰ ਤੇ ਗਲ਼ੇ ਦਾ ਰਸ, ਕੁਦਰਤ ਦੀ ਦੇਣ ਹੈ, ਪਰ ਸ਼ਬਦਾਂ ਦੀ ਚੋਣ ਸਾਡੀ ਸਮਝ ਦੀ ਸੀਮਾ ਹੋ ਸਕਦੀ ਹੈ। ਕੋਈ ਸਮਾਂ ਸੀ ਕਿ ਗੀਤ, ਸੰਗੀਤ ਵੀ ਹੁੰਦਾ ਸੀ। ਪਰ ਅੱਜ ਨਾ ਗੀਤ ਹੈ ਨਾ ਸੰਗੀਤ। ਜੇ ਕੋਈ ਤਾਰਾ ਕਿਤੇ ਚਮਕਦਾ ਵੀ ਹੈ, ਤਾਂ ਉਹ ਡੀ ਜੇ ਦੇ ਸ਼ੋਰ ਵਿਚ ਦੱਬ ਕੇ ਰਹਿ ਜਾਂਦਾ ਹੈ। ਸਮੇਂ ਸਮੇਂ ਤੇ ਕਈ ਸੰਸਥਾਵਾਂ ਜਾਂ ਲੋਕਾਂ ਨੇ ਮੋੜਾ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਸਭ ਵਿਅਰਥ। ਰਾਤੋ ਰਾਤ ਸਟਾਰ ਬਨਣ ਦੀ ਹੋੜ ਨੇ, ਰਕਾਟਾਂ ਦੀ ਅੜੀ ਸੂਈ ਵਾਂਗ, ਸੰਗੀਤ ਨੂੰ ਐਸਾ ਸਰੀਰਾਂ ਵਿਚ ਵਾੜ ਦਿੱਤਾ ਹੈ ਕਿ ਰੂਹ ਦਾ ਨਾਮੋ ਨਿਸ਼ਾਨ ਨਹੀਂ ਰਿਹਾ। ਉਂਜ ਉਮੀਦ ਕਦੇ ਛੱਡਣੀ ਨਹੀਂ ਚਾਹੀਦੀ। (13/01/18)
 
   kbp
ਜਦੋਂ ਹੱਥ ਬਣੇ ਔਜ਼ਾਰ
 

ਮਨੁੱਖੀ ਹੱਥ ਇਕ ਐਸੀ ਚੀਜ਼ ਹੈ, ਜਿਹੜੀ ਹਰ ਔਜ਼ਾਰ ਦਾ ਮੁੱਢਲਾ ਸਰੋਤ ਹੈ। ਹੱਥ ਹਰ ਕੰਮ ਕਰ ਸਕਦਾ ਹੈ। ਅੱਜ ਦੀ ਹਰ ਮਸ਼ੀਨ, ਹੱਥ ਦੇ ਕੰਮ ਨੂੰ ਛੋਹਲ਼ਾ ਕਰਨ ਦਾ ਹੀ ਇਕ ਤਰੀਕਾ ਹੈ। ਭਾਂਵੇ ਕਿ ਸੁਪਰ ਮਸ਼ੀਨੀ ਯੁੱਗ ਆ ਗਿਆ ਹੈ, ਪਰ ਹੱਥ ਦੇ ਕੰਮ ਦੀ ਕਦਰ ਹਾਲੇ ਘਟੀ ਨਹੀਂ। ਅੱਜ ਵੀ ਹੱਥ ਦੀ ਪੱਕੀ ਰੋਟੀ ਤੋਂ ਲੈਕੇ, ਇੱਟਾਂ ਦੀ ਚਿਣਾਈ ਤਕ ਹਰ ਕੰਮ ਕਲਾਤਮਿਕ ਤੇ ਫਾਇਦੇਮੰਦ ਹੈ। ਪੁਰਾਣੇ ਸਮੇਂ ਵਿਚ ਔਰਤਾਂ ਨੂੰ ਘਰਾਂ ਦੇ ਵੀਹ ਕੰਮ ਹੁੰਦੇ ਸਨ ਪਰ ਫੇਰ ਵੀ ਉਹ ਕਢਾਈ ਦਾ ਕੰਮ ਕਰਨ ਲਈ ਵਿਹਲ ਕੱਢ ਲੈਂਦੀਆਂ ਸਨ। ਅੱਜ ਸਾਡੀ ਮੱਧ ਵਰਗੀ ਜਮਾਤ ਵਿਹਲੀ ਤਾਂ ਰਹਿ ਲੈਂਦੀ ਹੈ, ਪਰ ਸੂਈ ਧਾਗੇ ਨੂੰ ਫੜ੍ਹਨਾ ਹੱਤਕ ਸਮਝਦੀ ਹੈ। ਦੂਸਰੇ ਪਾਸੇ ਨਿਮਨ ਵਰਗ ਨੂੰ ਕੰਮ ਦੀ ਲੋੜ ਹੈ। ਜੇਕਰ ਉਹ ਔਰਤਾਂ ਆਪਣੇ ਦਿਨ ਵਿਚ 2–4 ਘੰਟੇ ਕੱਢ ਕਿ ਕਰੋਸ਼ੀਏ ਦਾ ਕੰਮ ਕਰ ਲੈਣ ਤਾਂ ਉਸ ਸਮਾਨ ਤੋਂ 200 ਤੋਂ ਹਜ਼ਾਰ ਰੁਪਏ ਤਕ ਕਮਾਇਆ ਜਾ ਸਕਦਾ ਹੈ। ਚੰਗੀ ਗੱਲ ਇਹ ਹੈ ਕਿ ਕਈ ਲੋਕਾਂ ਨੇ ਭਲਾਈ ਗਰੁੱਪ ਬਣਾਏ ਹੋਏ ਹਨ, ਜੋ ਪੇਂਡੂ ਔਰਤਾਂ ਨੂੰ ਰੁਜ਼ਗਾਰ ਦੇਂਦੇ ਹਨ। ਦੇਸ਼ ਵਿਦੇਸ਼ ਵਿਚ ਹੱਥ ਦੇ ਬਣੇ ਹੋਏ, ਕਾਂਟੇ, ਚੂੜੀਆਂ, ਦਸਤਾਨੇ, ਟੋਪੀਆਂ, ਬੈਗ, ਛੱਤਰੀ ਕਵਰ, ਸ਼ਾਲ ਤੇ ਪਰਸ ਆਦਿ ਲੋਕ ਬਹੁਤ ਪਸੰਦ ਕਰਦੇ ਹਨ। ਇਸ ਕੰਮ ਲਈ ਕੇਂਦਰ ਸਰਕਾਰ ਦੀਆਂ ਕਈ ਸਕੀਮਾਂ ਹਨ ਤੇ ਸਾਰਸ ਮੇਲਾ ਵੀ ਵੀ ਲਗਾਉਂਦੇ ਹਨ, ਜਿੱਥੇ ਇਹਨਾਂ ਕਲਾਕਾਰਾਂ ਨੂੰ ਮੁਫਤ ਸਟਾਲ ਵੀ ਦਿੱਤੇ ਜਾਂਦੇ ਹਨ। ਹੱਥ ਦੇ ਕੰਮ ਦੀ ਕਦਰ ਕਰਨ ਵਾਲੇ ਹਾਲੇ ਘੱਟ ਨਹੀਂ ਹਨ, ਬਸ ਤੁਹਾਨੂੰ ਹੀ ਥੋੜੀ ਹਿੰਮਤ ਦੀ ਲੋੜ ਹੈ। (05/01/18)

 
 
ਗੁੜ ਨਾਲੋਂ ਕੁਝ ਨਾ ਮਿੱਠਾ
 

ਗੁੜ ਪੰਜਾਬੀਆਂ ਦੀ ਮਨਪਸੰਦ ਖੁਰਾਕ ਹੈ। ਜਿੰਨੀ ਮਰਜ਼ੀ ਰੱਜ ਕੇ ਰੋਟੀ ਖਾ ਲੈਣ, ਬਾਅਦ ਵਿਚ ਗੁੜ ਲਈ ਥਾਂ ਹੁੰਦੀ ਹੀ ਹੈ। ਇਹ ਇਕ ਸਿਹਤ ਲਈ ਗੁਣਕਾਰੀ ਚੀਜ਼ ਹੈ। ਪਾਚਣ ਸ਼ਕਤੀ ਲਈ ਵਰਦਾਨ ਹੈ। ਮਾਨਤਾ ਹੈ ਕਿ ਇਸ ਦੇ ਕੋਈ ਮਾਰੂ ਅਸਰ ਨਹੀਂ ਹਨ। ਸੁਆਦ ਦੀ ਗੱਲ ਕਰੀਏ ਤਾਂ ਪੰਜ ਤਾਰਾ ਹੋਟਲਾਂ ਦੀਆਂ ਮਿਠਾਈਆਂ, ਇਸਦੇ ਮੁਕਾਬਲੇ ਖੜ੍ਹਦੀਆਂ ਹੀ ਨਹੀਂ ਹਨ। ਪਹਿਲੋਂ ਪਿੰਡਾਂ ਵਿਚ ਵੇਲਣੇ ਜਾਂ ਘੁਲਾੜੀਆਂ ਚੱਲਦੀਆਂ ਆਮ ਮਿਲ ਜਾਂਦੀਆਂ ਸਨ, ਜੋ ਕਿਸਾਨ ਆਪ ਚਲਾਉਂਦੇ ਸਨ। ਪਰ ਪਿਛਲੇ ਤਿੰਨ ਦਹਾਕੇ ਦੀ ਵਿਦੇਸ਼ੀ ਜਾਣ ਦੀ ਹੋੜ ਨੇ ਇਹ ਵਪਾਰਕ ਕਰ ਦਿੱਤੇ ਹਨ ਤੇ ਪਰਵਾਸੀ ਕਾਮੇ ਸੜਕਾਂ ਦੇ ਕੰਢੇ ਗੁੜ ਵੇਚਣ ਲੱਗ ਪਏ ਹਨ। ਪਰ ਸਾਵਧਾਨ ? ਸਾਰਿਆਂ ਦਾ ਗੁੜ ਸਹੀ ਨਹੀਂ ਹੁੰਦਾ। ਇਸ ਵਿਚ ਸਸਤੀ ਖੰਡ ਤਾਂ ਮਿਲਾਉਂਦੇ ਹੀ ਹਨ, ਨਾਲ ਦੀ ਨਾਲ ਇਕ ਐਸਾ ਪਾਊਡਰ ਵੀ ਮਿਲਾਉਂਦੇ ਹਨ, ਜੋ ਰਸ ਨੂੰ ਪੱਕਣ ਤੋਂ ਪਹਿਲੋਂ ਹੀ ਸਖਤ ਕਰ ਦੇਂਦਾ ਹੈ। ਸਹੀ ਗੁੜ ਇਕ ਕੁਇੰਟਲ ਗੰਨੇ ਚੋਂ 9 ਤੋਂ 11 ਕਿਲੋ ਤਕ ਹੀ ਨਿਕਲਦਾ ਹੈ, ਪਰ ਇਹ ਮਿਲਾਵਟ ਵਾਲਾ 15 ਤੋਂ 20 ਕਿਲੋ ਤਕ ਨਿਕਲਦਾ ਹੈ। ਇਹ ਦੇਖਣ ਨੂੰ ਵੀ ਸੋਹਣਾ ਹੁੰਦਾ ਹੈ, ਪਰ ਜੇ ਚਾਹ ਬਣਾਓਗੇ ਤਾਂ ਦੁੱਧ ਫੱਟ ਜਾਵੇਗਾ। ਬਰਸਾਤਾਂ ਵਿਚ ਬੋਰੀ ਚੋਣ ਲੱਗ ਪੈਂਦੀ ਹੈ। ਸਹੀ ਗੁੜ ਘੱਟੋ ਘੱਟ 4 ਸਾਲ ਖਰਾਬ ਨਹੀਂ ਹੁੰਦਾ। ਇਸ ਲਈ ਥੋੜਾ ਸੁਚੇਤ ਹੋ ਕੇ ਹੀ ਗੁੜ ਖਰੀਦਣਾ ਚਾਹੀਦਾ ਹੈ। ਪੁਰਾਣੇ ਹਕੀਮ, ਕਾਲਾ ਗੁੜ ਗੁਣਕਾਰੀ ਮੰਨਦੇ ਸਨ। (22/12/2017)

 
ਸੁਨਹਿਰੀ ਕਿੱਕ ਦੀ ਆਸ ਵਿਚ

ਅੱਜਕਲ ਸਾਰੇ ਪੰਜਾਬ ਦੇ ਪਿੰਡਾਂ ਵਿਚ ਖੇਡ ਟੂਰਨਾਮੈਂਟ ਚੱਲ ਰਹੇ ਹਨ। ਹਰ ਪਾਸੇ ਰੌਣਕਾਂ ਲੱਗੀਆਂ ਹੋਈਆਂ ਹਨ। ਮਿੱਠਾ ਤੇ ਵੇਹਲਾ ਮੌਸਮ ਹੈ। ਸੁੱਖ ਨਾਲ ਐਨ ਆਰ ਆਈ ਵੀ ਕਾਫੀ ਆਏ ਹੋਏ ਹਨ। ਉਹ ਵੀ ਚਾਹੁੰਦੇ ਹਨ ਕਿ ਪੰਜਾਬੀ ਜੁੱਸੇ ਵਾਲੇ ਨੌਜਵਾਨ ਖੇਡਾਂ ਵਿਚ ਨਾਮਣਾ ਖੱਟਣ। ਹਰ ਖਿਡਾਰੀ ਵੀ ਆਪਣਾ ਜ਼ੋਰ ਲਾ ਰਿਹਾ ਹੈ। ਦੁਨੀਆ ਵਿਚ ਸਭ ਤੋਂ ਵੱਧ ਖੋਡਣ ਤੇ ਦੇਖੀ ਜਾਣ ਵਾਲੀ ਖੇਡ ਫੁੱਟਬਾਲ ਹੀ ਹੈ, ਭਾਂਵੇਂ ਕਿ ਇਹ ਦੋ ਕਿਸਮ ਦੀ ਹੈ; ਅਮਰੀਕਨ ਰਗਬੀ ਤੇ ਵਲੈਤੀ ਸੌਕਰ। ਖਿਡਾਰੀਆਂ ਨੂੰ ਪੈਸਾ ਵੀ ਇਸੇ ਖੇਡ ਵਿਚ ਸਭ ਤੋਂ ਵੱਧ ਮਿਲਦਾ ਹੈ। ਬਾਕੀ ਸਭ ਖੇਡਾਂ ਨਾਲੋਂ ਕੌਮਾਂਤਰੀ ਮੁਕਾਬਲੇ ਵੀ ਇਸੇ ਖੇਡ ਦੇ ਹੁੰਦੇ ਹਨ। ਪਰ ਭਾਰਤ ਹਾਲੇ ਪੌੜੀ ਵੀ ਨਹੀਂ ਚੜ੍ਹ ਸੱਕਿਆ। ਪੰਜਾਬੀਆਂ ਦੀ ਮਨਪਸੰਦ ਖੇਡ ਵੀ ਫੁੱਟਬਾਲ ਤੇ ਹਾਕੀ ਹੈ। ਹੋਰ ਵੀ ਖੇਡਾਂ ਖੇਡਦੇ ਹਨ, ਪਰ ਅੰਤਰਰਾਸ਼ਟਰੀ ਮੰਚ ਤੇ ਇਹ ਦੋਨੋਂ ਵੱਧ ਮਕਬੂਲ ਹਨ। ਪਰ ਹਰ ਵਾਰ ਜ਼ੋਰ, ਜਵਾਨੀ ਤੇ ਜੁੱਸਾ ਫੇਲ ਹੋ ਜਾਂਦੇ ਹਨ। ਇਹ ਜਾਨਣ ਲਈ ਸਾਨੂੰ ਕਿਸੇ ਵੀ ਟੂਰਨਾਮੈਂਟ ਵਿਚੋਂ ਜਵਾਬ ਮਿਲ ਜਾਵੇਗਾ। ਧਿਆਨ ਨਾਲ ਵੇਖਿਓ, ਖਿਡਾਰੀ ਬਹੁਤ ਜ਼ੋਰ ਲਾਉਂਦੇ ਹਨ ਤੇ ਇਕ ਗੇਮ ਵਿਰ 50 ਤੋਂ ਵੱਧ ਵਾਰ ਆਲੇ ਦੁਆਲੇ ਦੇ ਕੰਧਾਂ ਕੋਠਿਆਂ ਦੇ ਉੱਤੋਂ ਦੀ ਕਿੱਕ ਮਾਰ ਕੇ ਬਾਲ ਟਪਾ ਦੇਂਦੇ ਹਨ। ਮਤਲੱਬ ਕਿ ਉਹਨਾਂ ਦਾ ਸਾਰਾ ਟੀਚਾ ਬਾਲ ਨੂੰ ਆਪਣੇ ਪਾਸੇ ਨਾ ਰਹਿਣ ਦੇਣਾ ਹੈ। ਇਸੇ ਤਰਾਂ ਧਿਆਨ ਨਾਲ ਵੇਖਿਓ, ਹਰ ਖਿਡਾਰੀ ਕੱਲਾ ਕੱਲਾ ਖੇਡ ਰਿਹਾ ਹੁੰਦਾ ਹੈ। ਟੀਮ ਵਰਕ ਦੀ ਬਹੁਤ ਲੋੜ ਹੁੰਦੀ ਹੈ ਮੈਚ ਜਿੱਤਣ ਲਈ। ਟੀਵੀ ਤੇ ਆਉਂਦੇ ਇੰਗਲੈਂਡ ਦੇ ਮੈਚ ਵੇਖਿਓ ਕਿਵੇਂ ਬਾਲ ਮੈਦਾਨ ਵਿਚ ਹੀ ਰਹਿੰਦੀ ਹੈ ਤੇ ਅੱਖ ਦੇ ਫੌਰ ਵਿਚ ਹੀ ਪਾਸ ਦਿੱਤੇ ਜਾਂਦੇ ਹਨ। ਇਸੇ ਲਈ ਫਸਵੇਂ ਤੇ ਰੌਚਿਕ ਮੈਚ ਹੁੰਦੇ ਹਨ। ਮੈਨੂੰ ਨਹੀਂ ਪਤਾ ਕਿ ਕਿੱਥੋਂ ਇਸਦਾ ਸਿਰਾ ਫੜਿਆ ਜਾਵੇ, ਪਰ ਇਹਨਾਂ ਪਤਾ ਹੈ ਕਿ, ਕੱਲੇ ਜੋਸ਼ ਨੇ ਨਹੀਂ, ਹੋਸ਼ ਨੂੰ ਨਾਲ ਲੈਕੇ ਹੀ ਸੁਨਹਿਰੀ ਕਿੱਕ ਵੱਜਣੀ ਹੈ। ਜੀਵੇ ਪੰਜਾਬ  (15/12/2017)

ਰੰਗ ਬਿਰੰਗੇ  ਠੱਗ

ਪਿਛਲੇ ਅੰਕ ਵਿਚ ਕੇਲੇ ਦੀ ਕਾਸ਼ਤ ਵਿਚ ਕਿਸਾਨਾਂ ਨੂੰ ਪਏ ਘਾਟੇ ਦੀ ਗੱਲ ਕੀਤੀ ਗਈ ਸੀ। ਬਹੁਤ ਹੋਰ ਕਿਸਾਨਾਂ ਨੇ ਇਸਦੇ ਬਾਰੇ ਗੱਲ ਕੀਤੀ ਤੇ ਅੱਜ ਹੋ ਰਹੇ  ਨਵੇਂ ਨਵੇਂ ਠੱਗੀ ਦੇ ਤਰੀਕਿਆਂ ਬਾਰੇ ਦੱਸਿਆ। ਪੰਜਾਬ ਦਾ ਕਿਸਾਨ ਚਾਹੁੰਦਾ ਹੈ ਕਿ ਕੁਝ ਨਵਾਂ ਕੀਤਾ ਜਾਵੇ, ਤਾਂ ਜੋ ਆਮਦਨ ਵੱਧ ਸਕੇ। ਇਸ ਲਈ ਉਹ ਨਵੇਂ ਤਜੁਰਬੇ ਕਰਨ ਲਈ ਤਿਆਰ ਰਹਿੰਦਾ ਹੈ। ਉਹ ਖੁੱਲ੍ਹੇ ਦਿਲ ਨਾਲ ਪੈਸੇ ਵੀ ਖਰਚ ਦੇਂਦਾ ਹੈ ਤੇ ਸਭ ਤੋਂ ਵੱਡੀ ਗੱਲ, ਕੋਟ ਪੈਂਟ ਪਾਈ ਲੋਕਾਂ ਨੂੰ ਸਿਆਣੇ ਸਮਝ, ਉਹਨਾਂ ਤੇ ਯਕੀਨ ਵੀ ਕਰ ਲੈਂਦਾ ਹੈ। ਬਸ ਇਹੋ ਗੁਣ ਹੀ ਉਸਦੇ ਲੁੱਟੇ ਜਾਣ ਦਾ ਕਾਰਣ ਬਣਦੇ ਹਨ। ਕਦੇ ਕੁਝ ਤੇ ਕਦੇ ਕੁਝ, ਲੋਕ ਸਕੀਮਾਂ ਬਣਾ ਦੇ ਲੁੱਟਦੇ ਹਨ, ਕੇਲੇਆਂ ਵਾਂਗ ਅੱਜ ਕਲ, ਸਾਗਵਾਨ ਤੇ ਚੰਦਨ ਦੇ ਰੁੱਖ ਵੇਚਣ ਵਾਲੇ ਪਿੰਡੋਂ ਪਿੰਡ ਤੁਰੇ ਫਿਰਦੇ ਹਨ, ਸਾਗਵਾਨ 50 ਤੋਂ 100 ਸਾਲ ਵਿਚ ਹੁੰਦਾ ਹੈ, ਇਹ ਲੋਕ 10 ਸਾਲ ਹੀ ਕਹੀ ਜਾਂਦੇ ਹਨ। ਇਸੇ ਤਰਾਂ ਚੰਦਨ ਦੇ ਰੁੱਖ ਬਾਰੇ ਵੀ ਝੂਠ ਬੋਲਦੇ ਹਨ। ਇਹ ਦੋਵੇ ਰੁੱਖ ਪੰਜਾਬ ਵਿਚ ਪੂਰੀ ਤਰਾਂ ਵੱਧ ਨਹੀਂ ਸਕਦੇ, ਕਿਉਂਕਿ ਇੱਥੇ ਦੀ ਧਰਤੀ ਤੇ ਪੌਣ ਪਾਣੀ ਅਨੁਕੂਲ ਨਹੀਂ ਹੈ। ਇਹ ਰੰਗ ਬਿਰੰਗੇ ਠੱਗ ਗਿਣਤੀਆਂ ਜਿਹੀਆਂ ਦੱਸੀ ਜਾਣਗੇ। ਨਾ ਇਹ ਠੇਕੇ ਤੇ ਜ਼ਮੀਨ ਲੈਂਦੇ ਹਨ ਨਾ ਅਗਾਂਓ ਖਰੀਦ ਕਰਦੇ ਹਨ। ਬਾਅਦ ਵਿਚ ਸਵੇਦੇ ਵਾਂਗ ਲੱਕੜ 3 ਰੁਪਏ ਕਿਲੋ ਵੀ ਨਹੀਂ ਵਿਕਦੀ। ਯਾਦ ਰਵੇ ਕਿ ਇਸੇ ਤਰਾਂ ਕਿਸਾਨਾਂ ਨੂੰ ਕਈ ਠੱਗ, 'ਈਮੂ' ਜਾਨਵਾਰ ਵੇਚ ਗਏ ਸਨ। ਇਹਨਾਂ ਦਾ ਕੰਮ ਹੈ, ਆਪਣੇ ਪੈਸੇ ਲਏ ਤੇ ਫੇਰ ਛੂੰ ਮੰਤਰ ਹੋ ਜਾਣਾ। ਹੈਰਾਨ ਹਾਂ ਕਿ ਸਾਡੇ ਖੇਤੀ ਨਾਲ ਸਬੰਧਤ ਮਹਿਕਮੇ ਤੇ ਅਦਾਰੇ ਕਿਸਾਨਾਂ ਨੂੰ ਕਿਉਂ ਨਹੀਂ ਸੁਚੇਤ ਕਰਦੇ। ਖੈਰ ਕੁਝ ਵੀ ਹੋਵੇ, ਹੁਣ ਕਿਸਾਨਾਂ ਨੂੰ ਆਪ ਹੀ ਸੁਚੇਤ ਰਹਿਣਾ ਪਵੇਗਾ ਤੇ ਆਪਣੇ ਸਾਥੀਆਂ ਨੂੰ ਵੀ ਦੱਸਣਾ ਹੋਵੇਗਾ। (09/12/2017)

kbp1005
ਘਾਟੇ ਦਾ ਸੌਦਾ
 

ਪੰਜਾਬ ਵਿਚ ਫਸਲੀ ਚੱਕਰ ਦੇ ਗੇੜ ਵਿਚੋਂ ਕੱਢਣ ਲਈ, ਕੇਲੇ ਦੀ ਕਾਸ਼ਤ ਨੂੰ ਬਹੁਤ ਜ਼ੋਰ ਸ਼ੋਰ ਨਾਲ ਲਾਗੂ ਕੀਤਾ ਗਿਆ ਸੀ। ਬੜੇ ਕਿਸਾਨਾਂ ਨੇ ਇਸ 14 ਤੋਂ 16 ਮਹੀਨੇ ਦੀ ਫਸਲ ਨੂੰ ਥਾਂ ਦਿੱਤੀ। ਪਰ ਆਖਰ ਖੇਤ ਖਾਲੀ ਹੀ ਕਰਨੇ ਪਏ ਤੇ ਘਾਟਾ ਸਹਾਰਨਾ ਪਿਆ, ਕੇਲੇ ਦੀ ਬਜ਼ਾਰ ਵਿਚ ਮੰਗ ਹੋਣ ਦੇ ਬਾਵਜੂਦ। ਕੇਲਾ ਮੂਲ ਰੂਪ ਵਿਚ ਪੰਜਾਬ ਦੀ ਫਸਲ ਨਹੀਂ ਹੈ। ਇਸ ਦੀਆਂ 100 ਤੋਂ ਉੱਤੇ ਕਿਸਮਾਂ ਹਨ। ਇਹ ਲਾਵਾ ਮਿੱਟੀ ਵਾਲੀ ਧਰਤੀ ਪਸੰਦ ਕਰਦਾ ਹੈ। ਜਿਸ ਵਿਚ ਪਾਣੀ ਖੜਾ ਨਾ ਹੋਵੇ। ਇਸਦੀ ਸਹੀ ਉਪਜ ਲਈ 12 ਤੋਂ 28 ਡਿਗਰੀ ਤਾਪਮਾਨ ਚਾਹੀਦਾ ਹੈ। ਜੇ ਤਾਪਮਾਨ 38 ਡਿਗਰੀ ਹੋ ਜਾਵੇ ਤਾਂ ਫਸਲ ਦਾ ਝਾੜ ਤੀਜਾ ਹਿੱਸਾ ਰਹਿ ਜਾਂਦਾ ਹੈ। ਹੁਣ ਆਪ ਸੋਚੋ ਇਥੇ ਤਾਂ ਤਾਪਮਾਨ 45 ਡਿਗਰੀ ਤਕ ਵੀ ਚਲੇ ਜਾਂਦਾ ਹੈ ਤੇ ਮਿੱਟੀ ਵੀ ਇਸਦੇ ਅਨੁਕੂਲ ਨਹੀਂ, ਘਾਟਾ ਤਾਂ ਪੈਣਾ ਹੀ ਹੈ। ਇਸ ਵਿਚ ਕੋਈ ਸ਼ਕ ਨਹੀਂ ਕਿ ਪੰਜਾਬ ਨੂੰ ਬਦਲਵੀਆਂ ਫਸਲਾਂ ਦੀ ਲੋੜ ਹੈ, ਪਰ ਫਸਲ ਦੀ ਜਾਣਕਾਰੀ ਹੋਣ ਦੇ ਬਾਵਜੂਦ ਪੰਜਾਬੀ ਕਿਸਾਨਾਂ ਦਾ ਕਿਸੇ ਮਹਿਕਮੇ ਨੇ ਆਪਣੇ ਨੰਬਰ ਬਨਾਉਣ ਖਾਤਰ ਨੁਕਸਾਨ ਕਰ ਦਿੱਤਾ। ਪੰਜਾਬੀਆਂ ਨੂੰ ਚਾਹੀਦਾ ਹੈ ਕਿ ਕਿਸੇ ਵੀ ਮਹਿਕਮੇ ਉੱਤੇ ਰੱਬ ਵਰਗਾ ਯਕੀਨ ਨਾ ਕਰਨ। ਹਰ ਫਸਲ ਬਾਰੇ ਕਿਤਾਬਾਂ ਤੇ ਨੈੱਟ ਤੇ ਜਾਣਕਾਰੀ ਸੌਖੇ ਹੀ ਮਿਲ ਜਾਂਦੀ ਹੈ। ਜੇਕਰ ਤਜੁਰਬਾ ਕਰਨਾ ਹੀ ਹੈ ਤਾਂ ਉਸ ਇਲਾਕੇ ਵਿਚ ਵੀ ਜ਼ਰੂਰ ਜਾਕੇ ਪਤਾ ਕਰ ਆਉਣ, ਜਿੱਥੇ ਉਸ ਫਸਲ ਦੀ ਕਾਸ਼ਤ ਹੁੰਦੀ ਹੈ। ਕਈਆਂ ਨੂੰ ਯਾਦ ਹੋਵੇਗਾ, ਇਹੋ ਜਿਹੇ ਧੋਖੇ ਹੋਰ ਫਸਲਾਂ ਨਾਲ ਵੀ ਕੀਤੇ ਗਏ ਸਨ, ਜਿਵੇਂ ਮੂਸਲੀ, ਸਟੀਵੀਆ, ਕਾਲੀ ਗਾਜਰ ਆਦਿ। ਬਦਲਵੀਂ ਫਸਲ ਲਈ ਕੋਸ਼ਿਸ਼ ਜ਼ਰੂਰ ਕਰੋ, ਪਰ ਅੱਖਾਂ ਖੋਲ੍ਹ ਕੇ। (01/12/2017)

 
 
ਸੁਫਨੇ ਰੰਗਦਾਰ
 

ਆਮ ਮਨੁੱਖ ਹਰ ਰਾਤ ਨੂੰ ਤਕਰੀਬਨ 500 ਸੁਫਨਾ ਲੈਂਦਾ ਹੈ, ਤੇ ਦਿਨੇ ਹਰ ਘੰਟੇ ਵਿਚ 100 ਤੋਂ ਵੱਧ, ਦੋਹਾਂ ਵਿਚ ਫਰਕ ਇਹ ਹੁੰਦਾ ਹੈ ਕਿ ਮਨੁੱਖ ਰਾਤ ਵਾਲੇ ਸੁਫਨੇ ਤੋਂ ਡਰ ਜਾਂਦਾ ਹੈ ਤੇ ਦਿਨ ਵਾਲਾ ਪੂਰਾ ਨਾ ਹੋਣ ਦਾ ਡਰ ਉਸਨੂੰ ਜੀਣ ਨਹੀਂ ਦੇਂਦਾ। ਕੌਣ ਗਰੀਬ ਦੇ ਘਰ ਤੇ ਕੌਣ ਅਮੀਰ ਦੇ ਘਰ ਜੰਮਣਾ ਹੈ ? ਇਹ ਕਿਸੇ ਦੇ ਵਸ ਨਹੀਂ, ਪਰ ਇਕੋ ਜਿਹੇ ਸੁਫਨੇ ਤਾਂ ਲਏ ਹੀ ਜਾ ਸਕਦੇ ਹਨ। ਮੱਧ ਵਰਗ ਦੇ ਲੋਕ, ਮਾੜੇ ਨੂੰ ਧੱਫਾ ਤੇ ਤਕੜੇ ਨੂੰ ਜਫਾ ਪਾਉਣ ਦੀ ਨੀਤੀ ਤੇ ਚੱਲਦੇ ਹਨ, ਪਰ ਇਹ ਮਾੜੇ ਨੂੰ ਅੱਗੇ ਵੱਧਣ ਤੋਂ ਰੋਕ ਨਹੀਂ ਸਕਦੇ। ਜੋ ਬੱਚੇ ਗੁਬਾਰਿਆਂ ਵਰਗੇ ਸੁਫਨੇ ਲੈਂਦੇ ਹਨ, ਆਖਰ ਉਹ ਵੀ ਆਸਮਾਨ ਨੂੰ ਛੂਹ ਲੈਂਦੇ ਹਨ। ਜੇ ਹਿੰਮਤ ਹੋਵੇ ਤਾਂ ਹਾਲਾਤ ਬਦਲੇ ਵੀ ਜਾ ਸਕਦੇ ਹਨ। ਆਪਣੇ ਆਪ ਤੇ ਯਕੀਨ ਹੋਵੇ ਤੇ ਹਾਰਨ ਦਾ ਡਰ ਨਾ ਹੋਵੇ, ਤਾਂ ਦੁਨੀਆਂ ਦੀ ਕੋਈ ਤਾਕਤ ਤੁਹਾਨੂੰ ਸੁਫਨੇ ਰੰਗੀਨ ਕਰਨ ਤੋਂ ਰੋਕ ਨਹੀਂ ਸਕਦੀ। (24/11/17)

ਹੋਂਦ ਬਾਕੀ ਹੈ

ਸਾਡੀਆਂ ਬਹੁਤ ਸਾਰੀਆਂ ਪੁਰਾਤਨ ਵਸਤੂਆਂ ਆਪਣੀ ਉਮਰ ਪੁਗਾਅ ਚੁੱਕੀਆਂ ਹਨ। ਹਰ ਵਸਤੂ ਦੀ ਜਦ ਤਕ ਲੋੜ ਬਣੀ ਰਹੇਗੀ, ਉਹ ਵੱਧਦੀ ਫੁੱਲਦੀ ਰਹੇਗੀ ਜਾਂ ਬਚੀ ਰਹੇਗੀ। ਬਦਲਦੇ ਸਮੇਂ ਨੇ ਬਹੁਤ ਸਾਰੀਆਂ ਚੀਜ਼ਾਂ, ਜਿਹਨਾਂ ਨੂੰ ਅਸੀਂ ਸਭਿਆਚਾਰਕ ਚਿੰਨਾਂ ਦੇ ਤੌਰ ਤੇ ਜਾਣਦੇ ਹਾਂ, ਅੱਜ ਆਮ ਵਰਤੋਂ ਵਿਚ ਨਹੀਂ ਰਹੀਆਂ ਹਨ, ਇਸੇ ਲਈ ਉਹ ਹੌਲੀ ਹੌਲੀ ਅਲੋਪ ਹੋ ਗਈਆਂ ਹਨ ਜਾਂ ਹੋ ਰਹੀਆਂ ਹਨ। ਪਰ ਸਮੇਂ ਤੇ ਤਕਨੌਲਜੀ ਦੀ ਮਾਰ ਝੱਲ ਕਿ ਵੀ ਸਾਡੇ ਕੋਲ ਇੰਨੂ ਉਰਫ ਬਿੰਨੂ ਬਚਿਆ ਹੋਇਆ ਹੈ। ਇਹ ਪੰਜ ਤੋਂ ਸਤ ਇੰਚ ਦੇ ਆਕਾਰ ਦਾ ਰਿੰਗ ਸਾਰੀ ਦੁਨੀਆ ਵਿਚ ਵਰਤਿਆ ਜਾਂਦਾ ਹੈ। ਕੰਮਕਾਜੀ ਐਰਤਾਂ ਤੇ ਮਜ਼ਦੂਰਾਂ ਲਈ ਸਿਰ ਤੇ ਟੋਕਰੀ, ਤੱਸਲਾ ਜਾਂ ਘੜਾ ਟਿਕਾਉਣਾ ਬਹੁਤ ਆਸਾਨ ਕਰ ਦਿੰਦਾ ਹੈ। ਸ਼ੋਕੀਨ ਔਰਤਾਂ ਇਸਨੂੰ ਸ਼ਿੰਗਾਰ ਕੇ ਬਣਾਉਂਦੀਆਂ ਸਨ/ਹਨ। ਆਮ ਤੌਰ ਤੇ ਇਸਦੇ ਅੰਦਰ ਕਾਹੀ ਦਾ ਗੋਲਾ ਭਰਿਆ ਜਾਂਦਾ ਹੈ ਤੇ ਉੱਤੇ ਲੀਰਾਂ ਕੱਸ ਕਿ ਲਪੇਟੀਆਂ ਜਾਂਦੀਆਂ ਹਨ। ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਹੁਣ ਇਸਨੂੰ ਬਣਾਉਣ ਦੇ ਮੁਕਾਬਲੇ ਲਈ, ਵਿਸ਼ਵ ਵਿਦਆਲਿਆਂ ਤੇ ਕਾਲਜਾਂ ਵਿਰ ਵੀ ਸ਼ਾਮਲ ਕਰ ਲਿਆ ਗਿਆ ਹੈ। ਇਹ ਇਸ ਨਿਮਾਣੀ ਜਿਹੀ, ਭਾਰ ਸਹਿਣ ਵਾਲੀ ਵਸਤੂ ਦੀ ਹੋਂਦ ਕਾਇਮ ਰੱਖਣ ਵੱਲ ਇਕ ਸਾਰਥਿਕ ਕਦਮ ਹੈ। (18/11/17)

ਜਿੰਨ ਪਹਾੜੋਂ ਲੱਭਾ

ਪੁਰਾਣੇ ਸਮੇਂ 'ਚ ਗੱਲ ਸੁਣਦੇ ਹੁੰਦੇ ਸੀ, ਇਕ ਸਾਧੂ, ਜੰਗਲਾਂ, ਪਹਾੜਾਂ ਚ ਘੁੰਮਦਾ ਫਿਰਦਾ ਸੀ। ਇਕ ਦਿਨ ਉਹ ਥੱਕ ਗਿਆ ਤੇ ਇਕ ਵੱਡੇ ਰੁੱਖ ਨਾਲ ਢਾਸਣਾ ਲਾ ਕਿ ਬਹਿ ਗਿਆ। ਜਦੋਂ ਉਸਨੂੰ ਜਾਗ ਆਈ ਤਾਂ ਕੀ ਵੇਖਦਾ ਹੈ ਕਿ ਮਿੱਟੀ ਨਾਲ ਲਿਬੜਿਆ ਇਕ ਭਾਂਡਾ ਥੋੜੀ ਦੂਰ ਪਿਆ ਸੀ। ਉਸਨੇ ਉਹ ਭਾਂਡਾ ਚੱਕ ਲਿਆ ਤੇ ਸੋਚਣ ਲੱਗ ਪਿਆ ਕਿ ਹੁਣ ਨਦੀ ਤੋਂ ਪਾਣੀ ਨਾਲ ਭਰ ਕਿ ਕੋਲ਼ ਰਖਿਆ ਕਰਾਂਗਾ। ਥੋੜੀ ਦੂਰ ਹੀ ਨਦੀ ਆ ਗਈ। ਉਹ ਪਾਣੀ ਭਰਨ ਤੋਂ ਪਹਿਲੋਂ, ਭਾਂਡੇ ਨੂੰ ਮਾਂਜਣ ਲੱਗ ਪਿਆ। ਜਿਉਂ ਹੀ ਉਸਨੇ ਹੱਥ ਫੇਰਿਆ, ਤਦੇ ਹੀ ਇਕ ਜਿੰਨ ਪ੍ਰਗਟ ਹੋ ਗਿਆ। ਜਿੰਨ ਕਹਿੰਦਾ ਕਿ ਅੱਜ ਤੋਂ ਤੂੰ ਮੇਰਾ ਮਾਲਕ, ਜੋ ਮਰਜ਼ੀ ਕੰਮ ਕਰਾ, ਬਸ ਵਿਹਲਾ ਨਾ ਛੱਡੀ, ਨਹੀਂ ਤੇ ਮੈ ਤੈਨੂੰ ਖਾ ਜਾਊਂ। ਕੁਝ ਸਮਾਂ ਤਾਂ ਚੰਗਾ ਲੰਘ ਗਿਆ, ਤੇ ਫੇਰ ਇਕ ਦਿਨ ਉਹ ਜਿੰਨ ਦਾ ਭੋਜਨ ਬਣ ਗਿਆ। ਅੱਜ ਫੇਰ ਲੋਕਾਂ ਨੂੰ ਇਕ ਜਿੰਨ ਮਿਲ ਗਿਆ ਹੈ, ਜੋ ਸਭ ਕੁਝ ਖਾ ਚੁੱਕਾ ਹੈ। ਸਿਨਮਾ, ਨਾਟਕ, ਨਾਚ, ਕੰਮਪੀਊਟਰ, ਟੀਵੀ, ਫੋਨ, ਰਿਸ਼ਤੇ ਨਾਤੇ ਆਦਿ ਆਦਿ। ਕੀ ਪਿੰਡ, ਕੀ ਸ਼ਹਿਰ ਇਹ ਹਰ ਇਕ ਦੇ ਹੱਥ ਬੰਨੀ ਬੈਠਾ ਹੈ। ਦਿਨ ਹੈ ਜਾਂ ਰਾਤ, ਬੱਚਾ ਹੈ ਜਾਂ ਬਜ਼ੁਰਗ ਸਭ ਆਪਣੇ ਆਪ ਨੂੰ ਮਾਲਕ ਸਮਝ ਰਹੇ ਹਨ। ਹਾਲੇ ਜਿੰਨ ਵੀ ਬਹੁਤ ਰੁਝਿਆ ਹੋਇਆ ਹੈ। ਪਰ ਜਲਦੀ ਹੀ ਇਸ ਨੂੰ ਮਨੁਖੱਤਾ ਦਾ ਮਾਸ ਮਿਲਣ ਵਾਲਾ ਹੈ। ਕਾਸ਼ ਕੋਈ ਇਸ ਤਕਨੋਲਜੀ ਦੇ ਪੈਦਾ ਕੀਤੇ ਜਿੰਨ ਨੂੰ ਵਾਪਸ ਪਹਾੜਾਂ ਵਿਚ ਦੱਬ ਆਵੇ। (09/11/17)

ਉੱਜੜੇ ਵਾਰੋ ਵਾਰੀ

ਦੁਨੀਆ ਵਿਚ ਸਭ ਤੋਂ ਅਸਥਿਰ ਵਰਤਾਰਾ, ਸਭਿਆਚਾਰ ਹੀ ਹੁੰਦਾ ਹੈ। ਇਹ ਪਾਣੀ ਦੀਆਂ ਲਹਿਰਾਂ ਵਾਂਗ ਹੁੰਦਾ ਹੈ। ਆਉਂਦੀ ਲਹਿਰ ਬੜੀ ਸੋਹਣੀ ਤੇ ਤਾਕਤਵਾਰ ਲੱਗਦੀ ਹੈ ਪਰ ਛੇਤੀ ਹੀ ਸਮੁੰਦਰ ਵਿਚ ਗੁੰਮ ਹੋ ਜਾਂਦੀ ਹੈ। ਇੰਝ ਹੀ ਸਭਿਆਚਾਰ ਦੀ ਰਵਾਨੀ ਹੁੰਦੀ ਹੈ। ਭੋਤਿਕ ਲੋੜਾਂ ਚੋ ਪੈਦਾ ਹੋਈਆਂ ਵਸਤੂਆਂ ਤੇ ਪਹਿਰਾਵੇ, ਇਕੋ ਝੱਟਕੇ ਨਾਲ ਬਦਲ ਜਾਂਦੇ ਹਨ। ਚਾਦਰੇ ਕੁੜਤੇ, ਪੈਂਟਾਂ ਕਮੀਜ਼ਾਂ ਵਿਚ ਬਦਲ ਗਏ। ਜੀਨਾਂ ਨੇ ਸਲਵਾਰਾਂ ਘਗਰੇ ਪਿੱਛੇ ਸੁੱਟ ਦਿੱਤੇ। ਦਾਤੀਆਂ ਨੂੰ ਕੰਬਾਇਨਾਂ ਨੇ ਵਿਹਲੇ ਕਰ ਦਿੱਤਾ। ਗੱਲ ਕੀ ਹਰ ਯੁੱਗ ਦੇ ਵਿਚ ਕੁਝ ਨਾ ਕੁਝ ਬਦਲ ਜਾਂਦਾ ਹੈ। ਘਰਾਂ ਵਿਚ ਪਏ ਸੰਦੂਕ, ਔਰਤਾਂ ਦੇ ਮੋਹ ਤੋਂ ਮੁਕਤ ਹੋ ਕੇ ਬੈਂਕਾਂ ਦੇ ਲਾਕਰ ਬਣ ਗਏ ਹਨ। ਕਦੇ ਜੋ ਪੱਕੀ ਲੱਕੜ ਦਾ ਮਹਿੰਗਾ ਸੰਦੂਕ ਹੁੰਦਾ ਸੀ, ਅੱਜ ਸਿਰਫ, ਅਜਾਇਬ ਘਰਾਂ ਦਾ ਹਿੱਸਾ ਹੀ ਰਹਿ ਗਿਆ ਹੈ। ਘਰਾਂ ਵਿਚੋਂ ਸਫਾਈ ਦੇ ਨਾਮ ਤੇ ਕਈ ਤਾਂ ਚੁੱਲ੍ਹੇ ਦੀ ਭੇਂਟ ਵੀ ਚੜ੍ਹ ਚੁੱਕੇ ਹਨ। ਸਮਾਂ ਹੀ ਤਬਦੀਲੀ ਲਿਆਉਂਦਾ ਹੈ ਤੇ ਤਬਦੀਲੀ ਹੀ ਸਮਾਂ ਹੈ। ਘੜੀ ਤਾਂ ਬਸ ਸਿਰਫ ਘੁੰਮਣ ਜੋਗੀ ਹੀ ਹੈ। ਇਹ ਮਨੁੱਖੀ ਮਨ ਦੀ ਚਾਲ ਹੀ ਹੈ, ਜੋ ਸਭ ਨੂੰ ਘੁਮਾਈ ਫਿਰਦੀ ਹੈ। (27/10/17)


kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)