WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਚੌਰਾਸੀ ਦੇ ਦੰਗਿਆਂ ਵਿਚ ਮਰਨ ਵਾਲਿਆਂ ਦੀ
ਯਾਦ ਵਿਚ ਸ਼ਰਧਾਂਜਲੀ ਸਮਾਗਮ
ਸੰਦੀਪ ਸਿੰਘ ਚਾਹਲ

chahal_sandeep4-70.jpg (2887 bytes)

ਸੰਦੀਪ ਸਿੰਘ ਚਾਹਲ

ਮਰਨੇ ਵਾਲੇ ਕਭੀ ਵਾਪਸ ਨਹੀਂ ਆਤੇ ਲੇਕਿਨ ਮਰਨੇ ਵਾਲੋਂ ਕੀ ਯਾਦ ਆਤੀ ਹੈ

ਚੌਰਾਸੀ ਦੇ ਦੰਗਿਆਂ ਵਿਚ ਮਰਨ ਵਾਲਿਆਂ ਦੀ ਯਾਦ ਵਿਚ ਸ਼ਰਧਾਂਜਲੀ ਸਮਾਗਮ
ਮਿਰਤਕਾਂ ਦੀ ਅੰਤਮ ਅਰਦਾਸ ਕਰਨ ਨਾਲ ਮਸਲੇ ਦਾ ਅੰਤ ਨਹੀਂ ਹੋ ਜਾਂਦਾ-ਜਸਕਰਨ ਕੌਰ

ਯੂਬਾ ਸਿਟੀ- ਨਵੰਬਰ ਉਨੀਂਸੌ ਚੌਰਾਸੀ ਵਿਚ ਸਿਖਾਂ ਦੇ ਹੋਏ ਕਤਲੇਆਮ ਦੀਆਂ ਘਟਨਾਂਵਾਂ ਦੇ ਦਰਦ ਤੇ ਸੰਤਾਪ ਦੀ ਪੀੜਾ ਸਿਖ ਜਗਤ ਸਦੀਆਂ ਤਕ ਭੁਲਾ ਨਹੀਂ ਸਕਦਾ।ਇਸ ਲਈ ਇਹਨਾਂ ਘਟਨਾਵਾਂ ਨਾਲ ਸਿਖ ਭਾਈਚਾਰੇ ਨੂੰ ਮਿਲੇ ਹੋਏ ਜਖਮ ਅਜੇ ਤਕ ਇਹਨਾਂ ਘਟਨਾਵਾਂ ਵਿਚ ਮਰਨ ਵਾਲੇ ਸਿਖਾਂ ਦੀਆਂ ਯਾਦਾਂ ਯਾਦ ਕਰਵਾਉਂਦੇ ਰਹਿੰਦੇ ਹਨ।ਸਿਖਾਂ ਦੇ ਹੋਏ ਇਸ ਕਤਲੇਆਮ ਵਿਚ ਸਿਖ ਕੌਮ ਨੂੰ ਇਨਸਾਫ ਨਾ ਮਿਲਣ ਕਾਰਣ ਸਿਖਾਂ ਦੇ ਇਹਨਾਂ ਜਖਮਾਂ ਨੂੰ ਤਾਜਾ ਰਖਣ ਵਿਚ ਹੋਰ ਵੀ ਸਹਾਈ ਹੋ ਰਹੇ ਹਨ। ਇਸ ਲਈ ਅਜ ਦਾ ਸਧਾਰਣ ਸਿੱਖ ਵੀ ਉਨੀਂ ਸੌ ਚੌਰਾਸੀ ਦੇ ਸਿਖ ਕਤਲੇਆਮ ਦੀ ਦਰਦ ਤੇ ਪੀੜਾ ਅਜੇ ਤਕ ਮਹਿਸੂਸ ਕਰ ਰਿਹਾ ਹੈ। ਇਸੇ ਹੀ ਸਬੰਧ ਵਿਚ ਚੌਰਾਸੀ ਦੇ ਦੰਗਿਆਂ ਵਿਚ ਮਰਨ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਸਥਾਨਕ ਗੁਰੂਦੁਆਰਾ ਸਾਹਿਬ ਦੀ ਪਰਬੰਧਕਾਂ ਤੇ ਅਮਰੀਕਨ ਹੈਰੀਟੇਜ ਸੋਸਾਇਟੀ ਦੇ ਸਾਂਝੇ ਯਤਨਾਂ ਨਾਲ ਸਥਾਨਕ ਗੁਰੂਦੁਆਰਾ ਸਾਹਿਬ ਵਿਖੇ ਇਕ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਜਿਸ ਨੂੰ ਹੋਰਨਾਂ ਤੋਂ ਇਲਾਵਾ ਮਨੁਖੀ ਅਧਿਕਾਰ ਸੰਗਠਨ “ਇਨਸਾਫ” ਦੀ ਆਗੂ ਤੇ ਨਾਮਵਰ ਅਟਾਰਨੀ ਜਸਕਰਨ ਕੌਰ, ਸ: ਦੀਦਾਰ ਸਿੰਘ ਬੈਂਸ, ਡਾ: ਜਸਬੀਰ ਸਿੰਘ ਕੰਗ, ਸ: ਅਜੀਤ ਸਿੰਘ ਮੂਚ, ਦਵਿੰਦਰ ਕੌਰ ਦਿਉਲ, ਮੀਤਾ ਕੌਰ ਤੇ ਅਮਰੀਕੀ ਮੂਲ ਦੀ ਸਿੰਘਣੀ ਸ੍ਰੀਪਰੀਤਮ ਕੌਰ ਖਾਲਸਾ ਨੇ ਸੰਬੋਧਨ ਕੀਤਾ।

ਸਮਾਗਮ ਨੂੰ ਸੰਬੋਧਨ ਕਰਦੇ ਹੋਏ ਉਪਰ ਖਬੇ ਤੋਂ ਸਜੇ ਜਸਕਰਨ ਕੌਰ,ਦੀਦਾਰ ਸਿੰਘ ਬੈਂਸ,ਡਾ: ਜਸਬੀਰ ਸਿੰਘ ਕੰਗ,ਮੀਤਾ ਕੌਰ,ਤੇ ਦਵਿੰਦਰ ਕੌਰ ਦਿਉਲ

ਅਜਿਹੇ ਸਮਾਂਗਮਾਂ ਦੇ ਮਨੋਰਥਾਂ ਬਾਰੇ ਬੋਲਦਿਆਂ ਸਿਖ ਆਗੂ ਡਾ: ਜਸਬੀਰ ਸਿੰਘ ਕੰਗ ਨੇ ਕਿਹਾ ਕਿ ਸਿੱਖ ਉਨੀਂ ਸੌ ਚੌਰਾਸੀ ਦੇ ਸਿੱਖ ਵਿਰੋਧੀ ਦੰਗਿਆਂ ਨੂੰ ਸਦੀਆਂ ਤਕ ਵੀ ਭੁਲਾ ਨਹੀਂ ਸਕਦੇ। ਉਹਨਾਂ ਕਿਹਾ ਕਿ ਦੁੱਖ ਇਸ ਗੱਲ ਦਾ ਹੈ ਕਿ ਵੀਹ ਸਾਲ ਤੋਂ ਵੀ ਜਿਆਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਇਹਨਾਂ ਦੰਗਿਆਂ ਲਈ ਜੁੰਮੇਵਾਰ ਦੋਸ਼ੀਆਂ ਨੂੰ ਅਜੇ ਤੱਕ ਸਜਾਵਾਂ ਨਹੀਂ ਦਿਤੀਆਂ ਗਈਆਂ। ਮਨੁਖੀ ਅਧਿਕਾਰਾਂ ਦੀ ਰਖਵਾਲੀ ਲਈ ਜੂਝ ਰਹੀ ਜਸਕਰਨ ਕੌਰ ਨੇ ਆਪਣੇ ਭਾਸ਼ਣ ਦੀ ਆਰੰਭਤਾ ਕਰਦਿਆਂ ਕਿਹਾ ਕਿ ਚੌਰਾਸੀ ਦੇ ਦੰਗਿਆਂ ਵਿਚ ਮਰਨ ਵਾਲੇ ਲੋਕਾਂ ਦੀਆਂ ਅੰਤਿਮ ਅਰਦਾਸਾਂ ਦੀ ਰਸਮ ਪੂਰਿਆਂ ਕਰਨ ਨਾਲ ਮਸਲੇ ਦਾ ਅੰਤ ਨਹੀਂ ਹੋ ਜਾਂਦਾ। ਸਗੋਂ ਇਹਨਾਂ ਦੰਗਿਆਂ ਦੀ ਪੀੜਾ ਸਿਖ ਕੌਮ ਨੂੰ ਕੁਝ ਕਰਨ ਲਈ ਹਮੇਸ਼ਾਂ ਪਰੇਰਦੀ ਰਹੇਗੀ।ਜਸਕਰਨ ਕੌਰ ਨੇ “ਇਨਸਾਫ” ਨਾਮ ਦੀ ਮਨੁਖੀ ਅਧਿਕਾਰਾਂ ਦੀ ਰਖਵਾਲੀ ਕਰਨ ਵਾਲੀ ਸੰਸਥਾ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ “ਇਨਸਾਫ” ਹਮੇਸ਼ਾਂ ਹੀ ਆਪਣੇ ਮਿਸ਼ਨ ਦੀ ਪਰਾਪਤੀ ਲਈ ਸੰਘਰਸ਼ ਕਰਦੀ ਰਹੇਗੀ। ਇਹਨਾਂ ਦੰਗਿਆਂ ਦੇ ਦਰਦ ਨੂੰ ਆਪਣੇ ਪਿੰਡੇ ਤੇ ਹੰਡਾਉਣ ਵਾਲੇ ਸ: ਅਜੀਤ ਸਿੰਘ ਮੂਚ ਨੇ ਕਿਹਾ ਕਿ ਜਿਸ ਵਕਤ ਇਹ ਸਿਖ ਵਿਰੋਧੀ ਦੰਗੇ ਹੋਏ ਤਾਂ ਉਹ ਉਸ ਵਕਤ ਦਿਲੀ ਵਿਚ ਸੀ। ਆਪਣੇ ਨਾਲ ਹੋਈ ਹਡਬੀਤੀ ਦਸਦਿਆਂ ਉਹਨਾਂ ਕਿਹਾ ਕਿ ਉਸ ਵਕਤ ਦੰਗਾਕਾਰੀਆਂ ਨੇ ਦਿਲੀ ਦੇ ਬਜਾਰ ਵਿਚ ਉਸਨੂੰ ਘੇਰ ਲਿਆ। ਜਿਸ ਵੇਲੇ ਦੰਗਾਕਾਰੀ ਉਸ ਨੂੰ ਮਾਰਨ ਲਈ ਉਸ ਵਲ ਵਧ ਰਹੇ ਸਨ ਉਸ ਵਕਤਦੰਗਾਕਾਰੀਆਂ ਨੇ ਇਕ ਸਿਖ ਪਰਿਵਾਰ ਦੀ ਕਾਰ ਨੂੰ ਜਾਂਦਿਆਂ ਦੇਖਿਆ ਤਾਂ ਇਹ ਸਾਰੇ ਦੰਗਾਕਾਰੀ ਉਸ ਨੂੰ ਛਡ ਕੇ ਉਸ ਸਿਖ ਪਰਿਵਾਰ ਦੀ ਕਾਰ ਵਲ ਨੂੰ ਹੋ ਗਏ। ਤੇ ਦੇਖਦਿਆਂ ਹੀ ਦੰਗਾਕਾਰੀਆਂ ਨੇ ਉਸ ਸਿੱਖ ਪਰਿਵਾਰ ਦੀ ਕਾਰ ਨੂੰ ਰੋਕ ਕੇ ਕਾਰ ਉਪਰ ਪੈਟਰੋਲ ਛਿੜਕ ਕੇ ਕਾਰ ਵਿਚ ਸਵਾਰ ਸਾਰੇ ਦੇ ਸਾਰੇ ਸਿੱਖਾਂ ਨੂੰ ਜਿੰਦਾ ਜਲਾ ਦਿਤਾ। ਸਿੱਖ ਆਗੂ ਸ: ਦੀਦਾਰ ਸਿੰਘ ਬੈਂਸ ਨੇ ਕਿਹਾ ਕਿ ਉਨੀਂਵੀਂ ਸੌ ਚੌਰਾਸੀ ਦੀਆਂ ਘਟਨਾਵਾਂ ਨੇ ਸਿੱਖ ਕੌਮ ਨੂੰ ਜਿਤਨੇ ਜ਼ਖਮ ਦਿਤੇ ਹਨ ਇਹ ਜ਼ਖਮ ਸਦੀਆਂ ਤਕ ਸਿਖ ਕੌਮ ਦੇ ਪਿੰਡੇ ਤੇ ਰਿਸਦੇ ਰਹਿਣਗੇ। ਮੀਤਾ ਕੌਰ ਨੇ ਸਰੋਤਿਆਂ ਨੂੰ ਦਿੱਲੀ ਦੇ ਸਿੱਖ ਵਿਰੋਧੀ ਦੰਗਿਆਂ ਬਾਰੇ ਆਪਣੀ ਕਵਿਤਾ ਸੁਣਾ ਕੇ ਆਪਣੇ ਅਥਰੂ ਵਹਾਉਣ ਲਈ ਭਾਵੁਕ ਕਰ ਦਿਤਾ। ਸਮਾਗਮ ਦੀ ਸਾਰੀ ਕਾਰਵਾਈ ਦੌਰਾਨ ਸਰੋਤਿਆਂ ਦੇ ਚਿਹਰਿਆਂ ਉਪਰ ਡਿਗ ਰਹੇ ਤ੍ਰਿਪ ਤ੍ਰਿਪ ਹੰਝੂਆਂ ਨੂੰ ਕਵਰ ਕਰਨ ਲਈ ਅਮਰੀਕਨ ਮੀਡੀਏ ਦੇ ਲੋਕ ਖਾਸ ਦਿਲਚਸਪੀ ਨਾਲ ਕੰਮ ਕਰਦੇ ਰਹੇ।ਸਟੇਜ ਦਾ ਸੰਚਾਲਨ ਦਵਿੰਦਰ ਕੌਰ ਦਿਉਲ ਨੇ ਬਹੁਤ ਹੀ ਬਾਖੂਬੀ ਨਾਲ ਕੀਤਾ।ਇਸ ਮੌਕੇ ਤੇ ਪਰਬੰਧਕਾਂ ਵਲੋਂ ਵਿਧਵਾਵਾਂ ਦੀ ਕਾਲੋਨੀ ਤੇ ਉਨੀਂਸੌ ਚੌਰਾਸੀ ਦੇ ਦੰਗਿਆਂ ਬਾਰੇ ਇਕ ਡਾਕੂਮੈਂਟਰੀ ਫਿਲਮਾਂ ਵੀ ਵਿਖਾਈਆਂ ਗਈਆਂ।ਸਾਰੇ ਹੀ ਸਮਾਗਮ ਦਾ ਮਾਹੌਲ ਇਤਨਾ ਗਮਗੀਨ ਸੀ ਕਿ ਸਮਾਗਮ ਦੀ ਸਮਾਪਤੀ ਤੋਂ ਬਾਂਅਦ ਇਕ ਬਜੁਰਗ ਜੋੜਾ ਇਸ ਪਤਰਕਾਰ ਨੂੰ ਪਰੋਫੈਸਰ ਮੋਹਣ ਸਿੰਘ ਦੀ ਇਹ ਕਵਿਤਾ “ਤੂੰ ਰਬ ਨੂੰ ਪੁਕਾਰਿਆ ਤੈਂਨੂੰ ਪੁਕਾਰਾਂ ਮੈਂ, ਆਇਆ ਦਰਦ ਨਾਂ ਤੈਂ ਕੀ ਇਹਨਾਂ ਘਾਣ ਹੋ ਗਿਆ” ਸੁਣਾ ਕਿ ਫੁਟ ਫੁਟ ਰੋਣ ਲਗ ਪਿਆ


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

 


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com