ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਮੁਲਾਕਾਤ
ਦੀਪ ਜੰਡੂ - ਉੱਭਰ ਰਿਹਾ ਪੰਜਾਬੀ ਗਾਇਕ
ਸੁਖਿੰਦਰ

ਸੁਖਿੰਦਰ

ਦੀਪ, ਤੁਸੀਂ ਕਿੰਨ੍ਹੀ ਕੁ ਦੇਰ ਤੋਂ ਗਾਇਕੀ ਦੇ ਖੇਤਰ ਵਿੱਚ ਹੋ? ਮੇਰਾ ਕਹਿਣ ਤੋਂ ਭਾਵ ਹੈ ਕਿ ਤੁਸੀਂ ਕਦੋਂ ਕੁ ਤੋਂ ਗਾ ਰਹੇ ਹੋ?

ਮੈਂ ਤਕਰੀਬਨ ਤਿੰਨ ਕੁ ਸਾਲ ਤੋਂ ਉਸਤਾਦ ਮਹੇਸ਼ ਮਲਵਾਨੀ ਜੀ, ਉਸਤਾਦ ਜਗਦੀਸ਼ ਸਿੰਘ ਵਿਰਦੀ ਜੀ ਅਤੇ ਹੰਸ ਮਾਨ ਹੋਰਾਂ ਤੋਂ ਗਾਇਕੀ ਸਿੱਖ ਰਿਹਾ ਹਾਂ। ਵਿਰਦੀ ਜੀ ਮੇਰੇ ਫੁੱਫੜ ਜੀ ਹਨ। ਉਂਝ ਤਾਂ ਮੈਂ ਛੋਟੀ ਉਮਰ ਤੋਂ ਹੀ ਗਾ ਰਿਹਾ ਹਾਂ। ਇਸ ਖੇਤਰ ਵਿੱਚ ਮੇਰੀ ਦਿਲਚਸਪੀ ਉਦੋਂ ਹੀ ਪੈਦਾ ਹੋ ਗਈ ਸੀ ਜਦੋਂ ਮੈਂ ਅਜੇ 15 ਕੁ ਵਰ੍ਹਿਆਂ ਦਾ ਹੀ ਸਾਂ। ਉਦੋਂ ਕੁ ਹੀ ਮੈਂ ਉਸਤਾਦ ਮਲਵਾਨੀ ਜੀ ਅਤੇ ਵਿਰਦੀ ਜੀ ਤੋਂ ਸੰਗੀਤ ਦੀ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਸੀ। ਮਰਹੂਮ ਗਾਇਕ ਟੋਨੀ ਪਾਬਲਾ ਨੇ ਵੀ ਇਨ੍ਹਾਂ ਉਸਤਾਦਾਂ ਕੋਲੋਂ ਹੀ ਸੰਗੀਤ ਦੀ ਸਿੱਖਿਆ ਲਈ ਸੀ।

ਗਾਉਣ ਦਾ ਸ਼ੌਕ ਤੁਹਾਡੇ ਅੰਦਰ ਕਿਸ ਤਰ੍ਹਾਂ ਪੈਦਾ ਹੋਇਆ? ਕੀ ਤੁਹਾਨੂੰ ਇਹ ਸ਼ੌਕ ਪ੍ਰਵਾਰ ਦੇ ਕਿਸੇ ਹੋਰ ਮੈਂਬਰ ਤੋਂ ਮਿਲਿਆ ਜਾਂ ਕਿ ਹੋਰਨਾਂ ਗਾਇਕਾਂ ਨੂੰ ਸੁਣ ਕੇ ਹੀ ਤੁਹਾਡੇ ਅੰਦਰ ਗਾਉਣ ਦਾ ਸ਼ੌਕ ਜਾਗਿਆ?

ਗਾਉਣ ਦਾ ਸ਼ੌਕ ਮੈਨੂੰ ਘਰੋਂ ਹੀ ਪਿਆ। ਸਾਡੇ ਘਰ ਵਿੱਚ ਜ਼ਿਆਦਾ ਪੰਜਾਬੀ ਹੀ ਬੋਲਦੇ ਸਨ। ਜੇਕਰ ਪੰਜਾਬੀ ਨਹੀਂ ਬੋਲਦੇ ਸਾਂ ਤਾਂ ਡੈਡੀ ਤੋਂ ਛਿੱਤਰ ਪੈਂਦੇ ਸਨ। ਸਾਡੇ ਘਰ ਦਾ ਸਭਿਆਚਾਰਕ ਮਾਹੌਲ ਵੀ ਸਾਰਾ ਪੰਜਾਬੀ ਹੀ ਸੀ। ਮੈਂ ਗਾਣਾ ਸ਼ੁਰੂ ਕੀਤਾ ਪੰਜਾਬੀ ਬੋਲੀਆਂ ਨਾਲ। ਮੈਂ ਭੰਗੜੇ ਦੇ ਮੁਕਾਬਲਿਆਂ ਵਿੱਚ ਟੀਮ ਨਾਲ ਪੰਜਾਬੀ ਬੋਲੀਆਂ ਪਾਉਂਦਾ ਹੁੰਦਾ ਸੀ। ਸਾਡੀ ਭੰਗੜਾ ਟੀਮ ਟੋਰਾਂਟੋ ਦੀ - ‘ਸੋਹਣੇ ਗੱਭਰੂ ਪੰਜਾਬ ਦੇ’ - ਉਨ੍ਹਾਂ ਨੇ ਪਿਛਲੇ ਸਾਲ ਦੇ ਭੰਗੜੇ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਮੈਂ ਉਨ੍ਹਾਂ ਨਾਲ ਬੋਲੀਆਂ ਪਾਂਦਾ ਸੀ। ਸੋ ਮੈਂ ਸਮਝਦਾ ਹਾਂ ਕਿ ਗਾਇਕੀ ਵਿੱਚ ਮੇਰੀ ਸ਼ੁਰੂਆਤ ਬੋਲੀਆਂ ਨਾਲ ਹੀ ਹੋਈ ਹੈ।

ਤੁਸੀਂ ਹੋਰ ਪੰਜਾਬੀ ਗਾਇਕਾਂ ਨੂੰ ਵੀ ਸੁਣਦੇ ਹੋਵੋਗੇ। ਕੀ ਕਿਸੇ ਪੰਜਾਬੀ ਗਾਇਕ ਦਾ ਵੀ ਤੁਹਾਡੀ ਗਾਇਕੀ ਉੱਤੇ ਅਸਰ ਹੋਇਆ? ਮੇਰਾ ਕਹਿਣ ਦਾ ਭਾਵ ਹੈ ਕਿ ਤੁਸੀਂ ਕਿਸੀ ਗਾਇਕ ਨੂੰ ਸੁਣਕੇ ਸੋਚਿਆ ਹੋਵੇ ਕਿ ਮੈਂ ਵੀ ਇਸ ਗਾਇਕ ਵਾਂਗੂੰ ਹੀ ਗਾਵਾਂ?

ਹਾਂ ਜੀ, ਮੈਂ ਜ਼ਿਆਦਾ ਕਰਕੇ ਉੱਚੀ ਆਵਾਜ਼ ਵਿੱਚ ਗਾਉਣ ਵਾਲੇ ਗਾਇਕਾਂ ਨੂੰ ਸੁਣਦਾ ਹਾਂ। ਜਿਵੇਂ ਦਿਲਸ਼ਾਦ ਅਖਤਰ ਜਾਂ ਕੁਲਦੀਪ ਮਾਣਕ। ਮੇਰਾ ਮਨ-ਪਸੰਦ ਗਾਇਕ ਲਾਭ ਹੀਰਾ ਹੈ।

ਇਸ ਤੋਂ ਬਿਨਾਂ ਵੀ ਕੀ ਤੁਹਾਡੀ ਪਸੰਦ ਦੇ ਕੋਈ ਹੋਰ ਗਾਇਕ ਵੀ ਹਨ - ਜਿਨ੍ਹਾਂ ਦੀ ਗਾਇਕੀ ਨੂੰ ਸੁਨਣਾ ਤੁਸੀਂ ਬਹੁਤ ਪਸੰਦ ਕਰਦੇ ਹੋ?

ਸੁਰਜੀਤ ਬਿੰਦਰੱਖੀਆ, ਪੰਮੀ ਬਾਈ - ਜਿਹੜੇ ਵੀ ਗਾਇਕ ਪੰਜਾਬ ਬਾਰੇ ਜ਼ਿਆਦਾ ਗੱਲ ਕਰਦੇ ਹਨ - ਉਨ੍ਹਾਂ ਨੂੰ ਸੁਨਣਾ ਮੈਂ ਬਹੁਤ ਪਸੰਦ ਕਰਦਾ ਹਾਂ।

ਕੀ ਤੁਹਾਡੀ ਗਾਇਕੀ ਦੀ ਇਹ ਪਹਿਲੀ ਸੀਡੀ ਹੈ ਜੋ ਤੁਸੀਂ ਜਲਦੀ ਹੀ ਰੀਲੀਜ਼ ਕਰ ਰਹੇ ਹੋ ਜਾਂ ਕਿ ਇਸ ਤੋਂ ਪਹਿਲਾਂ ਵੀ ਤੁਸੀਂ ਆਪਣੀ ਗਾਇਕੀ ਦੀ ਕੋਈ ਕੈਸੈਟ ਜਾਂ ਸੀਡੀ ਰੀਲੀਜ਼ ਕਰ ਚੁੱਕੇ ਹੋ?

ਇਹ ਮੇਰੀ ਪਹਿਲੀ ਸੀਡੀ ਹੈ। ਇਸ ਸੀਡੀ ਦਾ ਨਾਮ ਹੈ: ‘ਨੱਚ’। ਇਹ ਨਾਮ ਇਸ ਸੀਡੀ ਵਿੱਚ ਸ਼ਾਮਿਲ ਕੀਤੇ ਗਏ ਪਹਿਲੇ ਗੀਤ ਦਾ ਵੀ ਹੈ। ਜਿਸਦਾ ਮੁੱਖੜਾ ਕੁਝ ਇੰਝ ਹੈ: ‘ਨੀਂ ਤੂੰ ਏਨਾ ਵੀ ਨਾ ਨੱਚ ਕੁੜੀਏ, ਨਹੀਂ ਤਾਂ ਲੱਕ ਟੁੱਟ ਜੂ’। ਮੈਨੂੰ ਉਮੀਦ ਹੈ ਕਿ ਮੇਰਾ ਇਹ ਪਹਿਲਾ ਯਤਨ ਲੋਕ ਪਸੰਦ ਕਰਨਗੇ।

ਇਸ ਸੀਡੀ ਵਿੱਚ ਤੁਸੀਂ ਕਿਸ ਤਰ੍ਹਾਂ ਦੇ ਗੀਤ ਸ਼ਾਮਿਲ ਕੀਤੇ ਹਨ? ਇਨ੍ਹਾਂ ਗੀਤਾਂ ਦੀ ਚੋਣ ਕਰਨ ਵੇਲੇ ਕੀ ਤੁਸੀਂ ਸੋਚਿਆ ਸੀ ਕਿ ਤੁਸੀਂ ਕਿਹੋ ਜਿਹੇ ਸਰੋਤਿਆਂ ਲਈ ਗੀਤਾਂ ਦੀ ਇਹ ਸੀਡੀ ਤਿਆਰ ਕਰ ਰਹੇ ਹੋ?

ਮੈਂ ਇਹ ਸੀਡੀ ਆਪਣੇ ਹਮਉਮਰ ਨੌਜਵਾਨ ਪੰਜਾਬੀਆਂ ਨੂੰ ਧਿਆਨ ਵਿੱਚ ਰੱਖਕੇ ਤਿਆਰ ਕੀਤੀ ਹੈ। ਜ਼ਿਆਦਾ ਕਰਕੇ ਜਿਹੜੇ ਨੌਜੁਆਨ ਭੰਗੜੇ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ। ਇਸ ਸੀਡੀ ਵਿੱਚ ਪੰਜਾਬ ਬਾਰੇ ਵੀ ਇੱਕ ਗੀਤ ਹੈ: ‘ਝੁੰਮਰ’ - ਇਹੋ ਜਿਹਾ ਪੰਜਾਬ ਸਾਡਾ, ਇਹੋ ਜਿਹਾ ਪੰਜਾਬ। ਬਾਕੀ ਕੁਝ ਹੋਰ ਨੱਚਣ ਵਾਲੇ ਗੀਤ ਹਨ। ਸਾਡੇ ਟੀਨੇਜਰ ਪੰਜਾਬੀ ਜਿਸ ਤਰ੍ਹਾਂ ਦੇ ਗੀਤਾਂ ਨਾਲ ਨੱਚਣਾ ਪਸੰਦ ਕਰਦੇ ਹਨ - ਮੈਂ ਕੁਝ ਉਸ ਤਰ੍ਹਾਂ ਦੇ ਗੀਤ ਵੀ ਇਸ ਸੀਡੀ ਵਿੱਚ ਸ਼ਾਮਿਲ ਕੀਤੇ ਹਨ।

ਇਸ ਸੀਡੀ ਵਿੱਚ ਸ਼ਾਮਿਲ ਕੀਤੇ ਗਏ ਸਾਰੇ ਹੀ ਗੀਤ ਕੀ ਤੁਸੀਂ ਆਪ ਲਿਖੇ ਹਨ ਜਾਂ ਕਿ ਕੁਝ ਹੋਰ ਗੀਤਕਾਰਾਂ ਦੇ ਲਿਖੇ ਗੀਤ ਵੀ ਤੁਸੀਂ ਇਸ ਸੀਡੀ ਵਿੱਚ ਸ਼ਾਮਿਲ ਕੀਤੇ ਹਨ?

ਮੈਂ ਆਪ ਵੀ ਗੀਤ ਲਿਖਣ ਦੀ ਕੋਸ਼ਿਸ਼ ਕਰਦਾ ਹਾਂ। ਪਰ ਅਜੇ ਮੇਰੀ ਇੰਨੀ ਮੁਹਾਰਤ ਨਹੀਂ ਹੋ ਸਕੀ। ਮੇਰੇ ਦਿਮਾਗ਼ ਵਿੱਚ ਜਦੋਂ ਕੋਈ ਵਿਚਾਰ ਪੈਦਾ ਹੁੰਦਾ ਹੈ ਕਿ ਇਸ ਵਿਚਾਰ ਨੂੰ ਲੈ ਕੇ ਕੋਈ ਵਧੀਆ ਪੰਜਾਬੀ ਗੀਤ ਲਿਖਿਆ ਜਾ ਸਕਦਾ ਹੈ ਤਾਂ ਮੈਂ ਆਪਣੀ ਭੂਆ ਦੇ ਮੁੰਡੇ ਰਾਜੂ ਨੂੰ ਕਹਿ ਦਿੰਦਾ ਹਾਂ - ਉਹ ਗੀਤ ਲਿਖ ਦਿੰਦਾ ਹੈ।

ਇਸਦਾ ਮਤਲਬ ਹੈ ਕਿ ਤੁਹਾਡੀ ਪਹਿਲੀ ਸੀਡੀ ਵਿੱਚ ਵਧੇਰੇ ਗੀਤ ਰਾਜੂ ਦੇ ਹੀ ਲਿਖੇ ਹੋਏ ਹਨ?

ਹਾਂ ਜੀ, ਤਿੰਨ ਗੀਤ ਰਾਜੂ ਦੇ ਲਿਖੇ ਹਨ। ਇੱਕ ਗੀਤ ਚੰਨੀ ਖੰਨੇਵਾਲਾ ਦਾ ਲਿਖਿਆ ਹੋਇਆ ਹੈ। ਜਿਸਨੇ ਬੜਾ ਚਰਚਿਤ ਗੀਤ ਲਿਖਿਆ ਸੀ: ‘ਮੁੰਡਿਆਂ ਤੋਂ ਬਚਕੇ ਰਹੀਂ, ਨੀਂ ਤੂੰ ਹੁਣੇ ਹੁਣੇ ਹੋਈ ਮੁਟਿਆਰ’। ਹੋਰ ਹਰਜੀਤ ਹਰਪਾਲ, ਸੁੱਖਾ ਜੌਹਲ ਟੋਰਾਂਟੋ ਤੋਂ ਅਤੇ ਇੱਕ ਹੋਰ ਜੌਹਲ ਇੰਡੀਆ ਤੋਂ ਹੈ। ਮੇਰੇ ਗੀਤਾਂ ਦੇ ਲੇਖਕ ਵਧੇਰੇ ਕਰਕੇ ਪੰਜਾਬ, ਇੰਡੀਆ ਹੀ ਰਹਿੰਦੇ ਹਨ।

ਕੀ ਤੁਸੀਂ ਹੋਰਨਾਂ ਜ਼ੁਾਬਾਨਾਂ ਦੇ ਗਾਇਕਾਂ ਨੂੰ ਸੁਨਣਾ ਵੀ ਪਸੰਦ ਕਰਦੇ ਹੋ?

ਹਾਂ ਜੀ, ਮੈਨੂੰ ਨੁਸਰੱਤ ਫਤਹਿ ਅਲੀ ਖ਼ਾਨ ਬਹੁਤ ਵਧੀਆ ਲੱਗਦਾ, ਕਵਾਲੀ ਦੇ ਗਾਇਕ ਮੈਨੂੰ ਬਹੁਤ ਚੰਗੇ ਲੱਗਦੇ ਹਨ। ਕਿਉਂਕਿ ਮੈਂ ਟੋਰਾਂਟੋ ਦਾ ਹੀ ਜੰਮਿਆਂ ਪਲਿਆ ਹਾਂ - ਮੈਂ ਅੰਗਰੇਜ਼ੀ ਸੰਗੀਤ ਵੀ ਬਹੁਤ ਸੁਣਦਾ ਹਾਂ। ਜਿਵੇਂ ਕਿ ਹਿੱਪ-ਹਾਪ, ਰੈਗੇ, ਵੈਸਟਰਨ ਮਿਊਜ਼ਕ ਆਦਿ।

ਇਸ ਸੀਡੀ ਵਿੱਚ ਸ਼ਾਮਿਲ ਕਿੰਨ੍ਹੇ ਕੁ ਗੀਤ ਹੁਣ ਤੱਕ ਲੋਕ ਕਿਸੇ-ਨ-ਕਿਸੇ ਤਰ੍ਹਾਂ ਸੁਣ ਚੁੱਕੇ ਹਨ ਅਤੇ ਲੋਕਾਂ ਦਾ ਤੁਹਾਨੂੰ ਹੁਣ ਤੱਕ ਕਿਹੋ ਜਿਹਾ ਹੁੰਗਾਰਾ ਮਿਲਿਆ ਹੈ?

ਇਨ੍ਹਾਂ ਗਰਮੀਆਂ ਵਿੱਚ ਆਪਣੀ ਸੀਡੀ ਦੀ ਪਰਮੋਸ਼ਨ ਲਈ ਮੈਂ ਉੱਤਰੀ ਅਮਰੀਕਾ ਦੇ ਅਨੇਕਾਂ ਸ਼ਹਿਰਾਂ ਦਾ ਟੂਰ ਲਗਾ ਕੇ ਆਇਆ ਹਾਂ - ਮਾਂਟਰੀਅਲ, ਵੈਨਕੂਵਰ, ਟੋਰਾਂਟੋ, ਕੈਲਗਰੀ ਆਦਿ। ਇਨ੍ਹਾਂ ਸਾਰੇ ਸ਼ਹਿਰਾਂ ਵਿੱਚ ਮੈਂ ਆਪਣੀ ਗਾਇਕੀ ਪੇਸ਼ ਕਰਕੇ ਆਇਆ ਹਾਂ। ਲੋਕਾਂ ਦਾ ਹੁੰਗਾਰਾ ਮੈਨੂੰ ਬਹੁਤ ਵਧੀਆ ਮਿਲਿਆ। ਲੋਕ ਮੇਰੀ ਸੀਡੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਉੱਤਰੀ ਅਮਰੀਕਾ ਦੇ ਆਪਣੇ ਟੂਰ ਦੌਰਾਨ ਕੀ ਤੁਸੀਂ ਇਸ ਸੀਡੀ ਵਿੱਚ ਸ਼ਾਮਿਲ ਕੀਤੇ ਗਏ ਸਾਰੇ ਹੀ ਗੀਤ ਸੁਣਾ ਚੁੱਕੇ ਹੋ ਕਿ ਇਸ ਸੀਡੀ ਵਿੱਚ ਕੁਝ ਗੀਤ ਨਵੇਂ ਵੀ ਹਨ?

ਇਸ ਸੀਡੀ ਵਿੱਚੋਂ ਮੈਂ ਇੱਕ ਦੋ ਗੀਤ ਹੀ ਸੁਣਾਏ ਹਨ - ਸਾਰੇ ਨਹੀਂ। ਜਦੋਂ ਵੀਡੀਓ ਤਿਆਰ ਹੋ ਜਾਏਗੀ ਅਸੀਂ ਫਿਰ ਸਾਰੇ ਗੀਤਾਂ ਦੀ ਪਰਮੋਸ਼ਨ ਸ਼ੁਰੂ ਕਰਾਂਗੇ।

ਪੰਜਾਬੀ ਦੇ ਬਹੁਤ ਸਾਰੇ ਨਾਮਵਰ ਗਾਇਕ ਆਪਣੇ ਗੀਤਾਂ ਦੀ ਚੋਣ ਕਰਨ ਵੇਲੇ ਇਹ ਦੇਖਦੇ ਹਨ ਕਿ ਉਨ੍ਹਾਂ ਦੇ ਗੀਤਾਂ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਹੋਵੇ । ਕੀ ਤੁਸੀਂ ਵੀ ਆਪਣੇ ਗੀਤਾਂ ਦੀ ਚੋਣ ਕਰਨ ਵੇਲੇ ਇਸ ਤਰ੍ਹਾਂ ਸੋਚਦੇ ਹੋ?

ਅਜੇ ਤਾਂ ਨਹੀਂ ਸੋਚਿਆ। ਮੈਂ ਆਪਣੀ ਅਗਲੀ ਐਲਬਮ ਤਿਆਰ ਕਰਨ ਵੇਲੇ ਮੀਡੀਆ ਦੀਆਂ ਸਮੱਸਿਆਵਾਂ, ਰਾਜਨੀਤੀ ਦੀਆਂ ਸਮੱਸਿਆਵਾਂ ਬਾਰੇ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ।

ਕੀ ਤੁਸੀਂ ਆਪਣੇ ਗੀਤਾਂ ਰਾਹੀਂ ਨੌਜਵਾਨਾਂ ਨੂੰ ਵੀ ਕੋਈ ਸੇਧ - ਕੋਈ ਡਾਇਰੈਕਸ਼ਨ ਦੇਣੀ ਚਾਹੁੰਦੇ ਹੋ?

ਹਾਂ ਜੀ, ਜ਼ਰੂਰ। ਆਪਣੇ ਪੰਜਾਬੀ ਸਭਿਆਚਾਰ ਨੂੰ ਨ ਭੁਲਾਓ। ਮੈਂ ਕੈਨੇਡਾ ਦਾ ਜੰਮਿਆ ਪਲਿਆ ਪੰਜਾਬੀ ਹਾਂ। ਮੈਂ ਆਪਣੇ ਦੋਸਤਾਂ, ਮਿੱਤਰਾਂ ਅਤੇ ਆਪਣੇ ਗੀਤਾਂ ਦੇ ਸੁਨਣ ਵਾਲਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਪੰਜਾਬੀ ਬੋਲੋ, ਪੰਜਾਬੀ ਪੜ੍ਹਣੀ, ਪੰਜਾਬੀ ਲਿਖਣੀ ਸਿੱਖੋ। ਘਰ ਵਿੱਚ ਆਪਣੇ ਮਾਪਿਆਂ ਦੀ ਇਜ਼ਤ ਕਰੋ। ਬਜ਼ੁਰਗਾਂ ਦਾ ਸਤਿਕਾਰ ਕਰੋ। ਕੈਨੇਡਾ ਵਿੱਚ ਪੰਜਾਬੀ ਸਭਿਆਚਾਰ ਦੀਆਂ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਕਾਇਮ ਰੱਖੋ।

ਤੁਸੀਂ ਕੈਨੇਡਾ ਵਿੱਚ ਜੰਮੇ ਪਲੇ ਹੋ। ਕੀ ਤੁਸੀਂ ਸਮਝਦੇ ਹੋ ਕਿ ਕੈਨੇਡਾ ਵਿੱਚ ਨੌਜਵਾਨ ਪੰਜਾਬੀ ਮੁੰਡਿਆਂ/ਕੁੜੀਆਂ ਦੀਆਂ ਕੋਈ ਖਾਸ ਸਮੱਸਿਆਵਾਂ/ਪਰਾਬਲਮਜ਼ ਹਨ? ਕੀ ਤੁਸੀਂ ਉਨ੍ਹਾਂ ਸਮੱਸਿਆਵਾਂ ਬਾਰੇ ਵੀ ਗੀਤ ਗਾਣੇ ਚਾਹੋਗੇ?

ਜਿਨ੍ਹਾਂ ਨੌਜਵਾਨਾਂ ਨੂੰ ਚੰਗੀ ਤਰ੍ਹਾਂ ਪੰਜਾਬੀ ਬੋਲਣੀ ਨਹੀਂ ਆਉਂਦੀ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਘਰ ਵਿੱਚ ਪੰਜਾਬੀ ਬੋਲਣ ਦੀ ਕੋਸ਼ਿਸ਼ ਕਰਨ। ਇਸ ਤਰ੍ਹਾਂ ਦੀਆਂ ਗੱਲਾਂ ਮੈਂ ਗੀਤਾਂ ਵਿੱਚ ਕਹਿਣੀਆਂ ਚਾਹਾਂਗਾ।

ਤੁਸੀਂ ਯੂਨੀਵਰਸਿਟੀਆਂ, ਕਾਲਿਜਾਂ, ਸਕੂਲਾਂ ਵਿੱਚ ਨੌਜਵਾਨ ਮੁੰਡਿਆਂ/ਕੁੜੀਆਂ ਨੂੰ ਮਿਲਦੇ ਹੋ। ਕੀ ਉਨ੍ਹਾਂ ਦੀਆਂ ਕੋਈ ਹੋਰ ਸਮੱਸਿਆਵਾਂ ਵੀ ਹਨ - ਜਿਵੇਂ ਕਿ ਸਮਾਜਿਕ, ਸਭਿਆਚਾਰਕ, ਰਾਜਨੀਤਿਕ, ਵਿੱਦਿਅਕ ਜਾਂ ਧਾਰਮਿਕ? ਜਿਵੇਂ ਹੋਰ ਨਾਮਵਰ ਗਾਇਕ ਅਜਿਹੀਆਂ ਸਮੱਸਿਆਵਾਂ ਬਾਰੇ ਆਪਣੇ ਗੀਤਾਂ ਵਿੱਚ ਗੱਲ ਕਰਦੇ ਹਨ - ਕੀ ਤੁਸੀਂ ਵੀ ਅਜਿਹਾ ਕਰਨਾ ਚਾਹੋਗੇ?

ਟੋਰਾਂਟੋ ਅਤੇ ਵੈਨਕੂਵਰ ਦੇ ਇਲਾਕੇ ਵਿੱਚ ਨਸ਼ਿਆਂ ਦੀ ਬਹੁਤ ਵੱਡੀ ਸਮੱਸਿਆ ਹੈ। ਨੌਜਵਾਨ ਮੁੰਡੇ/ਕੁੜੀਆਂ ਨਸ਼ਿਆਂ ਵਿੱਚ ਪੈ ਰਹੇ ਹਨ। ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ ਕਿ ਆਪਣੇ ਗੀਤਾਂ ਵਿੱਚ ਇਸ ਸਮੱਸਿਆ ਬਾਰੇ ਗੱਲ ਕਰਾਂ।

ਤੁਹਾਡੀ ਪਹਿਲੀ ਐਲਬਮ ਕਦੋਂ ਰੀਲੀਜ਼ ਹੋ ਰਹੀ ਹੈ? ਇਸਦਾ ਸੰਗੀਤ ਕਿਸਨੇ ਦਿੱਤਾ ਹੈ?

ਮੇਰੀ ਐਲਬਮ ਦਸੰਬਰ ਵਿੱਚ ਰੀਲੀਜ਼ ਹੋ ਰਹੀ ਹੈ। ਇਸਦਾ ਸੰਗੀਤ ਉਸਤਾਦ ਹੰਸ ਮਾਨ ਜੀ ਨੇ ਦਿੱਤਾ ਹੈ।

ਕੀ ਇਹ ਐਲਬਮ ਕਿਸੀ ਨਾਮਵਰ ਮਿਊਜ਼ਕ ਕੰਪਨੀ ਵੱਲੋਂ ਰੀਲੀਜ਼ ਕੀਤੀ ਜਾ ਰਹੀ ਹੈ?

ਸਾਡੀ ਅਜੇ ਕਈ ਕੰਪਨੀਆਂ ਨਾਲ ਗੱਲਬਾਤ ਚੱਲ ਰਹੀ ਹੈ। ਅਸੀਂ ਦੁਨੀਆਂ ਦੇ ਅਨੇਕਾਂ ਦੇਸ਼ਾਂ ਵਿੱਚ ਇੱਕੋ ਸਮੇਂ ਹੀ ਸੀਡੀ ਰੀਲੀਜ਼ ਕਰਨ ਦੇ ਪ੍ਰਬੰਧ ਕਰ ਰਹੇ ਹਾਂ।

ਕੀ ਤੁਸੀਂ ਆਪਣੀ ਪਹਿਲੀ ਐਲਬਮ ਕਿਸੀ ਨੂੰ ਡੈਡੀਕੇਟ ਵੀ ਕਰ ਰਹੇ ਹੋ?

ਹਾਂ ਜੀ। ਮੈਂ ਆਪਣੀ ਸੀਡੀ ਆਪਣੇ ਪ੍ਰਵਾਰ ਨੂੰ ਡੈਡੀਕੇਟ ਕਰਨਾ ਚਾਹੁੰਦਾ ਹਾਂ। ਜੋ ਕੁਝ ਵੀ ਅਜੇ ਤੱਕ ਮੈਂ ਸਿੱਖਿਆ ਹੈ ਆਪਣੇ ਪ੍ਰਵਾਰ ਤੋਂ ਹੀ ਸਿੱਖਿਆ ਹੈ।

ਕੀ ਤੁਹਾਡੇ ਪੇਰੈਂਟਸ ਵੀ ਤੁਹਾਨੂੰ ਆਪਣੀ ਪਹਿਲੀ ਐਲਬਮ ਤਿਆਰ ਕਰਨ ਅਤੇ ਰੀਲੀਜ਼ ਕਰਨ ਵਿੱਚ ਮੱਦਦ ਕਰ ਰਹੇ ਹਨ?

ਮੇਰੇ ਪ੍ਰਵਾਰ ਨੇ ਹੀ ਮੈਨੂੰ ਇਹ ਸੀਡੀ ਤਿਆਰ ਕਰਨ ਲਈ ਉਤਸ਼ਾਹ ਦਿੱਤਾ ਹੈ। ਉਹ ਮੇਰੀ ਹਰ ਤਰ੍ਹਾਂ ਮੱਦਦ ਕਰ ਰਹੇ ਹਨ। ਇਹ ਸੀਡੀ ਤਿਆਰ ਕਰਨ ਅਤੇ ਰੀਲੀਜ਼ ਕਰਨ ਲਈ ਸਾਰੀ ਫਾਈਨੈਂਸ਼ਲ ਮੱਦਦ ਵੀ ਉਹੀ ਦੇ ਰਹੇ ਹਨ।

ਕੀ ਇਹ ਸੀਡੀ ਆਮ ਵੀਡੀਓ ਸਟੋਰਾਂ ਤੋਂ ਵੀ ਮਿਲ ਸਕੇਗੀ?

ਇਹ ਸੀਡੀ ਅਸੀਂ ਕੈਨੇਡਾ, ਅਮਰੀਕਾ, ਇੰਗਲੈਂਡ, ਇੰਡੀਆ, ਅਸਟਰੇਲੀਆ ਵਿੱਚ ਰੀਲੀਜ਼ ਕਰ ਰਹੇ ਹਾਂ। ਇਹ ਸੀਡੀ ਹਰ ਪੰਜਾਬੀ ਵੀਡੀਓ ਸਟੋਰ ਤੋਂ ਮਿਲ ਸਕੇਗੀ।

ਕੀ ਤੁਸੀਂ ਇਸ ਸੀਡੀ ਦੇ ਨਾਲ ਇਸਦੀ ਵੀਡੀਓ ਵੀ ਰੀਲੀਜ਼ ਕਰ ਰਹੇ ਹੋ?

ਹਾਂ ਜੀ। ਅਸੀਂ ਤਿੰਨ ਵੀਡੀਓਜ਼ ਤਿਆਰ ਕਰ ਰਹੇ ਹਾਂ। ਇੱਕ ਮੈਂ ਮਿਸ ਪੂਜਾ ਨਾਲ ਮਿਲਕੇ ਤਿਆਰ ਕੀਤੀ ਹੈ- ‘ਦੁਪੱਟਾ’ ਗੀਤ ਉੱਤੇ। ਜਿਹੜੀ ਮੈਂ ਦਸੰਬਰ ਵਿੱਚ ਇੰਡੀਆ ਤਿਆਰ ਕਰਕੇ ਆਇਆ ਸੀ। ਦੂਜੀ ਵੀਡੀਓ ਮੈਂ ਪਿਛਲੇ ਹਫਤੇ ਹੀ ਤਿਆਰ ਕੀਤੀ ਹੈ - ‘ਲੱਕ ਟੁੱਟ ਜੂ’ ਗੀਤ ਬਾਰੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰੇ ਗਾਣਿਆਂ ਦੀ ਹੀ ਵੀਡੀਓ ਤਿਆਰ ਕਰੀਏ।

ਮੁਲਾਕਾਤ ਦੇ ਅੰਤ ਉੱਤੇ ਤੁਸੀਂ ਕੋਈ ਹੋਰ ਗੱਲ ਕਹਿਣੀ ਚਾਹੋ ਤਾਂ ਕਹਿ ਸਕਦੇ ਹੋ?

ਸਭ ਤੋਂ ਪਹਿਲਾਂ ਤਾਂ ਮੈਂ ਸੁਖਿੰਦਰ ਜੀ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ ਤੁਸੀਂ ਮੈਨੂੰ ਮੁਲਾਕਾਤ ਦਾ ਸਮਾਂ ਦਿੱਤਾ ਹੈ। ਮੈਂ ਆਪਣੇ ਮੰਮੀ-ਡੈਡੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਜਿਨ੍ਹਾਂ ਨੇ ਮੇਰੀ ਇੰਨੀ ਮੱਦਦ ਕੀਤੀ ਹੈ। ਮੈਂ ਹੰਸ ਮਾਨ ਜੀ, ਉਸਤਾਦ ਮਹੇਸ਼ ਮਲਵਾਨੀ ਜੀ ਅਤੇ ਉਸਤਾਦ ਜਗਦੀਸ਼ ਸਿੰਘ ਵਿਰਦੀ ਜੀ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ - ਜਿਨ੍ਹਾਂ ਨੇ ਮੈਨੂੰ ਸੰਗੀਤ ਦੀ ਸਿੱਖਿਆ ਦਿੱਤੀ ਹੈ।

(ਦੀਪ ਜੰਡੂ ਦਾ ਫੋਨ ਨੰਬਰ ਹੈ: (416) 749-4609)
 
ਗਾਇਕੀ ਅਤੇ ਬ੍ਰਾਡਕਾਸਟਿੰਗ ਦੇ ਖੇਤਰ ਵਿੱਚ ਚਮਕਦਾ ਸਿਤਾਰਾ ਕੁਲਦੀਪ ਦੀਪਕ  - ਮੇਜਰ ਮਾਂਗਟ

"ਮੈਂ ਆਪਣੇ ਪਾਤਰਾਂ ਦੇ ਮੂੰਹ ਵਿਚ ਆਪਣੇ ਵੱਲੋਂ ਇਕ ਸ਼ਬਦ ਵੀ ਨਹੀਂ ਪਾਉਂਦਾ - ਉਹ ਆਪਣੀ ਰਵਾਇਤੀ ਭਾਸ਼ਾ ਬੋਲਦੇ ਹਨ...!" ਸ਼ਿਵਚਰਨ ਜੱਗੀ ਕੁੱਸਾ

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2009, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)