ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਹਰਿਆਣੇ ਵਿੱਚ ਪੰਜਾਬੀ ਜ਼ੁਬਾਨ ਦਾ ਬਾਬਾ ਬੋਹੜ ਹੈ ਡਾ: ਅਮਰਜੀਤ ਸਿੰਘ ਕਾਂਗ
ਮੁਲਾਕਾਤੀ: ਨਿਸ਼ਾਨ ਰਾਠੌਰ ‘ਮਲਿਕਪੁਰੀ’

 

ਨਿਸ਼ਾਨ ਰਾਠੌਰ
‘ਮਲਿਕਪੁਰੀ’

ਪੰਜਾਬੀ ਜ਼ੁਬਾਨ ਦੇ ਵਿਕਾਸ ਦੀ ਜੇਕਰ ਹਰਿਆਣੇ ਅੰਦਰ ਗੱਲ ਕਰੀਏ ਤਾਂ ਜਿਹਨ ਵਿੱਚ ਇੱਕ ਹੀ ਨਾਂ ਆਉਂਦਾ ਹੈ ਅਤੇ ਉਹ ਹੈ ਮਿਲਾਪੜੇ ਸੁਭਾਅ ਦਾ ਸਿੱਧਾ-ਸਾਦਾ ਸਾਊ ਅਤੇ ਫ਼ੱਕਰ ਦਰਵੇਸ਼ ਡਾ. ਅਰਮਜੀਤ ਸਿੰਘ ਕਾਂਗ। ਪਹਿਲੀ ਨਜ਼ਰੇ ਉਹ ਇਕ ਗੰਭੀਰ ਪਰਵਿਰਤੀ ਦਾ ਇਨਸਾਨ ਜਾਪਦਾ ਹੈ ਪਰ ਜਦੋਂ ਉਸ ਨੂੰ ਨੇੜੇ ਤੋਂ ਜਾਣੀਏ ਤਾਂ ਉਹ ਪੰਜਾਬੀ ਜ਼ੁਬਾਨ ਨੂੰ ਪਿਆਰ ਕਰਨ ਵਾਲਾ ਅਤੇ ਹੱਸਣ-ਹਸਾਉਣ ਵਾਲਾ ਇਨਸਾਨ ਹੈ। ਪੰਜਾਬੀ ਸਾਹਿਤ ਦੇ ਖੇਤਰ ਵਿੱਚ ਡਾ. ਕਾਂਗ ਨੂੰ ਇਕ ਚੰਗੇ ਆਲੋਚਕ ਵੱਜੋਂ ਜਾਣਿਆਂ ਜਾਂਦਾ ਹੈ। ਅਸਲ ਵਿੱਚ ਉਹ ਇਕ ਬਹੁਪੱਖੀ ਸ਼ਖਸੀਅਤ ਦਾ ਮਾਲਕ ਹੈ। ਉਸ ਦੇ ਨਿੱਜੀ, ਪਰਿਵਾਰਕ, ਸਾਹਿਤਕ ਅਤੇ ਵਿੱਦਿਅਕ ਖੇਤਰ ਬਾਰੇ ਗੱਲਬਾਤ ਕੀਤੀ ਗਈ ਤਾਂ ਉਹ ਬੰਦਾ ਹਰਿਆਣੇ ਵਿੱਚ ਪੰਜਾਬੀ ਜ਼ੁਬਾਨ ਦਾ ਰਹਿਬਰ ਜਾਪਿਆ, ਪੇਸ਼ ਹਨ ਡਾ: ਕਾਂਗ ਨਾਲ ਕੀਤੀ ਗੱਲਬਾਤ ਦੇ ਮੁੱਖ ਅੰਸ਼:-

ਨਿਸ਼ਾਨ:- ਡਾ. ਸਾਹਬ ਸਭ ਤੋਂ ਪਹਿਲਾਂ ਆਪਣੇ ਜਨਮ ਅਤੇ ਬਚਪਣ ਬਾਰੋ ਦੱਸੋ?
ਡਾ: ਕਾਂਗ:-
ਮੇਰਾ ਜਨਮ 1952 ਨੂੰ ਗਿਆਨੀ ਗੁਰਚਰਣ ਸਿੰਘ ਜੀ ਦੇ ਘਰ ਗੁਰੂ ਰਾਮਦਾਸ ਦੀ ਨਗਰੀ ਅੰਮ੍ਰਿਤਸਰ ਵਿਖੇ ਹੋਇਆ। ਮੇਰੇ ਪਿਤਾ ਜੀ ਧਰਮ ਚਿੰਤਨ ਦੇ ਮਹਾਨ ਗਿਆਤਾ ਸਨ। ਉਹ ਆਪਣੇ ਜੀਵਨ ਕਾਲ ਵਿੱਚ ਭਾਈ ਵੀਰ ਸਿੰਘ ਅਤੇ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸੰਗਤ ਵਿੱਚ ਰਹੇ ਸਨ।

ਡਾ: ਅਮਰਜੀਤ ਸਿੰਘ ਕਾਂਗ

ਨਿਸ਼ਾਨ:- ਡਾ: ਸਾਹਬ, ਆਪਣੇ ਵਿੱਦਿਅਕ ਸਫ਼ਰ ਬਾਰੇ ਜਾਣਕਾਰੀ ਦਿਓ।
ਡਾ: ਕਾਂਗ:- ਮੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ (1972-74) ਵਿੱਚ ਐਮ.ਏ. ਪੰਜਾਬੀ ਪਹਿਲੇ ਬੈਚ ਦਾ ਵਿਦਿਆਰਥੀ ਰਿਹਾਂ ਹਾਂ। ਐਮ.ਏ. ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਇਸੇ ਯੂਨੀਵਰਸਿਟੀ ਵਿੱਚ ਪੰਜਾਬੀ ਦੇ ਪਹਿਲੇ ਖੋਜ ਵਿਦਿਆਰਥੀ ਬਣਨ ਦਾ ਮਾਣ ਹਾਸਿਲ ਕੀਤਾ। ਪੀ.ਐਚ.ਡੀ. ‘ਪੰਜਾਬੀ ਕਿੱਸਾ ਕਾਵਿ ਵਿੱਚ ਨਵੇਂ ਮਨੁੱਖ ਦਾ ਸੰਕਲਪ’ ਵਿਸ਼ੇ ਉਪਰ ਕੀਤੀ।

ਨਿਸ਼ਾਨ:- …ਫਿਰ ਹਰਿਆਣੇ ਵਿੱਚ ਆਉਣ ਦਾ ਸਬੱਬ ਕਿਵੇ ਬਣਿਆ?
ਡਾ: ਕਾਂਗ:- (ਹੱਸਦੇ ਹੋਏ)... ਦੇਖੋ ਜੀ, ਮੇਰੇ ਲਈ ਹਰਿਆਣਾ, ਪੰਜਾਬ ਕੋਈ ਵੱਖਰੇ ਸੂਬੇ ਨਹੀਂ ਹਨ। ਭਾਰਤ ਰਾਸਟਰ ਮੇਰਾ ਹੈ। ਮੇਰੀ ਮਾਂ ਪੰਜਾਬੀ ਬੋਲੀ ਹੈ ਅਤੇ ਮੇਰੀ ਦਾਈ ਹਿੰਦੀ ਹੈ। ਜਿੱਥੋ ਤਕ ਹਰਿਆਣੇ ਵਿੱਚ ਆਉਣ ਦਾ ਸਵਾਲ ਹੈ ਤਾਂ ਮੈਂ 16 ਜੁਲਾਈ 1979 ਨੂੰ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਬਤੌਰ ਪੰਜਾਬੀ ਅਧਿਆਪਕ ਆਇਆ ਸਾਂ ਇਸੇ ਦਿਨ ਹੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਸਥਾਪਨਾ ਮੈਂ ਆਪਣੇ ਹੱਥੀ ਕੀਤੀ ਸੀ।

ਨਿਸ਼ਾਨ:- ਡਾ: ਸਾਹਬ ਤੁਸੀਂ ਹੁਣ ਤਕ ਕਿੰਨੀਆਂ ਕਿਤਾਬਾਂ ਲਿਖੀਆਂ ਹਨ, ਕੁਝ ਚੌਣਵੀਆਂ ਦੇ ਨਾਮ ਦੱਸੋ?
ਡਾ: ਕਾਂਗ:- ਮੇਰੀਆਂ ਹੁਣ ਤਕ 24 ਕਿਤਾਬਾਂ ਪ੍ਰਕਾਸ਼ਤ ਹੋ ਚੁਕੀਆਂ ਹਨ, ਜਿਆਦਾਤਰ ਕਿਤਾਬਾਂ ਆਲੋਚਨਾ ਦੀਆਂ ਹਨ। ਇਕ ਕਿਤਾਬ ਮੈਂ ‘ਹਰਿਆਣੇ ਦਾ ਪੰਜਾਬੀ ਸਾਹਿਤ’ ਸੰਪਾਦਤ ਕੀਤੀ ਸੀ। ਮੇਰੀ ਸਭ ਤੋਂ ਪਹਿਲੀ ਕਿਤਾਬ ‘ਮੱਧਕਾਲੀ ਪੰਜਾਬੀ ਸਾਹਿਤ’ ਸੀ ਜੋ ਨਾਨਕ ਸਿੰਘ ਪੁਸਤਕ ਮਾਲਾ ਨੇ 1977 ਈ: ਵਿੱਚ ਪ੍ਰਕਾਸ਼ਤ ਕੀਤੀ ਸੀ। ਇਸ ਤੋਂ ਇਲਾਵਾ ਕਿੱਸਾ ਸੰਸਾਰ (1980), ਵਾਰਿਸ ਕਾਵਿ ਪ੍ਰਵਚਨ (1982), ਹੀਰ ਵਾਰਿਸ, ਮੱਧਕਾਲੀ ਪੰਜਾਬੀ ਸਾਹਿਤ ਵਿਵੇਕ, ਕਿੱਸਾ ਪਰਿਪੇਖ (1985) ਤੋਂ ਇਲਾਵਾ ਅਨੇਕਾਂ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ।

ਨਿਸ਼ਾਨ:- ਪੰਜਾਬੀ ਸਾਹਿਤ ਦੇ ਖੇਤਰ ਵਿੱਚ ਕੀ ਤਹਾਨੂੰ ਕੋਈ ਅਵਾਰਡ ਜਾਂ ਸਨਮਾਨ ਵੀ ਮਿਲਿਆ ਹੈ?
ਡਾ: ਕਾਂਗ:- ਸਭ ਤੋਂ ਵੱਡਾ ਅਵਾਰਡ ਤਾਂ ਪਾਠਕਾਂ ਦਾ ਪਿਆਰ ਅਤੇ ਪੰਜਾਬੀ ਜ਼ੁਬਾਨ ਦੀ ਸੇਵਾ ਕਰਕੇ ਜਿਹੜਾ ਸਕੂਨ ਮਿਲਦਾ ਹੈ, ਉਹ ਹੈ। ਬਾਕੀ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਹਰਿਆਣੇ ਦਾ ਸਭ ਤੋਂ ਵੱਡਾ ਅਵਾਰਡ ‘ਭਾਈ ਸੰਤੌਖ ਸਿੰਘ ਅਵਾਰਡ’ 2005 ਵਿੱਚ ਹਰਿਆਣਾ ਸਰਕਾਰ ਅਤੇ ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਨੇ ਮੈਨੂੰ ਦੇ ਕੇ ਸਨਮਾਨਤ ਕੀਤਾ ਹੈ। ਇਸ ਤੋਂ ਇਲਾਵਾ ਬਾਬਾ ਫ਼ਰੀਦ ਅਵਾਰਡ 1987, ਕਿੱਸਾ ਪਰਿਪੇਖ ਕਿਤਾਬ ਤੇ ਸਰਵੋਤਮ ਆਲੋਚਕ ਅਵਾਰਡ, ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਵਲੋਂ 1989 ਈ: ਨੂੰ ਬੈਸਟ ਆਲੋਚਕ ਅਵਾਰਡ ਤੋਂ ਇਲਾਵਾ ਪੰਜਾਬ, ਹਰਿਆਣੇ ਅਤੇ ਦਿੱਲੀ ਦੀਆਂ ਕਈ ਸੰਸਥਾਵਾਂ ਨੇ ਮਾਣ ਸਨਮਾਣ ਦਿੱਤੇ ਹਨ।

ਨਿਸ਼ਾਨ:- ਤੁਸੀਂ ਹੁਣ ਤਕ ਕਿੰਨੇ ਵਿਦਿਆਰਥੀਆਂ ਨੂੰ ਐਮ.ਫਿਲ, ਪੀ.ਐਚ.ਡੀ ਕਰਵਾ ਚੁਕੇ ਹੋ?
ਡਾ: ਕਾਂਗ:- ਪਿਛਲੇ 30 ਸਾਲਾਂ ਵਿੱਚ ਮੈਂ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਤਕਰੀਬਨ 40 ਵਿਦਿਆਰਥੀਆਂ ਨੂੰ ਪੀ.ਐਚ.ਡੀ ਅਤੇ 150 ਵਿਦਿਆਰਥੀਆਂ ਨੂੰ ਐਮ.ਫਿਲ ਕਰਵਾ ਚੁਕਿਆਂ ਹਾਂ। ਮੇਰੇ ਪੜਾਏ ਵਿਦਿਆਰਥੀ ਅੱਜ ਪ੍ਰਿੰਸੀਪਲ ਅਤੇ ਪ੍ਰੋਫੈਸਰ ਲੱਗੇ ਹੋਏ ਹਨ। ਪ੍ਰਿਸੀਪਲ ਰਮੇਸ਼ ਕੁਮਾਰ, ਡਾ: ਰਤਨ ਸਿੰਘ ਢਿੱਲੋ, ਪ੍ਰਿੰਸੀਪਲ ਹਰਜੀਤ ਸਿੰਘ, ਡਾ: ਗੁਰਦਿਆਲ ਸਿੰਘ, ਡਾ: ਰਜਿੰਦਰ ਸਿੰਘ ਭੱਟੀ ਅਤੇ ਡਾ: ਗੁਰਦੇਵ ਸਿੰਘ ਮੇਰੇ ਸ਼ਗਿਰਦ ਹਨ।

ਨਿਸ਼ਾਨ:- ਐਮ.ਏ, ਐਮ.ਫ਼ਿਲ ਪੱਤਰ ਵਿਹਾਰ ਰਾਹੀਂ ਸ਼ੁਰੂ ਕਰਵਾਉਣ ਪਿੱਛੇ ਤੁਹਾਡਾ ਕੀ ਉਦੇਸ਼ ਸੀ?
ਡਾ: ਕਾਂਗ:- ਮੇਰਾ ਕੋਈ ਨਿੱਜੀ ਉਦੇਸ਼ ਨਹੀਂ ਸੀ। ਮੈਂ ਚਾਹੁੰਦਾ ਹਾਂ ਕਿ ਹਰਿਆਣੇ ਦੇ ਦੂਜੇ ਜ਼ਿਲ੍ਹਿਆਂ, ਪੰਜਾਬ ਅਤੇ ਹੋਰ ਸੂਬਿਆਂ ਦੇ ਵਿਦਿਆਰਥੀ ਕੁਰੂਕਸ਼ੇਤਰ ਯੂਨੀਵਰਸਿਟੀ ਵਿਖੇ ਪੰਜਾਬੀ ਵਿਸ਼ੇ ਦੀ ਪੜਾਈ ਕਰਨ ਅਤੇ ਪੰਜਾਬੀ ਜ਼ੁਬਾਨ ਦਾ ਪ੍ਰਚਾਰ ਹੋਵੇ, ਇਸੇ ਉਦੇਸ਼ ਨੂੰ ਮੁੱਖ ਰੱਖ ਕੇ ਮੈਂ ਕੁਰੂਕਸ਼ੇਤਰ ਯੂਨੀਵਰਸਿਟੀ ਵਿਖੇ ਐਮ.ਏ, ਐਮ.ਫਿਲ ਪੱਤਰ ਵਿਹਾਰ ਰਾਹੀਂ ਸ਼ੁਰੂ ਕਰਵਾਈ।

ਨਿਸ਼ਾਨ:- ਪੰਜਾਬੀ ਸਾਹਿਤ ਦੇ ਖੇਤਰ ਵਿੱਚ ਤੁਸੀਂ ਕਿਹੜੇ- ਕਿਹੜੇ ਅਹੁਦਿਆਂ ਤੇ ਕੰਮ ਕੀਤਾ ਹੈ?
ਡਾ: ਕਾਂਗ:- ਮੈ ਪੰਜਾਬੀ ਵਿਭਾਗ ਦਾ 13 ਸਾਲ ਲਗਾਤਾਰ ਚੇਅਰਮੈਨ ਰਿਹਾ ਹਾਂ। ਪੰਜਾਬੀ ਸਾਹਿਤ ਦੇ ਖੇਤਰ ਵਿੱਚ 35 ਸਾਲਾਂ ਦੀ ਉੱਮਰ ਵਿੱਚ ਪਹਿਲੇ ਪੰਜਾਬੀ ਪ੍ਰੋਫੈਸਰ ਬਨਣ ਦਾ ਮਾਣ ਹਾਸਿਲ ਕੀਤਾ। ਕੁਰੂਕਸ਼ੇਤਰ ਯੂਨੀਵਰਸਿਟੀ ਦੀ ਡੀਨ ਆਰਟਸ ਆਫ ਲੈਗੂਏਜ ਰਿਹਾ, ਪ੍ਰਸਿੱਧ ਸ਼ਾਇਰ ਕਰਤਾਰ ਸਿੰਘ ਬਲੱਗਣ ਦੇ ਪਰਚੇ ‘ਕਵਿਤਾ’ ਦਾ ਸਹਾਇਕ ਸੰਪਾਦਕ ਰਿਹਾ। 1993-98 ਲਈ ਭਾਰਤ ਸਰਕਾਰ ਨੇ ਮੈਨੂੰ ਸਰਵ ਉੱਚ ਸੰਸਥਾ ਜਨਰਲ ਕਾਊਂਸਲ ਵਿੱਚ ਸ਼ਾਮਲ ਕੀਤਾ। 1996 ਤੋਂ 2003 ਤਕ ‘ਭਾਸ਼ਾ ਮਾਹਰ’ ਨਿਯੁਕਤ ਕੀਤਾ। ਇਸ ਸਮੇ ਮੈਂ ਹਰਿਆਣਾ ਪੰਜਾਬੀ ਸਾਹਿਤ ਸਭਾ ਦਾ ਮੁੱਖ ਸਰਪਰਸਤ ਹਾਂ।

ਨਿਸ਼ਾਨ:- ਹਰਿਆਣੇ ਵਿੱਚ ਪੰਜਾਬੀ ਜ਼ੁਬਾਨ ਦੇ ਵਿਕਾਸ ਲਈ ਤੁਸੀਂ ਕਿਹੜੀਆਂ ਯੋਜਨਾਵਾਂ ਤੇ ਕੰਮ ਕਰ ਰਹੇ ਹੋ?
ਡਾ: ਕਾਂਗ:- ਸਾਡੀ ਟੀਮ ਵਲੋਂ ਹਰਿਆਣੇ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਸੈਮੀਨਾਰ, ਕਵੀ ਦਰਬਾਰ, ਵਿਚਾਰ ਗੋਸ਼ਟੀਆਂ ਅਤੇ ਚਰਚਾਵਾਂ ਕਰਵਾਈਆਂ ਜਾ ਰਹੀਆਂ ਹਨ। ਨਵੇਂ ਸ਼ਾਇਰ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਆਉਣ ਇਸ ਲਈ ਹਰਿਆਣਾ ਪੰਜਾਬੀ ਸਾਹਿਤ ਸਭਾ ਵਲੋਂ ਹਰ ਮਹੀਨੇਂ ਕਿਸੇ ਨਾ ਕਿਸੇ ਸਾਹਿਤਕ ਪ੍ਰੇਮੀ ਦੇ ਘਰ ‘ਦੀਵਾ ਬਲੇ ਸਾਰੀ ਰਾਤ’ ਕਵੀ ਦਰਬਾਰ ਕਰਵਾਇਆ ਜਾਂਦਾ ਹੈ।

ਨਿਸ਼ਾਨ:- ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿਓ?
ਡਾ: ਕਾਂਗ:- ਮੈਂ ਭਵਿੱਖ ਵਿੱਚ ਪੰਜਾਬੀ ਕਿੱਸਾ ਸੰਸਾਰ ਉਤੇ ਕੰਮ ਕਰਨਾ ਚਾਹੁੰਦਾ ਹਾਂ। ਇਸ ਤੋਂ ਇਲਾਵਾ ਗੁਰਮਤਿ ਕਾਵਿ ਦੇ ਨਵੇਂ ਸੰਕਲਪ ਤੇ ਵੀ ਕੰਮ ਕਰ ਰਿਹਾ ਹਾਂ।

ਨਿਸ਼ਾਨ:- ਸਾਹਿਤਕ ਖੇਤਰ ਵਿੱਚ ਤੁਹਾਡਾ ਪ੍ਰੇਰਣਾ ਸ੍ਰੋਤ ਕੌਣ ਹੈ?
ਡਾ: ਕਾਂਗ:- ਸਾਹਿਤ ਦੇ ਖੇਤਰ ਵਿੱਚ ਮੈਂ ਆਪਣੇ ਵੱਡੇ ਵੀਰ ਅਤੇ ਪੰਜਾਬੀ ਸਾਹਿਤ ਚਿੰਤਨ ਦੇ ਵੱਡੇ ਸਾਹਿਤਕਾਰ ਡਾ: ਕੁਲਬੀਰ ਸਿੰਘ ਕਾਂਗ ਨੂੰ ਆਪਣਾ ਪ੍ਰੇਰਣਾ ਸ੍ਰੋਤ ਮੰਨਦਾ ਹਾਂ। ਕੁੱਝ ਸਮਾਂ ਪਹਿਲਾਂ ਉਹ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋ ਗਏ ਹਨ, ਪ੍ਰਭੂ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਨਿਵਾਸ ਬਖਸ਼ੇ (ਡਾ: ਕਾਂਗ ਦੀਆਂ ਅੱਖਾਂ ਭਰ ਆਉਂਦੀਆਂ ਹਨ।)

ਨਿਸ਼ਾਨ:- ਤੁਸੀ ਆਲੋਚਕ ਵੀ ਹੋ ਅਤੇ ਸ਼ਾਇਰ ਵੀ, ਆਲੋਚਕ ਅਤੇ ਸ਼ਾਇਰ ਵਿੱਚ ਕੀ ਅੰਤਰ ਹੈ?
ਡਾ: ਕਾਂਗ:- ਆਲੋਚਕ ਦੀ ਭੂਮਿਕਾ ਦੌਹਰੀ ਹੁੰਦੀ ਹੈ। ਜਿਹੜੀਆਂ ਗੱਲਾਂ ਦਾ ਖੁਦ ਸ਼ਾਇਰ ਨੂੰ ਨਹੀਂ ਪਤਾ ਹੁੰਦਾ ਆਲੋਚਕ ਉਹ ਗੱਲਾਂ ਲੱਭ ਕੇ ਲਿਆਉਂਦਾ ਹੈ। ਮੈਂ ਪਹਿਲਾਂ ਆਲੋਚਕ ਹਾਂ ਬਾਅਦ ਵਿੱਚ ਸ਼ਾਇਰ।

ਨਿਸ਼ਾਨ:- ਹਰਿਆਣਾ ਸਰਕਾਰ ਨੇ ਪੰਜਾਬੀ ਭਾਸ਼ਾ ਨੂੰ ਦੂਜੀ ਰਾਜ ਭਾਸ਼ਾ ਦਾ ਦਰਜ਼ਾ ਦੇ ਦਿੱਤਾ ਹੈ ਇਸ ਬਾਰੇ ਕੀ ਵਿਚਾਰ ਨੇ ਤੁਹਾਡੇ?
ਡਾ: ਕਾਂਗ: ਇਹ ਦੇਰ ਨਾਲ ਲਿਆ ਗਿਆ ਸਹੀ ਫੈਸਲਾ ਹੈ। ਹਰਿਆਣਾ ਦੀ ਕਾਂਗਰਸ ਸਰਕਾਰ ਪੰਜਾਬੀਆਂ ਲਈ ਰਾਜ ਵਿੱਚ ਚੰਗਾ ਕੰਮ ਕਰ ਰਹੀ ਹੈ। ਮੈਂ ਮੁੱਖਮੰਤਰੀ ਸ੍ਰੀ ਹੁੱਡਾ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਪੰਜਾਬੀ ਜੁਬਾਨ ਨੂੰ ਉਸ ਦਾ ਬਣਦਾ ਮਾਣ-ਸਨਮਾਨ ਦਿੱਤਾ ਹੈ।

ਨਿਸ਼ਾਨ:- ਆਖਰੀ ਸਵਾਲ, ਕੋਈ ਰੀਝ ਜਿਹੜੀ ਅਜੇ ਅਧੂਰੀ ਹੋਵੇ?
ਡਾ: ਕਾਂਗ:-ਹੱਸਦੇ ਹੋਏ...। ਆਪਣੇ ਆਖਰੀ ਦਮ ਤਕ ਪੰਜਾਬੀ ਜ਼ੁਬਾਨ ਦਾ ਲਾਡਲਾ ਪੁੱਤਰ ਬਣ ਕੇ ਇਸ ਦੀ ਸੇਵਾ ਕਰਦਾ ਰਹਾਂ, ਬਸ ਇਹੀ ਅਰਦਾਸ ਹੈ ਪ੍ਰਮਾਤਮਾ ਅੱਗੇ।
 
ਗਾਇਕੀ ਅਤੇ ਬ੍ਰਾਡਕਾਸਟਿੰਗ ਦੇ ਖੇਤਰ ਵਿੱਚ ਚਮਕਦਾ ਸਿਤਾਰਾ ਕੁਲਦੀਪ ਦੀਪਕ  - ਮੇਜਰ ਮਾਂਗਟ

"ਮੈਂ ਆਪਣੇ ਪਾਤਰਾਂ ਦੇ ਮੂੰਹ ਵਿਚ ਆਪਣੇ ਵੱਲੋਂ ਇਕ ਸ਼ਬਦ ਵੀ ਨਹੀਂ ਪਾਉਂਦਾ - ਉਹ ਆਪਣੀ ਰਵਾਇਤੀ ਭਾਸ਼ਾ ਬੋਲਦੇ ਹਨ...!" ਸ਼ਿਵਚਰਨ ਜੱਗੀ ਕੁੱਸਾ

ਦੀਪ ਜੰਡੂ - ਉੱਭਰ ਰਿਹਾ ਪੰਜਾਬੀ ਗਾਇਕ
ਸੁਖਿੰਦਰ

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2009, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)