darya1gif.gif (3186 bytes)
5abi.com

rubru2-tit1.jpg (7487 bytes)

ਸਾਡਾ ਪਤਾ
rubru@5abi.com


 

You Need Real Player to play Sound Files:
Download HERE  http://uk.real.com/realplayer/


 

 
020303_deepak1_100.jpg (4171 bytes)ਗਾਇਕੀ ਅਤੇ ਬ੍ਰਾਡਕਾਸਟਿੰਗ ਦੇ ਖੇਤਰ ਵਿੱਚ ਚਮਕਦਾ ਸਿਤਾਰਾ ਕੁਲਦੀਪ ਦੀਪਕ
- ਮੇਜਰ ਮਾਂਗਟ

ਕੁਲਦੀਪ ਦੀ ਗਾਇਕੀ ਦਾ ਰਸ

  icon-audio-vani2.jpg (1024 bytes)  ਭੱਠੀ ਵਾਲੀਏ ...
  icon-audio-vani2.jpg (1024 bytes)  ਕਲ ਨਵੇਂ ਜਦ ਸਾਲ ਦਾ ...

mangat1_100.jpg (4881 bytes)

ਮੇਜਰ ਮਾਂਗਟ

ਕੁਲਦੀਪ ਦੀਪਕ ਟੋਰਾਂਟੋ ਵਿੱਚ ਰਹਿੰਦੀ ਇੱਕ ਅਜਿਹੀ ਸਖਸ਼ੀਅਤ ਹੈ ਜਿਸ ਨੇ ਨਾਮਵਰ ਪੰਜਾਬੀ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੂੰ ਗਾਅ ਕੇ ਤਾਂ ਬਿਦੇਸ਼ਾਂ ਵਿੱਚ ਪੰਜਾਬੀ ਗਾਇਕੀ ਦਾ ਮੁੱਢ ਬੱਨਿਆ ਹੀ ਬਲਕਿ ਉਨ੍ਹਾਂ ਨੇ ਹੋਰ ਬਹੁਤ ਸਾਰੇ ਸ਼ਇਰਾਂ ਨੂੰ ਗਾਅ ਕੇ ਪੂਰੇ ਵਿਸ਼ਵ ਵਿੱਚ ਆਪਣੀ ਇੱਕ ਨਿਵੇਕਲੀ ਪਛਾਣ ਬਣਾਈ। ਕੁਲਦੀਪ ਦੀਪਕ ਪਿਛਲੇ ਤੇਈ ਸਾਲਾਂ ਤੋਂ ਸੰਗੀਤ ਦੇ ਨਾਲ ਨਾਲ ਰੇਡੀਉ ਅਤੇ ਟੈਲੀਵੀਯਨ ਨਾਲ ਜੁੜੇ ਹੋਣ ਕਾਰਨ ਟੋਰਾਂਟੋ ਨਿਵਾਸੀਆਂ ਬੜੀ ਸਤਿਕਾਰਯੋਗ ਸਖਸ਼ੀਅਤ ਹਨ। ਪਿੱਛੇ ਜਿਹੇ ਉਨ੍ਹਾਂ ਦੀ ਆਡੀਉ ਟੇਪ 'ਕੁਲਦੀਪ ਦੀਪਕ ਸਿੰਗਜ਼ ਸ਼ਿਵ ਕੁਮਾਰ ਬਟਾਲਵੀ' ਨੂੰ ਭਾਰਤ ਦੀ ਇੱਕ ਬਹੁਤ ਵੱਡੀ ਕੰਪਨੀ ਹਿਜ਼ ਮਾਸਟਰ ਵੁਆਇਸ ਨੇ ਪੂਰੀ ਦੁਨੀਆਂ ਵਿੱਚ ਰਿਲੀਜ਼ ਕੀਤਾ ਹੈ। ਪਾਠਕਾਂ ਲਈ ਕੁਲਦੀਪ ਦੀਪਕ ਜੀ ਨੂੰ ਰੂ-ਬ-ਰੂ ਕਰਨ ਲਈ ਮੈਨੂੰ ਬੇਹੱਦ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ"।(ਮੇਜਰ ਮਾਂਗਟ)

ਮੇਜਰ ਮਾਂਗਟ:- ਕੁਲਦੀਪ ਦੀਪਕ ਤੁਹਾਡਾ ਸੰਗੀਤ ਵਿੱਚ ਪਹਿਲਾਂ ਹੀ ਕਾਫੀ ਨਾਂ ਪਰ ਅੱਜ ਸਭ ਤੋਂ ਵੱਧ ਖੁਸ਼ੀ ਮੈਂਨੂੰ ਇੱਸ ਗੱਲ ਦੀ ਹੈ ਕਿ ਤੁਹਾਡੀ ਇੱਕ ਇਸ ਤਰ੍ਹਾਂ ਦੀ ਟੇਪ ਰਿਲੀਜ਼ ਹੋਈ ਹੈ ਜਿਸ ਨੂੰ ਸਾਹਿਤਕ ਤੌਰ ਤੇ ਤਾਂ ਜੋ ਮਾਣ ਮਿਲਣਾ ਮਿਲਣਾ ਹੀ ਹੈ ਪਰ ਸੰਗੀਤ ਦੀ ਦੁਨੀਆਂ ਵਿੱਚ ਇਹ ਇੱਕ ਵੱਖਰੀ ਤਰ੍ਹਾਂ ਦੀ ਟੇਪ ਹੈ ਜੋ ਆਪਣੇ ਮਿਆਰ ਨੂੰ ਕਾਇਮ ਰੱਖਦੀ ਹੋਈ ਸੰਗੀਤ ਨੂੰ ਹੋਰ ਅੱਗੇ ਵਲ ਲੈ ਕੇ ਗਈ ਹੈ। ਤੁਸੀਂ ਮੈਨੂੰ ਦੱਸੋਂਗੇ ਕਿ ਕਿਸ ਕੰਪਨੀ ਨੇ ਇਹ ਟੇਪ ਕਿਸ ਮਕਸਦ ਲਈ ਰਿਲੀਜ਼ ਕੀਤੀ ਹੈ।
ਪਹਿਲਾਂ ਤਾਂ ਇਹ ਗੱਲਬਾਤ ਕਰਨ ਲਈ ਤੁਹਾਡੀ ਮਿਹਰਬਾਨੀ। ਸ਼ਿਵ ਪਹਿਲਾਂ ਤੋਂ ਜਜ਼ਬਾਤਾਂ ਨਾਲ ਜੁੜਿਆ ਰਿਹਾ ਹੈ ਸ਼ਿਵ ਨੂੰ ਗਾਉਣ ਦੀ ਅਤੇ ਪਵਹਨ ਦੀ ਮੈਨੂੰ ਬੇਹੱਦ ਰੀਝ ਰਹੀ ਹੈ। ਦਰਅਸਲ ਮੇਰੀ ਪਛਾਣ ਵੀ ਸ਼ਿਵ ਨੂੰ ਗਾਉਣ ਕਾਰਨ ਹੀ ਬਣੀ ਸੀ। ਜਦੋਂ ਮੈਂ ਸਕੂਲ ਵਿੱਚੋਂ ਕਾਲਜ ਆਇਆ ਤਾਂ ਸ਼ਿਵ ਤੋਂ ਹੀ ਗਾਉਣਾ ਸ਼ੁਰੂ ਕੀਤਾ। ਗਾਉਣ ਦਾ ਸ਼ੌਂਕ ਤਾਂ ਮੈਨੂੰ ਬਚਪਨ ਤੋਂ ਹੀ ਜਦੋਂ ਮੈਂ ਪੰਜਵੀ ਜਮਾਤ ਵਿੱਚ ਪੜ੍ਹਦਾ ਸੀ। ਪਰ ਮੈਨੂੰ ਗਾਇਕ ਬਣਾਉਣ ਵਿੱਚ ਮੇਰੇ ਪਿਤਾ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਜਿਨ੍ਹਾਂ ਦਾ ਦਿਹਾਂਤ ਅਜੇ ਡੇਢ ਕੁ ਸਾਲ ਪਹਿਲਾਂ ਹੋਇਆ ਹੈ। ਉਹ ਖੁਦ ਕੀਰਤਣ ਬਗੈਰਾ ਕਰਦੇ ਸਨ ਉਨ੍ਹਾਂ ਮੈਨੂੰ ਸੰਗੀਤ ਵੱਲ ਤੋਰਨ ਲਈ ਬੜਾ ਜੋਰ ਲਾਇਆ। ਉਹ ਵੀ ਬੜੇ ਕਾਮਯਾਬ ਠੇਕੇਦਾਰ ਸਨ ਪਰ ਉਨ੍ਹਾਂ ਨੂੰ ਕੀਰਤਣ ਦਾ ਵੀ ਬਹੁਤ ਸ਼ੌਂਕ ਸੀ। ਇੱਕ ਵਾਰ ਆਨੰਦਪੁਰ ਸਾਹਿਬ ਵਿੱਚ ਕਾਨਫਰੰਸ ਹੋਈ ਸੀ ਉਸ ਵਿੱਚ ਜਵਾਹਰ ਲਾਲ ਨਹਿਰੂ ਆਏ ਸਨ, ਸੱਤਰ ਅੱਸੀ ਹਜਾਰ ਲੋਕਾਂ ਦਾ ਇਕੱਠ ਸੀ। ਉਸ ਵਿੱਚ ਪਹਿਲੀ ਵਾਰ ਗਾਇਆ ਜੋ ਲੋਕਾਂ ਨੂੰ ਪਸੰਦ ਆਇਆ। ਸ਼ਇਦ ਇੱਕ ਬੱਚੇ ਵਲੋਂ ਇਸ ਤਰ੍ਹਾਂ ਖੜਕੇ ਗਉਣਾ ਉਨ੍ਹਾਂ ਨੂੰ ਚੰਗਾ ਲੱਗਿਆ ਹੋਵੇ। ਉਨ੍ਹਾਂ ਵਾਰ ਵਾਰ ਮੈਨੂੰ ਗਾਉਣ ਲਈ ਕਿਹਾ। ਜਿਸ ਨਾਲ ਮੈਨੂੰ ਬਹੁਤ ਹੌਸਲਾ ਮਿਲਿਆ।
020303_deepakCD1_200.jpg (18584 bytes)? ਦੀਪਕ ਜੀ ਕੀ ਤੁਸੀਂ ਦੱਸੋਂਗੇ ਕਿ ਤੁਹਾਨੂੰ ਸੰਗੀਤ ਦੀ ਚੇਟਕ ਕਿੱਥੋਂ ਲੱਗੀ ਅਤੇ ਤੁਹਾਡਾ ਸਬੰਧ ਪੰਜਾਬ ਵਿੱਚ ਕਿਸ ਜਗਾ ਨਾਲ ਹੈ?

ਇੱਕ ਗੱਲ ਤਾਂ ਇਹ ਹੈ ਕਿ ਤੁਹਾਨੂੰ ਕੁਦਰਤ ਵਲੋਂ ਹੀ ਕੋਈ ਆਰਟ ਮਿਲਦਾ ਹੈ ਜਿਵੇਂ ਮੈਂ ਗਾਉਣਾ ਬਚਪਨ ਵਿੱਚ ਹੀ ਆਰੰਭ ਕਰ ਦਿੱਤਾ ਬਾਕੀ ਦੂਸਰਾ ਕਿਸੇ ਕਲਾਕਾਰ ਨੂੰ ਸਥਾਪਤ ਕਰਨ ਵਿੱਚ ਉਨ੍ਹਾਂ ਲੋਕਾਂ ਦਾ ਹੱਥ ਬਹੁਤ ਹੁੰਦਾ ਹੈ ਜੋ ਤੁਹਾਨੂੰ ਹਰ ਪੱਖੋਂ ਮੱਦਦ ਕਰਦੇ ਹਨ ਜਿਵੇਂ ਮੈਂ ਆਪਣੇ ਪਿਤਾ ਜੀ ਦੀ ਗੱਲ ਕੀਤੀ ਹੈ ਉਨ੍ਹਾਂ ਦਾ ਮੈਨੂੰ ਗਾਇਕ ਬਣਾਉਣ ਵਿੱਚ ਬਹੁਤ ਵੱਡਾ ਹੱਥ ਹੈ। ਮੈਂ ਜਦੋਂ ਸਕੂਲ ਵਿੱਚ ਗਾਉਂਦਾ ਸੀ ਉਦੋਂ ਤੋਂ ਹੀ ਮੈਂ ਆਪਣੇ ਗੀਤਾਂ ਦੀਆਂ ਧੁਨਾਂ ਆਪ ਬਣਾਉਣ ਲੱਗ ਪਿਆ ਸੀ। ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਦੀ ਮੌਤ ਹੋਈ ਜਿਨਾਂ ਨੂੰ ਚਾਚਾ ਕਿਹਾ ਜਾਂਦਾ ਸੀ ਤਾਂ ਮੈਂ ਆਪ ਹੀ ਉਨ੍ਹਾਂ ਬਾਰੇ ਗੀਤ ਲਿਖ ਕੇ ਗਾਇਆ 'ਚਾਚਾ ਕਿਸ ਨੂੰ ਕਹਿਣਗੇ ਨਿੱਕੇ ਨਿੱਕੇ ਇਹ ਬਾਲ' ਵਿੱਚੇ ਛੱਡ ਕੇ ਤੁਰ ਗਿਆਂ ਤੂੰ ਜਵਾਹਰ ਲਾਲ'। ਉਹ ਮੇਰੀ ਸਭ ਤੋਂ ਪਹਿਲੀ ਧੁਨ ਸੀ ਜਦੋਂ ਮੈਂ ਸੱਤਵੀ ਅੱਠਵੀਂ ਕਲਾਸ ਵਿੱਚ ਪੜ੍ਹਦਾ ਸੀ। ਫੇਰ ਜਦੋਂ ਮੈਂ ਕਾਲਜ ਵਿੱਚ ਆਇਆ ਤਾਂ ਮੈਨੂੰ ਮਹਿਸੂਸ ਹੋਇਆ ਕਿ ਜੋ ਗਾਇਕੀ ਹੈ ਇਸ ਨੂੰ ਮੈਨੂੰ ਸਿੱਖਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਮੈਂ ਹਰਭਜਨ ਸਿੰਘ ਤੋਂ ਸਿੱਖਣਾ ਸ਼ੁਰੂ ਕੀਤਾ ਜੋ ਮਾਸਟਰ ਮੋਹਣ ਦੇ ਚੇਲੇ ਸਨ। ਉਨ੍ਹਾਂ ਆਪਣਾ ਸਕੂਲ ਖੋਲਿਆ ਸੀ। ਇੱਕ ਵਾਰ ਉਨ੍ਹਾਂ ਮੈਨੂੰ ਕਾਲਜ ਵਿੱਚ ਗਾਉਂਦੇ ਸੁਣਿਆ ਸੀ ਤਾਂ ਆਖਣ ਲੱਗੇ ਕਿ 'ਤੂੰ ਗਾਉਂਦਾ ਤਾਂ ਵਧੀਆ ਏਂ ਪਰ ਤੈਨੂੰ ਸਿੱਖਣਾ ਚਾਹੀਦਾ ਹੈ'। ਮੈਂ ਫੇਰ ਉਨ੍ਹਾਂ ਦਾ ਸ਼ਾਗਿਰਦ ਬਣ ਗਿਆ। ਗਾਉਣਾਂ ਤਾਂ ਮੈਂ ਘੱਟ ਸਿੱਖਿਆ ਪਰ ਉਨ੍ਹਾਂ ਵਾਇਲਨ ਸਿੱਖਣੀ ਆਰੰਭ ਕਰ ਦਿੱਤੀ। ਉਹ ਕਲਾਸੀਕਲ ਵਾਇਲਨ ਸਿਖਾਉਂਦੇ ਸਨ ਜੋ ਮੈਂ ਤਿੰਨ ਸਾਲ ਸਿੱਖੀ। ਉਸ ਨਾਲ ਫਾਇਦਾ ਮੈਨੂੰ ਇਹ ਹੋਇਆ ਕਿ ਜਿਆਦਾ ਦੇਰ ਵਾਇਲਨ ਤਾਂ ਨਹੀਂ ਬਜਾਈ ਪਰ ਮੈਨੂੰ ਕਲਾਸੀਕਲ ਸੰਗੀਤ ਦੀ ਸਮਝ ਆਉਣ ਲੱਗੀ ਤੇ ਉਸ ਵਿੱਚ ਦਿਲਚਸਪੀ ਪੈਦਾ ਹੋ ਗਈ।
 

? ਦੀਪਕ ਸਾਹਿਬ ਉਸ ਵਕਤ ਪੰਜਾਬ ਦਾ ਕੀ ਸੰਗੀਤਕ ਮਹੌਲ ਸੀ ਜਾਂ ਤੁਹਾਡੇ ਆਸੇ ਪਾਸੇ ਕਿਸ ਤਰ੍ਹਾਂ ਦਾ ਸੰਗੀਤ ਭਾਰੂ ਸੀ?

ਉਸ ਵਕਤ ਜੀ ਜਿਹੜਾ ਸੰਗੀਤ ਭਾਰੂ ਸੀ ਉਹ ਬਹੁਤ ਹਲਕੀ ਕਿਸਮ ਦਾ ਸੀ ਜਿਵੇਂ 'ਬੁੱਲਾਂ ਤੇ ਜ਼ਰਦਾ ਲਾ ਕੇ'। ਤੂੰਬੇ ਵਾਲੇ ਗੀਤਾਂ ਦੀ ਭਰਮਾਰ ਸੀ। ਮੈਂ ਤੂੰਬੇ ਨੂੰ ਮਾੜਾ ਨਹੀਂ ਕਹਿੰਦਾ ਪਰ ਜੋ ਕੁੱਝ ਤੂੰਬੇ ਤੇ ਗਾਇਆ ਜਾ ਰਿਹਾ ਸੀ ਉਸ ਦਾ ਮਿਆਰ ਕੋਈ ਨਹੀਂ ਸੀ। ਉਸ ਨੂੰ ਚਾਹੇ ਅਸ਼ਲੀਲ ਕਹਿ ਲਉ ਜਾਂ ਅਸੱਭਿਕ ਪਰ ਪੰਜਾਬੀ ਗੀਤ ਸੰਗੀਤ ਬਹੁਤ ਨੀਂਵੀ ਪੱਧਰ ਵਲ ਨੂੰ ਜਾ ਰਿਹਾ ਸੀ। ਪਰ ਇਸਦੇ ਨਾਲ ਨਾਲ ਕੁੱਝ ਚੰਗਾ ਗਾਉਣ ਵਾਲੇ ਵੀ ਸਨ ਜਿਵੇਂ ਲਾਲ ਚੰਦ ਯਮਲਾ ਜੱਟ ਹੋਇਆ, ਸੁਰਿੰਦਰ ਕੌਰ ਹੋਈ ਆਸਾ ਸਿੰਘ ਮਸਤਾਨਾ ਹੋਇਆ। ਮੈਂ ਚੰਗੇ ਤੇ ਮਾੜੇ ਗਾਇਕਾਂ ਦੀ ਪਛਾਣ ਕਰਦਾ ਸੀ ਤੇ ਚੰਗਾ ਗਾਉਣ ਵਾਲਿਆਂ ਨੂੰ ਸੁਣਦਾ ਸੀ ਜਿਨਾਂ ਵਿੱਚ ਕੁੱਝ ਪਾਕਿਸਤਾਨੀ ਗਾਇਕ ਵੀ ਸਨ। ਜਦੋਂ ਕਾਲਜ ਵਿੱਚ ਆ ਕੇ ਲੱਗਿਆ ਤਾਂ ਉਨ੍ਹਾਂ ਦਿਨਾਂ ਵਿੱਚ ਖਾਲਸਾ ਕਾਲਜ ਅਮ੍ਰਿਤਸਰ ਵਿੱਚ ਇੱਕ ਪੰਜਾਬ ਦੇ ਸਾਰੇ ਕਾਲਜਾਂ ਵਿੱਚੋਂ ਨੁਮਾਇੰਦੇ ਬੁਲਾ ਕੇ ਗਾਇਕੀ ਦਾ ਇੱਕ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਸਾਡੇ ਕਾਲਜ ਨੂੰ ਵੀ ਸੱਦਾ ਆਇਆ। ਪ੍ਰੋਫੈਸਰ ਸਾਹਿਬਾਨ ਨੇ ਕਿਹਾ ਕਿ ਤੂੰ ਸਕੂਲ ਤੋਂ ਹੀ ਚੰਗਾ ਗਾਉਣ ਵਾਲਾ ਹੈ ਪਹਿਲਾਂ ਤਾਂ ਸਾਡੇ ਕਾਲਜ ਕੋਈ ਗਾਉਣ ਵਾਲਾ ਹੈ ਨਹੀਂ ਤੂੰ ਹੀ ਤਰੰਨੁਮ ਵਿੱਚ ਕਵਿਤਾ ਪੜ੍ਹ ਆ। ਪਰ ਗਾਈਂ ਸ਼ਿਵ ਕੁਮਾਰ ਬਟਾਲਵੀ ਨੂੰ ਜੋ ਉਨ੍ਹਾਂ ਦਿਨਾਂ ਵਿੱਚ ਨਵਾਂ ਨਵਾਂ ਉੱਠਿਆ ਸੀ ਤੇ ਬਹੁਤ ਹਰਮਨ ਪਿਆਰਾ ਸੀ। ਉਨ੍ਹਾਂ ਮੈਨੂੰ ਉਸ ਦੀਆਂ ਤਿੰਨ ਨਜ਼ਮਾਂ ਦਿੱਤੀਆਂ ਜਿਨ੍ਹਾਂ ਵਿੱਚ ਮੈਂ ਕੰਡਿਆਲੀ ਥੋਹਰ ਵੇ ਸੱਜਣਾ, ਭੱਠੀ ਵਾਲੀਏ, ਸੁਣਿਉ ਵੇ ਕਲਮਾਂ ਵਾਲਿਉ। ਇਹ ਮੇਰੀ ਸਾਹਿਤ ਨਾਲ ਪਹਿਲੀ ਜਾਣ ਪਛਾਣ ਸੀ ਜਿਸ ਨੇ ਮੇਰੀ ਵੀ ਪਛਾਣ ਬਣਾਈ। ਇਸ ਤੋਂ ਬਾਅਦ ਸ਼ਿਵ ਕੁਮਾਰ ਦੀ ਰਚਨਾ ਮੈਨੂੰ ਏਨੀ ਪਸੰਦ ਆਈ ਕਿ ਮੈਂ ਉਸ ਨੂੰ ਬਹੁਤ ਗਾਇਆ। ਇਸਦੇ ਨਾਲ ਨਾਲ ਮੈਂ ਵਾਇਲਨ ਵੀ ਸਿੱਖ ਲਈ ਸੀ ਤੇ ਕਲਾਸੀਕਲ ਸੰਗੀਤ ਵੀ। ਮੈਂ ਕਾਲਜ਼ ਦੇ ਸਾਰੇ ਸਾਲ ਗਾਉਂਦਾ ਰਿਹਾ ਤੇ ਸਾਡਾ ਪੇਂਡੂ ਕਾਲਜ ਹਰ ਸਾਲ ਦੂਸਰੇ ਕਾਲਜਾਂ ਵਿੱਚੋਂ ਅੱਠ ਦਸ ਟਰਾਫੀਆਂ ਜਿੱਤ ਕੇ ਲਿਆਉਂਦਾ ਰਿਹਾ।

? ਤੁਸੀਂ ਸ਼ਿਵ ਕੁਮਾਰ ਬਟਾਲਵੀ ਉਨ੍ਹਾਂ ਨੂੰ ਆਪ ਵੀ ਕਦੀ ਗਾਉਂਦੇ ਸੁਣਿਆ ਹੈ ?

ਸ਼ਿਵ ਕੁਮਾਰ ਦੀ ਗਾਇਕੀ
icon-audio-vani2.jpg (1024 bytes) ਬਰਤਾਨੀਆ ਫੇਰੀ ਦੀ... (2)
icon-audio-vani2.jpg (1024 bytes) ਬਰਤਾਨੀਆ ਫੇਰੀ ਦੀ ਸਾਹਿਤਕ ਮਿਲਣੀ (1) (1972)

ਤੁਸੀਂ ਇਹ ਬਹੁਤ ਚੰਗਾ ਸੁਆਲ ਪੁੱਛਿਆ ਹੈ। ਜਦੋਂ ਭਾਰਤ ਦੀ ਚੀਨ ਨਾਲ ਲੜਾਈ ਹੋ ਕੇ ਹਟੀ ਸੀ ਉਦੋਂ ਮਾਤਾ ਗੁਜਰੀ ਕਾਲਜ ਫਤਿਹਗੜ ਸਾਹਿਬ ਇੱਕ ਇੰਟਰਕਾਲਜ ਕੰਪੀਟੀਸ਼ਨ ਹੋ ਰਿਹਾ ਸੀ ਜਿਸ ਵਿੱਚ ਮੈਂ ਵੀ ਜਾਣਾ ਸੀ, ਜਦੋਂ ਮੈਨੂੰ ਪਤਾ ਲੱਗਾ ਕਿ ਉੱਥੇ ਸ਼ਿਵ ਕੁਮਾਰ ਬਟਾਲਵੀ ਆ ਰਿਹਾ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਸ਼ਿਵ ਦਾ ਗੀਤ ਉਸੇ ਦੇ ਸਾਹਮਣੇ ਗਾਵਾਂਗਾ। ਮੁਕਾਬਲਾ ਸ਼ੁਰੂ ਹੋ ਗਿਆ ਪਰ ਸ਼ਿਵ ਨਹੀਂ ਆਇਆ ਉਹ ਲੇਟ ਸੀ। ਮੇਰਾ ਸੱਤਵਾਂ ਨੰਬਰ ਸੀ। ਛੇ ਦੀ ਵਾਰੀ ਆ ਗਈ ਪਰ ਸ਼ਿਵ ਕੁਮਾਰ ਨਹੀਂ ਆਏ। ਮੈਂਨੂੰ ਇਸ ਗੱਲ ਤੇ ਦੁੱਖ ਹੋਣ ਲੱਗਿਆ ਕਿ ਮੈਂ ਸ਼ਿਵ ਤੋਂ ਬਿਨਾਂ ਹੀ ਗਾ ਜਾਵਾਂਗਾ ਮੇਰਾ ਗਲ਼ ਭਰ ਆਇਆ। ਪਰ ਜਦੋਂ ਮੈਂ ਸਟੇਜ ਤੇ ਚੜਿਆ ਹੀ ਤਾਂ ਉਦੋਂ ਹੀ ਅਨਾਊਂਸਮੈਂਟ ਹੋ ਗਈ ਕਿ ਉਹ ਆ ਗਏ। ਮੈਂ ਉਨ੍ਹਾਂ ਦਾ ਗੀਤ ਸੁਣਿਉ ਵੇ ਕਲਮਾਂ ਵਾਲਿਉ ਹੈ ਅੱਖ ਚੁਭੀ ਅਮਨ ਦੀ ਆਇਉ ਵੇ ਫੂਕਾਂ ਮਾਰਿਉ ਗਾਇਆ। ਉਹ ਐਨੇ ਪ੍ਰਭਾਵਤ ਹੋਏ ਕਿ ਉਨ੍ਹਾਂ ਮੈਨੂੰ ਜੱਫੀ ਵਿੱਚ ਲੈ ਕੇ ਪਿਆਰ ਦਿੱਤਾ। ਜਦੋਂ ਮੈਂ ਚੰਡੀਗੜ ਯੂਨੀਵਰਸਿਟੀ ਵਿੱਚ ਪੜ੍ਹਦਾ ਸੀ ਉਦੋਂ ਸ਼ਿਵ ਪੰਦਰਾਂ ਸੈਕਟਰ ਵਿੱਚ ਰਹਿੰਦੇ ਸੀ ਉਹ ਅਕਸਰ ਸਾਡੀ ਯੂਨੀਵਰਸਿਟੀ ਵਿੱਚ ਆਉਂਦੇ ਰਹਿੰਦੇ। ਉਦੋਂ ਉਨ੍ਹਾਂ ਨਾਲ ਮਿਲ ਬੈਠਣ ਦਾ ਮੌਕਾ ਵੀ ਮਿਲਿਆ। ਉਦੋਂ ਉਹ ਮੈਨੂੰ ਕੰਡਿਆਲੀ ਥੋਹਰ ਗਾਉਣ ਨੂੰ ਕਾਫੀ ਕਹਿੰਦੇ ਹੁੰਦੇ ਸੀ।

? ਦੀਪਕ ਸਾਹਿਬ, ਜਿਨ੍ਹਾਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਸ਼ਿਵ ਨੇ ਲਿਖਿਆ ਤੁਸੀਂ ਉਨੀ ਹੀ ਸ਼ਿੱਦਤ ਨਾਲ ਉਨ੍ਹਾਂ ਨੂੰ ਗਾਇਆ। ਉਸ ਸਮੇਂ ਇਹ ਇੱਕ ਔਖਾ ਕੰਮ ਸੀ ਜਦੋਂ ਤੂੰਬੇ ਵਾਲੇ ਗੀਤਾਂ ਦਾ ਜ਼ਮਾਨਾ ਸੀ ਜਦੋਂ ਦੋਗਾਣੇ ਗਾ ਕੇ ਲੋਕਾਂ ਨੂੰ ਹਲਕੀ ਕਿਸਮ ਦਾ ਮਨੋਰੰਜਨ ਮੁਹਈਆ ਕੀਤਾ ਜਾ ਰਿਹਾ ਸੀ ਉਦੋਂ ਤੁਸੀਂ ਸਾਹਿਤਕ ਗੀਤ ਗਾਉਣ ਦੀ ਜੁਅਰਤ ਕਿਵੇਂ ਕੀਤੀ? ਜਾਂ ਤੁਹਾਨੂੰ ਕਿਸੇ ਨੇ ਉਤਸ਼ਾਹਿਤ ਕੀਤਾ। ਜਾਂ ਤੁਸੀ ਕੋਈ ਨਵੀਂ ਪਿਰਤ ਪਾਉਣ ਬਾਰੇ ਸੋਚ ਰਹੇ ਸੀ ਕਿ ਸ਼ਾਇਦ ਕੋਈ ਤਬਦੀਲੀ ਆ ਸਕੇ। ਤੁਹਾਡੀ ਇਹ ਕੋਸਿਸ਼ ਕੁੱਝ ਹੱਦ ਤੱਕ ਕਾਮਯਾਬ ਵੀ ਰਹੀ ਹੈ।

ਉਸਦੇ ਦੋ ਤਿੰਨ ਕਾਰਨ ਨੇ। ਇੱਕ ਤਾਂ ਮੇਰੀ ਐਜ਼ੂਕੇਸ਼ਨਲ ਬੈਕਰਾਊਂਡ, ਦੂਜਾ ਮੇਰੇ ਪਿਤਾ ਜੀ ਦੀ ਪ੍ਰੇਰਨਾ ਕਿ ਚੰਗਾ ਗਾਉਣਾ ਹੈ। ਇੱਕ ਇਹ ਵੀ ਸੀ ਕਿ ਕਲਾਸੀਕਲ ਗਾਇਕੀ ਸਿੱਖਣ ਨਾਲ ਮੇਰਾ ਸਿੱਧੀ ਸਾਧੀ ਗਾਇਕੀ ਨਾਲ ਬਹੁਤਾ ਸਬੰਧ ਰਿਹਾ। ਇੱਕ ਕਾਲਜ ਵਿੱਚ ਪਹਿਲਾਂ ਮੈਂ ਪ੍ਰੀ-ਮੈਡੀਕਲ ਵਿੱਚ ਦਾਖਲਾ ਲਿਆ ਸੀ ਫੇਰ ਜਦੋ ਮੈਂ ਦੂਸਰੇ ਸਾਲ ਆਰਟਸ ਵਲ ਆ ਗਿਆ ਤਾਂ ਮੇਰੇ ਸਬਜੈਕਟ, ਅੰਗਰੇਜ਼, ਪੰਜਾਬੀ ਤੇ ਅਰਥ ਸਾਸ਼ਤਰ ਹੋ ਗਏ। ਮੈਨੂੰ ਸਾਹਿਤ ਪੜ੍ਹਨ ਦਾ ਬਹੁਤ ਸ਼ੌਂਕ ਸੀ, ਉਨੀ ਦਿਨੀ ਸ਼ਿਵ ਕੁਮਾਰ ਬਹੁਤ ਪਾਪੂਲਰ ਸੀ ਜੋ ਆਪਣੇ ਹੀ ਅੰਦਾਜ਼ ਨਾਲ ਗਾਉਂਦਾ ਸੀ ਜਿਸ ਨੂੰ ਕੋਈ ਹੋਰ ਨਹੀਂ ਸੀ ਗਾਉਂਦਾ ਪਰ ਇਸ ਨੇ ਮੈਨੂੰ ਬਹੁਤ ਪ੍ਰਭਾਵਤ ਕੀਤਾ। ਬਾਕੀ ਮੇਰੇ ਪਹਿਲੇ ਉਸਤਾਦ ਜੀ ਦੀ ਸਿੱਖਿਆ ਤੇ ਇਨ੍ਹਾਂ ਸਾਰੀਆਂ ਗੱਲਾਂ ਨੇ ਮੈਨੂੰ ਸਾਹਤਕ ਰਚਨਾਵਾਂ ਗਾਉਣ ਲਈ ਪ੍ਰੇਰਿਆ। ਹਾਲਾਂਕਿ ਮੈਨੂੰ ਪਤਾ ਸੀ ਕਿ ਸਾਹਤ ਨੂੰ ਸੁਣਨ ਵਾਲੇ ਬਹੁਤੇ ਨਹੀਂ। ਮੈਂਨੂੰ ਕੁੱਝ ਲੋਕਾਂ ਹਲਕਾ ਫੁਲਕਾ ਗਾਉਣ ਲਈ ਵੀ ਕਿਹਾ ਤਾਂ ਕਿ ਮੈਂ ਮਸ਼ਹੂਰ ਹੋ ਸਕਾਂ ਪਰ ਮੈਂ ਅਜਿਹਾ ਕੀਤਾ ਨਹੀਂ। ਏਸੇ ਕਰਕੇ ਮੈਂ ਪ੍ਰੋਫੈਸ਼ਨਲ ਆਰਟਿਸਟ ਨਹੀਂ ਬਣ ਸਕਿਆ ਜੋ ਇਸ ਤੋਂ ਪੈਸੇ ਕਮਾ ਸਕਦਾ। ਮੈਨੂੰ ਲੱਗਦਾ ਹੈ ਜੋ ਮੇਰਾ ਫੈਸਲਾ ਸੀ ਠੀਕ ਹੀ ਸੀ।

? ਦੀਪਕ ਸਾਹਿਬ ਤੁਸੀਂ ਭਾਰਤ ਵਿੱਚ ਰਹਿੰਦੇ ਸਮੇਂ ਕੋਈ ਟੇਪ ਰਿਕਾਰਡ ਕਰਵਾ ਦਿੱਤੀ ਜਾਂ ਨਹੀਂ?

ਨਹੀਂ ਟੇਪ ਤਾਂ ਕੋਈ ਨਹੀਂ ਸੀ ਕਰਵਾਈ ਕਿਉਂਕਿ ਮੈਂ ਯੂਨੀਵਰਸਿਟੀ ਪੜ੍ਹਨ ਸਮੇਂ ਹੀ ਏਧਰ ਆ ਗਿਆ ਸੀ। ਪਰੰਤੂ ਪਹਿਲਾਂ ਜਦੋਂ ਮੈਂ ਬੱਚਿਆਂ ਦੇ ਪਰੋਗਰਾਮ ਵਿੱਚ ਭਾਗ ਲੈਂਦਾ ਸੀ ਤਾਂ ਰੇਡੀਉ ਵਾਲਿਆਂ ਨੇ ਕਈ ਵਾਰੀ ਰਿਕਾਰਡਿੰਗ ਕੀਤੀ ਸੀ। ਉਸ ਵਕਤ ਨਾਲੇ ਟੇਪਾਂ ਨਹੀਂ ਰਿਕਾਰਡ ਹੀ ਹੁੰਦੇ ਸਨ। ਮੈਂ ਜਲੰਧਰ ਰੇਡੀਉ ਤੋਂ ਬੱਚਿਆਂ ਦੇ ਪ੍ਰੋਗਰਾਮ ਵਿੱਚ ਆਉਂਦਾ ਰਿਹਾ ਹਾਂ। ਜਦੋਂ ਮੈਂ ਪੰਜਾਬ ਸਾਰੇ ਵਿੱਚ ਗਾਅ ਰਿਹਾ ਸੀ ਤਾਂ ਸਾਹਿਤਕ ਹੀ ਗਾਅ ਰਿਹਾ ਸੀ ਮੈਨੂੰ ਇਹ ਵੀ ਪਤਾ ਸੀ ਕਿ ਸਾਹਿਤਕ ਗੀਤਾਂ ਨੂੰ ਕਿਸੇ ਵੀ ਕੰਪਨੀ ਨੇ ਰਿਕਾਰਡ ਨਹੀਂ ਕਰਨਾ।

? ਤੁਸੀਂ ਦੱਸਿਆ ਹੈ ਕਿ ਤੁਸੀਂ ਸਾਰੇ ਪੰਜਾਬ ਵਿੱਚ ਗਾਇਆ ਕਿਸ ਤਰ੍ਹਾਂ ਦਾ ਗਾਇਆ ਸੀ ਆਮ ਗਾਇਕਾਂ ਵਾਂਗੂੰ ਸਟੇਜਾਂ ਤੇ ਜਾਂ ਕਾਲਜਾਂ ਯੂਨੀਵਰਸਿਟੀਆਂ ਵਿੱਚ?

ਹਾਂ ਜੀ ਸਿਰਫ ਕਾਲਜਾਂ, ਯੂਨੀਵਰਸਿਟੀਆਂ ਵਿੱਚ ਜਾਂ ਫੇਰ ਸਾਹਿਤਕ ਸਮਾਗਮਾਂ ਤੇ ਮੈਂ ਕਿਸੇ ਵਿਆਹ ਵਿੱਚ ਨਹੀ ਗਾਇਆ।

? ਦੀਪਕ ਜੀ ਤੁਸੀਂ ਕੈਨੇਡਾ ਵਿੱਚ ਕਦੋਂ ਆਏ ਸੀ ?

ਕੈਨੇਡਾ ਆਇਆਂ ਹਾਂ ਮੈਂ 1972 ਵਿੱਚ। ਏਥੇ ਆ ਕੇ ਮੇਰਾ ਸਭ ਤੋਂ ਵੱਡਾ ਉਦਰੇਵਾਂ ਇਹ ਹੋਇਆ ਕਿ ਮਹੌਲ ਇੱਕ ਦਮ ਬਦਲ ਗਿਆ। ਕਿੱਥੇ ਕਾਲਜ ਤੇ ਯੂਨੀਵਰਸਿਟੀਆਂ ਕਿਥੇ ਭੱਜ ਨੱਸ ਫਿਕਰ ਤੇ ਕੰਮ। ਸ਼ੁਰੂ ਵਿੱਚ ਏਥੇ ਆਕੇ ਮੈਂ ਮਜ਼ਦੂਰੀ ਵੀ ਕੀਤੀ ਜਿਵੇ ਆਮ ਲੋਕ ਸੰਘਰਸ਼ ਕਰਦੇ ਫੇਰ ਸੈੱਟ ਹੋਣ ਲਈ ਕਮਪਿਊਟਰ ਤੇ ਬਿਜਨਸ ਮਨੇਜਮੈਂਟ ਦੇ ਕੋਰਸ ਵੀ ਕੀਤੇ। ਇਸ ਤਰ੍ਹਾਂ ਆਕੇ ਮੈਂ ਤਿੰਨ ਚਾਰ ਸਾਲ ਕੰਮ ਕਰਨ ਦੇ ਨਾਲ ਪੜ੍ਹਦਾ ਵੀ ਰਿਹਾ।

? ਦੀਪਕ ਸਾਹਿਬ ਜਿੱਥੇ ਤੁਸੀਂ ਸੰਗੀਤ ਨਾਲ ਜੁੜੇ ਰਹੇ ਉੱਥੇ ਪਿਛਲੇ ਦੋ ਢਾਈ ਦਹਾਕਿਆਂ ਤੋਂ ਤੁਸੀਂ ਰੇਡੀਉ ਨਾਲ ਵੀ ਜੁੜੇ ਰਹੇ ਹੋਂ। ਪੰਜਾਬ ਦੀ ਗੂੰਜ ਟੋਰਾਂਟੋ ਵਿੱਚ ਸ਼ੁਰੂ ਹੋਏ ਪਹਿਲੇ ਰੇਡੀਉ ਪ੍ਰੋਗਰਾਮਾਂ ਵਿੱਚੋਂ ਇੱਕ ਹੈ। ਰੇਡੀਉ ਅਤੇ ਸੰਗੀਤ ਦਾ ਆਪਸ ਵਿੱਚ ਕੀ ਸਬੰਧ ਹੈ?

ਰੈਡੀਉ ਤਾਂ ਇਸ ਤਰ੍ਹਾਂ ਹੈ ਕਿ ਜਦੋਂ ਮੇਰੀ ਜੌਬ ਠੀਕ ਲੱਗ ਗਈ ਸੀ ਤਾਂ ਏਥੇ ਇੱਕ ਬੰਦਾ ਰੇਡੀਉ ਪ੍ਰੋਗਰਾਮ ਛੱਡ ਕੇ ਜਾ ਰਿਹਾ ਸੀ ਉਹ ਕਹਿੰਦਾ ਤੁਸੀਂ ਸ਼ੁਰੂ ਕਰ ਲਉ। ਉਦੋਂ ਮੈਂ ਤੇ ਇਕਬਾਲ ਮਾਹਲ ਨੇ ਇਕੱਠਿਆਂ ਰੇਡੀਉ ਸ਼ੁਰੂ ਕੀਤਾ ਸੀ ਕਿਉਂਕਿ ਉਸ ਤੋਂ ਸੰਗੀਤ ਬਗੈਰਾ ਵੀ ਪੇਸ਼ ਕੀਤਾ ਜਾਣਾ ਸੀ ਜਿਸ ਵਿੱਚ ਮੇਰੀ ਦਿਲਚਸਪੀ ਸੀ। ਇਹ ਕੋਈ 1978-79 ਦੀ ਗੱਲ ਹੈ। ਰੇਡੀਉ ਭਾਵੇਂ ਅਸੀਂ ਸ਼ੁਗਲ ਦੇ ਤੌਰ ਤੇ ਹੀ ਸੁਰੂ ਕੀਤਾ ਪਰ ਸੰਗੀਤ ਦੇ ਸ਼ੌਂਕ ਕਰਕੇ ਹੀ ਏਧਰ ਆਏ। ਪਰ ਮੈਂ ਕਦੀ ਵੀ ਏਸ ਨੂੰ ਰੋਜ਼ੀ ਰੋਟੀ ਦਾ ਸਾਧਨ ਨਹੀਂ ਬਣਾਇਆ। ਇਹ ਅਸੀਂ ਸਾਹਿਤ ਅਤੇ ਸੱਭਿਆਚਾਰ ਨੂੰ ਸਮਰਪਿਤ ਰੱਖਿਆ ਤਾਂ ਕਿ ਵਧੀਆ ਗੀਤ ਸੰਗੀਤ ਪੇਸ਼ ਕਰ ਸਕੀਏ।

ਦੋ ਤਿੰਨ ਸਾਲ ਇਕੱਠਿਆਂ ਅਸੀਂ ਪ੍ਰੋਗਰਾਮ ਪੇਸ਼ ਕੀਤਾ। ਜਦੋਂ ਮੈਂ ਏਥੋਂ ਦੀ ਜੱਦੋ ਜ਼ਹਿਦ ਵਿੱਚ ਬਹੁਤ ਉਦਾਸ ਹੋ ਜਾਂਦਾ ਤਾਂ ਸੰਗੀਤ ਨਾਲ ਜੁੜ ਜਾਂਦਾ ਉਸ ਨੂੰ ਸਿਰਾਹਣਾ ਬਣਾ ਕੇ ਉਸ ਤੇ ਸਿਰ ਰੱਖ ਲੈਣਾ। ਮੈਂ ਸ਼ਿਵ ਨੂੰ ਬਹੁਤ ਗਾਣਾ ਸ਼ੁਰੂ ਕਰ ਦਿੱਤਾ ਸੀ ਜਿਸ ਕਰਕੇ ਜਦੋਂ ਹਰਪਾਲ ਟਿਵਾਣਾ ਜੀ ਆਪਣਾ ਨਾਟਕ ਲੈ ਕੇ ਏਥੇ ਆਏ ਤਾਂ ਉਸ ਵਿੱਚ ਮੈਨੂੰ ਉਨ੍ਹਾਂ ਇੱਕ ਕਿਰਦਾਰ ਕਰਨ ਲਈ ਕਿਹਾ ਪਰ ਕਿਹਾ ਮੈਂ ਅਦਾਕਾਰ ਨਹੀਂ ਹਾਂ ਤਾਂ ਉਨ੍ਹਾਂ ਆਖਿਆ ਕਿ ਉਸ ਦਾ ਕਿਰਦਾਰ ਹੀ ਗਾਉਣ ਦਾ ਹੈ। ਫੇਰ ਮੈਂ ਬੈਕਰਾਊਂਡ ਤੋਂ ਅਤੇ ਸਟੇਜ ਤੋਂ "ਮੈਂ ਕੰਡਿਆਲੀ ਤੋਹਰ ਵੇ ਸੱਜਣਾ" ਅਤੇ "ਭੱਠੀ ਵਾਲੀਏ" ਗੀਤ ਗਾਏ ਜਿਨ੍ਹਾਂ ਨੂੰ ਏਥੇ ਲੋਕਾਂ ਵਲੋਂ ਬਹੁਤ ਭਰਵਾਂ ਹੁੰਗਾਰਾ ਮਿਲਿਆ। ਜਿਸ ਤੋਂ ਪ੍ਰਭਾਵਤ ਹੋ ਕੇ ਏਥੇ ਹੀ ਅਸੀਂ ਐੱਲ ਪੀ ਤਿਆਰ ਕੀਤਾ ਜਿਸ ਵਿੱਚ ਅਸੀਂ ਚਾਰ ਗੀਤ ਸ਼ਿਵ ਦੇ ਪਾਏ। ਇਹ ਮੇਰਾ ਪਹਿਲਾਂ ਐੱਲ ਪੀ ਸੀ। ਮੇਰਾ ਹੀ ਨਹੀਂ ਬਲਕਿ ਇਹ ਇੱਕ ਇਤਿਹਾਸਕ ਗੱਲ ਹੈ ਕਿ ਉੱਤਰੀ ਅਮਰੀਕਾ ਵਿੱਚ ਰਿਕਾਰਡ ਹੋਇਆ ਭਾਰਤੀ ਜ਼ੁਬਾਨ ਦਾ ਕੋਈ ਪਹਿਲਾ ਰਿਕਾਰਡ ਸੀ।

? ਕੀ ਇੰਗਲੈਂਡ ਦੇ ਗਾਇਕਾਂ ਨੇ ਆਪਣੇ ਰਿਕਾਰਡ ਬਾਅਦ ਵਿਚ ਕਰਵਾਏ ਸਨ?

ਹਾਂ ਜੀ, ਅਲਾਪ ਗਰੁੱਪ ਬਗੈਰਾ ਨੇ ਕਰਵਾਏ ਸੀ ਮੇਰੇ ਤੋਂ ਬਾਅਦ ਪਰ ਉਹ ਇਸ ਤਰ੍ਹਾਂ ਦੇ ਨਹੀਂ ਸੀ। ਅਲਾਪ ਗਰੁੱਪ ਦੀ ਕਾਫੀ ਦੇਣ ਹੈ। ਉਹ ਮੇਰਾ ਪਹਿਲਾ ਐੱਲ ਪੀ ਭਾਰਤ ਵਿੱਚ ਵੀ ਬਹੁਤ ਸੁਣਿਆ ਗਿਆ। ਬਹੁਤ ਸਾਰੇ ਲੋਕਾਂ ਨੇ ਉਸ ਬਾਰੇ ਲਿਖਿਆ। ਜਿਵੇਂ ਅਮਰਜੀਤ ਚੰਦਨ ਵਰਗੇ ਲੇਖਕਾਂ ਨੇ ਵੀ ਉਸ ਬਾਰੇ ਲਿਖਿਆ। ਮੈਨੂੰ ਇੰਗਲੈਂਡ, ਮਲੇਸ਼ੀਆ, ਜਰਮਨੀ ਤੋਂ ਵੀ ਖਤ ਆਏ। ਲੋਕਾਂ ਉਹ ਗੀਤ ਅਜੇ ਤੱਕ ਸੰਭਾਲੇ ਹੋਏ ਨੇ। ਅਜੇ ਤੱਕ ਵੀ ਉਨ੍ਹਾਂ ਬਾਰੇ ਲੋਕਾਂ ਦੇ ਫੋਨ ਆਈ ਜਾਂਦੇ ਹਨ।

? ਦੀਪਕ ਸਾਹਿਬ ਤੁਸੀਂ ਆਪਣੇ ਗੀਤ ਰੇਡੀਉ ਤੋਂ ਬਹੁਤ ਘੱਟ ਵਜਾਉਂਦੇ ਹੋਂ ਇਸਦਾ ਕੀ ਕਾਰਨ ਹੈ?

ਮੈਨੂੰ ਕਈ ਵਾਰੀ ਏਦਾਂ ਲੱਗਦਾ ਹੈ ਕਿ ਲੋਕ ਕਹਿਣਗੇ ਕਿ ਆਪਣੇ ਹੀ ਢੋਲ ਵਜਾਈ ਜਾਂਦਾ ਹੈ। ਮੈਂ ਅਪਣੀ ਪ੍ਰਮੋਸ਼ਨ ਬਹੁਤ ਘੱਟ ਕੀਤੀ ਹੈ, ਪਰ ਪੰਜਾਬ ਦਾ ਕੋਈ ਵੀ ਕਲਾਕਾਰ ਐਸਾ ਨਹੀਂ ਜਿਸ ਦੀ ਮੈਂ ਪ੍ਰਮੋਸ਼ਨ ਨਾ ਕੀਤੀ ਹੋਵੇ ਜਿਵੇਂ ਸਰਦੂਲ ਸਿਕੰਦਰ ਅਤੇ ਹੰਸ ਰਾਜ ਹੰਸ ਬਗੈਰਾ।

? ਦੀਪਕ ਸਾਹਿਬ ਬਹੁਤ ਸਾਰੇ ਏਦਾਂ ਦੇ ਕਲਾਕਾਰ ਵੀ ਹੋਣਗੇ ਜੋ ਤੁਹਾਡੇ ਬਾਅਦ ਤੁਹਾਡੇ ਸਾਹਮਣੇ ਗਾਉਣਾ ਸ਼ੁਰੂ ਹੋ ਕੇ ਪੂਰੀਆਂ ਬੁਲੰਦੀਆਂ ਤੇ ਪਹੁੰਚੇ?

ਉਨ੍ਹਾਂ ਵਿੱਚ ਹੰਸ ਰਾਜ ਹੰਸ ਹੈ, ਸਰਦੂਲ ਸਿਕੰਦਰ ਹੈ, ਗੁਰਦਾਸ ਮਾਨ ਹਨ। ਜਿਨ੍ਹਾਂ ਨੂੰ ਸਟੇਜ ਤੇ ਕੈਨੇਡਾ ਵਿੱਚ ਪਹਿਲੀ ਵਾਰੀ ਪੇਸ਼ ਕਰਨ ਲਈ ਮੈਨੂੰ ਮਾਣ ਹਾਸਲ ਹੈ। ਇਸੇ ਤਰ੍ਹਾਂ ਕੁਲਦੀਪ ਮਾਣਕ ਅਤੇ ਜਗਜੀਤ ਸਿੰਘ ਨੂੰ ਵੀ ਪ੍ਰਮੋਟ ਕਰਨ ਦਾ ਮੈਨੰ ਮਾਣ ਹਾਸਲ ਹੈ। ਜਗਜੀਤ ਸਿੰਘ ਉਨ੍ਹਾਂ ਨੇ ਮੇਰੇ ਐੱਲ ਪੀ ਦਾ ਮਿਊਜ਼ਿਕ ਵੀ ਦਿੱਤਾ। ਮੇਰੇ ਗੀਤ ਮੈਂ ਖੁਦ ਕੰਮਪੋਜ ਕਰਦਾ ਹਾਂ, ਸ਼ਿਵ ਤੋਂ ਬਾਅਦ ਮੈਂ ਮੀਸ਼ਾ ਜੀ ਦੀ ਇਹ ਗ਼ਜ਼ਲ ਰਿਕਾਰਡ ਕਰਵਾਈ "ਝਿਜਕਦਾ ਮੈਂ ਵੀ ਰਿਹਾ ਸੰਗਦੇ ਉਹ ਵੀ ਰਹੇ"।

? ਦੀਪਕ ਜੀ ਹੁਣ ਤੱਕ ਤੁਹਾਡੇ ਕਿੰਨੇ ਐੱਲ ਪੀ ਰਿਕਾਰਡ ਹੋ ਚੁੱਕੇ ਹਨ?

ਇਹ ਕੁੱਲ ਅੱਠ ਹਨ। ਪਹਿਲਾ ਸ਼ਿਵ ਦਾ ਸੀ, ਦੂਸਰਾ ਸੀ ਆਸਾ ਸਿੰਘ ਮਸਤਾਨਾ ਤੇ ਪੁਸ਼ਪਾ ਹੰਸ ਨਾਲ, ਤੀਸਰਾ ਸੀ "ਅਸਾਂ ਤਾਂ ਜੋਬਨ ਰੁੱਤੇ ਮਰਨਾ" ਜਿਸ ਦਾ ਮਿਉਜ਼ਿਕ ਜਗਜੀਤ ਸਿੰਘ ਨੇ ਦਿੱਤਾ ਸੀ। ਇੱਕ ਟੇਪ ਸੀ "ਤੈਨੂੰ ਘੁੰਡ ਕੱਢਣਾ ਨਾ ਆਇਆ" ਜਿਸਦਾ ਸੰਗੀਤ ਚਰਨਜੀਤ ਆਹੂਜਾ ਨੇ ਦਿੱਤਾ ਸੀ। ਇਸ ਤੋਂ ਬਾਅਦ ਇੱਕ ਐਲਬਮ ਸੀ "ਇੱਕ ਖਤ ਸੱਜਣਾ ਦਾ" ਫੇਰ ਪੈਸ਼ਨ ਫੇਰ ਕੈਨੇਡਾ ਵਿੱਦ ਲਵ ਜੋ ਏਥੇ ਹੀ ਰਿਕਾਰਡ ਹੋਈ ਸੀ। ਇਹ ਕੁੱਲ ਮਿਲਾ ਕੇ ਅੱਠ ਰਿਕਾਰਡਿੰਗ ਸਨ। ਪਹਿਲਾਂ ਪਹਿਲਾਂ ਮੈਨੂੰ ਐੱਚ ਐਮ ਵੀ ਨੇ ਵੀ ਕਿਹਾ ਪਰ ਉਹ ਕਹਿੰਦੇ ਸਨ ਕਿ ਉਨ੍ਹਾਂ ਦੀ ਹਲਕੇ ਫੁਲਕੇ ਗੀਤਾਂ ਦੀ ਮੰਗ ਹੈ ਕਿਉਂਕਿ ਉਨ੍ਹਾਂ ਦਾ ਬਿਜਨਸ ਪੱਖੋਂ ਹੁੰਦਾ ਹੈ। ਪਰ ਮੈਂ ਆਪਣੀ ਹਰ ਐਲਬਮ ਵਿੱਚ ਸਾਹਿਤਕ ਗੀਤ ਜਰੂਰ ਪਾਏ।

? ਤੁਸੀਂ ਸ਼ਿਵ ਕੁਮਾਰ ਅਤੇ ਮੀਸ਼ਾ ਜੀ ਤੋਂ ਬਿਨਾਂ ਹੋਰ ਕਿੰਨੇ ਕੁ ਕਵੀਆਂ ਦੀ ਰਚਨਾ ਗਾਈ?

ਇਨ੍ਹਾਂ ਤੋਂ ਇਲਾਵਾ ਮੈਂ ਸੁਰਜੀਤ ਪਾਤਰ, ਅਮ੍ਰਿਤਾ ਪ੍ਰੀਤਮ, ਪ੍ਰੋ: ਮੋਹਣ ਸਿੰਘ ਅਤੇ ਬਿਸਮਲ ਫਰੀਦਕੋਟੀ ਨੂੰ ਗਾਇਆ। ਹੋਰ ਤ੍ਰਿਲੋਕ ਸਿੰਘ ਕੋਮਲ ਜੋ ਕਿ ਬੰਬੇ ਰਹਿੰਦੇ ਹਨ, ਸਾਹਿਤਕਾਰ ਹਨ ਉਨ੍ਹਾਂ ਦੀ ਰਚਨਾ ਵੀ ਗਾਈ।

? ਦੀਪਕ ਸਾਹਿਬ ਤੁਸੀਂ ਸਟੇਜ ਸ਼ੋਅ ਕਿੰਨੇ ਕੁ ਕੀਤੇ?

ਮੇਰਾ ਖਿਆਲ ਹੈ ਮੈਂ ਉੱਤਰੀ ਅਮਰੀਕਾ ਦਾ ਇਕੱਲਾ ਇਕੱਲਾ ਸ਼ਹਿਰ ਸਟੇਜ ਸ਼ੋਅ ਕਰਕੇ ਹੀ ਘੁੰਮ ਦਿੱਤਾ। ਵੈਨਕੋਵਰ ਤੋਂ ਲੈ ਕੇ ਲਾਸਏਂਜਲਸ, ਸ਼ਿਕਾਗੋ, ਮਿਆਮੀ, ਬੰਬੇ, ਪੰਜਾਬ, ਦਿੱਲੀ ਦੇ ਗੁਰੂ ਤੇਗ ਬਹਾਦਰ ਕਾਲਜ ਵਿੱਚ। ਬੰਬੇ, ਮੈਨੂੰ ਇਸ ਗੱਲ ਦੀ ਖੁਸੀ ਹੈ ਕਿ, ਮੈਂ ਗਿਆ ਸੀ ਕਿਹਾ ਇੱਕ ਲੋਹੜੀ ਦੇ ਪਰੋਗ੍ਰਾਮ ਤੇ ਕੈਨੇਡੀਅਨ ਪੰਜਾਬੀ ਆਰਟਿਸਟ ਦੇ ਤੌਰ ਤੇ ਜਿਸ ਵਿੱਚ ਦਲੀਪ ਕੁਮਾਰ ਸਾਹਿਬ ਨੇ ਪ੍ਰਧਾਨਗੀ ਕੀਤੀ ਸੀ। ਵੀਹ ਪੱਚੀ ਹਜ਼ਾਰ ਲੋਕ ਸਨ। ਉਸ ਵਕਤ ਜਗਜੀਤ ਸਾਹਿਬ ਵੀ ਸਰੋਤਿਆਂ ਵਿੱਚ ਬੈਠੇ ਸਨ ਹਾਲਾਂਕਿ ਮੈ ਆਪਣੇ ਆਪ ਨੂੰ ਇਸ ਕਾਬਲ ਨਹੀਂ ਸਮਝਦਾ। ਮੈਂ ਦੋ ਵਾਰ ਬੰਬੇ ਜਾ ਆਇਆ। ਬਾਕੀ ਜਲੰਧਰ, ਲੁਧਿਆਣਾ, ਚੰਡੀਗੜ ਮੈਂ ਜਾਂਦਾ ਰਿਹਾ ਪਰ ਮੇਰੇ ਕੰਪਿਊਟਰ ਪ੍ਰੋਫੈਸ਼ਨ ਵਿੱਚ ਹੋਣ ਕਰਕੇ ਕਦੀ ਮੈਂ ਦੋ ਤਿੰਨ ਮਹੀਨੇ ਕੱਢ ਕੇ ਸ਼ੋਅ ਕਰਨ ਨਹੀਂ ਜਾ ਸਕਿਆ। ਅੱਠ ਸਾਲ ਮੈਂ ਏਥੇ 'ਝਲਕ ਪੰਜਾਬ ਦੀ' ਨਾਂ ਹੇਠ ਟੀ ਵੀ ਪ੍ਰੋਗਰਾਮ ਵੀ ਬਣਾਇਆ। ਉਸ ਤੇ ਵੀ ਅਸੀਂ ਮਿਆਰੀ ਗੀਤਾਂ ਦੇ ਨਾਲ ਨਾਲ ਸਾਹਿਤਕ ਪ੍ਰੋਗਰਾਮ ਵੀ ਦਿੰਦੇ ਰਹੇ।

? ਦੀਪਕ ਸਾਹਿਬ ਜਿਸ ਤਰ੍ਹਾਂ ਕਹਿੰਦੇ ਹਨ ਕਿ ਪੰਜਾਬ ਵਿੱਚ ਗੰਭੀਰ ਗਾਇਕੀ ਦੇ ਲੋਕ ਬਹੁਤ ਘੱਟ ਹਨ ਜਦੋਂ ਤੁਸੀਂ ਪੰਜਾਬ ਵਿੱਚ ਸਾਹਿਤਕ ਗੀਤਾਂ ਦਾ ਪ੍ਰੋਗਰਾਮ ਲੈ ਕੇ ਜਾਂਦੇ ਸੀ ਤਾਂ ਤੁਹਾਨੂ ਵੀ ਕੋਈ ਇਸ ਕਿਸਮ ਦੀ ਸਮੱਸਿਆ ਆਈ?

ਮੈਂ ਇਹੀ ਕਹਾਂਗਾ ਕਿ ਪੰਜਾਬ ਦੇ ਲੋਕਾਂ ਵਿੱਚ ਗੰਭੀਰਤਾ ਵੀ ਹੈ ਉਹ ਗੰਭੀਰ ਗੀਤ ਵੀ ਸੁਣਨਾ ਚਾਹੁੰਦੇ ਹਨ ਜੇ ਅੰਦਾਜ਼ ਚੰਗਾ ਹੋਵੇ। ਮੈਂ ਸ਼ਿਵ ਕੁਮਾਰ ਉਸੇ ਦੇ ਅੰਦਾਜ਼ ਵਿੱਚ ਗਾਇਆ। ਇਸ ਨੂੰ ਜ਼ਿਆਦਾ ਕਲਾਸੀਕਲ ਨਹੀਂ ਬਣਾਇਆ। ਜੇ ਤੁਸੀਂ ਸ਼ਿਵ ਨੂੰ ਜਿਆਦਾ ਕਲਾਸੀਕਲ ਬਣਾਵੋਂਗੇ ਤਾਂ ਉਸ ਦੀ ਆਤਮਾਂ ਮਰ ਜਾਵੇਗੀ। ਪੰਜਾਬ ਵਿੱਚ ਗੰਭੀਰ ਸੁਣਨ ਵਾਲੇ ਅਜੇ ਵੀ ਬਹੁਤ ਨੇ। ਹੁਣ ਤਾਂ ਇਹ ਟਰੈਂਡ ਹੀ ਚੱਲ ਪਿਆ ਕਿ ਹਰ ਇੱਕ ਟੇਪ ਵਿੱਚ ਦੋ ਤਿੰਨ ਸੈਡ ਸੌਂਗ ਹੁੰਦੇ ਹਨ। ਪਰ ਸਾਹਿਤਕ ਗੰਭੀਰਤਾ ਨਹੀਂ ਜੇ ਕਿਤੇ ਇਹ ਆ ਜਾਵੇ ਤਾਂ ਵਧੀਆ ਹੈ। ਕੁੱਝ ਲੋਕਾਂ ਨੇ ਇਪੇਤਲੀ ਗੰਭੀਰਤਾ ਤੋਂ ਬਿਨ੍ਹਾਂ ਵੀ ਬਹੁਤ ਅੱਛਾ ਗਾਇਆ ਹੈ ਜਿਨਾਂ ਵਿੱਚ ਹੰਸ, ਸਰਦੂਲ ਅਤੇ ਗੁਰਦਾਸ ਮਾਨ ਦੇ ਨਾਂ ਲਏ ਜਾ ਸਕਦੇ ਹਨ। ਪਰ ਕੰਪਨੀਆਂ ਇਨ੍ਹਾਂ ਵਿੱਚ ਵੀ ਬਹੁਤ ਸਾਰਾ ਗਲੈਮਰ ਭਰਨ ਲੱਗ ਪਈਆਂ ਹਨ ਤੇ ਜਦੋਂ ਕਲਾਕਾਰ ਦੀ ਰੋਜੀ ਰੋਟੀ ਇਸ ਗੱਲ ਨਾਲ ਜੁੜ ਜਾਂਦੀ ਹੈ ਤਾਂ ਉਹ ਕਈ ਕਿਸਮ ਦੇ ਸਮਝੌਤੇ ਕਰ ਲੈਂਦਾ ਹੈ। ਜਿਵੇਂ ਬਰਕਤ ਸਿੱਧੂ ਨੇ ਦੁਖੀ ਹੋਕੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਇਕੱਲੀਆਂ ਸ਼ੀਲਡਾਂ ਨਾਲ ਤਾਂ ਪੇਟ ਨਹੀਂ ਭਰਦਾ। ਚੰਗਾ ਗਾਉਣ ਵਾਲਿਆਂ ਦੇ ਕਮਰੇ ਤਾਂ ਸ਼ੀਲਡਾਂ ਨਾਲ ਭਰ ਜਾਂਦੇ ਹਨ ਪਰ ਬੱਚਿਆ ਦੇ ਢਿੱਡ ਨਹੀਂ ਭਰਦੇ।

? ਦੀਪਕ ਜੀ ਅੱਜ ਕੱਲ ਤੁਹਾਨੂੰ ਇਸ ਤਰ੍ਹਾਂ ਨਹੀਂ ਲੱਗਦਾ ਜਿਵੇਂ ਗਾਇਕੀ ਸੁਣਨ ਦੀ ਥਾਂ ਦੇਖਣ ਵਾਲੀ ਚੀਜ਼ ਵਧੇਰੇ ਬਣਦੀ ਜਾ ਰਹੀ ਹੋਵੇ। ਗਾਇਕ ਆਪਣੀ ਕਲਾ ਨਾਲੋਂ ਪਹਿਰਾਵੇ ਤੇ ਹਾਰ ਸ਼ਿੰਗਾਰ ਨੂੰ ਤਰਜੀਹ ਦਿੰਦੇ ਹਨ। ਦਿਖਾਵਾ ਬਹੁਤ ਜ਼ਿਆਦਾ ਹੋ ਗਿਆ ਹੈ?

ਇਹ ਬਿਲਕੁੱਲ ਤੁਹਾਡੀ ਗੱਲ ਠੀਕ ਹੈ। ਹੁਣ ਸੁਰਿੰਦਰ ਕੌਰ ਤੇ ਆਸਾ ਸਿੰਘ ਮਸਤਾਨਾ ਕਿੰਨੇ ਸਮੇਂ ਤੋਂ ਗਾਅ ਰਹੇ ਜਦੋਂ ਨਾਂ ਤਾਂ ਕੋਈ ਨੱਚਣ ਟੱਪਣ ਵਾਲੀ ਵੀਡੀਉ ਬਣਦੀ ਸੀ ਤੇ ਨਾ ਕੋਈ ਧੂਮ-ਧੜੱਕਾ ਸੀ, ਪਰ ਉਨ੍ਹਾਂ ਦੀ ਗਾਇਕੀ ਹੁਣ ਤੱਕ ਜ਼ਿੰਦਾ ਹੈ ਤੇ ਜ਼ਿੰਦਾ ਰਹੇਗੀ। ਹੁਣ ਤਾਂ ਅੱਜ ਟੇਪ ਆਂਉਦੀ ਹੈ ਤੇ ਦੂਸਰੇ ਦਿਨ ਖਤਮ ਹੋ ਜਾਂਦੀ ਹੈ। ਮੰਨਿਆ ਕਿ ਭਾਂਵੇਂ ਇਹ ਕਮਰਸ਼ੀਅਲ ਦੌਰ ਹੈ, ਪਰਾਣੇ ਗੀਤਾਂ ਨੂੰ ਗਲੈਮਰ ਪਾ ਪਾ ਵੇਚਿਆ ਜਾ ਰਿਹਾ ਹੈ। ਅੱਗੇ ਤਾਂ ਗਾਉਣ ਵਾਲੇ ਨਾਲ ਇੱਕ ਗਾਇਕਾ ਹੁੰਦੀ ਸੀ ਹੁਣ ਤਾਂ ਕਿੰਨੀਆਂ ਹੀ ਕੁੜੀਆਂ ਨੱਚਦੀਆਂ ਹਨ। ਜਿਨ੍ਹਾਂ ਨਾਲ ਫੋਟੋਆਂ ਲਵਾ ਕੇ ਤੇ ਨਚਾ ਕੇ ਲੋਕਾਂ ਨੂੰ ਭਰਮਾਇਆ ਜਾਂਦਾ ਹੈ। ਇਸ ਵਿੱਚ ਕਈ ਵਾਰੀ ਗਾਇਕ ਦਾ ਵੀ ਕਸੂਰ ਨਹੀਂ ਹੁੰਦਾ ਕੰਪਨੀਆਂ ਆਪਣਾ ਮਾਲ ਵੇਚਣ ਲਈ ਇਸ ਤਰ੍ਹਾਂ ਦੇ ਤਰੀਕੇ ਵਰਤਦੀਆਂ ਹਨ। ਮੇਰੀ ਟੇਪ ਸੁਣ ਕੇ ਵੀ ਬਹੁਤ ਸਾਰੇ ਲੋਕਾਂ ਨੇ ਫੋਨ ਕੀਤੇ ਕਿ ਹੁਣ ਇਸੇ ਤਰਾਂ ਨਾਂ ਛੱਡ ਦੇਵੀਂ। ਇਸ ਨੂੰ ਕਮਰਸ਼ੀਅਲ ਤੌਰ ਤੇ ਬਣਾ ਕੇ ਵੀਡੀਉ ਰਾਂਹੀ ਲੋਕਾਂ ਤੱਕ ਲੈ ਕੇ ਜਾਵੀਂ। ਇਸ ਦੇ ਵੀ ਚੰਗੇ ਤਰੀਕੇ ਹਨ। ਇਹ ਮੈਂ ਕਰਾਂਗਾ।

? ਜਿਹੜੀ ਐੱਚ ਐੱਮ ਵੀ ਵਲੋਂ ਹੁਣ ਤੁਹਾਡੀ ਟੇਪ, "ਕੁਲਦੀਪ ਦੀਪਕ ਸਿੰਗ ਸ਼ਿਵ ਕੁਮਾਰ ਬਟਾਲਵੀ", ਕੱਢੀ ਗਈ ਹੈ ਇਸ ਬਾਰੇ ਕੁੱਝ ਦੱਸੋਂਗੇ?

ਇਹ ਮੇਰੇ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ। ਮੇਰੇ ਪਿਤਾ ਜੀ ਦਾ ਇਹ ਬਹੁਤ ਦੇਰ ਦਾ ਸੁਪਨਾ ਸੀ ਕਿ ਇਥੇ ਅਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢਕੇ ਟੇਪ ਰਿਲੀਜ਼ ਕਰਾਂ। ਮੈਂ ਬਹੁਤ ਵਾਰੀ ਕੋਸ਼ਿਸ਼ ਵੀ ਕੀਤੀ ਪਰ ਸਮੇਂ ਦੀ ਘਾਟ ਕਾਰਨ ਗੱਲ ਅੱਗੇ ਨਾ ਤੁਰ ਸਕੀ। ਇੱਕ ਮੈਂ ਖੁਦ ਆਪਣੇ ਆਪ ਨੂੰ ਵੇਚ ਨਹੀਂ ਸਕਦਾ। ਪਰ ਜਦੋਂ ਮੈਂ ਇੰਡੀਆ ਗਿਆ ਤਾਂ ਬਹੁਤ ਸਾਰੇ ਦੋਸਤਾਂ ਇਸ ਗੱਲ ਦੀ ਸਪੋਰਟ ਕੀਤੀ। ਸਵੀ ਉਨਾਂ ਦਾ ਜ਼ਿਕਰ ਕਰਨਾ ਵੀ ਜਰੂਰੀ ਹੈ। ਫੇਰ ਅਸੀਂ ਕੁੱਝ ਐੱਚ ਐੱਮ ਵੀ ਦੇ ਨੁਮਾਇੰਦਿਆਂ ਨੂੰ ਮਿਲੇ ਉਨ੍ਹਾਂ ਨੂੰ ਇਹ ਗੀਤ ਪਸੰਦ ਆਏ ਤੇ ਉਨ੍ਹਾਂ ਇਸਦੀ ਮਨਜ਼ੂਰੀ ਲੈ ਲਈ। ਉਨ੍ਹਾਂ ਮੇਰੇ ਤੋਂ ਦਸ ਗੀਤ ਮੰਗੇ ਜਿਨ੍ਹਾਂ ਵਿੱਚ ਮੈਂ ਸ਼ਿਵ ਤੇ ਵੱਖੋ ਵੱਖਰੇ ਰੂਪ ਲੈ ਲਏ। ਜਿਨ੍ਹਾਂ ਵਿੱਚ 'ਬ੍ਰਿਹਾ' ਤਾਂ ਸੀ ਹੀ ਜਿਵੇਂ 'ਭੱਠੀ ਵਾਲੀਏ' ਵਿੱਚ ਇੱਕ ਸੂਫੀਆਨਾ ਰੰਗ ਹੈ, 'ਮੈਂ ਕੰਡਿਆਲੀ ਥੋਹਰ ਵੇ ਸੱਜਣਾ' ਵਿੱਚ ਔਰਤ ਬਾਰੇ ਗੱਲ ਹੈ। ਇਸੇ ਤਰ੍ਹਾਂ ਜਿਵੇਂ 'ਜਿੱਥੇ ਇਤਰਾਂ ਦੇ ਵੱਗਦੇ ਨੇ ਚੋਅ' ਇੱਕ ਅਜਿਹਾ ਗੀਤ ਹੈ ਜੋ ਪਹਿਲਾਂ ਕਿਸੇ ਨੇ ਵੀ ਰਿਕਾਰਡ ਨਹੀਂ ਕਰਵਾਇਆ। ਇਸ ਵਿੱਚ ਇਨਕਲਾਬੀ ਰੰਗ ਵੀ ਹੈ ਜਿਵੇਂ 'ਭੁੱਖੇ ਭਾਣੇ ਸੌਣ ਜਿੱਥੇ ਖੇਤਾਂ ਦੇ ਰਾਣੇ,ਸੱਜਣਾਂ ਦੇ ਰੰਗ ਜਿਹੇ ਕਣਕਾਂ ਦੇ ਦਾਣੇ ਜਿੱਥੇ ਦਮਾਂ ਵਾਲੇ ਲੈਂਦੇ ਨੇ ਲੁਕੋ'। ਇੱਕ ਇਸ ਵਿੱਚ ਦੁਨੀਆ ਦੇ ਅਮਨ ਲਈ ਗੀਤ ਹੈ। 'ਸੁਣਿਉ ਵੇ ਕਲਮਾਂ ਵਾਲਿਉ' ਹੈ 'ਅੱਖ ਚੁਭੀ ਅਮਨ ਦੀ, ਆਇਉ ਵੇ ਫੂਕਾਂ ਮਾਰਿਉ'। ਇਸੇ ਤਰਾਂ ਇਸ ਵਿੱਚ ਸ਼ਿੰਗਾਰ ਰਸ ਵੀ ਹੈ ਜਿਵੇਂ 'ਇੱਕ ਸਾਹ ਸੱਜਣਾ ਦਾ ਇੱਕ ਸਾਹ ਮੇਰਾ'। ਇਸ ਤਰ੍ਹਾਂ ਇਸ ਟੇਪ ਵਿੱਚ ਸਾਰੇ ਰੰਗ ਹਨ। ਬਾਕੀ ਹੁਣ ਸਰੋਤਿਆਂ ਤੇ ਅਲੋਚਕਾਂ ਉੱਪਰ ਹੈ ਕਿ ਉਹ ਏਸ ਟੇਪ ਨੂੰ ਕਿਵੇਂ ਲੈਂਦੇ ਹਨ। ਜੇ ਲੋਕਾਂ ਵਲੋਂ ਇਸ ਨੂੰ ਭਰਵਾਂ ਹੁੰਗਾਰਾ ਮਿਲੇਗਾ ਤਾਂ ਅੱਗੋਂ ਤੋਂ ਸਾਹਿਤਕ ਗੀਤ ਰਿਕਾਰਡ ਕਰਵਾਉਣੇ ਸੌਖੇ ਹੋ ਜਾਣਗੇ। ਇਹ ਮੇਰਾ ਮਾਣ ਨਹੀਂ ਪੰਜਾਬੀ ਸਾਹਿਤ ਲਈ ਮਾਣ ਵਾਲੀ ਗੱਲ ਹੋਵੇਗੀ।

? ਦੀਪਕ ਸਾਹਿਬ ਤੁਸੀਂ ਪੰਜਾਬ ਵਿੱਚਲੀ ਤੇ ਬਿਦੇਸ਼ਾਂ ਵਿੱਚ ਜੋ ਅੱਜ ਕੱਲ ਪੰਜਾਬੀ ਗਾਇਕੀ ਦੀ ਸਥਿਤੀ ਹੈ ਉਸ ਬਾਰੇ ਕੀ ਕਹਿਣਾਂ ਚਾਹੋਂਗੇ?

ਸਮੁੱਚੀ ਪੰਜਾਬੀ ਗਾਇਕੀ ਵਿੱਚ ਬਾਹਰਲੀ ਗਾਇਕੀ ਦਾ ਬੜਾ ਯੋਗਦਾਨ ਹੈ। ਜਿਵੇਂ ਇੰਗਲੈਂਡ ਵਿਚਲੇ ਗਰੁੱਪਾਂ ਦਾ, ਜਿਨ੍ਹਾਂ ਨੇ ਸਾਡੀ ਫਿਲਮੀਂ ਦੁਨੀਆਂ ਨੂੰ ਵੀ ਪ੍ਰਭਾਵਤ ਕੀਤਾ ਹੈ। ਸਾਡੇ ਬਹੁਤ ਅੱਛੇ ਗਾਇਕ ਆ ਰਹੇ ਹਨ, ਬਹੁਤ ਸਾਰੇ ਸੰਗੀਤਕਾਰਾਂ ਦਾ ਵੀ ਯੋਗਦਾਨ ਹੈ। ਅੱਜ ਹਰ ਬਾਲੀਵੁੱਡ 'ਚ ਬਣੀ ਫਿਲਮ ਪੰਜਾਬੀ ਗੀਤ ਬਿਨਾਂ ਅਧੂਰੀ ਸਮਝੀ ਜਾਂਦੀ ਹੈ। ਜੇ ਪੰਜਾਬੀ ਗਾਇਕੀ ਐਨੀ ਬੁਲੰਦੀ ਤੱਕ ਪਹੁੰਚੀ ਹੈ ਹੁਣ ਇਸਦੇ ਪੱਧਰ ਨੂੰ ਕਾਇਮ ਰੱਖਣ ਲਈ ਇਸ ਵਿਚਲੀ ਸ਼ਾਇਰੀ ਦਾ ਪੱਧਰ ਵੀ ਉੱਚਾ ਰੱਖਿਆ ਜਾਣਾ ਚਾਹੀਦਾ ਹੈ।

? ਕੁਲਦੀਪ ਜੀ ਜਦੋਂ ਪੰਜਾਬੀ ਗਾਇਕੀ ਦੀ ਗੱਲ ਕੀਤੀ ਹੈ ਤਾਂ ਸਿਰਫ ਭਾਰਤੀ ਪੰਜਾਬੀ ਗਾਇਕਾਂ ਦੀ ਗੱਲ ਕੀਤੀ। ਮੇਰਾ ਖਿਆਲ ਹੈ ਕਿ ਪੰਜਾਬੀ ਗਾਇਕੀ ਦੀ ਗੱਲ ਉਨ੍ਹੀ ਦੇਰ ਅਧੂਰੀ ਹੈ ਜਿੰਨੀ ਦੇਰ ਲਹਿੰਦੇ ਪੰਜਾਬੀ ਗਾਇਕਾਂ ਦੀ ਗੱਲ ਨਹੀਂ ਕਰ ਲੈਂਦੇ ਉਨ੍ਹਾਂ ਵੀ ਬੜਾਂ ਯੋਗਦਾਨ ਹੈ। ਇਸ ਬਾਰੇ ਤੁਹਾਡਾ ਕੀ ਖਿਆਲ ਹੈ?

ਪਾਕਿਸਤਾਨ ਵਿੱਚ ਤਾਂ ਪੰਜਾਬੀ ਵਿੱਚ ਬਹੁਤ ਹੀ ਵਧੀਆ ਗਾਇਆ ਗਿਆ ਹੈ। ਸਾਡੀ ਸਾਰੇ ਪੰਜਾਬੀਆਂ ਦੀ ਖੁਸ਼ਕਿਸਮਤੀ ਹੈ ਕਿ ਨੁਸਰਤ ਫਤਹਿ ਅਲੀ ਖਾਨ ਅਤੇ ਗ਼ੁਲਾਮ ਅਲੀ ਨੇ ਇਸੇ ਭਾਸ਼ਾ ਵਿੱਚ ਐਨਾ ਵਧੀਆ ਗਾਇਆ। ਇਸੇ ਤਰ੍ਹਾਂ ਆਲਮ ਲੁਹਾਰ ਸਾਹਿਬ ਨੇ ਪੰਜਾਬੀ ਸੱਭਿਆਚਾਰ ਨੂੰ ਇੱਕ ਵਿਸ਼ੇਸ਼ ਅੰਦਾਜ਼ ਵਿੱਚ ਗਾਇਆ। ਨੁਸਰਤ ਸਾਹਿਬ ਜਦੋਂ ਹਾਲੀਵੁੱਡ ਦੇ ਉਨ੍ਹਾਂ ਐਕਟਰਾਂ ਸਾਹਵੇਂ (ਜਿਨਾਂ ਨੂੰ ਵੇਖਣ ਲਈ ਦੁਨੀਆਂ ਪਾਗਲ ਹੋ ਜਾਂਦੀ ਆ) ਪੰਜਾਬੀ ਦੇ ਇਹ ਗੀਤ ਗਾਏ ਕਿ 'ਅੱਖੀਆਂ ਉਡੀਕਦੀਆਂ ਲੱਗਦਾ ਨਾਂ ਜੀ ਵੇ' ਤਾਂ ਉਹ ਵੀ ਰੁਆ ਦਿੱਤੇ। ਉਨ੍ਹਾਂ ਸਾਦ ਮੁਰਾਦੇ ਸ਼ਬਦਾਂ ਨੂੰ ਜੋ ਅਰਥ ਭਰਪੂਰ ਸਨ ਗਾਅ ਕੇ ਦੁਨੀਆਂ ਹਿਲਾ ਦਿੱਤੀ। ਇਹ ਪੰਜਾਬੀ ਗਾਇਕੀ ਲਈ ਬਹੁਤ ਮਾਣ ਵਾਲੀ ਗੱਲ ਸੀ।

? ਦੀਪਕ ਸਾਹਿਬ ਬਿਦੇਸ਼ਾਂ ਵਿੱਚ ਪੰਜਾਬੀ ਗਾਇਕੀ ਦਾ ਭਵਿੱਖ ਕੀ ਹੈ?

ਇਸ ਬਾਰੇ ਸੌ ਪ੍ਰਤੀਸ਼ਤ ਤਾਂ ਕਿਹਾ ਨਹੀਂ ਜਾ ਸਕਦਾ ਕਿ ਕਿੱਧਰ ਨੂੰ ਜਾਵੇਗੀ। ਨੱਚਣ ਟੱਪਣ ਅਤੇ ਹੁਲਾਸ ਵਾਲਾ ਟਰੈਂਡ ਤਾਂ ਪੰਜਾਬੀ ਗੀਤਾਂ ਵਿੱਚੋਂ ਖਤਮ ਨਹੀਂ ਹੋ ਸਕਦਾ ਕਿਉਂਕਿ ਇਹ ਸਾਡੇ ਸੁਭਾਅ ਵਿੱਚ ਸ਼ਾਮਲ ਹੈ। ਜਿਹੜੇ ਆਪਣੇ ਆਪ ਨੂੰ ਗੰਭੀਰ ਸੁਣਨ ਵਾਲਾ ਕਹਿੰਦੇ ਆ ਉਹ ਵੀ ਦੋ ਚਾਰ ਗ਼ਜ਼ਲਾਂ ਸੁਣ ਕਹਿਣ ਲੱਗ ਜਾਂਦੇ ਆ ਕਿ ਹੁਣ ਸਾਨੂੰ ਹਲਕਾ ਫੁਲਕਾ ਸੁਣਾਉ। ਪਰ ਪੰਜਾਬੀ 'ਫੋਕ' ਨੂੰ ਅੱਜ ਨਵੇਂ ਤਰੀਕੇ ਨਾਲ ਬੜੇ ਚੰਗੇ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਜਿਸ ਵਿੱਚ ਹਰ ਵੰਨਗੀ ਹੈ। ਮੈਨੂੰ ਲੱਗਦਾ ਹੈ ਕਿ ਪੰਜਾਬੀ ਸੰਗੀਤ ਦਾ ਭਵਿੱਖ ਰੌਸ਼ਨ ਹੈ। ਏ ਆਰ ਰਹਿਮਾਨ ਵਰਗੇ ਸੰਗੀਤਕਾਰ ਪੰਜਾਬੀ ਸੰਗੀਤ ਦੇ ਰਹੇ ਹਨ। ਸੁਖਵਿੰਦਰ ਸਿੰਘ ਪੰਜਾਬੀ ਗੀਤਾਂ ਨੂੰ ਸ਼ਿਖਰਾਂ ਤੇ ਪਹੁੰਚਾ ਦਿੱਤਾ ਹੈ। ਗਾਇਕੀ ਦਾ ਭਵਿੱਖ ਤਾਂ ਬਹੁਤ ਚੰਗਾ ਹੈ ਪਰ ਫੇਰ ਕਹਾਂਗਾ ਕਿ ਸਾਨੂੰ ਗੀਤਾਂ ਦਾ ਵਿੱਚ ਵਰਤੀ ਜਾਣ ਵਾਲੀ ਮਿਆਰੀ ਕਾਵਿ ਰਚਨਾਂ ਦਾ ਵੀ ਧਿਆਨ ਰੱਖਣਾ ਪਵੇਗਾ।

? ਦੀਪਕ ਸਾਹਿਬ ਹੋਰ ਇਸ ਮੁਲਾਕਾਤ ਦੇ ਅੰਤ ਵਿੱਚ ਤੁਸੀਂ ਸਾਡੇ ਪਾਠਕਾਂ ਅਤੇ ਸਰੋਤਿਆਂ ਨੂੰ ਕੀ ਕਹਿਣਾਂ ਚਾਹੋਂਗੇ?

ਪਹਿਲਾਂ ਮੇਰੀਆਂ ਰਿਕਾਰਡਾਂ ਵੱਡੀ ਪੱਧਰ ਨਾਂ ਹੋਣ ਕਰਕੇ ਬਹੁਤ ਛੋਟੇ ਦਾਇਰੇ ਵਿੱਚ ਸੁਣੀਆਂ ਗਈਆਂ ਸਨ ਪਰ ਇਹ ਜੋ ਐੱਚ ਐੱਮ ਵੀ ਨੇ ਕੰਮ ਵੱਡੇ ਪੱਧਰ ਤੇ ਕੰਮ ਕੀਤਾ ਹੈ ਇਸ ਨਾਲ ਸ਼ਿਵ ਦੀ ਕਵਿਤਾ ਪੂਰੀ ਦੁਨੀਆਂ ਵਿੱਚ ਜਾਵੇਗੀ। ਲੋਕ ਇਸ ਨੂੰ ਜਰੂਰ ਖਰੀਦਣ ਮੈਂ ਸਾਰੇ ਚੰਗਾ ਸੁਣਨ ਵਾਲਿਆਂ ਦਾ ਅਤੇ ਮੈਨੂੰ ਇਸ ਪਾਸੇ ਜੋੜੀਂ ਰੱਖਣ ਵਾਲਿਆਂ ਦਾ ਧੰਨਵਾਦ ਕਰਦਾ ਹਾਂ।

? ਦੀਪਕ ਸਾਹਿਬ ਅਸੀਂ ਇੱਕ ਵਾਰ ਫੇਰ ਚੰਗਾ ਅਤੇ ਮਿਆਰੀ ਸਾਹਿਤ ਗਾਉਣ ਲਈ ਅਤੇ ਤੁਹਾਡੀ ਨਵੀਂ ਟੇਪ ਆਉਣ ਤੇ ਤੁਹਾਨੂੰ ਮੁਬਾਰਕਬਾਦ ਪੇਸ਼ ਕਰਦੇ ਹਾਂ। ਆਪਣਾ ਕੀਮਤੀ ਟਾਈਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।

ਚੰਗਾ ਸਾਹਿਤ ਗਾਉਣਾ ਮੇਰੀ ਜ਼ਿੰਦਗੀ ਦਾ ਉਦੇਸ਼ ਰਿਹਾ ਹੈ। ਮੈਂ ਇਸ ਨਾਲ ਇਸੇ ਤਰ੍ਹਾਂ ਜੁੜਿਆਂ ਰਹਾਂਗਾ। ਮਾਂਗਟ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।


darya1gif.gif (3186 bytes)

(c)copyright 1999-2003, 5abi.com