WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਸਾਥੀ ਲੁਧਿਆਣਵੀ ਬਕਲਮਖ਼ੁਦ
ਇਕ ਨਵਾਂ ਸਥਾਈ ਕਾਲਮ


ਸਾਥੀ ਲੁਧਿਆਣਵੀ

ਸਾਡੇ ਗੁਰਦੁਆਰਿਆਂ ਵਿਚ ਲੜਾਈ ਝਗੜੇ

ਅੱਜ ਕਲ ਸਾਡੇ ਗੁਰਦੁਆਰਿਆਂ ਵਿਚ ਕਾਫ਼ੀ ਲੜਾਈਆਂ ਝਗੜੇ ਹੋ ਰਹੇ ਹਨ। ਪਿਛੇ ਜਿਹੇ ਸਾਡੇ ਸਾਊਥਾਲ ਵਿਚ ਇਕ ਬਹੁਤ ਵੱਡੇ ਗੁਰਦੁਆਰੇ ਵਿਚ ਵੀ ਇਹ ਕੁੱਝ ਵਾਪਰਿਆ। ਇਥੋਂ ਤੀਕ ਕਿ ਸਾਊਥਾਲ ਦੇ ਇਕ ਬਹੁਤ ਪੁਰਾਣੇ ਮੰਦਰ ਵਿਚ ਵੀ ਪਿਛਲੇ ਐਤਵਾਰ ਵਾਲੇ ਦਿਨ ਖ਼ੂਬ ਜੂੱਤੀ ਖੜਕੀ।

ਇਨ੍ਹਾਂ ਝਗੜਿਆਂ ਵਾਰੇ ਮੈਂ ਆਪਣੇ ਰੇਡੀਓ ਡਿਸਕਸ਼ਨ ਪਰੋਗਰਾਮ ਵਿਚ ਵੀ ਦੋ ਘੰਟੇ ਫੋਨ-ਇਨ ਡਿਸਕਸ਼ਨ ਕੀਤੀ। ਇਹ ਪਰੋਗਰਾਮ ਆਕਾਸ਼ ਰੇਡੀਓ ਐਸਟਰਾ ਡਿਜੀਟਲ ਚੈਨਲ 918 ਉੱਤੇ ਹਰ ਵੀਰਵਾਰ ਨੂੰ ਰਾਤ ਦੇ ਅੱਠ ਤੋਂ ਦਸ ਵਜੇ ਤੀਕ ਆਉਂਦਾ ਹੈ। ਇਸ ਪਰੋਗਰਾਮ ਰਾਹੀਂ ਸਰੋਤਿਆਂ ਨੇ ਇਸ ਗੱਲ ਵਾਰੇ ਬਹੁਤ ਹੀ ਅਫ਼ਸੋਸ ਪ੍ਰਗਟ ਕੀਤਾ ਕਿ ਸਾਡੇ ਧਾਰਮਕ ਅਦਾਰਿਆਂ ਵਿਚ ਇਸ ਕਿਸਮ ਦੇ ਕੁਕਰਮ ਹੂੰਦੇ ਹਨ। ਲੋਕਾਂ ਨੇ ਕਿਹਾ ਕਿ ਇਨ੍ਹਾਂ ਪਿੱਛੇ ਮਾਇਆ ਦਾ ਹੀ ਚੱਕਰ ਹੈ। ਬਹੁਤੇ ਸਰੋਤਿਆਂ ਨੇ ਸੁਝਾਅ ਦਿੱਤਾ ਕਿ ਗੁਰਦੁਆਰਿਆਂ ਵਿਚ ਚੜ੍ਹਾਂਵਿਆਂ ਦੀ ਰਵਾਇਤ ਨੂੰ ਖ਼ਤਮ ਕਰ ਦੇਣਾ ਚਾਹੀਦਾ ਹੈ। ਨਾ ਪੈਸੇ ਹੋਣਗੇ ਤੇ ਨਾ ਹੀ ਮਾਇਆ ਪਿੱਛੇ ਇਹ ਘਿਨਾਉਣੀਆਂ ਹਰਕਤਾਂ ਹੋਣਗੀਆਂ। ਪਰੰਤੂ ਜਦੋਂ ਮੈਂ ਇਹ ਦਲੀਲ ਦਿੱਤੀ ਕਿ ਚੜ੍ਹਾਵਾ ਤਾਂ ਸਿੱਖ਼ ਧਰਮ ਦੀ ਬਹੁਤ ਬੜੀ ਪਰੰਪਰਾ ਹੈ ਤਾਂ ਲੋਕਾਂ ਨੇ ਕਿਹਾ ਕਿ ਹਰ ਚੜ੍ਹਾਵੇ ਦਾ ਅਧੁਨਿਕ ਢੰਗ ਨਾਲ ਅਕਾਊਂਟ ਹੋਣਾ ਚਾਹੀਦਾ ਹੈ।

ਹਰ ਗੁਰਦੁਆਰੇ ਵਿਚ ਕਮੇਟੀ ਦੇ ਮੈਂਬਰਾਂ ਦੇ ਨਾਲ ਹਰ ਰੋਜ਼ ਦੇ ਚੜਾਵੇ ਦੀ ਅਕਾਊਂਟਿੰਗ ਵਾਸਤੇ ਸਾਧ ਸੰਗਤ ਚੋਂ ਦੋ ਵਿਅੱਕਤੀ ਚੁਣ ਲਏ ਜਾਣੇ ਚਾਹੀਦੇ ਹਨ। ਇਨ੍ਹਾਂ ਨਾਲ ਸਰਟੀਫਾਈਡ ਅਕਾਊਂਟੈਂਟਸ ਅਤੇ ਔਡਿਟਰਜ਼ ਵੀ ਹੋਣੇ ਚਾਹੀਦੇ ਹਨ। ਕਈਆਂ ਨੇ ਇਹ ਵੀ ਕਿਹਾ ਕਿ ਗੁਰਦੁਆਰਿਆਂ ਦਾ ਪ੍ਰਬੰਧ ਨਿਸ਼ਕਾਮ ਕਿਸਮ ਦੇ ਸੇਵਾਦਾਰਾਂ ਕੋਲ ਹੀ ਹੋਣਾ ਚਾਹੀਦਾ ਹੈ। ਕਈਆਂ ਨੇ ਇਹ ਦਲੀਲ਼ ਵੀ ਦਿੱਤੀ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਕਾਬਲੇ ਉੱਤੇ ਬਾਹਰਲੇ ਦੇਸਾਂ ਵਿਚ ਵੀ ਇਕ ਕਮੇਟੀ ਹੋਣੀ ਚਾਹੀਦੀ ਹੈ ਜਿਹੜੀ ਇਨ੍ਹਾਂ ਬਾਹਰਲੇ ਗੁਰਦੁਆਰਿਆਂ ਉਤੇ ਨਜ਼ਰਸਾਨੀ ਰੱਖ਼ੇ॥

ਮੈਂ ਆਪ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਇਨ੍ਹਾਂ ਝਗੜਿਆਂ ਦੇ ਹੱਲ ਲਈ ਕੀ ਕਰਨਾਂ ਚਾਹੀਦਾ ਹੈ?  ਕੀ ਲਿੱਖੋਗੇ?

ਸਾਥੀ ਲੁਧਿਆਣਵੀ ਲ਼ੰਡਨ

ਆਪਣੇ ਵਿਚਾਰ ਸਾਨੂੰ ਲਿਖੋ


ਰਣਜੀਤ ਸਿੰਘ, ਜਰਮਨੀ
07/10/04

ਸਾਥੀ ਲੁਧਿਆਣਵੀ ਜੀ, ਅਤੇ ਸਾਰੇ ਪਾਠਕਾਂ ਨੂੰ ,

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

ਧਾਰਮੀਕ ਅਸਥਾਨਾਂ ਦਾ ਇਸਤੇਮਾਲ ਜਿਥੇ ਧਰਮ ਦੀ ਚੜ੍ਹਦੀ ਕਲਾ ਵਾਸਤੇ ਕੀਤਾ ਜਾਂਦਾ ਹੈ, ਊਥੇ ਹੀ ਕੂਝ ਧਰਮ ਦਾ ਢੋਂਗ ਕਰਨ ਵਾਲੇ ਆਪਣੇ-ਆਪਣੇ ਰਾਜਸੀ,ਆਰਥਿਕ ਮਕਸਦ ਪੂਰੇ ਕਰਨ ਵਾਸਤੇ ਇਹਨਾਂ ਅਸਥਾਨਾਂ ਦਾ ਜਾਇਜ ਨਾਜਾਇਜ ਤਰੀਕੇ ਨਾਲ ਇਸਤੇਮਾਲ ਕਰਦੇ ਹਨ,

ਜੋ ਮੇਰੀ ਸਮਝ ਵਿਚ ਆਇਆ, ਇਸ ਸਬ ਨੂੰ ਨਾਜਾਇਜ ਇਸਤੇਮਾਲ ਤੋਂ ਬਚਾੳਣ ਦਾ ਤਰੀਕਾ

ਪ੍ਰਬੰਦਕਾਂ ਦੀ ਚੋਣ ਪ੍ਰਣਾਲੀ ਵਿਚ ਤਬਦੀਲੀ ਕੀਤੀ ਜਾਣੀ ਅਤ ਜਰੁਰੀ ਹੈ ,

ਚੋਣ ਕਰਨ ਦਾ ਤਰੀਕਾ ਜੋ ਦਾਸ ਦੀ ਸਮਝ ਵਿਚ ਹੈ : -

ਕਿਸੇ ਵੀ ਪਾਰਟੀ ਦੀ ਚੋਣ ਨਹੀਂ ਬਲਕੀ ਪਰਬੰਦਕਾਂ ਦੀ ਚੋਣ ਹੋਣੀ ਚਾਹੀਦੀ ਹੈ ,
ਪ੍ਰਦਾਨ ਜਾਂ ਸੇਕਟਰੀ ਨਹੀ ਪ੍ਰਬੰਧਕ .

ਪ੍ਰਬੰਧ ਜੋੜਾਘਰ
ਸਰਕਾਰੀ ਬਾਹਰੀ ਕੰਮ
ਲੰਗਰ ਮੁਖਸੇਵਾਦਾਰ
ਧਰਮਪ੍ਰਚਾਰ ਸੇਵਾ
ਸਫ਼ਾਈ ਅਤੇ ਸਜਾਵਟ ਸੇਵਾ
ਬਿਜਲੀ ਪਾਣੀ ਪ੍ਰਬੰਧਕ

ਚੋਣ ਕਰਤਾ ਜਿਸ ਨੂੰ ਯੋਗ ਸਮਝਣ ਓਸੇ ਨੂੰ ਹੀ ਓਸ ਪ੍ਰਬੰਧ ਦਾ ਜਿਮਾਂ ਸੋਂਪਣ .

ਚੰਗੀ ਤਰਾਂ ਪ੍ਰਬੰਧ ਕਰਣ ਵਾਲਿਆ ਨੂੰ ਹੀ ਸਨਮਾਨਿਤ ਵੀ ਕੀਤਾ ਜਾਵੈ .

ਭੁਲਾਂ ਦੀ ਖਿਮਾਂ.

ਰਣਜੀਤ ਸਿੰਘ, ਜਰਮਨੀ

ਰਾਜ ਭੂਪਿੰਦਰ ਸਿੰਘ, ਭਾਰਤ,  07/10/04
ਗੁਰਦੁਆਰਾ - ਗੁਰੂ ਦਾ ਦੁਆਰਾ ।
ਮੰਦਰ - ਮਨ ਦਾ ਦਰ ਜਾਂ ਮਨ ਦੇ ਅੰਦਰ ਜਾਣ ਦਾ ਰਸਤਾ ।

ਉਪਰੋਕਤ ਦੋਨਾਂ ਸ਼ਬਦਾਂ ਦਾ ਅਰਥ ਬੰਦੇ ਦਾ ਉਸ ਜਗ੍ਹਾ ਜਾਣਾ, ਜਿਥੇ ਜਾ ਕੇ ਉਹ ਗੁਰੂ ਦੀ ਮਿਹਰ ਨਾਲ ਆਪਣੇ ਮਨ ਦੇ ਅੰਦਰ ਝਾਤ ਮਾਰ ਕੇ, ਆਪਣੀ ਅਸਲੀਅਤ ਨੂੰ ਪਛਾਣ ਸਕੇ ( ਕਿ ਉਹ ਦੁਨੀਆਂ ਵਿਚ ਕੀ ਕਰਨ ਆਇਆ ਹੈ , ਕੀ ਕਰ ਰਿਹਾ ਹੈ ਤੇ ਕੀ ਹੋਰ ਕਰਨਾ ਚਾਹੀਦਾ ਹੈ?) ਤੇ ਚੰਗੇ ਬਨਣ ਲਈ ਗੁਰੂ ਦੀ ਬਾਣੀ ਸੁਣ ਕੇ, ਉਸ ਤੇ ਅਮਲ ਕਰਨ ਦਾ ਉਦਮ ਕਰੇ ।

1. ਇਸ ਟੀਚੇ ਨੂੰ ਬਹੁਤ ਘੱਟ ਲੋਕ ਪੂਰਾ ਕਰ ਪਾਉਂਦੇ ਹਨ ।

2. ਜਿਆਦਾਤਰ ਲੋਕ ਤਾਂ ਗਰਜ ਪੂਰੀ ਕਰਨ, ਲੋਕ-ਦਿਖਾਵਾ ਜਾਂ ਚੌਧਰ ਲਈ ਹੀ ਮੰਦਰ-ਗੁਰਦੁਆਰੇ ਜਾਂਦੇ ਹਨ ।

ਸੋ ਦੂਜੀ ਤਰਾਂ ਦੇ ਲੋਕ ਹੀ ਇਨ੍ਹਾਂ ਅਸਥਾਨਾਂ ਤੇ ਕਲਾਹ ਕਲੇਸ਼ ਪਾਉਣ ਦੇ ਜਿੰਮੇਦਾਰ ਬਣਦੇ ਹਨ ।

ਜੇ ਆਪਾਂ ਇਹ ਸੋਚੀਏ ਕਿ ਧਾਰਮਿਕ ਸਥਾਨਾਂ ਤੇ ਨਿਸ਼ਕਾਮ ਸੇਵਾਦਾਰ ਲਗਾਏ ਜਾਣ, ਪਰ ਇਨ੍ਹਾਂ ਨੂੰ ਕੌਣ ਝਲੇਗਾ ਕਿਉਂ ਜੋ ਸੇਵਾਦਾਰ ਨਿਸ਼ਕਾਮ ਸੇਵਾ ਕਰੇਗਾ, ਉਹ ਧਾਰਮਿਕ ਅਸਥਾਨਾਂ ਤੇ ਹੋ ਰਹੇ, ਗਲਤ ਕੰਮਾਂ ਨੂੰ ਰੋਕੇਗਾ ਜੋ ਕਿ ਜਿਆਦਾਤਰ ਮੌਜੂਦਾ 'ਪ੍ਰਬੰਧਕ' ਪਸੰਦ ਨਹੀਂ ਕਰਨਗੇ । ਧਾਰਮਿਕ ਸਥਾਨਾਂ ਦੇ ਪ੍ਰਬੰਕਾਂ ਦੀ ਚੋਣ ਵੋਟਾਂ ਦੁਆਰਾ ਹੁੰਦੀ ਹੈ ਤੇ ਜਿਆਦਾ ਵੋਟਾਂ ਉਸੇ ਨੂੰ ਹੀ ਪੈਣਗੀਆਂ ਜੋ ਕਿ ਬਹੁਤਿਆਂ ਨੂੰ ਖੁਸ਼ ਰੱਖੇਗਾ । ਸੋ ਗੁਰਮਤਿ ਦੀ ਥਾਂ ਮਨਮਤਿ ਭਾਰੂ ਰਹੇਗੀ ।

ਜੇ ਅਸੀਂ ਚਾਹੁੰਦੇ ਹਾਂ ਕਿ ਧਾਰਮਿਕ ਸਥਾਨਾਂ ਦੀ ਸੁਚੱਜੀ ਵਰਤੋਂ ਹੋਵੇ ਤਾਂ ਸਾਨੂੰ ਆਪਸੀ ਵੈਰ-ਵਿਰੋਧ, ਹੰਕਾਰ ਤੇ ਗੁੱਸੇ ਤੇ ਕਾਬੂ ਪਾ ਕੇ ਇੱਕ ਦਮ ਗੁਰਮਤਿ ਵਿਚਾਰਧਾਰਾ ਵਾਲੇ ਵਿਅਕਤੀ ਅੱਗੇ ਲਿਆਉਣੇ ਪੈਣਗੇ ।

ਚੜਾਵੇ ਖਤਮ ਨਾ ਕਰ ਕੇ ਸਗੋਂ ਚੜਾਵੇ ਦਾ ਹਿਸਾਬ ਕਿਤਾਬ ਵੀ ਕੰਪਿਊਟਰ ਤੇ ਹੋਣਾ ਚਾਹੀਦਾ ਹੈ । ਹਰ ਇੱਕ ਨੂੰ ਪੂਰੀ ਰਸੀਦ ਦਿਤੀ ਜਾਵੇ, ਭਾਵੇਂ ਚੜਾਵਾ 'ਗੁਪਤ' ਹੀ ਕਿਉਂ ਨਾਂ ਹੋਵੇ ! ਖਰਚੇ ਦਾ ਹਿਸਾਬ ਕਿਤਾਬ ਵੀ ਹਰ ਰੋਜ ਰੱਖਿਆ ਜਾਵੇ ਤੇ ਸੰਗਤ ਦੀ ਜਾਣਕਾਰੀ ਲਈ ਨੋਟਿਸ ਬੋਰਡ ਤੇ ਲਾਇਆ ਜਾਵੇ ।

ਨਿਸਚਿਤ ਸਮੇਂ ਬਾਦ ਖਾਤਿਆਂ ਦੀ ਪੜਚੋਲ ਵੀ ਕਰਵਾਈ ਜਾਵੇ ਤਾਂ ਕਿ ਖਾਤਿਆਂ ਵਿਚ ਹੋਈਆਂ ਗਲਤੀਆਂ ਸੁਧਾਰੀਆਂ ਜਾ ਸਕਣ ।

ਲੋੜ ਹੈ ਬਾਹਰੀ ਦਿਖਾਵੇ ਛੱਡ ਕੇ, ਸੱਚੇ ਮਨੋਂ ਉਪਰਾਲੇ ਕੀਤੇ ਜਾਣ ਦੀ ।

ਰਾਜ ਭੂਪਿੰਦਰ ਸਿੰਘ, ਭਾਰਤ ।

 

 

ਆਪਣੇ ਵਿਚਾਰ ਸਾਨੂੰ ਲਿਖੋ


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com