ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਸੰਪਰਕ: info@5abi.com

ਰਾਜਨੀਤੀ ਦੇ ਭੀਸ਼ਮ ਪਿਤਾਮਾ ਸੁਰਜੀਤ
ਡਾ. ਜਸਪਾਲ ਸਿੰਘ

ਸ਼ੁੱਕਰਵਾਰ ਨੂੰ ਅਜੋਕੀ ਭਾਰਤੀ ਸਿਆਸਤ ਦੇ ਅਰਸਤੂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਇਸ ਧਰਤੀ ‘ਤੇ 92 ਵਰ੍ਹੇ ਇਕ ਕਰਮ-ਯੋਗੀ ਦੀ ਭੂਮਿਕਾ ਨਿਭਾ ਕੇ ਸਦਾ ਦੀ ਨੀਂਦ ਸੌਂ ਗਏ। ਉਨ੍ਹਾਂ ਦੇ ਦੇਹਾਂਤ ਨਾਲ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ, ਸ਼ੁਭਚਿੰਤਕਾਂ, ਸਨੇਹੀਆਂ, ਸਾਥੀਆਂ ਅਤੇ ਅਜੋਕੇ ਭਾਰਤ ਦੇ ਕਰੋੜਾਂ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਲੋਕ ਜਮਹੂਰੀ ਪਾਸਾਰਾਂ ਅਤੇ ਵਿਚਾਰਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ।

ਕਾਮਰੇਡ ਸੁਰਜੀਤ ਭਾਰਤ ‘ਚ ਕਮਿਊਨਿਸਟ ਲਹਿਰ ਦੇ ਬਾਨੀਆਂ ‘ਚੋਂ ਇਕ ਸਿਰਕੱਢ ਲੀਡਰ ਸਨ। ਸੰਸਾਰ ਪੱਧਰ ‘ਤੇ ਉਨ੍ਹਾਂ ਦਾ ਨਾਂ ਵੀਹਵੀਂ ਸਦੀ ਦੇ ਆਖਰੀ ਛੇ ਦਹਾਕਿਆਂ ਤੇ ਇੱਕੀਵੀਂ ਸਦੀ ਦੇ ਪਹਿਲੇ ਦਹਾਕੇ ਦੇ ਦਿਓਕੱਦ ਮਾਰਕਸਵਾਦੀ ਰਾਜਨੀਤੀਵਾਨਾਂ ‘ਚ ਗਿਣਿਆ ਜਾਂਦਾ ਰਹੇਗਾ। ਉਨ੍ਹਾਂ ਦਾ ਜਨਮ 23 ਮਾਰਚ 1916 ਨੂੰ ਪਿੰਡ ਰੋਪੋਵਾਲ ਜ਼ਿਲ੍ਹਾ ਜਲੰਧਰ ‘ਚ ਇਕ ਖਾਂਦੇ ਪੀਂਦੇ ਕਿਸਾਨ ਪਰਿਵਾਰ ‘ਚ ਹੋਇਆ। ਉਨ੍ਹਾਂ ਦੇ ਦਾਦਾ ਪਿਛਲੀ ਸਦੀ ਦੇ ਸ਼ੁਰੂ ‘ਚ ਆਸਟਰੇਲੀਆ ਚਲੇ ਗਏ ਸਨ ਪਰ ਫਿਰ ਉਨ੍ਹਾਂ ਨੇ ਵਾਪਸ ਆ ਕੇ ਆਪਣੇ ਪਿੰਡ ਬੁੰਡਾਲਾ ‘ਚ ਖੇਤੀਬਾੜੀ ਦਾ ਕੰਮ ਸ਼ੁਰੂ ਕੀਤਾ। ਕਾਮਰੇਡ ਸੁਰਜੀਤ ਦੇ ਪਿਤਾ ਸ: ਹਰਨਾਮ ਸਿੰਘ ਪਹਿਲੇ ਮਹਾਂਯੁੱਧ ਦੇ ਸਮੇਂ ਅੰਗਰੇਜ਼ੀ ਫ਼ੌਜ ‘ਚ ਭਰਤੀ ਹੋ ਗਏ ਸਨ, ਪਰ ਜੰਗ ਖ਼ਤਮ ਹੋਣ ਤੋਂ ਬਾਦ ਉਹ ਪਿੰਡ ਆ ਗਏ ਅਤੇ ਉਸੇ ਸਮੇਂ ਦੇਸ਼ ਦੀ ਅਜ਼ਾਦੀ ਦੀ ਲੜਾਈ ‘ਚ ਕੁੱਦ ਪਏ। ਕੁਝ ਸਮੇਂ ਅੰਦਰ ਹੀ ਉਹ ਜ਼ਿਲ੍ਹਾ ਜਲੰਧਰ ਦੇ ਅਕਾਲੀ ਜਥੇ ਦੇ ਮੁਖੀ ਬਣ ਗਏ ਅਤੇ ਜੈਤੋ ਦੇ ਮੋਰਚੇ ‘ਚ ਉਨ੍ਹਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਕਿਉਂਕਿ ਕਾਮਰੇਡ ਸੁਰਜੀਤ ਦੇ ਦਾਦਾ ਆਪਣੇ ਪੁੱਤਰ ਨੂੰ ਅਜ਼ਾਦੀ ਸੰਘਰਸ਼ ਤੋਂ ਲਾਂਭੇ ਰੱਖਣਾ ਚਾਹੁੰਦੇ ਸਨ ਇਸ ਲਈ ਉਨ੍ਹਾਂ ਨੇ ਉਸ ਨੂੰ ਅਜ਼ਾਦੀ ਦੀ ਲੜਾਈ ‘ਚ ਸ਼ਾਮਲ ਹੋਣ ਤੋਂ ਰੋਕਿਆ। ਪਰ ਜਦ ਉਹ ਨਾ ਮੰਨੇ ਤਾਂ ਦਾਦਾ ਨੇ ਆਪਣੇ ਪੁੱਤਰ ਨੂੰ ਦੋ ਏਕੜ ਜ਼ਮੀਨ ਦੇ ਕੇ ਵੱਖ ਕਰ ਦਿੱਤਾ। ਸਿੱਟੇ ਵਜੋਂ ਕਾਮਰੇਡ ਸੁਰਜੀਤ ਦੇ ਮਾਪਿਆਂ ਨੂੰ ਭਾਰੀ ਆਰਥਕ ਦਿੱਕਤਾਂ ਸਹਿਣੀਆਂ ਪਈਆਂ। 1929 ‘ਚ ਉਨ੍ਹਾਂ ਦੇ ਪਿਤਾ ਆਪਣੀ ਜ਼ਮੀਨ ਗਹਿਣੇ ਰੱਖ ਕੇ ਅਮਰੀਕਾ ਚਲੇ ਗਏ।

1930 ‘ਚ ਕਾਮਰੇਡ ਸੁਰਜੀਤ ਦੇ ਪਿੰਡ ਬਾਬਾ ਕਰਮ ਸਿੰਘ ਚੀਮਾ ਤੇ ਭਾਗ ਸਿੰਘ ਕਨੇਡੀਅਨ ਆਏ ਅਤੇ ਉਨ੍ਹਾਂ ਨੇ 14 ਸਾਲਾ ਹਰਕਿਸ਼ਨ ਨੂੰ ਪਿੰਡ ‘ਚ ਇਕ ਮੀਟਿੰਗ ਵਾਸਤੇ ਲੋਕਾਂ ਨੂੰ ਇਕੱਠੇ ਕਰਨ ਲਈ ਕਿਹਾ। ਸੁਰਜੀਤ ਨੇ ਘੰਟੀ ਵਜਾ ਕੇ ਸਾਰੇ ਪਿੰਡ ‘ਚ ਮੁਨਾਦੀ ਕਰ ਕੇ ਇਕ ਜਨਤਕ ਮੀਟਿੰਗ ਦਾ ਐਲਾਨ ਕਰ ਦਿੱਤਾ। ਸਿੱਟੇ ਵਜੋਂ ਪਿੰਡ ਦੇ ਚੌਂਕ ‘ਚ ਇਕ ਬਹੁਤ ਹੀ ਕਾਮਯਾਬ ਮੀਟਿੰਗ ਆਯੋਜਿਤ ਹੋ ਗਈ। ਦੂਜੇ ਦਿਨ ਹੀ ਪੁਲਿਸ ਪਿੰਡ ਪਹੁੰਚ ਗਈ ਅਤੇ ਹਰਕਿਸ਼ਨ ਨੂੰ ਉਨ੍ਹਾਂ ਦੇ ਹੈਡਮਾਸਟਰ ਨੂੰ ਕਹਿ ਕੇ ਸਕੂਲ ਤੋਂ ਬਰਤਰਫ਼ ਕਰਵਾ ਦਿੱਤਾ। ਪਰ ਇਕ ਕਾਂਗਰਸੀ ਨੇਤਾ ਹਰੀ ਸਿੰਘ ਜਲੰਧਰ ਦੀ ਮਦਦ ਨਾਲ ਸੁਰਜੀਤ ਨੇ ਖ਼ਾਲਸਾ ਸਕੂਲ ਜਲੰਧਰ ‘ਚ ਦਾਖ਼ਲਾ ਲੈ ਲਿਆ। ਉਨ੍ਹਾਂ ਦੀ ਮਾਤਾ ਬੀਬੀ ਗੁਰਬਚਨ ਕੌਰ ਨੇ ਦੁੱਧ ਵੇਚ ਕੇ ਤੇ ਸੂਤ ਕੱਤ ਕੇ ਉਨ੍ਹਾਂ ਦੀ ਪੜ੍ਹਾਈ ਲਈ ਪੈਸਿਆਂ ਦਾ ਜੁਗਾੜ ਬਣਾਇਆ। ਸਿੱਟੇ ਵਜੋਂ ਉਹ ਮੈਟਰਿਕ ਤੱਕ ਸਿੱਖਿਆ ਪਰਾਪਤ ਕਰਨ ਦੇ ਯੋਗ ਹੋ ਗਏ। ਇਸੇ ਦੌਰਾਨ ਉਹ ਜਲੰਧਰ ‘ਚ ਜਿੰਨੇ ਵੀ ਸਿਆਸੀ ਜਲਸੇ ਹੁੰਦੇ ਸਨ ਉਨ੍ਹਾਂ ਸਾਰਿਆਂ ‘ਚ ਸ਼ਾਮਲ ਹੁੰਦੇ ਰਹੇ।

1932 ‘ਚ ਜਦੋਂ ਸੁਰਜੀਤ ਸਿਰਫ਼ ਸੋਲਾਂ ਸਾਲਾਂ ਦੇ ਸਨ, ਉਨ੍ਹਾਂ ਨੇ ਹੁਸ਼ਿਆਰਪੁਰ ਦੇ ਡੀ ਸੀ ਦੇ ਦਫ਼ਤਰ ਤੋਂ ਯੂਨੀਅਨ ਜੈਕ ਫਾੜ ਕੇ ਤਿਰੰਗਾ ਝੰਡਾ ਚੜਾ ਦਿੱਤਾ ਸੀ ਜਿਸ ਕਾਰਨ ਉਨ੍ਹਾਂ ‘ਤੇ ਕਈ ਗੋਲੀਆਂ ਚਲਾਈਆਂ ਗਈਆਂ ਪਰ ਉਨ੍ਹਾਂ ਨੂੰ ਕੋਈ ਗੋਲੀ ਨਾ ਲੱਗੀ। ਇਸ ਤੋਂ ਮਗਰੋਂ ਜ਼ਿਲ੍ਹੇ ਦਾ ਡੀ ਸੀ ਬਾਹਰ ਆਇਆ, ਉਸ ਨੇ ਫਾਇਰਿੰਗ ਬੰਦ ਕਰਵਾ ਦਿੱਤੀ ਤੇ ਸੁਰਜੀਤ ਨੂੰ ਗ੍ਰਿਫ਼ਤਾਰ ਕਰਕੇ ਉਸ ‘ਤੇ ਮੁਕੱਦਮਾ ਚਲਾਇਆ ਗਿਆ। ਜਦੋਂ ਜੱਜ ਨੇ ਉਨ੍ਹਾਂ ਦਾ ਨਾਂ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ''ਮੇਰਾ ਨਾਂ ਲੰਡਨ ਤੋੜ ਸਿੰਘ ਹੈ‘‘। ਬੜੀ ਕੋਸ਼ਿਸ਼ ਤੋਂ ਬਾਦ ਵੀ ਅਦਾਲਤ ਸੁਰਜੀਤ ਦਾ ਅਸਲੀ ਨਾਂ ਨਾ ਪਤਾ ਕਰ ਸਕੀ। ਥੱਕ ਹਾਰ ਕੇ ਜੱਜ ਨੇ ਉਨ੍ਹਾਂ ਨੂੰ ਇਕ ਸਾਲ ਦੀ ਬਾ-ਮੁਸ਼ੱਕਤ ਸਜ਼ਾ ਸੁਣਾ ਦਿੱਤੀ। ਇਸ ‘ਤੇ ਬਾਲਕ ਹਰਕਿਸ਼ਨ ਨੇ ਮੁਸਕਰਾਉਦੇ ਹੋਏ ਕਿਹਾ, ''ਸਿਰਫ਼ ਇਕ ਸਾਲ।‘‘ ਅਦਾਲਤ ਨੇ ਇਸ ਤੋਂ ਰੋਹ ‘ਚ ਆ ਕੇ ਉਸ ਦੀ ਸਜ਼ਾ ਚਾਰ ਸਾਲ ਕਰ ਦਿੱਤੀ। ਇਸ ‘ਤੇ ਫਿਰ ਹਰਕਿਸ਼ਨ ਨੇ ਕਿਹਾ, ''ਸਿਰਫ਼ ਚਾਰ ਸਾਲ।‘‘ ਜੱਜ ਸ਼ਰਮਿੰਦਾ ਹੋ ਕੇ ਕਹਿਣ ਲੱਗਾ ਕਿ ਇਸ ਜੁਰਮ ‘ਚ ਕਨੂੰਨ ਮੁਤਾਬਕ ਚਾਰ ਸਾਲ ਤੋਂ ਵੱਧ ਸਜ਼ਾ ਨਹੀਂ ਦਿੱਤੀ ਜਾ ਸਕਦੀ। ਇਹ ਚਾਰ ਸਾਲ ਦੀ ਸਜ਼ਾ ਉਨ੍ਹਾਂ ਨੇ ਬੋਰਸਟਲ ਜੇਲ੍ਹ ਲਾਹੌਰ ‘ਚ ਕੱਟੀ ਜਿੱਥੇ ਉਨ੍ਹਾਂ ਨੂੰ ਭਾਰੀ ਕਸ਼ਟ ਸਹਿਣੇ ਪਏ। ਪਰ ਜੇਲ੍ਹ ‘ਚ ਉਨ੍ਹਾਂ ਦੀ ਮੁਲਾਕਾਤ ਬਹੁਤ ਸਾਰੇ ਅਜ਼ਾਦੀ ਘੁਲਾਟੀਆਂ ਨਾਲ ਹੋ ਗਈ। ਸ: ਭਗਤ ਸਿੰਘ ਦੇ ਕਈ ਸਾਥੀ ਵੀ ਇਸ ਜੇਲ੍ਹ ‘ਚ ਬੰਦ ਸਨ, ਜਿਹੜੇ ਕਿ ਮਗਰੋਂ ਵੀ ਕਾਮਰੇਡ ਸੁਰਜੀਤ ਦੇ ਨਿਘੇ ਦੋਸਤ ਤੇ ਸੰਗਰਾਮੀ ਸਾਥੀ ਬਣੇ ਰਹੇ। ਤਿਰੰਗਾ ਝੰਡਾ ਜਿਸ ‘ਚ ਉਸ ਸਮੇਂ ਚਰਖੇ ਦਾ ਨਿਸ਼ਾਨ ਸੀ, ਕਾਂਗਰਸ ਦਾ ਝੰਡਾ ਸੀ, ਮਗਰੋਂ ਚਰਖੇ ਦੀ ਥਾਂ ਅਸ਼ੋਕ ਚੱਕਰ ਨੇ ਲੈ ਲਈ ਤੇ ਇਹ ਕੌਮੀ ਝੰਡੇ ਦੇ ਤੌਰ ‘ਤੇ ਅਪਣਾ ਲਿਆ ਗਿਆ।

ਅਜ਼ਾਦੀ ਦੀ ਲੜਾਈ ਸਮੇਂ ਕਾਮਰੇਡ ਸੁਰਜੀਤ ਨੇ 8 ਸਾਲ ਜੇਲ੍ਹ ਕੱਟੀ। ਦੋ ਸਾਲ ਜੇਲ੍ਹ ਅਜ਼ਾਦੀ ਤੋਂ ਬਾਦ ਕਾਂਗਰਸ ਦੇ ਰਾਜ ‘ਚ ਕੱਟੀ। ਕੁੱਲ ਮਿਲਾ ਕੇ 8 ਸਾਲ ਉਹ ਗੁਪਤਵਾਸ ‘ਚ ਰਹੇ। 1938 ‘ਚ ਉਹ ਪੰਜਾਬ ਕਿਸਾਨ ਸਭਾ ਦੇ ਸੈਕਟਰੀ ਚੁਣੇ ਗਏ। ਇਸ ਤੋਂ ਪਹਿਲਾਂ ਉਹ 1935 ‘ਚ ਕਾਂਗਰਸ ਸੋਸ਼ਲਿਸਟ ਪਾਰਟੀ ‘ਚ ਸ਼ਾਮਲ ਹੋ ਗਏ ਸਨ। ਦੂਜੀ ਸੰਸਾਰ ਜੰਗ ਦੇ ਸਮੇਂ ਉਨ੍ਹਾਂ ਨੂੰ 1940 ‘ਚ ਫਿਰ ਕੈਦ ਕਰ ਲਿਆ ਗਿਆ ਅਤੇ 1944 ‘ਚ ਹੀ ਉਹ ਜੇਲ੍ਹ ਤੋਂ ਬਾਹਰ ਆਏ।

ਅਜ਼ਾਦੀ ਤੋਂ ਬਾਦ ਕਾਮਰੇਡ ਸੁਰਜੀਤ ਭਾਰਤੀ ਕਮਿਊਨਿਸਟ ਪਾਰਟੀ ਦੇ ਸਿਰਕੱਢ ਲੀਡਰਾਂ ‘ਚੋਂ ਸਮਝੇ ਜਾਣ ਲੱਗੇ। ਉਸ ਸਮੇਂ ਸੀ ਪੀ ਆਈ ‘ਚ ਈ ਐਮ ਐਸ ਨਬੂੰਦਰੀਪਦ, ਪੀ ਸੀ ਜੋਸ਼ੀ, ਐਸ ਏ ਡਾਂਗੇ, ਬੀ ਟੀ ਰਣਦੀਵੇ, ਏ ਕੇ ਗੋਪਾਲਨ, ਅਜੈ ਘੋਸ਼, ਪੀ ਰਾਮਾਮੂਰਤੀ, ਪੀ ਸੁੰਦਰਈਆ, ਕਾਮਰੇਡ ਵਾਸੂਪਨਈਆ, ਜਿਓਤੀ ਬਸੂ, ਪਰਮੋਦ ਦਾਸ ਗੁਪਤਾ, ਕਾਮਰੇਡ ਕੋਨਾਰ, ਰਾਜੇਸ਼ਵਰ ਰਾਓ, ਸੋਹਨ ਸਿੰਘ ਜੋਸ਼, ਮੇਜਰ ਜੈਪਾਲ ਅਤੇ ਸਮਰ ਮੁਖਰਜੀ ਵਰਗੇ ਦਿਓਕੱਦ ਲੀਡਰ ਸ਼ਾਮਲ ਸਨ। 1964 ‘ਚ ਜਦੋਂ ਭਾਰਤੀ ਕਮਿਊਨਿਸਟ ਪਾਰਟੀ ਦੋਫਾੜ ਹੋਈ ਤਾਂ ਕਾਮਰੇਡ ਸੁਰਜੀਤ, ਕਾਮਰੇਡ ਨੰਬੂਦਰੀਪਦ, ਜਿਓਤੀ ਬਸੂ, ਏ ਕੇ ਗੋਪਾਲਨ, ਪੀ ਰਾਮਾ ਮੂਰਤੀ, ਵਾਸੂਪਨਈਆ, ਪੀ ਸੁੰਦਰਈਆ, ਪ੍ਰਮੋਦ ਦਾਸ ਗੁਪਤਾ, ਬੀ ਟੀ ਰਣਦੀਵੇ ਆਦਿ ਸਾਰੇ ਜਣੇ ਸੀ ਪੀ ਆਈ (ਐਮ) ‘ਚ ਸ਼ਾਮਲ ਹੋ ਗਏ ਅਤੇ ਫਿਰ ਉਨ੍ਹਾਂ ਨੇ ਆਪਣੇ ਸੰਘਰਸ਼, ਸਿਦਕ, ਸਿਆਸੀ ਦ੍ਰਿੜ੍ਹਤਾ ਤੇ ਸਮਝ ਦਾ ਪ੍ਰਯੋਗ ਕਰ ਕੇ ਸੀ ਪੀ ਆਈ (ਐਮ) ਨੂੰ ਹੀ ਭਾਰਤ ਦੀ ਪ੍ਰਮੁੱਖ ਕਮਿਊਨਿਸਟ ਪਾਰਟੀ ਬਣਾ ਦਿੱਤਾ ਜਿਸ ਦੀ ਅਗਵਾਈ ‘ਚ ਅੱਜ ਭਾਰਤ ਦੇ ਤਿੰਨ ਰਾਜਾਂ ਦੀਆਂ ਸਰਕਾਰਾਂ ਚੱਲ ਰਹੀਆਂ ਹਨ।

ਕਾਮਰੇਡ ਸੁਰਜੀਤ 1954 ‘ਚ ਸੀ ਪੀ ਆਈ ਦੇ ਪੋਲਿਟ ਬਿਊਰੋ ਦੇ ਮੈਂਬਰ ਬਣੇ ਅਤੇ 1992 ‘ਚ ਉਹ ਮਾਰਕਸੀ ਪਾਰਟੀ ਦੇ ਜਨਰਲ ਸਕੱਤਰ ਬਣੇ। ਉਨ੍ਹਾਂ ਦੀ ਅਗਵਾਈ ‘ਚ ਸੀ ਪੀ ਆਈ (ਐਮ) ਨੇ ਪਹਿਲਾਂ 1977 ‘ਚ ਕਾਂਗਰਸ ਦੀ ਕੌਮੀ ਪੱਧਰ ‘ਤੇ ਹਾਰ ਤੋਂ ਬਾਦ ਜਨਤਾ ਪਾਰਟੀ ਦੀ ਸਰਕਾਰ ਬਣਾਉਣ ‘ਚ ਸਰਗਰਮ ਭੂਮਿਕਾ ਨਿਭਾਈ। ਇਸ ਤੋਂ ਮਗਰੋਂ 1989 ਦੀਆਂ ਚੋਣਾਂ ਤੋਂ ਬਾਦ ਸ੍ਰੀ ਵੀ ਪੀ ਸਿੰਘ ਦੀ ਸਰਕਾਰ ਬਣੀ। ਉਹ ਸਰਕਾਰ ਬਣਾਉਣ ‘ਚ ਵੀ ਕਾਮਰੇਡ ਸੁਰਜੀਤ ਦਾ ਮੁੱਖ ਰੋਲ ਸੀ। ਭਾਰਤੀ ਜਨਤਾ ਪਾਰਟੀ ਵੱਲੋਂ ਘੋਰ ਫ਼ਿਰਕਾਪ੍ਰਸਤ ਏਜੰਡਾ ਅਪਣਾਉਣ ਕਾਰਨ ਕਾਮਰੇਡ ਸੁਰਜੀਤ ਨੇ 1991 ‘ਚ ਨਰਸਿਮਹਾ ਰਾਓ ਦੀ ਸਰਕਾਰ ਨੂੰ ਕੁਝ ਸਮੇਂ ਲਈ ਖੱਬੀਆਂ ਧਿਰਾਂ ਦਾ ਸਹਿਯੋਗ ਦੇਣ ਦਾ ਉਪਬੰਧ ਵੀ ਕੀਤਾ। ਫਿਰ ਜਦੋਂ 1996 ਦੀਆਂ ਚੋਣਾਂ ਤੋਂ ਬਾਦ ਸੰਯੁਕਤ ਮੋਰਚੇ ਦੀਆਂ ਦੇਵਗੌੜਾ ਅਤੇ ਗੁਜਰਾਲ ਸਰਕਾਰਾਂ ਬਣੀਆਂ ਤਾਂ ਕਾਮਰੇਡ ਸੁਰਜੀਤ ਦਾ ਇਨ੍ਹਾਂ ਦੇ ਗਠਨ ‘ਚ ਪ੍ਰਮੁੱਖ ਰੋਲ ਸੀ। ਇਸ ਤੋਂ ਮਗਰੋਂ 2004 ‘ਚ ਭਾਜਪਾ ਦੀ ਹਾਰ ਤੋਂ ਬਾਦ ਕਾਂਗਰਸ ਦੀ ਅਗਵਾਈ ਵਾਲੀ ਮਨਮੋਹਨ ਸਿੰਘ ਸਰਕਾਰ ਦੇ ਆਯੋਜਨ ‘ਚ ਵੀ ਉਨ੍ਹਾਂ ਦੀ ਪ੍ਰਮੁੱਖ ਭੂਮਿਕਾ ਸੀ। ਉਨ੍ਹਾਂ ਨੇ ਹੀ ਆਪਣੇ ਹੋਰ ਖੱਬੇ ਪੱਖੀ ਸਾਥੀਆਂ ਦਾ ਸਹਿਯੋਗ ਪ੍ਰਾਪਤ ਕਰ ਕੇ ਕਾਂਗਰਸ ਦੀ ਧਰਮ ਨਿਰਪੱਖ ਸਰਕਾਰ ਨੂੰ ਬਾਹਰੋਂ ਸਹਿਯੋਗ ਦੇ ਕੇ ਮੌਜੂਦਾ ਸਰਕਾਰ ਨੂੰ ਸੱਤਾ ਸੰਭਾਲਣ ਦੇ ਯੋਗ ਬਣਾਇਆ। ਕਾਮਰੇਡ ਸੁਰਜੀਤ ਅਪ੍ਰੈਲ 2005 ਤੱਕ ਸੀ ਪੀ ਆਈ (ਐਮ) ਦੇ ਜਨਰਲ ਸਕੱਤਰ ਰਹੇ ਤੇ ਫਿਰ ਉਨ੍ਹਾਂ ਨੇ ਸਮੁੱਚੀ ਪਾਰਟੀ ਲੀਡਰਸ਼ਿਪ ਦੀ ਸਹਿਮਤੀ ਨਾਲ ਕਾਮਰੇਡ ਪ੍ਰਕਾਸ਼ ਕਰਤ ਨੂੰ ਪਾਰਟੀ ਦੇ ਜਨਰਲ ਸਕੱਤਰ ਬਣਾਉਣ ‘ਚ ਅਹਿਮ ਰੋਲ ਅਦਾ ਕੀਤਾ।

ਸਿਰਫ਼ ਕੌਮੀ ਪੱਧਰ ‘ਤੇ ਹੀ ਕਾਮਰੇਡ ਸੁਰਜੀਤ ਨੂੰ ਇਕ ਪ੍ਰਸਿੱਧ ਸਿਆਸਤਦਾਨ ਤੇ ਨੀਤੀਵਾਨ ਨਹੀਂ ਸਮਝਿਆ ਜਾਂਦਾ ਸਗੋਂ ਸਾਰੇ ਸੰਸਾਰ ‘ਚ ਉਨ੍ਹਾਂ ਦੀ ਸਿਆਸੀ ਪ੍ਰਤਿਭਾ ਦਾ ਸਿੱਕਾ ਸਿਰਕੱਢ ਸਿਆਸਤਦਾਨ ਮੰਨਦੇ ਰਹੇ ਹਨ। ਫ਼ਲਸਤੀਨੀ ਮੁਕਤੀ ਮੋਰਚੇ ਦੇ ਸੰਚਾਲਕ ਯਾੱਸਰ ਅਰਾਫ਼ਾਤ, ਕਿਊਬਾ ਦੇ ਲੈਜੰਡਰੀ ਨੇਤਾ ਫ਼ੀਦਲ ਕਾਸਤਰੋ, ਵਿਅਤਨਾਮ ਦੀ ਪ੍ਰਮੁੱਖ ਲੀਡਰਸ਼ਿਪ, ਚੀਨ ਦੀ ਕਮਿਊਨਿਸਟ ਪਾਰਟੀ ਦੇ ਨਾਮਵਰ ਨੇਤਾ ਅਤੇ ਹੋਰ ਸੰਸਾਰ ਦੀਆਂ ਦਰਜਨਾਂ ਹੀ ਕਮਿਊਨਿਸਟ ਅਤੇ ਖੱਬੀਆਂ ਪਾਰਟੀਆਂ ਤੇ ਸਿਰਕੱਢ ਨੇਤਾਵਾਂ ਤੇ ਸਿਧਾਂਤਕਾਰਾਂ ਦੇ ਕਾਮਰੇਡ ਸੁਰਜੀਤ ਨਾਲ ਬਹੁਤ ਹੀ ਨਿਘੇ ਸਬੰਧ ਰਹੇ ਹਨ। ਉਨ੍ਹਾਂ ਕੌਮਾਂਤਰੀ ਮੰਚ ‘ਤੇ ਹਮੇਸ਼ਾ ਭਾਰਤ ਦੇ ਕੌਮੀ ਹਿੱਤਾਂ ਅਨੁਸਾਰ ਆਪਣੀ ਸਰਗਰਮ ਭੂਮਿਕਾ ਨਿਭਾਈ ਹੈ। ਆਪਣੇ 92 ਸਾਲ ਦੇ ਲੰਮੇਂ ਜੀਵਨ ‘ਚ ਉਨ੍ਹਾਂ ਨੇ ਸਰਗਰਮ ਸਿਆਸਤ ‘ਚ ਹਮੇਸ਼ਾ ਕਾਰਗਰ ਅਤੇ ਸਕਾਰਾਤਮਕ ਰੋਲ ਨਿਭਾਇਆ। ਇਕ ਨਾਮਵਰ ਕਮਿਊਨਿਸਟ ਨੇਤਾ ਹੋਣ ਦੇ ਨਾਤੇ ਉਨ੍ਹਾਂ ਨੇ ਹਮੇਸ਼ਾ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਅਤੇ ਨੌਜਵਾਨਾਂ ਦੇ ਹਿੱਤ ‘ਚ ਆਪਣੀ ਸਾਰੀ ਸਿਆਸਤ ਨੂੰ ਸੇਧਤ ਰੱਖਿਆ। ਕੌਮਾਂਤਰੀ ਪੱਧਰ ‘ਤੇ ਉਹ ਹਮੇਸ਼ਾ ਸਾਮਰਾਜ ਵਿਰੋਧੀ ਮੰਚ ‘ਤੇ ਇਕ ਚੱਟਾਨ ਦੀ ਤਰ੍ਹਾਂ ਡਟੇ ਰਹੇ ਅਤੇ ਦੁਨੀਆਂ ਦੀਆਂ ਸਾਰੀਆਂ ਸੰਘਰਸ਼ ਕਰ ਰਹੀਆਂ ਕੌਮਾਂ ਦਾ ਉਨ੍ਹਾਂ ਦੀ ਅਜ਼ਾਦੀ ਦੀ ਲੜਾਈ ‘ਚ ਬੜੀ ਦ੍ਰਿੜ੍ਹਤਾ ਨਾਲ ਸਾਥ ਦਿੱਤਾ।

ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੇ ਸਿਆਸਤ ਨੂੰ ਹਮੇਸ਼ਾ ਲੋਕ ਹਿਤ ਲਈ ਵਰਤਿਆ। ਸੱਤ ਦਹਾਕਿਆਂ ਦੀ ਆਪਣੀ ਸਰਗਰਮ ਸਿਆਸਤ ਦੇ ਸਮੇਂ ‘ਚ ਉਨ੍ਹਾਂ ਨੇ ਕੋਈ ਜਾਇਦਾਦ ਨਹੀਂ ਬਣਾਈ ਅਤੇ ਹਰ ਕਿਸਮ ਦੀ ਅਨੈਤਿਕਤਾ ਤੋਂ ਮੁਕਤ ਰਹੇ। ਉਨ੍ਹਾਂ ਨੇ ਆਪਣੇ ਹਿੱਸੇ ਦੀ ਸਾਰੀ ਜਾਇਦਾਦ ਵੀ ਆਪਣੀ ਪਾਰਟੀ ਦੇ ਨਾਂ ਕਰ ਕੇ ਨੌਜੁਆਨਾਂ ਲਈ ਤਿਆਗ ਦੀ ਵਡਮੁੱਲੀ ਮਿਸਾਲ ਕਾਇਮ ਕੀਤੀ।

ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਤੁਰ ਜਾਣ ਨਾਲ ਦੇਸ਼ ਨੇ ਇਕ ਦੂਰਦ੍ਰਿਸ਼ਟੀ ਵਾਲਾ ਸੂਝਵਾਨ ਸਿਆਸਤਦਾਨ ਹੀ ਨਹੀਂ ਗੁਆਇਆ ਸਗੋਂ ਅਜੋਕੇ ਭਾਰਤ ਦਾ ਇਕ ਪ੍ਰਮੁੱਖ ਉਸਰਈਆ ਵੀ ਗੁਆ ਲਿਆ ਹੈ ਜਿਸ ਦੀ ਘਾਟ ਭਾਰਤੀ ਸਿਆਸੀ ਸੀਨ ‘ਤੇ ਹਮੇਸ਼ਾ ਰੜਕਦੀ ਰਹੇਗੀ।

ਦੇਸ਼ ਸੇਵਕ ਦੇ ਸੰਸਥਾਪਕ ਤੇ 'ਦੇਸ਼ ਸੇਵਕ ਟਰਸਟ‘ ਦੇ ਚੇਅਰਮੈਨ ਦੇ ਤੌਰ ‘ਤੇ ਇਸ ਅਖ਼ਬਾਰ ਦੇ ਸਾਰੇ ਅਮਲੇ ਨੂੰ ਉਨ੍ਹਾਂ ਦੇ ਜਾਣ ਨਾਲ ਗਹਿਰਾ ਸਦਮਾ ਪਹੁੰਚਿਆ ਹੈ ਜਿਸ ਨੂੰ ਸ਼ਬਦਾਂ ‘ਚ ਬਿਆਨ ਨਹੀਂ ਕੀਤਾ ਜਾ ਸਕਦਾ। ਪਰ ਇਸ ਸਭ ਕੁਝ ਦੇ ਨਾਲ-ਨਾਲ ਇਕ ਸਕੂਨ ਵੀ ਹੈ ਕਿ ਅਜੋਕੇ ਭਾਰਤ ਦੇ ਆਮ ਲੋਕ, ਸਿਆਸਤਦਾਨ, ਨੌਜੁਆਨ, ਵਿਦਿਆਰਥੀ ਅਤੇ ਮਜ਼ਦੂਰ-ਕਿਸਾਨ ਉਨ੍ਹਾਂ ਦੀ ਨਿੱਗਰ ਇਤਿਹਾਸਕ ਦੇਣ ‘ਤੇ ਹਮੇਸ਼ਾ ਫੁੱਲ ਚੜ੍ਹਾਉਦੇ ਰਹਿਣਗੇ।

ਧੰਨਵਾਦ ਨਾਲ "ਦੇਸ਼ ਸੇਵਕ"

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)