WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਇਕ ਉਮੀਦ ਜਗਾ ਗਏ ਜਲੰਧਰ ਦੇ ਅਮਨ ਮੇਲੇ
- ਜਗਜੀਤ ਸਿੰਘ ਆਨੰਦ

ਪਿਛਲਾ ਸਤਵਾੜਾ ਵਡਭਾਗਾ ਸੀ ਜਲੰਧਰ ਵਾਲਿਆ ਲਈ। ਪਹਿਲਾਂ ਤਾਂ ਗੀਤ ਸੰਗੀਤ ਦੇ ਭਰਪੂਰ ਪਰਾਗੇ ਮਿਲਦੇ ਰਹੇ ਭਾਰਤੀ ਪੰਜਾਬ ਤੇ ਪਾਕਿਸਤਾਨੀ ਪੰਜਾਬ ਦੇ ਨਾਮਣੇ ਵਾਲੇ ਕਲਾਕਾਰਾਂ ਦੀ ਪੇਸ਼ਕਾਰੀਆਂ ਕਾਰਨ। ਅਗਲੇ ਤਿੰਨ ਦਿਨ ਤੇ ਦੋ ਰਾਤਾਂ ਉੜੀਸਾ, ਝਾਰਖੰਡ ਤੇ ਛਤੀਸਗੜ੍ਹ ਤੋਂ ਲੈ ਕੇ ਦੇਸ਼ ਦੇ ਵਖੋ ਵਖ ਪ੍ਰਾਂਤਾਂ ਤੋਂ ਉਹ ਲੋਕ ਜੁੜੇ, ਜਿਹੜੇ ਦੀਦੀ ਨਿਰਮਲਾ ਦੇਸ਼ਪਾਂਡੇ ਦੀ ਅਗਵਾਈ ਹੇਠ ਗਾਂਧੀ ਜੀ ਤੇ ਵਿਨੋਬਾ ਭਾਵੇ ਤੋਂ ਪ੍ਰੇਨਾ ਲੈਣ ਵਾਲੇ ਅਕਿਲ ਭਾਰਤੀ ਰਚਨਾਤਮਕ ਮੰਚ ਤੇ ਐਸੋਸੀਏਸ਼ਨ ਆਫ ਪੀਪਲਜ਼ ਆਫ ਏਸ਼ੀਆ ਨਾਲ ਸਬੰਧਤ ਹਨ।

ਇਕ ਪਾਸੇ ਜੇ ਪਛਮੀ ਬੰਗਾਲ ਤੇ ਅਸਾਮ ਤੋਂ ਤਕੜੇ ਡੈਲੀਗੇਸ਼ਨ ਆਏ, ਦੂਜੇ ਪਾਸੇ ਸਾਡੇ ਵਾਲੇ ਕਸ਼ਮੀਰ ਦੇ ਵੀ ਤੇ ਪੱਛਮੀ ਪਾਕਿਸਤਾਨ ਦੇ ਵੀ ਲੋਕ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਪਾਕਿਸਤਾਨੀ ਡੈਲੀਗੇਸ਼ਨ ਵਿਚ ਤਾਂ ਕਰਾਚੀ, ਪੇਸ਼ਾਵਰ, ਫੈਸਲਾਬਾਦ, ਸਾਹੀਵਾਲ, ਕੋਇਟਾ ਤੇ ਲਾਹੌਰ ਸਮੇਤ 500 ਤੋਂ ਉਪਰ ਥਾਵਾਂ ਤੋਂ ਦੋਸਤੀ ਤੇ ਅਮਨ ਦੇ ਮਤਵਾਲੇ ਪਹੁੰਚੇ, ਜਿਨ੍ਹਾਂ ਵਿਚ ਬਲੋਚਿਸਤਾਨੀ ਬੀਬੀਆਂ ਵੀ ਸਨ ਤੇ ਇਸਲਾਮਾਬਾਦੀ ਸੁਆਣੀਆਂ ਵੀ।

ਦੇਸ਼ ਦੀ ਵੰਡ ਤੋਂ ਪਹਿਲਾਂ ਵਾਲੇ ਹਿੰਦੋਸਤਾਨ ਦਾ ਨਕਸ਼ਾ ਮੁੜ ਅਖਾਂ ਸਾਹਮਣੇ ਉਭਰ ਆਇਆ। ਰਾਹ ਦੀ ਦੁਸ਼ਵਾਰੀਆਂ ਦਾ ਜ਼ਿਕਰ ਕਰੀਏ ਤਾਂ, ਹੋਰ ਜੋ ਹੋਇਆ, ਜਿਵੇਂ ਲਾਹੌਰ ਤੋਂ ਜਲੰਧਰ ਤਕ ਦਾ ਫਾਸਲਾ ਢਾਈ ਤਿੰਨਾਂ ਘੰਟਿਆ ਦੀ ਥਾ ਬਾਰਾਂ ਘੰਟਿਆਂ ਤੋਂ ਵੀ ਉਪਰ ਦਾ ਹੋ ਨਿਬੜਿਆ, ਜਿਵੇਂ ਵਾਹਗਾ ਲੰਘਣ ਤੋਂ ਬਾਅਦ ਵੀ ਸਾਡੇ ਪਾਸੇ ਵਾਲੇ ਜਾਂਚ ਅਧਿਕਾਰੀਆਂ ਨੇ ਜ਼ਿੱਚ ਤੇ ਖੁਆਰ ਕੀਤਾ ਉਧਰੋਂ ਆਏ ਪ੍ਰਾਹੁਣਿਆਂ ਨੂੰ, ਉਸ ਤੇ ਤਾਂ ਇਕੋ ਗੱਲ ਉਭਰਦੀ ਹੈ ਕਿ ਇਸ ਸਾਰੇ ਪੜਤਾਲੀਆ ਅਮਲੇ ਨੂੰ ਤੁਰੰਤ ਤਬਦੀਲ ਕਰ ਦੇਣਾ ਚਾਹੀਦਾ ਹੈ ਤੇ ਅਗੋਂ ਤੋਂ ਵੀ ਜਿਨ੍ਹਾਂ ਨੂੰ ਅਜਿਹੀ ਡਿਊਟੀ ਤੇ ਭੇਜਿਆ ਜਾਵੇ, ਉਨ੍ਹਾਂ ਦੇ ਦਿਮਾਗਾਂ ਦੀ ਚੰਗੀ ਧੁਲਾਈ ਕੀਤੀ ਜਾਣੀ ਬਣਦੀ ਹੈ, ਜਿਨ੍ਹਾਂ ਦੇ ਵਤੀਰੇ ਨੇ ਪਹਿਲਾਂ ਪ੍ਰਭਾਵ ਪਾਉਣਾ ਹੈ ਸਾਡੇ ਦੇਸ਼ ਦੇ ਚੰਗੇ ਮੰਦੇ ਦਾ।

ਪਹਿਲੇ ਦੋ ਦਿਨ ਤਾਂ ਅਜਿਹੇ ਸਮਾਗਮ ਹੋਏ, ਜਿਨ੍ਹਾਂ ਵਿਚ ਆਪੋ ਆਪਣੇ ਵਿਚਾਰ ਰਖੇ ਚੁਣੇ ਪ੍ਰਤੀਨਿਧਾਂ ਨੇ। ਪਰ ਤੀਜੇ ਦਿਨ ਅਮਨ ਤੇ ਦੋਸਤੀ ਦੀ ਲਹਿਰ ਦੇ ਦੇਸ਼ ਭਰ ਵਿਚੋਂ ਆਏ 500 ਤੋਂ ਉਪਰ ਕਾਰਜਕਰਤਾਵਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਨ ਤੇ ਅੰਤਲੇ ਸੰਦੇਸ਼ ਵਟਾਉਣ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਸਟੇਡੀਅਮ ਦਾ ਖੁਲ੍ਹ ਵਿਹੜਾ ਸਾਰੇ ਡੈਲੀਗੇਟਾਂ ਵਾਸਤੇ ਨਿਕੇ ਵੱਡੇ ਟੋਲਿਆਂ ਵਿਚ ਬੈਠ ਕੇ ਆਪਸੀ ਮੁਹੱਬਤ ਦੀ ਗਲੋਲੜੀਆਂ ਦਾ ਅਖਾੜਾ ਹੀ ਬਣਿਆ ਰਿਹਾ। ਸਦਭਾਵਨਾ, ਭਰਪਣ ਤੇ ਸੁਭ ਇਛਾਵਾਂਦੇ ਜੋ ਨਜ਼ਾਰੇ ਪੇਸ਼ ਹੋਏ, ਉਹ ਦਰਸਾਉਂਦੇ ਸਨ ਕਿ ਜੇ ਆਉਣ ਜਾਣ ਦੀ ਖੁਲ੍ਹਾਂ ਹੋਰ ਵਧ ਜਾਣ ਤਾਂ ਸਿਆਸੀ ਹੱਦਾਂ ਭਾਵੇਂ ਕਾਇਮ ਰਹਿਣ, ਮੁਹਬਤ ਦਾ ਹੜ੍ਹ ਸਭ ਸੰਕਿਆਂ, ਸ਼ਿਕਵਿਆ ਨੂੰ ਹੂੰਝ ਕੇ ਪਾਸੇ ਕਰ ਦੇਵੇਗਾ। ਮੇਲੇ ਦੋ ਸਨ, ਦੋ ਵਖ ਵਖ ਵੰਨਗੀਆਂ ਦੇ। ਇਕ ਵਿਚ ਸਭਿਆਚਾਰਕ ਵਟਾਂਦਰਾ ਹੀ ਛਾਇਆ ਰਿਹਾ। ਸਾਡੇ ਗਾਇਕਾਂ ਤੇ ਓਧਰ ਦੇ ਫਨਕਾਰਾਂ ਨੇ ਅਜਿਹੀਆਂ ਵੰਨਗੀਆਂ ਪੇਸ਼ ਕੀਤੀਆਂ ਕਿ ਸਰੋਤਿਆਂ ਦੇ ਦਿਲਾਂਦੀ ਤਰਬਾਂ  ਤਰੰਗਤ ਹੋ ਉਠੀਆਂ। ਇਕ ਪਾਸੇ ਜੇ ਗੁਰਦਾਸ ਮਾਨ, ਹਰਭਜਨ ਮਾਨ ਤੇ ਸਰਬਜੀਤ ਚੀਮਾ ਆਪਣੀ ਗਾਇਕੀ ਦੇ ਸਿਖਰਲੇ ਨਮੂਨੇ ਪੇਸ਼ ਕਰ ਰਹੇ ਸਨ ਤਾਂ ਦੂਜੇ ਪਾਸੇ ਜੱਟ ਬ੍ਰਦਰਜ਼, ਸੁਰਈਆ ਖਾਨਮ, ਨਸੀਬੋ ਤੇ ਹੋਰ ਅਦਕਾਰਾਂ ਨੇ ਵੀ ਧੂੜਾਂ ਪੱਟ ਦਿਤੀਆਂ।

ਦੂਜੇ ਸਮਾਗਮ ਵਿਚ ਝਾਰਖੰਡ, ਮਧ ਪ੍ਰਦੇਸ਼, ਰਾਜਸਥਾਨ ਤੇ ਹੋਰਨਾਂ ਪ੍ਰਾਂਤਾਂ ਦੇ ਅਸਲੋਂ ਧਰਤੀ ਨਾਲ ਜੁੜੇ ਲੋਕਾਂ ਨੇ ਭਾਰਤ ਭਰ ਦੀ ਕਲਾਤਮਕ ਸਮਸਕ੍ਰਿਤੀ ਦੇ ਕਮਾਲ ਦੇ ਨਮੂਨੇ ਪੇਸ਼ ਕੀਤੇ।

ਭਾਰਤ ਨਾਟਿਅਮ ਤੋਂ ਲੈ ਕੇ ਸ਼ਾਸਤਰੀ ਨਾਚ ਸੰਗੀਤ ਦੀ ਵੰਨਗੀਆਂ ਵੀ ਸਾਕਾਰ ਕੀਤੀਆਂ ਗਈਆਂ ਤੇ ਜੰਗਲਾਂ ਵਿਚ ਵਸਣ ਵਾਲੇ ਆਦਿਵਾਸੀਆਂ ਦੀ ਹੂਕਾਂ ਤਰੰਗਾਂ ਨੂੰ ਵੀ ਰੂਪਮਾਨ ਕੀਤਾ ਗਿਆ।

ਸਾਂਝ ਵੀ ਤੇ ਵਖਰੇਵਾਂ ਵੀ ਨਜ਼ਰ ਆਇਆ

ਮੁਹੱਬਤ ਦੇ ਦੋਵਾਂ ਮੇਲਿਆਂ ਵਿਚ ਸਾਂਝ ਤੇ ਸੁਹਿਰਦਤਾ ਤਾਂ ਇਕੋ ਜਿਹੀ ਸੀ ਪਰ ਵਖਰੇਵਾਂ ਵੀ ਤਕੜਾ ਸੀ। ਜੇ ਇਕੋ ਪਖ ਨੂੰ ਲਿਆ ਜਾਵੇ ਤਾਂ ਇਕ ਮੇਲਾ ਰੱਜਿਆ ਪੁਜਿਆਂ, ਖਾਂਦਿਆਂ, ਪੀਦਿਆਂ, ਤੇ ਮਧਵਰਗੀਆਂ ਤਕ ਸੀਮਤ ਸੀ। ਜ਼ਰਕ ਵਰਕ ਤੇ ਤੜਕ ਭੜਕ ਵੀ ਉਸ ਮੇਲੇ ਦੀ ਇਹੋ ਸੁਝਾਉਂਦੀ ਸੀ। ਆਏ ਪ੍ਰਾਹੁਣਿਆਂ ਦੀਆਂ ਲੋੜਾਂਵਲ ਪਹਿਲਾਂ ਧਿਆਨ ਕੇਂਦਰਿਤ ਕਰਨ ਦੀ ਥਾਂ ਵਜ਼ੀਰਾਂ ਅਹਿਲਕਾਰਾਂ ਵਲੋਂ ਵਧੀਆ ਕੁਰਸੀਆਂ ਮਲਣ ਦੀ ਉਤੇਜਨਾ ਵੀ ਇਸ ਹੱਦ ਤਕ ਸੀ ਕਿ ਉਸ ਪਾਰ ਦੇ ਸੱਜਣਾਂ ਵਿਚੋਂ ਵੀ ਕਈਆਂ ਨੂੰ ਥਾਂ ਲਭਣ ਵਿਚ ਅਜਿਹੀਆਂ ਦਿਕਤਾਂ ਪੇਸ਼ ਆਈਆਂ, ਜਿਹੜੀਆਂ ਸਾਡੇ ਇਧਰਲਿਆਂ ਦੀ ਥੋੜ੍ਹ ਦ੍ਰਿਸ਼ਟੀ ਵਾਲੀ ਹਾਬੜ ਦੀ ਦੇਣ ਹੀ ਸਨ।

ਦੋਹਾਂ ਹੀ ਮੇਲਿਆਂ ਦੇ ਪ੍ਰਬੰਧ ਵਿਚ ਸਰਕਾਰ ਦਾ ਸਹਿਯੋਗ ਸਪਸ਼ਟ ਲਭਦਾ ਸੀ ਤੇ ਕੋਈ ਮਾੜੀ ਗੱਲ ਵੀ ਨਹੀਂ। ਜਦੋਂ ਗੁਆਂਢੀ ਦੇਸ਼ ਦੇ ਜਾਂ ਫਿਰ ਨੇੜਲੇ ਦੂਰਲੇ ਪ੍ਰਾਂਤਾਂ ਦੇ ਲੋਕ ਸਾਡੇ ਸਹਿਰ ਨੂੰ ਭਾਗ ਲਾਉਣ ਆਉਣ, ਉਨ੍ਹਾਂ ਦੀ ਹਰ ਸਹੂਲਤ ਦਾ ਖਿਆਲ ਰਖਣਾ ਸਾਰਿਆਂ ਦਾ ਫਰਜ਼ ਬਣ ਜਾਂਦਾ ਹੈ ਕਿਉਂਕਿ ਜੋ ਖਟਾ ਮਿੱਠਾ ਸਵਾਦ ਆਏ ਮਹਿਮਾਨ ਲੈ ਕੇ ਜਾਂਦੇ ਹਨ, ਉਸ ਦੀ ਚਰਚਾ ਚਾਰੇ ਪਾਸੇ ਖਿਲਰ ਜਾਂਦੀ ਹੈ।

ਪਹਿਲੇ ਮੇਲੇ ਦੇ ਮੁਖ ਪ੍ਰਬੰਧਕ ਨੇ ਆਪ ਤਾਂ ਆਪਣੇ ਨਿੱਜ ਦਾ ਵਿਖਾਲਾ ਪਾਉਣ ਤੋਂ ਪੂਰਾ ਸੰਕੋਚ ਕਿਤਾ ਪਰ ਨਾ ਉਸ ਦੇ ਸਹਾਇਕਾਂ ਤੇ ਨਾ ਹੀ ਜਲੰਧਰ ਦੇ ਉਤਲੀ ਸ੍ਰੇਣੀ ਵਾਲੇ ਲੋਕਾਂ ਬਾਰੇ ਗੱਲ ਆਖੀ ਜਾ ਸਕਦੀ ਹੈ। ਦੂਜੇ ਮੇਲੇ ਵਿਚ ਪ੍ਰਬੰਧ ਤਾਂ ਦਿਸਦੇ ਸਨ ਪਰ ਪ੍ਰਬੰਧਕਾਂ ਵਿਚੋਂ ਕੋਈ ਵੀ ਚੌਧਰ ਜਮਾਉਣ ਜਾਂ ਆਪਾ ਉਛਾਲਣ ਵਾਲਾ ਨਜ਼ਰੀਂ ਨਾ ਪਿਆ। ਉਂਝ ਪ੍ਰਬੰਧ ਰਿਹਾਇਸ਼ ਦੇ ਵੀ ਤੇ ਲੰਗਰ ਪਾਣੀ ਦੇ ਵੀ ਹਰ ਥਾਂ ਵੱਡੀ ਸਹੂਲਤ ਵਾਲੇ ਵੀ ਤੇ ਸੁਖਾਵੇਂ ਵੀ ਸਨ।

ਇਕ ਇਕ ਡੈਲੀਗੇਸ਼ਨ ਵਿਚ ਬੈਠ ਕੇ ਜੋ ਜਾਣਕਾਰੀ ਮਿਲੀ ਤੇ ਇਧਰੋਂ ਉਧਰੋਂ ਵੀ ਜੋ ਬਿੜਕਾਂਕੰਨੀਂ ਪਈਆਂ, ਉਨ੍ਹਾਂ ਤੋਂ ਸਲਾਹੁਤਾ ਹੀ ਲਭੀ। ਵੱਡੇ ਵੱਡੇ ਮਹਾ ਸੰਮੇਲਨ ਰਾਜਸੀ ਪਾਰਟੀਆਂ ਦੇ ਵੀ ਤੇ ਅਮਨ ਤੇ ਦੋਸਤੀ ਦੀ ਸਭਾਵਾਂ ਦੇ ਵੀ ਵੇਖੇ ਹੰਢਾਏ ਹਨ, ਕਿਤੇ ਨਾ ਕਿਤੇ, ਕੋਈ ਨਾ ਕੋਈ ਕਸਰ ਤਾਂ ਪ੍ਰਬੰਧਕ ਘਾਟਾਂ ਦੀ ਸਾਹਮਣੇ ਹਰ ਥਾਂ ਦ੍ਰਿਸ਼ਟੀ ਗੋਚਰ ਹੋ ਜਾਂਦੀ ਸੀ ਪਰ ਜਲੰਧ੍ਰ ਦੇ ਅਮਨ ਮੇਲੇ ਵਿਚ ਤਾਂ ਪੈਰਾਂ ਤੋਂ ਨੰਗੇ ਸੰਖੇਪ ਜਿਹੇ ਤਨ ਦੇ ਕਪੜਿਆਂ ਵਾਲੇ ਅਸਲੋਂ ਸਾਧਾਰਨ ਲੋਕਾਂ ਵਲੋਂ ਵੀ ਕਿਸੇ ਬੇਰੁਖੀ ਜਾਂ ਅਣਗਹਿਲੀ ਦੀ ਭਿਣਕ ਨਹੀਂ ਪਈ।

ਅਮਨ ਤੇ ਦੋਸਤੀ ਦੇ ਮੇਲੇ ਵਿਚ ਵਖਿਆਨਾਂ, ਮਤਿਆਂ ਰਾਹੀਂ ਵਿਚਾਰ ਪ੍ਰਵਾਹ ਵੀ ਤਕੜਾ ਸੀ। ਭਾਵੇਂ ਕੋਈ ਬਿਹਾਰ ਤੋਂ ਆਇਆ, ਕੋਈ ਬੰਗਾਲ ਤੋਂ ਤੇ ਕੋਈ ਮੁੰਬਈ ਤੋਂ, ਨਾ ਦੇਸ਼ ਵਿਚਲਾ ਬੋਲਣ ਵਾਲਾ ਮੇਲੇ ਦੇ ਉਦੇਸ਼ਾਂ ਨੂੰ ਪੇਸ਼ ਕਰਨ ਵਿਚ ਪਿਛੇ ਰਿਹਾ ਤੇ ਨਾ ਹੀ ਗੁਆਂਢੀ ਦੇਸ਼ ਤੋਂ ਆਇਆ। ਸਗੋਂ ਕਰਾਚੀ ਤੋਂ ਆਏ ਕਰਾਮਤ ਅਲੀ ਸਾਹਿਬ ਦੀ ਤਕਰੀਰ ਤਾਂ ਨਿਘ ਤੇ ਭਰਪਣ ਦੇ ਪਖੋਂ ਵੀ ਤੇ ਸਾਰ ਤੱਤ ਦੇ ਪਖੋਂ ਵੀ ਉਚ ਪਾਏ ਦੀ ਹੋ ਨਿਬੜੀ।

ਜੇ ਕੋਈ ਗੱਲ ਇਸ ਮੇਲੇ ਬਾਰੇ ਰੜਕਦੀ ਹੈ ਤਾਂ ਉਹ ਸਾਡੀ ਆਪਣੀ ਪਤਰਕਾਰ ਬਰਾਦਰੀ ਵਿਚਲੇ ਕੁਝ ਅਨਸਰਾਂ ਦੀ ਗੈਰ ਜ਼ਿੰਮੇਵਾਰੀ ਦੀ ਵੀ ਤੇ ਚਟਪਟੇ ਮਸਾਲੇ ਪੇਸ਼ ਕਰਨ ਕਾਤਰ ਮਨਘੜਤ ਤੇ ਬੇਮਤਲਬੀਆਂ ਖਬਰਾਂ ਉਛਾਲਣ ਦੀ।

ਜਲੰਧਰ ਹੋਵੇ ਉਤਰੀ ਭਾਰਤ ਦਾ ਸਭ ਤੋਂ ਵੱਡਾ ਅਖਬਾਰਾਂ ਦਾ ਕੇਂਦਰ, ਅਖਬਾਰਾਂ ਚਲਾਉਣ ਵਾਲਿਆਂ ਵਿਚ ਵੀ ਨਾ ਸੁਹਰਦਤਾ ਦੀ ਘਾਟ ਹੋਵੇ, ਨਾ ਥਾਂ ਦੇਣ ਦੀ ਪਰ ਖਬਰਾਂ ਬਣਾਉਣ ਵਾਲੇ ਵਿਚਾਰਧਾਰਕ ਸੋਧ ਤੋਂ ਵੀ ਸਖਣੇ ਹੋਣ, ਸੁਹਿਰਦਤਾ ਤੋਂ ਵੀ ਤੇ ਆਪਣੇ ਕੰਮ ਖੇਤਰ ਨੂੰ ਗੰਭੀਰਤਾ ਨਾਲ ਲੇਣ ਦੇ ਪਖੋਂ ਵੀ ਤਾਂ ਇਕ ਰਿਪੋਰਟ ਵਿਚ ਆਪਾ ਵਿਰੋਧੀ ਗਲਾਂ ਉਭਰਨੀਆਂ ਜ਼ਰੂਰੀ ਹੋ ਜਾਂਦੀਆਂ ਹਨ।

ਫਿਰ ਵੀ ਸਮੁਚਾ ਪ੍ਰਭਾਵ ਇਨ੍ਹਾਂ ਦੋਵਾਂ ਮੇਲਿਆਂ ਦਾ ਇਹ ਪਿਆ ਹੈ ਕਿ ਸਾਧਾਰਨ ਲੋਕਾਂ ਦਾ ਆਪਸੀ ਅਦਾਨ ਪ੍ਰਦਾਨ ਹੋਰ ਵਧ ਜਾਵੇ ਤਾਂ ਸਰਹਦਾਂ ਤੇ ਬਿਠਾਈਆਂ ਫੌਜਾਂ ਦੇ ਖਰਚੇ ਕਿਤੇ ਘਟਾਏ ਜਾ ਸਕਦੇ ਹਨ ਤੇ ਦੋਵਾਂ ਦੇਸ਼ਾਂ ਦੀ ਸਰਕਾਰਾਂ ਗਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ, ਸਿਹਤ ਸੰਭਾਲ ਵਲੋਂ ਅਣਗਹਿਲੀ ਵਾਲੀ ਹੁਣ ਦੀ ਹਾਲਤ ਨੂੰ ਸੁਧਾਰਨ ਲਈ ਵੱਡੇ ਸਾਰਥਕ ਉਦਮ ਨੇਪਰੇ ਚਾੜ੍ਹਨ ਦੇ ਸਮਰਥ ਹੋ ਸਕਦੀਆਂ ਹਨ।

 

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com