WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਦਾਗ, ਜੇਲ੍ਹ ਬਨਾਮ ਕੁਰਸੀ

- ਗੁਰਦੀਪ ਸਿੰਘ ਢੁੱਡੀ

ਇੱਕ ਵੱਡੇ ਹਿੱਸੇ ਦੀ ਸਿਆਸਤ ਦੇ ਗਲਿਆਰਿਆਂ ਵਿਚ ਅੱਜ ਕਲ੍ਹ ਦਾਗੀ ਸ਼ਬਦ ਦੀ ਖਾਸੀ ਉਪਮਾ ਹੁੰਦੀ ਹੈ। ਦਾਗੀ ਸ਼ਬਦ ਨਾਲ ਅੱਗੇ ਜੇਲ੍ਹ ਸ਼ਬਦ ਵੀ ਆ ਧਮਕਦਾ ਹੈ ਅਤੇ ਜੇਲ੍ਹ ਤੋਂ ਅੱਗੇ ਕੁਰਸੀ ਯਾਦ ਆਉਂਦੀ ਹੈ। ਬੁੱਧੀਜੀਵੀ ਹਲਕਿਆਂ ਵਿਚ ਸਿਆਸਤ ਦੇ ਅਪਰਾਧੀਕਰਨ ਦੀ ਚਰਚਾ ਅਕਸਰ ਛਿੜਦੀ ਹੈ। ਇਸੇ ਪ੍ਰਸੰਗ ਵਿਚ ਪ੍ਰਸਾਰ ਮਾਧਿਅਮ ਨਾਲ ਜੁੜੇ ਲੋਕ ਇਸ ਤੋਂ ਖਾਸ ਖਾਸ ਸੁਰਖੀਆਂ ਪ੍ਰਾਪਤ ਕਰ ਕੇ ਆਪਣੀ ਭੱਲ ਬਣਾਉਣ ਲਈ ਪੂਰਾ ਟਿੱਲ ਲਾ ਦਿੰਦੇ ਹਨ ਅਤੇ ਵਿਚਾਰਾ ਆਮ ਆਦਮੀ ਸੋਚਾਂ ਦੇ ਕਿਸੇ ਵੀ ਭੰਵਰ ਵਿਚ ਫਸ ਜਾਵੇ ਅਖਿਰ ਨੂੰ ਉਸ ਨੂੰ ਤਾਂ ਇਹ ਤਸਲੀਮ ਕਰਨਾ ਹੀ ਪੈਂਦਾ ਹੈ ਕਿ ਉਸ ਦੀ ਕਿਸਮਤ ਦੇ ਘਾੜੇ ਤਾਂ ਪੂਰੀ ਸੂਰੀ ਤਰ੍ਹਾਂ ਇਹ ਸਿਆਸੀ ਲੋਕ ਹੀ ਹਨ। ਆਮ ਆਦਮੀ ਇਹ ਵੀ ਆਖਦਾ ਹੈ ਕਿ ਦਿਨੇਂ ਲੋਕਾਂ ਸਾਹਵੇਂ ਲੜਨ ਵਾਲੇ ਰਾਤ ਦੇ ਹਨੇਰੇ ਵਿਚ ਇਕ ਹੋ ਜਾਂਦੇ ਹਨ।

ਸਾਡੇ ਭਾਰਤ ਵਿਚ ਸਿਆਸ ਤੇ ਜੇਲ੍ਹਾਂ ਦੇ ਸੰਦਰਭ ਵਿਚ ਬੜਾ ਸੁੰਦਰ ਵਿਵਰਣ ਹਾਸਲ ਹੁੰਦਾ ਹੈ। ਜਗੀਰੂ ਸਰਮਾਏਦਾਰ ਪਾਰਟੀਆ ਵਿਚ ਜੇਲ੍ਹ ਕੱਟਣ ਵਾਲੇ ਨੇਤਾ ਨੂੰ ਹੀ ਸਿਆਸਤ ਦਾ ਪਹਿਲਵਾਨ ਕਿਹਾ ਜਾਂਦਾ ਹੈ। ਜੇ ਤੁਸੀਂ ਪੰਜਾਬ ਦੀ ਅਜਿਹੀ ਸਿਆਸਤ ਨੂੰ ਜਾਣਦੇ ਹੋ ਤਾਂ ਤੁਸੀਂ ਭਲੀ ਭਾਂਤ ਇਸ ਗੱਲ ਤੋਂ ਪਰਿਚਤ ਹੋਵੋਗੇ ਕਿ ਇਥੇ ਮੋਰਚੇ ਲਾ ਕੇ ਵੱਧ ਤੋਂ ਵੱਧ ਸਮਾਂ ਜੇਲ੍ਹ ਕੱਟਣ ਵਾਲੇ ਨੂੰ ਹੀ ਅਸਲੀ ਤੇ ਵੱਡਾ ਨੇਤਾ ਮੰਨਿਆ ਜਾਂਦਾ ਹੈ। ਬਹੁਤ ਥੋੜ੍ਹੀ ਉਮਰ ਦਾ ਪ੍ਰੰਤੂ ਵੱਡਾ ਸਿਆਸੀ ਆਗੂ ਜਦੋਂ ਪਿਛੇ ਜਿਹੇ ਗੰਭੀਰ ਕੇਸ ਵਿਚ ਜਿਸ ਦਾ ਸਿਆਸਤ ਨਾਲ ਕੋਈਸਰੋਕਾਰ ਨਹੀਂ ਸੀ। ਜੇਲ੍ਹ ਜਾ ਕੇ ਬਾਹਰ ਆਇਆ ਸੀ ਤਾਂ ਉਸ ਨੇ ਬੜਾ ਵਧੀਆ ਸਿਆਸੀ ਬਿਆਨ ਦਾਗਿਆ ਸੀ, ਸਿਆਸਤ ਵਿਚ ਜੇਲ੍ਹ ਜਾਣ ਦਾ ਹੀ ਮੇਰੇ ਕੋਲ ਤਜਰਬਾ ਨਹੀਂ ਸੀ। ਹੁਣ ਮੈਂ ਇਹ ਤਜਰਬਾ ਵੀ ਹਾਸਲ ਕਰ ਲਿਆ ਹੈ। ਹੁਣ ਮੈਨੂੰ ਕੋਈ ਇਹ ਨਹੀਂ ਆਖ ਸਕਦਾ ਕਿ ਮੈਨੂੰ ਜੇਲ੍ਹ, ਬਾਰੇ ਪਤਾ ਨਹੀਂ ਹੈ।

ਨੇਤਾ ਅਤੇ ਜੇਲ੍ਹਾਂ ਦੇ ਸਬੰਧ ਵਿਚ ਇੱਕ ਹੋਰ ਗੱਲ ਵੀ ਲਗਦੇ ਹੱਥ ਕਰ ਲੈਣੀ ਇਥੇ ਅਣਉਚਿਤ ਨਹੀਂ ਹੋਵੇਗੀ। ਜੇਲ੍ਹਾਂ ਨੇ ਬਹੁਤ ਸਾਰੇ ਨੇਤ ਾਪੈਦਾ ਕੀਤੇ ਹਨ। ਡਾਕੇ, ਮਾਰਧਾੜ, ਅੱਤਵਾਦ, ਕਤਲ ਆਦਿ ਵਰਗੇ ਬਹੁਤ ਹੀ ਗੈਰ ਇਖਲਾਕੀ ਤੇ ਸੰਗੀਨ ਜੁਰਮਾਂ ਦੀ ਸਜ਼ਾ ਕੱਟਣ ਵਾਲੇ ਵੀ ਬੜੀ ਛੇਤੀ ਬਾਹਰ ਆ ਕੇ ਸਿਆਸਤ ਦੇ ਅਖਾੜੇ ਦੇ ਭਲਵਾਨ ਬਣ ਜਾਂਦੇ ਹਨ ਸਗੋਂ ਅਜਿਹੇ ਵਿਅਕਤੀਆਂ ਨੂੰ ਸਿਆਸਤ ਦੇ ਪਿੜ ਵਿਚ ਉਤਾਰਨ ਲਈ ਸਰਮਾਏਦਾਰ ਪਾਰਟੀਆਂ ਤਰਲੋਮੱਛੀ ਹੁੰਦੀਆਂ ਹਨ। ਕਈ ਵਾਰੀ ਤਾਂ ਉਨ੍ਹਾਂ ਨੂੰ ਜੇਲ੍ਹ ਵਿਚ ਬੈਠਿਆਂ ਨੂੰ ਹੀ ਚੋਣ ਲੜਾ ਦਿਤੀ ਜਾਂਦੀ ਹੈ ਤੇ ਉ ਬੜੀ ਸ਼ਾਨੋ ਸ਼ੌਕਤ ਨਾਲ ਜਿੱਤ ਹਾਸਲ ਕਰਕੇ ਜੇਲ੍ਹੋਂ ਨਿਕਲਦਿਆਂ ਗਲਾਂ ਵਿਚ ਹਾਰ ਪਵਾਉਂਦੇ ਹਨ। ਭਾਰਤ ਦੀ ਇਕ ਡਾਕੂ, ਜਿਸ ਦੇ ਸਿਰ ਤੇ ਇਾਮ ਰਖ ਕੇ ਪੁਲੀਸ ਉਸਨੂੰ ਭਾਲਦੀ ਫਿਰਦੀ ਸੀ, ਐਮ ਪੀ ਬਣ ਕੇ ਜਦੋਂ ਕਿਸੇ ਵਿਰੋਧੀ ਦੀ ਗੋਲੀ ਦਾ ਸ਼ਿਕਾਰ ਹੋ ਗਈਸੀ ਤਾਂ ਪੁਲੀਸ ਦੀ ਸੁਰਖੀਆ ਤੇ ਕਾਫੀ ਉਂਗਲ ਊਠੀ ਸੀ।

ਇਹ ਤਾਂ ਤੁਸੀਂ ਭਲੀ ਭਾਂਤ ਵੇਖਿਆ ਹੋਵੇਗਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਸਧਾਰਨ ਸਿਆਸੀ ਵਰਕਰ ਤਕ ਤੇ ਅਕਸਰ ਗੰਭੀਰ ਦੋਸ਼ ਲਗਦੇ ਹਨ। ਇਨ੍ਹਾਂ ਦੋਸ਼ਾਂ ਕਾਰਨ ਪੁਲੀਸ ਕੇਸ ਵੀ ਦਰਜ ਹੁੰਦੇ ਹਨ ਪ੍ਰੰਤੂ ਉਨ੍ਹਾਂ ਦੀ ਗ੍ਰਿਫਤਾਰੀ ਉਨ੍ਹਾਂ ਦੀ ਮਰਜ਼ੀ ਨਾਲ ਹੁੰਦੀ ਹੈ ਸਗੋਂ ਉਹ ਤਾਂ ਆਤਮਸਮਰਪਣ ਕਰਨ ਤੋਂ ਪਹਿਲਾਂ ਪੂਰਾ ਡਰਾਮਾ ਵੀ ਕਰਦੇ ਹਨ। ਜਿਵੇਂ ਉਹ ਬੜਾ ਮਾਰਕੇ ਦਾ ਕਾਰਜ ਕਰ ਰਹੇ ਹੋਣ। ਤੁਹਾਨੂੰ ਯਾਦ ਹੋਵੇਗਾ ਪਿਛੇ ਜਿਹੇ ਇਕ ਬੜੀ ਤੇਜ਼ ਤਰਾਰ ਨੇਤਾ ਨੇ ਲੋਕਾਂ ਨੂੰ ਆਪਸ ਵਿਚ ਲੜਾਉਣ ਕਾਰਨ ਦਰਜ ਹੋਏ ਕੇਸ ਦੇ ਸਬੰਧ ਵਿਚ ਜਦੋਂ ਗ੍ਰਿਫਤਾਰੀ ਦਿਤੀ ਸੀ ਤਾਂ ਕਿਵੇਂ ਪੂਰਾ ਡਰਾਮਾ ਰਚਿਆ ਸੀ। ਫਿਰ ਪਹਿਲੀ ਗੱਲ ਤਾਂ ਉਨ੍ਹਾਂ ਤੇ ਦੋਸ਼ ਸਾਬਤ ਹੀ ਨਹੀਂ ਹੁੰਦੇ ਹਨ ਤੇ ਜੇ ਸਾਬਤ ਹੋ ਵੀ ਜਾਣ ਤਾਂ ਸਰਕਾਰ ਦੀ ਕਿਰਪਾ ਨਾਲ ਉਹ ਅਸਾਨੀ ਨਾਲ ਬਾਹਰ ਆ ਜਾਂਦੇ ਹਨ। ਉਂਜ ਜੇ ਥੋੜ੍ਹੇ ਬਹੁਤੇ ਦਿਨ ਉਨ੍ਹਾਂਨੂੰ ਜੇਲ੍ਹ ਵਿਚ ਰਹਿਣਾ ਵੀ ਪੈ ਜਾਵੇ ਤਾਂ ਜੇਲ੍ਹ ਦੀ ਇਸ ਤਰ੍ਹਾਂ ਤਿਆਰੀ ਕਰਵਾਈ ਜਾਂਦੀ ਹੈ ਜਿਵੇਂ ਕਿਸੇ ਖਾਸ ਮਹਿਮਾਨ ਦੀ ਆਮਦ ਤੇ ਤਿਆਰੀ ਹੁੰਦੀ ਹੈ। ਜੇਲ੍ਹ ਵਿਚ ਪੰਜ ਤਾਰਾ ਹੋਟਲ ਵਾਲੀਆਂ ਸਹੂਲ਼ਤਾਂ ਨਾ ਮੁਹਈਆ ਕਰਵਾਈਆਂ ਜਾਣ ਤਾਂ ਕਿਸੇ ਰੈਸਟ ਹਾਊ ਨੂੰ ਹੀ ਆਰਜ਼ੀ ਤੌਰ ਤੇ ਜੇਲ੍ਹ ਵਿਚ ਤਬਦੀਲ ਕਰ ਦਿਤਾ ਜਾਂਦਾ ਹੈ।

ਇਕ ਗੱਲ ਹੋਰ ਬੜੀ ਨਿਸ਼ਚਤ ਹੈ। ਜੇਕਰ ਨੇਤਾ ਬਣਨ ਤੋਂ ਪਹਿਲਾਂ ਕਿਸੇ ਨੂੰ ਜੇਲ੍ਹ ਨਸੀਬ ਹੋ ਜਾਵੇ ਤਾਂ ਜੇਲ੍ਹੋਂ ਬਾਹਰ ਆ ਕੇ ਇਨ੍ਹਾਂ ਲੋਟੂ ਪਾਰਟੀਆਂ ਵਿਚ ਉ ਵੱਡਾ ਨੇਤਾ ਬਣ ਜਾਂਦਾ ਹੈ ਤੇ ਜੇਕਰ ਪਹਿਲਾਂ ਹੀ ਨੇਤਾ ਹੋਵੇ ਤਾਂ ਬਾਹਰ ਆ ਕੇ ਵੱਡੀ ਕੁਰਸੀ ਪ੍ਰਾਪਤ ਹੋ ਜਾਂਦੀ ਹੈ। ਪੰਜਾਬ ਦੀ ਇਕ ਪਾਰਟੀ ਵਿਚ ਵਿਧਾਨ ਸਭਾ ਤੇ ਲੋਕ ਸਭਾ ਦੀ ਟਿਕਟਾਂ ਦੀ ਵੰਡ ਵੇਲ ਜਦੋਂ ਮਤਭੇਦ ਉਭਰਕੇ ਆਏ ਸਨ ਤਾਂ ਪੁਰਾਣੇ ਤੇ ਟਕਸਾਲੀ ਨੇਤਾਵਾਂ ਦਾ ਦੋਸ਼ ਸੀ ਕਿ ਟਿਕਟਾਂ ਹਾਸਲ ਕਰਨ ਵਾਲੇ ਨੇਤਾਵਾਂ ਦੀ ਪਾਰਟੀ ਨੂੰ ਕੋਈਦੇਣ ਨਹੀਂ। ਉਨ੍ਹਾਂ ਨੇ ਤਾਂ ਜੇਲ੍ਹ ਵੀ ਨਹੀਂ ਕੱਟੀ।

ਇਸ ਤਰ੍ਹਾਂ ਜਗੀਰੂ ਸਰਮਾਏਦਾਰ ਪਾਰਟੀਆ ਵਿਚ ਦਾਗ, ਨੇਤਾ, ਜੇਲ੍ਹ ਅਤੇ ਕੁਰਸੀ ਦਾ ਬੜਾ ਗੂੜ੍ਹਾ ਰਿਸ਼ਤਾ ਹੈ।


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com