WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਇਕਨਾ ਦੇ ਘਰ ਦੀਵੇ ਬਲਦੇ, ਇਕਨਾ ਘਰੇ ਹਨੇਰਾ ਹੂ।
ਰਾਜਵੰਤ ਸਿੰਘ - ਸੰਪਾਦਕ ਨਵਯੁਗ ਆਸਟਰੇਲੀਆ

ਸੰਨ 1984 ਦੇ ਅਕਤੂਬਰ ਮਹੀਨੇ ਦੀ 31ਵੀਂ ਰਾਤ, ਅੱਜ ਵੀ ਚੇਤੇ ਦੀ ਹਿੱਕ ਤੇ ਸੂਲ ਵਾਂਗ ਚੁਭਦੀ। ਸਰਕਾਰੀ ਕਾਲਜ ਲੁਧਿਆਣੇ ਦੇ ਹੋਸਟਲ ਦੇ ਕੌਮਨ ਰੂਮ ਦੇ ਬਾਹਰ ਇੰਦਰਾ ਬੀਬੀ ਦੇ ਚਲਾਣੇ ਤੇ ਖੁਸ਼ੀ ਮਨਾਉਂਦੇ ਕੁਝ ਨੌਜਵਾਨ, ਤੇ ਫਿਰ ਇੱਕ ਚੁੱਪ, ਇੱਕ ਮਾਤਮ ਭੀੜ ਤੇ ਸ਼ਾ ਜਾਣਾ। ਹੋਸਟਲ ਦੇ ਸਭ ਤੋਂ ਸੀਨੀਅਰ ਮੁੰਡੇ ਵੀਰ ਸਿੰਘ ਦੀ ਇੱਕ ਗੱਲ ਨੇ ਸਭ ਨੂੰ ਜਿਵੇਂ ਅੰਦਰ ਤੱਕ ਕੰਬਾਅ ਦਿੱਤਾ। ਕਹਿੰਦਾ, “ ਉਏ ਤੁਸੀਂ ਇੱਥੇ ਮਸਤੀ ਕਰੀ ਜਾਂਦੇ ਓ, ਦਿੱਲੀ ਪਤਾ ਨਹੀਂ ਆਪਣੀਆਂ ਧੀਆਂ ਭੈਣਾਂ ਦਾ ਕੀ ਹਾਲ ਹੋਊ, ਇੰਨਾਂ ਨੂੰ ਤਾਂ ਮੌਕਾ ਹੀ ਹੁਣ ਮਿਲਿਆ ਤੁਹਾਨੂੰ ਬੇ-ਪਤ ਕਰਨ ਦਾ” ਵੀਰ ਸਿੰਘ ਭਾਵੁਕ ਹੋਇਆ ਬੋਲ ਰਿਹਾ ਸੀ। ਅਸੀਂ ਸਾਰੇ ਜਿਵੇਂ ਸਾਨੂੰ ਕੋਈ ਸੱਪ ਸੁੰਘ ਗਿਆ ਹੋਵੇ।

ਜਕਾਂ ਤਕਾਂ ਚ ਰਾਤ ਕਿਸੇ ਇਸ ਕਮਰੇ, ਕਦੇ ਉਸ ਕਮਰੇ ਕਦੇ ਟੀ ਵੀ ਮੂਹਰੇ ਕਦੇ ਬੀ ਬੀ ਸੀ ਨੂੰ ਸੁਣਦੇ ਬੀਤਦੀ ਗਈ। ਅਜੇ ਅੱਖ ਲੱਗੀ ਵੀ ਹੋਏਗੀ ਕਿ ਮੇਰਾ ਦੋਸਤ ਰਾਕੇਸ਼ ਮੈਨੂੰ ਉਠਾ ਆਪਣੇ ਕੰਨ ਨੂੰ ਲੱਗਿਆ ਰੇਡੀਓ ਮੈਨੂੰ ਫੜਾ ਥਾਅ ਮਾਰਕੇ ਰੋ ਪਿਆ। “ਦਿੱਲੀ ‘ਚ ਦੰਗੇ ਭੜਕ ਪਏ ਵੀਰ” ਭਰੇ ਗੱਚ ਨਾਲ ਉਹ ਬੋਲਿਆ, ਜਿਵੇਂ ਦੰਗਿਆਂ ਦਾ ਸਾਰਾ ਦੋਸ਼ ਉਹ ਆਪਣੀ ਆਤਮਾਂ ਤੇ ਮੜੀ ਜਾਂਦਾ ਹੋਵੇ। ਕਹਿੰਦਾ ਦੋ ਬੰਦਿਆਂ ਦੀ ਸਜ਼ਾ ਸਾਰੀ ਕੌਮ ਨੂੰ ਕਿਵੇਂ ਦਿੱਤੀ ਜਾ ਸਕਦੀ ਹੈ। ਮਹਾਤਮਾਂ ਗਾਂਧੀ ਨੂੰ ਮਾਰਨ ਵਾਲੇ ਗੌਡਸੇ ਦੇ ਤਾਂ ਪਰਿਵਾਰ ਨੂੰ ਵੀ ਕਿਸੇ ਨੇ ਹੱਥ ਨਹੀਂ ਸੀ ਲਾਇਆ।

ਧੁੰਦਲੀਆਂ ਖਬਰਾਂ ਦੇ ਨਸ਼ਤਰ ਆਪਣੇ ਅੰਦਰ ਮਹਿਸੂਸਦੇ ਅਸੀਂ ਦੋਨੋ ਜਣੇ ਸਾਰੀ ਰਾਤ ਬੈਠੇ ਰਹੇ। ਅਗਲਾ ਦਿਨ ਚੜ੍ਹਿਆ ਦਿੱਲੀ ਅਤੇ ਕਾਨਪੁਰ ‘ਚ ਭੜਕੇ ਦੰਗਿਆਂ ਦੀਆਂ ਖਬਰਾਂ ਹੋਰ ਵੀ ਸਾਫ ਹੁੰਦੀਆਂ ਗਈਆਂ। ਇੱਕ ‘ਬੜਾ’ ਦਰਖਤ ਗਿਰ ਗਿਆ, ‘ਤੋ ਧਰਤੀ ਤੋ ਹਿਲਤੀ ਹੀ ਹੈ’ , ਮਰਨ ਵਾਲੀ ਰਾਣੀ ਦੇ ਪੁੱਤਰ ਅਤੇ ਨਵੇਂ ਬਣੇ ਰਾਜੇ ਨੇ ਐਲਾਨ ਕੀਤਾ। ਉਸ ਦੀ ਇਸ ਗੱਲ ਨੇ ਅੱਗ ਨੂੰ ਹੋਰ ਹਵਾ ਦੇ ਦਿੱਤੀ। ਆਮ ਤੌਰ ਤੇ ਗਾਂਧੀ ਬਾਬੇ ਦੀ ਅਹਿੰਸਾਂ ਦਾ ਨਾਹਰਾ ਲਾਉਂਦੀ ਕਾਂਗਰਸ ਦੀਆਂ ਹੇਠਲੀਆਂ ਸਫਾਂ ਤੋਂ ਲੈਕੇ ਉਤਲੇ ਕਈ ਆਗੂ ਮੌਤ ਦਾ ਤਾਂਡਵ ਕਰਦੇ ਵੇਖੇ ਗਏ। ਕੁਲ ਕੋਈ 4000 ਸਿੱਖਾਂ ਦਾ ਘਾਣ ਕਰ ਦਿੱਤਾ ਗਿਆ। ਬੇ-ਰਹਿਮੀ ਨਾਲ ਜਿਉਂਦੇ ਸਾੜ ਦਿੱਤਾ ਗਿਆ, ਹਜ਼ਾਰਾਂ ਦੀ ਗਿਣਤੀ ‘ਚ ਮਾਸੂਮ ਇਸਤਰੀਆਂ ਦਾ ਦੇਵੀ ਦੇਵਤਿਆਂ ਦੇ ਮੁਲਕ ‘ਚ ਚੀਰ ਹਰਨ ਹੋਇਆ , ਉਨ੍ਹਾਂ ਨੂੰ ਬੇਪਤ ਕੀਤਾ ਗਿਆ। ਇੱਕ ਦਰੋਪਤੀ ਦੇ ਚੀਰ ਹਰਣ ਤੇ ਮਹਾਂਭਾਰਤ ਹੋਣ ਵਾਲੇ ਮੁਲਕ ‘ਚ ਹਜ਼ਾਰਾਂ ਮਾਸੂਮ ਕੁੜੀਆਂ ਦੀ ਪਤ ਲੁੱਟੀ ਗਈ ਤੇ ਪੂਰਾ ਪ੍ਰਸ਼ਾਸਨ ਚੁੱਪ ਚਾਪ ਵੇਖਦਾ ਰਿਹਾ।

ਵੀਹ ਸਾਲ ਬੀਤ ਗਏ, ਕਾਤਲ ਅੱਜ ਵੀ ਖੁਲੇ ਆਮ ਘੁੰਮਦੇ ਨੇ, ਕਈ ਮੰਤਰੀ ਬਣ ਗਏ, ਕਈਆਂ ਨੂੰ ਹੋਰ ਤਰੀਕਿਆਂ ਨਾਲ ਨਿਵਾਜ਼ ਦਿੱਤਾ ਗਿਆ। ਵਕਤ ਦੀ ਸਰਕਾਰ ਦੀ ਅਪਰਾਧਿਕ ਚੁੱਪ, ਉਸਤੋਂ ਬਾਅਦ ਦੀਆਂ ਸਰਕਾਰਾਂ ਦੀ ਨਲਾਇਕੀ ਅਤੇ ਸਿੱਖਾਂ ਦੀ ਨਾ-ਪੁਸਿੰਕ ਅਤੇ ਲਾਲਚੀ ਲੀਡਰਸ਼ਿੱਪ ਕਰਕੇ ਜ਼ਖਮ ਅਜੇ ਵੀ ਅੱਲੇ ਨੇ। ਬੇਪਤ ਹੋਈਆਂ ਸਾਡੀਆਂ ਭੈਣਾਂ ਦੀ ਜ਼ਿੰਦਗੀ ਹਮੇਸ਼ਾ ਲਈ ਕਾਲਖ ਨਾਲ ਭਰ ਗਈ ਹੈ, ਜ਼ਿੰਦਗੀ ਦੇ ਆਖਰੀ ਪੜਾਅ ਤੇ ਖੜੀਆਂ ਕਈ ਮਾਵਾਂ ਨੇ ਆਪਣੇ ਪੁੱਤਾਂ ਦੇ ਕਾਤਲਾਂ ਨੂੰ ਸਜ਼ਾ ਹੁੰਦੀ ਵੇਖੇ ਬਿਨਾਂ ਹੀ ਤੁਰ ਜਾਣੈ, ਯਤੀਮ ਹੋ ਗਏ ਹਜ਼ਾਰਾਂ ਹੀ ਬੱਚੇ ਅੱਜ ਵੀ ‘ਸਾਡਾ ਕਸੂਰ ਕੀ ਸੀ?’ ਦੇ ਸਵਾਲ ‘ਦੀ ਉਲਝੜ ‘ਚ ਫਸੇ ਹੋਏ ਨੇ। ਉਨ੍ਹਾਂ ਦੀ ਜ਼ਿੰਦਗੀ ਦਾ ਹਨੇਰ ਕਦੇ ਨਹੀਂ ਮੁਕਣਾ। ਪਿਛਲੇ 19 ਸਾਲ ਦੀ ਤਰ੍ਹਾਂ ਇਹ ਵੀਹਵੀਂ ਦਿਵਾਲੀ ਵੀ, ਹਨੇਰਮਈ ਹੀ ਗੁਜ਼ਰੇਗੀ। ਜਦ ਇਸ ਵਾਰ ਬਨੇਰਿਆਂ ਤੇ ਦੀਵੇ ਰੱਖੋਗੇ ਤਾਂ ਜ਼ਰਾ ਉਨ੍ਹਾਂ ਜ਼ਿੰਦਗੀਆਂ ਵੱਲ ਵੀ ਨਿਗਾਹ ਮਾਰਿਓ, ਕਿ ਹਨੇਰਾ ਮੁਕਦਾ ਕਿਉਂ ਨਹੀ ਹੈ?

ਆਓ ਜ਼ਰਾ ਸੋਚੀਏ ਤੇ ਚਾਨਣ ਦੀਆਂ ਚਾਰ ਕੁ ਰਿਸ਼ਮਾਂ ਉਨ੍ਹਾਂ ਹਨੇਰੀਆਂ ਜ਼ਿੰਦਗੀਆਂ ਨੂੰ ਵੀ ਘੱਲ ਦੇਈਏ।

 

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com