WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਵਾਹਗੇ ਦੀ ਕੰਧ ਵੀ ਡਿਗੇਗੀ!
- ਦਲਬੀਰ ਸਿੰਘ

ਦਲਬੀਰ ਸਿੰਘ

ਵਾਹਗੇ ਵਾਲੀ ਕੰਧ ਡਿਗਣੀ ਸ਼ੁਰੂ ਹੋ ਰਹੀ ਹੈ। ਹੁਣ ਇਸ ਦੇ ਢਹਿ ਢੇਰੀ ਹੋਣ ਵਿਚ ਬਹੁਤ ਸਮਾਂ ਨਹੀਂ ਰਹਿੰਦਾ।

ਹੁਣ ਜਦੋਂ ਪੰਜਾਬ ਦੇ ਦੋਹਾਂ ਭਾਗਾਂ ਜਾਂ ਕਿਹਾ ਜਾਵੇ ਕਿ ਦੋਹਾਂ ਪੰਜਾਬਾਂ ਵਿਚ ਦੋਸਤੀ ਅਤੇ ਭਾਈਚਾਰੇ ਦੀ ਲਹਿਰ ਚੱਲ ਹੀ ਪਈ ਹੈ ਤਾਂ ਮੈਨੂੰ ਉਹ ਦਿਨ ਚੇਤੇ ਆ ਰਹੇ ਹਨ ਜਦੋਂ ਪੰਜਾਬ ਵਿਚ ਖਾਲਿਸਤਾਨ ਦੇ ਨਾਂ ਹੇਠ ਦਹਿਸ਼ਤ ਦੀ ਲਹਿਰ ਸਿਖਰ ਉਤੇ ਸੀ। ਉਦੋਂ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਕੁਝ ਹੀ ਸਾਲਾਂ ਮਗਰੋਂ ਦੋਹਾਂ ਹੀ ਪੰਜਾਬਾਂ ਵਿਚ ਐਸੀ ਲਹਿਰ ਵੀ ਚਲੇਗੀ ਜਿਹੜੀ ਦੋਹਾਂ ਨੂੰ ਇਕੱਠਿਆਂ ਕਰਨ ਵੱਲ ਨੂੰ ਪਹਿਲਾ ਕਦਮ ਹੋ ਸਕਦੀ ਹੈ।

ਬੰਦਾ ਭਾਵੇਂ ਆਪਣੇ ਆਪ ਨੂੰ ਕਿੰਨਾ ਵੀ ਨਿਮਰ ਕਹਿਣ ਅਤੇ ਸਾਬਤ ਕਰਨ ਦੀ ਕੋਸ਼ਿਸ਼ ਕਰੇ ਫਿਰ ਵੀ ਉਸ ਦੇ ਮਨ ਵਿਚ ਕਿਤੇ ਨਾ ਕਿਤੇ ਮੱਲ ਮਾਰਨ ਜਾਂ ‘ਸਭ ਤੋਂ ਪਹਿਲਾਂ’ ਕੋਈ ਗੱਲ ਕੀਤੀ ਹੋਣ ਦਾ ਹੰਕਾਰ ਜਿਹਾ ਹੁੰਦਾ ਹੀ ਹੈ। ਇਸੇ ਲਈ ਤਾਂ ਉਹ ਲੋਕ ਕਿਸੇ ਨਾ ਕਿਸੇ ਪਰਾਪਤੀ ਨੂੰ ਆਪਣੇ ਨਾਂ ਲਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਜਿਸ ਨਾਲ ਕਿਸੇ ਮਾਮਲੇ ਵਿਚ ਨਵੀਂ ਪਹਿਲ ਹੋਈ ਹੋਵੇ। ਇਸ ਤਰਾਂ ਦੀ ਰੁਚੀ ਸਿਆਸਤਦਾਨਾਂ ਵਿਚ ਤਾਂ ਹੈ ਹੀ, ਬਚੇ ਹੋਏ ਲੇਖਕ ਵੀ ਨਹੀਂ। ਤਾਂ ਫਿਰ ਮੇਰੇ ਵਰਗੇ ਨਿਮਾਣੇ ਜਿਹੇ ਦੀ ਕੀ ਬਿਸਾਤ ਹੈ ਕਿ ਉਹ ਸੰਸਾਰਕ ਉਸਤਤੀ ਦੇ ਲਾਲਚ ਤੋਂ ਬਚਿਆ ਰਹਿ ਜਾਵੇ?

ਇਸ ਲਈ ਜਦੋਂ ਨੌਜਵਾਨ ਨੇ ਪੁੱਛਿਆ ਕਿ ਪੰਜਾਬ ਦੇ ਦੋਹਾਂ ਹਿੱਸਿਆਂ ਦੀ ਦੋਸਤੀ ਦੀ ਇਸ ਲਹਿਰ ਦਾ ਕੀ ਕੋਈ ਸਾਰਥਕ ਸਿੱਟਾ ਵੀ ਨਿਕਲੇਗਾ, ਤਾਂ ਮੈਂ ਇਕ ਲੰਬੀ ਗੱਲ ਛੇੜ ਲਈ ਸੀ। ਅੱਜ ਦੀ ਪੀੜ੍ਹੀ ਦੇ ਆਮ ਜਵਾਨਾਂ ਵਾਗ ਉਸ ਨੂੰ ਇਸ ਲੰਬੀ ਗੱਲ ਵਿਚ ਕੋਈ ਵੀ ਦਿਲਚਸਪੀ ਨਹੀਂ ਸੀ ਕਿਉਂਕਿ ਉਸ ਨੂੰ ਤਾਂ ਇਕ-ਸਤਰੀ ਜਵਾਬ ਚਾਹੀਦਾ ਸੀ। ਪਰ ਕੋਈ ਵੀ ਸ਼ਖਸ ਇਸ ਮਸਲੇ ਦਾ ਦੋ ਟੁੱਕ ਜਵਾਬ ਕਿਵੇਂ ਦੇ ਸਕਦਾ ਹੈ? ਮੈਂ ਤਾਂ ਇਸ ਦੱਸਣਾ ਚਾਹੁੰਦਾ ਸਾਂ ਕਿ ਸਭ ਤੋਂ ਪਹਿਲਾਂ ਮੈਂ ਹੀ ਇਹ ਕਿਹਾ ਸੀ ਕਿ ਭਾਵੇਂ ਵੀਹਾਂ ਸਾਲਾਂ ਨੂੰ ਹੋਵੇ ਅਤੇ ਭਾਵੇਂ ਤੀਹਾਂ ਨੂੰ, ਦੋਹਾਂ ਪੰਜਾਬਾਂ ਨੇ ਇਕ ਹੋਣਾ ਹੀ ਹੈ। ਕੋਈ ਵੀ ਇਤਹਾਸਕ ਸ਼ਕਤੀ ਇਸ ਹੋਣੀ ਨੂੰ ਰੋਕ ਨਹੀਂ ਸਕੇਗੀ।

ਕੋਸ਼ਿਸ ਹੈ ਕਿ ਚਲੋ ਥੋੜੀ ਜਿਹੀ ਪਿੱਠ ਖੁਦ ਹੀ ਥਾਪੜਣ ਦੀ ਕੋਸ਼ਿਸ਼ ਕਰ ਦੇਖਾਂ।

ਜਦੋਂ ਖਾਲਿਸਤਾਨੀ ਲਹਿਰ ਸਿਖਰ ਉਤੇ ਸੀ ਉਦੋਂ ਉਹ ਲੋਕ ਪੰਜਾਬ ਵਿਚ ਹੀ ਖਾਲਸਾ ਰਾਜ ਦੀ ਤਰਜ ਉਤੇ ਇਕ ਵੱਖਰੇ ਰਾਜ ਦੀ ਮੰਗ ਕਰ ਰਹੇ ਸਨ। ਇਹ ਗੱਲ ਬਿਲਕੁਲ ਹੀ ਵੱਖਰੀ ਹੈ ਕਿ ਉਨਾਂ ਨੂੰ ਪਤਾ ਹੀ ਨਹੀਂ ਸੀ ਕਿ ਖਾਲਸਾ ਰਾਜ ਕਿਹੋ ਜਿਹਾ ਹੋਣਾ ਹੈ। ਮੇਰਾ ਨਿਜੀ ਤਜਰਬਾ ਹੈ ਕਿ ਖਾਲਿਸਤਾਨ ਲਈ ਕਥਿਤ “ਹਥਿਆਰਬੰਦ” ਲੜਾਈ ਲੜਣ ਵਾਲੇ ਤਾਂ ਕੀ, ਉਸ ਲਈ ਰੌਲਾ ਪਾਉਣ ਵਾਲੇ ਵੀ ਨਹੀਂ ਸਨ ਜਾਣਦੇ ਕਿ ਉਹ ਕੀ ਚਾਹੁੰਦੇ ਹਨ। ਮੈਂ ਹਥਿਆਰਬੰਦ ਲੜਾਈ ਦੇ ਦਹਿਸ਼ਤ ਦੇ ਪੈਂਤੜੇ ਬਾਰੇ ਕੁਝ ਨਹੀਂ ਕਹਾਂਗਾ। ਇਸ ਬਾਰੇ ਬਹੁਤ ਕੁਝ ਕਿਹਾ ਜਾ ਚੁਕਾ ਹੈ। ਵੈਸੇ ਵੀ ਭਾਵੇਂ ਇਸ ਬਾਰੇ ਬਹਿਸ ਖਤਮ ਨਹੀਂ ਹੋਣੀ ਚਾਹੀਦੀ ਪਰ ਇਸ ਸਮੇਂ ਇਸ ਨੂੰ ਛੇੜਣ ਦੀ ਤੁਕ ਦਿਖਾਈ ਨਹੀਂ ਦਿੰਦੀ।

ਪਰ ਜਿਹੜੇ ਖਾਲਿਸਤਾਨ ਦਾ ਰੌਲਾ ਪਾਉਂਦੇ ਸਨ ਉਨ੍ਹਾਂ ਦੀ ਇਕ ਮਿਸਾਲ ਦੇਵਾਂਗਾ। ਹੋਇਆ ਇਹ ਕਿ ਨਰਸਿਮਹਾ ਰਾਉ ਦੇ ਦੇਸ਼ ਦੇ ਪਰਧਾਨ ਮੰਤਰੀ ਬਣਨ ਤੋਂ ਬਾਦ ਮੇਰਾ ਇਕ ਪੁਰਾਣਾ ਮਿੱਤਰ ਸਰਕਾਰ ਵਿਚ ਕੋਈ ਅਹੁਦਾ ਲਏ ਬਿਨਾਂ ਹੀ ਬਹੁਤ ਸ਼ਕਤੀਸ਼ਾਲੀ ਬਣ ਗਿਆ। ਨਰਸਿਮਹਾ ਰਾਉ ਉਸ ਦੀ ਗੱਲ ਸੁਣਦਾ ਹੀ ਨਹੀਂ ਸਗੋਂ ਮੰਨਦਾ ਵੀ ਸੀ। ਜਿਵੇਂ ਕਿ ਸਰਕਾਰਾਂ ਵਿਚ ਹੁੰਦਾ ਹੀ ਹੈ, ਬਹੁਤ ਸਾਰੇ ਕੰਮ ਗੈਰ ਸਰਕਾਰੀ ਚੈਨਲਾਂ ਰਾਹੀਂ ਕੀਤੇ ਜਾਂ ਕਰਵਾਏ ਜਾਂਦੇ ਹਨ। ਇਸੇ ਤਰਾਂ ਦੀ ਹੀ ਇਕ ਸਰਗਰਮੀ ਉਸ ਮਿੱਤਰ ਨੇ ਵੀ ਵਿੱਢੀ। ਕਹਿਣ ਲੱਗਾ ਕਿ ਉਨਾਂ ਦੀ ਸਰਕਾਰ ਖਾਲਿਸਤਾਨੀ ਗੁਟਾਂ ਨਾਲ ਗੱਲ ਕਰਨ ਲਈ ਤਿਆਰ ਹੈ। ਕਿਉਂਕਿ ਮੈਂ ਪੰਜਾਬੀ ਪੱਤਰਕਾਰ ਸਾਂ, ਇਸ ਲਈ ਉਸ ਨੇ ਮੈਨੂੰ ਇਹ ਕੰਮ ਦਿਤਾ ਕਿ ਮੈਂ ਕਿਸੇ ਨਾ ਕਿਸੇ ਦਹਿਸ਼ਤਵਾਦੀ ਗਰੁੱਪ ਨਾਲ ਸੰਪਰਕ ਕਰ ਕੇ ਉਸ ਨੂੰ ਗੱਲਬਾਤ ਲਈ ਰਾਜ਼ੀ ਕਰਨ ਦੀ ਕੋਸ਼ਿਸ਼ ਕਰਾਂ।

ਆਪਣੀ ਹੀ ਅਖਬਾਰ ਦੇ ਇਕ ਚਲਦੇ ਪੁਰਜ਼ੇ ਰਿਪੋਰਟਰ ਜਿਸ ਦੇ ਦੋਹਾ ਹੀ  ਧਿਰਾਂ ਰਲ ਸਬੰਧ ਦੱਸੇ ਜਾਂਦੇ ਸਨ, ਰਾਹੀਂ ਮੈਂ ਬੱਬਰ ਖਾਲਸਾ ਦੇ ਡਿਪਟੀ ਮੁਖੀ ਚਾਚਾ ਵਧਾਵਾ ਸਿੰਘ ਨਾਲ ਸੰਪਰਕ ਕਰਨ ਵਿਚ ਸਫਲ ਹੋ ਗਿਆ। ਮੀਟਿੰਗ ਹਰਿਆਣਾ ਵਿਚ ਕਿਸੇ ਢਾਬੇ ਉਤੇ ਹੋਈ। ਮੈਂ ਆਪਣੀ ਗੱਲ ਕਹਿਣ ਤੋਂ ਬਾਦ ਪੁੱਛ ਲਿਆ ਕਿ ਖਾਲਿਸਤਾਨ ਆਖਰ ਚੀਜ਼ ਕੀ ਹੈ ਅਤੇ ਇਸ ਨੂੰ ਕਿਥੇ ਕਾਇਮ ਕੀਤਾ ਜਾਣਾ ਹੈ? ਚਾਚੇ ਨੇ ਜਵਾਬ ਦਿਤਾ ਕਿ ਅਸੀਂ ਅਜੇ ਇਸ ਬਾਰੇ ਕੋਈ ਫੈਸਲਾ ਨਹੀਂ ਕੀਤਾ ਕਿ ਖਾਲਿਸਤਾਨ ਕੀ ਹੋਵੇਗਾ। ਸਾਡੀ ਕਮੇਟੀ ਹੀ ਇਸ ਦਾ ਫੈਸਲਾ ਕਰੇਗੀ। ਪਰ ਇਹ ਬਣੇਗਾ ਕਿਥੇ? ਇਸ ਸਵਾਲ ਦੇ ਜਵਾਬ ਵਿਚ ਉਸ ਦਾ ਕਹਿਣਾ ਸੀ ਕਿ ਸਭ ਤੋਂ ਪਹਿਲਾਂ ਤਾਂ ਅਸੀਂ ਪੰਜਾਬ ਦੇ ਕੁਝ ਜ਼ਿਲੇ ਹੀ ਲਵਾਂਗੇ ਅਤੇ ਉਸ ਤੋਂ ਬਾਦ ਖਾਲਿਸਤਾਨ ਦੀਆਂ ਹੱਦਾਂ ਵਧਾ ਲਵਾਂਗੇ।

ਮੈਂ ਮੱਲਵੀਂ ਜਿਹੀ ਸੁਰ ਵਿਚ ਪੁੱਛ ਲਿਆ ਕਿ ਪੰਜਾਬ ਵਿਚ ਤਾਂ ਤੁਹਾਨੂੰ ਦੋ ਜ਼ਿਲੇ ਵੀ ਨਹੀਂ ਮਿਲਣ ਲੱਗੇ, ਤਾਂ ਉਸ ਦਾ ਜਵਾਬ ਸੀ ਕਿ ਦੋ ਜ਼ਿਲੇ ਵੀ ਬਹੁਤ ਹਨ। ਪਰ ਤੁਸੀਂ ਖਾਲਿਸਤਾਨ ਮੰਗਣ ਦੀ ਥਾਂ ਦੋਹਾਂ ਪੰਜਾਬਾਂ ਦੇ ਇਕ ਹੋਣ ਦੀ ਮੰਗ ਕਿਉਂ ਨਹੀਂ ਕਰਦੇ? ਇਸ ਉਤੇ ਚਾਚਾ ਸੋਚੀਂ ਪੈ ਗਿਆ ਅਤੇ ਉਸ ਨੂੰ ਕੋਈ ਗੱਲ ਨਾ ਔੜੀ। ਖੈਰ, ਤੁਰਨ ਤੋਂ ਪਹਿਲਾਂ ਉਸ ਨੇ ਮੈਨੂੰ ਇਹ ਨਿਹੋਰਾ ਮਾਰਨ ਤੋਂ ਗੁਰੇਜ਼ ਨਾ ਕੀਤਾ ਕਿ ਸਾਡੀ ਅਖਬਾਰ ਹੋਰਨਾਂ ‘ਖਾੜਕੂ’ ਜਥੇਬਦੀਆਂ ਦੀਆਂ ਖਬਰਾਂ ਤਾਂ ਬਹੁਤ ਛਾਪਦੀ ਹੈ ਪਰ ਬੱਬਰਾਂ ਦੀਆਂ ਨਹੀਂ। ਸ਼ੁਕਰ ਤਾਂ ਇਸ ਗੱਲ ਦਾ ਹੈ ਕਿ ਉਸ ਨੇ ਕੋਈ ਧਮਕੀ ਵਗੈਰਾ ਨਹੀਂ ਸੀ ਦਿਤੀ।

ਇਹ ਮਨੋ ਬਣਾਈ ਹੋਈ ਗੱਲ ਨਹੀਂ। ਇਸ ਦਾ ਸਬੂਤ ਉਹ ਲੋਕ ਹਨ ਜਿਹੜੇ ਇਸ ਵਿਚ ਸ਼ਾਮਲ ਸਨ। ਇਸ ਮੁਲਾਕਾਤ ਦਾ ਪ੍ਰਬੰਧ ਜਿਸ ਰਿਪੋਰਟਰ ਨੇ ਕੀਤਾ ਸੀ ਉਹ ਉਸ ਸਮੇਂ ਖਾੜਕੂਆਂ ਦਾ ਕਾਫੀ ਨੇੜਲਾ ਸੰਪਰਕ ਮੰਨਿਆ ਜਾਂਦਾ ਸੀ। ਅੱਜ ਉਹ ਦੀ ਸਰਕਾਰ ਵਿਚ ਸਰਕਾਰੇ ਦਰਬਾਰੇ ਵੱਡੀ ਪਹੁੰਚ ਰੱਖਣ ਵਾਲਾ ਪੱਤਰਕਾਰ ਹੈ। ਜਿਸ ਖਾੜਕੂ ਰਾਹੀਂ ਉਸ ਨੇ ਚਾਚੇ ਨਾਲ ਸੰਪਰਕ ਕਰਵਾਇਆ ਸੀ ਉਸ ਰਾਹੀਂ ਹੀ ਕੁਝ ਮਹੀਨਿਆਂ ਬਾਦ ਹੀ ਧਮਕੀ ਦਿਵਾ ਕੇ ਮੇਰੀ ਬਦਲੀ ਕਰਵਾਈ ਗਈ ਸੀ। ਉਹ ਖਾੜਕੂ ਤਾਂ ਕੁਝ ਸਮੇਂ ਬਾਦ ਮਾਰਿਆ ਗਿਆ ਸੀ ਪਰ ਚਾਚਾ ਅਜੇ ਵੀ ਪਾਕਿਸਤਾਨ ਵਿਚ ਬੈਠਾ ਜਿਉਂਦਾ ਸੁਣੀਂਦਾ ਹੈ। ਅਤੇ ਮੇਰਾ ਮਿੱਤਰ, ਆਪਣੇ ਸਿਆਸੀ ਪ੍ਰਿਤਪਾਲਕ ਨਰਸਿਮਹਾ ਰਾਉ ਵਾਂਗ ਹੀ ਗੁੰਮਨਾਮੀ ਵਿਚ ਜੀਅ ਰਿਹਾ ਹੈ।

ਚਾਚੇ ਨਾਲ ਇਸ ਗੱਲਬਾਤ ਤੋਂ ਪਹਿਲਾਂ ਵੀ ਮੈਂ ਕਈਆਂ ਨੂੰ ਇਹੀ ਸਵਾਲ ਪਾ ਚੁਕਾ ਸਾਂ ਕਿ ਦੋਹਾਂ ਪੰਜਾਬਾਂ ਦੀ ਏਕਤਾ ਦੀ ਗੱਲ ਕਿਉਂ ਨਹੀਂ ਕੀਤੀ ਜਾਂਦੀ? ਪਰ ਉਦੋਂ ਖਾਲਿਸਤਾਨ ਦੀ ਕਨ੍ਹੇੜੀ ਚੜ੍ਹੇ ਹੋਏ ਲੋਕਾਂ ਵਿਚੋਂ ਤਾਂ ਕੀ ਕੋਈ ਵੀ ਇਸ ਗੱਲ ਨੂੰ ਸੁਣਨ ਲਈ ਤਿਆਰ ਨਹੀਂ ਸੀ। ਖਾਲਿਸਤਾਨ ਦਾ ਵਿਰੋਧ ਕਰਨ ਵਾਲੇ ਵੀ ਇਸ ਨੂੰ ਭਵਿੱਖ ਦੀ ਹੋਣੀ ਮੰਨਣ ਲਈ ਰਾਜ਼ੀ ਨਹੀਂ ਸਨ। ਜਿਸ ਦੇਸ਼ ਦੀ ਵੰਡ ਸਮੇਂ ਲੱਖਾਂ ਲੋਕਾਂ ਦਾ ਬੇਬਹਾ ਖੂਨ ਵਗਿਆ ਹੋਵੇ ਉਸ ਦੇ ਇਕ ਹੋਣ ਦੀ ਆਸ ਨੂੰ ਵੀ ਖ਼ਾਮ ਖਿਆਲੀ ਸਮਝਿਆ ਜਾਣਾ ਕੋਈ ਵੱਡੀ ਗੱਲ ਨਹੀਂ ਸੀ। ਲੋਕਾਂ ਨੇ ਸਰਹੱਦ ਉਤੇ ਦੀਵੇ ਬਾਲਣ ਦੀ ਪਿਰਤ ਤਾਂ ਬਹੁਤ ਮਗਰੋਂ ਜਾ ਕੇ ਸ਼ੁਰੂ ਕੀਤੀ।

‘ਚਾਚੇ’ ਨਾਲ ਇਸ ਗੱਲਬਾਤ ਤੋਂ ਬਾਦ ਮੇਰੀ ਤਸੱਲੀ ਹੋ ਗਈ ਕਿ ਖਾਲਿਸਤਾਨ ਕੋਈ ਨਹੀਂ ਬਣਨਾ ਪਰ ਪੰਜਾਬ ਦੀ ਏਕਤਾ ਨੂੰ ਕੋਈ ਰੋਕ ਨਹੀਂ ਸਕਦਾ। ਉਦੋਂ ਮੈਂ ਲਿਖਿਆ ਵੀ ਸੀ ਕਿ ਸਾਨੂੰ ਖਾਲਸਿਤਾਨ ਨਹੀਂ ਸਗੋਂ ਸੰਪੂਰਨ ਪੰਜਾਬ ਚਾਹੀਦਾ ਹੈ। ਇਸ ਪੰਜਾਬ ਦੀਆਂ ਹੱਦਾਂ ਇਕ ਪਾਸੇ ਸੂਬਾ ਸਰਹੱਦ ਨਾਲ ਲਗਦੀਆਂ ਹੋਣ ਅਤੇ ਦੂਜੇ ਪਾਸੇ ਦਿੱਲੀ ਨਾਲ। ਇਸ ਵਿਚ ਲਾਹੌਰ ਵੀ ਹੋਵੇ ਅਤੇ ਅਮ੍ਰਿਤਸਰ ਵੀ। ਪਿਸ਼ੋਰ ਵੀ ਹੋਵੇ ਅਤੇ ਅੰਬਾਲਾ ਵੀ। ਪੰਜਾ ਸਾਹਿਬ ਵੀ ਹੋਵੇ ਅਤੇ ਕਰਤਾਰਪੁਰ ਵੀ।

ਜਦੋਂ ਮੈਂ ਇਹ ਗੱਲਾਂ ਲਿਖ ਰਿਹਾ ਸਾਂ ਉਦੋਂ ਦੋਹਾਂ ਜਰਮਨੀਆਂ ਨੂੰ ਵੰਡਦੀ ਬਰਲਿਨ ਦੀ ਕੰਧ ਤਾਜ਼ਾ ਤਾਜ਼ਾ ਢਾਹ ਦਿਤੀ ਗਈ ਸੀ। ਇਸ ਨਾਲ ਮੈਨੂੰ ਆਸ ਬੱਝੀ ਸੀ ਕਿ ਜੇ ਬਰਲਿਨ ਦੀ ਕੰਧ ਢਹਿ ਸਕਦੀ ਹੈ ਤਾਂ ਵਾਹਗਾ ਦੀ ਸਰਹੱਦ ਕੀ ਚੀਜ਼ ਹੈ! ਇਸੇ ਲਈ ਹੀ ਮੇਰਾ ਇਹ ਕਹਿਣਾ ਸੀ ਕਿ ਅਸੀਂ ਕਿਉਂਕਿ ਬਾਕੀ ਦੇ ਸੰਸਾਰ ਤੋਂ ਵੀਹ ਜਾਂ ਤੀਹ ਕੁ ਸਾਲ ਪਿੱਛੇ ਰਹਿਣ ਦੇ ਆਦੀ ਹਾਂ, ਇਸ ਲਈ ਸਾਨੂੰ ਇਹ ਕੰਧ ਢਾਹੁਣ ਵਿਚ ਏਨੇ ਕੁ ਸਾਲ ਤਾਂ ਲੱਗ ਹੀ ਜਾਣਗੇ। ਅਸੀਂ ਲੇਟ ਲਤੀਫ ਜੋ ਹੋਏ। ਸਾਨੂੰ ਗੱਲ ਦੀ ਸਮਝ ਹੀ ਮਗਰੋਂ ਆਉਂਦੀ ਹੈ।

ਇਸ ਸਭ ਕਾਸੇ ਦਾ ਮਤਲਬ ਇਹ ਹੈ ਕਿ ਜਿਹੜੀ ਗੱਲ ਮੈਂ ਉਦੋਂ ਕਹੀ ਸੀ ਉਹ ਅੱਜ ਵੀ ਦੁਹਰਾ ਰਿਹਾ ਹਾਂ ਕਿਉਂਕਿ ਮੈਂ ਅੱਜ ਵੀ ਇਸੇ ਧਾਰਨਾ ਦਾ ਹਾਂ ਕਿ ਦੇਰ ਸਵੇਰ ਪੰਜਾਬੀਆਂ ਦੀ ਪੰਜਾਬੀਅਤ ਨੇ ਜਾਗਣਾ ਹੀ ਹੈ। ਭਾਸ਼ਾ ਅਤੇ ਸਿਆਸਤ ਦੀਆਂ ਪਾਈਆਂ ਵੰਡੀਆਂ ਬਹੁਤਾ ਚਿਰ ਕਾਇਮ ਨਹੀਂ ਰਹਿ ਸਕਦੀਆਂ। ਬਾਸ਼ਾ ਅਤੇ ਸਭਿਆਚਾਰ ਹੀ ਨਹੀਂ ਸਗੋਂ ਸਦੀਆਂ ਦੇ ਰਿਸ਼ਤੇ ਨਾਤੇ ਐਸੀ ਤੰਦ ਹਨ ਜਿਹੜੀ ਸੌਖਿਆਂ ਨਹੀਂ ਟੁੱਟ ਸਕਦੀ। ਜਿਸ ਕੌਮ ਦਾ ਇਤਹਾਸ ਇਕ ਹੋਵੇ, ਲੋਕ ਗੀਤ ਇਕ ਹੋਣ, ਰਸਮਾਂ ਇਕ ਹੋਣ, ਬੋਲੀ ਇਕ ਹੋਵੇ, ਉਹ ਧਰਮਾਂ ਦੀ ਨਕਲੀ ਵੰਡ ਕਦੋਂ ਕੁ ਤਕ ਬਰਦਾਸ਼ਤ ਕਰ ਸਕੇਗੀ? ਬਹੁਤ ਸਮਾਂ ਨਹੀਂ।

ਹੁਣ ਜਦੋਂ ਸੰਨ ਸੰਤਾਲੀ, ਪੈਂਹਠ, ਇਕੱਹਤਰ ਅਤੇ ਨੜਿੰਨਵੇਂ ਭੁਲਾ ਕੇ ਸਿਰਫ ਪੰਜਾਬ ਦੀ ਸਾਂਝ ਦੀ ਲਹਿਰ ਚਲਣੀ ਸ਼ੁਰੂ ਹੋਈ ਹੈ ਤਾਂ ਮੈਂ ਫਿਰ ਦੁਹਰਾ ਸਕਦਾ ਹਾਂ ਕਿ ਉਹ ਦਿਨ ਦੂਰ ਨਹੀਂ ਜਦੋਂ ਵਾਹਗਾ ਦੀ ਸਰਹੱਦ ਟੁੱਟ ਜਾਣੀ ਹੈ ਅਤੇ ਦੋਹਾਂ ਪੰਜਾਬਾਂ ਦੀ ਲੋਕਾਈ ਨੇ ਖੁੱਲੇ ਤੌਰ ਉਤੇ ਇਕ ਦੂਜੇ ਨਾਲ ਮਿਲਣਾ ਸ਼ੁਰੂ ਕਰ ਦੇਣਾ ਹੈ। ਉਦੋਂ ਕਿਸੇ ਸਿਆਸਤਦਾਨ ਦੀ ਕੋਈ ਨਹੀਂ ਚਲਣੀ। ਦਰਿਆਵਾਂ ਦੇ ਹੜਾਂ ਅੱਗੇ ਤਾਂ ਪਹਾੜ ਤਕ ਵੀ ਖੜੇ ਨਹੀਂ ਰਹਿ ਸਕਦੇ ਹੁੰਦੇ। ਮੇਰੀ ਖੁਦਗ਼ਰਜ਼ੀ ਅਖਵਾ ਰਹੀ ਹੈ ਕਿ ਪਤਾ ਨਹੀਂ ਇਹ ਨਜ਼ਾਰਾ ਦੇਖਣ ਲਈ ਮੈਂ ਹਾਜ਼ਰ ਹੋਵਾਂ ਜਾਂ ਨਾ ਪਰ ਚੇਤੇ ਰੱਖਣਾ ਕਿ ਇਸ ਦੀ ਦੁਹਾਈ ਸਭ ਤੋਂ ਪਹਿਲਾਂ ਮੈਂ ਹੀ ਪਾਈ ਸੀ ਅਤੇ ਹੁਣ ਤਕ ਪਾ ਰਿਹਾ ਹਾਂ।

ਜਦੋਂ ਨੌਜਵਾਨ ਪੁੱਛਦਾ ਹੈ ਕਿ ਜਿਹੜੇ ਮੇਲੇ ਲੱਗ ਰਹੇ ਹਨ ਅਤੇ ਦੋਸਤੀਆਂ ਦੇ ਪੈਗਾਮ ਲਏ ਦਿਤੇ ਜਾ ਰਹੇ ਹਨ ਉਸ ਦੀ ਸਿਆਸਤ ਕੀ ਹੈ ਤਾਂ ਮੈਂ ਕਹਿੰਦਾ ਹਾਂ ਕਿ ਸਮਿਆਂ ਦੇ ਵਹਿਣ ਨੂੰ ਕੋਈ ਨਹੀਂ ਮੋੜ ਸਕਦਾ। ਉਦੋਂ ਪੰਜਾਬ ਦੀ ਵੰਡੀ ਨੂੰ ਕੋਈ ਨਹੀਂ ਸੀ ਰੋਕ ਸਕਿਆ। ਹੁਣ ਇਸ ਦੇ ਮੁੜ ਇਕ ਹੋਣ ਨੂੰ ਕੋਈ ਨਹੀਂ ਰੋਕ ਸਕਦਾ।

ਮੈਂ ਇਹ ਦਾਅਵਾ ਬਹੁਤ ਜੋਸ਼ ਪਰ ਹੋਸ਼ ਨਾਲ ਕਰ ਰਿਹਾ ਹਾਂ। ਜੇ ਮੇਰੇ ਦਾਅਵੇ ਨੂੰ ਹਉਮੇ ਵੀ ਕਹੋ ਤਾਂ ਵੀ ਮਨਜ਼ੂਰ ਹੈ!

 

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com