 |
|
ਦਲਬੀਰ
ਸਿੰਘ |
ਠੰਢ ਦੇ ਦਿਨ ਹਨ। ਠਰੇ ਠਰੇ
ਜਿਹੇ। ਇਸ ਮੌਸਮ ਵਿਚ ਇਸੇ ਤਰਾਂ ਦੇ ਹੀ ਹੁੰਦੇ ਹਨ।
ਪਹਿਲਾਂ ਨਵੰਬਰ ਅਤੇ ਫੇਰ ਦਸੰਬਰ।
ਜਾਂ ਫਿਰ ਪਹਿਲਾਂ ਦਸੰਬਰ ਅਤੇ ਫੇਰ ਨਵੰਬਰ? ਇਹ ਦੋ ਮਹੀਨੇ ਹਰ ਸਾਲ ਹੀ ਸੀਨੇ ਨੂੰ ਸੱਲ੍ਹ
ਪਾ ਜਾਂਦੇ ਹਨ। ਹਰ ਸਾਲ ਹੀ ਇਨਾਂ ਮਹੀਨਿਆਂ ਦੌਰਾਨ ਇਕੋ ਹੀ ਗੱਲ ਦੁਹਰਾਈ ਜਾਂਦੀ ਹੈ।
ਮੈਂ ਵੀ ਹਰ ਸਾਲ ਇਹੀ ਕੁਝ ਕਰਦਾ ਹਾਂ। ਵੀਹ ਸਾਲ ਹੋ ਗਏ ਹਨ। ਕਈ ਵਾਰੀ ਚਿੱਤ ਕਰਦਾ ਹੈ
ਕਿ ਸਾਲੋ ਸਾਲ ਇਕੋ ਗੱਲ ਦੁਹਰਾਉਣ ਨਾਲ ਕੋਈ ਫਰਕ ਤਾਂ ਪੈਣਾ ਨਹੀਂ, ਇਸ ਕਰਕੇ ਗੱਲ ਨੂੰ
ਭੁਲਾ ਹੀ ਦਿਤਾ ਜਾਵੇ।
ਪਰ ਕੌਣ ਭੁਲਾ ਦੇਵੇ? ਕੀ ਉਹ ਲੋਕ
ਭੁਲਾ ਸਕਦੇ ਹਨ ਜਿਨ੍ਹਾਂ ਦੇ ਸਕੇ ਸਬੰਧੀਆਂ ਦੀਆਂ ਜਾਨਾਂ ਇਨਾਂ ਮਹੀਨਿਆਂ ਦੌਰਾਨ ਭੰਗ ਦੇ
ਭਾੜੇ ਜਾਂਦੀਆਂ ਰਹੀਆਂ ਸਨ? ਜਿਨਾਂ ਨੂੰ ਨਿਆਂ ਲਈ ਲਾਈਨਾਂ ਵਿਚ ਖੜ੍ਹਿਆਂ ਦੋ ਦਹਾਕੇ ਹੋ
ਗਏ ਹਨ ਪਰ ਉਨ੍ਹਾਂ ਦੀ ਵਾਰੀ ਨਹੀਂ ਆਈ? ਸੁਰਜੀਤ ਪਾਤਰ ਦੇ ਕਹਿਣ ਵਾਂਗ ਜਿਨਾਂ ਦੀ ਹਾਲਤ
ਬਿਰਖਾਂ ਵਰਗੀ ਹੋ ਗਈ ਹੈ ਪਰ ਕਚਿਹਰੀਆਂ ਵਿਚ ਤਰੀਕਾਂ ਹੀ ਪਈ ਜਾਂਦੀਆਂ ਹਨ? ਜਿਹੜੇ ਹੁਣ
ਤਕ ਇਹੀ ਆਸ ਰੱਖੀ ਜਿਉਂਦੇ ਚਲੇ ਆ ਰਹੇ ਹਨ ਕਿ ਇਕ ਦਿਨ ਉਨਾਂ ਦੇ ਮੋਇਆਂ ਮਿੱਤਰਾਂ ਅਤੇ
ਰਿਸ਼ਤੇਦਾਰਾਂ ਦੀਆਂ ਜਾਨਾਂ ਦੀ ਕੀਮਤ ਦੋਸ਼ੀਆਂ ਵਲੋਂ ਚੁਕਾਈ ਜਾਵੇਗੀ। ਉਹ ਉਡੀਕ ਰਹੇ ਹਨ
ਕਿ ਦੋਸ਼ੀਆਂ ਨੂੰ ਕਦੋਂ ਸਜ਼ਾ ਮਿਲੇ ਅਤੇ ਕਦੋਂ ਉਨ੍ਹਾਂ ਨੂੰ ਸਕੂਨ ਮਿਲੇ।
ਨਵੰਬਰ ਚੁਰਾਸੀ ਨੂੰ ਵੀਹ ਸਾਲ ਹੋ
ਗਏ ਹਨ। ਹੁਣੇ ਹੁਣੇ ਹੀ ਇਸ ਦੀ ਬੀਹਵੀਂ ਬਰਸੀ ਮਨਾਈ ਗਈ ਹੈ। ਇੰਦਰਾ ਗਾਂਧੀ ਨੂੰ ਉਸ ਦੇ
ਹੀ ਸੁਰੱਖਿਆ ਗਾਰਡਾਂ ਵਲੋਂ ਮਾਰੇ ਜਾਣ ਤੋਂ ਬਾਦ ਜਿਵੇਂ ਦਿੱਲੀ ਵਿਚ ਹੀ ਨਹੀਂ ਸਗੋਂ ਹੋਰ
ਕਈ ਸ਼ਹਿਰਾਂ ਵਿਚ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਮਾਰਿਆ ਗਿਆ ਉਸ ਦੀ ਮਿਸਾਲ ਆਜ਼ਾਦ ਭਾਰਤ
ਵਿਚ ਹੋਰ ਕਿਤੇ ਨਹੀਂ ਮਿਲਦੀ। ਪਤਾ ਨਹੀਂ ਬੰਦਾ ਸਿਰਫ ਧਰਮ ਦੇ ਹੀ ਨਾਂ ਉਤੇ ਏਨਾ ਵਹਿਸ਼ੀ
ਕਿਵੇਂ ਹੋ ਜਾਂਦਾ ਹੈ ਜਿੰਨਾ ਦਿੱਲੀ ਵਿਚ ਹੋ ਗਿਆ ਸੀ? ਉਸ ਨੂੰ ਸਿਰਫ ਇਹੀ ਕਿਉਂ ਦਿਸਣ
ਲੱਗ ਪੈਂਦਾ ਹੈ ਕਿ ਹਰ ਪਗੜੀ ਵਾਲਾ ਹੀ ਉਸ ਦਾ ਦੁਸ਼ਮਣ ਹੈ? ਜਿਵੇਂ ਸੰਨ ਸੰਤਾਲੀ ਵਿਚ ਹੋ
ਗਿਆ ਸੀ। ਉਸ ਨੂੰ ਇਹ ਕਿਉਂ ਦਿਸਣ ਲੱਗ ਪਿਆ ਸੀ ਕਿ ਜੋ ਉਸ ਦੇ ਧਰਮ ਦਾ ਨਹੀਂ ਉਹ ਉਸ ਦਾ
ਦੁਸ਼ਮਣ ਹੈ? ਉਸ ਨੂੰ ਮਾਰਨਾ ਹੀ ਉਸ ਦਾ ਧਰਮ ਹੈ?
ਸੰਨ ਸੰਤਾਲੀ ਮੈਂ ਨਹੀਂ ਦੇਖੀ।
ਆਪਣੇ ਆਪ ਨੂੰ ਬਹੁਤ ਹੀ ਖੁਸ਼ਕਿਸਮਤ ਸਮਝਦਾ ਸਾਂ। ਪਰ ਇਸ ਗੱਲ ਦੀ ਬਦਕਿਸਮਤੀ ਹੈ ਕਿ ਮੈ
ਸੰਨ ਚੁਰਾਸੀ ਦੇਖੀ ਹੈ। ਚੁਰਾਸੀ ਵਿਚ ਜੋ ਕੁਝ ਨਵੰਬਰ ਦੇ ਮਹੀਨੇ ਦਿੱਲੀ ਅਤੇ ਹੋਰ ਥਾਂਈਂ
ਹੋਇਆ ਉਸ ਵਰਗਾ ਹੋਰ ਕਿਤੇ ਵੀ ਨਹੀਂ ਸੀ ਦੇਖਿਆ ਜਾਂ ਸੁਣਿਆ। ਫਿਰ ਦਸੰਬਰ ਆਇਆ। ਦਸੰਬਰ
ਦੇ ਪਹਿਲੇ ਹੀ ਹਫਤੇ ਭੋਪਾਲ ਵਿਚ ਜੋ ਹੋਇਆ ਉਹ ਵੀ ਕਿਤੇ ਨਹੀਂ ਸੀ ਵਾਪਰਿਆ। ਰੂਸ ਦੇ
ਚੇਰਨੋਬਿਲ ਵਿਚ ਮਗਰੋਂ ਵਾਪਰਿਆ ਸੀ ਜਿਥੇ ਐਟਮੀ ਪਲਾਂਟ ਵਿਚੋਂ ਕਿਰਨਾਂ ਰਿਸ ਪਈਆਂ ਸਨ।
ਭੋਪਾਲ ਵਿਚ ਤਾਂ ਇਕ ਕਾਰਖਾਨੇ ਵਿਚੋਂ ਐਸੀ ਜ਼ਹਿਰੀਲੀ ਗੈਸ ਨਿਕਲੀ ਜਿਹੜੀ ਹਜ਼ਾਰਾਂ ਜਾਨਾਂ
ਲੈ ਗਈ। ਇਹ ਕਿਸੇ ਵੀ ਤਰਾਂ ਐਟਮ ਬੰਬ ਤੋਂ ਘੱਟ ਨਹੀਂ ਸੀ। ਵੀਹ ਸਾਲ ਬਾਦ ਵੀ ਇਸ ਦੇ ਜ਼ਖ਼ਮ
ਹਰੇ ਹਨ। ਭਾਵੇਂ ਹੀਰੋਸ਼ੀਮਾ ਨਾਲ ਇਸ ਨੂੰ ਨਹੀਂ ਮੇਲਿਆ ਜਾ ਸਕਦਾ ਫਿਰ ਵੀ ਅਸਾਂ ਲਈ,
ਜਿਨਾਂ ਹੀਰੋਸ਼ੀਮਾ ਨੂੰ ਨਹੀਂ ਸੀ ਦੇਖਿਆ ਹੋਿੲਆ, ਇਹ ਬਹੁਤ ਹੀ ਵੱਡੀ ਤਰਾਸਦੀ ਸੀ।
ਮੈਂ ਕਈ ਵਾਰੀ ਸੋਚਦਾ ਹਾਂ ਕਿ
ਮਨੁੱਖ ਨੂੰ ਆਪਣਾ ਦੁੱਖ ਹੀ ਸਭ ਤੋਂ ਵੱਡਾ ਕਿਉਂ ਲਗਦਾ ਹੈ? ਜਿਸ ਨੂੰ ਇਤਹਾਸ ਦਾ ਪਤਾ ਹੈ
ਉਸ ਨੂੰ ਤਾਂ ਪਤਾ ਹੀ ਹੈ ਕਿ ਸੰਸਾਰ ਵਿਚ ਕਦੋਂ ਕਦੋਂ, ਕਿਥੇ ਕਿਥੇ, ਕਿਸ ਕਿਸ ਤਰਾਂ ਦੇ
ਜ਼ੁਲਮ ਹੋਏ ਅਤੇ ਮਨੁੱਖ ਨੂੰ ਕਿਸ ਕਿਸ ਤਰਾਂ ਦੇ ਦੁੱਖਾਂ ਵਿਚੋਂ ਲੰਘਣ ਪਿਆ। ਜਦੋਂ ਆਪਣੇ
ਦੁੱਖ ਨੂੰ ਉਨ੍ਹਾਂ ਨਾਲ ਮੇਲ ਕੇ ਦੇਖਿਆ ਜਾਵੇ ਤਾਂ ਆਪਣੇ ਦੁੱਖ ਬਹੁਤ ਹੀ ਨਿਗੂਣੇ ਪਰਤੀਤ
ਹੁੰਦੇ ਹਨ। ਪਰ ਉਹ ਦੁੱਖ ਖੁਦ ਆਪਣੇ ਪਿੰਡੇ ਉਤੇ ਹੰਢਾਏ ਹੋਣ ਕਾਰਨ ਹੀ ਬਹੁਤ ਵੱਡੇ ਲਗਦੇ
ਹਨ। ਪੜਣ ੳਤੇ ਹੰਢਾਉਣ ਵਿਚ ਜਿੰਨਾ ਫਰਕ ਹੈ ਓਨਾ ਹੀ ਫਰਕ ਮੌਤ ਅਤੇ ਜੀਵਨ ਵਿਚ ਹੈ।
ਜਦੋਂ ਮੌਤ ਸਾਹਮਣੇ ਹੁੰਦੀ ਹੈ
ਉਦੋਂ ਪਤਾ ਨਹੀਂ ਹੁੰਦਾ ਕਿਥੋਂ ਤਾਕਤ ਆ ਜਾਂਦੀ ਹੈ। ਇਸੇ ਲਈ ਤਾਂ ਇਕ ਇਕ ਬੰਦਾ ਕਈਆਂ
ਕਈਆਂ ਧਾੜਵੀਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੋ ਜਾਂਦਾ ਹੈ। ਖਤਰਿਆਂ ਨਾਲ ਖਹਿਣ ਦੀ
ਮੁਹਾਰਤ ਆ ਜਾਂਦੀ ਹੈ। ਪਰ ਜਦੋਂ ਮੌਤ ਦੇ ਆਉਣ ਤੋਂ ਰਤਾ ਕੁ ਪਹਿਲਾਂ ਜਾਂ ਰਤਾ ਕੁ ਬਾਅਦ
ਉਸ ਤੋਂ ਜ਼ਰਾ ਕੁ ਦੂਰ ਰਹਿ ਕੇ ਉਸ ਨੂੰ ਚੇਤੇ ਕੀਤਾ ਜਾਵੇ ਤਾਂ ਉਸ ਤੋਂ ਬੁਹਤ ਹੀ ਖ਼ੌਫ਼
ਆਉਂਦਾ ਹੈ। ਬੰਦੇ ਨੂੰ ਮੌਤ ਤੋਂ ਉਦੋਂ ਹੀ ਡਰ ਲਗਦਾ ਹੈ ਜਦੋਂ ਉਹ ਹੌਲੀ ਹੌਲੀ ਆਉਂਦੀ
ਹੈ। ਜਦੋਂ ਇਹ ਘਾਤ ਲਾ ਕੇ ਇਕ ਦਮ ਹੀ ਆ ਜਾਵੇ ਉਦੋਂ ਉਹ ਇਸ ਤੋਂ ਬਹੁਤਾ ਨਹੀਂ ਡਰਦਾ।
ਉਦੋਂ ਦਾਅ ਲੱਗਣ ਉਤੇ ਉਹ ਇਸ ਦਾ ਮੁਕਾਬਲਾ ਵੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਜਾਂ ਫਿਰ ਮੌਤ
ਨੂੰ ਉਦੋਂ ਟੱਕਰਦਾ ਹੈ ਜਦੋਂ ਉਹ ਕਿਸੇ ਮਿਸ਼ਨ ਲਈ ਮੌਤ ਨੂੰ ਆਵਾਜ਼ਾਂ ਮਾਰ ਮਾਰ ਕੇ ਬੁਲਾ
ਰਿਹਾ ਹੋਵੇ।
ਪਰ ਜਿਨਾਂ ਦੇ ਗਲਾਂ ਵਿਚ ਟਾਇਰ ਪਾ
ਪਾ ਕੇ ਮਾਰਿਆ ਗਿਆ ਉਨਾਂ ਦੇ ਮਨਾਂ ਦੀ ਹਾਲਤ ਮੌਤ ਦੇ ਪਲਾਂ ਵਿਚ ਕਿਹੋ ਜਿਹੀ ਹੋਵੇਗੀ?
ਜਦੋਂ ਭੋਪਾਲ ਵਿਚ ਮੌਤ ਦੇ ਬੱਦਲਾਂ ਤੋਂ ਬਚਣ ਲਈ ਹਾਹਾਕਾਰ ਮਚੀ ਹੋਈ ਹੋਵੇਗੀ ਉਦੋਂ ਮੌਤ
ਤੋਂ ਬਚਣ ਲਈ ਭੱਜ ਰਹੇ ਲੋਕਾਂ ਦੀ ਮਾਨਸਿਕ ਹਾਲਤ ਕਿਸ ਤਰਾਂ ਦੀ ਹੋਵੇਗੀ? ਇਸ ਨੂੰ ਸਮਝ
ਸਕਣ ਲਈ ਜਿਸ ਤਰਾਂ ਦੀ ਸਥਿਤੀ ਦੀ ਲੋੜ ਹੈ ਉਸ ਦੀ ਮੈਨੂੰ ਵਾਕਫੀ ਨਹੀਂ ਹੈ। ਤਰਾਸਦੀ ਦਾ
ਇਕ ਪਹਿਲੂ ਇਹ ਵੀ ਹੈ ਕਿ ਵੀਹ ਸਾਲ ਬੀਤ ਜਾਣ ਉਤੇ ਨਾ ਤਾਂ ਦਿੱਲੀ ਦੇ ਸਿੱਖਾਂ ਦੀਆਂ
ਹਤਿਆਵਾਂ ਦੇ ਹੀ ਦੋਸ਼ੀਆਂ ਨੂੰ ਸਜ਼ਾਵਾ ਦਿਤੀਆਂ ਗਈਆਂ ਹਨ ਅਤੇ ਨਾ ਭੋਪਾਲ ਦੇ ਦੋਸ਼ੀਆਂ ਨੂੰ
ਹੀ ਕਟਹਿਰੇ ਵਿਚ ਖੜੇ ਕੀਤਾ ਜਾ ਸਕਿਆ ਹੈ। ਜਿਹੜੈ ਅਜੇ ਕਟਹਿਰੇ ਤਕ ਹੀ ਨਹੀਂ ਪਹੁੰਚੇ ਉਹ
ਸੀਖਾਂ ਪਿਛੇ ਕਦੋਂ ਪਹੁੰਚਣਗੇ? ਪਹੁੰਚਣਗੇ ਵੀ ਜਾਂ ਨਹੀਂ?
ਦਸੰਬਰ ਆਉਂਦਾ ਹੈ ਤਾਂ ਸੰਨ
ਇਕਾਂਨਵੇਂ ਦੀ ਛੇ ਤਰੀਕ ਰਸਤਾ ਰੋਕ ਕੇ ਖੜੀ ਹੋ ਜਾਂਦੀ ਹੈ। ਇਹ ਉਹ ਦਿਨ ਸੀ ਜਦੋਂ ਇੰਡੀਆ
ਜਾਂ ਹਿੰਦੁਸਤਾਨ ਨੂੰ ਭਾਰਤ ਸਾਹਮਣੇ ਹਾਰ ਹੋ ਗਈ ਸੀ। ਵੈਸੇ ਤਾਂ ਕਿਹਾ ਜਾ ਸਕਦਾ ਹੈ ਕਿ
ਇਨਾਂ ਨਾਵਾਂ ਵਿਚ ਕੋਈ ਫਰਕ ਨਹੀਂ। ਪਰ ਜਦੋਂ ਕੋਈ ਭਾਰਤ ਵਾਸੀ ਜਾਂ ਭਾਰਤਵਾਸੀਆਂ ਦਾ ਇਕ
ਸਮੂਹ ਇਸ ਨੂੰ ਭਾਰਤੀਅਤਾ ਅਤੇ ਅਗੋਂ ਹਿੰਦੂਤਵ ਨਾਲ ਜੋੜ ਲਵੇ ਤਾਂ ਇਸ ਦੇ ਫਰਕ ਨੂੰ
ਸਹਿਜੇ ਹੀ ਸਮਝਿਆ ਜਾ ਸਕਦਾ ਹੈ। “ਭਾਰਤ” ਦੇ ਵਸਨੀਕ ਕਹਿੰਦੇ ਹਨ ਕਿ ਇਸ ਵਿਚ ਸਿਰਫ ਮੂਲ
ਭਾਰਤੀ ਹੀ ਅਸਲੀ ਭਾਰਤੀ ਹਨ। ਜਿਹੜੇ ਲੋਕ ਬਾਹਰਲੇ ਦੇਸ਼ਾਂ ਤੋਂ ਆਏ ਹਨ ਉਨਾਂ ਨੂੰ ਭਾਰਤੀ
ਹੋਣ ਦੇ ਸਬੂਤ ਦੇਣੇ ਪੈਣੇ ਹਨ। ਜੇ ਤੁਸੀਂ ਹਿੰਦੂ ਹੋ ਤਾਂ ਤੁਹਾਨੂੰ ਹੱਕ ਹੈ ਕਿ ਕਿਸੇ
ਨੂੰ ਵੀ ਪੁੱਛ ਸਕਦੇ ਹੋ ਕਿ ਉਸ ਦੀ ਦੇਸ਼ ਭਗਤੀ ਦਾ ਸਬੂਤ ਕੀ ਹੈ। ਜੇ ਤੁਸੀਂ ਹਿੰਦੂ ਨਹੀਂ
ਤਾਂ ਤੁਹਾਨੂੰ ਇਹ ਸਬੂਤ ਦੇਣਾ ਪੈਣਾ ਹੈ ਕਿ ਤੁਸੀਂ ਇਸ ਦੇਸ਼ ਦੇ ਵਫਾਦਾਰ ਹੋ।
ਬਾਬਰੀ ਮਸਜਿਦ ਇਸ ਕਈ ਢਾਹ ਦਿਤੀ
ਗਈ ਕਿਉਂਕਿ ਕਿਸੇ ਨੇ ਕਹਿ ਦਿਤਾ ਕਿ ਭਗਵਾਨ ਰਾਮ ਜਿਥੇ ਪੈਦਾ ਹੋਏ ਸਨ ਉਹ ਇਹੀ ਥਾਂ ਸੀ।
ਇਹ ਵੀ ਕਿ ਕਿਸੇ ਮੁਗਲ ਨੇ ਇਸ ਥਾਂ ਉਤੇ ਮਸਜਿਦ ਉਸਾਰ ਦਿਤੀ ਸੀ। ਕਿਹਾ ਤਾਂ ਇਹ ਵੀ ਜਾ
ਰਿਹਾ ਹੈ ਕਿ ਇਥੇ ਕਿਸੇ ਸਮੇਂ ਮੰਦਰ ਹੁੰਦਾ ਸੀ। ਜਿਹੜੀ ਖੁਦਾਈ ਕੀਤੀ ਗਈ ਹੈ ਉਸ ਤੋਂ
ਪਤਾ ਲਗਦਾ ਹੈ ਕਿ ਜੇ ਕੋਈ ਮੰਦਰ ਸੀ ਵੀ ਤਾਂ ਉਹ ਬੋਧੀ ਮੰਦਰ ਸੀ ਨਾ ਕਿ ਹਿੰਦੂ ਮੰਦਰ।
ਪਰ ਸ਼ਰਧਾਵਾਨ ਨੂੰ ਕੌਣ ਸਮਝਾਵੇ ਕਿ ਦਲੀਲ ਕੀ ਹੁੰਦੀ ਹੈ? ਉਹ ਤਾਂ ਸਿਰਫ ਇਹੀ ਜਾਣਦਾ ਹੈ
ਕਿ ਸ਼ਰਧਾ ਤੋਂ ਅਗੇ ਕੋਈ ਤਰਕ ਨਹੀਂ ਹੁੰਦਾ। ਅਸੀਂ ਵੀ ਜਾਣਦੇ ਹਾਂ ਕਿ ਸ਼ਰਧਾ ਤੋਂ ਅਗੇ ਦਾ
ਕੋਈ ਵੀ ਤਰਕ ਹੋ ਨਹੀਂ ਸਕਦਾ। ਇਸ ਲਈ ਤੱਥ ਕੁਝ ਵੀ ਕਹਿਣ, ਮੰਦਰ ਇਸ ਥਾਂ ਉਤੇ ਹੀ ਬਣਨਾ
ਹੈ।
ਕਈ ਵਾਰੀ ਮੈਂ ਸੋਚਦਾ ਹਾਂ ਕਿ
ਮੰਦਰ ਜਾਂ ਮਸਜਿਦ ਨਾਲ ਮੈਨੂੰ ਕੀ ਫਰਕ ਪੈਂਦਾ ਹੈ? ਮੈਂ ਨਾ ਤਾਂ ਕਿਸੇ ਮੰਦਰ ਹਾ ਜਾਣਾ
ਹੈ ਨਾ ਕਿਸੇ ਮਸਜਿਦ ਵਿਚ ਹੀ ਸਿਜਦਾ ਕਰਨਾ ਹੈ। ਜਨਮ ਤੋਂ ਸਿੱਖ ਹਾਂ, ਫਿਰ ਵੀ ਗੁਰਦੁਆਰੇ
ਜਾਣ ਤੋਂ ਕਤਰਾਉਂਦਾ ਹਾਂ। ਸੋਚਦਾ ਹਾਂ ਕਿ ਕਿਸ ਗੁਰੂ ਦੇ ਗੁਰਦੁਆਰੇ ਜਾਵਾਂ? ਪਹਿਲੇ ਦੇ,
ਦੂਜੇ ਦੇ ਜਾਂ ਦਸਵੇਂ ਦੇ? ਫਿਰ ਇਸ ਤੋਂ ਅਗੇ ਇਹ ਚਿੰਤਾ ਹੁੰਦੀ ਹੈ ਕਿ ਜੱਟਾਂ ਦੇ
ਗੁਰਦੁਆਰੇ ਜਾਵਾਂ, ਰਾਮਗੜੀਆਂ ਦੇ ਜਾਂ ਦਲਿਤਾਂ ਦੇ?
ਕਿਸੇ ਰਿਸ਼ਤੇਦਾਰ ਦੀ ਸ਼ਾਦੀ ਦੀ ਯਾਦ
ਆ ਗਈ। ਆਨੰਦ ਕਾਰਜ ਲਈ ਰਵੀਦਾਸ ਦੇ ਗੁਰਦੁਆਰੇ ਇੰਤਜ਼ਾਮ ਕੀਤਾ ਗਿਆ ਸੀ। ਮੁੰਡੇ ਵਾਲਿਆਂ
ਇਸ ਉਤੇ ਇਤਰਾਜ਼ ਉਦੋਂ ਤਾਂ ਨਾ ਕੀਤਾ ਪਰ ਮਗਰੋਂ ਜ਼ਰੂਰ ਸੁਣਾ ਦਿਤਾ ਕਿ ਤੁਸੀਂ “ਇਨ੍ਹਾਂ
ਦੇ ਗੁਰਦੁਆਰੇ” ਇੰਤਜ਼ਾਮ ਕਿਉਂ ਕੀਤਾ ਸੀ? ਕਰ ਲਉ ਸਿੱਖੀ ਦਾ ਵਿਸਥਾਰ! ਉਸ ਦਿਨ ਤੋਂ ਬਾਦ
ਤਾਂ ਹੋਰ ਵੀ ਮੁਸਕਲ ਹੋ ਗਈ ਕਿ ਕਿਹੜੇ ਗੁਰਦੁਆਰੇ ਜਾਇਆ ਜਾਵੇ? ਇਹ ਨਾ ਹੋਵੇ ਕਿ ਇਕ
ਗੁਰਦੁਆਰੇ ਜਾਣ ਉਤੇ ਦੂਜਾ ਗੁਰੂ ਨਾਰਾਜ਼ ਹੀ ਹੋ ਜਾਵੇ।
ਮੰਦਰ ਬਣੇ ਜਾ ਮਸਜਿਦ ਢਹੇ, ਮੈਨੂੰ
ਕੋਈ ਫਰਕ ਨਹੀਂ ਪੈਂਦਾ। ਪਰ ਖਬਰੇ ਉਸ ਦੇਸ਼ ਦੀ ਆਤਮਾ ਨੂੰ ਪੈਂਦਾ ਹੈ ਜਿਸ ਨੂੰ ਹੁੱਬ ਕੇ
ਧਰਮ ਨਿਰਪੱਖ ਕਿਹਾ ਜਾਂਦਾ ਰਿਹਾ ਹੈ। ਇਹ ਸਿਰਫ ਮੈਂ ਹੀ ਸੋਚਦਾ ਹਾਂ। ਉਹ ਲੋਕ ਨਹੀਂ
ਸੋਚਦੇ ਜੋ ਇਸ ਦੇਸ਼ ਦੀ ਹੋਣੀ ਦੇ ਚਾਲਕ ਹਨ। ਉਹ ਤਾਂ ਸਗੋਂ ਇਸ ਦੇਸ਼ ਦੀ ਧਰਮ ਨਿਰਪੇਖਤਾ
ਦੀਆਂ ਲੀਰਾਂ ਲੀਰਾਂ ਕਰਨ ਉਤੇ ਤੁਲੇ ਹੋਏ ਹਨ।
ਨਵੰਬਰ ਅਤੇ ਦਸੰਬਰ ਦੇ ਮਹੀਨੇ ਹਰ
ਸਾਲ ਹੀ ਆਉਂਦੇ ਹਨ। ਹਰ ਸਾਲ ਹੀ ਇਹ ਸਤਾੳਦੇ ਹਨ। ਉਂਜ ਤਾਂ ਕਈ ਵਾਰੀ ਇੰਜ ਵੀ ਸੋਚਦਾ
ਹਾਂ ਕਿ ਸੰਸ਼ਾਰ ਦੇ ਇਤਹਾਸ ਵਿਚ ਕਈ ਵੀ ਮਹੀਨਾ ਤਾਂ ਕੀ ਕੋਈ ਦਿਨ ਵੀ ਬਰੀ ਨਹੀਂ। ਫਿਰ
ਸਿਰਫ ਮਹੀਨੇ ਉਤੇ ਹੀ ਕਿਉਂ ਦੁਖੀ ਹੋਈਏ? ਪਰ ਕਿਸੇ ਕਿਸੇ ਵੇਲੇ ਬੰਦੇ ਨੂੰ ਦੁਖੀ ਹੋਣ
ਤੋਂ ਬਚਣਾ ਵੀ ਚਾਹੀਦਾ ਹੈ। ਇਸ ਲਈ ਖਾਤਰ ਜਮਾਂ ਰੱਖੋ, ਜਿੰਨੀ ਦੇਰ ਤਕ ਜਿਉਂਦਾ ਹਾਂ,
ਓਨੀ ਦੇਰ ਤਕ ਤੁਹਾਨੂੰ ਵੀ ਨਵੰਬਰ ਅਤੇ ਦਸੰਬਰ ਦੀ ਤਰਾਸਦੀ ਯਾਦ ਕਰਵਾਉਂਦਾ ਰਹਾਂਗਾ।
ਇਹ ਗਾਰੰਟੀ ਵੀ ਦਿੰਦਾ ਹਾਂ ਕਿ
ਉਦੋਂ ਤਕ ਕਿਸੇ ਵੀ ਦੋਸ਼ੀ ਨੂੰ ਸਜ਼ਾ ਨਹੀਂ ਜੇ ਮਿਲਣੀ ਅਤੇ ਕਿਸੇ ਵੀ ਮਜ਼ਲੂਮ ਨੂੰ ਨਿਆਂ
ਨਹੀਂ ਮਿਲਣਾ।
ਇਹ ਵੀ ਗਾਰੰਟੀ ਹੈ ਕਿ ਬਹੁਤ ਸਾਰੇ
ਲੋਕ ਮਰ ਜਾਣੇ ਹਨ ਅਤੇ ਮੁਕੱਦਮੇ ਠਰ ਜਾਣੇ ਹਨ। |