 |
|
ਸ਼ਿਵਚਰਨ ਜੱਗੀ ਕੁੱਸਾ |
ਇਹ
ਲਾਈਨ ਕੋਈ ਕਿਸੇ ਫ਼ਿਲਮ ਦਾ ਸੰਵਾਦ ਨਹੀਂ, ਸਗੋਂ ਮਨ ਦੀ ਦਰਦੀਲੀ ਹੂਕ ਅਤੇ
ਭੋਲੇ-ਭਾਲੇ ਮਾਪਿਆਂ ਲਈ ਇਕ ਹਲੂਣਾਂ ਅਤੇ ਵੰਗਾਰ ਹੈ! ਅਸੀਂ ਸੱਭਿਆਚਾਰ ਮੇਲਿਆਂ
ਵਿਚ ਜਿਹੜਾ "ਰੰਗਲਾ-ਪੰਜਾਬ, ਰੰਗਲਾ ਪੰਜਾਬ" ਦਾ ਰੌਲਾ ਪਾਉਂਦੇ ਹਾਂ।
ਖਾਊ-ਗਿੱਦੜਮਾਰਾਂ ਨੇ ਇਸ ਨੂੰ ਸਿਰਫ਼ "ਕੰਗਲਾ-ਪੰਜਾਬ" ਬਣਾ ਕੇ ਰੱਖ ਦਿੱਤਾ ਹੈ!
ਇਹ ਗੱਲ ਵਾਕਿਆ ਹੀ
ਮੰਨਣਯੋਗ ਹੈ ਕਿ ਹਰ ਵਿਅਕਤੀ ਆਪਣੀ ਛੋਟੀ ਜਿਹੀ ਜ਼ਿੰਦਗੀ ਵਿਚ ਤਰੱਕੀ ਦੀਆਂ
ਸਿਖਰਾਂ ਛੋਹਣਾ ਅਤੇ ਕਾਫ਼ੀ ਪੈਸਾ ਕਮਾਉਣਾ ਚਾਹੁੰਦਾ ਹੈ। ਪਰ ਸਿਆਣੇ ਆਖਦੇ ਹਨ ਕਿ
ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ! ਮੈਂ ਅਪ੍ਰੈਲ 1986 ਤੋਂ ਜਰਮਨ ਅਤੇ
ਆਸਟਰੀਅਨ ਬਾਰਡਰ ਪੁਲੀਸ ਦਾ ਇੰਟਰਪਰੈਟਰ ਹਾਂ। ਆਪਣੇ ਅਠਾਰ੍ਹਾਂ ਸਾਲਾਂ ਦੇ ਕਿੱਤੇ
ਪੱਖੋਂ ਨਿੱਜੀ ਤਜ਼ਰਬੇ ਨੂੰ ਮੁੱਖ ਰੱਖ ਕੇ ਇਸ ਲੇਖ-ਨੁਮਾ ਬੇਨਤੀ ਵਿਚ ਬੇਮਾਲੂਮ
ਮਾਪਿਆਂ ਨੂੰ ਇਹ ਜਾਣੂੰ ਕਰਵਾਉਣਾ ਚਾਹਾਂਗਾ ਕਿ ਪੰਜਾਬ ਤੋਂ ਰੰਗਲੇ ਸੁਪਨੇ ਉਲੀਕ
ਕੇ ਤੁਰੇ ਉਹਨਾਂ ਦੇ ਪੁੱਤਰਾਂ ਧੀਆਂ 'ਤੇ ਕੀ ਭਾਵੀ ਬੀਤਦੀ ਹੈ! ਅਗਰ ਅਠਾਰ੍ਹਾਂ
ਸਾਲਾਂ ਤੋਂ ਲੈ ਕੇ ਹੁਣ ਤੱਕ ਬੀਤੀਆਂ ਘਟਨਾਵਾਂ ਨੂੰ ਲਿਖਣ ਲੱਗਾਂ ਤਾਂ ਸ਼ਾਇਦ
ਹਜ਼ਾਰ ਸਫ਼ੇ ਦੀ ਕਿਤਾਬ ਤਿਆਰ ਹੋ ਜਾਵੇ। ਪਰ ਇੱਥੇ ਮੈਂ ਸੌ ਵਿਚੋਂ ਪੰਜ ਕੁ
ਪ੍ਰਤੀਸ਼ਤ ਹੀ ਲਿਖਾਂਗਾ। ਵੈਸੇ ਇਸ ਵਿਸ਼ੇ ਉਪਰ
ਮੇਰਾ ਨਾਵਲ
"ਤਰਕਸ਼ ਟੰਗਿਆ ਜੰਡ" ਬੜੀ ਹੀ ਜਲਦੀ ਆ
ਰਿਹਾ ਹੈ ਅਤੇ ਅੱਜ ਕੱਲ੍ਹ 60 ਦੇਸ਼ਾਂ ਵਿਚ ਪੁੱਜਣ ਵਾਲੇ ਮਸ਼ਹੂਰ ਰਸਾਲੇ
"ਕੌਮਾਂਤਰੀ-ਪ੍ਰਦੇਸੀ" ਵਿਚ ਲੜੀਵਾਰ ਛਪ ਰਿਹਾ ਹੈ।
ਜਿਤਨੇ ਵੀ ਲੜਕੇ ਅਤੇ
ਲੜਕੀਆਂ ਹੁਣ ਤੱਕ ਮੇਰੇ ਸੰਪਰਕ ਵਿਚ ਆਏ ਹਨ, ਉਹਨਾਂ ਸਾਰਿਆਂ ਨੇ ਹੀ ਪੰਜਾਬ ਜਾਂ
ਦਿੱਲੀ ਦੇ ਏਜੰਟਾਂ ਨੂੰ ਚਾਰ ਲੱਖ ਰੁਪਏ ਤੋਂ ਲੈ ਕੇ ਛੇ ਲੱਖ ਰੁਪਏ ਤੱਕ 'ਮੱਥਾ
ਟੇਕਿਆ' ਹੈ। ਹੁਣ ਯੂਰਪ ਦੇ ਪੱਚੀ ਦੇਸ਼ ਇਕੱਠੇ ਹੋਣ ਅਰਥਾਤ "ਯੁਰਪੀਅਨ-ਯੂਨੀਅਨ"
ਬਣਨ ਉਪਰੰਤ ਏਜੰਟਾਂ ਨੇ ਆਪਣਾ ਰੇਟ ਸਿੱਧਾ ਹੀ ਚਾਰ ਤੋਂ ਛੇ ਲੱਖ ਰੁਪਏ ਤੱਕ ਵਧਾ
ਦਿੱਤਾ ਹੈ। ਯੂਰਪੀਅਨ ਯੂਨੀਅਨ ਏਜੰਟਾਂ ਲਈ ਇੱਕ ਤਰ੍ਹਾਂ ਨਾਲ 'ਵਰਦਾਨ' ਸਿੱਧ ਹੋਈ
ਹੈ। ਇੱਕ ਬੰਦੇ ਪਿੱਛੇ ਸਿੱਧਾ ਹੀ ਦੋ ਲੱਖ ਮੁਨਾਫ਼ਾ! ਹੈ ਕਿ ਨਹੀਂ ਵਰਦਾਨ?
ਜਦ ਭੋਲੇ-ਭਾਲੇ ਮਾਪੇ
ਜ਼ਮੀਨ-ਮਕਾਨ ਵੇਚ ਕੇ, ਪੈਸੇ ਲੈ ਕੇ ਇਹਨਾਂ 'ਮਗਰਮੱਛਾਂ' ਪਾਸ ਜਾਂਦੇ ਹਨ ਤਾਂ ਉਹ
ਚਲਾਕ ਲੂੰਬੜ, ਸਿੱਧੜ ਪੇਂਡੂਆਂ ਨੂੰ 'ਸਬਜ਼ਬਾਗ' ਵਿਖਾਉਣਾ ਸ਼ੁਰੂ ਕਰਦੇ ਹਨ:
ਤੁਹਾਡੇ ਲੜਕੇ ਨੂੰ ਮਾਸਕੋ ਰਾਹੀਂ ਜਰਮਨ ਭੇਜਾਂਗੇ ਜੀ, ਜਰਮਨ ਜਾ ਕੇ ਇਹਨਾਂ ਨੂੰ
ਸਿਆਸੀ ਪਨਾਂਹ ਮਿਲ ਜਾਵੇਗੀ ਅਤੇ ਸਿਆਸੀ ਪਨਾਂਹ ਤੋਂ ਬਾਅਦ ਇਹਨਾਂ ਨੂੰ ਕੰਮ ਕਰਨ
ਦੀ ਇਜ਼ਾਜ਼ਤ ਮਿਲ ਜਾਵੇਗੀ, ਜਿੱਥੇ ਇਹ ਪੰਜਾਹ-ਸੱਠ ਹਜ਼ਾਰ ਰੁਪਏ ਮਹੀਨੇ ਦੇ
ਕਮਾਉਣ ਲੱਗ ਜਾਣਗੇ ਆਦਿ,--! ਇੰਨ੍ਹਾਂ ਅਕ੍ਰਿਤਘਣਾਂ ਅਤੇ ਬੇਈਮਾਨਾਂ ਦੇ ਝਾਂਸਿਆਂ
ਵਿਚ ਆ ਕੇ ਕੁਰਕ ਹੋਇਆ ਗ਼ਰੀਬ ਕਿਸਾਨ ਆਪਣੇ ਆਪ ਨੂੰ ਫ਼ੋਰਡ ਟਰੈਕਟਰ 'ਤੇ ਬੈਠਾ
ਹੋਇਆ ਮਹਿਸੂਸ ਕਰਦਾ ਹੈ, ਜਿਹੜਾ ਉਸ ਦੇ ਪੁੱਤ ਨੇ ਜਰਮਨ ਤੋਂ ਕਮਾ ਕੇ, ਲੈ ਕੇ
ਦੇਣਾ ਹੁੰਦਾ ਹੈ!
- "ਬਾਬੂ ਜੀ-ਕਿਤੇ ਸਹੁਰੇ
ਰਾਹ ਰੂਹ 'ਚ ਈ ਨਾ ਫ਼ੜੇ ਜਾਣ?" ਅਗਲਾ ਪਿਛਲਾ ਝੱਗਾ ਝਾੜ ਕੇ ਲਿਆਂਦੇ ਪੈਸੇ ਏਜੰਟ
ਨੂੰ ਫੜਾਉਂਦਾ ਕਿਸਾਨ ਬਾਪ ਪੁੱਛਦਾ ਹੈ।
-"ਅਸੀਂ ਕਾਹਦੇ ਵਾਸਤੇ
ਬੈਠੇ ਆਂ ਸਰਦਾਰ ਜੀ? ਤੁਸੀਂ ਬੇਫ਼ਿਕਰ ਰਹੋ! ਅਸੀਂ ਤੁਹਾਡਾ ਬੰਦਾ ਥਾਂ ਸਿਰ
ਪੁੱਜਦਾ ਕਰਾਂਗੇ।" ਘਾਗ ਏਜੰਟ ਤਸੱਲੀ ਦਿਵਾਉਂਦਾ ਹੈ। ਉਹ "ਥਾਂ-ਸਿਰ" ਪਤਾ ਨਹੀਂ
ਅੱਗੇ ਜਾ ਕੇ ਜੰਗਲ ਦਾ ਕੋਈ ਕੋਨਾ ਹੋਵੇ ਜਾਂ ਬਰਫ਼ ਨਾਲ ਲੱਦਿਆ ਪਹਾੜ੍ਹ! ਕੋਈ
ਨਹਿਰ ਦਾ ਨਿਘਾਰੂ ਪਾਣੀ ਹੋਵੇ ਜਾਂ ਫਿਰ ਪੁਲੀਸ ਦੀ ਗੋਲੀ! ਜੰਗਲ ਪਾਰ ਕਰਵਾਉਂਦੇ
ਏਜੰਟਾਂ ਦੇ ਠੁੱਡ ਹੋਣ ਜਾਂ ਦਸ ਸੈੱਲਾਂ ਵਾਲੀ ਬੈਟਰੀ ਦੀ ਬੇਰਹਿਮ ਕੁੱਟ! ਕੋਈ
ਮਾਲਟਾ-ਇਟਲੀ ਦਾ ਸਮੁੰਦਰ ਹੋਵੇ ਜਾਂ ਫਿਰ ਜੇਲ੍ਹ ਦੀਆਂ ਸਲਾਖਾਂ!
ਅਗਰ ਕੋਈ ਬਾਪ ਬੱਚੇ ਨੂੰ
ਭੇਜਣ ਪ੍ਰਤੀ ਝਿਜਕ ਦਿਖਾਉਂਦਾ ਹੈ ਤਾਂ ਇਹ 'ਦੱਲੇ' ਹੋਰ ਭੁਲੱਥਾ ਮਾਰਦੇ ਹਨ,
"ਸਰਦਾਰ ਜੀ ਦੇਖ ਲਵੋ-ਅੱਜ ਕੱਲ੍ਹ ਯੂਰਪ ਦੇ ਬਾਡਰ ਖੁੱਲ੍ਹੇ ਹਨ-ਬੰਦਾ ਸੌਖਾ ਹੀ
ਪਾਰ ਹੋ ਜਾਂਦਾ ਹੈ-ਸਾਡੇ ਕੋਲ ਸਮਾਂ ਬਹੁਤ ਘੱਟ ਅਤੇ ਕੋਟਾ ਬਹੁਤ ਹੀ ਸੀਮਤ ਹੈ-ਜੇ
ਹੁਣ ਬੰਦਾ ਭੇਜਣਾ ਹੈ ਤਾਂ ਸੁਨਿਹਰੀ ਮੌਕਾ ਹੈ-ਫੇਰ ਸਾਡੇ ਕੋਲੇ ਗੇੜੇ ਨਾ
ਮਾਰਿਓ-ਫੇਰ ਥੋਡਾ ਬੰਦਾ ਕਿਸੇ ਨੇ ਨਹੀਂ ਭੇਜਣਾ-ਮੁੜ ਕੇ ਸਾਨੂੰ ਦੋਸ਼ ਨਾ
ਦੇਇਓ-ਪਤਾ ਨਹੀਂ ਯੂਰਪ ਦੇ ਬਾਡਰ ਕਦੋਂ ਬੰਦ ਹੋ ਜਾਣ?" ਇਹਨਾਂ ਦੇ ਤੱਲਖ-ਤਰੀਕਿਆਂ
ਅੱਗੇ ਬੰਦਾ ਕੀਲਿਆ ਜਾਂਦਾ ਹੈ ਅਤੇ ਸਾਰੀ 'ਭੋਰ-ਚੋਰ' ਵੇਚ ਕੇ ਆਪਣੇ ਪੁੱਤਰ ਨੂੰ
ਬਾਹਰ ਭੇਜਣ ਲਈ ਰਾਜ਼ੀ ਹੋ ਜਾਂਦਾ ਹੈ। ਅਣਜਾਣ ਮਾਪਿਆਂ ਨੂੰ ਇਹ ਨਹੀਂ ਪਤਾ ਹੁੰਦਾ
ਕਿ ਸਾਡਾ ਦੁੱਧ-ਮੱਖਣਾਂ ਨਾਲ ਪਾਲਿਆ ਪਲੋਸਿਆ ਸੁੱਖੀ-ਲੱਧਾ ਪੁੱਤਰ ਬਲੀ ਦਾ ਬੱਕਰਾ
ਬਣਨ ਜਾ ਰਿਹਾ ਹੈ!
ਪੈਸੇ ਖਰੇ ਕਰਕੇ ਏਜੰਟ ਦੋ
ਨੰਬਰ ਦੇ ਪਾਸਪੋਰਟ ਉਪਰ ਅਗਲੇ ਦੀ ਫ਼ੋਟੋ ਚਿਪਕਾ ਦਿੰਦੇ ਹਨ ਅਤੇ ਸਸਤੀ ਜਿਹੀ
ਏਅਰਲਾਈਨ ਦੀ ਟਿਕਟ ਇਹਨਾਂ ਦੇ ਹੱਥ ਲਿਆ ਥਮਾਉਂਦੇ ਹਨ। ਵੀਹ ਸ਼ਗਨ ਕਰ ਕੇ ਮਾਪੇ
ਆਪਣੇ ਪੁੱਤਰ ਨੂੰ ਦਿੱਲੀ ਏਅਰਪੋਰਟ 'ਤੇ ਵਿਦਾਅ ਕਰਨ ਆਉਂਦੇ ਹਨ। ਇੱਥੋਂ ਇਸ ਦੇ
ਦੁੱਖਾਂ ਦੀ ਸ਼ੁਰੂਆਤ ਹੋ ਜਾਂਦੀ ਹੈ!
ਦਿੱਲੀ ਤੋਂ ਚੱਲਿਆ ਜਹਾਜ਼
ਇਹਨਾਂ ਨੂੰ ਕੜਾਕੇ ਦੀ ਸਰਦੀ ਦੇ ਸ਼ਹਿਰ 'ਮਾਸਕੋ' ਲਿਆ ਉਤਾਰਦਾ ਹੈ। ਮਾਸਕੋ
ਸ਼ਹਿਰ ਉੱਤਰਦਿਆਂ ਸਾਰ ਹੀ ਅੱਗੇ ਖੜ੍ਹਾ ਦੂਸਰਾ ਏਜੰਟ ਇਹਨਾਂ ਦਾ ਪਾਸਪੋਰਟ, ਟਿਕਟ
ਅਤੇ ਨਕਦੀ ਬਟੋਰ ਲੈਂਦਾ ਹੈ ਅਤੇ ਗੱਡੀ ਵਿਚ 'ਲੱਦ' ਇਕ ਭੇਡਾਂ ਦੇ ਵਾੜੇ ਵਰਗੇ ਘਰ
ਵਿਚ ਲਿਆ ਛੱਡਦਾ ਹੈ। ਜਿੱਥੇ ਸੈਂਕੜਿਆਂ ਦੀ ਗਿਣਤੀ ਵਿਚ ਭਾਰਤੀ, ਪਾਕਿਸਤਾਨੀ,
ਬੰਗਲਾ ਦੇਸ਼ੀ, ਚੀਨੀ, ਅਫ਼ਗਾਨੀ, ਇਰਾਨੀ ਅਤੇ ਇਰਾਕੀ ਲੜਕੇ ਤਾੜੇ ਹੋਏ ਹੁੰਦੇ
ਹਨ। ਇੱਥੇ ਅਗਲਾ ਤੀਸਰੇ ਏਜੰਟ ਅਤੇ ਉਸ ਦੇ ਬੰਦਿਆਂ ਦੇ ਵੱਸ ਪੈਂਦਾ ਹੈ। ਉਹ ਨਵੇਂ
ਆਏ ਬੰਦੇ ਦੇ ਸਾਰੇ ਨਵੇਂ ਕੱਪੜੇ ਲੁਹਾ ਲੈਂਦੇ ਹਨ ਅਤੇ ਆਪਣੇ ਕੋਲੋਂ
ਫ਼ਟੇ-ਪੁਰਾਣੇ, ਖ਼ਟਮਲਾਂ ਅਤੇ ਜੂੰਆਂ ਭਰੇ ਕੱਪੜੇ ਪਾਉਣ ਲਈ ਦਿੰਦੇ ਹਨ। ਮੁੰਡਿਆਂ
ਦੇ ਲੁਹਾਏ ਨਵੇਂ ਕੱਪੜੇ ਉਹ ਹਰ ਸ਼ਨਿੱਚਰਵਾਰ ਲੱਗਣ ਵਾਲੀ ਮੰਡੀ ਵਿਚ ਵੇਚਦੇ ਹਨ।
ਉਸ ਵਾੜੇ-ਨੁਮਾ ਮਕਾਨ 'ਤੇ ਹਰ ਵਕਤ ਦੋ ਬੰਦਿਆਂ ਦਾ ਪਹਿਰਾ ਰਹਿੰਦਾ ਹੈ, ਜੋ ਲਵੀ
ਉਮਰ ਦੇ ਸੋਹਣੇ-ਸੁਨੱਖੇ ਮੁੰਡਿਆਂ ਨਾਲ ਆਪਣੀ "ਕਾਮ-ਪੂਰਤੀ" ਵੀ ਕਰਦੇ ਹਨ। ਇੱਥੇ
ਇਹਨਾਂ ਲੜਕਿਆਂ ਨੂੰ ਉਹਨਾਂ 'ਰਾਖਿਆਂ' ਦੇ ਰਹਿਮ 'ਤੇ ਕਈ-ਕਈ ਮਹੀਨੇ ਭੁੱਖਣ ਭਾਣੇ
ਮਜ਼ਬੂਰਨ ਰਹਿਣਾ ਪੈਂਦਾ ਹੈ। ਕੋਈ ਨਹਾਉਣ ਧੋਣ ਦੀ ਜਾਂ ਕੋਈ ਡਾਕਟਰੀ ਸਹੂਲਤ
ਮਹੱੲਆ ਨਹੀਂ ਕੀਤੀ ਜਾਂਦੀ। ਇੰਨਕੁਆਰੀ ਕਰਨ ਸਮੇਂ ਕਈ ਅਜਿਹੇ ਟਿਕਾਣੇ ਮੈਂ ਖ਼ੁਦ
ਆਪਣੀ ਅੱਖੀਂ ਦੇਖੇ ਹਨ।
ਕਈ-ਕਈ ਮਹੀਨਿਆਂ ਬਾਅਦ
ਵਾਰੀ ਆਉਣ 'ਤੇ ਇਹਨਾਂ ਨੂੰ ਭੁੱਖਣ ਭਾਣੇ ਅਤੇ ਬਿਮਾਰ ਲੜਕਿਆਂ ਨੂੰ ਫਿਰ ਪਸੂਆਂ
ਵਾਂਗ ਟਰੱਕ ਵਿਚ ਲੱਦ ਲਿਆ ਜਾਂਦਾ ਹੈ ਅਤੇ ਮਾਈਨਸ ਪੱਚੀ-ਪੱਚੀ ਡਿਗਰੀ ਤਾਪਮਾਨ
ਵਿਚ ਇੱਕ ਰਾਤ ਸਫ਼ਰ ਕਰਕੇ ਇਹਨਾਂ ਨੂੰ 'ਯੂਕਰੇਨ' ਦੇ ਜੰਗਲ ਵਿਚ ਇੱਕ ਤਰ੍ਹਾਂ
ਨਾਲ 'ਢੇਰੀ' ਕਰ ਦਿੱਤਾ ਜਾਂਦਾ ਹੈ! ਜਿੱਥੇ ਇਹ ਕੜਾਕੇ ਦੀ ਸਰਦੀ ਵਿਚ ਸਾਰਾ ਦਿਨ
ਜੰਗਲ ਵਿਚ ਪਏ ਤੜਪਦੇ ਰਹਿੰਦੇ ਹਨ। ਕੁਝ ਲੜਕਿਆਂ ਦੇ ਦੱਸਣ ਅਨੁਸਾਰ, ਅਥਾਹ ਸਰਦੀ
ਕਾਰਨ ਇੱਥੇ ਕਈ ਮੁੰਡਿਆਂ ਦੀ ਮੌਤ ਹੋਈ, ਜਿਹਨਾਂ ਨੂੰ ਏਜੰਟ ਮਰੇ ਕੱਟੇ ਵਾਂਗ ਧੂਹ
ਕੇ ਘਣੇ ਜੰਗਲ ਵਿਚ ਸੁੱਟ ਆਏ ਅਤੇ ਉਹ ਬਦ-ਕਿਸਮਤ ਜੰਗਲੀ ਜਾਨਵਰਾਂ ਦਾ ਭੋਜਨ ਬਣੇ!
ਆਪਣੇ ਸਾਥੀਆਂ ਦੀ ਬੁਰੀ ਹਾਲਤ ਦੇਖ ਕੇ ਕਈ ਰੋਂਦੇ ਮੁੰਡੇ ਏਜੰਟਾਂ ਦੀ ਕਰੋਪੀ ਦਾ
ਸ਼ਿਕਾਰ ਹੋਏ ਅਤੇ ਉਹਨਾਂ ਬੇਰਹਿਮਾਂ ਨੇ ਇਹਨਾਂ ਨਿਰਦੋਸ਼ਿਆਂ ਨੂੰ ਪੱਥਰ ਮਾਰ-ਮਾਰ
ਕੇ ਬੁਰੀ ਤਰ੍ਹਾਂ ਮਾਰਿਆ। ਪਾਣੀ ਮੰਗਣ 'ਤੇ ਸ਼ਰਾਬੀ ਏਜੰਟਾਂ ਵੱਲੋਂ ਇਹਨਾਂ ਦੇ
ਮੂੰਹ ਵਿਚ ਮੂਤਿਆ ਗਿਆ।
ਸਰਦੀ ਭਰੀਆਂ ਰਾਤਾਂ ਵਿਚ
ਇਹਨਾਂ ਦਾ ਸਫ਼ਰ ਵੱਡੇ ਟਰਾਲਿਆਂ ਰਾਹੀਂ ਜਾਰੀ ਰਹਿੰਦਾ ਹੈ ਅਤੇ ਦਿਨ ਨੂੰ ਇਹ
ਨਿਕਰਮੇਂ ਜੰਗਲਾਂ ਵਿਚ ਦਿਨ ਕਟੀ ਕਰਦੇ ਹਨ। ਦਿਨ ਨੂੰ ਇਹ ਟਰਾਲੇ ਇਸ ਕਰਕੇ ਨਹੀਂ
ਚੱਲਦੇ ਕਿ ਕਿਤੇ ਚੈਕਿੰਗ ਵਿਚ ਫੜੇ ਨਾ ਜਾਣ। ਇਸ ਸਫ਼ਰ ਦੌਰਾਨ ਉਹਨਾਂ ਨੂੰ
ਖਾਣ-ਪੀਣ ਨੂੰ ਤਾਂ ਕੀ ਸੁਆਹ ਮਿਲਣਾ ਸੀ? ਪਿਸ਼ਾਬ ਕਰਨ ਦੀ ਵੀ ਆਗਿਆ ਨਹੀਂ ਹੈ!
ਇਕ ਲੜਕੇ ਮੁਤਾਬਿਕ: ਕਰਨੈਲ ਸਿੰਘ ਨਾਂ ਦਾ ਲੜਕਾ ਚੱਲਦੇ ਟਰਾਲੇ ਦੇ ਪਿੱਛੇ ਹੋ ਕੇ
ਪਿਸ਼ਾਬ ਕਰਨ ਲੱਗਿਆ ਤਾਂ ਹਝੋਕਾ ਵੱਜਣ 'ਤੇ ਬਾਹਰ ਜਾ ਡਿੱਗਿਆ। ਮੁੰਡਿਆਂ ਦੇ
ਚੀਕ-ਚਿਹਾੜੇ 'ਤੇ ਵੀ ਟਰੱਕ ਨਾ ਰੁਕਿਆ ਅਤੇ ਬੜੇ ਅਰਾਮ ਨਾਲ ਆਪਣੀ ਚਾਲ ਚੱਲਦਾ
ਗਿਆ। ਅਥਾਹ ਪੈਂਦੀ ਬਰਫ਼ ਵਿਚ ਡਿੱਗੇ ਉਸ ਲੜਕੇ ਨਾਲ ਕੀ ਬੀਤੀ? ਰੱਬ ਹੀ ਜਾਣੇ!
ਵੱਡੀ ਸਮੱਸਿਆ ਇਹ ਹੈ ਕਿ
ਟਰਾਲੇ ਦੇ ਡਰਾਈਵਰ ਆਮ ਤੌਰ 'ਤੇ ਰੂਸੀ, ਪੋਲੈਂਡ ਜਾਂ ਚੈੱਕ ਦੇ ਹੁੰਦੇ ਹਨ। ਉਹ
ਆਪਣੀ ਮਾਤ-ਭਾਸ਼ਾ ਤੋਂ ਇਲਾਵਾ ਹੋਰ ਕੋਈ ਬੋਲੀ ਹੀ ਨਹੀਂ ਸਮਝਦੇ। ਉਹਨਾਂ
ਡਰਾਈਵਰਾਂ ਨੂੰ ਵੱਡੇ ਏਜੰਟਾਂ ਵੱਲੋਂ ਇੱਕ ਗੇੜੇ ਦਾ 500 ਯੂਰੋ (ਤਕਰੀਬਨ ਤੀਹ
ਹਜ਼ਾਰ ਰੁਪਏ) ਦਿੱਤਾ ਜਾਂਦਾ ਹੈ। ਕੋਈ ਮਰੇ ਕੋਈ ਜੀਵੇ! ਅਗਰ ਕੋਈ ਲੜਕਾ ਰਸਤੇ
ਵਿਚ ਠੰਢ ਜਾਂ ਬਿਮਾਰੀ ਨਾਲ ਮਰ ਜਾਂਦਾ ਹੈ ਤਾਂ ਉਸ ਨੂੰ ਝਾੜੀਆਂ ਵਿਚ
ਕੁੱਤੇ-ਬਿੱਲੇ ਵਾਂਗ ਸੁੱਟ ਦਿੱਤਾ ਜਾਂਦਾ ਹੈ! ਅਸਲ ਟਿਕਾਣੇ 'ਤੇ ਪੁੱਜਣ ਤੋਂ
ਦਸ-ਪੰਦਰਾਂ ਕਿਲੋਮੀਟਰ ਉਰਾਂਹ ਜੰਗਲ ਵਿਚ ਰੁਕ ਕੇ ਜਿਉਂਦੇ, ਮਰੇ ਲੜਕੇ ਇੱਕ ਵਾਰ
ਜਰੂਰ ਨਿਰਖ ਲਏ ਜਾਂਦੇ ਹਨ, ਤਾਂ ਕਿ ਫੜੇ ਜਾਣ 'ਤੇ ਉਹ ਘੱਟੋ-ਘੱਟ ਕਤਲ ਕੇਸ ਵਿਚ
ਫ਼ਸਣੋਂ ਜਰੂਰ ਬਚ ਜਾਣ! ਉਹਨਾਂ ਨੂੰ ਜ਼ਿੰਦਾ ਜਾਂ ਮਰੇ ਬੰਦੇ ਨਾਲ ਕੋਈ ਸਰੋਕਾਰ
ਨਹੀਂ, ਬੱਸ! ਆਪਣੀ ਹਿਫ਼ਾਜ਼ਤ ਜਰੂਰੀ ਸਮਝਦੇ ਹਨ।
ਇਤਨੀ ਖੱਜਲ ਖੁਆਰੀ ਤੋਂ
ਬਾਅਦ ਸਾਰੇ ਜਾਹਲੀ ਬੰਦਿਆਂ ਨੂੰ ਸਲੋਵਾਕੀਆ ਦਾ ਬਾਰਡਰ ਪਾਰ ਕਰਵਾ ਕੇ ਸਵੇਰੇ
ਮੂੰਹ ਹਨ੍ਹੇਰੇ ਹੀ ਚੈੱਕ ਦੇ ਕਿਸੇ ਸ਼ਹਿਰ ਵਿਚ ਲਾਹ ਦਿੱਤਾ ਜਾਂਦਾ ਹੈ। ਜਿੱਥੇ
ਇਹਨਾਂ ਨੂੰ ਅਵਾਰਾ ਪਸੂਆਂ ਵਾਂਗ ਫਿਰਦੇ ਦੇਖ ਕੇ ਗਸ਼ਤੀ ਪੁਲੀਸ ਗ੍ਰਿਫ਼ਤਾਰ ਕਰਕੇ
ਅਣਮਿਥੇ ਸਮੇਂ ਲਈ ਜੇਲ੍ਹ ਵਿਚ ਸੁੱਟ ਦਿੰਦੀ ਹੈ। ਜਦ ਇਹਨਾਂ ਦੇ ਬਿਆਨ ਲਏ ਜਾਂਦੇ
ਹਨ ਤਾਂ ਏਜੰਟਾਂ ਦੇ ਸਿਖਾਏ ਇਹ ਮਾਸੂਮ ਲੜਕੇ ਆਪਣੇ ਆਪ ਨੂੰ "ਅੱਤਿਵਾਦੀ" ਅਤੇ
ਪੰਜਾਬ ਪੁਲੀਸ ਦੇ ਸਤਾਏ ਹੋਏ ਦੱਸ ਕੇ ਸਿਆਸੀ ਪਨਾਂਹ ਲਈ ਦਰਖ਼ਾਸਤ ਦਿੰਦੇ ਹਨ।
ਹੌਲੀ ਹੌਲੀ ਤਰੀਕਾਂ ਨਿਕਲਣ 'ਤੇ ਇਹਨਾਂ ਨੂੰ ਸ਼ਰਨਾਰਥੀ ਕੈਂਪਾਂ ਵਿਚ ਪਹੁੰਚਾਇਆ
ਜਾਂਦਾ ਹੈ। ਜਿੱਥੇ ਏਜੰਟਾਂ ਦੇ ਦੱਲੇ ਫਿਰ ਇਹਨਾਂ ਨੂੰ ਜਰਮਨੀ ਪਹੁੰਚਾਉਣ ਦੇ
ਸੁਨਿਹਰੀ ਸੁਪਨੇ ਦਿਖਾਉਣੇ ਸ਼ੁਰੂ ਕਰਦੇ ਹਨ। ਜਦੋਂ ਇਹ ਲੜਕੇ ਆਪਣੀ ਖਾਲੀ ਜੇਬ ਦਾ
ਪ੍ਰਗਟਾਵਾ ਕਰਦੇ ਹਨ ਤਾਂ ਇਹਨਾਂ ਨੂੰ ਇਹ ਹੀ ਕਿਹਾ ਜਾਂਦਾ ਹੈ ਕਿ ਉਹ ਆਪਣੇ ਕਿਸੇ
ਬਾਹਰਲੇ ਦੇਸ਼ ਵਿਚ ਵਸਦੇ ਮਿੱਤਰ ਜਾਂ ਰਿਸ਼ਤੇਦਾਰ ਕੋਲੋਂ ਪੈਸੇ ਮੰਗਵਾ ਲੈਣ ਤਾਂ
ਉਹਨਾਂ ਨੂੰ ਜਰਮਨੀ ਸੈੱਟ ਕਰ ਦਿੱਤਾ ਜਾਵੇਗਾ।
ਜਦ ਕੋਈ ਰਿਸ਼ਤੇਦਾਰ
ਕੈਨੇਡਾ, ਅਮਰੀਕਾ, ਜਰਮਨੀ ਜਾਂ ਕਿਸੇ ਹੋਰ ਦੇਸ਼ ਵਿਚੋਂ ਇਹਨਾਂ ਨੂੰ ਪੈਸੇ ਭੇਜ
ਦਿੰਦਾ ਹੈ ਤਾਂ ਇਹ ਜਰਮਨੀ ਜਾਣ ਲਈ ਕਮਰਕੱਸੇ ਕਰ ਲੈਂਦੇ ਹਨ। ਚੈੱਕੋ ਵਿਚ ਇੱਕ ਆਮ
ਸ਼ਰਨਾਰਥੀ ਨੂੰ ਤੀਹ ਰੁਪਏ ਔਸਤਨ ਪ੍ਰਤੀ ਦਿਨ ਮਿਲਦੇ ਹਨ। ਜਦ ਪੱਚੀ-ਤੀਹ ਮੁੰਡੇ
ਇਕੱਠੇ ਹੋ ਜਾਂਦੇ ਹਨ ਤਾਂ ਏਜੰਟ ਇਹਨਾਂ ਦਾ ਮੂੰਹ 'ਪਰਾਗ' ਤੋਂ ਆਸਟਰੀਆ ਰਾਹੀਂ
ਜਰਮਨ ਨੂੰ ਸਿੱਧਾ ਕਰ ਲੈਂਦੇ ਹਨ। ਪਰਾਗ ਤੋਂ ਆਸਟਰੀਆ ਦਾ ਬਾਰਡਰ ਤਕਰੀਬਨ ਇੱਕ
ਘੰਟੇ ਦਾ ਸਫ਼ਰ ਹੈ। ਬਾਰਡਰ ਤੋਂ ਕੁਝ ਕਿਲੋਮੀਟਰ ਉਰਾਂਹ ਇਹਨਾਂ ਨੂੰ ਫਿਰ ਉਤਾਰ
ਲਿਆ ਜਾਂਦਾ ਹੈ ਅਤੇ ਗਿੱਲੀਆਂ ਪੈਲੀਆਂ ਵਿਚੋਂ ਦੀ ਤਕਰੀਬਨ ਵੀਹ-ਪੱਚੀ ਕਿਲੋਮੀਟਰ
ਤੋਰਿਆ ਜਾਂਦਾ ਹੈ। ਬਾਰਡਰ ਦਾ ਇਤਨਾ ਏਰੀਆ ਲੰਘ ਕੇ ਟਰੱਕ ਇਹਨਾਂ ਨੂੰ ਫੇਰ ਚੜ੍ਹਾ
ਲੈਂਦਾ ਹੈ। ਆਸਟਰੀਆ ਬਹੁਤ ਹੀ ਛੋਟਾ ਮੁਲਕ ਹੈ। ਇਸ ਨੂੰ ਪੰਜਾਂ ਘੰਟਿਆਂ ਵਿਚ ਬੜੇ
ਅਰਾਮ ਨਾਲ ਪਾਰ ਕਰਕੇ ਟਰੱਕ ਜਰਮਨ ਦੀ ਜੂਹ ਵਿਚ ਦਾਖਲ ਹੋ ਜਾਂਦਾ ਹੈ।
ਜਰਮਨ ਬਾਰਡਰ ਪੁਲੀਸ ਦੀ
ਚੈਕਿੰਗ ਬੜੀ ਹੀ ਸਖ਼ਤ ਹੈ। ਉਹਨਾਂ ਦੀਆਂ ਹਵਾ ਨੂੰ ਗੰਢਾਂ ਦੇਣ ਵਾਲੀਆਂ ਬੀ ਐੱਮ
ਡਬਲਿਊ ਗੱਡੀਆਂ ਅੱਠੇ ਪਹਿਰ ਜਾਹਲੀਆਂ ਦੀ ਭਾਲ ਵਿਚ "ਮਾਣਸ ਬੂ-ਮਾਣਸ ਬੂ" ਕਰਦੀਆਂ
ਫਿਰਦੀਆਂ ਹਨ। ਚਾਹੇ ਯੂਰਪੀਅਨ ਯੂਨੀਅਨ ਬਣਨ ਤੋਂ ਬਾਅਦ ਜਨਵਰੀ 1998 ਤੋਂ ਸਾਰੇ
ਯੂਰਪੀਅਨ ਦੇਸ਼ਾਂ ਨੇ ਆਪਣੇ ਬਾਰਡਰ ਹਟਾ ਲਏ ਹਨ। ਪਰ ਫੇਰ ਵੀ ਕਿਸੇ ਵੀ ਦੇਸ਼
ਵਿਚ, ਕਿਸੇ ਵੀ ਆਦਮੀ ਜਾਂ ਗੱਡੀ ਨੂੰ, ਜਦੋਂ ਮਰਜ਼ੀ ਕਾਨੂੰਨੀ ਤੌਰ 'ਤੇ ਰੋਕ ਕੇ
ਚੈੱਕ ਕੀਤਾ ਜਾ ਸਕਦਾ ਹੈ। ਜਰਮਨੀ ਵਿਚ ਖ਼ਾਸ ਤੌਰ 'ਤੇ ਚੈੱਕੋ ਅਤੇ ਪੋਲੈਂਡ ਤੋਂ
ਆਉਣ ਵਾਲੀਆਂ ਤਮਾਮ ਗੱਡੀਆਂ ਨੂੰ ਬੜੀ ਬਾਰੀਕੀ ਨਾਲ ਚੈੱਕ ਕੀਤਾ ਜਾਂਦਾ ਹੈ ਅਤੇ
ਇਹ ਜਾਹਲੀ ਬੰਦਿਆਂ ਦਾ ਆਖਰੀ ਸਟੇਸ਼ਨ ਹੋ ਨਿਬੜਦਾ ਹੈ।
ਇੱਥੋਂ ਜਾਹਲੀ ਪ੍ਰਵਾਸੀਆਂ
ਨੂੰ ਫੜ ਕੇ 'ਪੀਡਿੰਗ' (ਆਸਟਰੀਆ ਅਤੇ ਜਰਮਨ ਦੇ ਬਾਰਡਰ 'ਤੇ ਸਥਿੱਤ ਬਾਰਡਰ ਪੁਲੀਸ
ਸਟੇਸ਼ਨ) ਲਿਜਾਇਆ ਜਾਂਦਾ ਹੈ ਅਤੇ ਮਾੜੀ ਮੋਟੀ ਸ਼ਨਾਖ਼ਤ (ਨਾਂ, ਜਨਮ ਤਾਰੀਕ ਅਤੇ
ਪੂਰਾ ਪਤਾ) ਲੈਣ ਤੋਂ ਬਾਅਦ, 'ਬਾਦ-ਰਾਈਖ਼ਨ ਹਾਲ' ਜਾਂ 'ਲਾਉਫ਼ਨ' ਦੀ ਅਦਾਲਤ ਵਿਚ
ਪੇਸ਼ ਕਰਕੇ ਆਸਟਰੀਅਨ ਪੁਲੀਸ ਨੂੰ ਸੌਂਪ ਦਿੱਤਾ ਜਾਂਦਾ ਹੈ। ਇੱਥੇ ਆਸਟਰੀਅਨ
ਪੁਲੀਸ ਦੁਬਿਧਾ ਵਿਚ ਫ਼ਸ ਜਾਂਦੀ ਹੈ ਕਿ ਇਹਨਾਂ ਨੂੰ ਕਿੱਧਰ ਤੋਰਿਆ ਜਾਵੇ?
ਕਿਉਂਕਿ ਏਜੰਟਾਂ ਦੇ ਪੜ੍ਹਾਏ ਸਾਰੇ ਪ੍ਰਵਾਸੀ ਇਹ ਨਹੀਂ ਦੱਸਦੇ ਕਿ ਅਸੀਂ ਚੈੱਕ
ਜਾਂ ਸਲਵਾਕ ਤੋਂ ਆਏ ਹਾਂ। ਉਹ ਤਾਂ ਇਹੋ ਹੀ ਕਹਿੰਦੇ ਹਨ, ਕਿ ਜੀ ਅਸੀਂ ਤਾਂ
ਮਾਸਕੋ ਤੋਂ ਆਏ ਸੀ। ਉਸ ਤੋਂ ਬਾਅਦ ਬੰਦ ਟਰਾਲਿਆਂ ਵਿਚ ਸਾਨੂੰ ਕਿੱਧਰੋਂ ਕਿੱਧਰ
ਲਿਆਂਦਾ ਗਿਆ? ਕੋਈ ਪਤਾ ਨਹੀਂ! ਕਿਉਂਕਿ ਅਗਰ ਜਾਹਲੀ ਪ੍ਰਵਾਸੀ ਇਹ ਦੱਸਦਾ ਹੈ ਕਿ
ਮੈਂ ਚੈੱਕੋ ਤੋਂ ਆਇਆ ਹਾਂ, ਤਾਂ ਆਸਟਰੀਅਨ ਪੁਲੀਸ ਉਸ ਨੂੰ ਚੈੱਕੋ ਪੁਲੀਸ ਦੇ
ਹਵਾਲੇ ਕਰ ਦਿੰਦੀ ਹੈ। ਯਾਦ ਰਹੇ ਕਿ ਯੂਰਪੀਅਨ ਦੇਸ਼ਾਂ ਦੀ ਜਾਹਲੀ ਪ੍ਰਵਾਸੀਆਂ
ਪ੍ਰਤੀ ਇਹ ਸੰਧੀ ਹੋਈ-ਹੋਈ ਹੈ ਕਿ ਜਿਹੜਾ ਜਾਹਲੀ ਬੰਦਾ ਜਿਸ ਦੇਸ਼ ਵਿਚੋਂ ਦੂਸਰੇ
ਦੇਸ਼ ਵਿਚ ਆਵੇ, ਪਹਿਲੇ ਦੇਸ਼ ਨੂੰ, ਉਸ ਜਾਹਲੀ ਬੰਦੇ ਨੂੰ ਅਵੱਸ਼ ਅਪਨਾਉਣਾ
ਹੋਵੇਗਾ। ਇਸ ਲਈ ਜਿੱਧਰੋਂ ਬੰਦੇ ਆਉਂਦੇ ਹਨ, ਹੌਲੀ-ਹੌਲੀ ਉਧਰ ਨੂੰ ਹੀ ਵਾਪਿਸ
ਮੋੜਨੇ ਸ਼ੁਰੂ ਕਰ ਦਿੱਤੇ ਜਾਂਦੇ ਹਨ।
ਪਿਛਲੀ 1 ਮਈ 2004 ਤੋਂ
ਤਾਂ ਇਹ ਕਾਨੂੰਨ ਹੋਰ ਵੀ ਮੂਲੋਂ ਜ਼ਿਆਦਾ ਸਖਤ ਕਰ ਦਿੱਤਾ ਗਿਆ ਹੈ। ਹੁਣ ਆਦਮੀ
ਚੌਵੀ ਘੰਟਿਆਂ ਤੋਂ ਲੈ ਕੇ ਬਹੱਤਰ ਘੰਟਿਆਂ ਦੇ ਵਿਚ-ਵਿਚ ਵਾਪਿਸ ਤੋਰੇ ਨਹੀ
'ਧੱਕੇ' ਜਾਣ ਲੱਗ ਪਏ ਹਨ। ਹੁਣ ਤਾਂ 'ਸਟੇਅ' ਵਾਲਾ ਕਾਨੂੰਨ ਇਤਨਾ ਸਖ਼ਤ ਕਰ
ਦਿੱਤਾ ਗਿਆ ਹੈ ਕਿ ਅਗਰ ਤੁਹਾਡੇ ਕੋਲ ਕੋਈ ਸਬੂਤ ਹੈ ਤਾਂ ਦਿਓ ਤੇ ਨਹੀਂ ਆਪਣੇ
ਦੇਸ਼ ਜਾਣ ਲਈ ਤਿਆਰ ਰਹੋ! 'ਯੂਰੋ-ਡਾਕ' ਅਤੇ 'ਫਿੰਗਰ-ਪ੍ਰਿੰਟ ਸਿਸਟਮ' ਨੇ ਤਾਂ
ਸਾਰੇ ਰਸਤੇ ਹੀ ਬੰਦ ਕਰ ਦਿੱਤੇ ਹਨ। ਜਦੋਂ ਤੁਹਾਡੇ ਯੂਰਪ ਦੇ ਇੱਕ ਦੇਸ਼ ਵਿਚ
ਉਂਗਲੀਆਂ ਦੇ ਨਿਸ਼ਾਨ ਲੈ ਲਏ ਗਏ, ਤਾਂ ਉਹ ਡਬਲਿਨ ਮਾਰਫ਼ਤ ਦੋ ਘੰਟਿਆਂ ਦੇ
ਵਿਚ-ਵਿਚ ਯੂਰਪ ਦੇ ਪੱਚੀ ਦੇਸ਼ਾਂ ਵਿਚ ਭੇਜ ਦਿੱਤੇ ਜਾਂਦੇ ਹਨ, ਫਿਰ ਤੁਸੀਂ ਯੂਰਪ
ਦੇ ਕਿਸੇ ਵੀ ਦੇਸ਼ ਵਿਚ ਨਾਂ ਬਦਲ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਚਲੇ ਜਾਓ, ਪਰ
ਉਂਗਲੀਆਂ ਦੇ ਨਿਸ਼ਾਨ ਬੋਲਣਗੇ ਕਿ ਤੁਸੀਂ ਕੌਣ ਹੋ ਅਤੇ ਪਹਿਲਾਂ ਕਿਸ ਦੇਸ਼ ਵਿਚ
ਰਹੇ ਹੋ? ਬੱਸ ਉਥੋਂ ਤੁਹਾਡੀ ਵਾਪਸੀ ਹੋਣੀ ਸ਼ੁਰੂ ਹੋ ਜਾਵੇਗੀ, ਚਾਹੇ ਤੁਸੀਂ ਦਸ
ਦੇਸ਼ ਟੱਪ ਆਏ ਹੋ, ਤੁਹਾਨੂੰ ਮੁੜ ਪਹਿਲੇ ਦੇਸ਼ ਹੀ ਪਰਤਣਾ ਪਵੇਗਾ, ਜ਼ੋਰ ਲਾ
ਲਵੋ!
ਸਾਬਤ ਹੋਣ ਤੱਕ ਕਿ ਜਾਹਲੀ
ਬੰਦਾ ਕਿੱਧਰੋਂ ਆਇਆ ਹੈ, ਆਸਟਰੀਅਨ ਪੁਲੀਸ ਉਸ ਨੂੰ ਹਿਰਾਸਤ ਵਿਚ ਰੱਖੀ ਰੱਖਦੀ
ਹੈ, ਜਿਸ ਦਾ ਮਿਥਿਆ ਸਮਾਂ ਛੇ ਮਹੀਨੇ ਹੈ। ਕੁਝ ਲੜਕੇ ਜੇਲ੍ਹ ਤੋਂ ਉਕਤਾ ਕੇ ਭੁੱਖ
ਹੜਤਾਲ ਕਰ ਦਿੰਦੇ ਹਨ। ਅਗਰ ਭੁੱਖ ਹੜਤਾਲ ਇੱਕੀ ਦਿਨ ਤੋਂ ਟੱਪ ਜਾਵੇ ਤਾਂ
ਹਿਰਾਸਤੀ ਨੂੰ ਡਾਕਟਰ ਦੇ ਕਹਿਣ 'ਤੇ ਛੱਡ ਦਿੱਤਾ ਜਾਂਦਾ ਹੈ। ਕਿਉਂਕਿ ਯੂਰਪੀਅਨ
ਪੁਲੀਸ ਕੈਦੀ ਦੀ ਜ਼ਿੰਦਗੀ ਦਾਅ 'ਤੇ ਲਾ ਕੇ ਕੋਈ ਜ਼ੋਖ਼ਮ ਨਹੀਂ ਸਹੇੜਨਾ
ਚਾਹੁੰਦੀ। ਜੇਲ੍ਹ 'ਚੋਂ ਰਿਹਾਅ ਹੋਣ ਉਪਰੰਤ ਅਗਲੇ ਦਾ ਕੋਈ ਰਿਸ਼ਤੇਦਾਰ, ਮਿੱਤਰ
ਆਸਟਰੀਆ ਹੋਵੇ ਤਾਂ ਸਾਂਭ ਲੈਂਦਾ ਹੈ, ਨਹੀਂ ਤਾਂ ਅਗਲਾ ਪੜਾਅ ਵਾਹਿਗੁਰੂ ਹੀ
ਜਾਣੇ!
ਜੇਲ੍ਹ ਵਿਚ ਬੈਠੇ ਮੁੰਡੇ
ਸਿਰਫ਼ ਇੰਡੀਅਨ ਅੰਬੈਸੀ ਜਾਂ ਕੌਂਸਲੇਟ ਦੇ ਰਹਿਮ 'ਤੇ ਹੀ ਹੁੰਦੇ ਹਨ। ਜਿਹੜੇ
ਲੜਕਿਆਂ ਨੂੰ ਇੰਡੀਅਨ ਅੰਬੈਸੀ ਜਲਦੀ ਪਾਸਪੋਰਟ ਜਾਂ ਐਮਰਜੈਂਸੀ ਸਲਿੱਪ ਦੇ ਦਿੰਦੀ
ਹੈ, ਉਹਨਾਂ ਨੂੰ ਫੜ ਕੇ ਇੰਡੀਆ ਨੂੰ ਜਹਾਜ਼ ਚੜ੍ਹਾ ਅਥਵਾ 'ਡਿਪੋਰਟ' ਕਰ ਦਿੱਤਾ
ਜਾਂਦਾ ਹੈ ਅਤੇ ਬਾਕੀ ਜੇਲ੍ਹ 'ਚ ਬੈਠੇ, ਅੱਡੀਆਂ ਰਗੜਦੇ ਜਣਦਿਆਂ ਨੂੰ ਰੋਂਦੇ
ਰਹਿੰਦੇ ਹਨ।
ਇੱਕ ਉਨੀਂ ਸਾਲ ਦੀ ਪੜ੍ਹੀ
ਲਿਖੀ, ਸੁੰਦਰ ਸੁਸ਼ੀਲ ਲੜਕੀ (ਨਾਂ ਅਤੇ ਪਤਾ ਉਸ ਦੀ ਇੱਜ਼ਤ ਅਤੇ ਭਵਿੱਖ ਨੂੰ
ਮੁੱਖ ਰੱਖ ਕੇ ਨਹੀਂ ਲਿਖਿਆ ਜਾ ਰਿਹਾ) ਨੇ ਮੈਨੂੰ ਆਪਣੀ ਰੌਂਗਟੇ ਖੜ੍ਹੇ ਕਰਨ
ਵਾਲੀ ਦਰਦ ਭਰੀ ਕਹਾਣੀ ਰੋ-ਰੋ ਕੇ ਸੁਣਾਈ ਤਾਂ ਮੈਂ 'ਮਰਦ' ਹੁੰਦੇ ਹੋਏ ਵੀ ਕੰਬ
ਉਠਿਆ! ਉਸ ਦਾ ਕਹਿਣਾ ਸੀ ਕਿ ਉਸ ਦਾ ਮੰਗੇਤਰ ਕਿਸੇ ਬਾਹਰਲੇ ਦੇਸ਼ ਵਿਚ ਸੈੱਟ ਹੈ।
ਉਸ ਦੇ "ਤੱਤੇ" ਮੰਗੇਤਰ ਨੇ ਪੰਜਾਬ ਦੇ ਕਿਸੇ ਏਜੰਟ ਨਾਲ ਗੱਲ ਕੀਤੀ ਅਤੇ ਉਸ
ਪੰਜਾਬਣ ਲੜਕੀ ਨੂੰ ਮਾਸਕੋ ਰਸਤੇ, ਉਸ ਦੇ ਟਿਕਾਣੇ 'ਤੇ ਪਹੁੰਚਾਣ ਲਈ ਚਾਰ ਲੱਖ
ਰੁਪਏ ਦੀ ਗੱਲ ਹੋਈ ਸੀ (ਸੰਖੇਪ ਲਿਖ ਰਿਹਾ ਹਾਂ)। ਜਦ ਉਹ ਮਾਸਕੋ ਉਤਰੀ ਤਾਂ ਤਿੰਨ
ਬਲਡੋਜ਼ਰ ਵਰਗੇ ਰੂਸੀ ਬੰਦੇ ਉਸ ਨੂੰ ਲੈਣ ਆਏ ਹੋਏ ਸਨ। ਉਸ ਦਾ ਪਾਸਪੋਰਟ ਅਤੇ
ਟਿਕਟ ਉਹਨਾਂ ਨੇ ਲੈ ਲਏ ਅਤੇ ਉਸ ਨੂੰ ਬਾਹਰ-ਬਾਹਰ ਕਿਸੇ ਪ੍ਰਾਈਵੇਟ ਮਕਾਨ ਵਿਚ ਲੈ
ਗਏ। ਜਿੱਥੇ ਉਹਨਾਂ ਸਾਰੀ ਰਾਤ ਸ਼ਰਾਬ ਪੀ ਕੇ ਉਸ ਮਾਲੂਕ ਜਿੰਦੜੀ ਨੂੰ 'ਹਲਾਲ'
ਕੀਤਾ। ਇਹ ਵਰਤਾਰਾ ਹਰ ਰੋਜ਼ ਵਾਂਗ ਹੀ ਬਣ ਗਿਆ। ਫਿਰ ਉਹਨਾਂ ਨੇ ਪੈਸੇ ਲੈ ਕੇ
ਬਾਹਰਲੇ ਬੰਦੇ ਵੀ ਲਿਆਉਣੇ ਸੁਰੂ ਕਰ ਦਿੱਤੇ। ਡੇੜ੍ਹ ਮਹੀਨੇ ਵਿਚ 38 ਬੰਦਿਆਂ ਨੇ
ਉਸ ਨੂੰ ਚੂੰਡਿਆ!! ਉਸ ਕੁੜੀ ਉਪਰ ਰੱਖੇ ਸੱਤ ਫੁੱਟੇ ਨਿਗਰਾਨ ਹਬਸ਼ੀ ਦਾ ਤਾਂ ਦਿਨ
ਰਾਤ ਦਾ ਕੰਮ ਹੀ ਇਹੋ ਸੀ। ਉਹ ਕੁੜੀ ਦੱਸਦੀ ਹੈ ਕਿ ਜਦ ਉਹ ਇੰਡੀਆ ਤੋਂ ਤੁਰੀ ਸੀ
ਤਾਂ ਬਿਲਕੁਲ ਸਤੀ-ਸਵਿੱਤਰੀ ਸੀ। ਪਰ ਇਹਨਾਂ ਦੱਲਿਆਂ ਨੇ ਉਸ ਨੂੰ ਇੱਕ ਪੇਸ਼ੇਕਾਰ
"ਰੰਡੀ" ਤੋਂ ਵੀ ਬੁਰਾ ਬਣਾ ਦਿੱਤਾ। ਫਿਰ ਅਚਾਨਕ ਕਿਸੇ ਨੇ ਅਗਾਊਂ ਖ਼ਬਰ ਦਿੱਤੀ
ਕਿ ਇੱਥੇ ਪੁਲੀਸ ਦੀ ਧਾੜ੍ਹ ਪੈਣ ਵਾਲੀ ਹੈ, ਤਾਂ ਜਾ ਕੇ ਉਸ ਲੜਕੀ ਦੀ ਖ਼ਲਾਸੀ
ਹੋਈ। ਜਦੋਂ ਅਸੀਂ ਉਸ ਲੜਕੀ ਦੇ ਬਿਆਨ ਲੈਣ ਤੋਂ ਬਾਅਦ ਡਾਕਟਰੀ ਕਰਵਾਈ ਤਾਂ ਉਹ
ਗਰਭਵਤੀ ਸੀ। ਉਸ ਬੱਚੇ ਦਾ ਬਾਪ ਕੌਣ ਹੈ? ਖ਼ੁਦਾ ਜਾਣੇ!
ਪਿੰਡ ਸਲੀਮਪੁਰ ਦਾ ਜੰਮਪਲ
ਇੱਕ ਵੀਹ ਕੁ ਸਾਲ ਦਾ ਲੜਕਾ ਜਦੋਂ 28 ਮੁੰਡਿਆਂ ਸਮੇਤ ਪਕੜਿਆ ਗਿਆ ਤਾਂ ਉਸ ਨੂੰ
103 ਬੁਖਾਰ ਅਤੇ ਮਾਤਾ ਨਿਕਲੀ ਹੋਈ ਸੀ। ਡਾਕਟਰ ਦੀ ਹਦਾਇਤ 'ਤੇ ਜਰਮਨ ਪੁਲੀਸ ਨੇ
ਉਸ ਨੂੰ ਪੂਰੇ ਦੋ ਹਫ਼ਤੇ ਹਸਪਤਾਲ ਵਿਚ ਰੱਖਿਆ ਅਤੇ ਇਲਾਜ਼ ਕਰਵਾਇਆ। ਜਰਮਨ ਪੁਲੀਸ
ਦੀ ਹਲੀਮੀ ਅਤੇ ਹਮਦਰਦੀ ਕਾਰਨ ਉਸ ਜਸਪਾਲ ਸਿੰਘ ਨਾਂ ਦੇ ਲੜਕੇ ਨੂੰ ਵਕਤੀ ਤੌਰ
'ਤੇ ਜਰਮਨ ਰਹਿਣ ਦੀ ਇਜ਼ਾਜ਼ਤ ਮਿਲ ਗਈ ਹੈ, ਜਦ ਕਿ ਉਸ ਦੇ 27 ਸਾਥੀ ਲੜਕੇ ਵਾਪਿਸ
ਚੈੱਕ ਨੂੰ ਭੇਜ ਦਿੱਤੇ ਹਨ।
ਢਮਾਈ ਪਿੰਡ ਦਾ ਇੱਕ ਲੜਕਾ
ਹਰਭਜਨ ਸਿੰਘ ਕਰੀਬ ਚਾਰ ਮਹੀਨਿਆਂ ਤੋਂ ਆਸਟਰੀਅਨ ਪੁਲੀਸ ਦੀ ਹਿਰਾਸਤ ਵਿਚ ਸੀ। 22
ਦਿਨ ਦੀ ਭੁੱਖ ਹੜਤਾਲ ਤੋਂ ਬਾਅਦ ਪੁਲੀਸ ਨੇ ਉਸ ਨੂੰ ਰਿਹਾਅ ਕੀਤਾ ਹੈ, ਜਦ ਕਿ
ਜਲੰਧਰ ਦੇ ਇੱਕ ਲੜਕੇ ਸੁੱਖੇ ਦਾ ਕੋਈ ਅਤਾ-ਪਤਾ ਨਹੀਂ ਲੱਗ ਰਿਹਾ ਕਿ ਉਹ ਕਿੱਥੇ
ਹੈ? ਸਾਡੀ ਜਾਣਕਾਰੀ ਮੁਤਾਬਿਕ ਹਜ਼ਾਰਾਂ ਪੰਜਾਬੀ ਲੜਕੇ ਮਾਸਕੋ ਅਤੇ ਯੂਕਰੇਨ ਦੇ
ਉਜਾੜਾਂ ਅਤੇ ਜੰਗਲਾਂ ਵਿਚ ਆਪਣੀ ਵਾਰੀ ਦੀ ਉਡੀਕ ਕਰਦੇ ਰੁਲ ਰਹੇ ਹਨ! ਇਹਨਾਂ
'ਚੋਂ ਕਿਤਨੇ ਕੁ ਕਿਸੇ ਤਣ-ਪੱਤਣ ਲੱਗਣਗੇ? ਇਹ ਇੱਕ ਅਣ-ਕਿਆਸਿਆ ਪ੍ਰਸ਼ਨ ਹੈ!!
ਅੰਮ੍ਰਿਤਸਰ ਦੇ ਵਸਨੀਕ ਅਤੇ
ਗਰੈਜੂਏਟ ਲੜਕੇ ਰਣਬੀਰ ਸਿੰਘ ਨੇ ਮੈਨੂੰ ਦੱਸਿਆ ਕਿ ਉਸ ਦਾ ਪਿਤਾ ਖ਼ਾਲਸਾ ਕਾਲਿਜ
ਅੰਮ੍ਰਿਤਸਰ ਵਿਖੇ ਪ੍ਰੋਫ਼ੈਸਰ ਹੈ। ਪ੍ਰੀਵਾਰ ਦਾ ਬੜਾ ਵਧੀਆ ਗੁਜ਼ਾਰਾ ਚੱਲਦਾ ਹੈ।
ਵੱਡਾ ਭਰਾ ਐੱਮ ਐੱਸ ਸੀ ਕਰ ਰਿਹਾ ਹੈ ਅਤੇ ਮਾਤਾ ਹਸਪਤਾਲ ਵਿਚ ਡਾਕਟਰ ਹੈ। ਸੰਨ
1980 ਵਿਚ ਜਨਮਿਆਂ ਇਹ ਹੱਸਮੁਖ ਲੜਕਾ ਕਹਿੰਦਾ ਹੈ: ਬਾਈ ਜੀ ਮੇਰੀ ਤਾਂ ਸੁਸਾਇਟੀ
ਹੀ ਬਹੁਤ ਮਾੜੀ ਸੀ। ਬਾਹਰ ਆਉਣ ਦੀ ਐਸੀ ਰਟ ਲਾਈ ਕਿ ਘਰਦੇ ਅੱਕ ਕੇ ਮੈਨੂੰ ਬਾਹਰ
ਕੱਢਣ ਲਈ ਮਜ਼ਬੂਰ ਹੋ ਗਏ। ਹੁਣ ਬਹੁਤ ਦਿਲ ਕਰਦੈ ਬਈ ਵਾਪਿਸ ਚਲਾ ਜਾਵਾਂ। ਪਰ
ਆਪਣੇ ਘਰਦਿਆਂ ਨੂੰ ਕਿਹੜਾ ਮੂੰਹ ਦਿਖਾਊਂ? ਮੈਂ ਉਸ ਨੂੰ ਧਰਵਾਸ ਦਿੰਦਿਆਂ ਆਖਿਆ:
ਭਲਿਆ ਮਾਣਸਾ! ਪੜ੍ਹਿਆ ਲਿਖਿਆ ਤੂੰ ਐਂ। ਪੜ੍ਹਿਆ ਲਿਖਿਆ ਤੇਰਾ ਪ੍ਰੀਵਾਰ ਐ। ਸਾਰੀ
ਸਥਿਤੀ ਤੂੰ ਉਹਨਾਂ ਨੂੰ ਸਪੱਸ਼ਟ ਦੱਸ ਦੇਹ, ਤੈਨੂੰ ਬਾਂਹਾਂ ਅੱਡ ਕੇ ਮਿਲਣਗੇ।
ਨਹੁੰਆਂ ਨਾਲੋਂ ਮਾਸ ਕਦੇ ਵੱਖ ਹੋਇਐ? ਕਹਿੰਦਾ: ਬਾਈ ਜੀ ਹੁਣ ਐਨਾਂ ਤੰਗ ਕਰ ਕੇ
ਹੁਣ ਹੋਰ ਤੰਗ ਕਰਨ ਨੂੰ ਦਿਲ ਨਹੀਂ ਕਰਦਾ। ਇਹੋ ਜਿਹੇ ਜਜ਼ਬਾਤੀ ਮੁੰਡੇ ਨੂੰ ਬੰਦਾ
ਕਹੇ ਤਾਂ ਫਿਰ ਕੀ ਕਹੇ? ਅੱਜ ਕੱਲ੍ਹ ਇਹ ਲੜਕਾ ਆਸਟਰੀਅਨ ਪੁਲੀਸ ਦੀ ਹਿਰਾਸਤ ਵਿਚ
ਹੈ ਅਤੇ ਅੱਜ ਕੱਲ੍ਹ ਵਿਚ ਇਸ ਨੂੰ ਵਾਪਿਸ ਚੈੱਕੋ ਭੇਜ ਦਿੱਤਾ ਜਾਵੇਗਾ।
ਹੁਣ 1 ਜਨਵਰੀ 2005 ਤੋਂ
ਇੱਕ ਹੋਰ 'ਗਲਘੋਟੂ' ਕਾਨੂੰਨ ਸ਼ਰਨਾਰਥੀਆਂ ਲਈ ਆ ਰਿਹਾ ਹੈ, ਜਿਸ ਵਿਚ ਇਹ ਮਤਾ
ਪਾਸ ਹੋਇਆ ਹੈ ਕਿ ਸ਼ਰਨ ਲੈਣ ਵਾਲਿਆਂ ਦੀਆਂ ਅਰਜ਼ੀਆਂ 'ਤੇ ਇੱਕ ਹਫ਼ਤੇ ਦੇ
ਵਿਚ-ਵਿਚ ਹੀ ਗੌਰ ਕਰਕੇ ਫ਼ੈਸਲਾ ਕੀਤਾ ਜਾਵੇ ਅਤੇ ਅੱਗੇ ਵਾਂਗ ਕੇਸਾਂ ਨੂੰ
ਮਹੀਨਿਆਂ ਜਾਂ ਸਾਲਾਂ ਬੱਧੀ ਨਾ ਲਟਕਾਇਆ ਜਾਵੇ। ਜਿਹੜੇ ਸ਼ਰਨਾਰਥੀ ਕੋਲ ਦੇਣ ਲਈ
ਕੋਈ ਲਿਖਤੀ ਠੋਸ ਸਬੂਤ ਨਹੀਂ, ਉਸ ਨੂੰ ਸ਼ਰਨ ਦੇਣ ਤੋਂ ਤੁਰੰਤ ਹੀ ਇਨਕਾਰ ਕੀਤਾ
ਜਾਵੇ! ਅੱਗੇ ਅਪੀਲ ਕਰਨ ਲਈ ਉਸ ਨੂੰ 36 ਜਾਂ 72 ਘੰਟੇ ਸਮਾਂ ਦਿੱਤਾ ਜਾਵੇ।
ਜਿਹੜੇ ਸ਼ਰਨਾਰਥੀ ਦੀਆਂ ਦੋ ਅਪੀਲਾਂ ਖਾਰਜ ਹੋ ਗਈਆਂ, ਉਸ ਨੂੰ ਤੁਰੰਤ ਉਸ ਦੇ
ਦੇਸ਼ ਵਾਪਿਸ ਤੋਰਿਆ ਜਾਵੇ ਅਤੇ ਕੋਈ ਲਿਹਾਜ਼ ਜਾਂ ਢਿੱਲ ਨਾ ਵਰਤੀ ਜਾਵੇ! ਗ੍ਰਹਿ
ਮੰਤਰੀ ਦਾ ਤਾਂ ਇਹ ਵੀ ਕਹਿਣਾ ਸੀ ਕਿ ਜਿਹੜੇ ਲੋਕਾਂ ਨੂੰ ਵਾਕਿਆ ਹੀ ਸ਼ਰਨ
ਚਾਹੀਦੀ ਹੈ, ਉਹ ਸਾਡੇ ਤੱਕ ਪਹੁੰਚ ਨਹੀਂ ਸਕਦੇ ਅਤੇ ਆਪਣਾ ਆਰਥਿਕ ਪੱਖ ਸੁਧਾਰਨ
ਵਾਲੇ ਫ਼ੋਕੀਆਂ ਕਹਾਣੀਆਂ ਸੁਣਾ-ਸੁਣਾ ਕੇ ਇੱਥੇ ਪੈਰ ਜਮਾ ਰਹੇ ਹਨ! ਇਹਨਾਂ 'ਤੇ
ਤੁਰੰਤ ਰੋਕ ਲਾਈ ਜਾਵੇ! ਉਸ ਨੇ ਸ਼ਰਨਾਰਥੀਆਂ 'ਤੇ ਆਉਂਦੇ ਸਾਲਾਨਾ ਖ਼ਰਚੇ ਦੇ
ਅੰਕੜੇ ਕਰੋੜਾਂ ਯੂਰੋਆਂ ਵਿਚ ਗਿਣਾਏ।
ਇਹ ਤਾਂ ਕੁਝ ਆਟੇ 'ਚੋਂ
ਲੂਣ ਦੀ ਤਰ੍ਹਾਂ ਉਦਾਹਰਣਾਂ ਹਨ। ਮੇਰੀ ਹਰ ਮਾਂ-ਬਾਪ ਨੂੰ ਬੇਨਤੀ ਹੈ ਕਿ ਆਪਣੇ
ਸੋਨੇ ਵਰਗੇ ਧੀਆਂ-ਪੁੱਤਾਂ ਦਾ ਖਿਆਲ ਰੱਖੋ। ਇਹਨਾਂ ਨੂੰ ਏਜੰਟਾਂ ਦੇ ਢਹੇ ਚੜ੍ਹ
ਕੇ ਬਾਹਰ ਜਾਣ ਤੋਂ ਰੋਕੋ! ਮੇਰੀ ਬਾਹਰ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਨੂੰ ਵੀ
ਬੇਨਤੀ ਹੈ ਕਿ ਆਪਣੇ ਭਾਰਤ ਬੈਠੇ ਰਿਸ਼ਤੇਦਾਰਾਂ ਨੂੰ ਏਜੰਟਾਂ ਰਾਹੀਂ ਬਾਹਰ ਆਉਣ
ਦੀ ਹੱਲਾਸ਼ੇਰੀ ਨਾ ਦਿਓ! ਜੇ ਤੁਹਾਨੂੰ ਉਹਨਾਂ ਦਾ ਜ਼ਿਆਦਾ ਹੀ ਮੋਹ ਅਤੇ ਹਮਦਰਦੀ
ਹੈ ਤਾਂ ਜਾਇਜ਼ ਤਰੀਕੇ ਨਾਲ, ਕਾਨੂੰਨੀ ਤੌਰ 'ਤੇ ਬੁਲਾਓ! ਐਵੈਂ ਨਾ ਏਜੰਟਾਂ ਤੋਂ
ਜੁਆਨੀ ਦਾ ਘਾਣ ਕਰਵਾਈ ਜਾਓ!!
ਐਸਾ ਕੰਮ ਮੂਲੇ ਨ ਕੀਜੈ।।
ਜਿਤੁ ਅੰਤਿ ਪਛੋਤਾਈਐ।। (ਗੁਰਬਾਣੀ) |