WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਰਾਓ ਦੇਸ਼ ਦੇ ਸੰਕਟ ਮੋਚਕ ਤਾਂ ਬਣੇ ਪਰ ਅਖੀਰ ‘ਇਕੱਲੇ’ ਛੱਡ ਦਿਤੇ ਗਏ

-
ਐਮ ਜੇ ਅਕਬਰ

ਜ਼ਿਆਦਾਤਰ ਸਿਆਸਤਦਾਨ ਸਿਆਸਤ ਨੂੰ ਸਮਝਦੇ ਹਨ ਪਰ ਉਨ੍ਹਾਂ ਵਿਚੋਂ ਕੁਝ ਹੀ ਸਿਆਸੀ ਸੱਤਾ ਸ਼ਕਤੀ ਦੀ ਸਮਝ ਰਖਦੇ ਹਨ। ਪੀ ਵੀ ਨਰਸਿਮ੍ਹਾ ਰਾਓ ਬਿਨਾਂ ਕਿਸੇ ਸ਼ੱਕ ਤੋਂ ਸੱਤਾ ਦੀ ਸਿਆਸੀ ਸ਼ਕਤੀ ਦੇ ਸ਼ਿਲਪਕਾਰ ਸਨ। ਉਹ ਇਸ ਦੇ ਬੁਨਿਆਦੀ ਨਿਯਮਾਂ ਨੂੰ ਜਾਣਦੇ ਸਨ। ਜਦੋਂ ਤੁਸੀਂ ਸੱਤਾ ਦੀ ਸਿਆਸਤ ਵਿਚ ਕਿਸੇ ਨਾਲ ਹਿੱਸੇਦਾਰੀ ਕਰਦੇ ਹੋ ਤਾਂ ਯਕੀਨੀ ਤੌਰ ਤੇ ਉਸ ਵਿਚ ਵਾਧਾ ਹੀ ਕਰਦੇ ਹੋ।

ਉਹ ਇਸ ਗੱਲ ਲਈ ਆਪਣੇ ਮਨ ਵਿਚ ਕਿਸੇ ਤਰ੍ਹਾਂ ਦੀ ਝਿਜਕ ਮਹਿਸੂਸ ਨਹੀਂ ਕਰਦੇ ਸਨ ਕਿ ਉਨ੍ਹਾਂ ਨਾਲ ਕੌਣ ਹੈ ਤੇ ਕੌਣ ਨਹੀਂ। ਇਕ ਪਾਸੇ ਉਹ ਇਕ ਅਜਿਹੇ ਸ਼ਰਾਬੀ ਸੰਸਦ ਮੈਂਬਰ ਨਾਲ ਵੀ ਨੇੜਤਾ ਰਖ ਸਕਦੇ ਸਨ, ਜਿਸ ਦੀ ਵਫਾਦਾਰੀ ਖਰੀਦੀ ਗਈ ਹੋਵੇ। ਦੂਜੇ ਪਾਸੇ ਉਹ ਆਪਣੇ ਖੁਦ ਦੇ ਹਿੱਤ ਵੱਲ ਕੇਂਦਰਤ ਚੰਦਰਾਸਵਾਮੀ ਤੇ ਤੀਜੇ ਪਾਸੇ ਉਨ੍ਹਾਂ ਜੋਤਸ਼ੀਆਂ ਦੇ ਸੰਪਰਕ ਵਿਚ ਵੀ ਰਹਿੰਦੇ ਸਨ, ਜੋ ਚੇਨਈ ਤੋਂ ਦਿੱਲੀ ਤਕ ਦੀ ਟਰੇਨ ਯਾਤਰਾ ਕਰਦੇ ਆਉਂਦੇ ਸਨ। ਜੇ ਉਹ ਲੋਕ ਨਰਸਿਮ੍ਹਾ ਰਾਓ ਦੇ ਟੀਚਿਆਂ ਜਾਂ ਮਕਸਦਾਂ ਦੀ ਪੂਰਤੀ ਵਿਚ ਸਹਾਇਕ ਹੁੰਦੇ ਸਨ ਤਾਂ ਉਥੇ ਉਨ੍ਹਾਂ ਸਾਰਿਆਂ ਦਾ ਸਵਾਗਤ ਹੁੰਦਾ ਸੀ। ਉਹ ਸਿਆਸਤ ਦੇ ਨਿਯਮਾਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਤੁਸੀਂ ਸੱਤਾ ਦੀ ਵਰਤੋਂ ਆਪਣੇ ਦੋਸਤਾਂ ਨੂੰ ਵਧਾਉਣ ਜਾਂ ਦੁਸ਼ਮਣਾਂ ਦੀ ਗਿਣਤੀ ਘਟਾਉਣ ਲਈ ਕਰ ਸਕਦੇ ਹੋ। ਵਿਡੰਬਨਾ ਇਹ ਰਹੀ ਕਿ ਰਾਓ ਨੇ ਇਹ ਦੋਵੇਂ ਹੀ ਕੰਮ ਕੀਤੇ। ਉਨ੍ਹਾਂ ਦੀ ਧਾਰਨਾ ਇਹ ਸੀ ਕਿ ਸੱਤਾ ਜਾਂ ਅਧਿਕਾਰ ਇਕ ਸੀਮਤ ਜੁੰਡਲੀ ਦੀ ਪਿਤਾ ਪੁਰਖੀ ਜਾਇਦਾਦ ਨਹੀਂ ਹੁੰਦੇ, ਜਿਵੇਂ ਕਿ ਉਸ ਵੇਲੇ ਤਕ ਕਾਂਗਰਸ ਦੀ ਰਵਾਇਤ ਚਲਦੀ ਆਈ ਸੀ। ਇਹੀ ਕਾਰਨ ਸੀ ਕਿ ਉਨ੍ਹਾਂ ਆਪਣੇ ਪੁੱਤਰਾਂ ਨੂੰ, ਜੋ ਪੇਸ਼ੇਵਰ ਸਿਆਸਤਦਾਨ ਹਨ, ਦਿੱਲੀ ਦੀ ਸਿਆਸਤ ਤੇ ਸਰਕਰ ਦੇ ਮਾਮਲਿਆਂ ਵਿਚ ਦਖਲਅੰਦਾਜ਼ੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਦੇ ਪ੍ਰਧਾਨ ਮੰਤਰੀ ਕਾਲ ਦੇ ਅਖਿਰਲੇ ਪੰਜ ਸਾਲਾਂ ਵਿਚ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਵੀ ਸੱਤਾ ਦੀ ਮਲਾਈ ਦਾ ਫਾਇਦਾ ਲੈਣ ਦਾ ਯਤਨ ਕੀਤਾ ਗਿਆ। ਇਹ ਸ੍ਰੀ ਰਾਓ ਦੇ ਕਾਰਜਕਾਲ ਦੀ ਇਕ ਅਹਿਮ ਗੱਲ ਸੀ। ਉਂਝ ਤਾਂ ਸ੍ਰੀ ਰਾਓ ਦਾ ਪ੍ਰਧਾਨ ਮੰਤਰੀ ਕਾਲ ਪੰਜ ਸਾਲ ਦਾ ਰਿਹਾ ਹੈ ਤੇ ਇਸ ਨੂੰ ਇਕ ਪੂਰਨ ਕਾਰਜਕਾਲ ਮੰਨਿਆ ਜਾਂਦਾ ਹੈ ਪਰ ਇਸ ਮਿਆਦ ਦੇ ਘਟਨਾਚੱਕਰਾਂ ਨੂੰ ਜੇ ਧਿਆਨ ਵਿਚ ਰਖਿਆ ਜਾਵੇ ਤਾਂ ਇਸ ਨੂੰ ਦੋ ਪੜਾਵਾਂ ਵਿਚ ਵੰਡਿਆ ਜਾ ਸਕਦਾ ਹੈ। ਇਕ 6 ਦਸੰਬਰ 1992 ਤਕ ਦਾ ਸਮਾਂ, ਜਿਸ ਦਿਨ ਅਯੁੱਧਿਆ ਵਿਚ ਬਾਬਰੀ ਮਸਜਿਦ ਢਾਹੀ ਗਈ ਸੀ।ਉਸ ਦਿਨ ਰਾਓ ਬਾਰੇ ਕਿਹਾ ਗਿਆ ਸੀ ਕਿ ਉਹ ਆਪਣੀ ਰਿਹਾਇਸ਼ ਤੇ ਚੁੱਪ ਬੈਠੇ ਸਨ ਪਰ ਉਨ੍ਹਾਂ ਦੇ ਕਾਰਜਕਾਲ ਵਿਚ ਕਈ ਸੁਧਾਰ ਵੀ ਸਾਹਮਣੇ ਆਏ। ਇਹ ਪ੍ਰਸ਼ਾਸਨ ਦੇ ਲਗਭਗ ਹਰ ਖੇਤਰ ਵਿਚ ਹੋਏ। ਉਨ੍ਹਾਂ ਦੀਆਂ ਆਰਥਿਕ ਸੁਧਾਰ ਦੀ ਨੀਤੀਆਂ ਦੀ ਸਾਰੇ ਪਾਸੇ ਪ੍ਰਸੰਸਾ ਕੀਤੀ ਗਈ ਅਤੇ ਉਸ ਨੂੰ ਉਨ੍ਹਾਂਦੀ ਇਕ ਪ੍ਰਾਪਤੀ ਮੰਨਿਆ ਗਿਆ।

ਅਸਾਧਾਰਨ ਕਦਮ

ਰਾਓ ਅਸਾਧਾਰਨ ਤੌਰ ਤੇ ਇਕ ਬੁੱਧੀਜੀਵੀ ਸਿਆਸਤਦਾਨ ਸਨ। ਉਹ ਆਪਣੀ ਅਧਿਅਨਸ਼ੀਲਤਾ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਆਉਣ ਦਿੰਦੇ ਸਨ। ਉਹ ਰਾਜੀਵ ਗਾਂਧੀ ਦੇ ਕਤਲ ਦੀ ਤ੍ਰਾਸਦੀ ਉਪਰੰਤ ਪ੍ਰਧਾਨ ਮੰਤਰੀ ਬਣੇ। ਉਨ੍ਹੀਂ ਦਿਨੀਂ ਦੇਸ਼ ਗੰਭੀਰ ਆਰਥਿਕ ਸੰਕਟ ਵਿਚੋਂ ਲੰਘ ਰਿਹਾ ਸੀ। ਉਨ੍ਹਾਂ ਸੰਕਟ ਭਰੇ ਦਿਨਾਂ ਵਿਚ ਦੇਸ਼ ਨੂੰ ਇਕ ਅਜਿਹੇ ਨੇਤਾ ਦੀ ਭਾਲ ਸੀ ਜੋ ਦੇਸ਼ ਦੀ ਅਗਵਾਈ ਕਰ ਸਕੇ। ਅਜਿਹੇ ਵੇਲੇ ਕਾਂਗਰਸ ਦੀ ਨਜ਼ਰ ਨਰਸਿਮ੍ਹਾ ਰਾਓ ਉਤੇ ਪਈ। ਉਨ੍ਹਾਂ ਉਸ ਵੇਲੇ ਰੇਡੀਓ ਤੇ ਟੈਲੀਵਿਜ਼ਨ ਉਤੇ ਜਦੋਂ ਰਾਸ਼ਟਰ ਦੇ ਨਾਂ ਸੁਨੇਹਾ ਦਿਤਾ ਤਾਂ ਲੋਕ ਹੈਰਾਨ ਰਹਿ ਗਏ। ਉਸ ਵੇਲੇ ਇਹ ਧਾਰਨਾ ਸੀ ਕਿ ਸਾਡੀਆਂ ਸਮਾਜਿਕ ਅਤੇ ਆਰਥਿਕ ਵਿਵਸਥਾ ਦੀਆਂ ਨੀਤੀਆਂ ਅਸਫਲ ਹੁੰਦੀਆਂ ਜਿਹੀਆਂ ਲਗ ਰਹੀਆਂ ਸਨ। ਉਸ ਵੇਲੇ ਉਨ੍ਹਾਂ ਸੁਧਾਰਵਾਦੀ ਕਦਮ ਚੁੱਕੇ। ਰਾਓ ਨੇ ਡਾਕਟਰ ਮਨਮੋਹਨ ਸਿੰਘ ਨੂੰ ਵਿੱਤ ਮੰਤਰੀ ਦੇ ਰੂਪ ਵਿਚ ਚੁਣਿਆ ਸੀ। ਮਨਮੋਹਨ ਸਿੰਘ ਇਕ ਮੰਨੇ ਪ੍ਰਮੰਨੇ ਨੌਕਰਸ਼ਾਹ ਸਨ ਅਤੇ ਸਿਆਸੀ ਖੇਤਰਾਂ ਵਿਚ ਉਨ੍ਹਾਂ ਬਾਰੇ ਇਹ ਸੋਚ ਸੀ ਕਿ ਉਹ ਇਮਾਨਦਾਰ ਤੇ ਅਰਥ ਮਾਹਿਰ ਹਨ। ਉਨ੍ਹਾਂ ਦੀ ਸਿਆਸੀ ਖੇਤਰਾਂ ਵਿਚ ਉਸ ਵੇਲੇ ਤਕ ਕੋਈ ਖਾਸ ਦਿਲਚਸਪੀ ਨਹੀਂ ਸੀ। ਡਾਕਟਰ ਮਨਮੋਹਨ ਸਿੰਘ ਦੀ ਚੋਣ ਇਕ ਅਹਿਮ ਸੰਕੇਤ ਸੀ ਕਿ ਹੁਣ ਵਿਤ ਮੰਤਰਾਲੇ ਵਿਚ ਸੌਦੇਬਾਜ਼ੀ ਤੇ ਦਲਾਲੀ ਲਈ ਕੋਈ ਵੀ ਥਾਂ ਨਹੀਂ ਰਹਿਣ ਵਾਲੀ। ਉਸ ਵੇਲੇ ਇਕ ਗੈਰ ਸਿਆਸੀ ਵਿਤ ਮੰਤਰੀ ਮੰਤਰਾਲੇ ਵਿਚ ਆ ਚੁੱਕਾ ਸੀ। ਰਾਓ ਉਸ ਵੇਲੇ ਦੇਸ਼ ਦੀ ਸੱਤਾ ਦੇ ਕੇਂਦਰ ਵਿਚ ਆਏ ਜਦੋਂ ਉਹ ਸਿਆਸਤਦਾਨ ਤੋਂ ਸੰਨਿਆਸ ਲੈ ਕੇ ਚਲੇ ਗਏ ਸਨ।ਉਨ੍ਹਾਂ 1991 ਵਿਚ ਲੋਕ ਸਭਾ ਚੋਣ ਲੜਨ ਵਿਚ ਆਪਣੀ ਦਿਲਚਸਪੀ ਨਾ ਹੋਣ ਦੀ ਗੱਲ ਕਹੀ ਸੀ ਪਰ ਜਦੋਂ ਕਿਸਮਤ ਨੇ ਉਨ੍ਹਾਂ ਉਤੇ ਦੇਸ਼ ਦੀ ਅਗਵਾਈ ਦੀ ਜ਼ਿੰਮੇਵਾਰੀ ਸੌਂਪੀ ਤਾਂ ਉਨ੍ਹਾਂ ਇਸ ਮੌਕੇ ਆਪਣੀ ਯੋਗਤਾ ਦੀ ਪੂਰੀ ਵਰਤੋਂ ਕੀਤੀ। ਉਨ੍ਹਾਂ ਨੂੰ ਇਸ ਗੱਲ ਦਾ ਸਿਹਰਾ ਵੀ ਜਾਂਦਾ ਹੈ ਕਿ ਉਹ ਸਿਆਸਤ ਦੇ ਖੇਤਰ ਵਿਚ ਕਈ ਅਹਿਮ ਪ੍ਰਤਿਭਾਵਾਂ ਨੂੰ ਵੀ ਸਾਹਮਣੇ ਲਿਆਏ। ਉਨ੍ਹਾਂ ਆਪਣੀ ਸਿਆਸੀ ਮਾਰਗ ਦਰਸ਼ਕ ਇੰਦਰਾ ਗਾਂਧੀ ਕੋਲੋ ਕਾਫੀ ਸਿਆਸੀ ਸਿਖਿਆ ਹਾਸਲ ਕੀਤੀ। ਕਿਹਾ ਜਾਂਦਾ ਹੈ ਕਿ ਜਦੋਂ ਇੰਦਰਾ ਗਾਂਧੀ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਲਭ ਰਹੀ ਸੀ ਤਾਂ ਉਸ ਵੇਲੇ ਉਨ੍ਹਾਂ ਦੀ ਸੂਚੀ ਗਿਆਨੀ ਜ਼ੈਲ ਸਿੰਘ ਤੇ ਨਰਸਿਮ੍ਹਾ ਰਾਓ ਦੇ ਨਾਵਾਂ ਤੇ ਆ ਕੇ ਸੀਮਤ ਹੋ ਗਈ। ਇਹ ਦੋਵੇਂ ਹੀ ਉਨ੍ਹਾਂ ਦੇ ਮੰਤਰੀ ਮੰਡਲ ਵਿਚ ਮੰਤਰੀ ਸਨ। ਉਨੀਂ ਦਿਨੀਂ ਸ੍ਰੀ ਰਾਓ ਨੇ ਵਿਦੇਸ਼ ਯਾਤਰਾ ਤੇ ਵੀ ਜਾਣਾ ਸੀ। ਰਾਓ ਨੂੰ ਉਨ੍ਹਾਂ ਦੇ ਦੋਸਤਾਂ ਨੇ ਇਹ ਵੀ ਕਿਹਾ ਸੀ ਕਿ ਉਹ ਉਨੀਂ ਦਿਨੀਂ ਦਿੱਲੀ ਵਿਚ ਹੀ ਰਹਿਣ ਤਾਂ ਕਿ ਲੋੜ ਪੈਣ ਤੇ ਸ੍ਰੀਮਤੀ ਇੰਦਰਾ ਗਾਂਧੀ ਉਨ੍ਹਾਂ ਨੂੰ ਬੁਲਾ ਸਕੇ। ਸ੍ਰੀ ਰਾਓ ਨੇ ਹਸਦੇ ਹੋਏ ਜਵਾਬ ਦਿਤਾ ਸੀ ਕਿ ਸ੍ਰੀਮਤੀ ਗਾਂਧੀ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਬਣਾਉਣਾ ਹੋਵੇਗਾ ਤਾਂ ਉਹ ਲੋੜ ਪੈਣ ਉਤੇ ਉਨ੍ਹਾਂ ਨੂੰ ਟਿੰਬਕਟੂ ਤੋਂ ਵੀ ਬੁਲਵਾ ਲਵੇਗੀ। ਜੇ ਉਹ ਉਨ੍ਹਾਂ ਨੂੰ ਰਾਸ਼ਟਰਪਤੀ ਨਹੀਂ ਬਣਾਉਣਾ ਚਾਹੇਗੀ ਤਾਂ ਉਹ ਘਰ ਦੇ ਬਾਹਰ ਖੜੇ ਵੀ ਹੋਣਗੇ ਤਾਂ ਉਹ ਉਨ੍ਹਾਂ ਨੂੰ ਨਹੀਂ ਬੁਲਾਵੇਗੀ।

ਮੈਨੂੰ ਸ੍ਰੀ ਰਾਓ ਨਾਲ ਉਸ ਵੇਲੇ ਕੰਮ ਕਰਨ ਦਾ ਮੌਕਾ ਮਿਲਿਆ ਜਦੋਂ ਉਹ ਪ੍ਰਧਾਨ ਮੰਤਰੀ ਬਣੇ। ਮੈਂ ਸਿਆਸੀ ਜੀਵਨ ਵਿਚ ਰਾਜੀਵ ਗਾਂਧੀ ਕਾਰਨ ਆਇਆ ਸੀ। ਸਵਰਗੀ ਰਾਜੀਵ ਗਾਂਧੀ ਭਾਰਤੀ ਸਿਆਸਤ ਵਿਚ ਆਏ ਇਕ ਅਜਿਹੇ ਸੱਜਣ ਵਿਅਕਤੀ ਸਨ ਜੋ ਆਪਣੇ ਆਲੋਚਕਾਂ ਤੋਂ ਵੀ ਨਰਾਜ਼ ਨਹੀਂ ਹੁੰਦੇ ਸਨ। ਉਹ ਅਸਲ ਵਿਚ ਆਪਣੀਆਂ ਕੁਝ ਗਲਤੀਆਂ ਕਾਰਨ ਦੁਚਿਤੀ ਭਰੀਆਂ ਸਥਿਤੀਆਂ ਵਿਚ ਫਸ ਗਏ ਸਨ। ਰਾਓ ਨੇ 80 ਦੇ ਦਹਾਕੇ ਦੇ ਉਨ੍ਹਾਂ ਘਟਨਾਚਕਰਾਂ ਨੂੰ ਨੇੜਿਓਂ ਦੇਖਿਆ ਸੀ ਤੇ ਉਹ ਸਮਝਦੇ ਸਨ ਕਿ ਉਸ ਵੇਲੇ ਵਪਰੇ ਫਿਰਕੂਪੁਣੇ ਦੇ ਜ਼ਹਿਰੀਲੇ ਨਤੀਜੇ ਕਦੇ ਨਾ ਕਦੇ ਸਾਹਮਣੇ ਜ਼ਰੂਰ ਆਉਣਗੇ। ਇਹੀ ਕਾਰਨ ਸੀ ਕਿ ਜਦੋਂ ਬਾਬਰੀ ਮਸਜਿਦ ਢਾਹੀ ਗਈ ਤਾਂ ਉਹ ਮੌਨ ਧਾਰਨ ਕਰਕੇ ਬੈਠੇ ਹੋਏ ਸਨ। ਆਮ ਤੌਰ ਤੇਇਹ ਕਿਹਾ ਜਾਂਦਾ ਹੈ ਕਿ ਰਾਓ ਜਦੋਂ ਗੈਰ ਸਰਗਰਮੀ ਦਾ ਪ੍ਰਦਰਸ਼ਨ ਕਰਦੇ ਸਨ ਤਾਂ ਉਹ ਇਸ ਦਾ ਫੈਸਲ਼ਾ ਪਹਿਲਾਂ ਹੀ ਕਰ ਲੈਂਦੇ ਸਨ। ਰਾਓ ਨਾਲ ਇਹ ਵਿਡੰਬਨਾ ਹੀ ਰਹੀ ਕਿ ਉਨ੍ਹਾਂਨੂੰ ਬਹੁਤ ਸਾਰੇ ਵਿਰੋਧਾਭਾਸਾਂ ਅਧੀਨ ਕੰਮ ਕਰਨਾ ਪਿਆ। ਉਨ੍ਹਾਂ ਨੂੰ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਇਸ ਲਈ ਹਟਾਇਆ ਗਿਆ ਕਿ 1996 ਵਿਚ ਉਨ੍ਹਾਂ ਦੀ ਅਗਵਾਈ ਹੇਠ ਪਾਰਟੀ 145 ਸੀਟਾਂ ਹੀ ਜਿੱਤ ਸਕੀ ਸੀ ਜਦੋਂਕਿ 8 ਸਾਲ ਬਾਅਦ ਇਨੀਆਂ ਹੀ ਸੀਟਾਂ ਜਿੱਤਣ ਤੇ ਕਾਂਗਰਸ ਵਲੋਂ ਮੌਜੂਦਾ ਪਾਰਟੀ ਪ੍ਰਧਾਨ ਦੀ ਜੈ ਜੈਕਾਰ ਕੀਤੀ ਗਈ ਅਤੇ ਰਾਓ ਨੂੰ ਪਾਰਟੀ ਨੂੰ ਵੱਖਰਾ ਵੱਖਰਾ ਜਿਹਾ ਰਹਿਣ ਦਿਤਾ। ਰਾਓ ਨੇ ਆਪਣੇ ਨਾਲ ਪਿਛਲੇ ਦਹਾਕਿਆਂ ਦੌਰਾਨ ਵਾਪਰੇ ਘਟਨਾਚੱਕਰਾਂ ਕਾਰਨ ਹੀ ਆਪਣੀ ਆਤਮਕਥਾ ਇਨਸਾਈਡਰ ਲਿਖੀ ਸੀ। ਉਨ੍ਹਾਂ ਦੀ ਇਸ ਕਿਤਾਬ ਦਾ ਨਾਂ ਅਸਲ ਵਿਚ ਲੋਨਿਲੀ ਇਨਸਾਈਡਰ ਮਤਲਬ ਇਕੱਲੇ ਦੀ ਆਤਮਕਥਾ ਹੋਣਾ ਚਾਹੀਦਾ ਸੀ।

 

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com