WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਨਵਾਂ ਸਾਲ: ਸ਼ੁਭ ਇਛਾਵਾਂ ਨਾਲ ਕੋਈ ਪਹਿਲਕਦਮੀ ਵੀ ਜ਼ਰੂਰੀ
- ਸੁਮੀਤ ਸਿੰਘ

ਹਰ ਸਾਲ ਇਕ ਨਵਾਂ ਸਾਲ ਸਾਡੇ ਬੂਹੇ ਉਤੇ ਆਸ਼ਾਵਾਦੀ ਦਸਤਕ ਦਿੰਦਾ ਹੈ ਤੇ ਬੀਤਿਆ ਸਾਲ ਮਾਯੂਸਕੁਨ ਹੋ ਕੇ ਸਾਤੋਂ ਅਲਵਿਦਾ ਹੁੰਦਾ ਹੈ। ਇਸ ਮੌਕੇ ਹਰ ਵਿਅਕਤੀ ਆਪਣੇ ਦੁੱਖਾਂ, ਤਕਲੀਫਾਂ ਤੇ ਸਮੱਸਿਆਵਾਂ ਨੂੰ ਥੋੜ੍ਹੇ ਚਿਰ ਲਈ ਪਾਸੇ ਰਖ ਕੇ ਬੜੇ ਹੀ ਚਾਵਾ,ਉਮੰਗਾਂ ਤੇ ਖੁਸ਼ੀਆਂ ਨਾਲ ਨਵੇਂ ਸਾਲ ਦਾ ਖਿੜੇ ਮੱਥੇ ਸਵਾਗਤ ਕਰਦਾ ਹੈ। ਸਾਲਾਂ ਤੋਂ ਚਲ ਰਹੇ ਇਸ ਰਵਾਇਤੀ ਵਰਤਾਰੇ ਨੂੰ ਜ਼ਰਾ ਗੰਭੀਰਤਾ ਨਾਲ ਮਹਿਸੂਸ ਕਰੀਏ ਤਾਂ ਪਤਾ ਲੱਗੇਗਾ ਕਿ ਨਵੇਂ ਸਾਲ ਵਿਚ ਅਜਿਹਾ ਕੁਝ ਵੀ ਲੋਕ ਪੱਖੀ ਅਤੇ ਸਾਰਥਿਕ ਨਹੀਂ ਵਾਪਰਦਾ ਜਿਸ ਨਾਲ ਸਾਡੀਆਂ ਬੁਨਿਆਦੀ ਸਮਸਿਆਵਾਂ ਹੱਲ ਹੁੰਦੀਆਂ ਹੋਣ, ਸਗੋਂ ਸਚਾਈ ਤਾਂ ਇਹ ਹੈ ਕਿ ਸਾਡੀਆਂ ਮੁਸ਼ਕਿਲਾਂ ਹਰ ਸਾਲ ਘਟਣ ਦੀ ਬਜਾਏ ਵਧਦੀਆਂ ਜਾ ਰਹੀਆਂ ਹਨ ਤੇ ਕੋਈ ਆਸ ਦੀ ਕਿਰਨ ਵੀ ਨਜ਼ਰ ਨਹੀਂ ਆ ਰਹੀ।

ਨਵੇਂ ਸਾਲ ਨੂੰ ਖੁਸ਼ਆਮਦੀਦ ਕਹਿਣ ਵਿਚ ਕੋਈ ਹਰਜ਼ ਨਹੀਂ ਪਰ ਅਸਲੀਅਤ ਨੂੰ ਅਖੋਂ ਪਰੋਖੇ ਕਰਕੇ ਨਵੇਂ ਸਾਲ ਦੇ ਜਸ਼ਨਾਂ ਨੂੰ ਜ਼ਜ਼ਬਾਤੀ ਹੋ ਕੇ ਵੱਡੇ ਪੱਧਰ ਉਤੇ ਮਨਾਉਣਾ ਵੀ ਕੋਈ ਸਿਹਤਮੰਦ ਤੇ ਤਰਕਸ਼ੀਲ ਸੋਚ ਦਾ ਪ੍ਰਗਟਾਵਾ ਨਹੀਂ ਕਿਹਾ ਜਾ ਸਕਦਾ।

ਸਾਡਾ ਦੇਸ਼ ਤੇ ਸਮਾਜ ਸਮੱਸਿਆਵਾਂ ਨਾਲ ਨੱਕੋ ਨੱਕ ਭਰਿਆ ਪਿਆ ਹੈ, ਇਸ ਦੇ ਬਾਵਜੂਦ ਜੇ ਅਸੀਂ ਲੋਕ ਕਰੋੜਾ ਰੁਪਿਆਂ ਬਗੈਰ ਕਿਸੇ ਮਕਸਦ ਦੇ ਨਵੇਂ ਸਾਲ ਦੀ ਆਮਦ ਉਤੇ ਖਰਚ ਕਰਦੇ ਹਾਂ ਤਾਂ ਫਿਰ ਇਹੋ ਹੀ ਕਿਹਾ ਜਾ ਸਕਦਾ ਹੈ ਕਿ ਜਾਂ ਤਾਂ ਅਸੀਂ ਲੋਕ ਮੌਜੂਦਾ ਨਿਜਾਮ ਤੋਂ ਬਹੁਤ ਜ਼ਿਆਦਾ ਸੰਤੁਸ਼ਟ ਹਾਂ ਜਾਂ ਫਿਰ ਅਸੀਂ ਆਪਣੀਆਂ ਸਮਸਿਆਵਾਂ ਪ੍ਰਤੀ ਬਹੁਤ ਜ਼ਿਆਦਾ ਲਾਪ੍ਰਵਾਹ ਹਾਂ। ਦਰਅਸਲ ਇਹ ਸਾਡੀ ਲਾਪ੍ਰਵਾਹੀ ਦਾ ਹੀ ਨਤੀਜਾ ਹੈ ਕਿ ਅਸੀਂ ਕਦੇ ਵੀ ਆਪਣੀਆਂ ਦਿਨੋਂ ਦਿਨ ਵਧ ਰਹੀਆਂ ਸਮੱਸਿਆਵਾਂ ਪਿਛੇ ਕੰਮ ਕਰਦੇ ਕਾਰਨਾਂ ਤੇ ਉਨ੍ਹਾਂ ਲਈ ਜ਼ਿੰਮੇਵਾਰ ਸਾਮਰਾਜਵਾਦੀ ਸ਼ਕਤੀਆਂ ਨੂੰ ਸਮਝਣ ਤੇ ਉਨ੍ਹਾਂ ਵਿਰੁਧ ਲਗਾਤਾਰ ਜਥੇਬੰਦਕ ਸੰਘਰਸ਼ ਕਰਨ ਦੀ ਅਜੇ ਤਕ ਕੋਸ਼ਿਸ਼ ਹੀ ਨਹੀਂ ਕੀਤੀ।

ਚਲੋ, ਅਜ ਦੇ ਮੌਕੇ ਤੁਹਾਨੂੰ ਤੁਹਾਡੀਆਂ ਹੀ ਸਮੱਸਿਆਵਾਂ ਦੇ ਰੂ ਬ ਰੂ ਕਰਵਾਇਆ ਜਾਵੇ ਜਿਹੜੀਆਂ ਸਾਡੇ ਦੇਸ਼, ਸਮਾਜ ਤੇ ਖੁਦ ਸਾਨੂੰ ਅੰਦਰੋਂ ਅੰਦਰ ਖੋਖਲਾ ਕਰੀ ਜਾ ਰਹੀਆਂ ਹਨ। ਕੀ ਅਸੀਂ ਕਦੇ ਸੋਚਿਆ ਹੈ ਕਿ ਸਾਡੇ ਦੇਸ਼ ਵਿਚ ਅਨਪੜ੍ਹਤਾ, ਗਰੀਬੀ, ਮਹਿੰਗਾਈ, ਬੇਰੁਜ਼ਗਾਰੀ, ਬਿਮਾਰੀ ਤੇ ਅਬਾਦੀ ਕਿਉਂ ਵਧਦੀ ਜਾ ਰਹੀ ਹੈ? ਗਰੀਬ ਹੋਰ ਗਰੀਬ ਤੇ ਅਮੀਰ ਹੋਰ ਅਮੀਰ ਕਿਉਂ ਹੁੰਦਾ ਜਾ ਰਿਹਾ ਹੈ? ਧਾਰਮਿਕ ਕਟੜਵਾਦ, ਫਿਰਕੂ ਕਤਲੇਆਮ ਤੇ ਜਾਤੀ ਦੰਗੇ ਫਸਾਦ ਕਿਉਂ ਵਧਦੇ ਜਾ ਰਹੇ ਹਨ?

ਪੂੰਜੀਵਾਦੀ, ਸਾਮਰਾਜਵਾਦੀ ਤੇ ਜਗੀਰਦਾਰੀ ਢਾਂਚਾ ਦਿਨੋਂ ਦਿਨ ਕਿਉਂ ਆਪਣੇ ਪੈਰ ਪਸਾਰ ਰਿਹਾ ਹੈ? ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਕਾਲਾ ਧਨ, ਕਾਲਾਬਾਜ਼ਾਰੀ ਤੇ ਲਾਲ ਫੀਤਾਸ਼ਾਹੀ ਕਿਉਂ ਮਾਨਤਾਪ੍ਰਾਪਤ ਹੁੰਦੀ ਜਾ ਰਹੀ ਹੈ? ਵਿਦਿਆ, ਸਿਹਤ ਸਹੂਲਤਾਂ ਤੇ ਰੁਜ਼ਗਾਰ ਦੇ ਮੌਕੇ ਕਿਉਂ ਘਟਦੇ ਜਾ ਰਹੇ ਹਨ? ਭਰੂਣ ਹਤਿਆ, ਦਾਜ ਸਬੰਧੀ ਮੌਤਾਂ, ਨਸ਼ੇ, ਨੰਗੇਜਵਾਦ, ਅੰਧ ਵਿਸ਼ਵਾਸ, ਜਾਤ ਪਾਤ, ਫਿਰਕਾ ਪ੍ਰਸਤੀ, ਹਵਾ ਤੇ ਪਾਣੀ ਦਾ ਪ੍ਰਦੂਸ਼ਣ, ਸ਼ੋਰ ਤੇ ਸਭਿਆਚਾਰਕ ਪ੍ਰਦੂਸ਼ਣ ਵਰਗੀਆਂ ਸਮਾਜਕ ਬੁਰਾਈਆਂ ਸਾਡੇ ਸਮਾਜ ਲਈ ਕਿੰਨੀਆ ਖਤਰਨਾਕ ਹਨ? ਆਰਥਿਕ, ਸਮਾਜਕ ਤੇ ਔਰਤ ਮਰਦ ਨਾਬਰਾਬਰੀ ਕਿਉਂ ਵਧਦੀ ਜਾ ਰਹੀ ਹੈ? ਰਿਸ਼ਵਤ ਸਕੈਂਡਲ ਸਿਆਸੀ ਕਤਲ, ਰਾਜਨੀਤੀ ਦਾ ਅਪਰਾਧੀਕਰਨ ਤੇ ਸਿਆਸੀ ਅਸਥਿਰਤਾ ਕਿਉਂ ਵਧਦੀ ਜਾ ਰਹੀ ਹੈ? ਮੌਕਾਪ੍ਰਸਤ, ਸਿਧਾਂਤਹੀਣ ਤੇ ਡੰਗ ਟਪਾਊ ਰਾਜਨੀਤਕ ਗਠਜੋੜ ਕਿਉਂ ਹੋਂਦ ਵਿਚ ਆ ਰਹੇ ਹਨ? ਮਿਹਨਤਕਸ਼ ਜਮਾਤ ਤੇ ਕਿਸਾਨ ਖੁਦਕੁਸ਼ੀਆਂ ਕਿਉਂ ਕਰ ਰਹੇ ਹਨ? ਜਨਤਕ ਅਦਾਰਿਆਂ ਦਾ ਨਿਜੀਕਰਨ ਕਰਕੇ ਉਨ੍ਹਾਂ ਨੂੰ ਕੌਡੀਆਂ ਦੇ ਭਾਅ ਕਿਉਂ ਵੇਚਿਆ ਜਾ ਰਿਹਾ ਹੈ?

ਇਸ ਤਰ੍ਹਾਂ ਦੇਸ਼ ਵਿਚ ਲੁੱਟਾਂ ਖੋਹਾਂ, ਕਤਲਾਂ, ਡਾਕਿਆਂ ਬਲਾਤਕਾਰਾਂ, ਸੜਕੀ, ਰੇਲ ਤੇ ਹਵਾਈ ਹਾਦਸੇ ਆਦਿ ਘਟਨਾਵਾਂ ਦਿਨੋਂ ਦਿਨ ਕਿਉਂ ਵਧਦੀਆਂ ਜਾ ਰਹੀਆਂ ਹਨ? ਸਿਆਸੀ ਨੇਤਾਵਾਂ ਵਲੋਂ ਕੀਤੇ ਰਿਸ਼ਤਵ ਘੁਟਾਲਿਆਂ, ਕਤਲਾਂ ਬਲਾਤਕਾਰਾਂ ਦੇ ਕੇਸਾਂ ਵਿਚ ਉਹ ਸਾਫ ਬਰੀ ਕਿਉਂ ਹੋ ਜਾਂਦੇ ਹਨ? ਨਿਆਂਪਾਲਿਕਾ ਵਿਚ ਇਨਸਾਫ ਮਹਿੰਗਾ, ਵਿਕਾਊ ਅਤੇ ਦੇਰ ਨਾਲ ਕਿਉਂ ਹੁੰਦਾ ਜਾ ਰਿਹਾ ਹੈ? ਫਿਰਕੂ ਦੰਗੇ ਫਸਾਦਾਂ, ਰੇਲ ਤੇ ਹਵਾਈ ਹਾਦਸਿਆਂ ਪੁਲਿਸ ਫਾਇਰਿੰਗ ਦੇ ਕੇਸਾਂ ਦੀ ਜਾਂਚ ਰਿਪੋਰਟ ਉਤੇ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ? ਮਨੁਖ ਵਿਚੋਂ ਇਖਲਾਕੀ ਤੇ ਇਨਸਾਨੀ ਕਦਰਾਂ ਕੀਮਤਾਂ ਕਿਉਂ ਘਟਦੀਆਂ ਜਾ ਰਹੀਆਂ ਹਨ? ਦੂਰਦਰਸ਼ਨ ਸਮੇਤ ਸਮੁਚੇ ਬਿਜਲਈ ਮੀਡੀਏ ਵਲੋਂ ਅੰਧ ਵਿਸ਼ਵਾਸੀ, ਕਾਲਪਨਿਕ, ਮਿਥਹਾਸਿਕ, ਅਧਿਆਤਕ ਤੇ ਆਤਮਾ ਪ੍ਰਾਮਾਤਮਾ ਸਵਰਗ ਨਰਕ ਤੇ ਭੂਤਾਂ ਪ੍ਰੇਤਾਂ ਦੀ ਹੋਂਦ ਨੂੰ ਦਰਸਾਉਂਦੇ ਪ੍ਰੋਗਰਾਮ ਤੇ ਲੜੀਵਾਰ ਤੇ ਫਿਲਮਾਂ ਵਿਖਾ ਕੇ ਲੋਕਾਂ ਦੀ ਸੋਚ ਨੂੰ ਗੈਰ ਵਿਗਿਆਨਕ ਕਿਉਂ ਬਣਾਇਆ ਜਾ ਰਿਹਾ ਹੈ? ਜੋਤਿਸ਼, ਰਾਸ਼ੀਫਲ ਤੇ ਅਧਿਆਤਮਵਾਦ ਨੂੰ ਸਿਖਿਆ ਪਾਠਕ੍ਰਮ ਦਾ ਹਿਸਾ ਕਿਉਂ ਬਣਾਇਆ ਜਾ ਰਿਹਾ ਹੈ? ਸਚਾਈ ਤਾਂ ਇਹ ਹੈ ਕਿ ਸਿਰਫ ਵਿਗਿਆਨਕ ਸੋਚ ਅਪਣਾ ਕੇ ਹੀ ਇਨ੍ਹਾਂ ਸਵਾਲਾਂ ਦੀ ਤਹਿ ਤਕ ਜਾਇਆ ਜਾ ਸਕਦਾ ਹੈ।

ਯਕੀਨਨ ਇਹ ਸਵਾਲ ਤੁਹਾਡੇ ਨਵੇਂ ਸਾਲ ਦੇ ਜਸ਼ਨਾਂ ਨੂੰ ਕਿਰਕਿਰਾ ਕਰਨ ਦੀ ਗੁਸਤਾਖੀ ਕਰ ਰਹੇ ਹੋਣਗੇ ਪਰ ਇਨ੍ਹਾਂਸਵਾਲਾਂ ਦੇ ਜਵਾਬ ਅਤੇ ਉਨ੍ਹਾਂ ਦਾ ਕੋਈ ਸਾਰਥਿਕ ਤੇ ਸਦੀਵੀ ਹਲ ਲਭਣ ਲਈ ਸਾਨੂੰ ਹੀ ਗੰਭੀਰਤਾ ਨਾਲ ਹੰਭਲਾ ਮਾਰਨਾ ਪੈਣਾ ਹੈ। ਸਭ ਤੋਂ ਪਹਿਲਾਂ ਸਾਨੂੰ ਉਪਰੋਕਤ ਸਵਾਲਾਂ ਤੇ ਸਮਸਿਆਵਾਂ ਲਈ ਜ਼ਿੰਮੇਵਾਰ ਆਰਥਿਕ, ਸਮਾਜਕ ਤੇ ਰਾਜਨੀਤਕ ਹਾਲਾਤ ਨੂੰ ਬਦਲਣ ਲਈ ਠੋਸ ਅਮਲੀ ਰਣਨੀਤੀ ਅਪਣਾਉਣੀ ਹੋਵੇਗੀ। ਇਹ ਵੇਖ ਕੇ ਤਾਂ ਹੋਰ ਵੀ ਹੈਰਾਨੀ ਤੇ ਸ਼ਰਮਿੰਦਗੀ ਹੁੰਦੀ ਹੈ ਕਿ ਸਾਡੀ ਹਾਲਤ ਦਿਨੋਂ ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਪਰ ਕਿਸੇ ਵੀ ਧਿਰ ਵਲੋਂ ਕੋਈ ਵੀ ਲੋਕ ਪਖੀ ਅੰਦੋਲਨ ਜਾਂ ਸੰਘਰਸ਼ ਨਹੀਂ ਵਿਢਿਆ ਜਾ ਰਿਹਾ।

ਸ਼ਾਇਦ ਸਾਨੂੰ ਆਪਣੇ ਦੇਸ਼ ਤੇ ਸਮਾਜ ਦੇ ਵਿਕਾਸ ਪ੍ਰਤੀ ਕੋਈ ਦਿਲਚਸਪੀ ਜਾਂ ਫਿਕਰ ਹੀ ਨਹੀਂ ਹੈ ਤੇ ਜਾਂ ਫਿਰ ਅਸੀਂ ਆਪਣੀ ਸਵਾਰਥੀ ਸੋਚ ਦੀ ਦਲਦਲ ਵਿਚ ਇੰਨਾ ਧਸ ਚੁੱਕੇ ਹਾਂ ਕਿ ਸਾਨੂੰ ਆਪਣੇ ਆਪ ਤੋਂ ਇਲਾਵਾ ਕੁਝ ਵੀ ਦਿਖਾਈ ਨਹੀਂ ਦਿੰਦਾ। ਵੈਸੇ ਸਚਾਈ ਤਾਂਇਹ ਹੈ ਕਿ ਪੂੰਜੀਵਾਦੀ ਤੇ ਅਧਿਆਤਵਾਦੀ ਤਾਕਤਾਂ, ਸਾਰੇ ਧਾਰਮਿਕ ਗ੍ਰੰਥਾਂ ਤੇ ਧਰਮ ਦੇ ਠੇਕੇਦਾਰਾਂ ਨੇ ਸਦੀਆਂ ਤੋਂ ਸਾਡੇ ਦਿਲੋ ਦਿਮਾਗ ਉਤੇ ਇਹ ਗੈਰ ਵਿਗਿਆਨਕ ਪ੍ਰਚਾਰ ਪਕਿਆਂ ਕੀਤਾ ਹੈ ਕਿ ਸਾਡੀਆਂ ਸਾਰੀਆਂ ਸਮਸਿਆਵਾ, ਦੁਖਾਂ, ਤਕਲੀਫਾਂ, ਖੁਸ਼ੀਆਂ, ਗਮੀਆਂ, ਉਚ ਨੀਚ, ਅਮੀਰੀ ਗਰੀਬੀ ਤੇ ਬਿਮਾਰੀ ਆਦਿ ਸਭ ਪ੍ਰਾਮਤਮਾ ਦੀ ਮਰਜ਼ੀ, ਕਿਸਮਤ ਅਤੇ ਪਿਛਲੇ ਜਨਮਾਂ ਦੇ ਕਰਮਾਂ ਦੇ ਫਲ ਉਤੇ ਨਿਰਭਰ ਕਰਦੀਆਂ ਹਨ ਤੇ ਇਸ ਲਈ ਸਾਨੂੰ ਕਿੰਤੂ ਪ੍ਰੰਤੂ ਕਰਨ ਦੀ ਕੋਈ ਲੋੜ ਨਹੀਂ। ਇਸ ਤੋਂ ਇਲਾਵਾ ਵੀ ਧਰਮ ਤੇ ਸਿਆਸਤ ਦੇ ਟੇਕੇਦਾਰਾਂ ਨੇ ਸਾਨੂੰ ਵਖ ਵਖ ਧਰਮਾਂ, ਜਾਤਾਂ ਬਰਾਦਰੀਆਂ, ਭਾਸ਼ਾਵਾਂ, ਇਲਾਕਿਆਂ, ਨਸਲਾਂ ਰੰਗਾਂ ਤੇ ਲਿੰਗ ਦੀ ਆੜ ਹੇਠ ਲੜਾ ਕੇ ਵਖ ਵਖ ਕੀਤਾ ਹੋਇਆ ਹੈ ਤਾਂ ਕਿ ਅਸੀਂ ਜਥੇਬੰਦ ਹੋ ਕੇ ਹਾਕਮ ਜਮਾਤਾਂ ਦੇ ਖਿਲਾਫ ਕੋਈ ਸੰਘਰਸ਼ ਛੇੜਨ ਦੇ ਕਾਬਲ ਨਾ ਬਣ ਸਕੀਏ। ਕੀ ਅਸੀਂ ਵਾਕਈ ਇੰਨੇ ਬੇਬਸ ਤੇ ਗੈਰ ਵਿਗਿਆਨਕ ਸੋਚ ਦੇ ਸ਼ਿਕਾਰ ਹਾਂ ਕਿ ਉਪਰੋਕਤ ਹਥਕੰਡਿਆਂ ਤੋਂ ਆਪਣਾ ਪਿੱਛਾ ਨਹੀਂ ਛੁਡਾ ਸਕਦੇ?

ਦਰਅਸਲ ਅੰਤਰਰਾਸ਼ਟਰੀ ਪੂੰਜੀਵਾਦੀ ਜਮਾਤ ਨਹੀਂ ਚਾਹੁੰਦੀ ਕਿ ਭਾਰਤ ਆਤਮ ਨਿਰਭਰ ਹੈ ਤੇ ਸਾਮਰਾਜਵਾਦੀ ਮੁਲਕਾਂ ਲਈ ਕੋਈ ਵੱਡੀ ਚੁਣੌਤੀ ਖੜ੍ਹੀ ਕਰਨ ਦੇ ਕਾਬਲ ਬਣ ਸਕੇ। ਇਸੇ ਵਜ੍ਹਾ ਕਰਕੇ ਉਹ ਭਾਰਤ ਨੂੰ ਆਰਥਿਕ, ਸਮਾਜਕ ਤੇ ਰਾਜਨੀਤਕ ਤੇ ਸਭਿਆਚਾਰਕ ਤੌਰ ਤੇ ਗੁਲਾਮ ਬਣਾਉਣ ਲਈ ਬਹੁ ਕੌਮੀ ਵਿਦੇਸ਼ੀ ਕੰਪਨੀਆਂ ਨੂੰ ਧੜਾਧੜ ਭਾਰਤ ਵਿਚ ਸਥਾਪਤ ਕਰੀ ਜਾ ਰਹੇ ਹਨ। ਅੰਤਰਰਾਸ਼ਟਰੀ ਵਿਤੀ ਸੰਸਥਾਵਾਂ ਦੇ ਦਬਾਅ ਹੇਠ ਆ ਕੇ ਪੂੰਜੀਪਤੀਆਂ ਦੇ ਹਿਤ ਪਾਲ ਰਹੀਆਂ ਸਾਡੀਆਂ ਸਰਕਾਰਾਂ ਵੀ ਇਸੇ ਕਰਕੇ ਲੋਕ ਵਿਰੋਧੀ ਫੈਸਲੇ ਲੈ ਰਹੀਆਂ ਹਨ ਤੇ ਇਸੇ ਆੜ ਹੇਠ ਵਡੀ ਪਧਰ ਉਤ ਮਨੁਖੀ ਅਧਿਕਾਰਾਂ ਦੀ ਉਲੰਘਣਾ ਵੀ ਹੋ ਰਹੀ ਹੈ। ਸਵਾਲ ਇਹ ਹੈ ਕਿ ਭਾਰਤੀ ਲੋਕਾਂ ਖਿਲਾਫ ਸਾਮਰਾਜਵਾਦੀ ਤਾਕਤਾਂ ਵਲੋਂ ਸ਼ਰ੍ਹੇਆਮ ਗਲਤ ਫੈਸਲ਼ੇ ਕੀਤੇ ਜਾ ਰਹੇ ਹਨ। ਫਿਰ ਵੀ ਦੇਸ਼ ਭਗਤ ਤੇ ਲੋਕ ਪਖੀ ਤਾਕਤਾਂ ਕਿਉਂ ਇਕ ਲੰਮੀ ਚੁਪ ਵੱਟ ਕੇ ਬੈਠੀਆਂ ਹਨ? ਹੁਣ ਤਾਂ ਹਾਲਾਤ ਇਹ ਹਨ ਕਿ ਨਾ ਤਾਂ ਸਿਆਸੀ ਪਾਰਟੀਆਂ ਅਤੇ ਜਨਤਕ ਜਥੇਬੰਦੀਆਂ ਮਿਹਨਤਕਸ਼ ਜਮਾਤ ਨੂੰ ਅਗਵਾਈ ਦੇ ਕੇ ਕੋਈ ਸਾਂਝਾ ਸੰਘਰਸ਼ ਛੇੜਨ ਨੂੰ ਤਿਆਰ ਹਨ ਤੇ ਨਾ ਹੀ ਮਿਹਨਤਕਸ਼ ਲੋਕ ਆਪਣੇ ਹਕਾਂ ਲਈ ਲੜਨ ਪ੍ਰਤੀ ਕੋਈ ਦਿਲਚਸਪੀ ਵਿਖਾ ਰਹੇ ਹਨ।

ਕੀ ਸਾਡੇ ਨੇਤਾ ਅਜੇ ਵੀ ਕਿਸੇ ਭਗਤ ਸਿੰਘ, ਸਰਾਭਾ, ਸੁਭਾਸ਼ ਚੰਦਰ ਬੋਸ ਜਾਂ ਗਦਰੀ ਬਾਬਿਆਂ ਵਰਗੇ ਦੇਸ਼ ਭਗਤਾਂ ਦੀ ਇੰਤਜ਼ਾਰ ਵਿਚ ਹਨ? ਸਚਾਈ ਇਹ ਹੈ ਕਿ ਹਰ ਸਿਆਸੀ ਪਾਰਟੀ ਤੇ ਜਨਤਕ ਜਥੇਬੰਦੀ ਦਾ ਨੇਤਾ ਆਪਣੇ ਭਾਸ਼ਣਾਂ ਵਿਚ ਇਨ੍ਹਾਂ ਦੇਸ਼ ਭਗਤਾਂ ਦੀਆਂ ਮਿਸਾਲਾਂ ਦੇਣੀਆਂ ਤਾਂ ਨਹੀਂ ਭੁਲਦਾ ਪਰ ਕੀ ਕਦੇ ਅਜਿਹੇ ਨੇਤਾਵਾਂ ਨੇ ਖੁਦ ਆਪ ਜਾਂ ਆਪਣੇ ਪਰਿਵਾਰਾਂ ਵਿਚੋਂ ਅਜਿਹੇ ਦੇਸ਼ ਭਗਤ ਪੈਦਾ ਕਰਨ ਦੀ ਜੁਰਅਤ ਕੀਤੀ ਹੈ? ਜਵਾਬ ਤਾਂ ਨਾਂਹ ਵਿਚ ਹੀ ਹੋਵੇਗਾ ਕਿਉਂਕਿ ਕੁਰਬਾਨੀ ਦੇਣ ਤੋਂ ਤਾਂ ਹਰ ਕੋਈ ਡਰਦਾ ਹੈ। ਇਸੇ ਲਈ ਮੌਜੂਦਾ ਨੇਤਾਵਾਂ ਦੀ ਕਹਿਣੀ ਤੇ ਕਰਨੀ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ। ਸਭ ਤੋਂ ਵੱਧ ਦੁਖ ਤਾਂ ਇਸ ਗੱਲ ਹੈ ਕਿ ਦੇਸ਼ ਭਗਤਾਂ ਤੇ ਅਜ਼ਾਦੀ ਦੇ ਸ਼ਹੀਦਾਂ ਨੂੰ ਆਪਣਾ ਮਸੀਹਾ ਸਮਝਣ ਵਾਲੇ ਤੇ ਮਿਹਨਤਕਸ਼ ਜਮਾਤ ਦੇ ਮਸੀਹਾ ਕਹਾਉਣ ਵਾਲੇ ਖਬੇ ਪਖੀ ਨੇਤਾ ਵੀ ਦੇਸ਼ ਦੇ ਮੌਜੂਦਾ ਹਾਲਾਤ ਦੇ ਬਾਵਜੂਦ ਇਕ ਸਾਂਝੇ ਪਲੇਟਫਾਰਮ ਉਤੇ ਇਕਠੇ ਹੋ ਕੇ ਕੋਈ ਲੋਕ ਪਖੀ ਸੰਘਰਸ਼ ਵਿਢਣ ਨੂੰ ਤਿਆਰ ਨਹੀਂ ਹਨ। ਸ਼ਾਇਦ ਉਨ੍ਹਾਂ ਨੂੰ ਆਪਣੇ ਜਾਂ ਫਿਰ ਮਿਹਨਤਕਸ਼ ਜਮਾਤ ਦੀ ਸਮਰਥਾ ਉਤੇ ਭਰੋਸਾ ਨਹੀਂ ਰਿਹਾ ਜਾਂ ਫਿਰ ਉਹ ਆਪਣੇ ਨਿਜੀ ਸਵਾਰਥਾਂ ਮਤਭੇਦਾਂ ਤੇ ਦੂਜੀਆਂ ਸਿਆਸੀ ਪਾਰਟੀਆਂ ਦੀ ਤਰ੍ਹਾਂ ਵੋਟ ਰਾਜਨੀਤੀ ਦੀ ਦਲਦਲ ਵਿਚੋਂ ਨਿਕਲਣ ਨੂੰ ਤਿਆਰ ਨਾ ਹੋਣ।

ਇਸ ਲਈ ਨਵੇਂ ਸਾਲ ਦੇ ਮੌਕੇ ਇਕ ਦੂਜੇ ਨੂੰ ਸਿਰਫ ਸ਼ੁਭ ਇਛਾਵਾਂ ਦੇਣ ਨਾਲ ਸਾਡੇ ਮਸਲੇ ਹੱਲ ਨਹੀਂ ਹੋਣੇ। ਸਾਨੂੰ ਆਪਣੇ ਆਪਣੇ ਕਾਰਜ ਖੇਤਰਾਂ ਵਿਚ ਜਥੇਬੰਦ ਹੋ ਕੇ ਇਕ ਸੁਚਜੀ ਲੀਡਰਸ਼ਿਪ ਦੀ ਅਗਵਾਈ ਹੇਠ ਆਪਣੇ ਹੱਕਾਂ ਲਈ ਅਤੇ ਇਸ ਭ੍ਰਿਸ਼ਟ ਢਾਂਚੇ ਨੂੰ ਬਦਲਣ ਲਈ ਨਿਰਸਵਾਰਥ ਹੋ ਕੇ ਲੜਨਾ ਪਵੇਗਾ। ਹਿੰਦੂਤਵ ਦੇ ਮੁੱਦੇ ਉਤੇ ਦੇਸ਼ ਵਿਚ ਨਫਰਤ ਫੈਲਾਉਣ ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਢਾਹ ਲਾਉਣ ਵਾਲੀਆਂ ਫਿਰਕੂ ਤਾਕਤਾਂ ਵਿਰੁਧ ਡਟਵੀਂ ਲੜਾਈ ਦੇਣੀ ਹੋਵੇਗੀ। ਇਸ ਮੌਕੇ ਸਾਨੂੰ ਸਵੈ ਪੜਚੋਲ ਕਰਕੇ ਪਿਛਲੇ ਸਾਲ ਦੇ ਉਦੇਸ਼ਾਂ, ਪ੍ਰਾਪਤੀਆਂ, ਕਮੀਆਂ, ਤਰੁਟੀਆਂ, ਔਗੁਣਾਂ ਤੇ ਭਵਿਖ ਦੀ ਰਣਨੀਤੀ ਉਤੇ ਗੌਰ ਕਰਨਾ ਚਾਹੀਦਾ ਹੈ ਤੇ ਵਿਅਕਤੀਵਾਦੀ ਸੋਚ ਤੋਂ ਉਪਰ ਉਠ ਕੇ ਸਮੁਚੇ ਸਮਾਜ ਤੇ ਦੇਸ਼ ਦੇ ਵਿਕਾਸ ਵਿਚ ਆਪਣਾ ਭਰਪੂਰ ਯੋਗਦਾਨ ਪਾਉਣਾ ਚਾਹੀਦਾ ਹੈ।

ਤੁਸੀਂ ਸੋਚਦੇ ਹੋਵੋਗੇ ਕਿ ਨਵੇਂ ਸਾਲ ਵਾਲੇ ਦਿਨਾਂ ਵਿਚ ਮੁਬਾਰਕਬਾਦ ਦੇਣ ਦੀ ਬਜਾਏ ਲੇਖਕ ਨੇ ਖੁਸ਼ਕ ਤੇ ਗੰਭੀਰ ਵਿਸ਼ਾ ਚੁਣਿਆ ਹੈ ਪਰ ਅਜ ਲੋੜ ਇਹ ਹੈ ਕਿ ਅਸੀਂ ਕਿਸਮਤਵਾਦੀ, ਅੰਧ ਵਿਸ਼ਵਾਸੀ ਤੇ ਅਧਿਆਤਮਵਾਦੀ ਨਜ਼ਰੀਆ ਛੱਡ ਕੇ ਸਵੈ ਭਰੋਸੇ, ਹਿੰਮਤ, ਮਿਹਨਤ, ਸੰਘਰਸ਼, ਇਮਾਨਦਾਰੀ ਤੇ ਵਿਗਿਆਨਕ ਸੋਚ ਦਾ ਪਲਾ ਫੜ ਕੇ ਇਹ ਦ੍ਰਿੜ ਸੰਕਲਪ ਕਰੀਏ ਕਿ ਇਸ ਲੁਟੇਰੇ ਨਿਜ਼ਾਮ ਨੂੰ ਹਰ ਹਾਲਤ ਤੇ ਹਰ ਕੀਮਤ ਉਤੇ ਬਦਲ ਕੇ ਉਸ ਦੀ ਜਗ੍ਹਾ ਇਕ ਬਰਾਬਰੀ ਵਾਲੇ ਸਿਹਤਮੰਦ ਸਮਾਜ ਦੀ ਉਸਰੀ ਕਰਨੀ ਹੈ ਜਿਸ ਵਿਚ ਹਰੇਕ ਵਿਅਕਤੀ ਦੀ ਬੁਨਿਆਦੀ ਜਰੂਰਤਾਂ ਅਸਾਨੀ ਨਾਲ ਪੂਰੀਆਂ ਹੋ ਸਕਣ, ਮਨੁਖ ਹਥੋਂ ਮਨੁਖ ਦੀ ਲੁਟ ਨਾ ਹੋਵੇ ਤੇ ਕਿਸੇ ਨਾਲ ਵੀ ਧਰਮ ਜਾਤ ਪਾਤ, ਰੰਗ, ਨਸਲ, ਲਿੰਗ, ਭਾਸ਼ਾ ਤੇ ਇਲਾਕੇ ਦੇ ਨਾਂ ਉਤੇ ਵਿਤਕਰਾ ਨਾ ਹੋਵੇ। ਅਜਿਹੇ ਉਦੇਸ਼ ਪੂਰੇ ਕਰਨ ਲਈ ਮੈਨੂੰ ਕੀ? ਵਾਲੀ ਸਵਾਰਥੀ ਸੋਚ ਤੋਂ ਉਪਰ ਉਠ ਕੇ ਹਰ ਤਰ੍ਹਾਂ ਦੀ ਕੁਰਬਾਨੀ ਲਈ ਤਿਆਰ ਹੋਣਾ ਪਵੇਗਾ। ਨਵੇਂ ਸਾਲ ਦੀ ਪਹਿਲੀ ਸਵੇਰ ਤੁਹਾਡੀ ਅਜਿਹੀ ਇਨਕਲਾਬੀ ਸੋਚ ਤੇ ਪਹਿਲਕਦਮੀ ਪ੍ਰਤੀ ਆਸਵੰਦ ਹੈ।

 

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com