|

ਪੰਜਾਬ ਵਿਚ ਮਾਰਕਸਵਾਦ
ਲੈਨਿਨਵਾਦ ਵਿਚਾਰਧਾਰਾ ਨਾਲ ਪ੍ਰਣਾਈਆਂ ਰਾਜਸੀ ਪਾਰਟੀਆਂ ਬੁੱਧੀਜੀਵੀਆਂ ਅਤੇ
ਹਮਦਰਦਾਂ ਦਾ ਭਵਿੱਖ ਘੁੱਪ ਹਨੇਰੇ ਵਿਚ ਹੈ ਤੇ ਰਹੇਗਾ ਵੀ। ਝੱਟ ਪੱਟ ਦਿਤੇ ਇਸ
ਫਤਵੇ ਦੇ ਠੋਸ ਤਰਕ ਮੌਜੂਦ ਹਨ ਪਰ ਇਨ੍ਹਾਂ ਦੀਆਂ ਗਹਿਰ ਗੰਭੀਰ ਪਰਤਾਂ ਨੂੰ ਬਹੁਤ
ਘੱਟ ਫਰੋਲਿਆ ਗਿਆ ਹੈ। ਜੇ ਕਦੇ ਰਾਜਨੀਤਕ ਸਿਧਾਂਤਕਾਰਾਂ ਤੇ ਨਿਰਪੱਖ ਕਹਾਉਂਦੇ
ਵਿਦਵਾਨਾਂ ਦੀਆਂ ਮਹਿਫਲਾਂ ਵਿਚ ਇਸ ਸਬੰਧੀ ਕਦੇ ਚਰਚਾ ਵੀ ਹੁੰਦੀ ਰਹੀ ਹੈ ਤਾਂ ਇਕ
ਦੂਜੇ ਨਾਲ ਟਕਰਾਉਂਦੇ ਵਿਚਾਰ ਜਾਂ ਤਾਂ ਜਜ਼ਬਾਤੀ ਬਹਿਸ ਵਿਚ ਉਲਝ ਜਾਂਦੇ ਰਹੇ ਤੇ
ਜਾਂ ਫਿਰ ਤਕਨੀਕੀ ਕਿਸਮ ਦੀਆਂ ਖੁਸ਼ਕ ਦਲੀਲਾਂ ਵਿਚ ਬੇਅਸਰ ਹੋ ਕੇ ਰਹਿ ਜਾਂਦੇ।
ਭਾਰਤ ਦੇ ਹੋਰਨਾਂ ਸੂਬਿਆਂ
ਵਿਚ ਖੱਬੇ ਪਖੀਆਂ ਦੇ ਵਧਣ ਫੁੱਲਣ ਦੀ ਚੋਖੀ ਗੁੰਜਾਇਸ਼ ਹੈ, ਸੀ ਤੇ ਰਹੇਗੀ ਵੀ ਪਰ
ਕੀ ਕਾਰਨ ਹੈ ਕਿ ਪੰਜਾਬ ਦਾ ਦਿਲ ਇਨ੍ਹਾਂ ਨੂੰ ਅੱਗੇ ਵਧਣ ਲਈ ਰਾਹਾ ਨਹੀਂ ਦਿੰਦਾ?
ਹਾਂ, ਪੰਜਾਬੀ ਦਿਮਾਗ ਦੀ ਬਣਤਰ ਕੁਝ ਵਖਰੀ ਕਿਸਮ ਦੀ ਹੈ। ਇਹ ਇਕ ਪੱਧਰ ਉਤੇ ਹਰ
ਵਿਚਾਰਧਾਰਾ ਨੂੰ ਜੀ ਆਇਆਂ ਕਹਿੰਦਾ ਹੈ, ਪਰ ਇਸ ਦੇ ਨਾਲ ਇਕ ਵੱਡੀ ਹਕੀਕਤ ਇਹ ਵੀ
ਜੁੜੀ ਹੋਈ ਹੈ ਕਿ ਪੰਜਾਬੀ ਭਾਈਚਾਰ ਉਸ ਵਿਚਾਰਧਾਰਾ ਨੂੰ ਰਾਜਨੀਤਕ ਸ਼ਕਤੀ ਬਣਨ ਦੀ
ਕਦਾਚਿਤ ਇਜਾਜ਼ਤ ਨਹੀਂ ਦਿੰਦਾ। ਪੰਜਾਬੀਆਂ ਦੀ ਇਸ ਦਿਲਚਸਪ ਮਾਨਸਿਕ ਬਣਤਰ ਦੇ
ਪਿਛੇ ਅਸਲ ਕਾਰਨ ਕੀ ਹੋ ਸਕਦੇ ਹਨ? ਇਹ ਵੱਖਰਾ ਨੁਕਤਾ ਕਿਸੇ ਹੋਰ ਥਾਂ ਤੇ
ਵਿਚਾਰਿਆ ਜਾ ਸਕਦਾ ਹੈ ਪਰ ਇਥੇ ਕੇਵਲ ਖੱਬੇ ਪੱਖੀਆਂ ਦੀ ਰਾਜਨੀਤਕ ਤਾਕਤ ਦਾ
ਹਿਸਾਬ ਕਿਤਾਬ ਲਾਉਣਾ ਅਤੇਉਨ੍ਹਾਂ ਦੇ ਹਨੇਰੇ ਭਵਿੱਖ ਦੇ ਕਾਰਨਾਂ ਵਿਚ ਡੂੰਘਾ
ਉਤਰਨਾ ਹੈ।
ਹਰ ਸੁਲਝਿਆ ਮਨੁਖ ਜਾਣਦਾ ਹੈ
ਕਿ ਸਿਰਫ ਇਕ ਤਾਕਤ ਬੰਦੇ ਨੂੰ ਸਿਰ ਤੋਂ ਪੈਰਾਂ ਤਕ ਬਦਲਦੀ ਹੈ ਤੇ ਉਹ ਹੈ
ਇਨਕਲਾਬ। ਇਸ ਰਾਜਨੀਤਕ ਹਕੀਕਤ ਵਿਚ ਲੰਘੇ ਤੋਂ ਬਿਨਾਂ ਮਨੁੱਖ ਅਧੂਰਾ ਰਹਿੰਦਾ ਹੈ।
ਜੇ ਮਨੁੱਖ ਦੇ ਅਣਖੀਲੇ ਧਾਰਮਿਕ ਜਜ਼ਬਿਆਂ ਨੂੰ ਰਾਜਨੀਤਕ ਸੇਧ ਨਹੀਂ ਮਿਲਦੀ ਜਾਂ
ਉਹ ਕਿਸੇ ਰਾਜਨੀਤਕ ਤਾਕਤ ਦਾ ਸੁਚੇਤ ਜਾਂ ਅਚੇਤ ਹਿੱਸਾ ਬਣ ਕੇ ਆਪਣਾ ਸਫਰ ਤੈਅ
ਨਹੀਂ ਕਰਦਾ ਤਾਂ ਉਹਭਾਵੇਂ ਵਿਅਕਤੀਗਤ ਤੌਰ ਤੇ ਕਿੰਨਾ ਵੀ ਕਾਮਯਾਬ ਕਿਉਂ ਨਾ ਹੋ
ਜਾਵੇ, ਉਸ ਨੂੰ ਇਤਿਹਾਸ ਵਿਚ ਥਾਂ ਨਹੀਂ ਮਿਲਦੀ। ਜੇ ਮਿਲਦੀ ਵੀ ਹੈ ਤਾਂ ਉਹ
ਵਿਅਕਤੀ ਮਹਾਨ ਘਟਨਾਵਾਂ ਦੇ ਫੁੱਟ ਨੋਟ ਹੀ ਬਣਦੇ ਹਨ। ਰੂਸ, ਫਰਾਂਸ, ਅਮਰੀਕਾ ਤੇ
ਚੀਨ ਵਿਚ ਇਨਕਲਾਬ ਹੋਏ। ਇਕ ਨਵਾਂ ਰਾਜਨੀਤਕ ਮਨੁੱਖ ਉਭਰ ਕੇ ਸਾਹਮਣੇ ਆਇਆ ਅਤੇ
ਇਸਾਨ ਨੇ ਜੀਵਨ ਦੇ ਹਰੇਕ ਖੇਤਰ ਵਿਚ ਵੱਡੀਆਂ ਪੁਲਾਂਘਾਂ ਪੁੱਟੀਆਂ। ਅਸੀਂ ਹੁਣ
ਦੁਖੀ ਹੋ ਕੇ ਇਹ ਤਾਂ ਕਹਿ ਸਕਦੇ ਹਾਂ ਕਿ ਉਹ ਸਾਰੇ ਇਨਕਲਾਬ ਔਝਤੇ ਰਾਹਾਂ ਤੇ ਪੈ
ਗਏ ਜਿਸ ਵਿਚ ਅੰਤ ਨੂੰ ਮਨੁਖ ਮਸ਼ੀਨ ਬਣ ਕੇ ਰਹਿ ਗਿਆ ਪਰ ਇਹ ਨਹੀਂ ਕਹਿ ਸਕਦੇ ਕਿ
ਬੰਦਾ ਇਕੋ ਥਾਂ ਬੁੱਤ ਦਾ ਬੁੱਤ ਬਣਿਆ ਰਿਹਾ। ਇਨ੍ਹਾਂ ਇਨਕਲਾਬਾਂ ਨੇ ਵੱਡੀ
ਹਿਲਜੁਲ ਲਿਆਂਦੀ ਤੇ ਮਨੁਖੀ ਰਿਸ਼ਤਿਆਂ ਵਿਚ ਹੇਠਲੀ ਉਤੇ ਹੋਈ ਜੋ ਇਤਿਹਾਸ ਨੇ
ਪਹਿਲਾਂ ਕਦੇ ਨਹੀਂ ਸੀ ਵੇਖੀ।
ਪਰ ਕੀ ਹਿੰਦੁਸਤਾਨ ਇਹੋ
ਜਿਹੇ ਇਨਕਲਾਬ ਵਿਚੋਂ ਲੰਘਿਆ? ਅਜ਼ਾਦੀ ਦੀ ਲੜਾਈ ਨੂੰ ਅਸੀਂ ਇਨਕਲਾਬ ਦਾ ਨਾਂਅ
ਨਹੀਂ ਦੇ ਸਕਦੇ ਕਿਉਂਕਿ ਇਥੇ ਮਨੁਖੀ ਸਬੰਧਾਂ ਵਿਚ ਆਈ ਸਿਫਤੀ ਤਬਦੀਲੀ ਨਾ ਹੋਇਆਂ
ਵਰਗੀ ਹੈ। ਪਰ ਇਸ ਦੇਸ਼ਦਾ ਇਕ ਹਿੱਸਾ- ਪੰਜਾਬ ਇਨਕਲਾਬ ਦੇ ਵੱਡੇ ਅਮਲ ਵਿਚੋਂ
ਜ਼ਰੂਰ ਲੰਘਿਆ ਹੈ। ਪ੍ਰਸਿੱਧ ਇਤਿਹਾਸਕਾਰ ਆਰਨਾਲਡ ਟਾਇਨਬੀ ਨੇ ਤਾਂ ਇਥੋਂ ਤਕ
ਸਵੀਕਾਰ ਕੀਤਾ ਹੈ ਕਿ ਸੰਸਾਰ ਵਿਚ ਸਭ ਤੋਂ ਪਹਿਲਾ ਕਿਰਤੀ ਇਨਕਲਾਬ ਰੂਸ ਦਾ ਨਹੀਂ
ਸਗੋਂ ਉਹ ਇਨਕਲਾਬ ਸੀ ਜੋ ਪੰਜਾਬ ਵਿਚ ਆਇਆ ਤੇ ਜਿਸ ਦੇ ਬਾਨੀ ਗੁਰੂ ਗੋਬਿੰਦ ਸਿੰਘ
ਸਨ। ਰਾਜਨੀਤਕ ਇਤਿਹਾਸ ਦੇ ਵਿਦਵਾਨ ਜਗਜੀਤ ਸਿੰਘ ਨੇ ਸਿਖ ਇਨਕਲਾਬ ਉਤੇ ਇਕ
ਪ੍ਰਮਾਣਿਕ ਪੁਸਤਕ ਵੀ ਲਿਖੀ ਹੈ ਜਿਸ ਵਿਚ ਇਹ ਸਾਬਤ ਕਰਨ ਦਾ ਯਤਨ ਕੀਤਾ ਹੈ ਕਿ ਇਹ
ਹਰ ਪਖ ਤੋਂ ਇਕ ਮੁਕੰਮਲ ਇਨਕਲਾਬ ਸੀ ਜਿਸ ਪਿਛੇ ਇਕ ਸਿਧਾਂਤ ਵੀ ਸੀ, ਇਕ ਵਿਉਂਤ
ਵੀ ਸੀ ਤੇ ਜਿਸ ਦਾ ਰਾਜਨੀਤਕ, ਧਾਰਮਿਕ ਤੇ ਸਭਿਆਚਾਰਕ ਸਫਰ ਪੂਰੇ ਯੋਜਨਾਬੱਧ
ਤਰੀਕੇ ਨਾਲ ਗੁਰੂ ਨਾਨਕ ਤੋਂ ਸੁਰੂ ਹੋ ਕੇ 250 ਸਾਲ ਚਲਿਆ। ਇਹੋ ਜਿਹੀ ਮਿਸਾਲ
ਭਾਰਤ ਵਿਚ ਹੋਰ ਕਿਤੇ ਨਹੀਂ ਮਿਲਦੀ। ਹਾਂ, ਮਹਾਰਾਸ਼ਟਰ ਵਿਚ ਸ਼ਿਵਾ ਜੀ ਦੀ ਜਦੋਜਹਿਦ
ਵਿਚ ਇਕ ਵੱਡੀ ਰਾਜਨੀਤਕ ਬਗਾਵਤ ਜ਼ਰੂਰ ਸੀ, ਰਾਜ ਦੀ ਤਮੰਨਾ ਵੀ ਸੀ ਪਰ ਇਸ ਮਹਾਨ
ਜਦੋਜਹਿਦ ਪਿਛੇ ਇਕ ਮਹਾਨ ਸਿਧਾਂਤ ਦਾ ਪ੍ਰਕਾਸ਼ ਉਥੇ ਵੀ ਨਹੀਂ ਹੋ ਸਕਿਆ।
ਜਦੋਂ ਅਸੀਂ ਪੰਜਾਬ ਵਿਚ
ਖੱਬੇ ਪੱਖੀਆਂ ਦਾ ਭਵਿਖ ਸੱਦਾ ਧੁੰਦਲਾ ਰਹਿਣ ਦਾ ਫਤਵਾ ਦਿੰਦੇ ਹਾਂ ਤਾਂ ਇਸ ਦਾ
ਕਾਰਨ ਇਹ ਹੈ ਕਿ ਇਥੇ ਸਿਖ ਇਨਕਲਾਬ ਨੇ ਆਪਣੇ ਪਿਛੇ ਇਹੋ ਜਿਹਾ ਵਿਰਸਾ ਛੱਡ ਦਿਤਾ
ਹੈ, ਇਹੋ ਜਿਹੀਆਂ ਰਵਾਇਤਾਂ ਸਥਾਪਤ ਕਰ ਦਿਤੀਆਂ ਹਨ, ਇਹੋ ਜਿਹਾ ਸ਼ਕਤੀਸ਼ਾਲੀ ਦਿਓ
ਕੱਦ ਸਭਿਆਚਾਰ ਸਿਰਜ ਦਿਤਾ ਹੈ ਕਿ ਉਸ ਦਾ ਮੰਨਣਯੋਗ ਤੇ ਬਲਵਾਨ ਬਦਲ ਪੈਦਾ ਕਰਨਾ
ਤੇ ਉਸ ਨੂੰ ਪੰਜਾਬੀਆਂ ਦੇ ਦਿਲ ਦਾ ਹਿੱਸਾ ਬਣਾਉਣਾ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ
ਹੈ। ਜੇ ਸਿਖਾਂ ਦੇ ਕਮਜ਼ੋਰ ਅਤੇ ਸਿਧਾਂਤਹੀਣ ਹੋ ਚੁਕੇ ਵਰਤਮਾਨ ਤੋਂ ਲਾਭ ਉਠਾ ਕੇ
ਖੱਬੇ ਪਖੀ ਲੋਕ ਹੋਰਨਾਂ ਤਾਕਤਾਂ ਨਾਲ ਮਿਲ ਕੇ ਕੋਈਮਾੜਾ ਮੋਟਾ ਓਹੜ ਪੋਹੜ ਬਣਾ
ਲੈਣ ਵਿਚ ਸਫਲ ਵੀ ਹੋ ਜਾਣ ਤਾਂ ਵੀ ਉਹ ਇਕ ਤਾਂ ਰੂਹਾਨੀ ਕੀਮਤਾਂ ਤੋਂ ਸੱਖਣਾ
ਹੋਵੇਗਾ ਤੇ ਦੂਜਾ, ਉਹ ਕੰਮ ਚਲਾਊ, ਵਕਤੀ ਤੇ ਆਰਜ਼ੀ ਕਿਸਮ ਦਾ ਹੋਵੇਗਾ।
ਪੰਜਾਬ ਵਿਚ ਰਾਜਨੀਤੀ ਦਾ
ਸਿੱਖ ਬਦਲ ਸਦਾ ਹੀ ਕਿਸੇ ਨਾ ਕਿਸੇ ਰੂਪ ਵਿਚ ਕਾਇਮ ਰਹੇਗਾ। ਇਸ ਦੇ ਨਿਗਰ
ਇਤਿਹਾਸਕ ਕਾਰਨ ਹਨ। ਮਿਸਾਲ ਵਜੋਂ ਸਿੱਖ ਇਨਕਲਾਬ ਦੇ 10 ਰਹਿਬਰਾਂ ਵਿਚੋਂ ਦੋ ਤਾਂ
ਵੱਡੇ ਸ਼ਹੀਦ ਹਨ। ਦੋ ਇਹੋ ਜਿਹੇ ਹਨ ਜੋ ਹਥਿਆਰਬੰਦ ਲਹਿਰ ਦੇ ਉਚਤਮ ਤੇ ਸੁਚੇ
ਤਜਰਬਿਆਂ ਵਿਚੋਂ ਜਿਵੇਂ ਲੰਘੇ ਹਨ, ਉਹੋ ਜਿਹੀ ਮਿਸਾਲ ਭਾਰਤ ਦੇ ਇਤਿਹਾਸ ਵਿਚ ਹੋਰ
ਕਿਤੇ ਵੀ ਨਹੀਂ ਮਿਲਦੀ। ਅਮਨ ਤੇ ਜੰਗ ਦੇ ਪਵਿਤਰ ਰਿਸ਼ਤੇ ਦੇ ਵੰਨ ਸੁਵੰਨੇ ਰੂਪਾਂ
ਦੀ ਪੀਂਘ ਜੋ ਪੰਜਾਬ ਦੇ ਇਤਿਹਾਸ ਵਿਚ ਚੜ੍ਹੀ ਹੈ, ਉਹ ਸਤਰੰਗੀ ਪੀਂਘ ਹੋਰ ਕਿਤੇ
ਨਹੀਂ ਵੇਖੀ ਗਈ। ਇਸ ਲਈ ਰੂਸੀ ਇਨਕਲਾਬ ਤੋਂ ਪਿਛੋਂ ਜੋ ਅਮਨ ਦਾ ਸਿਧਾਂਤ ਸੋਵੀਅਤ
ਯੂਨੀਅਨ ਨੇ ਦੁਨੀਆ ਸਾਹਮਣੇ ਲਿਆਂਦਾ, ਉਹ ਥੋਥਾ ਹੀ ਸਾਬਤ ਹੋਇਆ ਤੇ ਭਾਂਜਵਾਦੀ
ਵੀ। ਉਸ ਵਿਚ ਨਿਰਭਉ ਤੇ ਨਿਰਵੈਰ ਹੋਣ ਦੇ ਗੁਣ ਨਹੀਂ ਸਨ ਜੋ ਸਿਖ ਸਿਧਾਂਤ ਦੀ ਸ਼ਾਨ
ਬਣਦੇ ਹਨ।
ਉਹ ਕਿਹੜਾ ਰਾਜ਼ਾ ਹੈ ਜਿਹੜਾ
ਸਿਖ ਸਿਧਾਂਤ ਨੂੰ ਸਦ ਜਾਗਤ ਅਵਸਥਾ ਤੇ ਮੁਕੰਮਲ ਤਾਜ਼ਗੀ ਵਿਚ ਰਖਦਾ ਹੈ? ਉਹ ਹੈ,
ਇਤਿਹਾਸ ਦੀ ਸਦਾਬਹਾਰ ਚੇਤੰਨਤਾ, ਜੇ ਗੁਰੂ ਗ੍ਰੰਥ ਸਾਹਿਬ ਵਿਚ ਨਿਹਤ ਹੈ। ਗਲ ਇਸ
ਹੱਦ ਤਕ ਦੂਰ ਚਲੇ ਗਈ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਉਹ ਭਗਤ ਵੀ ਆ ਗਏ ਹਨ ਜੋ
ਹੋਰਨਾਂ ਖਿਤਿਆਂ, ਧਰਮਾਂ ਤੇ ਸਭਿਆਚਾਰਾਂ ਨਾਲ ਜੁੜੇ ਹੋਏ ਹਨ। ਜੇ ਇਹ ਭਗਤ ਗੁਰੂ
ਗ੍ਰੰਥ ਸਾਹਿਬ ਵਿਚ ਨਾ ਆਉਂਦੇ ਤਾਂ ਉਨ੍ਹਾਂ ਭਗਤਾਂ ਦਾ ਮਹਾਨ ਰਾਜਨੀਤਕ ਰੂਪ
ਲੁਕਿਆ ਹੀ ਰਹਿਣਾ ਸੀ। ਮਿਸਾਲ ਵਜੋਂ ਭਗਤ ਰਵਿਦਾਸ ਸਿਧਾਂਤ ਸਿਖੀ ਸਿਧਾਂਤ ਨੂੰ
ਨਵੇਂ ਰਾਜਸੀ ਰੰਗ ਨਾਲ ਜੋੜਦਾ ਹੈ ਤੇ ਧੰਨੇ ਭਗਤ ਦਾ ਰੋਟੀ ਦੀ ਲੋੜ ਦਾ ਸਿਧਾਂਤ
ਸਿਖੀ ਅਰਥਚਾਰੇ ਨੂੰ ਲੋਕਾਂ ਦੀ ਰੂਹ ਦੇ ਨੇੜੇ ਲਿਆਉਣ ਲਈ ਮਜ਼ਬੂਰ ਕਰਦਾ ਹੈ। ਉਹ
ਕਿਹੜੀ ਗੱਲ ਹੈ ਜੋ ਗੁਰੂ ਗ੍ਰੰਥ ਸਾਹਿਬ ਵਿਚ ਮੌਜੂਦ ਨਹੀਂ? ਭਾਵੇਂ ਇਸ ਦਾ
ਰਾਜਨਿਤਕ ਸਿਧਾਂਤ ਵਿਦਵਾਨਾਂ ਵਲੋਂ ਬਝਵੇਂ ਰੂਪਾਂ ਵਿਚ ਘੱਟ ਹੀ ਪੇਸ਼ ਹੋਇਆ ਹੈ ਪਰ
ਗੁਰੂ ਗ੍ਰੰਥ ਸਾਹਿਬ ਦੇ ਸਾਰੇ ਰੰਗ ਗੁਰੂ ਸਾਹਿਬਾਨ ਦੇ ਜੀਵਨ ਵਿਚ ਅਤੇ ਮੋੜਵੇਂ
ਰੂਪ ਵਿਚ ਸਿਖ ਇਤਿਹਾਸ ਵਿਚ ਢਲਦੇ ਵੇਖੇ ਗਏ ਹਨ। ਕੀ ਏਨ ਵੱਡਾ ਬਦਲ ਮਾਰਕਸਵਾਦੀ
ਸਿਧਾਂਤਕਾਰ ਦੇ ਸਕਦੇ ਹਨ?
ਅਜ ਕਲ੍ਹ ਦੇ ਮਾਰਕਸਵਾਦੀ
ਤਾਂ ਟੱਬਰਾਂ ਦੇ ਮੋਹ ਵਿਚੋਂ ਹੀ ਨਹੀਂ ਨਿਕਲ ਸਕਦੇ। ਕੌਣ ਤੱਤੀਆਂ ਤਵੀਆਂ ਤੇ
ਬੈਠੇਗਾ? ਕੌਣ ਆਪਣੇ ਪੁਤਰ ਮਰਵਾਉਂਦਾ ਹੈ? ਕਿਥੇ ਨਿੱਕੀਆਂ ਨਿੱਕੀਆਂ ਜਿੰਦਾਂ ਵਡੇ
ਸਾਕੇ ਕਰ ਸਕਦੀਆਂ ਹਨ? ਕਿਸੇ ਦੇ ਮਨੁਖੀ ਹਕਾਂ ਲਈ ਅਵਾਜ਼ ਤਾਂ ਸਦਾ ਹੀ ਉਠਦੀ
ਰਹੇਗੀ ਪਰ ਗੁਰੂ ਤੇਗ ਬਹਾਦਰ ਵਾਂਗ ਮਨੁਖੀ ਹੱਕਾਂ ਲਈ ਸ਼ਹੀਦ ਕੌਣ ਹੋਵੇਗਾ? ਕਿਥੇ
ਹਨ ਗੁਰੂਆਂ ਦੀ ਜਾਇਦਾਦਾਂ? ਉਹ ਤਾਂ ਪੰਜਾਬ ਦਾ ਸਾਂਝਾ ਵਿਰਸਾ ਬਣ ਗਈਆਂ ਹਨ? ਇਹ
ਸਹੀ ਹੈ ਕਿ ਸਿਖਾਂ ਦੀ ਰਾਜਸੀ ਪਾਰਟੀਆਂ ਵਿਚ ਆਇਆ ਨਿਘਾਰ ਤੇ ਉਨ੍ਹਾਂ ਦੇ ਡਿਗਦੇ
ਕਿਰਦਾਰਾਂ ਨੂੰ ਲੈ ਕੇ ਮਾਰਕਸੀ ਸਿਧਾਂਤਕਾਰ ਆਲੋਚਨਾ ਤਾਂ ਕਰ ਸਕਦੇ ਹਨ ਪਰ ਇਸ
ਵਿਰੋਧ ਵਿਚੋਂ ਉਨ੍ਹਾਂ ਨੂੰ ਪੱਕੇ ਪੈਰੀਂ ਬਹਿਣ ਲਈ ਥਾਂ ਨਹੀਂ ਮਿਲਦੀ। ਇਸ ਦੇ ਦੋ
ਕਾਰਨ ਹਨ। ਇਕ ਮਾਰਕਸੀ ਵੀਰ ਖੁਦ ਆਪ ਦੁੱਧ ਧੋਤੇ ਨਹੀਂ। ਦੂਜਾ, ਉਨ੍ਹਾਂ ਕੋਲ ਕੋਈ
ਪਾਏਦਾਰ ਬਦਲ ਨਹੀਂ।
ਮਾਰਕਸਵਾਦ ਅਸਫਲ ਕਿਉਂ
ਰਹੇਗਾ? ਏਸਲਈ, ਕਿਉਂਕਿ ਬ੍ਰਹਿਮੰਡ ਦੀ ਅਨੰਤਤਾ ਤੇ ਇਸ ਵਿਚ ਲੁਕੇ ਡੂੰਘੇ ਰੂਹਾਨੀ
ਅਰਥ ਮਨੁਖ ਨੂੰ ਅਨੰਤ ਦੇ ਪੈਂਡਿਆਂ ਉਤੇ ਤੋਰਦੇ ਹਨ ਜਦਕਿ ਮਾਰਕਸਵਾਦ ਵਿਗਿਆਨ ਦੇ
ਸਤਈ ਅਰਥਾਂ ਤੋਂ ਪ੍ਰੇਰਨਾ ਲੈਂਦਾ ਹੈ ਤੇ ਨਹੀਂ ਜਾਣਦਾ ਕਿ ਵਿਗਿਆਨ ਦੇ ਡੂੰਘੇ
ਅਰਥ ਦੀ ਵੀ ਅਸੀਮ ਤੇ ਅਨੰਤ ਦੁਨੀਆਂ ਨਾਲ ਸਾਂਝ ਹੈ ਜੋ ਜੀਵਨ ਨੂੰ ਹਰ ਪਲ ਹਰਾ
ਕਚੂਚ ਰਖਦੀ ਹੈ।
ਕਰੀਬ ਚਾਰ ਦਹਾਕੇ ਪਹਿਲਾਂ
ਮਾਰਕਸਵਾਦੀ ਪਾਰਟੀਆਂ ਨਾਲ ਜੁੜੇ ਬੁਧੀਜੀਵੀ ਤੇ ਸਿਆਸੀ ਆਗੂ ਮਾਰਕਸਵਾਦੀ ਸਿਧਾਂਤ
ਨਾਲ ਘੱਟ ਤੇ ਸਿਖ ਇਤਿਹਾਸ ਨਾਲ ਵਧ ਜੁੜੇ ਹੋਏ ਸਨ। ਇਥੇ ਹੀ ਬੱਸ ਨਹੀਂ ਸਗੋਂ
ਅਜ਼ਾਦੀ ਦੇ ਇਤਿਹਾਸ ਵਿਚ ਬੰਗਾਲੀਆਂ ਤੇ ਪੰਜਾਬੀਆਂ ਦੇ ਸਾਂਝੇ ਰਾਜਨੀਤਕ ਤੇ
ਇਨਕਲਾਬੀ ਕੇਂਦਰ ਗੁਰਦੁਆਰਿਆਂ ਵਿਚ ਹੀ ਸਨ। ਇਸ ਲਈ ਮਨੁਖ ਦੇ ਹਥੋਂ ਮਨੁਖ ਦੀ
ਲੁੱਟ ਖਸੁਟ ਖਤਮ ਕਰਨ ਦੇ ਸਾਰੇ ਸਮਾਨ ਪੰਜਾਬ ਦੇ ਇਤਿਹਾਸ ਵਿਚ ਸਾਂਭੇ ਪਏ ਹਨ।
ਇਹੋ ਜਿਹੇ ਇਤਿਹਾਸ ਦੇ ਬਦਲ ਹੋਰ ਕੌਣ ਸਿਰਜ ਸਕਦਾ ਹੈ? ਕਿਥੋਂ ਲਿਆ ਸਕਦਾ ਹੈ?
ਕਿਵੇਂ ਲਿਆ ਸਕਦਾ ਹੈ? ਬਿਨਾਂ ਸ਼ਕ ਅਜ ਦੇ ਮਾਰਕਸੀ ਬੁਧੀਜੀਵੀ ਤੇ ਸਿਆਸੀ ਆਗੂ
ਗਿਆਨ ਦੇ ਆਧੁਨਿਕ ਸਿਧਾਂਤਾਂ ਤੋਂ ਵਧ ਜਾਣੂ ਹਨ ਤੇ ਵਿਦਿਅਕ ਅਦਾਰਿਆਂ ਵਿਚ ਛਾਏ
ਹੋਏ ਹਨ ਪਰ ਪਿਛਲੇ ਇਕ ਦਹਾਕੇ ਤੋਂ ਇਨ੍ਹਾਂ ਨੂੰ ਵੀ ਕਈ ਪਾਸਿਆਂ ਤੋਂ ਗੰਭੀਰ
ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਇਨ੍ਹਾਂ ਗਿਆਨੀਆਂ ਦਾ ਨਵੇਂ
ਮੁਹਾਵਰੇ ਵਿਚ ਮੁਕਾਬਲਾ ਕਰਨ ਦੀ ਜਾਚ ਉਨ੍ਹਾਂ ਦੇ ਵਿਰੋਧੀਆਂ ਕੋਲ ਵੀ ਆ ਗਈ ਹੈ।
ਇਸ ਲਈ ਅਗਾਂਹ ਵਧੂਆਂ ਦੇ ਰੂਫ ਵਿਚ ਛਾਏ ਇਨ੍ਹਾਂ ਖਬੇ ਪਖੀਆਂ ਉਤੇ ਹੁਣ ਢਲਦੀਆਂ
ਸ਼ਾਮਾਂ ਹਨ। ਬਹੁਤ ਸਾਰੇ ਬੁਧੀਜੀਵੀ ਤਾਂ ਪਲਟੀ ਵੀ ਮਾਰ ਰਹੇ ਹਨ। ਹਾਂ, ਇਹ ਗੱਲ
ਵਖਰੀ ਹੈ ਕਿ ਕੁਝ ਮੌਕਾਪ੍ਰਸਤ ਹਨ ਤੇ ਕੁਝ ਸਚੀਮੁਚੀ ਸੰਜੀਦਾ ਤੇ ਸੁਹਿਰਦ ਹਨ ਤੇ
ਮਹਿਸੂਸ ਕਰਨ ਲਗ ਪਏ ਹਨ ਕਿ ਪੰਜਾਬ ਦੇ ਵਿਰਸੇ ਦਾ ਰਾਜਨੀਤਕ ਬਦਲ ਵੀ ਪੰਜਾਬ ਦੇ
ਵਿਰਸੇ ਵਿਚੋਂ ਹੀ ਲਭੇਗਾ। ਜੇ ਬਾਹਰ ਭਟਕਦੇ ਰਹੇ ਤਾਂ ਏਧਰੋਂ ਵੀ ਧੱਕੇ ਪੈਣਗੇ ਤੇ
ਓਧਰੋਂ ਵੀ। |