|

ਭਾਜਪਾ ਵਿਚ ਲਹਿਰਾਂ ਰੁਕਣ
ਦਾ ਨਾਂ ਨਹੀਂ ਲੈ ਰਹੀਆਂ। ਅਜੇ ਤਕ ਇਹ ਐਲਾਨ ਨਹੀਂ ਕੀਤਾ ਗਿਆ ਕਿ ਉਮਾ ਭਾਰਤੀ
ਨੂੰ ਬਿਹਾਰ ਵਿਚ ਪਾਰਟੀ ਦੀ ਸਟਾਰ ਪ੍ਰਚਾਰਕ ਬਣਾਇਆ ਜਾਵੇਗਾ ਜਾਂ ਨਹੀਂ ਪਰ ਬਿਹਾਰ
ਭਾਜਪਾ ਵਿਚ ਇਸ ਗੱਲ ਨੂੰ ਲੈ ਕੇ ਕਾਫੀ ਬੇਚੈਨੀ ਹੈ। ਹਾਲਤ ਇਹ ਹੈ ਕਿ ਬਿਹਾਰ ਵਿਚ
ਭਾਜਪਾ ਦੀ ਸਭ ਤੋਂ ਵੱਡੀ ਉਮੀਦ ਮੰਨੀ ਜਾਣ ਵਾਲੀ ਉਮਾ ਭਾਰਤੀ ਕੋਲ ਬਿਹਾਰ ਦੇ
ਨੇਤਾ ਆਪਣੀਆਂ ਟਿਕਟਾਂ ਲੇਣ ਲਈ ਪਹੁੰਚੇ ਤਾਂ ਉਨ੍ਹਾਂ ਨੂੰ ਇਹ ਕਹਿ ਕੇ ਵਾਪਸ ਭੇਜ
ਦਿਤਾ ਗਿਆ ਕਿ ਟਿਕਟ ਮੰਗਣੀ ਹੈ ਤਾਂ ਅਡਵਾਨੀ ਜੀ ਤੋਂ ਮੰਗੋ।
ਪਾਰਟੀ ਵਿਚ ਵਾਪਸੀ ਤੋਂ
ਬਾਅਦ ਉਮਾ ਭਾਰਤੀ ਸ੍ਰੀ ਵਾਜਪਾਈ ਤੇ ਅਡਵਾਨੀ ਨੂੰ ਤਾਂ ਮਿਲ ਚੁਕੀ ਹੈ ਪਰ ਪਾਰਟੀ
ਦੇ ਦਫਤਰ ਵਿਚ ਉਹ ਇਕ ਵਾਰ ਵੀ ਨਹੀਂ ਗਈ। ਉਮਾ ਭਾਰਤੀ ਦੇ ਨਾਂਜਾਣ ਦਾ ਕਿਸੇ ਨੂੰ
ਗਮ ਨਹੀਂ ਹੈ ਪਰ ਅਜਿਹਾ ਮੰਨਣ ਵਾਲੇ ਵੀ ਘੱਟ ਨਹੀਂ ਹਨ ਕਿ ਉਮਾ ਭਾਰਤੀ ਪਾਰਟੀ
ਵਿਚ ਕਿਸੇ ਵਿਸ਼ੇਸ਼ ਅਹੁਦੇ ਲਈ ਆਪਣਾ ਰਾਹ ਸੌਖਾ ਕਰ ਰਹੀ ਹੈ ਕਿਉਂਕਿ ਹੁਣ ਉਹ ਇਹ
ਜਾਣ ਚੁਕੀ ਹੈ ਕਿ ਮੱਧ ਪ੍ਰਦੇਸ਼ ਵਿਚ ਉਸ ਦੀ ਵਾਪਸੀ ਨਹੀਂ ਹੋਣ ਵਾਲੀ। ਭੋਪਾਲ ਵਿਚ
ਉਸ ਦੀ ਜੋ ਸਲਾਹਕਲਾਰ ਮੰਡਲੀ ਸੀ, ਉਹ ਹੁਣ ਵੀ ਉਸ ਦੇ ਆਸ ਪਾਸ ਹੈ ਪਰ ਉਸ ਦੇ
ਸਮਰਥਕ ਮੰਤਰੀ ਸੁਨੀਲ ਨਾਇਕ ਨੂੰ ਹਟਾਏ ਜਾਣ ਤੋਂ ਬਾਅਦ ਉਸ ਦੇ ਭਗਤਾਂ ਦੀ ਬੋਲਤੀ
ਬੰਦ ਹੋ ਗਈ ਹੈ।
ਵੈਸੇ ਅਡਵਾਨੀ ਜੀ ਦੇ ਯਤਨਾਂ
ਨਾਲ ਉਮਾ ਭਾਰਤੀ ਤੇ ਬਾਬੂ ਲਾਲ ਗੌਰ ਵਿਚਾਲੇ ਸਮਝੌਤਾ ਤਾਂ ਹੋ ਗਿਆ ਹੈ ਪਰ ਇਹ
ਕਿੰਨੇ ਦਿਨ ਚਲੇਗਾ ਕਿਹਾ ਨਹੀਂ ਜਾ ਸਕਦਾ।
ਨਕਵੀ ਨੂੰ ਮਿਲਿਆ ਸ਼ੁਭ
ਕਾਮਨਾ ਸੰਦੇਸ਼
ਇਕ ਸੱਚਾ ਚੁਟਕਲਾ ਮੁਖਤਾਰ
ਅੱਬਾਸ ਨਕਵੀ ਬਾਰੇ। ਐਸ ਐਮ ਐਸ ਰਾਹੀਂ ਚੋਣ ਪ੍ਰਚਾਰ ਬੇਸ਼ਕ ਫੇਲ ਹੋ ਗਿਆ ਹੋਵੇ ਪਰ
ਨਕਵੀ ਨੇ ਦੋਸਤਾਂ ਨੂੰ ਐਸ ਐਮ ਐਸ ਰਾਹੀਂ ਨਵੇਂ ਸਾਲ ਦੀ ਸ਼ੁਭ ਕਾਮਨਾਵਾਂ ਜ਼ਰੂਰ
ਭੇਜੀਆਂ। ਇਨ੍ਹਾਂ ਦੋਸਤਾਂ ਵਿਚ ਪਤਰਕਾਰ ਵੀ ਸਨ ਜੋ ਆਮ ਤੌਰ ਤੇ ਕਿਸੇ ਦੇ ਦੋਸਤ
ਨਹੀਂ ਹੁੰਦੇ। ਇਕ ਪਤਰਕਾਰ ਦੇ ਜਵਾਬ ਵਿਚ ਨਕਵੀ ਨੂੰ ਸ਼ੁਭਕਾਮਨਾ ਭੇਜੀ ਕਿ
ਪਰਮਾਤਮਾ ਤੁਹਾਨੂੰ ਭਾਜਪਾ ਦਾ ਪ੍ਰਧਾਨ ਬਣਾਵੇ ਤੇ ਸੰਨਿਆਸਣ ਦੇ ਕਹਿਰ ਤੋਂ
ਬਚਾਵੇ। ਕਹਿਣ ਦੀ ਲੋੜ ਨਹੀਂ ਕਿ ਨਕਵੀ ਨੇ ਪੜ੍ਹਦਿਆਂ ਹੀ ਉਹ ਸੰਦੇਸ਼ ਮਿਟਾ ਦਿਤਾ।
ਵਿਵਾਦਾਂ ਦੇ ਦੌਰ ਵਿਚ ਉਹ ਐਸ ਐਮ ਐਮ ਵਿਵਾਦ ਵਿਚ ਨਹੀਂ ਪੈਣਾ ਚਾਹੁੰਦੇ ਸਨ।
ਤੰਦਰੁਸਤੀ ਦੀ ਤਸਵੀਰ
ਨਵੇਂ ਸਾਲ ਤੇ ਹੋਰ ਵੀ
ਮਨੋਰੰਜਕ ਘਟਨਾਵਾਂ ਹੋਈਆਂ। ਕੇਂਦਰੀ ਸਿਹਤ ਮੰਤਰੀ ਰਾਮਦੌਸ ਨੇ ਖਾਸ ਤੌਰ ਤੇ ਸਾਰੇ
ਪਤਰਕਾਰਾਂ ਨੂੰ ਨਵੇਂ ਸਾਲ ਦੀ ਵਧਾਈ ਤੇ ਇਸ ਗੱਲ ਦਾ ਆਭਾਰ ਸੰਦੇਸ਼ ਭੇਜਿਆ ਕਿ
ਉਨ੍ਹਾਂ ਨੇ ਉਨ੍ਹਾਂ ਦੇ ਤੇ ਉਨ੍ਹਾਂ ਦੇ ਮੰਤਰਾਲੇ ਦੇ ਕਵਰੇਜ ਦੇ ਮਾਮਲੇ ਵਿਚ
ਬਹੁਤ ਸਹਿਯੋਗ ਦਿਤਾ ਤੇ ਮਿਹਨਤ ਕੀਤੀ। ਇਨ੍ਹਾਂ ਵਿਚੋਂ ਕਈ ਪਤਰਕਾਰ ਅਜਿਹੇ ਵੀ ਸਨ
ਜਿਨ੍ਹਾਂ ਨੇ ਸਿਹਤ ਮੰਤਰਾਲੇ ਬਾਰੇ ਕੋਈ ਖਬਰ ਨਹੀਂ ਲਿਖੀ ਸੀ।
ਮਨੋਰੰਜਨ ਦਾ ਪ੍ਰਕੋਪ ਇਥੇ
ਹੀ ਖਤਮ ਨਹੀਂ ਹੋਇਆ। ਇਸ ਪ੍ਰੇਮ ਸੰਦੇਸ਼ ਦੇ ਨਾਲ ਨਾਲ ਰਾਮਦੌਸ ਨੇ ਆਪਣੀ ਤਸਵੀਰ
ਵੀ ਭੇਜੀ ਸੀ। ਉਹ ਅਖਬਾਰਾਂ ਵਿਚ ਤੇ ਟੀ ਵੀ ਇੰਨੇ ਘਟ ਨਜ਼ਰ ਆਉਂਦੇ ਹਨ ਕਿ
ਉਨ੍ਹਾਂ ਨੂੰ ਖੁਦ ਭਰੋਸਾ ਨਹੀਂ ਰਿਹਾ ਹੋਵੇਗਾ ਕਿ ਉਨ੍ਹਾਂਦੀ ਸ਼ਕਲ ਕੋਈ ਪਛਾਣਦਾ
ਹੋਵੇਗਾ ਕਿਉਂਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵਧਾਈ ਸੰਦੇਸ਼ਾਂ ਤੇ ਜਨਸੰਪਰਕ
ਲਈਬੇਜੇ ਜਾਣ ਵਾਲੇ ਕਾਰਡਾਂ ਤੇ ਹੋਣ ਵਾਲੇ ਖਰਚੇ ਤੇ ਰੋਕ ਲਗਾ ਦਿਤੀ ਹੈ ਤੇ ਗੈਰ
ਰਸਮੀ ਤੋਰ ਤੇ ਇਹ ਐਲਾਨ ਵੀ ਕਰ ਦਿਤਾ ਹੈ ਕਿ ਕਿਸੇ ਵੀ ਮੰਤਰੀ ਨੂੰ 10 ਰੁਪਏ ਤੋਂ
ਜ਼ਿਆਦਾ ਦਾ ਸ਼ੁਭ ਕਾਮਨਾ ਕਾਰਡ ਭੇਜਣ ਦੀ ਇਜਾਜਤ ਨਹੀਂ ਹੈ। ਇਸ ਮਾਮਲੇ ਵਿਚ
ਰਾਮਦੌਸ ਨੇ ਆਪਣਾ ਕਾਫੀ ਤਕਨੀਕੀ ਬਚਾਅ ਕੀਤਾ। ਜਿੰਨਾ ਖਰਚਾ ਕਾਰਡ ਤੇ ਆਉਂਦਾ ਹੈ,
ਉਸ ਵਿਚ ਫੋਟੋ ਵੀ ਬਣਵਾ ਲਈ ਅਤੇ ਸਾਦੀ ਚਿਠੀ ਭੇਜ ਦਿਤੀ। ਦੋ ਤਿੰਨ ਰੁਪਏ ਬਚ ਹੀ
ਗਏ ਪਰ ਬਹੁਤੇ ਦਿਨਾਂ ਤਕ ਬੰਗਲਾ ਨਾ ਮਿਲਣ ਦੇ ਬਹਾਨੇ ਇਕ ਫਾਈਵ ਸਟਾਰ ਹੋਟਲ ਵਿਚ
ਰਹਿ ਕੇ ਸਰਕਾਰ ਨੂੰ ਚੂਨਾ ਲਗਾਉਣ ਦਾ ਦੋਸ਼ ਉਨ੍ਹਾਂ ਤੇ ਲਗਦਾ ਰਿਹਾ।
ਗਾਂਧੀ ਜੀ ਦੇ ਨਾਂ ਤੇ
ਅਰਜੁਨ ਸਿੰਘ ਨੇ ਮਹਾਤਮਾ
ਗਾਂਧੀ ਦੀ ਹਤਿਆ ਦੇ ਮਾਮਲੇ ਵਿਚ ਸੰਘ ਪਰਿਵਾਰ ਦਾ ਨਾਂ ਲੈ ਲਿਆ ਸੀ ਤਾਂ ਸੰਘ
ਪਰਿਵਾਰ ਵਾਲੇ ਕਾਫੀ ਬੋਖਲਾਏ ਹੋਏਸਨ। ਉਨ੍ਹਾਂ ਨੂੰ ਮਾਣਹਾਨੀ ਦਾ ਨੋਟਿਸ ਵੀ ਦਿਤਾ
ਗਿਆ ਤੇ ਪਹਿਲੇ ਨੋਟਿਸ ਨੂੰ ਤਾਂ ਅਦਾਲਤ ਨੇ ਖਾਰਜ ਕਰ ਦਿਤਾ ਸੀ ਪਰ ਦੂਜੀ ਵਾਰ
ਸੰਮਨ ਜਾਰੀ ਹੋ ਗਏ।
ਹੁਣ ਸੰਘ ਪਰਿਵਾਰ ਦੇ ਕੁਝ
ਵਿਚਾਰ ਨੱਥੂ ਰਾਮ ਗੌਡਸੇ ਤੇ ਮਹਾਤਮਾ ਗਾਂਧੀ ਦੇ ਜੀਵਨ ਦੇ ਤੱਥਾਂ ਤੇ ਖੋਜ ਕਰਨ
ਲਗੇ ਹੋਏ ਹਨ ਤੇ ਇਹ ਸਿੱਧ ਕਰਨਾ ਚਾਹੁੰਦੇ ਹਨ ਕਿ ਗੌਡਸੇ ਤਾਂ ਖੁਦ ਮਹਾਤਮਾ
ਗਾਂਧੀ ਦਾ ਭਗਤ ਸੀ। ਰਹੀ ਗਲ ਅਰਜਨ ਸਿੰਘ ਦੀ ਤਾਂ ਉਹ ਵੈਸੇ ਵੀ ਆਪਣੇਆਪ ਨੂੰ ਸੰਘ
ਤੇ ਸੰਘ ਦੀ ਵਿਚਾਰਧਾਰਾ ਦਾ ਸਭ ਤੋਂ ਵੱਡਾ ਦੁਸ਼ਮਣ ਸਿਧ ਕਰਨਾ ਚਾਹੁੰਦੇ ਹਨ ਤੇ ਇਹ
ਸੰਮਨ ਉਨ੍ਹਾਂ ਦੀ ਮਦਦ ਹੀ ਕਰੇਗਾ। ਕਾਂਗਰਸੀਆਂ ਵਿਚ ਇਕ ਵੱਡਾ ਵਰਗ ਹੈ ਜੋ ਇਹ
ਮੰਨਦਾ ਹੈ ਕਿ ਜਿਸ ਦਿਨ ਬਾਬਰੀ ਮਸਜਿਦ ਡਿਗੀ ਸੀ, ਜੇ ਉਸੇ ਦਿਨ ਅਰਜਨ ਸਿੰਘ
ਸਰਕਾਰ ਤੋਂ ਅਸਤੀਫਾ ਦੇ ਦਿੰਦੇ ਤਾਂ ਉਨ੍ਹਾਂ ਦਾ ਸਿਆਸੀ ਕੱਦ ਇੰਨਾ ਵੱਧ ਜਾਂਦਾ
ਕਿ ਸ੍ਰੀ ਰਾਓ ਦੀ ਜਗ੍ਹਾ ਉਨ੍ਹਾਂ ਨੂੰ ਹੀ ਪ੍ਰਧਾਨ ਮੰਤਰੀ ਮੰਨ ਲਿਆ ਜਾਂਦਾ। |