WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਕੌਮੀ ਆਮ ਸਹਿਮਤੀ ਲਈ ਨਵੀਂ ਸ਼ੁਰੂਆਤ ਹੋਵੇ
-       ਚੰਦਰ ਸ਼ੇਖਰ

ਬੀਤਿਆ ਸਾਲ ਕਈ ਅਹਿਮ ਸਿਆਸੀ ਘਟਨਾਵਾਂ ਲਈ ਯਾਦ ਕੀਤਾ ਜਾਵੇਗਾ। ਇਸ ਵਿਚ ਸਭ ਤੋਂ ਮਹਤਵਪੂਰਨ ਘਟਨਾ ਸੀ, ਕਾਂਗਰਸ ਦੀ ਅਗਵਾਈ ਹੇਠ ਇਕ ਨਵੀਂ ਸਰਕਾਰ ਦਾ ਗਠਨ, ਜਿਸ ਵਿਚ ਵੱਖ ਵੱਖ ਵਿਚਾਰਧਾਰਾਵਾਂ ਵਾਲੀਆਂ ਪਾਰਟੀਆਂ ਸ਼ਾਮਲ ਹੋਈਆਂ। ਡਾਕਟਰ ਮਨਮੋਹਨ ਸਿੰਘ ਇਸ ਗਠਜੋੜ ਸਰਕਾਰ ਦੇ ਪ੍ਰਧਾਨ ਮੰਤਰੀ ਬਣੇ। ਆਪਣੇ ਦੇਸ਼ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਇਕ ਗੈਰ ਸਿਆਸੀ ਆਦਮੀ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ। ਇਸ ਨੂੰ ਇਕ ਨਵੀਂ ਦਿਸ਼ਾ ਜਾਂ ਇਕ ਨਵੀਂ ਸ਼ੁਰੂਆਤ ਦਾ ਸੰਕੇਤ ਵੀ ਸਮਝਿਆ ਜਾ ਸਕਦਾ ਹੈ। ਇਸ ਦਾ ਇਕ ਨਤੀਜਾ ਇਹ ਵੀ ਹੋ ਸਕਦਾ ਹੈ ਕਿ ਹੌਲੀ ਹੌਲੀ ਸਾਡੇ ਕੌਮੀ ਜੀਵਨ ਵਿਚ ਸਿਆਸਤਦਾਨਾਂ ਦਾ ਮਹੱਤਵ ਘਟਦਾ ਜਾਵੇ। ਸਾਡੇ ਦੇਸ਼ ਵਿਚ ਜੋ ਸਿਆਸਤ ਕਰਨ ਵਾਲੇ ਹਨ, ਉਹ ਇਸ ਸਥਿਤੀ ਲਈ ਘੱਟ ਜ਼ਿੰਮੇਵਾਰ ਨਹੀਂ।

ਮੌਜੂਦਾ ਸਥਿਤੀ ਦਾ ਸਭ ਤੋਂ ਵੱਧ ਚਿੰਤਾਜਨਕ ਪਹਿਲੂ ਇਹ ਹੈ ਕਿ ਸਹੀ ਅਰਥਾਂ ਵਿਚ ਕੋਈ ਸਿਆਸਤ ਕਰ ਹੀ ਨਹੀਂ ਰਿਹਾ। ਜਿਥੋਂ ਤਕ ਮੇਰੀ ਸਮਝ ਹੈ, ਸਿਆਸਤ ਦਾ ਅਰਥ ਹੈ ਜਨਤਾ ਦੀਆਂ ਸੱਮਸਿਆਵਾਂ ਅਤੇ ਉਨ੍ਹਾਂ ਦੀ ਪੀੜਾ ਨਾਲ ਜੁੜ ਕੇ ਉਨ੍ਹਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨਾ। ਜੇ ਰਾਜਨੇਤਾ ਸਮਾਜ ਦੇ ਸਿਰਫ ਕੁਝ ਕੁ ਖੁਸ਼ਹਾਲ ਲੋਕਾਂ ਨੂੰ ਹੀ ਧਿਆਨ ਵਿਚ ਰਖ ਕੇ ਆਪਣੀਆਂ ਨੀਤੀਆਂ ਬਣਾਉਂਦੇ ਹਨ ਤਾਂ ਸਿਆਸਤ ਆਪਣਾ ਮਹੱਤਵ ਗੁਆ ਬੈਠਦੀ ਹੈ ਤੇ ਨਤੀਜੇ ਭਿਅੰਕਰ ਨਿਕਲਦੇ ਹਨ। ਇਕ ਸਮਾਂ ਸੀ, ਜਦੋਂ ਅਸੀਂ ਸਾਰਿਆਂ ਨੇ ਇਕ ਬਰਾਬਰੀ ਵਾਲੇ ਤੇ ਤਾਲਮੇਲ ਵਾਲੇ ਸਮਾਜ ਦਾ ਸੁਪਨਾ ਦੇਖਿਆ ਸੀ ਪਰ ਹੁਣ ਜਨਤਾ ਤਾਂ ਕਿਤੇ ਪਿਛੇ ਰਹਿ ਗਈ ਹੈ ਤੇ ਬਾਜ਼ਾਰੂ ਸਭਿਅਤਾ ਨਿੱਤ ਨਵੇਂ ਰੂਪ ਅਖਤਿਆਰ ਕਰ ਰਹੀ ਹੈ। ਦੇਸ਼ ਦੀ ਰਾਜਧਾਨੀ ਦੇ ਆਸ ਪਾਸ ਤੇ ਹੋਰਨਾਂ ਮਹਾਨਗਰਾਂ ਵਿਚ ਮਾਲ ਸਭਿਅਤਾ ਦਾ ਪ੍ਰਸਾਰ ਹੋ ਰਿਹਾ ਹੈ ਤੇ ਉਸ ਨੂੰ ਸ਼ਹਿ ਦਿਤੀ ਜਾ ਰਹੀ ਹੈ। ਇਕ ਅਜਿਹੇ ਸਮਾਜ ਵਿਚ ਜਿਸ ਵਿਚ ਕਰੋੜਾਂ ਲੋਕ ਗਰੀਬੀ ਦੀ ਰੇਖਾ ਤੋਂ ਵੀ ਹੇਠਾਂ ਰਹਿੰਦੇ ਹਨ ਅਜਿਹੀ ਸਭਿਅਤਾ ਯਕੀਨੀ ਤੌਰ ਤੇ ਇਕ ਅਜਿਹੀ ਸਮਾਜਿਕ ਉਥਲ ਪੁਥਲ ਨੂੰ ਸੱਦਾ ਦੇਣ ਵਾਲੀ ਹੈ, ਜੋ ਸਾਡੇ ਪੂਰੇ ਸਮਾਜਿਕ ਤਾਣੇ ਬਾਣੇ ਨੂੰ ਤੋੜ ਦੇਵੇਗੀ।

ਚਮਚਾਗਿਰੀ

ਬੀਤੇ ਸਾਲ ਅਸੀਂ ਚਮਚਾਗਿਰੀ ਦਾ ਇੱਕ ਵੱਡਾ ਨਜ਼ਾਰਾ ਦੇਖਿਆ। ਇਕ ਅਜਿਹੀ ਸ਼ਖਸੀਅਤ, ਜਿਸ ਨੂੰ ਸਰਕਾਰ ਬਣਾਉਣ ਦਾ ਸੱਦਾ ਵੀ ਨਹੀਂ ਮਿਲਿਆ, ਉਸ ਨੂੰ ਤਿਆਗ ਦੀ ਮੂਰਤੀ ਬਣਾ ਕੇ ਪੇਸ਼ ਕੀਤਾ ਗਿਆ। ਸਿਆਣੇ ਸਿਆਸਤਦਾਨਾਂ ਵਲੋਂ ਕੀਤੀ ਜਾਂਦੀ ਅਜਿਹੀ ਚਮਚਾਗਿਰੀ ਸਮਝ ਤੋਂ ਬਾਹਰ ਹੈ। ਕਿਸੇ ਨੂੰ ਇਸ ਗਲਤਫਹਿਮੀ ਵਿਚ ਨਹੀਂ ਰਹਿਣਾ ਚਾਹੀਦਾ ਕਿ ਯੂ ਪੀ ਏ ਸਰਕਾਰ ਨੂੰ ਫਤਵਾ ਮਿਲਿਆ ਹੋਇਆ ਹੈ। ਅਸਲ ਵਿਚ ਜਨਤਾ ਨੇ ਇਸ ਨੂੰ ਉਸ ਰਾਜਗ ਸਰਕਾਰ ਨੂੰ ਸੱਤਾ ਵਿਚੋਂ ਬਾਹਰ ਕਰਨ ਲਈ ਵੋਟਾਂ ਦਿਤੀਆਂ ਸਨ, ਜਿਸ ਵਿਚ ਜਨਤਾ ਨੂੰ ਭਾਰਤ ਉਦੈ ਦੇ ਨਾਅਰੇ ਨਾਲ ਭਰਮਾਉਣ ਦੀ ਕੋਸ਼ਿਸ਼ ਕੀਤੀ ਸੀ।

ਸੁਰੂ ਵਿਚ ਲੋਕਾਂ ਨੂੰ ਆਸ ਸੀ ਕਿ ਮੌਜੂਦਾ ਸਰਕਾਰ ਕੁਝ ਚੰਗੇ ਕੰਮ ਕਰੇਗੀ ਪਰ ਇਸ ਨੇ ਵੀ ਉਨ੍ਹਾਂ ਨੂੰ ਨਿਰਾਸ਼ ਹੀ ਕੀਤਾ ਹੈ। ਇਥੋਂ ਤਕ ਕਿ ਕੌਮੀ ਸੁਰਖਿਆ ਵਰਗੇ ਮੁੱਦੇ ਨਾਲ ਵੀ ਬਹੁਤ ਹਲਕੇ ਤਰੀਕੇ ਨਾਲ ਨਜਿਠਣ ਦੀ ਕੋਸ਼ਿਸ਼ ਕੀਤੀ ਗਈ। ਅਹਿਮ ਸਵਾਲਾਂ ਤੇ ਸਰਕਾਰ ਦੇ ਜ਼ਿੰਮੇਵਾਰ ਵਿਅਕਤੀਆਂ ਦੇ ਪ੍ਰਸਪਰ ਵਿਰੋਧੀ ਬਿਆਨਾਂ ਨੇ ਸਤਿਤੀ ਨੂੰ ਵਿਗਾੜਨ ਵਿਚ ਕੋਈ ਕਸਰ ਨਹੀਂ ਛੱਡੀ। ਇਹ ਰੁਝਾਨ ਅਜੇ ਵੀ ਜਾਰੀ ਹੈ। ਅਜਿਹੀ ਸਥਿਤੀ ਵਿਚ ਕੋਈ ਵੀ ਆਦਮੀ ਰਾਸ਼ਟਰ ਦੀ ਸੁਰਖਿਆ ਬਾਰੇ ਕਿਵੇਂ ਆਸ਼ਵੰਦ ਹੋ ਸਕਦਾ ਹੈ।

14ਵੀਂ ਲੋਕ ਸਭਾ ਤੋਂ ਇਹ ਆਸ ਸੀ ਕਿ ਇਹ ਇਕ ਸਿਹਤਮੰਦ ਸੰਸਦੀ ਲੋਕਤੰਤਰ ਦੀ ਤਸਵੀਰ ਪੇਸ਼ ਕਰੇਗੀ। ਮੌਜੂਦਾ ਲੋਕ ਸਭਾ ਵਿਚ ਕੁਝ ਚੰਗੇ ਪੜ੍ਹੇ ਲਿਖੇ ਨੌਜਵਾਨ ਹਨ। ਜਨਤਾ ਨੂੰ ਉਨ੍ਹਾਂ ਤੋਂ ਬੜੀਆਂ ਆਸਾਂ ਹਨ। ਉਹ ਦਿਨ ਬਹੁਤ ਹੀ ਦੁਖਦਾਇਕ ਹੋਵੇਗਾ, ਜਦੋਂ ਉਹ ਵੀ ਆਪਣੇ ਪੁਰਾਣੇ ਮੈਂਬਰਾਂ ਦੇ ਨਕਸ਼ੇ ਕਦਮ ਤੇ ਚਲਣ ਦੀ ਕੋਸ਼ਿਸ਼ ਕਰਨਗੇ। ਲੋਕ ਸਭਾ ਦੀ ਪਿਛਲੀ ਕਾਰਵਾਈ ਰੌਲੇ ਰੱਪੇ ਦੀ ਭੇਟ ਚੜ੍ਹ ਗਈ। ਇਥੋਂ ਤਕ ਕਿ ਲੋਕ ਸਭਾ ਦੇ ਸਪੀਕਰ ਵੀ ਲਾਚਾਰ ਜਿਹੀ ਸਥਿਤੀ ਵਿਚ ਆ ਗਏ ਤੇ ਇਕ ਸਮੇਂ ਤਾਂ ਉਨ੍ਹਾਂ ਨੇ ਆਪਣੇ ਅਸਤੀਫੇ ਦੀ ਪੇਸ਼ਕਸ਼ ਵੀ ਕਰ ਦਿਤੀ। ਇਹ ਕੋਈ ਚੰਗੀ ਸਥਿਤੀ ਨਹੀਂ ਹੈ ਪਰ ਅਜਿਹੀ ਸਥਿਤੀ ਲਈ ਮੌਜੂਦਾ ਸਤਾਧਾਰੀ ਗਠਜੋੜ ਦੀ ਮੁੱਖ ਪਾਰਟੀ ਵੀ ਘੱਟ ਜ਼ਿੰਮੇਵਾਰ ਨਹੀਂ ਹੈ। ਪਿਛਲੀ ਲੋਕ ਸਭਾ ਵਿਚ ਵੇਲੇ ਦੇ ਰਖਿਆ ਮੰਤਰੀ ਦੇ ਅਣਮਿਥੇ ਸਮੇਂ ਦੇ ਬਾਈਕਾਟ ਬਾਰੇ ਉਸ ਦੇ ਫੈਸਲ਼ੇ ਨੇ ਇ ਗਲਤ ਪ੍ਰੰਪਰਾ ਦੀ ਸੁਰੂਆਤ ਕੀਤੀ। ਜੇ ਕੁਝ ਉਨ੍ਹਾਂ ਨੇ ਬੀਜਿਆ ਸੀ, ਉਹੀ ਕੁਝ ਉਹ ਹੁਣ ਕੱਟ ਰਹੇ ਹਨ।

ਨੇੜਲੇ ਭਵਿਖ ਵਿਚ ਦੇਸ਼ ਨੂੰ ਕਈ ਅੰਦਰੂਨੀ ਤੇ ਬਾਹਰੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਸੀਮਤ ਫਤਵੇ ਵਾਲੀਆਂ ਪਾਰਟੀਆਂ ਨੂੰ ਇਹ ਅਹਿਸਾਸ ਕਰਨਾ ਚਾਹੀਦਾ ਹੈ ਕਿ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਉਨ੍ਹਾਂ ਨੂੰ ਸਮਾਜ ਦੇ ਬਹੁਤ ਵੱਡੇ ਤਬਕੇ ਦੇ ਸਮਰਥਨ ਦੀ ਲੋੜ ਪਵੇਗੀ।

ਅਜਿਹੇ ਵਿਵਾਦ ਜੋ ਟਾਲੇ ਜਾ ਸਕਦੇ ਹਨ ਤੇ ਦੱਬੇ ਮੁਰਦੇ ਪੁਟਣ ਤੇ ਬਦਲਾ ਲੇਣ ਦੀ ਪ੍ਰਵਿਰਤੀ ਅਜਿਹੇ ਸਹਿਯੋਗ ਦੇ ਰਾਹ ਵਿਚ ਜ਼ਰੂਰ ਹੀ ਰੁਕਵਟ ਸਿਧ ਹੁੰਦੇ ਹਨ। ਸਤਾਧਾਰੀ ਗਠਜੋੜ ਤੇ ਵਿਰੋਧੀ ਧਿਰ ਦੋਹਾਂ ਦਾ ਵਤੀਰਾ ਦੇਖਣ ਤੋਂ ਬਾਅਦ ਇਹੀ ਲਗਦਾ ਹੈ ਕਿ ਜਿਵੇਂ ਉਨ੍ਹਾਂ ਨੂੰ ਸਥਿਤੀ ਦੀ ਗੰਭੀਰਤਾ ਦਾ ਅਹਿਸਾਸ ਹੀ ਨਹੀਂ ਹੈ। ਇਹ ਸਥਿਤੀ ਦੁਖਦਾਇਕ ਹੈ।

ਅਜਿਹੀ ਮਾਨਸਿਕਤਾ ਵਿਚੋਂ ਉਬਰਨ ਤੇ ਕੌਮੀ ਆਮ ਸਹਿਮਤੀ ਲਈ ਇਕ ਨਵੀਂ ਸੁਰੂਆਤ ਦੀ ਲੋੜ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ। ਇਸ ਦਿਸ਼ਾ ਵਿਚ ਚੁੱਕੇ ਗਏ ਕਦਮ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ।

 

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com