WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਅਜਨਾਲਾ ਵਿਧਾਨ ਸਭਾ ਦੀ ਜਿਮਨੀ ਚੋਣ-ਬਾਦਲ ਤੇ ਕੈਪਟਨ ਨੇ ਸਭ ਕੁਝ ਦਾਅ ਤੇ ਲਾਇਆ
ਸਿਆਸੀ ਪਾਰਟੀਆਂ ਵਿਚ ਭਾਈ ਭਤੀਜਾਵਾਦ ਦਾ ਰੁਝਾਨ ਪਾਰਟੀਆਂ ਲਈ ਖਤਰੇ ਦੀ ਘੰਟੀ

ਸਤਨਾਮ ਸਿੰਘ ਚਾਹਲ

ਸਤਨਾਮ ਸਿੰਘ ਚਾਹਲ

ਪੰਜਾਬ ਵਿਧਾਨ ਸਭਾ ਵਿਚ ਅਜਨਾਲਾ ਵਿਧਾਨ ਸਭਾ ਦੀ ਜਿਮਨੀ ਚੋਣ ਲਈ ਵਖ ਵਖ ਸਿਆਸੀ ਪਾਰਟੀਆਂ ਵਲੋਂ ਚੋਣ ਪਰਚਾਰ ਆਪਣੇ ਅਖੀਰਲੇ ਪੜਾਅ ਤੇ ਪਹੁੰਚ ਗਿਆ ਹੈ। ਵਿਧਾਨ ਸਭਾ ਦੀ ਇਹ ਸੀਟ ਅਕਾਲੀ ਦਲ ਦੇ ਇਸ ਹਲਕੇ ਤੋਂ ਵਿਧਾਇਕ ਡਾ: ਰਤਨ ਸਿੰਘ ਅਜਨਾਲਾ ਦੇ ਲੋਕ ਸਭਾ ਦਾ ਮੈਂਬਰ ਬਣ ਜਾਣ ਤੋਂ ਬਾਅਦ ਅਸਤੀਫਾ ਦੇਣ ਕਾਰਣ ਖਾਲੀ ਹੋਈ ਸੀ। ਇਸ ਵਿਧਾਨ ਸਭਾ ਜਿਮਨੀ ਚੋਣ ਦੇ ਨਤੀਜੇ ਕੁਝ ਵੀ ਹੋਣ ਲੇਕਿਨ ਇਸ ਚੋਣ ਵਿਚ ਭਾਗ ਲੈਣ ਵਾਲੀਆਂ ਦੋ ਪਰਮੁਖ ਸਿਆਸੀ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਪਾਰਟੀ ਨੇ ਆਪੋ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨ ਤੋਂ ਬਾਅਦ ਇਹ ਜਰੂਰ ਸ਼ਪਸਟ ਕਰ ਦਿਤਾ ਹੈ ਕਿ ਇਹਨਾਂ ਪਾਰਟੀਆਂ ਵਿਚ ਭਾਈ ਭਤੀਜਾ ਦੀ ਸੋਚ ਪੂਰੀ ਤਰਾਂ ਹਾਵੀ ਹੈ ਜਿਸ ਕਾਰਣ ਇਹਨਾਂ ਸਿਆਸੀ ਪਾਰਟੀਆਂ ਵਿਚ ਆਪਣੇ ਜਿੰਦਗੀ ਦੇ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਵਰਕਰਾਂ ਦਾ ਕੋਈ ਭਵਿਖ ਨਜਰ ਨਹੀਂ ਆ ਰਿਹਾ। ਜਿਸ ਕਾਰਣ ਅਜ ਇਹਨਾਂ ਸਿਆਸੀ ਪਾਰਟੀਆਂ ਦੇ ਅੰਦਰੂਨੀ ਹਾਲਾਤ ਇਹ ਬਣੇ ਹੋਏ ਹਨ ਕਿ ਇਹਨਾਂ ਪਾਰਟੀਆ ਦੀ ਨੀਤੀ ਉਪਰ ਹਾਵੀ ਆਗੂ ਆਪਣੇ ਵਰਕਰਾਂ ਤੇ ਹੋਰ ਆਗੂਆਂ ਨੂੰ ਆਪਣੀ ਜਿੰਦਾਬਾਦ ਕਰਾਉਣ ਤੇ ਲੌੜ ਪੈਣ ਤੇ ਭੀੜ ਇਕੱਠੀ ਕਰਨ ਦਾ ਸਾਧਨ ਹੀ ਸਮਝ ਰਹੇ ਹਨ ਜਿਸ ਕਾਰਣ ਇਹਨਾਂ ਪਾਰਟੀਆਂ ਦੇ ਸਿਆਸੀ ਕੈਡਰ ਵਿਚ ਨਿਰਾਸਤਾ ਦਾ ਮਾਹੌਲ ਹੋਣ ਕਾਰਣ ਵੀ ਨਿਰਾਸ ਆਗੂ ਆਪਣੀ ਅਵਾਜ ਨੂੰ ਇਸ ਆਸ ਨਾਲ ਬੁਲੰਦ ਕਰਨ ਲਈ ਤਿਆਰ ਨਹੀਂ ਹੁੰਦੇ ਕਿ ਸ਼ਾਇਦ ਕਿਸੇ ਨਾ ਕਿਸੇ ਦਿਨ ਉਹਨਾਂ ਦੀ ਵੀ ਸੁਣੀ ਜਾਏਗੀ।

ਪਰ ਇਹਨਾਂ ਪਾਰਟੀਆਂ ਦਾ ਪਿਛੋਕੜ ਇਸ ਗਲ ਦਾ ਗਵਾਹ ਹੈ ਕਿ ਇਹਨਾਂ ਪਾਰਟੀਆਂ ਵਿਚ ਬਹੁਤ ਸਾਰੇ ਆਗੂਆ ਦੀ ਇਹ ਆਸ ਮਰਦੇ ਦਮ ਤਕ ਉਹਨਾਂ ਦੇ ਨਾਲ ਹੀ ਚਲੇ ਜਾਂਦੀ ਹੈ। ਸਿਆਸੀ ਪਾਰਟੀਆ ਦੇ ਆਗੂਆਂ ਵਿਚ ਆਏ ਅਜਿਹੇ ਰੂਝਾਨ ਕਾਰਣ ਅਜ ਇਹ ਸਿਆਸੀ ਪਾਰਟੀਆਂ ਕੁਝ ਇਕ ਪਰਿਵਾਰਾਂ ਦੀਆਂ ਸਿਆਸੀ ਪਾਰਟੀਆ ਹੀ ਬਣ ਕੇ ਰਹਿ ਗਈਆ ਹਨ। ਜਿਸ ਕਾਰਣ ਅਜ ਸਾਡਾ ਸਿਆਸੀ ਜੀਵਨ ਪ੍ਰਦੂਸ਼ਤ ਹੋ ਕੇ ਰਹਿ ਗਿਆ ਹੈ। ਖੈਰ ਅਜੇ ਇਹ ਦੇਖਣਾ ਅਜੇ ਬਾਕੀ ਹੈ ਕਿ ਪ੍ਰਦੂਸ਼ਤ ਹੋ ਰਹੇ ਇਸ ਸਿਆਸੀ ਜੀਵਨ ਨੂੰ ਸਾਫ ਸੁਥਰਾ ਕਰਨ ਲਈ ਸਾਡੇ ਲੋਕ ਅਗੇ ਆਣ ਕੇ ਆਪਣੀ ਕੁਝ ਭੂਮਿਕਾ ਨਿਭਾ ਸਕਣਗੇ ਕਿ ਨਹੀਂ। ਲੇਕਿਨ ਹਾਲ ਦੀ ਘੜੀ ਇਸ ਵਿਧਾਨ ਸਭਾ ਹਲਕੇ ਦੀਆਂ ਚੋਣਾਂ ਉਪਰ ਦੁਨੀਆਂ ਦੇ ਵਖ ਵਖ ਦੇਸ਼ਾਂ ਵਿਚ ਰਹਿਣ ਵਾਲੇ ਪੰਜਾਬੀ ਭਾਈਚਾਰੇ ਦੀਆਂ ਨਜਰਾਂ ਟਿਕੀਆਂ ਹੋਈਆਂ ਹਨ। ਜਿਥੋਂ ਤਕ ਇਸ ਵਿਧਾਨ ਸਭਾ ਹਲਕੇ ਦੇ ਪਿਛਲੇ ਚੋਣ ਇਤਿਹਾਸ ਦਾ ਸਬੰਧ ਹੈ ਇਸ ਹਲਕੇ ਵਿਚ ਕਿਸੇ ਵੀ ਸਿਆਸੀ ਪਾਰਟੀ ਦੀ ਪਕੜ ਹਮੇਸ਼ਾਂ ਮਜਬੂਤ ਨਹੀਂ ਰਹੀ। ਜਿਸ ਕਾਰਣ 1977 ਵਿਚ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਅਕਾਲੀ ਦਲ ਦੇ ਸ: ਸ਼ਸ਼ਪਾਲ ਸਿੰਘ,1980 ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਸ: ਹਰਚਰਨ ਸਿੰਘ ਅਜਨਾਲਾ, 1985 ਦੀਆਂ ਚੋਣਾਂ ਵਿਚ ਫਿਰ ਅਕਾਲੀ ਦਲ ਦੇ ਡਾ: ਰਤਨ ਸਿੰਘ ਅਜਨਾਲਾ, 1992 ਦੀਆਂ ਚੋਣਾ ਵਿਚ ਫਿਰ ਕਾਂਗਰਸ ਪਾਰਟੀ ਦੇ ਸ: ਹਰਚਰਨ ਸਿੰਘ ਅਜਨਾਲਾ, 1997 ਦੀਆਂ ਚੋਣਾਂ ਵਿਚ ਅਕਾਲੀ ਦਲ ਦੇ ਡਾ: ਰਤਨ ਸਿੰਘ ਅਜਨਾਲਾ, ਤੇ 2002 ਦੀਆਂ ਚੋਣਾਂ ਵਿਚ ਫਿਰ ਅਕਾਲੀ ਦਲ ਦੇ ਡਾ: ਰਤਨ ਸਿੰਘ ਅਜਨਾਲਾ ਚੋਣ ਜਿਤੇ ਸਨ।

ਇਸ ਲਈ ਇਸ ਵਿਧਾਨ ਸਭਾ ਹਲਕੇ ਉਪਰ ਕੋਈ ਵੀ ਸਿਆਸੀ ਪਾਰਟੀ ਆਪਣੀ ਪਕੜ ਅਜ ਤਕ ਲਗਾਤਾਰ ਬਣਾਈ ਰਖਣ ਵਿਚ ਸਫਲ ਨਹੀਂ ਹੋ ਸਕੀ। ਜਿਸ ਕਾਰਣ ਇਸ ਵਿਧਾਨ ਸਭਾ ਹਲਕੇ ਦੇ ਚੋਣ ਨਤੀਜਿਆਂ ਬਾਰੇ ਕਿਸੇ ਕਿਸਮ ਦੀ ਭਵਿਖਬਾਣੀ ਕਰ ਲੈਣੀ ਕੋਈ ਆਸਾਨ ਗਲ ਦਿਖਾਈ ਨਹੀਂ ਦੇ ਰਹੀ। ਜੇਕਰ ਇਸ ਵਿਧਾਨ ਸਭਾ ਹਲਕੇ ਦੇ ਚੌਣ ਇਤਿਹਾਸ ਵਲ ਇਕ ਸਰਸਰੀ ਜਿਹੀ ਹੀ ਨਜਰ ਮਾਰੀਏ ਤਾਂ ਇਹ ਗਲ ਬਿਲਕੁਲ ਸ਼ਪਸ਼ਟ ਹੈ ਕਿ ਹਰ ਚੋਣ ਵਿਚ ਵੋਟਾਂ ਦੇ ਬਹੁਤ ਥੋੜੇ ਜਿਹੇ ਫਰਕ ਨਾਲ ਹੀ ਜੇਤੂ ਉਮੀਦਵਾਰ ਚੋਣਾਂ ਜਿਤਦੇ ਆ ਰਹੇ ਹਨ। ਇਸ ਹਲਕੇ ਵਿਚ ਕੇਵਲ ਦੋ ਹੀ ਸਿਆਸੀ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਪਾਰਟੀ ਦਾ ਵੋਟ ਬੈਂਕ ਹੀ ਹੈ। ਬਹੁਜਨ ਸਮਾਜ ਪਾਰਟੀ ਦਾ ਵੋਟ ਬੈਂਕ ਇਸ ਹਲਕੇ ਵਿਚ ਕੇਵਲ ਨਾਂ ਹੋਣ ਦੇ ਬਰਾਬਰ ਹੀ ਹੈ ਇਸ ਲਈ 2002 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ: ਗੁਰਮੁਖ ਸਿੰਘ ਨੇ ਕੇਵਲ 967 ਵੋਟਾਂ ਹੀ ਪਰਾਪਤ ਕੀਤੀਆਂ ਸਨ। ਇਹਨਾਂ ਹੀ ਚੋਣਾਂ ਵਿਚ ਮਾਨ ਅਕਾਲੀ ਦਲ ਦੇ ਉਮੀਦਵਾਰ ਸ: ਬਲਦੇਵ ਸਿੰਘ ਨੇ ਕੁਲ 1397 ਵੋਟਾਂ ਹੀ ਪਰਾਪਤ ਕੀਤੀਆਂ ਸਨ। ਇਸ ਚੋਣ ਵਿਚ ਅਕਾਲੀ ਦਲ ਦੇ ਉਮੀਦਵਾਰ ਡਾ: ਰਤਨ ਸਿੰਘ ਅਜਨਾਲਾ ਆਪਣੇ ਵਿਰੋਧੀ ਅਜਾਦ ਉਮੀਦਵਾਰ ਸ: ਹਰਪਰਤਾਪ ਸਿੰਘ ਪਾਸੋਂ ਕੇਵਲ 356 ਵੋਟਾਂ ਜਿਆਦਾ ਲੈ ਕੇ ਸਫਲ ਹੋਏ ਸਨ। ਮਜੇਦਾਰ ਗਲ ਇਹ ਹੈ ਕਿ ਕਾਂਗਰਸ ਪਾਰਟੀ ਦੀ ਟਿਕਟ ਦਾ ਇਸ ਵਾਰ ਦਾਅਵਾ ਕਰਨ ਵਾਲੇ ਮੇਜਰ ਰਾਜਬੀਰ ਸਿੰਘ ਇਹ ਚੋਣ ਕਾਂਗਰਸ ਪਾਰਟੀ ਦੀ ਟਿਕਟ ਉਪਰ ਹੀ ਲੜੇ ਸਨ ਲੇਕਿਨ ਉਹ ਪਾਰਟੀ ਟਿਕਟ ਉਪਰ ਚੋਣ ਲੜਨ ਦੇ ਬਾਵਜੂਦ ਵੀ ਕੇਵਲ 5926 ਵੋਟਾਂ ਹੀ ਲੈ ਸਕੇ ਸਨ। ਇਹਨਾਂ ਚੋਣਾਂ ਦੇ ਪਿਛੋਕੜ ਦਾ ਅਧਿਐਨ ਕਰਨ ਵਾਲੇ ਸਿਆਸੀ ਪੰਡਤਾਂ ਦਾ ਇਹ ਵਿਚਾਰ ਹੈ ਕਿ ਜੇਕਰ ਇਸ ਚੋਣ ਵਿਚ ਹੀ ਕਾਂਗਰਸ ਪਾਰਟੀ ਸ: ਹਰਪਰਤਾਪ ਸਿੰਘ ਨੂੰ ਟਿਕਟ ਦੇ ਦਿੰਦੀ ਤਾਂ ਚੋਣ ਨਤੀਜੇ ਕੁਝ ਹੋਰ ਹੀ ਹੋਣੇ ਸਨ। ਇਸੇ ਤਰਾਂ 1997 ਦੀਆਂ ਪੰਜਾਬ ਸਭਾ ਦੀਆਂ ਚੋਣਾਂ ਵਿਚ ਅਕਾਲੀ ਦਲ ਦੇ ਹਕ ਵਿਚ ਝੁਲ ਰਹੀ ਹਨੇਰੀ ਵਿਚ ਵੀ ਇਸ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਮੇਜਰ ਰਾਜਬੀਰ ਸਿੰਘ ਆਪਣੇ ਵਿਰੋਧੀ ਅਕਾਲੀ ਦਲ ਦੇ ਉਮੀਦਵਾਰ ਡਾ: ਰਤਨ ਸਿੰਘ ਅਜਨਾਲਾ ਤੋਂ ਕੇਵਲ 1811 ਵੋਟਾਂ ਦੇ ਫਰਕ ਨਾਲ ਹੀ ਹਾਰੇ ਸਨ। ਇਸ ਲਈ ਇਸ ਵਿਧਾਨ ਸਭਾ ਹਲਕੇ ਦੀ ਚੋਣ ਅਸਾਨੀ ਨਾਲ ਜਿਤ ਲੈਣਾ ਕਿਸੇ ਵੀ ਸਿਆਸੀ ਪਾਰਟੀ ਲਈ ਉਤਨਾ ਆਸਾਨ ਨਹੀਂ ਹੈ ਜਿਤਨਾ ਇਹ ਚੋਣ ਜਿਤ ਲੈਣ ਦਾ ਦਾਅਵਾ ਸਿਆਸੀ ਪਾਰਟੀਆਂ ਵਲੋਂ ਕੀਤਾ ਜਾ ਰਿਹਾ ਹੈ।

ਅਕਾਲੀ ਦਲ ਦੀ ਲੀਡਰਸ਼ਿਪ ਭਾਵੇਂ ਇਸ ਹਲਕੇ ਵਿਚ ਕਿਸੇ ਹੋਰ ਅਕਾਲੀ ਦਲ ਵਲੋਂ ਕੋਈ ਉਮੀਦਵਾਰ ਨਾ ਖੜਾ ਕਰਨ ਦੇ ਫੈਸਲੇ ਤੋਂ ਖੁਸ਼ ਦਿਖਾਈ ਦੇ ਰਹੀ ਹੈ ਪਰ ਸਿਆਸੀ ਪੰਡਤ ਦੂਸਰੇ ਅਕਾਲੀ ਦਲਾਂ ਦੇ ਇਸ ਫੈਸਲੇ ਨੂੰ ਅਕਾਲੀ ਦਲ ਬਾਦਲ ਦੇ ਉਮੀਦਵਾਰ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੀ ਸਮਝ ਰਹੇ ਹਨ ਕਿਉਂਕਿ ਬਾਦਲ ਵਿਰੋਧੀ ਅਕਾਲੀ ਦਲਾਂ ਦੀ ਵੋਟ ਬਾਦਲ ਖੇਮਿਆਂ ਤੋਂ ਨਰਾਜ ਵੋਟ ਹੀ ਸਮਝੀ ਜਾਂਦੀ ਹੈ ਜਿਹੜੀ ਵੋਟ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਹੀ ਫਾਇਦਾ ਪਹੁੰਚਾਉਣ ਦਾ ਕਾਰਣ ਹੀ ਬਣ ਸਕਦੀ ਹੈ।ਇਸੇ ਤਰਾਂ ਇਸ ਹਲਕੇ ਅੰਦਰ ਬਹੁਜਨ ਸਮਾਜ ਸਮਾਜ ਪਾਰਟੀ ਦੀ ਇਕ ਹਜਾਰ ਦੇ ਕਰੀਬ ਕਰੀਬ ਕੈਡਰ ਵੋਟ ਇਸ ਚੋਣ ਨਤੀਜੇ ਨੂੰ ਵੀ ਪਰਭਾਵਤ ਕਰ ਸਕਦੀ ਹੈ।ਖੈਰ ਹਾਲ ਦੀ ਘੜੀ ਆਖਰੀ ਪੜਾਅ ਵਿਚ ਪਹੁੰਚਿਆ ਚੋਣ ਪਰਚਾਰ ਅਕਾਲੀ ਦਲ ਤੇ ਕਾਂਗਰਸ ਪਾਰਟੀ ਲਈ ਵਕਾਰ ਦਾ ਸਵਾਲ ਬਣਿਆ ਹੋਇਆ ਦਿਖਾਈ ਦੇ ਰਿਹਾ ਹੈ। ਇਸ ਚੋਣ ਦੇ ਨਤੀਜੇ ਨੇ ਪੰਜਾਬ ਦੇ ਦੋ ਆਗੂ ਕੈਪਟਨ ਅਰਮਿੰਦਰ ਸਿੰਘ ਤੇ ਪਰਕਾਸ਼ ਸਿੰਘ ਬਾਦਲ ਦੇ ਸਿਆਸੀ ਭਵਿਖ ਦਾ ਫੈਸਲਾ ਵੀ ਕਰਨਾ ਹੈ ਜਿਸ ਲਈ ਇਹਨਾਂ ਆਗੂਆਂ ਨੇ ਇਹ ਚੋਣ ਜਿਤਣ ਲਈ ਆਪਣਾ ਸਭ ਕੁਝ ਦਾਅ ਉਪਰ ਲਾ ਦਿਤਾ ਹੈ।ਹੁਣ ਦੇਖਣਾ ਇਹ ਹੈ ਕਿ ਇਸ ਹਲਕੇ ਦੇ ਵੋਟਰ ਆਪਣਾ ਵਿਸ਼ਵਾਸ਼ ਕਿਸ ਉਮੀਦਵਾਰ ਉਪਰ ਪਰਗਟ ਕਰਕੇ ਇਸ ਚੋਣ ਦੀ ਜਿਤ ਦਾ ਸਿਹਰਾ ਬੰਨਦੇ ਹਨ

 

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com