WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਤਿੰਨ ਸੂਬਿਆਂ ਦੀਆਂ ਚੋਣਾਂ ਦਸਣਗੀਆਂ ਕਿ ਦੇਸ਼ ਕਿਸ ਮੋੜ ਤੇ ਖੜਾ ਹੈ
-
ਜਗਜੀਤ ਸਿੰਘ ਆਨੰਦ

ਐਨ ਸਿਰ ਤੇ ਆ ਗਈਆਂ ਤਿੰਨਾਂ ਪ੍ਰਾਂਤਾਂ ਦੀਆਂ ਚੋਣਾਂ ਇਕ ਹੋਰ ਮੌਕਾ ਬਣਨਗੀਆਂ। ਇਹ ਦਰਸਾਉਣ ਦਾ ਕਿ ਦੇਸ਼ ਭਰ ਦੇ ਪੈਮਾਨੇ ਤੇ ਮੁਖ ਵਿਰੋਧੀ ਪਾਰਟੀਆਂ ਅੱਠ ਮਹੀਨੇ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਪਿਛੋਂ ਅੱਜ ਕਿੰਨੇ ਕੁ ਪਾਣੀ ਵਿਚ ਹਨ। ਕੁਝ ਵੀ ਆਖੇ, ਦੇਸ਼ ਭਰ ਦੇ ਪੈਮਾਨੇ ਉਤੇ ਸਿਆਸਤ ਕਰਨ ਵਾਲੀਆਂ ਤਾਂ ਅਸਲ ਵਿਚ ਇਹ ਦੋਵੇਂ ਹਨ ਕਲ ਤਕ ਰਾਜ ਕਰਦੀ ਰਹੀ ਭਾਰਤੀ ਜਨਤਾ ਪਾਰਟੀ ਤੇ ਕੋਈ ਇਕ ਦਹਾਕਾ ਸੱਤਾ ਤੋਂ ਪਰ੍ਹੇ ਰਹੀ ਕਾਂਗਰਸ।

ਕਿਉਂਕਿ ਹਰਿਆਣਾ, ਝਾਰਖੰਡ ਤੇ ਬਿਹਾਰ ਦੀ ਅਸੈਂਬਲੀ ਚੋਣਾਂ ਇਸ ਪਿਛੋਕੜ ਵਿਚ ਹੋ ਰਹੀਆਂ ਹਨ, ਇਨ੍ਹਾਂ ਦੇ ਨਤੀਜਿਆਂ ਨੇ ਦਰਸਾ ਦੇਣਾ ਹੈ ਕਿ ਦੇਸ਼ ਹੁਣ ਕਿਸ ਮੋੜ ਤੇ ਖਲੋਤਾ ਹੈ ਪਰ ਇਨ੍ਹਾਂ ਤਿੰਨਾਂ ਵਿਚੋਂ ਵੀ ਇਕ ਗੱਲ ਆ ਜਾ ਕੇ ਬਿਹਾਰ ਤੇ ਜਾ ਖਲੋਤੀ ਹੈ।

ਹਰਿਆਣੇ ਵਿਚ ਭਾਵੇਂ ਪਿਛਲੀ ਵਾਰ ਭਾਰਤੀ ਜਨਤਾ ਪਾਰਟੀ 90 ਵਿਚੋਂ 8 ਅਸੈਂਬਲੀ ਸੀਟਾਂ ਲੈ ਗਈ ਸੀ ਪਰ ਲੋਕ ਸਭਾ ਵਾਲੀਆਂ ਚੋਣਾਂ ਵਿਚ ਉਸ ਦੀ ਜੋ ਹਾਲਤ ਬਣੀ, ਉਸ ਪਿਛੋਂ ਉਹ ਕਿਸੇ ਗਿਣਤੀ ਵਿਚ ਨਹੀਂ ਰਹਿ ਗਈ।ਚੌਟਾਲਾ ਸਾਹਿਬ ਦੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਨਾਲੋਂ ਗੰਢ ਚਿਤਰਾਵਾ ਪਹਿਲਾਂ ਹੀ ਟੁੱਟ ਚੁਕਾ ਹੈ ਤੇ ਬਾਦਲ ਸਾਹਿਬ ਦੇ ਅਕਾਲੀ ਦਲ ਦੀ ਹਮਾਇਤ ਦਾ ਭਾਵੇਂ ਕੋਈ ਖਾਸ ਅਰਥ ਨਾ ਹੋਵੇ, ਉਹ ਵੀ ਭਾਜਪਾ ਦੀ ਥਾਂ ਚੌਟਾਲਾ ਨੂੰ ਹੀ ਪ੍ਰਾਪਤ ਹੋ ਚੁਕੀ ਹੈ। ਉਥੇ ਤਾਂ ਕਾਂਗਰਸ ਦੀ ਜਿੱਤ ਜ਼ਰੂਰ ਨਜ਼ਰ ਆਉਂਦੀ ਹੈ ਤੇ ਸੀਟਾਂ ਵਿਚ ਵਾਧਾ ਘਾਟਾ ਵੀ ਕਾਂਗਰਸ ਦੇ ਟਿਕਟਾਂ ਤੋਂ ਵਾਂਝੇ ਰਹਿ ਗਏ ਲੋਕਾਂ ਦੀ ਭੂਮਿਕਾ ਤੇ ਹੀ ਨਿਰਭਰ ਹੋਵੇਗਾ।

ਝਾਰਖੰਡ ਵਿਚ ਭਾਜਪਾ ਦੀ ਹਾਲਤ ਹੋਰ ਵੀ ਮੰਦੀ ਹੈ। ਇਹ ਵਖਰੀ ਗੱਲ ਹੈ ਕਿ ਕਾਂਗਰਸ ਨੇ ਝਾਰਖੰਡ ਮੁਕਤੀ ਮੋਰਚੇ ਨਾਲ ਲੇਣ ਦੇਣ ਕਰਨ ਸਮੇਂ ਖਬੀਆਂ ਪਾਰਟੀਆਂ ਤ ਰਾਸ਼ਟਰੀ ਜਨਤਾ ਦਲ ਨਾਲ ਉਹੋ ਕੁਝ ਕਰ ਵਿਖਾਇਆ ਹੈ, ਜਿਸ ਦਾ ਬਦਲਾ ਹੁਣ ਲਾਲੂ ਯਾਦਵ ਬਿਹਾਰ ਵਿਚ ਲੈਣ ਵਾਸਤੇ ਕਾਂਗਰਸ ਦੀ 80 ਸੀਟਾਂ ਦੀ ਮੰਗ ਨੂੰ ਦੰਦੀਆਂ ਝਕਾ ਕੇ ਲੈ ਰਿਹਾ ਹੈ। ਖੱਬੀਆਂ ਪਾਰਟੀਆਂ ਜੋ ਝੱਟ ਛਾਲ ਮਾਰ ਕੇ ਲਾਲੂ ਜੀ ਨਾਲ ਜਾ ਖਲੋਤੀਆਂ ਹਨ ਤਾਂ ਇਸ ਵਿਚ ਕਾਂਗਰਸ ਦੇ ਝਾਰਖੰਡ ਵਾਲੇ ਵਰਤਾਰੇ ਦਾ ਵੀ ਦਖਲ ਹੈ ਤੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸਮੇਤ ਉਤਲੇ ਕਾਂਗਰਸੀ ਲੀਡਰਾਂ ਵਲੋਂ ਮਮਤਾ ਬੈਨਰਜੀ ਤੇ ਡੇਰੇ ਪਾਉਣ ਦਾ ਵੀ।

ਇਹ ਸਭ ਕੁਝ ਕੀ ਦਰਸਾਉਂਦਾ ਹੈ? ਪਹਿਲੀ ਗੱਲ ਇਹ ਕਿ ਭਾਰਤੀ ਜਨਤਾ ਪਾਰਟੀ ਦੀ ਹਾਲਤ ਹੋਰ ਤੋਂ ਹੋਰ ਪਤਲੀ ਹੁੰਦੀ ਜਾ ਰਹੀ ਹੈ। ਜੇ ਕੋਈ ਕਸਰ ਬਾਕੀ ਰਹਿ ਗਈ ਸੀ ਤਾਂ ਉਹ ਭਾਜਪਾ ਦੇ ਦਿੱਲੀ ਵਾਲੇ ਮੁਖ ਦਫਤਰ ਵਿਚ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਹਿਮਦ ਅਬਾਸ ਨਕਵੀ ਸਾਹਿਬ ਦੀ ਚਿੱਟੇ ਦਿਹਾੜੇ ਖਿੱਚ ਧੂਹ ਨੇ ਜਗ ਜ਼ਾਹਿਰ ਕਰ ਦਿਤੀ ਹੈ। ਬਿਹਾਰ ਦੀਆਂ ਸੀਟਾਂ ਦੀ ਵੰਡ ਨੂੰ ਲੈ ਕੇ ਉਥੋਂ ਦੀ ਟਿਕਟੂ ਆਪਣੇ ਦੋ ਨੰਬਰ ਦੇ ਨੇਤਾ ਦੇ ਗੱਲ ਇੰਨੀ ਬੁਰੀ ਤਰ੍ਹਾਂ ਪੈ ਗਏ ਕਿ ਆਖਿਰ ਦਫਤਰ ਅੰਦਰ ਪੁਲਿਸ ਬੁਲਾ ਕੇ ਉਨ੍ਹਾਂ ਨੂੰ ਆਪਣੇ ਪਿਛਲੱਗਾਂ ਦੇ ਅਤਾਬ ਤੋਂ ਬਚਾਉਣਾ ਪਿਆ।

ਇਹ ਦੂਜੀ ਘਟਨਾ ਹੈ। ਪਹਿਲੀ ਵਾਪਰੀ ਸੀ, ਉਦੋਂ ਜਦੋਂ ਭਾਜਪਾ ਦੀ ਤੇਜ਼ ਤਰਾਰ ਬੁਲਾਰੀ ਉਮਾ ਭਾਰਤੀ ਨੇ ਟੈਲੀਵਿਜ਼ਨ ਕੈਮਰਿਆਂ ਦੇ ਸਾਹਮਣੇ ਹੀ ਪਾਰਟੀ ਦੇ ਲੋਹ ਪੁਰਸ਼ ਤੇ ਨਵੇਂ ਨਵੇਂ ਮੁੜ ਪ੍ਰਧਾਨ ਬਣੇ ਲਾਲ ਕ੍ਰਿਸ਼ਨ ਅਡਵਾਨੀ ਹੁਰਾਂ ਦੀ ਲਾਹ ਪਾਹ ਕਰ ਦਿਤੀ ਸੀ। ਅਡਵਾਨੀ ਸਾਹਿਬ ਨੇ ਪਹਿਲਾਂ ਤਾਂ ਉਮਾ ਬੀਬੀ ਨੂੰ ਜਨਰਲ ਸਕਤਰੀ ਤੋਂ ਹੀ ਨਹੀਂ, ਸਗੋਂ ਸਾਰਿਆਂ ਅਹੁਦਿਆਂ ਤੋਂ ਮੁਅਤਲ ਕਰ ਦਿਤਾ ਪਰ ਨਾਗਪੁਰ ਵਾਲੇ ਸਵਾਮੀਆਂ ਦੇ ਦਬਾਅ ਹੇਠ ਇਕ ਰਸਮੀ ਜਿਹੀ ਮੁਆਫੀ ਪਿਛੋਂ ਉਸ ਵਿਰੁਧ ਕਾਰਵਾਈ ਵਾਪਸ ਲੈ ਲਈ। ਇਹੋ ਨਹੀਂ, ਜਿਸ ਬਾਬੂ ਲਾਲ ਗੌਰ ਨੂੰ ਉਮਾ ਬੀਬੀ ਪਿਛੋਂ ਮੁਖ ਮੰਤਰੀ ਬਣਾਇਆ ਗਿਆ ਸੀ,ਉਸ ਨੂੰ ਉਮਾ ਜੀ ਪਾਸੋਂ ਜਨਤਕ ਤੌਰ ਤੇ ਮੁਆਫੀ ਮੰਗਣ ਲਈ ਮਜ਼ਬੂਰ ਕੀਤਾ ਗਿਆ। ਹੁਣ ਦਿੱਲੀ ਹੈਡਕੁਆਰਟਰ ਵਾਲੀ ਹੱਥੋਂ ਪਾਈ ਨੇ ਵਿਖਾ ਦਿਤਾ ਹੈ ਕਿ ਜ਼ਾਬਤੇ ਵਰਗੀ ਕੋਈ ਗੱਲ ਅਜ ਉਸ ਪਾਰਟੀ ਦੇ ਪੱਲੇ ਨਹੀਂ ਰਹਿ ਗਈ, ਜਿਸ ਨੂੰ ਕਦੇ ਕਮਿਊਨਿਸਟਾਂ ਵਰਗੇ ਸਖਤ ਨੇਮ ਬੰਧੇਜ ਵਾਲੀ ਪਾਰਟੀ ਸਮਝਿਆ ਜਾਂਦਾ ਹੈ। ਉਂਝ ਵੀ ਭਾਰਤੀ ਜਨਤਾ ਪਾਰਟੀ ਵਾਲਾ ਸਿਤਾਰਾ ਚੋਣਾਂ ਦਾ ਸਾਹਮਣਾ ਕਰ ਰਹੇ ਤਿੰਨਾਂ ਹੀ ਪ੍ਰਾਂਤਾਂ ਵਿਚ ਡੁੱਬ ਰਿਹਾ ਨਜ਼ਰ ਆਉਂਦਾ ਹੈ।

ਹਰਿਆਣੇ ਵਿਚ ਖਬੀਆਂ ਪਾਰਟੀਆਂ ਜਾਂ ਦੂਜਿਆਂ ਦਾ ਕੋਈ ਦਮ ਖਮ ਨਹੀਂ। ਝਾਰਖੰਡ ਵਿਚ ਕਾਂਗਰਸ ਦਾ ਵਤੀਰਾ ਉਨ੍ਹਾਂ ਵੱਲ ਵੀ ਤੇ ਲਾਲੂ ਜੀ ਦੇ ਰਾਸ਼ਟਰੀ ਜਨਤਾ ਦਲ ਵਲ ਵੀ ਬੇਰੁਖੀ ਵਾਲਾ ਹੀ ਨਹੀਂ ਸਗੋਂ ਗੁਮੰਡੀ ਹੀ ਸਿੱਧ ਹੋਇਆ ਹੈ ਤੇ ਜੇ ਬਿਹਾਰ ਵਿਚ ਖਬੀਆਂ ਪਾਰਟੀਆਂ ਛਾਲ ਮਾਰ ਕੇ ਲਾਲੂ ਜੀ ਨਾਲ ਜਾਂ ਖਲੋਤੀਆਂ ਤਾਂ ਉਸ ਦਾ ਇਕ ਕਾਰਨ ਇਹ ਵਤੀਰਾ ਹੀ ਹੈ, ਦੂਜੀ ਗੱਲ ਭਾਵੇਂ ਥੋੜ੍ਹੀਆਂ ਬਹੁਤ ਸੀਟਾਂ ਦੀ ਝਾਕ ਹੀ ਹੋਵੇ। ਪਰ ਕਾਂਗਰਸ ਉਂਝ ਕੋਈ ਘੱਟ ਨਹੀਂ ਗੁਜਰ ਰਹੀ। ਉਸ ਵਲੋਂ ਪੱਛਮੀ ਬੰਗਾਲ ਵਿਚ ਵੀ ਖਬੀਆਂ ਪਾਰਟੀਆਂ ਦੇ 27 ਸਾਲ ਤੋਂ ਚਲੇ ਆਉਂਦੇ ਰਾਜ ਵਿਰੁਧ ਪੂਰੀ ਲਾਮਬੰਦੀ ਦੀ ਤਿਆਰੀ ਹੀ ਮਮਤਾ ਵੱਲ ਪਹੁੰਚ ਦਾ ਅਸਲੀ ਕਾਰਨ ਹੈ। ਉਹ ਸਮਝੀ ਬੈਠੀ ਹੈ ਕਿ ਜੇ ਉਸ ਬੀਬੀ ਦੀ ਪਾਰਟੀ ਕਾਂਗਰਸ ਵਿਚ ਲੀਨ ਹੋ ਜਾਵੇ ਤਾਂ ਨੇਵਲੇ ਭਵਿਖ ਵਿਚ ਮਾਰਕਸੀਆਂ ਨਾਲ ਉਨ੍ਹਾਂ ਦੇ ਗੜ੍ਹ ਵਿਚ ਵੀ ਪੂਰਾ ਆਢਾ ਲਿਾ ਜਾ ਸਕਦਾ ਹੈ। ਆਖਿਰ ਿਹ ਤਾਂਸੱਚ ਹੈ ਕਿ ਰਾਜ ਤੇ ਕਬਜ਼ਾ ਇੰਨਾ ਲੰਮਾ ਸਮਾਂ ਕਾਇਮ ਰਖਣ ਦੀ ਪ੍ਰਾਪਤੀ ਦੇ ਬਾਵਜੂਦ ਪਛਮੀ ਬੰਗਾਲ, ਉੜੀਸਾ ਜਾਂ ਬਿਹਰ ਵਰਗੇ ਗੁਆਂਢੀ ਰਾਜਾਂ ਦੇ ਲੋਕਾਂ ਸਾਹਮਣੇ ਕੋਈ ਖਿਚ ਪਾਊ ਉਤਸ਼ਾਹ ਨਹੀਂ ਪੈਦਾ ਕਰ ਰਿਹਾ।

ਗੱਲ ਮੁੜ ਘਿੜ ਕੇ ਬਿਹਰ ਤੇ ਆ ਜਾਂਦੀ ਹੈ। ਕਾਂਗਰਸ ਚਾਹੁੰਦੀ ਤਾਂ ਇਹ ਸੀ ਕਿ 100 ਕੁ ਸੀਟਾਂ ਦਾ ਦਾਅਵਾ ਕਰਕੇ ਲਾਲੂ ਹੁਰਾਂ ਨੂੰ 70 ਕੁ ਤਕ ਛੱਡਣ ਲਈ ਮਨਾ ਲਵੇ ਪਰ ਲਾਲੂ ਜੀ ਕਿਉਂਕਿ 35 ਤਕ ਪਹੁੰਚਦੇ ਵੀ ਨਹੀਂ ਦਿਸਦੇ, ਉਸ ਨੇ ਰਾਮ ਵਿਲਾਸ ਪਾਸਵਾਨ ਵਲੋਂ ਦਸਤਪੰਜੇ ਦੇ ਯਤਨਾਂ ਨੂੰ ਨਕਾਰਿਆ ਨਹੀਂ। ਇਹ ਸਤਰਾਂ ਲਿਖਣ ਵੇਲੇ ਤਾਂ ਜਾਪਦਾ ਹੈ ਕਿ ਸ਼ਾਇਦ ਅੰਤ ਨੂੰ ਕਾਂਗਰਸ ਪਾਸਵਾਨ ਸਾਹਿਬ ਨਾਲ ਸਮਝੋਤੇ ਤੇ ਹੀ ਆਣ ਪੁਜੇ।

ਇਸ ਸਾਰੇ ਮਾਮਲੇ ਵਿਚ ਇਕ ਗੱਲ ਤਾਂ ਇਹ ਸਾਫ ਹੈ ਕਿ ਹੋਰ ਜੋ ਵੀ ਹੋਵੇ, ਭਾਜਪਾ ਵੀ ਇਨ੍ਹਾਂ ਚੋਣਾਂ ਵਿਚ ਹੋਰ ਪਿਛੇ ਧੱਕੀ ਜਾਵੇਗੀ ਤੇ ਫਰਨਾਂਡਿਜ਼ ਤੇ ਨਿਤੀਸ਼ ਕੁਮਾਰ ਦੀ ਪਾਰਟੀ ਨੇ ਵੀ ਚੋਖੀ ਸੱਟ ਖਾ ਜਾਣੀ ਹੈ।

ਰਾਮ ਵਿਲਾਸ ਪਾਸਵਾਨ ਦਾ ਬਿਹਾਰ ਦੇ ਦਲਿਤਾਂ ਵਿਚ ਪਿੱਛੇ ਤਕੜਾ ਅਧਾਰ ਰਿਹਾ ਹੈ ਤੇ ਉਨ੍ਹਾਂ ਦੀ ਸਰਗਰਮ ਸਹਾਇਤਾ ਕਾਰਨ ਹੀ ਇਕ ਵੇਲੇ ਤਾਂ ਉਹ ਆਪਣੀ ਲੋਕ ਸਭਾ ਸੀਟ ਸਭ ਤੋਂਵੱਡੇ ਫਰਕ ਨਾਲ ਜਿੱਤ ਗਿਆ ਸੀ। ਉਸ ਦਾ ਹੁਣ ਇਸ ਗੱਲ ਤੇ ਪੱਕੇ ਰਹਿਣਾ ਕਿ ਉਹ ਨਿਤੀਸ਼ ਕੁਮਾਰ ਹੁਰਾਂ ਨਾਲ ਉਦੋਂ ਤਕ ਹਥ ਨਹੀਂ ਮਿਲਾਏਗਾ, ਜਿੰਨਾ ਚਿਰ ਉਨ੍ਹਾਂ ਦੀ ਪਾਰਟੀ ਭਾਜਪਾ ਨਾਲੋਂ ਤੋੜ ਵਿਛੋੜਾਂ ਨਹੀਂ ਕਰ ਲੈਂਦੀ। ਬਿਹਾਰ ਦੀ ਸਿਆਸਤ ਨੂੰ ਨਰੋਈ ਸੋਧਵਲ ਧੱਕਣ ਵਿਚ ਸਹਾਈ ਹੋ ਰਿਹਾ ਹੈ। ਅੰਤ ਨੂੰ ਜਿਤ ਭਾਵੇਂ ਲਾਲੂ ਜੀ ਦੀ ਪਾਰਟੀ ਦੀ ਹੀ ਪ੍ਰਤੀਤ ਹੁੰਦੀ ਹੈ ਪਰ ਜੇ ਨਵੇਂ ਜੋੜਾਂ ਤੋੜਾਂ ਪਿਛੋਂ ਕਾਂਗਰਸ ਹੁਣ ਨਾਲੋਂ ਦੁਣੀਆ ਸੀਟਾਂ ਵੀ ਲੈ ਗਈ ਤਾਂ ਪਤਨੀ ਨੂੰ ਮੁਖ ਮੰਤਰੀ ਬਣਾਉਣ ਉਪਰੰਤ ਹੁਣ ਉਸ ਦੇ ਭਰਾਵਾਂ ਤੇ ਹੋਰ ਰਿਸ਼ਤੇਦਾਰਾਂ ਨੂੰ ਸੀਟਾਂ ਦੀਆ ਰਿਓੜੀਆਂ ਵੰਡਣ ਦੀ ਸਿਆਸਤ ਨੂੰ ਜਿੰਨਾ ਵੀ ਧੱਕਾ ਲਗ ਜਾਵੇ, ਉਹ ਦੇਸ਼ ਦੇ ਭਲੇ ਵਿਚ ਹੀ ਹੋਵੇਗਾ।

ਸਮੁਚਾ ਨਕਸ਼ਾ ਇਨ੍ਹਾਂ ਤਿੰਨਾਂ ਹੀ ਪ੍ਰਾਂਤਾਂ ਦੀ ਚੋਣਾਂ ਦਾ ਇਹ ਹੈ ਕਿ ਹਰ ਪਾਰਟੀ ਅੰਦਰ ਸੀਟਾਂ ਵਧਾਉਣ ਦੀ ਲਾਲਸਾ ਹੀ ਕੰਮ ਕਰ ਰਹੀ ਹੈ। ਤੇ ਅਸੂਲਾਂ, ਲੋਕ ਹਿਤਾਂ ਤੇ ਧਰਮ ਨਿਰਪਖ ਕਦਰਾਂ ਕੀਮਤਾਂ ਨਾਲ ਵਫਾਦਾਰੀ ਪਿਛੋਂ ਚਲੇ ਗਈ ਹੈ।

 

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com