WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਮਨਮੋਹਨ ਸਿੰਘ ਨੂੰ ਹੁਣ ਖੁੱਲ੍ਹ ਕੇ ਸਾਹਮਣੇ ਆਉਣਾ ਪਵੇਗਾ
-        ਨੀਰਜਾ ਚੌਧਰੀ

ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਜਿਨ੍ਹਾਂ ਉਤੇ ਵਿਰੋਧੀ ਧਿਰ ਦੇ ਨੇਤਾ ਐਲ ਕੇ ਅਡਵਾਨੀ ਨੇ ਅਦ੍ਰਿਸ਼ ਪ੍ਰਧਾਨ ਮੰਤਰੀ ਹੋਣ ਦਾ ਦੋਸ਼ ਲਗਾਇਆ ਸੀ, ਉਹ ਅਚਾਨਕ ਇੰਨੇ ਅਦ੍ਰਿਸ਼ ਨਹੀਂ ਰਹੇ। ਜਦੋਂ ਗੋਆ ਵਿਚ ਪਾਰੀਕਰ ਸਰਕਾਰ ਨੂੰ ਡੇਗਣ ਦੇ ਕਾਂਗਰਸ ਦੇ ਆਪ੍ਰੇਸ਼ਨ ਦੇ ਸੰਕੇਤਾਂ ਦੀ ਪੁਸ਼ਟੀ ਹੋ ਗਈ ਤਾਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਉਨ੍ਹਾਂ ਦੇ ਕੁਝ ਸੀਨੀਅਰ ਸਹਿਯੋਗੀ ਪਣਜੀ ਵਿਚ ਪਾਰਟੀ ਨੇਤਾਵਾਂ ਦੀਆਂ ਹਰਕਤਾਂ ਤੋਂ ਪ੍ਰੇਸ਼ਾਨ ਹੋ ਗਏ। ਜਦੋਂ ਰਾਜਪਾਲ ਨੇ ਰਾਂਚੀ ਵਿਚ ਸਰਕਾਰ ਬਣਾਉਣ ਲਈ ਸ਼ਿਬੂ ਸੋਰੇਨ ਨੂੰ ਸਦਿਆ, ਉਦੋਂ ਪ੍ਰਧਾਨ ਮੰਤਰੀ ਦੀ ਇਸ ਵਿਚ ਕੋਈ ਭੂਮਿਕਾ ਨਹੀਂ ਸੀ। ਹੁਣ ਤਬਦੀਲੀ ਦੇ ਸੰਕੇਤ ਮਿਲ ਰਹੇ ਹਨ। ਸ਼ਿਬੂ ਸੋਰੇਨ ਦੇ ਅਸਤੀਫੇ ਦਾ ਫੈਸਲ਼ਾ ਕਰਨ ਵਾਲੀ ਬੈਠਕ ਡਾਕਟਰ ਮਨਮੋਹਨ ਸਿੰਘ ਨੇ ਸੱਦੀ ਸੀ। ਇਸ ਬੈਠਕ ਵਿਚ ਇਹ ਵੀ ਫੈਸਲ਼ਾ ਲਿਆ ਗਿਆ ਕਿ ਅਰਜੁਨ ਮੁੰਡਾ ਨੂੰ ਸਰਕਾਰ ਬਣਾਉਣ ਲਈ ਸਦਿਆ ਜਾਵੇ। ਨਿਆਂਪਾਲਿਕਾ ਤੇ ਵਿਧਾਨ ਪਾਲਿਕਾ ਵਿਚ ਟਕਰਾਅ ਟਾਲਣ ਦਾ ਫੈਸਲ਼ਾ ਵੀ ਪ੍ਰਧਾਨ ਮੰਤਰੀ ਦਾ ਹੀ ਸੀ। ਪਿਛਲੇ 10 ਦਿਨਾਂ ਵਿਚ ਸੂਬੇ ਦੇ ਵਖ ਵਖ ਅੰਗਾਂ ਦਰਮਿਆਨ ਸਥਾਪਤ ਨਾਜ਼ੁਕ ਜਿਹਾ ਸੰਤੁਲਨ ਗੜਬੜਾ ਗਿਆ ਸੀ। ਪ੍ਰਧਾਨ ਮੰਤਰੀ ਨੇ ਆਪਣੇ ਸਹਿਯੋਗੀ ਮੰਤਰੀਆਂ, ਕਾਨੂੰਨ ਮੰਤਰੀ ਹੰਸਰਾਜ ਭਾਰਦਵਾਜ ਤੇ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਦਾ ਪੂਰਾ ਸਾਥ ਦਿਤਾ, ਜੋ ਰਾਸ਼ਟਰਪਤੀ ਸਾਸਨ ਦੇ ਵਿਰੁਧ ਸਨ। ਇਕ ਦਿਨ ਪਹਿਲਾਂ ਜਦੋਂ ਪ੍ਰਣਬ ਮੁਖਰਜੀ ਦੇ ਘਰ ਬੈਠਕ ਹੋਈ ਸੀ, ਜਿਸ ਵਿਚ ਅਰਜੁਨ ਸਿੰਘ, ਕਪਿਲ ਸਿੱਬਲ, ਅਹਿਮਦ ਪਟੇਲ ਤੇ ਅੰਬਿਕਾ ਸੋਨੀ ਸਮੇਤ ਕੈਬਨਿਟ ਮੰਤਰੀਆਂ ਨੇ ਹਿੱਸਾ ਲਿਆ, ਉਦੋ ਜ਼ਿਆਦਾਤਰ ਨੇਤਾ ਰਾਸ਼ਟਰਪਤੀ ਸ਼ਾਸਨ ਦੇ ਪੱਖ ਵਿਚ ਸਨ।

ਲੋਕ ਸਭਾ ਦੇ ਸਪੀਕਰ ਸ੍ਰੀ ਸੋਮਨਾਥ ਚੈਟਰਜੀ ਵਲੋਂ ਸੱਦੀ ਗਈ ਸਰਬ ਪਾਰਟੀ ਬੈਠਕ ਵਿਚ ਵੀ ਕਾਂਗਰਸ ਨੇ ਰਾਸ਼ਟਰਪਤੀ ਸਾਸਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਸੀ। ਸ੍ਰੀ ਚੈਟਰਜੀ ਵਿਧਾਨਪਾਲਿਕਾ ਦੇ ਅਧਿਕਾਰਾਂ ਨੂੰ ਘਟਾਉਣ ਦੇ ਪ੍ਰਸਤਾਵ ਉਤੇ ਗੁੱਸੇ ਵਿਚ ਸਨ। ਸੰਵਿਧਾਨ ਵਿਚ ਰਾਜਪਾਲ ਦੇ ਮੁਖ ਮੰਤਰੀ ਨਿਯੁਕਤ ਕਰਨ ਦੇ ਅਧਿਕਾਰ ਵੀ ਤਬਦੀਲੀ ਦਾ ਕੋਈ ਪ੍ਰਬੰਧ ਨਹੀਂ ਹੈ ਪਰ ਕਾਂਗਰਸ ਦੇ ਫੈਸਲ਼ੇ ਦੀ ਬਜਾਏ ਭਾਰਦਵਾਜ ਤੇ ਪਾਟਿਲ ਦੇ ਵਿਚਾਰਾਂ ਨੂੰ ਅਹਿਮੀਅਤ ਦਿਤੀ ਗਈ। ਦੁਬਾਰਾ ਇਸ ਵਾਰ ਇਹ ਮਨਮੋਹਨ ਸਿੰਘ ਹੀ ਸਨ, ਜਿਨ੍ਹਾਂ ਨੇ ਸਹਿਯੋਗੀਆਂ ਦਰਮਿਆਨ ਤਾਲਮੇਲ ਬਣਾਇਆ। ਵੈਸੇ ਆਮ ਤੌਰ ਤੇ ਇਹਕੰਮ ਸੋਨੀਆ ਗਾਂਧੀ ਲਈ ਛੱਡ ਦਿਤਾ ਜਾਂਦਾ ਹੈ। ਉਨ੍ਹਾਂ ਨੇ ਖਬੇ ਪਖੀ ਨੇਤਾਵਾਂ ਨੂੰ ਸਦਿਆ ਤੇ ਸ਼ਿਬੂ ਸੋਰੇਨ ਨੂੰ ਜਾਣ ਦਾ ਆਦੇਸ਼ ਦੇਣ ਦੇ ਮਾਮਲੇ ਵਿਚ ਉਨ੍ਹਾਂ ਨੂੰ ਭਰੋਸੇ ਵਿਚ ਲਿਆ। ਉਨ੍ਹਾਂ ਨੇ ਨਿੱਜੀ ਤੌਰ ਤੇ ਡੀ ਐ ਕੇ ਦੇ ਮੁਖੀ ਸ੍ਰੀ ਕਰੁਣਾਨਿਧੀ ਤੇ ਲਾਲੂ ਯਾਦਵ ਨਾਲ ਗੱਲ ਕੀਤੀ। ਪਾਰਲੀਮੈਂਟ ਵਿਚ ਗੱਲ ਕਰਨ ਦਾ ਉਨ੍ਹਾਂ ਦਾ ਲਹਿਜ਼ਾ ਨਰਮ ਨਹੀਂ ਸੀ।

ਝਾਰਖੰਡ ਵਿਚ ਵਾਪਰੇ ਘਟਨਾਚਕਰ ਨਾਲ ਸੋਨੀਆ ਗਾਂਧੀ ਦੇ ਨਾਲ ਨਾਲ ਪ੍ਰਧਾਨ ਮੰਤਰੀ ਉਤੇ ਵੀ ਹਮਲਾ ਹੋਇਆ ਹੈ। ਵਿਚਾਰਾ ਮਨਮੋਹਨ ਵਾਲੀ ਭਾਵਨਾ ਕੌੜੇ ਸ਼ਬਦਾਂ ਨੂੰ ਜਨਮ ਦੇ ਰਹੀ ਹੈ। ਪ੍ਰਧਾਨ ਮੰਤਰੀ ਹੋਣ ਦੇ ਨਾਤੇ ਉਹ ਇਹ ਨਹੀਂ ਕਹਿ ਸਕਦੇ ਕਿ ਉਨ੍ਹਾਂ ਦੀ ਭੂਮਿਕਾ ਨਹੀਂ ਹੈ। ਸੋਨੀਆ ਗਾਂਧੀ ਨਹੀਂ, ਸਗੋਂ ਪ੍ਰਧਾਨ ਮੰਤਰੀ ਸੰਵਿਧਾਨ ਦੇ ਸਰਪ੍ਰਸਤ ਹਨ। ਮਨਮੋਹਨ ਸਿੰਘ ਦਾ ਸੋਨੀਆ ਗਾਂਧੀ ਨਾਲ ਤਾਲਮੇਲ ਨਹੀਂ ਹੈ। ਇਹ ਦੋਵੇਂ ਹਰੇਕ ਸ਼ੁਕਰਵਾਰ ਨੂੰ ਇਕ ਦੂਜੇ ਨੂੰ ਮਿਲਦੇ ਹਨ। ਬਾਅਦ ਵਿਚ ਪ੍ਰਣਬ ਮੁਖਰਜੀ, ਅਰਜੁਨ ਸਿੰਘ, ਸਿਵਰਾਜ ਪਾਟਿਲ ਤੇ ਗੁਲਾਮ ਨਬੀ ਅਜ਼ਾਦ ਵਰਗੇ ਸੀਨੀਅਰ ਕੈਬਨਿਟ ਮੰਤਰੀ ਤੇ ਅਹਿਮਦ ਪਟੇਲ ਵੀ ਉਥੇ ਆ ਗਏ। ਪਿਛਲੇ ਹਫਤੇ ਦੀ ਗੱਲ ਕਰੀਏ ਤਾਂ ਮੀਡੀਆ ਵਿਭਾਗ ਦੀ ਪ੍ਰਧਾਨ ਚੁਣੀ ਗਈ ਅੰਬਿਕਾ ਸੋਨੀ ਵੀ ਇਸ ਬੈਠਕ ਵਿਚ ਸ਼ਾਮਲ ਹੋਈ ਸੀ।

ਪ੍ਰਧਾਨ ਮੰਤਰੀ ਦੀਆਂ ਮੁਸ਼ਕਲਾਂ

ਪ੍ਰਧਾਨ ਮੰਤਰੀ ਦੀਆਂ ਮੁਸ਼ਕਲਾਂ ਉਨ੍ਹਾਂ ਦੇ ਕੁਝ ਕੈਬਨਿਟ ਸਹਿਯੋਗੀਆਂ ਕਾਰਨ ਹਨ, ਜੋ ਆਪੇ ਮੰਤਰਾਲਿਆਂ ਨੂੰ ਆਪਣੇ ਸਾਮਰਾਜਾਂ ਵਾਂਗ ਚਲਾਉਣਾ ਚਾਹੁੰਦੇ ਹਨ। ਉਹ ਨਹੀਂ ਚਾਹੁੰਦੇ ਕਿ ਪ੍ਰਧਾਨ ਮੰਤਰੀ ਦਫਤਰ ਕੋਈ ਦਖਲਅੰਦਾਜ਼ੀ ਕਰੇ। ਜੋ ਵੀ ਹੋਵੇ ਪ੍ਰਧਾਨ ਮੰਤਰੀ ਕਾਫੀ ਹੱਦ ਤਕ ਪ੍ਰਣਬ ਮੁਖਰਜੀ ਦੇ ਭਰੋਸੇ ਰਹਿਣ ਲਗੇ ਹਨ। ਸ੍ਰੀ ਮੁਖਰਜੀ ਨੂੰ ਵਖ ਵਖ ਮੁਦਿਆਂ ਉਤੇ ਫੈਸਲ਼ਾ ਲੈਣ ਲਈ 12 ਮੰਤਰਾਲਿਆਂ ਦੇ ਇਕ ਗਰੁੱਪ ਦਾ ਇੰਚਾਰਜ ਬਣਾ ਦਿਤਾ ਗਿਆ ਹੈ।

ਆਖਰ ਵਿਚ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਫੈਸਲ਼ਾ ਡਾਕਟਰ ਮਨਮੋਹਨ ਸਿੰਘ ਨੇ ਹੀ ਲੈਣਾ ਹੈ ਕਿ ਉਨ੍ਹਾਂ ਨੇ ਕਿਹੜੀ ਭੂਮਿਕਾ ਨਿਭਾਉਣੀ ਹੈ ਤੇ ਕਿਹੜੀ ਨਹੀਂ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਦੇ ਮਾਮਲਿਆਂ ਤੇ ਰਾਜਪਾਲਾਂ ਦੀ ਨਿਯੁਕਤੀ ਵਰਗੇ ਸਾਰੇ ਸਿਆਸੀ ਫੈਸਲ਼ੇ ਉਨ੍ਹਾਂ ਨੇ ਸੋਨੀਆ ਗਾਂਧੀ ਉਤੇ ਛਡ ਦਿਤੇ ਹਨ। ਜੇ ਮਨਮੋਹਨ ਸਿੰਘ ਮੰਨਦੇ ਹਨ ਕਿ ਸੱਤਾ ਦਾ ਕੇਂਦਰ ਸੋਨੀਆ ਗਾਂਧੀ ਹੈ, ਉਹ ਤਾਂ ਸਹੀ ਹੈ ਪਰ ਜੇ ਇਸ ਦਾ ਅਰਥ ਇਹ ਕਢਿਆ ਜਾਵੇ ਕਿ ਉਹ ਕਿਸੇ ਸਿਆਸੀ ਫੈਸਲ਼ੇ ਵਿਚ ਕੋਈ ਭੂਮਿਕਾ ਹੀ ਨਹੀਂ ਨਿਭਾਉਣਗੇ ਤਾਂ ਇਥੇ ਉਹ ਗਲਤ ਹਨ। ਉਹ ਸਿਰਫ ਅਰਥ ਵਿਵਸਥਾ ਦੇ ਜ਼ਿੰਮੇਵਾਰ ਨਹੀਂ ਹਨ। ਹਾਲਾਂਕਿ ਇਹ ਇਕ ਓਪਨ ਸੀਕ੍ਰੇਟ ਹੈ ਕਿ ਸੰਨ 2005 ਦੇ ਬਜਟ ਤੇ ਰੇਲਵੇ ਬਜਟ ਉਤੇ ਉਨ੍ਹਾਂ ਦੀ ਛਾਪ ਹੈ ਪਰ ਉਹ ਦੇਸ਼ ਦੇ ਪ੍ਰਧਾਨ ਮੰਤਰੀ ਹਨ, ਕੋਈ ਵ ਮੰਤਰੀ ਨਹੀਂ ਤੇ ਸਿਆਸਤ ਤੋਂ ਬਿਨਾਂ ਉਹ ਸਿਰਫ ਪ੍ਰਸ਼ਾਸਨ ਕਰ ਸਕਣਗੇ, ਸ਼ਾਸਨ ਨਹੀਂ।

ਜੇ ਪਿਛਲੇ ਪੰਜ ਦਿਨਾਂ ਤੋਂ ਕੋਈ ਸਬਕ ਸਿਖਿਆ ਜਾਵੇ ਤਾਂ ਹੋ ਸਕਦਾ ਹੈ ਕਿ ਹਾਲ ਹੀ ਵਿਚ ਵਾਪਰੀਆਂ ਘਟਨਾਵਾਂ ਡਾਕਟਰ ਮਨਮੋਹਨ ਸਿੰਘ ਨੂੰ ਆਪਣੇ ਖੋਲ ਵਿਚੋਂ ਬਾਹਰ ਨਿਕਲ ਕੇ ਇਕ ਜ਼ਿਆਦਾ ਸਿਆਸੀ ਭੂਮਿਕਾ ਨਿਭਾਉਣ ਲਈ ਮਜ਼ਬੂਰ ਕਰ ਦੇਣ।

 

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com