|

ਪਾਕਿਸਤਾਨੀ ਅਖਬਾਰ ਜੰਗ ਦੇ ਅੰਗਰੇਜ਼ੀ ਦੈਨਿਕ
ਨੇਸ਼ਨ (ਇਸਲਾਮਾਬਾਦ) ਦੇ ਸਟਾਫ ਰਿਪੋਰਟਰ ਉਮਰ ਚੀਮਾ ਆਪਣੀ ਪੱਤਰਕਾਰੀ ਦੀ ਡਿਊਟੀ
ਦੇ ਕੇ 5 ਦਸੰਬਰ 2004 ਨੂੰ ਰਾਤ 11 ਵਜੇ ਪੈਦਲ ਘਰ ਜਾ ਰਹੇ ਸਨ ਕਿ ਇਸਲਾਮਾਬਾਦ
ਦੇ ਜੀ-8 ਕੇਂਦਰ ਸਾਹਮਣੇ ਸੁੰਨਸਾਨ ਸਵਕ ਦੇ ਖੱਬੇ ਪਾਸ ਕੱਚੇ ਬਰਮ ਤੇ ਚਿੱਟੇ ਰੰਗ
ਦੀ ਕਾਰ ਨੇ ਟੱਕਰ ਮਾਰ ਕੇ ਚੀਮਾ ਨੂੰ ਹਵਾ ਵਿਚ ਉਛਾਲ ਦਿਤਾ। ਚੀਮਾ ਸੜਕ ਤੇ ਡਿੱਗ
ਪਏ। ਕਾਰ ਪਿਛੇ ਮੁੜੀ ਅਤੇ ਪੱਤਰਕਾਰ ਦੀਆਂ ਲੱਤਾਂ ਕੁਚਲਦੀ ਹੋਈ ਹਨੇਰੇ ਵਿਚ ਗਾਇਬ
ਹੋ ਗਈ। ਚੀਮਾ ਹਸਪਤਾਲ ਵਿਚ ਇਲਾਜ ਕਰਵਾ ਰਹੇ ਹਨ। ਤਿੰਨ ਮਹੀਨਿਆਂ ਮਗਰੋਂ ਹੀ ਉਹ
ਨਿਊਜ਼ ਡੈਸਕ ਤੇ ਕੰਮ ਕਰ ਸਕਣਗੇ। ਇਸਲਾਮਾਬਾਦ ਦੇ ਪੱਤਰਕਾਰ ਸੂਤਰਾਂ ਅਨੁਸਾਰ
ਚੀਮਾ ਦਾ ਦੋਸ਼ ਇਹ ਹੈ ਕਿ ਪਾਕਿਸਤਾਨ ਦੇ ਇਸਲਾਮੀ ਐਟਮ ਬੰਬ ਸਬੰਧੀ ਖੁਫਿਆ ਖਬਰ
ਬਾਰੇ ਪਤਰਕਾਰ ਨੇ ਪੁੱਛਗਿੱਛ ਕਰਨ ਦਾ ਹੌਸਲਾ ਕਿਸ ਤਰ੍ਹਾਂ ਕੀਤਾ। ਖਬਰ ਇਹ ਸੀ ਕਿ
ਸੰਯੁਕਤ ਰਾਸ਼ਟਰ ਦੀ ਕੌਮਾਂਤਰੀ ਐਟਾਮਿਕ ਐਨਰਜੀ ਏਜੰਸੀ ਦੀ ਹਥਿਆਰ ਨਿਰੀਖਕ ਟੀਮ
ਪਾਕਿਸਤਾਨੀ ਐਟਮ ਬੰਬ, ਯੂਰੇਨੀਅਮ ਤੇ ਸੈਂਟਰੀ ਫਿਊਜ਼ ਹਥਿਆਰਾਂ ਦਾ ਉਸੇ ਤਰ੍ਹਾਂ
ਮੁਆਇਨਾ ਕਰਨ ਲਈ ਪਾਕਿਸਤਾਨ ਆ ਰਹੀ ਹੈ, ਜਿਸ ਤਰ੍ਹਾਂ ਇਸ ਟੀਮ ਨੇ ਇਰਾਕੀ ਤੇ
ਈਰਾਨੀ ਐਟਮੀ ਹਥਿਆਰਾਂ ਦਾ ਮੁਆਇਨਾ ਕੀਤਾ। ਇਸ ਖਬਰ ਦੀ ਭਿਣਕ ਉਮਰ ਚੀਮਾ ਦੇ ਕੰਨੀ
ਪਈ, ਜਿਸ ਦੀ ਤਸਦੀਕ ਕਰਨ ਲਈ ਇਸਲਾਮੀ ਬੰਬ ਨਿਰਮਾਤਾ ਅਬਦੁਲ ਕਾਦਿਰ ਖਾਂ ਦੇ ਨਾਂ
ਤੇ ਬਣੀ ਖਾਨ ਐਟਮੀ ਰਿਸਰਚ ਲੈਬਾਰਟਰੀ ਕੋਹੋਟਾ, ਇਸਲਾਮਾਬਾਦ ਤੇ ਇੰਟਰ ਸਰਵਿਸਿਜ਼
ਪਬਲਿਕ ਰਿਲੇਸ਼ਨਜ਼ ਨੂੰ ਕਈ ਜਗ੍ਹਾ ਟੈਲੀਫੋਨ ਕੀਤੇ, ਜਿਸ ਨਾਲ ਸਰਕਾਰੀ ਸੂਤਰਾਂ
ਵਿਚ ਭਾਜੜ ਮਚ ਗਈ ਕਿ ਅਜਿਹੀ ਖੁਫਿਆ ਖਬਰ ਲੀਕ ਕਿਵੇਂ ਹੋਈ। ਉਪਰੋਂ ਆਦੇਸ਼ ਹੋਇਆ
ਕਿ ਇਹ ਖਬਰ ਨਾ ਛਾਪੀ ਜਾਵੇ ਅਤੇ ਸਬੰਧਤ ਪਤਰਕਾਰ ਨੂੰ ਸਜ਼ਾ ਦਿਤੀ ਜਾਵੇ। 5
ਦਸੰਬਰ ਦੀ ਰਾਤ ਨੂੰ ਪਤਾਰ ਨੂੰ ਸਜ਼ਾ ਦੇ ਦਿਤੀ ਗਈ ਪਰ 6 ਦਸੰਬਰ ਨੂੰ ਸਵੇਰੇ ਦੇ
ਦੈਨਿਕ ਨੇਸ਼ਨ ਦੇ ਪਹਿਲੇ ਸਫੇ ਤੇ ਇਹ ਖੁਫਿਆ ਖਬਰ ਛਪ ਗਈ।
ਪਾਕਿਸਤਾਨ ਲਈ ਸੰਵੇਦਨਸ਼ੀਲ
ਇਹ ਖਬਰ ਪਾਕਿਸਤਾਨ ਲਈ ਖੁਫੀਆ ਤੇ ਮਹੱਤਵਪੂਰਨ
ਇਸ ਲਈ ਹੈ ਕਿ ਜਨਵਰੀ ਫਰਵਰੀ 2004 ਵਿਚ ਪਾਕਿਸਤਾਨੀ ਐਟਮੀ ਬੰਬ ਦੇ ਨਿਰਮਾਤਾ
ਅਬਦੁਲ ਕਾਦਿਰ ਖਾਂ ਵਲੋਂ ਐਟਮੀ ਟੈਕਾਨਲੋਜੀ, ਐਟਮੀ ਸ਼ਕਤੀ ਤੇ ਯੂਰੇਨੀਅਮ ਆਦਿ ਦੀ
ਲੀਬੀਆ ਤੇ ਈਰਾਨ ਨੂੰ ਕੀਤੀ ਜਾਂਦੀ ਸਮਗਲਿੰਗ ਤੇ ਚੋਰੀ ਛੁਪੇ ਸਪਲਾਈ ਫੜੀ ਗਈ।
ਨਤੀਜੇ ਵਜੋਂ ਸਾਰੀ ਦੁਨੀਆ ਅਤੇ ਸੰਯੁਕਤ
ਰਾਸ਼ਟਰ ਮਹਾਸੰਘ ਤਕ ਵੀ ਭਾਜੜ ਪੈ ਗਈ ਸੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਦੁਨੀਆ
ਦੀ ਮਹਾਨ ਸ਼ਕਤੀ ਅਮਰੀਕਾ ਤੇ ਇਸ ਐਟਮੀ ਸਮਗਲਿੰਗ ਦਾ ਕੋਈ ਅਸਰ ਨਾ ਹੋਇਆ। ਉਲਟਾ
ੳਮਰੀਕਨ ਦਬਾਅ ਕਾਰਨ ਸੰਯੁਕਤ ਰਾਸ਼ਟਰ ਮਹਾਸੰਘ ਦੀ ਅੰਤਰਾਸ਼ਟਰੀ ਐਟਮਿਕ ਐਨਰਜੀ
ਏਜੰਸੀ ਦੀ ਹਥਿਆਰ ਨਿਰੀਖਕ ਟੀਮ ਪਾਕਿਸਤਾਨੀ ਐਟਮੀ ਹਥਿਆਰਾਂ ਦੀ ਚੋਰੀ ਦਾ ਮੁਆਇਨਾ
ਕਰਨ ਦੀ ਥਾਂ ਚੁਪ ਰਹੀ ਤੇ ਉਸਨੇ ਸਚਾਈ ਜਾਣਨ ਦੀ ਕੋਸ਼ਿਸ਼ ਨਾ ਕੀਤੀ। ਪਾਕਿਸਤਾਨ ਦੇ
ਆਕਾ ਦੀ ਅਮਰੀਕਨ ਖੁਫਿਆ ਏਜੰਸੀਆਂ ਵੀ ਚੁਪ ਰਹੀਆਂ, ਉਸੇ ਤਰ੍ਹਾਂ ਅਮਰੀਕਨ ਇਸ਼ਾਰੇ
ਤੇ ਪਾਕਿਸਤਾਨ ਟੈਲੀਵਿਜ਼ਨ ਤੇ ਜਨਰਲ ਪ੍ਰਵੇਜ਼ ਮੁਸ਼ੱਰਫ ਦੀ ਮੌਜੂਦਗੀ ਵਿਚ ਐਟਮ
ਬੰਬ ਦੇ ਨਿਰਮਾਤਾ ਅਬਦੁਲ ਕਾਦਿਰ ਖਾਂ ਨੇ ਚੋਰੀ ਤੇ ਸਮਗਲਿੰਗ ਦਾ ਦੋਸ਼ ਕਬੂਲ ਕਰਕੇ
ਮੁਆਫੀ ਮੰਗੀ।
ਇਸ ਗੰਭੀਰ ਦੋਸ਼ ਸਬੰਧੀ ਕੋਈ ਸਵਾਲ ਪੁਛੇ ਬਗੈਰ
ਜਨਰਲ ਮੁਸ਼ੱਰਫ ਨੇ ਉਸ ਨੂੰ ਆਸਾਨੀ ਨਾਲ ਇਸ ਤਰ੍ਹਾਂ ਮੁਆਫੀ ਦੇ ਦਿਤੀ, ਜਿਸ
ਤਰ੍ਹਾਂ ਐਟਮ ਬੰਬ ਦੀ ਚੋਰੀ ਕੌਮੀ ਤੇ ਅੰਤਰਰਾਸ਼ਟਰੀ ਦੋਸ਼ ਨਹੀਂ, ਸਗੋਂ ਦੋ ਮਿਤਰਾਂ
ਦਾ ਆਪਸੀ ਝਗੜਾ ਹੋਵੇ। ਟੀ ਵੀ ਤੇ ਮੁਆਫੀ ਦੀ ਬੇਨਤੀ ਕਰਦੇ ਹੋਏ ਅਬਦੁਲ ਖਾਂ ਨੇ
ਜ਼ੋਰ ਦੇ ਕੇ ਕਿਹਾ ਕਿ ਇਸ ਦੋਸ਼ ਦਾ ਉਹ ਇਕੱਲਾ ਹੀ ਜ਼ਿੰਮੇਵਾਰ ਹੈ।
ਅਰਬਾਂ ਡਾਲਰ ਕਮਾਏ
ਕੋਈ ਪੜ੍ਹਿਆ ਲਿਖਿਆ ਵਿਅਕਤੀ ਇਸ ਗੱਲ ਤੇ
ਵਿਸ਼ਵਾਸ ਨਹੀਂ ਕਰ ਸਕਦਾ ਕਿ 30 ਸਾਲ ਤੋਂ ਲਗਾਤਾਰ ਐਟਮ ਬੰਬ ਦੀ ਟਕਨਾਲੋਜੀ ਦੀ
ਜਾਣਕਾਰੀ, ਯੂਰੇਨੀਅਮ ਤੇ ਸੈਂਟਰੀ ਫਿਊਜ਼ ਵਰਗੇ ਮਹਤਵਪੂਰਨ ਭਾਰੀ ਮਸ਼ੀਨਰੀ ਦੀ
ਵਿਦੇਸ਼ਾਂ ਨੂੰ ਸਮਗਲਿੰਗ ਤੇ ਚੋਰੀ ਇਕੱਲਾ ਅਬਦੁਲ ਖਾਂ ਕਰਦਾ ਰਿਹਾ, ਜਿਸ ਵਿਚ
ਫੌਜੀ ਜਰਨੈਲ ਤੇ ਸ਼ਕਤੀਸ਼ਾਲੀ ਆਈ ਐਸ ਆਈ ਸ਼ਾਮਿਲ ਨਹੀਂ ਸੀ ਤੇ ਮਿਲਣ ਵਾਲੀ ਅਰਬਾਂ
ਡਾਲਰ ਦੀ ਆਮਦਨ ਵੀ ਇਕਲੇ ਅਬਦੁਲ ਖਾਂ ਨੇ ਹਜ਼ਮ ਕੀਤੀ। ਸਪਸ਼ਟ ਹੈ ਕਿ ਅਬਦੁਲ ਖਾਂ
ਨੇ ਇਹ ਬਿਆਨ ਦੇ ਕੇ ਆਪਣੀ ਜਾਨ ਬਚਾਉਣ ਦੇ ਨਾਲ ਨਾਲ ਫੌਜੀ ਜਰਨੈਲਾਂ ਨੂੰ ਵੀ ਬਚਾ
ਲਿਆ। ਇਸੇ ਲਈ ਜਨਰਲ ਮੁਸ਼ੱਰਫ ਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼ੇਖ ਰਸ਼ੀਦ ਨੇ ਕਿਹਾ
ਕਿ ਵਿਦੇਸ਼ਾਂ ਨੂੰ ਐਟਮੀ ਸਮਗਲਿੰਗ ਦਾ ਮਾਮਲਾ ਪਾਕਿਸਤਾਨ ਦਾ ਅੰਦਰੂਨੀ ਮਾਮਲਾ ਹੈ,
ਅਸੀਂ ਆਪਣਾ ਐਟਮ ਬੰਬ ਸੁਰਖਿਅਤ ਕਰ ਲਿਆ ਹੈ।
ਪਾਕਿਸਤਾਨੀ ਸ਼ਾਸਕ ਇਸ ਸਚਾਈ ਤੋਂ ਪ੍ਰੇਸ਼ਾਨ ਹਨ
ਕਿ ਅਬਦੁਲ ਖਾਂ ਤੇ ਫੌਜੀ ਜਰਨੈਲਾਂ ਨੇ ਐਟਮੀ ਟੈਕਨਾਲੋਜੀ ਵੇਚ ਕੇ ਢੇਰ ਸਾਰੀ
ਮਾਇਆ ਤਾਂ ਕਮਾ ਲਈ ਤੇ ਪਾਕਿਸਤਾਨੀ ਦੀ ਮਦਦ ਨਾਲ ਈਰਾਨ ਨੇ ਐਟਮ ਬੰਬ ਵੀ ਬਣਾ ਲਿਆ
ਹੈ ਪਰ ਪਾਕਿਸਤਾਨ ਲਈ ਉਹ ਸਮਾਂ ਬਹੁਤ ਮਾੜਾ ਹੋਵੇਗਾ ਜਦੋਂ ਦੋ ਮੁਸਲਿਮ ਦੇਸ਼ਾਂ
ਅਫਗ਼ਾਨਿਸਤਾਨ ਤੇ ਇਰਾਕ ਤੋਂ ਬਾਅਦ ਤੀਸਰਾ ਮੁਸਲਿਮ ਦੇਸ਼ ਇਰਾਨ ਅਮਰੀਕੀ ਹਮਲੇ ਯੁਧ
ਵਿਚ ਪਾਕਿਸਤਾਨ ਨੂੰ ਅਮਰੀਕਾ ਦਾ ਸਾਥ ਦੇਣਾ ਹੀ ਪਵੇਗਾ। ਰਾਸ਼ਟਰਪਤੀ ਬੁਸ਼ ਇਰਾਨ
ਨੂੰ ਚਿਤਾਵਨੀ ਦੇ ਚੁਕੇ ਹਨ ਕਿ ਐਟਮ ਬੰਬ ਨਾ ਬਣਾਓ, ਨਹੀਂ ਤਾਂ ਹਮਲਾ ਕਰਾਂਗੇ।
ਇਤਿਹਾਸਕ ਸੱਚ ਇਹ ਹੈ ਕਿ ਆਪਣੇ ਜਨਮ ਤੋਂ ਲੈ
ਕੇ ਅਜ ਤਕ ਏਸ਼ੀਆਈ ਦੇਸ਼ਾਂ ਵਿਚ ਬਦਅਮਨੀ ਤੇ ਗੜਬੜ ਪੈਦਾ ਕਰਨ ਲਈ ਪਾਕਿਸਤਾਨ
ਅਮਰੀਕਨ ਕਠਪੁਤਲੀ ਦਾ ਰੋਲ ਅਦਾ ਕਰਦਾ ਆ ਰਿਹਾ ਹੈ। ਪਾਕਿਸਤਾਨੀ ਦੇ ਸੂਚਨਾ ਤੇ
ਪ੍ਰਸਾਰਣ ਮੰਤਰੀ ਸ਼ੇਖ ਰਸ਼ੀਦ ਨੇ ਵੀ ਕਿਹਾ ਹੈ ਕਿ ਅਗਲੇ 10-12 ਮਹੀਨੇ ਇਰਾਨ ਲਈ
ਬਹੁਤ ਖਤਰਨਾਕ ਸਾਬਿਤ ਹੋਣਗੇ।
ਅਮਰੀਕਾ ਨੇ ਪਾਕਿਸਤਾਨ ਨੂੰ ਕਿਉਂ ਮੁਆਫ
ਕੀਤਾ?
ਜਾਣਕਾਰ ਸੂਤਰਾਂ ਦੇ ਹਵਾਲੇ ਨਾਲ ਉੜਤੀ ਚਿੜੀਆ
ਨੇ ਦਸਿਆ ਕਿ ਹੇਠ ਲਿਖਿਆਂ ਦੋ ਸ਼ਰਤਾਂ ਮੰਨਵਾ ਕੇ ਐਟਮੀ ਚੋਰੀ ਤੇ ਸਮਗਲਿੰਗ ਦੇ
ਘਿਨਾਉਣੇ ਦੋਸ਼ ਲਈ ਅਮਰੀਕਾ ਨੇ ਪਾਕਿਸਤਾਨ ਨੂੰ ਮੁਆਫੀ ਦਿਤੀ-
1. ਇਰਾਨੀ ਸਰਹੱਦ ਨਾਲ ਲਗਣ ਵਾਲੇ
ਬਲੋਚਿਸਤਾਨੀ ਖੇਤਰ ਫਾਟਾ ਤੇ ਵਜ਼ੀਰਿਸਤਾਨ ਵਿਖੇ ਅਲਕਾਇਦਾ ਤੇ ਤਾਲਿਬਾਨ ਵਿਰੁਧ
ਪਾਕਿਸਤਾਨ ਫੌਜੀ ਕਾਰਵਾਈ ਕਰੇਗਾ ਤੇ ਓਸਾਮਾ ਬਿਨ ਲਾਦਿਨ ਨੂੰ ਜ਼ਿੰਦਾ ਜਾਂ ਮੁਰਦਾ
ਤੋਹਫੇ ਵਜੋਂ ਅਮਰੀਕਾ ਨੂੰ ਪੇਸ਼ ਕਰੇਗਾ 2. ਭਾਰਤੀ ਕਸ਼ਮੀਰ ਵਿਖੇ ਪਾਕਿਸਤਾਨ ਜਹਾਦੀ
ਕਾਰਵਾਈਆਂ ਬੰਦ ਕਰੇ ਤੇ ਨਾਲ ਹੀ ਪਾਕਿਸਤਾਨ ਵਿਚ ਸਥਿਤ ਜਹਾਦੀ ਸੰਸਥਾਵਾਂ ਵਿਰੁਧ
ਸਖਤ ਕਾਰਵਾਈ ਕਰਕੇ ਅੰਤਰਰਾਸ਼ਟਰੀ ਇਸਲਾਮੀ ਅਤਵਾਦ ਤੇ ਸੁਟ ਮਾਰੇ। ਪਹਿਲੀ ਸ਼ਰਤ
ਅਨੁਸਾਰ 8 ਜਨਵਰੀ ਨੂੰ ਪਾਕਿਸਤਾਨੀ ਨੇ ਵਜ਼ੀਰਿਸਤਾਨ ਤੇ ਪਹਿਲਾ ਫੌਜੀ ਹਮਲਾ
ਕੀਤਾ, ਜਿਸ ਵਿਚ 300 ਫੌਜੀ ਤੇ ਸੈਂਕੜੇ ਤਾਲਿਬਾਨ ਤੇ ਕਬਾਇਲੀ ਸ਼ਹਿਰੀ ਮਾਰੇ ਗਏ।
ਇਹ ਫਲ਼ੌਜੀ ਕਾਰਵਾਈ ਹਾਲੇ ਵੀ ਜਾਰੀ ਹੈ। ਨਤੀਜੇ ਵਜੋਂ ਬਲੋਚਿਸਤਾਨ ਵਿਖੇ
ਖਾਨਾਜੰਗੀ ਵਰਗੀ ਸਤਿਤੀ ਬਣ ਚੁਕੀ ਹੈ। ਦੂਸਰੀ ਸ਼ਰਤ ਅਧੀਨ ਮਾਰਚ 2004 ਵਿਚ ਆਈ ਐਸ
ਆਈ ਕਸ਼ਮੀਰ ਵਿਖੇ ਘੁਸਪੈਠ ਕਰਨ ਵਾਲੇ ਜਹਾਦੀਆਂ ਤੇ ਸਖਤੀ ਕੀਤੀ ਹੈ।
ਮੂਰਖਤਾ ਭਰੀ ਖੁਸ਼ੀ
ਪਾਕਿਸਤਾਨੀ ਐਟਮੀ ਸਕੈਂਡਲ ਦੇ ਪ੍ਰਗਟਾਵੇ
ਵਜੋਂ ਸੰਸਾਰ ਦੇ ਐਟਮ ਬੰਬ ਵਿਰੋਧੀ ਸੂਤਰਾਂ ਵਿਚ ਖੁਸ਼ੀ ਦੀ ਲਹਿਰ ਉਦੋਂ ਗੁਸੇ ਤੇ
ਨਿਰਾਸ਼ਾ ਵਿਚ ਬਦਲ ਗਈ, ਜਦੋਂ ਅਮਰੀਕਾ ਨੇ ਪਾਕਿਸਤਾਨ ਦੇ ਇਸ ਦੋਸ਼ ਤੇ ਪਰਦਾ ਪਾਇਆ।
ਨਤੀਜੇ ਵਜੋਂ ਸੰਯੁਕਤ ਰਾਸ਼ਟਰ ਮਹਾਸੰਘ ਦੀ ਐਟਮੀ ਐਨਰਜੀ ਏਜੰਸੀ ਨੇ ਤਾਂ ਅਮਰੀਕਾ
ਦੇ ਇਸ ਡਬਲ ਰੋਲ ਸਬੰਧੀ ਸੰਯੁਕਤ ਰਾਸ਼ਟਰ ਮਹਾਸੰਘ ਨੂੰ ਪ੍ਰੋਟੈਸਟ ਨੋਟ ਭੇਜਿਆ,
ਜਿਸ ਨੂੰ ਦਬਾ ਦਿਤਾ ਗਿਆ, ਜਿਸ ਤੋਂ ਪਾਕਿਸਤਾਨ ਸਰਕਾਰ ਤੇ ਅਬਦੁਲ ਖਾਂ ਨੇ ਇਹ
ਸੋਚ ਕੇ ਸੁਖ ਦਾ ਸਾਹ ਲਿਆ ਕਿ ਹੁਣ ਸਾਡਾ ਐਟਮੀ ਸਕੈਂਡਲ ਹਮੇਸ਼ਾ ਲਈ ਦਫਨ ਕਰ ਦਿਤਾ
ਗਿਆ ਹੈ।
ਅੰਤਰਰਾਸ਼ਟਰੀ ਐਟਾਮਿਕ ਐਨਰਜੀ ਏਜੰਸੀ ਦੇ
ਬੁਲਾਰੇ ਮਾਰਕ ਗਾਊਜ਼ ਡੇਗੀ ਨੇ ਕਿਹਾ ਹੈ ਕਿ ਅਸੀਂ ਪਾਕਿਸਤਾਨ ਵਲ ਈਰਾਨ, ਲੀਬੀਆ
ਤੇ ਕੋਰੀਆ ਦੇ ਨਾਲ ਨਾਲ ਸੰਸਾਰ ਭਰ ਦੇ ਦੋਸ਼ਾਂ ਨੂੰ ਇਸ ਐਟਮੀ ਬਲੈਕ ਮਾਰਕੀਟ ਦੇ
ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਪੜਤਾਲ ਕਰ ਰਹੇ ਹਾਂ ਤੇ ਈਰਾਨੀ ਐਟਮੀ ਪ੍ਰਾਜੈਕਟ
ਤੋਂ ਪ੍ਰਾਪਤ ਕੀਤੇ ਗਏ ਨਮੂਨਿਆਂ ਦਾ ਮੁਕਾਬਲਾ ਪਾਕਿਸਤਾਨ ਵਲੋਂ ਸਪਲਾਈ ਕੀਤੇ ਗਏ
ਨਮੂਨਿਆਂ ਨਾਲ ਕਰ ਰਹੇ ਹਾਂ। ਬੁਲਾਰੇ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਪਾਕਿਸਤਾਨ
ਨੇ ਸਾਡੀ ਮੰਗ ਤੇ ਖਾਨ ਰਿਸਰਚ ਲੈਬਾਰਟਰੀ ਦੇ ਮਹਤਵਪੂਰਨ ਐਟਮੀ ਨਮੂਨੇ ਦੇਣ ਤੋਂ
ਨਾ ਸਿਰਫ ਇਨਕਾਰ ਕਰ ਦਿਤਾ ਹੈ ਸਗੋਂ ਸੰਯੁਕਤ ਰਾਸ਼ਟਰ ਦੇ ਐਟਮੀ ਸਾਇੰਸਦਾਨਾਂ ਨੂੰ
ਪਾਕਿਸਤਾਨੀ ਐਟਮ ਬੰਬ ਦੇ ਨਿਰਮਾਤਾ ਅਬਦੁਲ ਖਾਂ ਨਾਲ ਇੰਟਵਿਊ ਕਰਵਾਉਣ ਤੋਂ ਵੀ ਇਹ
ਕਹਿ ਕੇ ਇਨਕਾਰ ਕਰ ਦਿਤਾ ਹੈ ਕਿ ਉਨ੍ਹਾਂ ਨਾਲ ਇੰਟਰਵਿਊ ਕਰਵਾਉਣੀ ਅਸੰਭਵ ਹੈ।
ਕੌੜਾ ਸਚ ਇਹ ਹੈ ਕਿ ਅਜਿਹੇ ਪਾਕਿਸਤਾਨੀ ਇਨਕਾਰ ਦੇ ਬਾਵਜੂਦ ਅਮਰੀਕਾ ਖਾਮੋਸ਼ ਰਹਿ
ਕੇ ਪਾਕਿਸਤਾਨ ਦੀ ਹਮਾਇਤ ਕਰ ਰਿਹਾ ਹੈ।
ਸੀ ਆਈ ਏ ਤੇ ਪੈਂਟਾਗਨ ਵਲੋਂ ਜਾਂਚ
ਪਰ ਇਹ ਵੀ ਸਚ ਹੈ ਕਿ ਨਵੰਬਰ 2004 ਵਿਚ
ਅਮਰੀਕਨ ਕਾਂਗਰਸ ਦੀ ਸਲਾਨਾ ਰਿਪੋਰਟ ਵਿਚ ਸੀ ਆਈ ਏ ਨੇ ਲਿਖਿਆ ਹੈ ਕਿ ਅਬਦੁਲ ਖਾਂ
ਵਲੋਂ ਕੀਤੀ ਗਈ ਐਟਮੀ ਚੋਰੀ ਦੀ ਪੜਤਾਲ ਤੇਜ਼ੀ ਨਾਲ ਚਲ ਰਹੀ ਹੈ। ਐਟੀ ਮਾਹਿਰਾਂ
ਨੂੰ ਵਿਸ਼ਵਾਸ ਹੈ ਕਿ ਸੰਸਾਰ ਦੇ ਪਹਿਲੇ ਤੇ ਸਭ ਤੋਂ ਵਡੇ ਐਟੀ ਸਮਗਲਿੰਗ ਨੈਟਵਰਕ
ਦੀ ਅਸਲੀ ਤਸਵੀਰ ਦੁਨੀਆ ਸਾਹਮਣੇ ਛੇਤੀ ਹੀ ਪੇਸ਼ ਕੀਤੀ ਜਾਵੇਗੀ।
ਅਮਰੀਕੀ ਸੂਤਰ ਪਾਕਿਸਤਾਨੀ ਐਟਮੀ ਰੈਕੇਟ ਦੀ
ਪੂਰੀ ਪੜਤਾਲ ਲਈ ਜਾਰਜ ਬੁਸ਼ ਤੇ ਇਹ ਦਲੀਲ ਦੇ ਕੇ ਦਬਾਅ ਪਾ ਰਹੇ ਹਨ ਕਿ ਇਹ ਗੱਲ
ਸੋਚੀ ਵੀ ਨਹੀਂ ਜਸ ਸਕਦੀ ਕਿ ਪਿਛਲੇ 20 ਸਾਲਾਂ ਤੋਂ ਅਬਦੁਲ ਖਾਂ ਫੌਜੀ ਜਰਨੈਲਾਂ
ਤੇ ਆਈ ਐਸ ਆਈ ਦੀ ਆਗਿਆ ਤੇ ਜਾਣਕਾਰੀ ਤੋਂ ਬਿਨਾਂ ਐਟਮੀ ਟੈਕਨਾਲੋਜੀ ਦੀ ਸਮਗਲਿੰਗ
ਕਰਦਾ ਰਿਹਾ ਹੈ।
ਐਟਮੀ ਚੋਰੀ ਦੀ ਪੜਤਾਲ ਲਈ ਜਿਉਂ ਜਿਉਂ
ਅੰਤਰਰਾਸ਼ਟੀ ਦਬਾਅ ਵਧ ਰਿਹਾ ਹੈ, ਪਾਕਿਸਤਾਨੀ ਸ਼ਾਸਕਾਂ ਦੇ ਦਿਲ ਦੀ ਧੜਕਨ ਤੇਜ਼ ਹੋ
ਰਹੀ ਹੈ। ਵਾਸ਼ਿੰਗਟਨ ਟਾਈਮਜ਼ ਨੇ ਲਿਖਿਆ ਹੈ ਕਿ ਪਾਕਿਸਤਾਨੀ ਪਤਰਕਾਰ ਇਸ ਵਿਸ਼ੇ ਤੇ
ਲਿਖਣ ਦਾ ਹੌਸਲਾ ਨਹੀਂ ਕਰਦੇ ਕਿ ਐਟਮੀ ਰੈਕੇਟ ਜਨਰਲ ਪ੍ਰਵੇਜ਼ ਮੁਸ਼ਰਫ ਦੀ
ਜਾਣਕਾਰੀ ਵਿਚ ਹੈ ਜਾਂ ਨਹੀਂ। |