WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਸਮੂਹ ਦੇਵੀਆਂ ਦੀ ਸ਼ਕਤੀ ਦਾ ਸਰੂਪ ਹੈ ਮਾਂ ਦੁਰਗਾ
-ਇਕਬਾਲ ਸਿੰਘ ਸ਼ਾਂਤ

ਦੇਵੀਆਂ ਦੀ ਪੂਜਾ ਸਮਸਤ ਹਿੰਦੁਸਤਾਨ ਦੇ ਲੋਕ ਹੀ ਨਹੀਂ ਕਰਦੇ ਸਗੋਂ ਦੇਵੀਆਂ ਦੀ ਪੂਜਾ ਇਕ ਸ਼ਕਤੀ ਦੇ ਰੂਪ ਵਿਚ ਪੂਰੇ ਵਿਸ਼ਵ ਵਿੱਚ ਹੀ ਹੁੰਦੀ ਹੈ। ਭਾਰਤ ਵਿੱਚ 51 ਸ਼ਕਤੀ ਪੀਠ ਹਨ ਅਤੇ ਸ਼ਿਵ ਪੁਰਾਣ ਵਿੱਚ 108 ਸ਼ਕਤੀ ਪੀਠਾਂ ਦਾ ਜ਼ਿਕਰ ਹੈ। ਦੇਵੀ ਦੁਰਗਾ ਸ਼ਕਤੀ ਦਾ ਰੂਪ ਹੈ। ਇਨ੍ਹਾਂ ਦੇਵੀਆਂ ਨੂੰ 9 ਭੈਣਾਂ ਮੰਨਿਆ ਜਾਂਦਾ ਹੈ। ਇਸੇ ਕਾਰਨ ਇਨ੍ਹਾਂ 9 ਦੇਵੀਆਂ ਦੀ ਉਪਾਸਨਾ ਸਾਰੇ ਧਰਮਾਂ ਦੇ ਲੋਕ ਕਰਦੇ ਤਾਂ ਹਨ ਪ੍ਰੰਤੂ ਨਵਰਾਤਿਆਂ ਦੇ ਮੌਕੇ ਲੱਗਦੇ 9 ਦਿਨਾਂ ਦੇ ਮੇਲਿਆਂ ਦਾ ਹਰੇਕ ਦਿਨ ਇਨ੍ਹਾਂ 9 ਦੇਵੀਆਂ ਨੂੰ ਸਮਰਪਿਤ ਹੁੰਦਾ ਹੈ ਅਤੇ ਆਖ਼ਰੀ ਦਿਨ ਇਨ੍ਹਾਂ 9 ਦੇਵੀਆਂ ਦਾ ਇੱਕ ਰੂਪ ਮਾਂ ਦੁਰਗਾ ਦੀ ਭਗਤੀ ਕਰਕੇ ਲੋਕੀ ਕੰਜਕਾਂ ਬੱਚੀਆਂ ਨੂੰ ਇਸਦੇ ਰੂਪ ਵਿੱਚ ਦੇਖ ਉਨ੍ਹਾਂ ਦੇ ਪੈਰ ਧੌਂਦੇ ਹਨ, ਖਾਣਾ ਖਵਾਉਂਦੇ ਹਨ ਅਤੇ ਉਨ੍ਹਾਂ ਦੀ ਸ਼ਰਧਾ ਵਿੱਚ ਉਨ੍ਹਾਂ ਨੂੰ ਪੈਸੇ, ਕੜਾਹ ਪ੍ਰਸ਼ਾਦ ਚੜ੍ਹਾ ਮੂੰਹ ਮੰਗੀਆਂ ਮੁਰਾਦਾਂ ਮੰਗਦੇ ਹਨ।

ਦੁਰਗਾ ਚੰਡੀ ਦੀ ਵਾਰ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਜ਼ਿਕਰ ਕੀਤਾ ਹੈ। ਇਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੁਰਗਾ ਨੂੰ ਇੱਕ ਸ਼ਕਤੀ ਦੇ ਰੂਪ ਵਿੱਚ ਲਿਆ ਹੈ ਅਤੇ ਬਹੁਬਲੀ ਹੋਣ ਲਈ ਦੇਵੀ ਦੀ ਉਪਾਸਨਾ ਇਸ ਚੰਡੀ ਚਰਿਤਰ ਵਿੱਚ ਕੀਤੀ ਹੈ।

ਏਸ਼ੀਆ ਵਿੱਚ ਦੁਰਗਾ ਪੂਜਾ ਦਾ ਵਿਸ਼ੇਸ਼ ਮਹੱਤਵ ਹੈ। ਭਾਰਤ ਵਿੱਚ ਵੀ ਨਹੀਂ ਸਗੋਂ ਬਾਕੀ ਦੇਸ਼ਾਂ ਵਿੱਚ ਦੁਰਗਾ ਨੂੰ ਇੱਕ ਮਹਾਨ ਸ਼ਕਤੀ ਦੇ ਰੂਪ ਦਿਖਾਇਆ ਜਾਂਦਾ ਹੈ। ਮਿਸਰ ਵਿੱਚ ਆਇਆ ਏਅਰ , ਯੂਨਾਨ ਦੇ ਵਿੱਚ ਦਮੀ ਤਾਰੇ, ਤਿੱਬਤ ਵਿੱਚ ਲੋਹ-ਭੀ, ਜਾਪਾਨ ਵਿੱਚ ਚਨੇਸ਼ਟੀ, ਬਬਿਲੋਨ ਵਿੱਚ ਨੀਰਥੋ, ਸਕਾਟਲੈਂਡ ਵਿੱਚ ਪੈਇਦਲਿਕ ਦੇ ਨਾਂ ਹੇਠ ਦੁਰਗਾ ਮਾਤਾ ਭਾਵ ਸ਼ਕਤੀ ਦੀ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ। ਮੋਹਿਨਜੋਦੜੋ ਅਤੇ ਹੜੱਪਾ ਦੀਆਂ ਖੁਦਾਈਆਂ ਵਿੱਚ ਲੋਕਾਂ ਨੂੰ ਸ਼ੇਰ ਦੀ ਸਵਾਰੀ ਦੀ ਇੱਕ ਦੇਵੀ ਦੀ ਪੂਜਾ ਕਰਦੇ ਹੋਏ ਸਿੱਕਿਆਂ,ਪੱਥਰਾਂ ਦੇ ਰੂਪ ਵਿੱਚ ਦਿਖਾਇਆ ਗਿਆ ਸੀ। ਵੈਦਿਕ ਕਾਲ ਵਿੱਚ ਵੀ ਦੁਰਗਾ ਪੂਜਾ ਦਾ ਮਹੱਤਵ ਪਤਾ ਲੱਗਦਾ ਹੈ। ਰਿਗਵੇਦ ਦੇ ਵਿੱਚ ਵੀ ਦੁਰਗਾ ਪੂਜਾ ਨੂੰ ਭੁਵਨੇਸ਼ਵੀ ਦੇਵੀ ਦਾ ਰੂਪ ਦੇ ਕੇ ਇਸਦੀ ਪੂਜਾ ਕੀਤੇ ਜਾਣ ਦੇ ਪ੍ਰਮਾਣ ਮਿਲਦੇ ਹਨ। ਭਾਰਤ ਦੀਆਂ ਧਾਰਮਿਕ ਇਤਿਹਾਸਕ ਕਿਤਾਬਾਂ ਵਿੱਚ ਵੀ ਕੁਰੂਕਸ਼ੇਤਰ ਦੀ ਲੜਾਈ ਮਹਾਂ ਭਾਰਤ ਦੌਰਾਨ ਯੁੱਧ ਤੋਂ ਪਹਿਲਾਂ ਭਗਵਾਨ ਕ੍ਰਿਸ਼ਨ ਨੂੰ ਦੇਵੀ ਦੁਰਗਾ ਸ਼ਕਤੀ ਦੀ ਉਪਾਸਨਾ ਕਰਨ ਦਾ ਜ਼ਿਕਰ ਮਿਲਦਾ ਹੈ। ਭਗਵਾਨ ਰਾਮ ਵੱਲੋਂ ਦੁਰਗਾ ਦੀ ਉਪਾਸਨਾ ਦਾ ਉਲੇਖ ਰਾਮਾਇਣ ਵਿੱਚ ਵੀ ਪ੍ਰਾਪਤ ਹੁੰਦਾ ਹੈ। ਦੁਰਗਾ ਸ਼ਕਤੀ ਦੇ ਕਈ ਨਾਵਾਂ ਦਾ ਜ਼ਿਕਰ ਦੇਵੀ ਚਰਿਤਰ, ਰਾਮ ਚਰਿਤਰ, ਸ਼ਿਵ ਚਰਿਤਰ ਅਤੇ ਕਿਸ਼ਨ ਚਰਿਤਰ ਦੀਆਂ ਧਾਰਮਕ ਕਿਤਾਬਾਂ ਵਿੱਚ ਪ੍ਰਾਪਤ ਹੁੰਦਾ ਹੈ। ਭਾਰਤ ਦੇ ਲੋਕ ਦੇਵੀ ਦੀ ਸਵੇਰੇ ਸ਼ਾਮ ਸਮਰਣ ਸਤੂਤੀ ਦੇਵ ਸਤੂਤੀ ਸ਼ਮਾ ਪ੍ਰਾਰਥਨਾ ਆਰਤੀ ਅਤੇ ਸਾਰੀਆਂ 9 ਦੇਵੀਆਂ ਦੀ ਆਰਤੀ ਵਿੱਚ ਵੀ ਅਰਾਧਨਾ ਕਰਦੇ ਹੋਏ ਪਰਿਵਾਰ ਦੀ ਕੁਸ਼ਲਤਾ, ਪ੍ਰਾਣੀਆਂ ਵਿੱਚ ਸਦਭਾਵਨਾ ਤੇ ਖ਼ੁਸ਼ੀਆਂ ਖੇੜਿਆਂ ਦੀ ਮੰਗ ਕਰਦੇ ਹਨ।

ਜਿਨ੍ਹਾਂ 9 ਦੇਵੀਆਂ ਵਿੱਚ ਦੁਰਗਾ ਸ਼ਕਤੀ ਦਾ ਵਰਰਣ ਮਿਲਦਾ ਹੈ,  ਉਨ੍ਹਾਂ ਦੇਵੀਆਂ ਨੂੰ ਸ਼ੈਲਪੁੱਤਰੀ ਬ੍ਰਹਮਾਚਾਰਿਨੀ, ਚੰਦਰਘੰਟਤਾਂ, ਕੁਸ਼ਟ ਮੰਡਦੇ, ਸਕੰਦਮਾਤੇਸ਼ਵਰੀ, ਕਾਲਰਾਤਰੀ, ਮਹਾਂਗੌਰੀ, ਨਵ-ਸਿੱਪੀਦਾਤੀ ਅਤੇ ਦੁਰਗਾ ਦੇ ਨਾਂ ਨਾਲ ਪੂਜਿਆ ਜਾਂਦਾ ਹੈ। ਇਨ੍ਹਾਂ ਸਾਰੀਆਂ ਦੇਵੀਆਂ ਦਾ ਜ਼ਿਕਰ ਦੇਵੀ ਮਹਾਂਤਰੀ ਦੀ ਕਥਾ ਵਿਚ ਵੀ ਪ੍ਰਾਪਤ ਹੁੰਦਾ ਹੈ। ਜਿਸਦੀ ਕਹਾਣੀ ਮੁੱਖ ਤੌਰ ’ਤੇ ਮਾਂ ਦੁਰਗਾ ਸ਼ਕਤੀ ਦੇ ਉੱਤੇ ਚਲਦੀ ਹੈ। ਭਾਰਤੀ ਲੋਕਾਂ ਵਿੱਚ ਦੁਰਗਾ ਸ਼ਕਤੀ ਬਾਰੇ ਅਥਾਹ ਸ਼ਰਧਾ ਹੈ। ਦੈਂਤਾਂ ਦੇ ਰਾਜਾ ਮਹਿਸ਼ਾਸੁਰ ਰਾਕਸ਼ਸ ਨੂੰ ਵੀ ਦੁਰਗਾ ਨੂੰ ਖ਼ਤਮ ਕਰਕੇ ਉਸ ਉੱਤੇ ਵਿਜੈ ਪ੍ਰਾਪਤ ਕਰਕੇ ਦੇਵਤਾਵਾਂ ਨੂੰ ਉਨ੍ਹਾਂ ਦਾ ਖੁੱਸਿਆ ਹੋਇਆ ਰਾਜ ਭਾਗ ਦਿਵਾਇਆ ਸੀ। ਦੁਰਗਾ ਨੂੰ ਸੰਘ ਸ਼ਕਤੀ ਅਤੇ ਮਹਿਸ਼ਾਸੁਰ ਰਾਕਸ਼ਸ ਵੱਧ ਕਰਨ ਭਾਵ ਮਾਰਨ ਲਈ ਮਹਿਸ਼ਾਸੁਰ ਮਰਦਿਨੀ ਵੀ ਕਿਹਾ ਜਾਂਦਾ ਹੈ। ਦੁਰਗਾ ਦੀ ਪੂਜਾ ਦੇਵੀ ਪੁਰਾਣ-ਦੇਵੀ-ਭਾਗਵਤ ਆਦਿ ਗ੍ਰੰਥਾਂ ਰਾਹੀਂ ਵੀ ਕੀਤੀ ਜਾਂਦੀ ਹੈ ਅਤੇ ਨਵਰਾਤਿਆਂ ਦੌਰਾਨ ਵਧੇਰੇ ਕਰਕੇ ਦੁਰਗਾ ਸ਼ਰਧਾਲੂ ਵਰਤ ਵੀ ਰੱਖਦੇ ਹਨ।

ਦੇਵੀ ਦੇ ਨਵਰਾਤੇ ਵੀ ਦੋ ਤਰ੍ਹਾਂ ਹੁੰਦੇ ਹਨ ਇੱਕ ਸ਼ਰਦੀਯ (ਸਰਤ ਰੁੱਤ ਵਾਲੇ) ਅਤੇ ਦੂਜੇ ਬਾਸੰਤਿਕ ਨਵਰਾਤੇ ਹੁੰਦੇ ਹਨ। ਪੰਜਾਬ-ਹਰਿਆਣਾ ਵਿੱਚ ਇਨ੍ਹਾਂ ਦੋਹਾਂ ਨਵਰਾਤਿਆਂ ਨੂੰ ਜੋ ਇੱਕ ਸਾਲ ਦੋ ਵਾਰ ਲੱਗਦੇ ਹਨ ਨੂੰ ਦੇਵੀ ਦੇ ਛੋਟੇ ਅਤੇ ਵੱਡੇ ਨਵਰਾਤੇ ਕਿਹਾ ਜਾਂਦਾ ਹੈ। ਇਨ੍ਹਾਂ ਦੋਹਾਂ ਨਵਰਾਤਿਆਂ ਦੌਰਾਨ ਬਿਲਾਸਪੁਰ ਵਿੱਚ ਮਾਤਾ ਨੈਣਾ ਦੇਵੀ, ਪੰਚਕੂਲਾ ਵਿੱਚ ਮਾਤਾ ਮਨਸਾ ਦੇਵੀ ਤੋਂ ਇਲਾਵਾ ਹਿਮਾਚਲ ਵਿੱਚ ਕਈ ਥਾਈਂ ਇਤਿਹਾਸਕ ਦੇਵੀਆਂ ਦੇ ਮੰਦਰਾਂ ਵਿੱਚ ਵੱਡੇ-ਵੱਡੇ ਮੇਲੇ ਲੱਗਦੇ ਹਨ। ਦੁਰਗਾ,  ਸ਼ਕਤੀ ਦਾ ਰੂਪ ਹੋਣ ਕਾਰਨ ਇਸਦੀ ਦੀ ਸਵਾਰੀ ਸ਼ੇਰ ਦੀ ਹੈ। ਦੁਰਗਾ ਦੇ ਸੱਤ ਹੱਥਾਂ ਦੇ ਵਿੱਚ ਇੱਕ ਵਿੱਚ ਤੀਰ, ਇੱਕ ਵਿੱਚ ਗਦਾ, ਇੱਕ ਵਿੱਚ ਤ੍ਰਿਸ਼ੂਲ ਤੇ ਇੱਕ ਵਿੱਚ ਤੇਜ਼ਧਾਰ ਚੱਕਰ, ਇੱਕ ਵਿੱਚ ਤਲਵਾਰ ਅਤੇ ਇੱਕ ਕਮਲ ਦਾ ਫੁੱਲ ਹੈ। ਜੋ ਕਿ ਦੈਂਤਾਂ ਭਾਵ ਜ਼ੁਲਮ ਦੀ ਲੜਾਈ ਤੋਂ ਬਾਅਦ ਸ਼ਾਂਤੀ ਅਤੇ ਉਪਾਸਨਾ ਦੀ ਪ੍ਰਤੀਕ ਹੈ। ਦੁਰਗਾ ਨੂੰ ਉਮਾ, ਗੌਰੀ, ਅੰਬਿਕਾ, ਮਹਾਂ ਦੁਰਗਾ, ਚੰਡਿਕਾ, ਰੋਦਰਸਰੂਪ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਅਗਨੀ ਪੁਰਾਣ ਵਿੱਚ ਦੁਰਗਾ ਨੂੰ ਬਾਹਾਂ ਵਾਲੀ ਵੀ ਦਰਸ਼ਾਇਆ ਗਿਆ ਹੈ। ਜਦਕਿ ਬੁੱਧ ਧਰਮ ਦੇ ਸ਼ਰਧਾਲੂ ਮਾਂਰਿਚੀ ਦੇਵੀ ਨੂੰ ਵੀ ਸ਼ਕਤੀ ਦਾ ਰੂਪ ਮੰਨਦੇ ਹੋਏ ਦਸਭੂਜਾਂਵਾਲੀ ਦੇਵੀ ਦੀ ਪੂਜਾ ਕਰਦੇ ਹਨ। ਦੇਵੀਆਂ ਦੇ ਸਾਰੇ ਸਰੂਪਾਂ ਦੀ ਇੱਕ ਵੱਡੀ ਸ਼ਕਤੀ ਦੇਵੀ ਦੁਰਗਾ ਹੈ ਅਤੇ ਇਹ ਦੇਵੀ ਸ਼ਕਤੀ ਅਤੇ ਵੀਰਤਾ ਦੀ ਪ੍ਰਤੀਕ ਹੈ ਅਤੇ ਇਹ ਸੰਪੂਰਨ ਵਿਸ਼ਵ ਸ਼ਕਤੀ ਦੀ ਦੇਵੀ ਹੈ। ਮਾਰਕੰਡੇ ਪੁਰਾਣ ਵਿੱਚ ਵੀ ਜ਼ੁਲਮ ਦੀ ਲੜਾਈ ਦੇ ਖਿਲਾਫ਼ ਬਲ ਦੇਣ ਵਾਲੀ ਮਾਂ ਦੁਰਗਾ ਦਾ ਜ਼ਿਕਰ ਹੈ। ਇਤਿਹਾਸ ਵਿੱਚ ਰਾਜਿਆਂ-ਮਹਾਰਾਜਿਆਂ ਨੇ ਜਦੋਂ-ਜਦੋਂ ਵੀ ਜ਼ੁਲਮ ਦੇ ਖਿਲਾਫ਼ ਲੜਾਈ ਲੜੀ ਤਾਂ ਉਨ੍ਹਾਂ ਪਹਿਲਾਂ ਦੁਰਗਾ ਦੀਆਂ ਮੁਰਤੀਆਂ, ਤਸਵੀਰਾਂ ਅਤੇ ਦੁਰਗਾ ਦੇ ਵੱਖ-ਵੱਖ ਰੂਪਾਂ ਦੀਆਂ ਇਤਿਹਾਸਕ ਪਿੰਡੀਆਂ ਦੇ ਅੱਗੇ ਹਥਿਆਰ ਰੱਖ ਕੇ ਪੂਜਾ ਕੀਤੀ।

ਸ਼ਕਤੀ ਦੇ ਰੂਪ ਵਾਲੀਆਂ ਇਨ੍ਹਾਂ ਦੇਵੀਆਂ ਨੂੰ ਇਤਿਹਾਸਕ ਮੰਦਰਾਂ ਦੇ ਦੁਆਰਾਂ ਉੱਤੇ ਪੁਰਾਤਨ ਚਿੱਤਰਕਾਰਾਂ ਨੇ ਵੱਖ-ਵੱਖ ਆਪਣੇ-ਆਪਣੇ ਵਾਹਨਾਂ ਅਤੇ ਸ਼ਸਤਰਾਂ ਦੇ ਸਹਿਤ ਦਰਸ਼ਾਇਆ ਹੈ। ਜਿਵੇਂ ਸੂਰਜ, ਚੰਦ ਮੰਗਲ, ਬੁੱਧ, ਗੁਰੂ, ਸ਼ੱਕਰ, ਸ਼ਨੀ, ਰਾਹੂ, ਕੇਤੂ ਗ੍ਰਹਿ ਨੂੰ ਵਾਹਨਾਂ ਦੇ ਰੂਪ ਵਿਚ ਦਰਸ਼ਾਇਆ ਹੋਇਆ ਹੈ। ਇਹ ਸਾਰੇ ਗ੍ਰਹਿ ਵੀ ਇੱਕ ਵੱਡੀ ਸ਼ਕਤੀ ਦੇਵੀ ਦੁਰਗਾ ਦੇ ਸਹਾਇਕ ਦਰਸ਼ਾਏ ਹਨ।


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com