WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਰਿਲਾਇੰਸ ਸਮੂਹ ਨੂੰ ਲੱਗਾ ਰਾਜਨੀਤਕ ਦਾ ਗ੍ਰਹਿਣ
-ਤਨਵੀਰ ਜਾਫਰੀ

ਪਰਿਵਾਰਕ ਪੱਧਰ ਤੇ ਕਿਸੇ ਵੀ ਚਲ ਜਾਂ ਅਚਲ ਸੰਪਤੀ ਦੀ ਵੰਡ ਜਾਂ ਉਸ ਨੂੰ ਲੈ ਕੇ ਵਿਵਾਦ ਪੈਦਾ ਹੋਣੇ ਇੱਕ ਸੁਭਾਵਕ ਅਤੇ ਰਵਾਇਤੀ ਅਮਲ ਕਿਹਾ ਜਾ ਸਕਦਾ ਹੈ।ਇਹ ਘਟਨਾ ਕਰੀਬਨ ਸਾਰੇ ਪਰਿਵਾਰਾਂ ਵਿਚ ਘਟਦੀ ਹੈ। ਪਰ ਜਦੋਂ ਅਜਿਹੇ ਵਿਵਾਦ ਕਿਸੇ ਉਦਯੋਗਪਤੀ ਘਰਾਣੇ ਨਾਲ ਜੁੜੇ ਹੋਣ ਦਾ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਜਦੋਂ ਇਹ ਗੱਲ ਖਾਸ ਤੌਰ ਤੇ ਰਿਲਾਇੰਸ ਸਮੂਹ ਜਿਹੇ ਦੇਸ਼ ਦੇ ਸਭ ਤੋਂ ਵੱਡੇ ਉਦਯੋਗ ਸਮੂਹ ਨਾਲ ਜੁੜੀ ਹੋਵੇ ਫਿਰ ਤਾਂ ਇ ਜਨਤਾ, ਮੀਡੀਏ, ਸ਼ੇਅਰਧਾਰਕਾਂ, ਅਰਥਸਾਸਤਰੀਆਂ ਅਤੇ ਉਦਯੋਗ ਜਗਤ ਨਾਲ ਜੁੜੇ ਲੋਕ ਲਈ, ਇਥੋਂ ਤਕ ਕਿ ਦੇਸ਼ ਦੀ ਸਰਕਾਰ ਤਕ ਦੇ ਲਈ ਵੀ ਹੋਰ ਵੀ ਜ਼ਿਆਦਾ ਚਿੰਤਾ ਦਾ ਵਿਸ਼ਾ ਬਣ ਜਾਂਦੀ ਹੈ। ਮਰਹੂਮ ਧੀਰੂ ਭਾਈ ਅੰਬਾਨੀ ਨੇ ਕੇਵਲ ਦੋ ਦਹਾਕਿਆਂ ਵਿਚ ਰਿਲਾਇੰਸ ਸਮੂਹ ਨੂੰ ਉਸ ਥਾਂ ਤੇ ਲੈ ਆਉਂਦਾ ਜਿਥੇ ਦੇਸ਼ ਦੇ ਹਰ ਸਾਰੇ ਜਾਣੇ ਪਛਾਣੇ ਉਦਯੋਗਕ ਘਰਾਣੇ ਰਿਲਾਇੰਸ ਦੇ ਸਾਹਮਣੇ ਬੌਣੇ ਨਜ਼ਰ ਆਉਣ ਲਗੇ। ਬਿਰਲਾ, ਟਾਟਾ, ਕਿਰਲੇਸ਼ਕਰ, ਸਕਾਰਟਸ ਜਿਹੇ ਤਮਾਮ ਉਦਣੋਗਕ ਪਰਿਵਾਰ, ਜਿਨ੍ਹਾਂ ਦੀ ਭਾਰਤੀ ਉਦਯੋਗ ਵਿਚ ਕਦੀ ਤੂਤੀ ਬੋਲਦੀ ਹੁੰਦੀ ਸੀ, ਸਾਰੇ ਦੇ ਸਾਰੇ ਰਿਲਾਇੰਸ ਸਮੂਹ ਦੀ ਤੇਜ਼ ਪ੍ਰਗਤੀ ਨੂੰ ਅਚੰਭੇ ਨਾਲ ਵੇਖਣ ਲਗੇ। ਅਜੇ ਰਿਲਾਇੰਸ ਦਾ ਸੂਰਜ ਆਪਣੇ ਅੰਬਰ ਤੇ ਚਮਕਣ ਹੀ ਲਗਾ ਸੀ ਕਿ ਦੋ ਸਾਲ ਪਹਿਲਾਂ ਧੀਰੂ ਭਾਈ ਅੰਬਾਨੀ ਰਿਲਾਇਸ ਰੂਪੀ ਵਿਸ਼ਾਲੇ ਉਦਣੋਗ ਸਮੂਹ ਦੀ ਵਾਗਡੋਰ ਆਪਣੇ ਦੋ ਪੁਤਰਾਂ ਮੁਕੇਸ਼ ਤੇ ਅਨਿਲ ਦੇ ਹੱਥਾਂ ਵਿਚ ਸੌਂਪ ਕੇ ਸਵਰਗ ਸੁਧਾਰ ਗਏ।

ਧੀਰੂ ਭਾਈ ਦੀ ਗੈਰ ਮੌਜੂਦਗੀ ਵਿਚ ਵੀ ਹਾਲਾਂਕਿ ਪਿਛਲੇ ਦੋ ਸਾਲਾਂ ਵਿਚ ਰਿਲਾਇੰਸ ਨੇ ਆਪਣੇ ਅੱਗੇ ਵਧਣ ਦਾ ਸਿਲਸਿਲਾ ਉਸੇ ਤਰ੍ਹਾਂ ਜਾਰੀ ਰਖਿਆ ਜਿਵੇਂ ਧੀਰੂ ਭਾਈ ਦੇ ਸਮੇਂ ਸੀ। ਪਰ ਰਿਲਾਇੰਸ ਸਮੂਹ ਦੇ ਨਿਵੇਸ਼ਕਾਂ ਨੇ ਸੋਚਿਆ ਵੀ ਨਹੀਂ ਹੋਣਾ ਕਿ ਧੀਰੂ ਭਾਈ ਦੀਆਂ ਅਖਾਂ ਬੰਦ ਹੋਣ ਦੇ ਸਿਰਫ ਦੋ ਸਾਲਾਂ ਬਾਅਦ ਹੀ ਕਰੀਬ ਇਕ ਲਖ ਕਰੋੜ ਦੇ ਇਸ ਵੱਡ ਅਕਾਰੀ ਉਦਯੋਗ ਸਮੂਹ ਨੂੰ ਗ੍ਰਹਿਣ ਲਗ ਜਾਵੇਗਾ ਤੇ ਦੋ ਭਰਾਵਾਂ ਵਿਚਕਾਰ ਇਹ ਸਮੂਹ ਵਿਵਾਦ ਦਾ ਵਿਸ਼ਾ ਬਣ ਜਾਵੇਗਾ। ਪਰ ਹੁਣ ਨਾ ਸਿਰਫ ਰਿਲਾਇਸ ਨਾਲ ਸਬੰਧ ਨਿਵੇਸ਼ਕ ਹੀ ਰਿਲਾਇਸ ਦੇ ਭਵਿਖ ਵਲ ਸ਼ੰਕੇ ਨਾਲ ਦੇਖਣ ਲਗੇ ਸਗੋਂ ਦੇਸ਼ ਨਾਗਿਰਕ ਵੀ ਰਿਲਾਇੰਸ ਦੇ ਭਵਿਖ ਨੂੰ ਲੈ ਕੇ ਕਾਫੀ ਚਿਤੰਤ ਨਜ਼ਰ ਆਏ। ਅਸਲ ਵਿਚ ਮੌਜੂਦ ਵਿਵਸਥਾ ਵਿਚਉਹ ਲੋਕ ਇਹ ਨਹੀਂ ਚਾਹੁੰਦੇ ਕਿ ਰਿਲਾਇਸ ਸਮੂਹ ਵੰਡ ਜਾਂ ਵਿਵਾਦਾਂ ਦੀ ਕਾਲੀ ਛਾਂ ਦਾ ਸਿਕਾਰ ਹੋਵੇ। ਇਸ ਦਾ ਕਾਰਨ ਇਹ ਹੈ ਕਿ ਇੱਕ ਲੱਖ ਕਰੋੜ ਰੁਪਏ ਦੇ ਕਾਰੋਬਾਰ ਵਾਲੇ ਇਸ ਇੱਕ ਮਾਤਰ ਨਿੱਜੀ ਉਦਯੋਗ ਸਮੂਹ ਦੇ ਵਪਾਰ ਦਾ ਅਸਰ ਕੇਵਲ ਰਿਲਾਇੰਸ ਪਰਿਵਾਰ ਤੇ ਹੀ ਨਹੀਂ ਸਗੋਂ ਦੇਸ਼ ਦੀ ਅਰਥਵਿਵਸਥਾ ਤੇ ਵੀ ਪੈਂਦਾ ਹੈ।

ਦੇਸ਼ ਦੇ ਕਈ ਨਾਮੀ ਗਰਾਮੀ ਲੋਕ ਮੁਕੇਸ਼ ਤੇ ਅਨਿਲ ਦੋਵਾਂ ਭਰਾਵਾਂ ਵਿਚਕਾਰ ਰਿਲਾਇੰਸ ਸਮੂਹ ਤੇ ਏਕਾਧਿਕਾਰ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੂੰ ਖਤਮ ਕਰਨ ਦੇ ਲਈ ਸਰਗਰਮ ਹੋ ਗਏ। ਇਸ ਸਮੂਹ ਨੂੰ ਵੰਡੇ ਜਾਣ ਤੋਂ ਫਿਲਹਾਲ ਬਚਾਇਆ ਜਾ ਸਕੇ ਇਸ ਦੇ ਯਤਨ ਵੀ ਅੰਬਾਨੀ ਪਰਿਵਾਰ ਦੇ ਕਰੀਬੀ ਲੋਕਾਂ ਨੇ ਸੁਰੂ ਕਰ ਦਿਤੇ। ਪਰ ਇਸ ਵਿਵਾਦ ਨੇ ਇਹ ਪ੍ਰਸ਼ਨ ਜ਼ਰੂਰ ਖੜ੍ਹਾ ਕੀਤਾ ਹੈ ਕਿ ਆਖਰ ਕੀ ਵਜ੍ਹਾ ਸੀ ਜਿਸ ਦੇ ਚਲਦੇ ਧੀਰੂ ਭਾਈ ਦੇ ਦਿਹਾਂਤ ਦੇ ਸਿਰਫ ਦੋ ਸਾਲ ਦੇ ਵਿਚ ਹੀ ਦੋਵੇਂ ਭਰਾ ਆਹਮਣੇ ਸਾਹਮਣੇ ਹੋ ਗਏ? ਇਸ ਸਵਾਲ ਦਾ ਉਤਰ ਜਾਣਨ ਦੇ ਲਈ ਮੁਕੇਸ਼ ਤੇ ਅਨਿਲ ਦਾ ਨਿਜੀ ਵਿਵਹਾਰ ਤੇ ਧੀਰੂ ਭਾਈ ਅੰਬਾਨੀ ਦਾ ਇਨ੍ਹਾਂ ਦੋਵਾਂ ਪ੍ਰਤੀ ਰੁਖ ਕਿਹੋ ਜਿਹਾ ਸੀ ਇਸ ਬਾਰੇ ਜਾਣਨਾ ਜ਼ਰੂਰੀ ਹੋਵੇਗਾ। ਸਾਰੇ ਜਾਣਦੇ ਹਨ ਕਿ ਜਿਸ ਦੌਰ ਵਿਚ ਰਿਲਾਇੰਸ ਰੂਪੀ ਬੀਜ ਨੇ ਇੱਕ ਵਿਸ਼ਾਲ ਰੁਖ ਦਾ ਰੂਪ ਧਾਰਨ ਕੀਤਾ ਉਹ ਦੋ ਦਹਾਕੇ ਕਾਂਗਰਸ ਸ਼ਾਸਿਤ ਦੌਰ ਦੇ ਸਨ। ਜ਼ਾਹਰ ਹੈ ਕਿ ਰਿਲਾਇੰਸ ਨੂੰ ਵਧਣ ਫੁੱਲਣ ਵਿਚ ਕਾਂਗਰਸ, ਖਾਸ ਕਰਕੇ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਨੇ ਭਰਪੂਰ ਮਦਦ ਕੀਤੀ ਤੇ ਰਿਲਾਇੰਸ ਦੀ ਪ੍ਰਗਤੀ ਦੇ ਰਾਹ ਦਾ ਰੋੜਾ ਬਣਨ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਹਟਾਉਣ ਦਾ ਕੰਮ ਕੀਤਾ। ਪਰਿਣਾਮਸਰੂਪ ਧੀਰੂ ਭਾਈ ਝੁਕਾਓ ਦਾ ਸੁਭਾਵਨ ਤੌਰ ਤੇ ਕਾਂਗਰਸ ਵਲ ਰਿਹਾ। ਪਰ ਇੰਨਾ ਹੀ ਨਹੀਂ ਕਿ ਉਨ੍ਹਾਂ ਤੇ ਕਿਸੇ ਪਾਰਟੀ ਵਿਸ਼ੇਸ਼ ਦਾ ਠੱਪਾ ਲਗ ਸਕੇ। ਧੀਰੂ ਭਾਈ ਬਾਰੇ ਇਥੋਂ ਤਕ ਚਰਚਾ ਹੋਈ ਸੀ ਕਿ ਦਿੱਲੀ ਵਿਚ ਸੰਸਦ ਭਵਨ ਦੇ ਕੋਲ ਹੀ ਰਾਇਸੀਨਾ ਰੋਡ ਤੇ ਬਣਵਾਇਆ ਗਿਆ ਇੱਕ ਅਤਿ ਆਧੁਨਿਕ ਬਹੁਮੰਜ਼ਲਾ ਭਵਨ ਉਨ੍ਹਾਂ ਵਲੋਂ ਹੀ ਦਿਤਾ ਗਿਆ ਤੋਹਫਾ ਹੈ। ਪਰ ਕਾਂਗਰਸ ਨਾਲ ਇੰਨੀ ਨੇੜਤਾ ਦੇ ਬਾਵਜੂਦ ਧੀਰੂ ਭਾਈ ਇਕ ਸ਼ੁੱਧ ਗੁਜਰਾਤੀ ਵਪਾਰੀ ਦੀ ਤਰ੍ਹਾਂ ਸਿਰਫ ਵਪਾਰੀ ਹੀ ਬਣੇ ਰਹੇ। ਉਨ੍ਹਾਂ ਸਰਗਰਮ ਰਾਜਨੀਤੀ ਵਿਚ ਹਿੱਸਾ ਨਾ ਲਿਆ ਅਤੇ ਆਪਣਾ ਪੂਰਾ ਧਿਆ ਰਿਲਾਇੰਸ ਸਾਮਰਾਜ ਦਾ ਵਿਸਤਾਰ ਕਰਨ ਤੇ ਹੀ ਲਾਈ ਰਖਿਆ। ਉਨ੍ਹਾਂ ਦਾ ਵੱਡੇ ਪੁਤਰ ਮੁਕੇਸ਼ ਵੀ ਪੂਰੀ ਤਰ੍ਹਾਂ ਆਪਣੇ ਪਿਤਾ ਦੀ ਲੀਹ ਤੇ ਹੀ ਤੁਰਿਆ ਅਤੇ ਉਸ ਨੇ ਵੀ ਖੁਦ ਨੂੰ ਪੂਰੀ ਤਰ੍ਹਾਂਵਪਾਰ ਪ੍ਰਤੀ ਗੰਭੀਰ ਤੇ ਸਮਰਪਿਤ ਰਖਿਆ। ਮੁਕੇਸ਼ ਕੋਲ ਨਾ ਤਾਂ ਰਾਜਨੀਤੀ ਵਿਚ ਸਰਗਰਮ ਹੋਣ ਦਾ ਸਮਾਂ ਰਹਿੰਦਾ, ਨਾ ਫਿਲਮੀ ਗਲੈਮਰ ਵਲ ਝਾਕਣ ਦੀ ਫੁਰਸਤ। ਉਸ ਦਾ ਪੂਰਾ ਧਿਆਨ ਰਿਲਾਇੰਸ ਸਮੂਹ ਨੂੰ ਅਗੇ ਵਧਾਉਣ ਦੇ ਲਈ ਆਪਣੇ ਪਿਤਾ ਦਾ ਹੱਥ ਵਟਾਉਣ ਤੇ ਹੀ ਲਗਾ ਰਹਿੰਦਾ ਸੀ। ਦੂਜੇ ਪਾਸੇ ਅਨਿਲ ਨੇ ਆਪਣੀ ਪਸੰਦ ਦੀ ਫਿਲਮੀ ਹੀਰੋਇਨ ਟੀਨਾ ਮੁਨੀਮ ਨਾਲ ਵਿਆਹ ਕਰਕੇ ਆਪਣੇ ਸ਼ੌਕ ਤੇ ਪਸੰਦ ਦਾ ਪ੍ਰਮਾਣ ਵੀ ਦੇ ਦਿਤਾ।ਉਧਰ ਮੁਕੇਸ਼ ਨੇ ਆਪਣੇ ਪਰਿਵਾਰ ਦੀ ਪਸੰਦ ਨਾਲ ਗੁਜਰਾਤੀ ਘਰਾਣੇ ਵਿਚ ਵਿਆਹ ਕਰਕੇ ਆਪਣੀ ਗੰਭੀਰਤਾ ਘਰਾਣੇ ਵਿਚ ਵਿਆਹ ਕਰਕੇ ਆਪਣੀ ਗੰਭੀਰਤਾ ਦਾ ਪ੍ਰਗਟਾਵਾ ਕੀਤਾ।ਇਸ ਤਰ੍ਹਾਂ ਦੋਵੇਂ ਭਰਾਵਾਂ ਦੀ ਜੀਵਨ ਸ਼ੈਲੀ ਤੇ ਕਾਰਜ ਸ਼ੈਲੀ ਵਿਚ ਅੰਤਰ ਦਿਸਣ ਲਗਾ। ਇਸ ਅੰਤਰ ਦਾ ਨਤੀਜਾ ਇਹ ਹੋਇਆ ਕਿ ਧੀਰੂ ਭਾਈ ਆਪਣੇ ਕਾਰੋਬਾਰ ਦੇ ਅੰਦਰਲੇ ਤਥਾ ਤੇ ਉਸ ਦੇ ਰਹਸਾਂ ਨੂੰ ਲੈ ਕੇ ਮੁਕੇਸ਼ ਤੇ ਜ਼ਿਆਦਾ ਨਿਰਭਰ ਰਹਿਣ ਲਗਾ। ਉਨ੍ਹਾਂ ਨੂੰ ਲਗਾ ਕਿ ਉਨ੍ਹਾਂ ਦਾ ਵਿਸ਼ਾਲ ਸਮਾਗਮ ਅਨਿਲ ਦੀ ਥਾਵੇਂ ਮੁਕੇਸ਼ ਦੇ ਹਥਾਂ ਵਿਚ ਕਿਤੇ ਜ਼ਿਆਦਾ ਸੁਰਖਿਅਤ ਹੈ। ਉਧਰ ਧੀਰੂ ਭਾਈ ਦੇ ਦਿਹਾਂਤ ਤੋਂ ਬਾਅਦ ਅਨਿਲ ਦਾ ਗਲੈਮਰ ਦੀ ਦੁਨੀਆ ਵਲ ਝੁਕਾਓ ਹੋਣ ਦਾ ਫਾਇਦਾ ਸਿਆਸਤਦਾਨਾਂ ਨੇ ਉਠਾਉਣ ਦੀ ਚਾਲ ਚਲੀ। ਸਮਾਜਵਾਦੀ ਪਾਰਟੀ ਨੇ ਅਨਿਲ ਅੰਬਾਨੀ ਤੇ ਸਫਲਤਾਪੂਰਵਕ ਡੋਰੇ ਪਾਉਂਦੇ ਹੋਏ ਉਸ ਨੂੰ ਰਾਜ ਸਭਾ ਦਾ ਮੈਂਬਰ ਬਣਾ ਦਿਤਾ। ਉਧਰ ਅਨਿਲ ਨੇ ਸਮਾਜਵਾਦੀ ਪਾਰਟੀ ਦਾ ਸਾਂਸਦ ਹੋਣ ਦਾ ਫਰਜ਼ ਅਦਾ ਕਰਦੇ ਹੋਏ ਬਿਨਾਂ ਮੁਕੇਸ਼ ਦੀ ਸਲਾਹ ਲਏ ਉਤਰ ਪ੍ਰਦੇਸ਼ ਵਿਚ ਦਸ ਹਜ਼ਾਰ ਕਰੋੜ ਰੁਪਏ ਦੀ ਲਾਗਤ ਦਾ ਇਕ ਬਿਜਲੀ ਪ੍ਰਾਜੈਕਟ ਸੁਰੂ ਕਰਨ ਦਾ ਐਲਾਨ ਵੀ ਕੁਝ ਸਮਾਂ ਪਹਿਲਾਂ ਹੀ ਕਰ ਦਿਤਾ। ਦੇਸ਼ ਦੇ ਸਭ ਤੋਂ ਵੱਡੇ ਉਦਯੋਗਿਕ ਘਰਾਣੇ ਦਾ ਉਪ ਪ੍ਰਧਾਨ ਹੋਣ ਦੇ ਨਾਲ ਨਾਲ ਹੁਣ ਅਨਿਲ ਨੂੰ ਆਪਣਾ ਰਾਜਨੀਤਕ ਸ਼ੌਕ ਪੂਰਾ ਕਰਨ ਤੇ ਗਲੈਮਰ ਦੀ ਦੁਨੀਆ ਲਈ ਵੀ ਸਮਾਂ ਚਾਹੀਦਾ ਸੀ ਕਿ ਜੋ ਸੰਭਵ ਨਹੀਂ ਸੀ।

ਇਸ ਸਾਰੇ ਹਾਲਾਤ ਨੂੰ ਮੁਕੇਸ਼ ਨੇ ਬੜੀ ਬਰੀਕੀ ਨਾਲ ਘੋਖਿਆ ਤੇ ਮਹਿਸੂਸ ਕੀਤਾ। ਇਸ ਤੋਂ ਪਹਿਲਾਂ ਕਿ ਅਨਿਲ ਦੀ ਖੁਦਮੁਖਤਾਰੀ ਹੋਰ ਅਗੇ ਵਧੇ, ਬਿਹਤਰ ਹੋਵੇਗਾ ਕਿ ਇਸ ਸਿਲਸਿਲੇ ਵਿਚ ਇਥੇ ਹੀ ਪੁਰਨ ਵਿਰਾਮ ਲਾ ਦਿਤਾ ਜਾਵੇ। ਤੇ ਇਸ ਤਰ੍ਹਾਂ ਆਰਕਾਰ ਮੁਕੇਸ਼ ਨੂੰ ਆਪਣਾ ਮੂੰਹ ਖੋਲ੍ਹਣਾ ਪਿਆ ਅਤੇ ਇਸ ਵਿਸ਼ਾਲ ਉਦਯੋਗ ਸਮੂਹ ਤੇ ਗਲਬੇ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਚਰਚਾ ਦਾ ਵਿਸ਼ਾ ਬਣ ਗਿਆ। ਇਸ ਘਟਨਾਕ੍ਰਮ ਨੂੰ ਜੇ ਨਿਰਪਖ ਹੋ ਕੇ ਵੇਖਿਆ ਜਾਵੇ ਤੇ ਰਿਲਾਇੰਸ ਸਮੂਹ ਦੀ ਬਿਹਤਰੀ ਦੇ ਨਜ਼ਰੀਏ ਤੋਂ ਜੋ ਇਨ੍ਹਾਂਦੋਵਾਂ ਭਰਾਵਾਂ ਵਿਚਕਾਰ ਪੈਦਾ ਹੋਏ ਵਿਵਾਦ ਤੇ ਨਜ਼ਰ ਮਾਰੀ ਜਾਵੇ ਤਾਂ ਮੁਕੇਸ਼ ਦੀਆਂ ਚਿੰਤਾਵਾਂ ਸਹੀ ਨਜ਼ਰ ਆਉਂਦੀਆਂ ਹਨ। ਰਿਲਾਇੰਸ ਜਿਹੇ ਵਿਸ਼ਾਲ ਉਦਯੋਗਿਕ ਘਰਾਣੇ ਲਈ ਵੀ ਖਾਸ ਕਿਸਮ ਦੇ ਸਿਆਸੀ ਜੋੜਾਂ ਤੋੜਾਂਦਾ ਨਤੀਜਾ ਕੀ ਹੋ ਸਕਦਾ ਹੈ ਇਸ ਬਾਰੇ ਕੋਈ ਭੁਲੇਖਾ ਨਹੀਂ ਰਹਿ ਗਿਆ।ਦੂਜਾ ਦੁਨੀਆ ਦੇ ਵਡੇ ਉਦਯੋਗ ਸਮੂਹਾਂ ਵਿਚ ਆਪਣੀ ਗਿਣਤੀ ਦਰਜ ਕਰਾ ਰਹੇ ਰਿਲਾਇੰਸ ਸਮੂਹ ਦੇ ਸਵਾਮੀ ਦੇ ਇਕ ਖੇਤਰੀ ਸਮਾਜਵਾਦੀ ਪਾਰਟੀ ਦਾ ਮੈਂਬਰ ਬਣ ਕੇ ਸਰਗਰਮ ਸਿਆਸਤ ਵਿਚ ਹਿਸਾ ਲੈਣ ਪਿਛੇ ਵੀ ਉਸ ਦੀਆਂ ਸਾਇਦ ਮਜ਼ਬੂਰੀਆਂ ਹੀ ਨਜ਼ਰ ਆਉਂਦੀਆਂ ਹਨ। ਇਹ ਹੀ ਕਾਰਨ ਹੈ ਕਿ ਉਹ ਉਸ ਸਿਆਸੀ ਪਾਰਟੀ ਦੀ ਸਾਖ ਬਣਾਉਣ ਖਾਤਰ ਆਪਣੇ ਉਦਯੋਗ ਦੀ ਵੀ ਉਸਦੇ ਹਿਤਾਂ ਲਈ ਵਰਤੋਂ ਕਰਨ ਲਗਾ। ਜ਼ਾਹਰ ਹੈ ਕਿ ਇਹ ਗੱਲਾਂਨਾ ਤਾਂ ਮੁਕੇਸ਼ ਨੂੰ ਹਜ਼ਮ ਹੋ ਸਕੀਆਂ ਅਤੇ ਨਾ ਹੀ ਉਸ ਨੂੰ ਅਨਿਲ ਵਲੋਂ ਲਗਾਤਾਰ ਕੀਤੇ ਜਾ ਰਹੇ ਫੈਸਲ਼ੇ ਰਿਲਾਇੰਸ ਉਦਯੋਗ ਸਮੂਹ ਦੇ ਹਿਤ ਵਿਚ ਨਜ਼ਰ ਆਏ। ਆਖਰ ਇਕ ਪੜਾਅ ਤੇ ਆ ਕੇ ਰਿਲਾਇੰਸ ਇੰਡਸਟਰੀਜ਼ ਦੇ ਪ੍ਰਧਾਨ ਮੁਕੇਸ਼ ਅੰਬਾਨੀ ਨੇ ਸਵੀਕਾਰ ਕੀਤਾ ਕਿ ਰਿਲਾਇੰਸ ਸਾਮਰਾਜ ਦੀ ਮਾਲਕੀ ਦੇ ਮਸਲੇ ਦੇ ਹਲ ਲਈ ਉਨ੍ਹਾਂ ਦੀ ਮਾਂਕੋਕਿਲਾਬੇਨ ਜੋ ਸਹੀ ਸਮਝਣਗੇ ਉਹ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ। ਅੰਤ ਵਿਚ ਇਹ ਵਰਨਣ ਕਰਨਾ ਜ਼ਰੂਰੀ ਹੈ ਕਿ ਹੁਣ ਰਿਲਾਇੰਸ ਸਮੂਹ ਕੇਵਲ ਅੰਬਾਨੀ ਪਰਿਵਾਰ ਦੀ ਹੀ ਸੰਪਤੀ ਨਾ ਹੋ ਕੇ ਦੇਸ਼ ਦੇ ਲਖਾਂ ਨਿਵੇਸ਼ਕਾਂ ਨਾਲ ਜੁੜਿਆ ਹੋਇਆ ਇਕ ਵੱਡਾ ਉਦਯੋਗ ਸਮੂਹ ਹੈ ਜਿਸ ਨੂੰ ਦੇਸ਼ ਦੀ ਅਰਥਵਿਵਸਥਾ ਵਿਚ ਮਹਤਵਪੂਰਨ ਰੋਲ ਅਦਾ ਕਰਨ ਦੇ ਨਜ਼ਰੀਏ ਤੋਂ ਵੇਖਿਆ ਜਾਂਦਾ ਹੈ। ਪਰ ਇਹ ਮੰਨਣਾ ਪਵੇਗਾ ਕਿ ਰਿਲਾਇੰਸ ਸਮੂਹ ਨੂੰ ਬੇਸ਼ਕ ਹੋਰ ਕਿਸੇ ਦਾ ਗ੍ਰਹਿਣ ਨਾ ਲਗਾ ਹੋਵੇ, ਰਾਜਨੀਤੀ ਦਾ ਗ੍ਰਹਿਣ ਜ਼ਰੂਰ ਲਗ ਗਿਆ ਹੈ।


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com