 |
|
ਡਾ. ਚਰਨਜੀਤ ਸਿੰਘ ਗੁਮਟਾਲਾ |
ਸਿੱਖਾਂ
ਬਾਰੇ ਕਿਹਾ ਜਾਂਦਾ ਹੈ ਕਿ ਉਹ ਇਤਿਹਾਸ ਸਿਰਜਨਾ ਜਾਣਦੇ ਹਨ, ਸੰਭਾਲਣਾ ਨਹੀਂ
ਜਾਣਦੇ। ਸਾਹਿਬਜਾਦਿਆਂ ਦੇ 300 ਸਾਲਾਂ ਸ਼ਹੀਦੀ ਸਮਾਗਮਾਂ ਸਮੇਂ ਸ੍ਰੀ ਗੁਰੁ
ਗੋਬਿੰਦ ਸਿੰਘ ਜੀ ਤੇ ਸਹਿਬਜਾਦਿਆਂ ਨਾਲ ਸੰਬੰਧਿਤ ਇਤਿਹਾਸਕ ਸਥਾਨਾਂ ਨੂੰ ਕਾਰ
ਸੇਵਾ ਦੀ ਭੇਟਾ ਚੜਿਆ ਵੇਖ ਕੇ ਹਰੇਕ ਸਿੱਖ ਦੁੱਖੀ ਹੈ। ਕਿੰਨਾ ਚੰਗਾ ਹੁੰਦਾ ਕਿ
ਅਸੀਂ ਅਨੰਦਪੁਰ ਦੀ ਗੜੀ ਸੰਭਾਲ ਕੇ ਰਖਦੇ, ਜਿਸ ਦੀਵਾਰ ਵਿੱਚ ਸਾਹਿਬਜਾਦਿਆਂ ਨੂੰ
ਚਿਣਿਆ ਗਿਆ ਸੀ ਉਹ ਇਕ ਇਤਿਹਾਸਕ ਸਬੂਤ ਸੀ, ਜਿਸ ਦਰਵਾਜੇ ਰਾਹੀਂ ਸਾਹਿਬਜਾਦਿਆਂ
ਨੂੰ ਲੰਘਾਇਆ ਗਿਆ, ਉਹ ਦਰਵਾਜਾ ਸਾਡੇ ਗੌਰਵ ਤੇ ਸਤਿਕਾਰ ਦਾ ਹੱਕਦਾਰ ਸੀ। ਪਰ ਕਾਰ
ਸੇਵਾ ਦੇ ਬਾਬਿਆਂ ਨੂੰ ਕੌਣ ਸਮਝਾਵੇ ਤੇ ਸਭ ਤੋਂ ਵੱਧ ਸਾਡੇ ਅਕਾਲੀ ਆਗੂਆਂ ਨੂੰ
ਜਿਨ੍ਹਾਂ ਨੇ ਕਾਰਸੇਵਾ ਦੀ ਆਗਿਆ ਦੇਕੇ ਸੁਨਹਿਰੀ ਇਤਿਹਾਸ ਨੂੰ ਮਲੀਆ ਮੇਟ ਕਰਨ
ਵਿੱਚ ਅਹਿਮ ਰੋਲ ਨਿਭਾਇਆ। ਪਰ ਅਮਰੀਕਾ ਨੇ ਯਾਤਰੂਆਂ ਦੇ ਖਿੱਚ ਲਈ ਪੁਰਾਣੀਆਂ
ਚੀਜ਼ਾਂ ਨੂੰ ਜਿਸ ਢੰਗ ਨਾਲ ਸੰਭਾਲਿਆ ਹੋਇਆ ਹੈ, ਵੇਖ ਕੇ ਹੈਰਾਨੀ ਹੁੰਦੀ ਹੈ।
ਦਸੰਬਰ 2002 ਵਿੱਚ ਮੈਨੂੰ ਤੇ ਮੇਰੀ ਪਤਨੀ ਨੂੰ ਅਮਰੀਕੀ ਫੇਰੀ ਸਮੇਂ ਅੰਮ੍ਰਿਤਸਰ
ਦੇ ਜੰਮਪਲ ਤੇ ਰਾਇਟ ਸਟੇਟ ਯੂਨੀਵਰਸਿਟੀ ਡੇਅਟਨ (ਓਹਾਇਓ) ਦੇ ਵਿਦਿਆਰਥੀ ਤੇਜਦੀਪ
ਸਿੰਘ ਰਤਨ ਨੇ ਕਲਿਫਟਨ ਸ਼ਹਿਰ ਵਿੱਚ ਕਲਿਫਟਨ ਅਜਿਹੀ ਹੀ ਇਕ ਅਨਾਜ ਪੀਸਣ ਵਾਲੀ ਮਿਲ
ਵਿਖਾਈ, ਜਿਸਨੂੰ ਦੇਖਣ ਲਈ ਦੂਰੋਂ ਦੂਰੋਂ ਲੋਕੀਂ ਆਉਂਦੇ ਹਨ।
ਕਲਿਫਟਨ
ਮਿਲ ਨਾਮੀ ਇਹ ਮਿਲ 202 ਸਾਲ ਪੁਰਾਣੀ ਹੈ। ਜਿੱਥੇ ਦਸੰਬਰ ਮਹੀਨੇ ਵਿਚ ਅਮਰੀਕਾ,
ਕੇਨੈਡਾ ਤੇ ਯੂਰਪ ਸੱਜ ਵਿਆਹੀ ਮੁਟਿਆਰ ਵਾਂਗ ਸੱਜਿਆ ਹੁੰਦਾ ਹੈ, ਉਥੇ ਇਹ ਮਿਲ 32
ਲੱਖ ਬਲਬਾਂ ਨਾਲ ਮਨਮੋਹਨਾਂ ਦ੍ਰਿਸ਼ ਪੇਸ਼ ਕਰਦੀ ਹੈ। ਅਮਰੀਕਾ ਵਿਚ ਇਹ ਸਭ ਤੋਂ ਵੱਧ
ਬਲਬਾਂ ਵਾਲੀ ਇਕੋ ਇਕ ਜਗਾਹ ਹੈ ਤੇ ਇਸ ਨੂੰ ਦੇਸ਼ ਵਿਚ ਲਾਇਟਾਂ ਦੀ ਪ੍ਰਦਰਸ਼ਨੀ ਵਿਚ
ਪਹਿਲਾ ਇਨਾਮ ਮਿਲ ਚੁਕਿਆ ਹੈ। ਅਮਰੀਕਾ ਵਿਚ ਇਕ ਲੱਖ ਅਨਾਜ਼ ਪੀਸਣ ਵਾਲੀਆਂ ਚੱਕੀਆਂ
ਸਨ, ਜਿਨ੍ਹਾਂ ਦੀ ਗਿਣਤੀ ਹੁਣ ਕੇਵਲ 43 ਰਹਿ ਗਈ ਹੈ। ਇਸ ਸਮੇਂ ਇਹ ਦੇਸ਼ ਦੀ ਸਭ
ਤੋਂ ਵੱਡੀ ਮਿਲ ਹੈ। ਲਿਟਲ ਮਿਆਮੀਂ ਦਰਿਆ ਕੰਢੇ ਤੋਂ 2000 ਫੁਟ ਦਾ ਰਸਤਾ ਤਿਆਰ
ਕਰਕੇ ਪਾਣੀ ਸੁਟ ਕੇ 20 ਫੁਟ ਦਾ ਪਹੀਆ ਚਲਾ ਕੇ ਟਰਬਾਈਨ ਚਲਾ ਕੇ 7 ਮੰਜਲੀ ਮਿਲ
ਚਲਾਈ ਜਾਂਦੀ ਹੈ। ਇਥੇ ਲੋਕਾਂ ਦੇ ਮਨੋਰੰਜਨ ਦੇ ਲਈ ਕਈ ਚੀਜ਼ਾਂ ਤਿਆਰ ਕੀਤੀਆਂ
ਗਈਆਂ ਹਨ। ਬੱਚਿਆਂ ਲਈ ਤਾਂ ਪੂਰਾ ਪਿੰਡ ਹੀ ਤਿਆਰ ਕੀਤਾ ਗਿਆ ਹੈ। 800 ਫੁੱਟ ਡਬਲ
ਰੇਲ ਟਰੈਕ ਬਣਾਇਆ ਗਿਆ ਹੈ। ਸਕੇਟਿੰਡ ਰਿੰਗ, ਫੈਰੀ ਤੇ ਹੋਰ ਕਈ ਚੀਜ਼ਾਂ ਹਨ। ਇੱਥੇ
ਸਾਂਤਾ ਕਲੌਜ਼ ਦੀ ਗਿਣਤੀ ਵੀ ਸਭ ਤੋਂ ਵੱਧ ਹੈ ਜੋ ਕਿ 3000 ਹਜਾਰ ਹੈ, ਤੇ ਕਈ ਤਾਂ
200 ਸਾਲ ਪੁਰਾਣੇ ਨੇ। ਇਨ੍ਹਾਂ ਦੇ ਆਕਾਰ ਵੀ ਕਈ ਤਰ੍ਹਾਂ ਦੇ ਹਨ। ਅੱਧੇ ਇੰਚ ਤੋਂ
ਲੈ ਕੇ ਸਾਢੇ ਛੇ ਫੁੱਟ ਤੀਕ। ਇਕ ਚਾਕਲੇਟ ਦਾ ਬਣਿਆ ਸਾਂਤਾ ਕਲਾਜ਼ ਹੈ। ਇਕ ਓਪੇਰਾ
ਹਾਊਸ ਹੈ। ਕਰਿਸਮਸ ਦੇ ਦਿਨ੍ਹਾਂ ਵਿਚ ਇਕ ਘਰ ਹੀ ਸੱਚੀਂ ਮੁੰਚੀ ਦੇ ਸਾਂਤਾ ਕਲਾਜ਼
ਦਾ ਹੈ। ਹੋਰ ਵੀ ਕਈ ਦ੍ਰਿਸ਼ ਆਨੰਦ ਮਾਨਣਯੋਗ ਹਨ। ਸਭ ਤੋਂ ਮਸ਼ਹੂਰ ਇਥੋਂ ਦੀ ਰੌਸ਼ਨੀ
ਹੈ। ਹਰ ਚੀਜ਼, ਦਰਖਤ, ਇਮਾਰਤ, ਰਸਤੇ ਸਜ਼ ਵਿਆਹੀ ਮੁਟਿਆਰ ਵਾਂਗ ਸਜ਼ਾਏ ਹੋਏ ਹੁੰਦੇ
ਹਨ, ਜਿਨ੍ਹਾਂ ਦਾ ਆਨੰਦ ਮਾਨਣ ਲਈ ਦੁਨੀਆਂ ਭਰ ਤੋਂ ਯਾਤਰੂ ਇਥੇ ਆਉਂਦੇ ਹਨ ਤੇ
ਦਾਖਲਾ ਫੀਸ ਭਰਕੇ ਅੰਦਰ ਜਾਂਦੇ ਹਨ। ਤੁਹਾਨੂੰ ਵੀ ਜਦ ਓਹਾਇਓ ਸੂਬੇ ਜਾਣ ਦਾ ਮੌਕਾ
ਮਿਲੇ ਤਾਂ ਜ਼ਰੂਰ ਇਸ ਸਥਾਨ ਦਾ ਆਨੰਦ ਮਾਣੋ। ਇਹ ਜਗਾਹ ਕੋਲੰਬਸ ਓਹਾਇਓ ਤੋਂ42 ਮੀਲ
ਹੈ। ਪੰਜਾਬ ਵਿਚ ਵੀ ਅਜਿਹੀਆਂ ਪੁਰਾਣੀਆਂ ਇਮਾਰਤਾਂ, ਹਵੇਲੀਆਂ ਆਦਿ ਨੂੰ ਟੂਰਿਸਟ
ਖਿੱਚ ਦਾ ਕੇਂਦਰ ਬਣਾ ਕੇ ਕਮਾਈ ਕੀਤੀ ਜਾ ਸਕਦੀ ਹੈ।
(ਡਾ. ਚਰਨਜੀਤ ਸਿੰਘ
ਗੁਮਟਾਲਾ) |