|
ਸੁਰਿੰਦਰ ਕੌਰ ਨੂੰ ਸਟੇਜ ਨਾਲ ਮੋਹ ਹੈ। ਸਰੋਤਿਆਂ ਨੂੰ ਦੇਖ ਕੇ ਉਸ ਨੂੰ ਚਾਅ
ਚੜ੍ਹ ਜਾਂਦਾ ਹੈ, ਉਹ ਗਾਉਣਹਾਰੀ ਹੋ ਜਾਂਦੀ ਹੈ। ਉਦੋਂ ਉਸ ਵਿੱਚ ਅਨੋਖੀ ਸ਼ਕਤੀ
ਹੁੰਦੀ ਹੈ। ਉਹ ਹਰ ਤਰ੍ਹਾਂ ਦੇ ਸਰੋਤਿਆਂ ਨਾਲ ਰਾਬਤਾ ਪੈਦਾ ਕਰ ਲੈਂਦੀ ਹੈ। ਉਹ
ਪਹਿਲੇ ਦੋ ਕੁ ਗੀਤਾਂ ਵਿੱਚ ਹੀ ਭਾਂਪ ਲੈਂਦੀ ਹੈ ਕਿ ਸਰੋਤੇ ਕੀ ਸੁਣਨਾ ਚਾਹੁੰਦੇ
ਨੇ, ਤੇ ਫਿਰ ਉਨ੍ਹਾਂ ਦੇ ਦਿਲ ਦੀਆਂ ਤਰਬਾਂ ਨੂੰ ਛੋਂਹਦੀ ਹੋਈ, ਆਪਣੇ ਗੀਤਾਂ ਦੀ
ਉਂਗਲੀ ਫੜਾ, ਉਹ ਲੋਕਾਂ ਨੂੰ ਆਪਣੇ ਨਾਲ ਤੋਰ ਲੈਂਦੀ ਹੈ। ਇਹ ਹੀ ਉਸਦੀ ਗਾਇਕੀ ਦਾ
ਜਾਦੂ ਹੈ। ਮਕਸਦ ਇਹ ਹੁੰਦਾ ਹੈ ਕਿ ਸਰੋਤਿਆਂ ਦੀ ਹਾਜ਼ਰੀ ਦਾ ਮੁੱਲ ਤਾਰਿਆ ਜਾਵੇ।
ਲੋਕ ਗੀਤਾਂ ਨਾਲ ਮੱਧਮ ਪੈ ਰਹੀ ਉਨ੍ਹਾਂ ਦੀ ਸਾਂਝ ਮੁੜ ਸੁਰਜੀਤ ਕੀਤੀ ਜਾਵੇ।
ਉਨ੍ਹਾਂ ਨੂੰ ਆਮ ਜੀਵਨ ਦੀਆਂ ਦੁਸ਼ਵਾਰੀਆਂ ਤੋਂ, ਪਲ ਭਰ ਲਈ, ਲਾਂਭੇ ਕਰਕੇ
ਪੰਜਾਬੀ ਸੱਭਿਆਚਾਰ ਤੇ ਸਾਹਿਤ ਦੀ ਮਘਦੀ ਲੋਅ ਦੇ ਨੇੜੇ ਲਿਆਂਦਾ ਜਾਵੇ।
ਸੁਰਿੰਦਰ ਕੌਰ ਸਟੇਜ ਉੱਤੇ ਪੁੱਜ ਕੇ ਪੰਜਾਬੀ ਲੋਕ ਗੀਤਾਂ ਦੀ ਮਲਿਕਾ ਲੱਗਦੀ ਹੈ।
ਇਸ ਢਲ਼ਦੀ ਉਮਰੇ ਵੀ ਉਸ ਉੱਤੇ ਸ਼ਬਾਬ ਆ ਜਾਂਦਾ ਹੈ। ਉਹ ਘੰਟਿਆਂ ਬੱਧੀ ਗਾਈ
ਜਾਂਦੀ ਹੈ। ਨਾ ਸਰੋਤੇ ਅੱਕਦੇ ਹਨ, ਨਾ ਉਹ ਥੱਕਦੀ ਹੈ। ਉਹ ਕਹਿੰਦੀ ਹੈ, “ਸਟੇਜ
ਉੱਤੇ ਪੁੱਜ ਕੇ ਮੈਨੂੰ ਆਪਣਾਂ ਸਭ ਕੁਝ ਭੁੱਲ ਜਾਂਦਾ ਹੈ।”
ਮੈਂ ਟਰਾਂਟੋ, ਕੈਨੇਡਾ, ਵਿੱਚ ਸੁਰਿੰਦਰ ਕੌਰ ਦਾ ਪ੍ਰੋਗਰਾਮ 1979 ਵਿੱਚ ਕਰਵਾਇਆ।
ਪਹਿਲਾਂ ਵੀ ਉਹ ਇੱਕ ਵਾਰ, 1972 ਵਿੱਚ, ਟਰਾਂਟੋ ਆ ਚੁੱਕੀ ਸੀ। ਫ਼ੇਰ ਉਹ ਲੱਗਪੱਗ
ਹਰ ਸਾਲ ਆਉਂਦੀ ਰਹੀ। ਮੇਰੀ ਇੱਛਾ ਸੀ ਕਿ ਪੂਰਬੀ ਅਤੇ ਪੱਛਮੀਂ ਪੰਜਾਬ ਦੇ ਕਲਾਕਾਰ
ਇਕੱਠੇ ਇੱਕ ਮੰਚ ਤੇ ਪੇਸ਼ ਕੀਤੇ ਜਾਣ। ਮੈਂ ਪਾਕਿਸਤਾਨ ਦੇ ਗਾਇਕ ਸ਼ੌਕਤ ਅਲੀ ਨੂੰ
ਸੱਦਾ ਭੇਜਿਆ, ਪਰ ਉਹ ਵੇਲੇ ਸਿਰ ਨਾ ਆ ਸਕਿਆ। ਮੇਰਾ ਸੁਪਨਾ ਸਿਰੇ ਨਾ ਚੜ੍ਹਿਆ।
ਖੜ੍ਹੇ ਪੈਰ ਮੈ ਜਗਜੀਤ ਜ਼ੀਰਵੀ ਨੂੰ ਸੁਰਿੰਦਰ ਕੌਰ ਦੇ ਸਾਥ ਲਈ ਬੁਲਾ ਲਿਆ।
ਮਈ ਜੂਨ ‘79 ਵਿੱਚ ਮੈਂ ਜਗਜੀਤ ਤੇ ਚਿੱਤਰਾ ਸਿੰਘ ਨੂੰ ਪ੍ਰੋਗਰਾਮ ਕਰਨ ਲਈ
ਬੁਲਾਇਆ ਸੀ। ਉਹ ਪ੍ਰੋਗਰਾਮ ਕਰਕੇ ਵਾਪਿਸ ਬੰਬਈ ਚਲੇ ਗਏ, ਪਰ ਉਹਨਾਂ ਨਾਲ ਆਏ ਦੋ
ਸਾਜਿੰਦੇ, ਪ੍ਰੇਮ ਗੁਪਤਾ ਬੰਸਰੀ ਵਾਲਾ ਤੇ ਤਬਲਾ-ਵਾਦਕ ਰਮੇਸ਼ ਖੱਤਰੀ, ਮੈਂ
ਪਿੱਛੇ ਰੱਖ ਲਏ। ਆਪਣੇ ਇਸ ਗਰੁੱਪ ਵਿੱਚ ਟਰਾਂਟੋ ਦਾ ਸ਼ਿਵ ਬਟਾਲਵੀ ਦੇ ਗੀਤਾਂ ਦਾ
ਗਾਇਕ ਕੁਲਦੀਪ ਦੀਪਕ ਅਤੇ ਪਿਆਨੋ-ਅਕੋਰਡੀਅਨ ਉੱਤੇ ਰਹਿਮਾਨ ਰਾਜਨ ਸ਼ਾਮਲ ਕਰ ਲਏ।
ਸੁਰਿੰਦਰ ਕੌਰ ਹੋਰਾਂ ਦੇ ਪਰੋਗਰਾਮ ਜੁਲਾਈ ਤੋਂ ਸ਼ੁਰੂ ਹੋਏ। ਇਹ ਮੇਰੇ ਅਤੇ
ਸੁਰਿੰਦਰ ਕੌਰ ਲਈ ਇਕੱਠਿਆਂ ਕੰਮ ਕਰਨ ਦਾ ਪਹਿਲਾ ਮੌਕਾ ਸੀ। ਮਨ ਵਿੱਚ ਕੁਝ ਡਰ ਸੀ
ਕਿ ਇਤਨੀ ਵੱਡੀ ਕਲਾਕਾਰ ਹੈ ; ਪਤਾ ਨਹੀਂ, ਕੀ ਨਖ਼ਰੇ ਕਰੇ?
ਅਸੀਂ ਪਰੋਗਰਾਮ ਤੋਂ ਪਹਿਲਾਂ ਗੀਤਾਂ ਦੀ ਚੋਣ ਕਰ ਲੈਂਦੇ। ਜਿਵੇਂ ਮੈਂ ਦੱਸਦਾ
ਉਵੇਂ ਲਿਸਟ ਬਣਦੀ। ਸੁਰਿੰਦਰ ਕੌਰ ਪਰੋਗਰਾਮ ਨੂੰ ਸਫ਼ਲਤਾ ਦੀ ਸਿਖਰ ਤੇ ਪਹੁੰਚਾਉਣ
ਲਈ ਆਪਣੇ ਸਾਥੀ ਕਲਾਕਾਰਾਂ ਨੂੰ ਹੱਲਾ ਸ਼ੇਰੀ ਦੇਂਦੀ ਰਹਿੰਦੀ ਸੀ। ਏਕੇ ਵਿੱਚ
ਬਰਕਤ ਵਾਲ਼ੀ ਗੱਲ ਨੂੰ ਭਲੀ ਭਾਂਤ ਜਾਣਦੀ ਹੋਈ, ਉਹ ਕਦੇ ਕਿਸੇ ਦੂਜੇ ਕਲਾਕਾਰ ਨਾਲ
ਈਰਖ਼ਾ ਨਹੀਂ ਸੀ ਕਰਦੀ। ਸਾਰੇ ਕਲਾਕਾਰਾਂ ਦੀ ਰਿਹਾਇਸ਼ ਮੇਰੇ ਘਰ ਹੀ ਸੀ; ਇਸ ਲਈ
ਸਬੱਬ ਨਾਲ ਸਾਨੂੰ ਇੱਕ ਦੂਜੇ ਨੂੰ ਨੇੜਿਓਂ ਜਾਨਣ ਦਾ ਮੌਕਾ ਮਿਲ ਗਿਆ।
ਸਾਡੇ ਪਰੋਗਰਾਮ ਦੀ ਸ਼ੁਰੂਆਤ ਜਗਜੀਤ ਜ਼ੀਰਵੀ ਦੀ ਗਾਈ ਬੁੱਲੇਸ਼ਾਹ ਦੀ ਕਾਫ਼ੀ ਨਾਲ
ਹੁੰਦੀ, ਤੇ ਉਸ ਤੋਂ ਬਾਅਦ ਸ਼ਿਵ ਦੀ ਰਚਨਾ ‘ਕੀ ਪੁੱਛਦੇ ਹੋ ਹਾਲ ਫਕੀਰਾਂ ਦਾ’
ਗਾਉਂਦਾ, ਸਟੇਜ ਤੋਂ ਉਤਰਨ ਤੋਂ ਪਹਿਲਾਂ ਜ਼ੀਰਵੀ, ਬੜੇ ਸੁਚੱਜੇ ਢੰਗ ਨਾਲ
ਸੁਰਿੰਦਰ ਕੌਰ ਦਾ ਤੁਆਰਫ਼ ਕਰਵਾਉਂਦਾ। ਸੱਚ ਤਾਂ ਇਹ ਹੈ ਕਿ ਉਨ੍ਹਾਂ ਦਿਨਾਂ ਵਿੱਚ
ਸਟੇਜ ਦਾ ਮੇਰਾ ਕੋਈ ਖ਼ਾਸ ਤਜਰਬਾ ਨਹੀਂ ਸੀ। ਇੱਕ ਦਿਨ (ਜਦੋਂ ਸਾਡੇ ਤਿੰਨ ਚਾਰ
ਪਰੋਗਰਾਮ ਹੋ ਚੁੱਕੇ ਸਨ) ਸ਼ਿਕਾਗੋ ਦਰਸ਼ਕਾਂ ਦੀ ‘ਬੱਲੇ ਬੱਲੇ’ ਵਿੱਚ ਅਪਣੀਆਂ
ਆਈਟਮਾਂ ਤੋਂ ਬਾਅਦ ਜ਼ੀਰਵੀ ਸੁਰਿੰਦਰ ਕੌਰ ਦਾ ਤੁਆਰਫ਼ ਕਰਵਾਉਣਾ ਭੁੱਲ ਗਿਆ, ਤੇ
ਸਟੇਜ ਤੋਂ ਉੱਤਰ ਆਇਆ। ਸੁਰਿੰਦਰ ਕੌਰ ਦਾ ਤੁਆਰਫ਼ ਕਰਵਾਉਣ ਲਈ ਮੈਨੂੰ ਸਟੇਜ ਉੱਤੇ
ਜਾਣਾ ਪਿਆ। ਮੈਂ ਉਸ ਦੀ, ਲੰਮੇ ਸਮੇਂ ਤੋਂ, ਪੰਜਾਬੀ ਬੋਲੀ ਦੀ ਸੇਵਾ ਦੀ ਗੱਲ ਕਰਨ
ਤੋਂ ਬਾਅਦ ਅੰਤ ਵਿੱਚ ਕਿਹਾ, “ਮੈਂ ਚਾਹਵਾਂਗਾ ਕਿ ਤੁਸੀਂ ਇਸ ਮਹਾਨ ਗਾਇਕਾ ਨੂੰ
ਉਸੇ ਸਤਿਕਾਰ ਨਾਲ ਜੀ ਆਇਆਂ ਆਖੋ ਜਿਸ ਦੀ ਇਹ ਹੱਕਦਾਰ ਹੈ।” ਮੈਂ ਭਾਵੁਕ ਸਾਂ ਤੇ
ਕੁਝ ਸਰੋਤੇ ਵੀ; ਜਦੋਂ ਸੁਰਿੰਦਰ ਕੌਰ ਸਟੇਜ ਤੇ ਆਈ ਤਾਂ ਛਿਨ ਕੁ ਭਰ ਲਈ ਹਾਲ
ਵਿੱਚ ਚੁੱਪ ਤਣ ਗਈ। ਫਿਰ ਸਾਰੇ ਸਰੋਤੇ ਖਲੋ ਗਏ ਤੇ ਉਨ੍ਹਾਂ ਦੀਆਂ ਤਾੜੀਆਂ ਨਾਲ
ਹਾਲ ਗੂੰਜ ਉੱਠਿਆ। ਪ੍ਰੋਗਰਾਮ ਤੋਂ ਬਾਅਦ ਜਦੋਂ ਅਸੀਂ ਖਾਣਾ ਖਾਣ ਲਈ ਜਾਣ ਲੱਗੇ
ਤਾਂ ਸੁਰਿੰਦਰ ਕੌਰ ਨੇ ਹੌਲ਼ੇ ਜਿਹੇ ਕਿਹਾ, “ਬੱਚਿਆ! ਮੇਰੀ ਇੰਟਰੋਡਕਸ਼ਨ, ਅੱਗੇ
ਤੋਂ, ਤੂੰ ਕਰਾਇਆ ਕਰ।”
ਸੁਰਿੰਦਰ ਕੌਰ ਨਾਲ ਗੁਜ਼ਾਰੇ ਸੁਖਾਵੇਂ ਪਲਾਂ ਵਿੱਚ ਇੱਕ ਅਜੇਹਾ ਮੋੜ ਆਇਆ ਜੋ ਕੁਝ
ਪਲਾਂ ਦੀ ਉਦਾਸੀ ਤੋਂ ਬਾਅਦ ਅਪਣੱਤ ਦੀ ਗਾਗਰ ਖੋਲ੍ਹ ਗਿਆ। ਗੱਲ ਇਓਂ ਹੋਈ ਕਿ
ਸੁਰਿੰਦਰ ਕੌਰ ਪਰੋਗਰਾਮ ਖ਼ਤਮ ਹੋਣ ਤੋਂ ਬਾਅਦ ਵਜਦ ਵਿੱਚ ਆਈ, ਲੋਰ ਵਿੱਚ ਖੁੱਭੀ,
ਮਸਤੀ ਵਿੱਚ ਨੱਚਦੀ ਸਟੇਜ ਤੋਂ ਹੇਠਾਂ ਉਤਰਨ ਕੇ ਦਰਸ਼ਕਾਂ ਨਾਲ ਨੱਚਣ ਲੱਗ ਜਾਂਦੀ
ਸੀ। ਪੰਜਾਬੀ ਭਾਈਚਾਰੇ ਨਾਲ ਸਬੰਧਤ ਹੋਣ ਕਾਰਨ, ਮੈਨੂੰ ਤੇ ਬਾਕੀ ਸਭ ਸਾਥੀ
ਕਲਾਕਾਰਾਂ ਨੂੰ, ਉਸਦਾ ਅਜੇਹਾ ਕਰਨਾ ਇੱਕ ਅੱਖ ਨਹੀਂ ਸੀ ਭਾਉਂਦਾ।
ਸਿਨਸਨੈਟੀ ਦੇ ਸ਼ੋਅ ਤੋਂ ਪਹਿਲਾਂ ਮੈਂ ਸੁਰਿੰਦਰ ਕੌਰ ਨੂੰ ਅਗਾਊਂ ਅਜੇਹਾ ਨਾ ਕਰਨ
ਬਾਰੇ ਕਿਹਾ ਵੀ ਸੀ, ਪਰ ਵਜਦ ਵਿੱਚ ਆਈ ਨੂੰ ਉਸ ਨੂੰ ਕੌਣ ਰੋਕੇ? ਪਰੋਗਰਾਮ ਦੇ
ਅੰਤ ਵਿੱਚ ਬੋਲੀਆਂ ਪਾ ਰਹੀ ਸੁਰਿੰਦਰ ਕੌਰ ਸਟੇਜ ਤੋਂ ਹੇਠਾਂ ਫਿਰ ਦਰਸ਼ਕਾਂ ਨਾਲ
ਜਾ ਸ਼ਰੀਕ ਹੋਈ। ਮੈਂ ਸਟੇਜ ਉੱਤੇ ਜਾ ਕੇ ਦਰਸ਼ਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ,
“ਇਸ ਦੇ ਨਾਲ ਹੀ ਸਾਡਾ ਪਰੋਗਰਾਮ ਖ਼ਤਮ ਹੁੰਦਾ ਹੈ, ਕਦੇ ਫਿਰ ਮੌਕਾ ਮਿਲਿਆ ਤਾਂ
ਦਰਸ਼ਨ ਕਰਾਂਗੇ।” ਇੰਨੇ ਨੂੰ ਸਾਰੇ ਸਾਜਿੰਦੇ ਸਟੇਜ ਤੋਂ ਜਾ ਚੁੱਕੇ ਸਨ।
ਸੁਰਿੰਦਰ ਕੌਰ ਨੂੰ ਮੇਰਾ ਅਜੇਹਾ ਕਰਨਾ ਸ਼ਾਇਦ ਚੰਗਾ ਨਾ ਲੱਗਿਆ, ਤੇ ਉਸ ਨੇ
ਪਰਬੰਧਕਾਂ ਵਲੋਂ ਕੀਤੇ ਖਾਣੇ ਉੱਤੇ ਜਾਣੋਂ ਨਾਂਹ ਕਰ ਦਿੱਤੀ। ਉਸ ਰਾਤ ਉਹ ਭੁੱਖੇ
ਢਿੱਡ ਹੀ ਸੁੱਤੀ, ਪਰ ਉਸ ਤੋਂ ਬਾਅਦ ਉਹ ਸਟੇਜ ਤੋਂ ਉੱਤਰ ਕੇ ਕਦੇ ਨੱਚੀ ਵੀ
ਨਹੀਂ। ਉਸ ਦਾ ਮੇਰੇ ਪ੍ਰਤੀ ਇਹ ਮਾਣ ਸੀ ਜੋ ਅਪਣੱਤ ਦੇ ਛੱਟੇ ਖਲਾਰਦਾ ਸੀ।
ਇੱਕ ਦਿਨ ਮੈਂ ਸੁਰਿੰਦਰ ਕੌਰ ਨਾਲ ਗੱਲਾਂ ਕਰ ਰਿਹਾ ਸਾਂ। ਮੈਂ ਆਪਣੀ ਦਾਦੀ ਦਾ
ਜ਼ਿਕਰ ਕੀਤਾ ਜਿਸ ਨਾਲ ਮੇਰਾ ਬਹੁਤ ਡੂੰਘਾ ਸਨੇਹ ਸੀ। ਮੈਂ ਕਿਹਾ, “ਤੁਹਾਡੀ ਸ਼ਕਲ
ਤੇ ਕੱਦ ਕਾਠ ਹੂ-ਬ-ਹੂ ਮੇਰੀ ਦਾਦੀ ਨਾਲ ਮਿਲਦਾ ਹੈ।” ਸੁਰਿੰਦਰ ਕੌਰ ਹੱਸ ਪਈ,
ਕਹਿਣ ਲੱਗੀ, “ਬੱਚਿਆ! ਮੇਰਾ ਦਾਦੀ ਤੋਂ ਕੁਝ ਹੇਠਲਾ ਰਿਸ਼ਤਾ ਨਹੀਂ ਹੋ ਸਕਦਾ?”
ਉਸ ਦਿਨ ਤੋਂ ਉਹ ਮੇਰੇ ਲਈ, ਮੇਰੀ ‘ਬੀ ਜੀ’ ਬਣ ਗਈ। ਬੀ ਜੀ ਮੈਨੂੰ ਆਪਣਾਂ ਪੁੱਤਰ
ਸਮਝਦੀ ਤੇ ਮੇਰੀ ਪਤਨੀ ਨੂੰ ਧੀਆਂ ਨਾਲ਼ੋਂ ਵਧ ਕੇ ਪਿਆਰਦੀ, ਸਾਡੇ ਪਰਿਵਾਰ ਵਿੱਚ
ਇਓਂ ਘੁਲ਼ ਮਿਲ ਗਈ ਜਿਵੇਂ ਸਾਡੇ ਹੀ ਘਰ ਦਾ ਕੋਈ ਜੀਅ ਹੋਵੇ।
ਇੱਕ ਦਿਨ ਜਗਜੀਤ ਜ਼ੀਰਵੀ ਨੂੰ ਮਿਲਣ ਉਸ ਦਾ ਇੱਕ ਮਿੱਤਰ ਸਾਡੇ ਘਰ ਆਇਆ। ਸੁਰਿੰਦਰ
ਕੌਰ ਰਸੋਈ ਵਿੱਚ ਮੇਰੀ ਪਤਨੀ ਨਾਲ ਭਾਂਡੇ ਧੋਣ ਵਿੱਚ ਮੱਦਦ ਕਰ ਰਹੀ ਸੀ। ਉਸ ਨੇ
ਜਦੋਂ ਸੁਰਿੰਦਰ ਕੌਰ ਨੂੰ ਵੇਖਿਆ, ਕਹਿਣ ਲੱਗਾ, “ਪੰਜਾਬ ਦੀ ਏਡੀ ਵੱਡੀ ਕਲਾਕਾਰ
ਤੇ ਇਹ ਭਾਂਡੇ ਸਾਫ਼ ਕਰੇ?” ਭਾਂਡਿਆਂ ਤੇ ਪਾਣੀ ਦੀ ਰਲ਼ਵੀਂ ਆਵਾਜ਼ ਵਿੱਚ ਉਦੋਂ
ਤਾਂ ਉਸ ਨੂੰ ਇਸ ਮਿੱਤਰ ਦੀ ਗੱਲ ਸੁਣਾਈ ਨਾ ਦਿੱਤੀ ਪਰ ਪਤਾ ਲੱਗਣ ਤੇ ਸੁਰਿੰਦਰ
ਕੌਰ ਨੇ ਜੁਆਬ ਵਿੱਚ ਕਿਹਾ, “ਮੈਂ ਔਰਤ ਪਹਿਲੋਂ ਹਾਂ, ਕਲਾਕਾਰ ਬਾਅਦ ਵਿੱਚ।
ਇਕਬਾਲ ਦੀ ਵਹੁਟੀ ਵੀ ਮੇਰੀਆਂ ਧੀਆਂ ਵਰਗੀ ਹੈ, ਜੇ ਮੈਂ ਇਸਦੀ ਮੱਦਦ ਕਰ ਦਿੱਤੀ
ਤਾਂ ਕੀ ਘਸ ਗਿਆ?” ਉਸ ਦਾ ਇਹ ਜੁਆਬ ਸੁਣ ਕੇ ਉਹ ਮਿੱਤਰ ਹੱਕਾ-ਬੱਕਾ ਰਹਿ ਗਿਆ।
ਸੁਰਿੰਦਰ ਕੌਰ ਜਦੋਂ ਕੈਨੇਡਾ ਤੋਂ ਵਾਪਿਸ ਜਾਣ ਲੱਗੀ ਤਾਂ ਆਪਣੀ ਵੱਡੀ ਭੈਣ
ਪ੍ਰਕਾਸ਼ ਕੌਰ ਦੇ ਪੁੱਤਰ ਜਸਪਾਲ ਸਿੰਘ ਦੀ ਸ਼ਾਦੀ ਲਈ ਮੈਨੂੰ ਸੱਦਾ ਦੇ ਗਈ।
ਦਸੰਬਰ 25 ਨੂੰ ਵਿਆਹ ਸੀ; ਮੈਂ 17 ਤਾਰੀਖ ਨੂੰ ਦਿੱਲੀ ਪੁੱਜ ਗਿਆ। ਇਹ ਮੇਰੇ ਲਈ
ਪਹਿਲਾ ਮੌਕਾ ਸੀ ਸੁਰਿੰਦਰ ਕੌਰ ਦੇ ਸਾਰੇ ਪਰਿਵਾਰ ਨੂੰ ਮਿਲਣ ਅਤੇ ਮਾਨਣ ਦਾ। ਇੱਕ
ਦੋ ਦਿਨਾਂ ਵਿੱਚ ਸਾਰੇ ਮੇਰੇ ਨਾਲ ਏਨੇ ਘੁਲ਼ ਮਿਲ ਗਏ ਜਿਵੇਂ ਅਨੇਕਾਂ ਵਰ੍ਹਿਆਂ
ਤੋਂ ਜਾਣੂੰ ਹੋਣ। ਰੋਜ਼ ਸ਼ਾਮ ਨੂੰ ਪ੍ਰਕਾਸ਼ ਕੌਰ ਦੇ ਘਰ ਸੰਗੀਤ ਦੀ ਮਹਫਿਲ
ਲੱਗਦੀ; ਸਾਰੀਆਂ ਭੈਣਾਂ ਅਤੇ ਉਨ੍ਹਾਂ ਦੇ ਬੱਚੇ ਵਧੀਆ ਸਮਾਂ ਬੰਨ੍ਹਦੇ।
ਸੁਰਿੰਦਰ ਕੌਰ ਵਧੀਆ ਮੇਜ਼ਬਾਨ ਹੈ। ਘਰ ਆਏ ਮਹਿਮਾਨ ਦੀ ਸੇਵਾ ਖਿੜੇ ਮੱਥੇ ਕਰਦੀ
ਹੈ। ਘਰ ਆਏ ਪਰਾਹੁਣਿਆਂ ਨੂੰ ਦੇਖਕੇ ਉਸ ਨੂੰ ਚਾਅ ਚੜ੍ਹ ਜਾਂਦਾ ਹੈ। ਖਾਣ-ਪਕਾਣ
ਦੀ ਸੇਵਾ ਉਸ ਦਾ ਵਫਾਦਾਰ ਨੌਕਰ, ਪਾਨ ਦੇਵ, ਕਰਦਾ ਹੈ। ਭਾਵੇਂ ਘਰ ਵਿੱਚ ਸੁਰਿੰਦਰ
ਕੌਰ ਦੀ ਚਲਦੀ ਹੈ, ਪਰ ਰਸੋਈ ਵਿੱਚ ਕਾਰ-ਮੁਖ਼ਤਿਆਰੀ ਪਾਨ ਦੇਵ ਦੀ ਹੁੰਦੀ ਹੈ।
ਮੈਨੂੰ ਉਸ ਦਾ ਬਣਾਇਆ ਕੈਰਾਮਲ ਕਸਟਡ ਬਹੁਤ ਪਸੰਦ ਹੈ। ਮੈਂ ਜਿੰਨੀਂ ਵਾਰ ਦਿੱਲੀ
ਗਿਆ, ਪਾਨ ਦੇਵ ਨੇ ਹਰ ਸ਼ਾਮ ਕੈਰਾਮਲ ਕਸਟਡ ਹਾਜ਼ਰ ਕੀਤਾ।
ਸਾਡੇ ਇਸ ਰਿਸ਼ਤੇ ਵਿੱਚ ਦੋਸਤਾਂ ਵਾਲ਼ੀ ਨਿਰਉਚੇਚ ਤੇ ਮਾਂ ਪੁੱਤਰ ਵਾਲ਼ੀ ਮੁਹੱਬਤ
ਰਹੀ ਹੈ। ਉਹ ਜਦੋਂ ਵੀ ਉੱਤਰੀ ਅਮਰੀਕਾ ਆਈ ਤਾਂ ਫ਼ੋਨ ਕੀਤਾ, “ਬੱਚਿਆ, ਮੈਂ ਆਈਂ
ਹਾਂ।” ਮੇਰੇ ਲਈ ਇਹ ਹੀ ਇਸ਼ਾਰਾ ਕਾਫ਼ੀ ਹੁੰਦਾ। ਕਿਸੇ ਹੋਰਾਂ ਨਾਲ ਮਿਥੇ ਹੋਏ
ਪ੍ਰੋਗਰਾਮਾਂ ਤੋਂ ਬਾਅਦ ਉਹ ਮੇਰੇ ਘਰ ਹੀ ਠਹਿਰਦੀ ਤੇ ਮੈਂ ਟਰਾਂਟੋ ਅਤੇ ਆਸ ਪਾਸ
ਦੇ ਸ਼ਹਿਰਾਂ ਵਿੱਚ ਖੁਦ ਨਾਲ ਜਾ ਕੇ ਪ੍ਰੋਗਰਾਮ ਕਰਵਾ ਦੇਂਦਾ। ਇਹ ਹੀ ਸਮਾਂ
ਹੁੰਦਾ ਆਪਣਾਂ ਦੁੱਖ ਸੁੱਖ ਫ਼ੋਲਣ ਦਾ। ਇਨ੍ਹਾਂ ਅਵਸਰਾਂ ਉੱਤੇ ਉਸ ਨੇ ਆਪਣੇ
ਨਿੱਜੀ ਜੀਵਨ ਦੀਆਂ ਬਹੁਤ ਸਾਰੀਆਂ ਘਟਨਾਵਾਂ ਮੇਰੇ ਨਾਲ ਸਾਂਝੀਆਂ ਕੀਤੀਆਂ।
ਸਟੇਜ ਦੀ ਪੇਸ਼ਕਾਰੀ ਬਾਰੇ ਸੁਰਿੰਦਰ ਕੌਰ ਮੇਰੇ ਮਸ਼ਵਰੇ ਨੂੰ ਕਾਫ਼ੀ ਅਹਿਮੀਅਤ
ਦੇਣ ਲੱਗ ਪਈ ਸੀ। ਉਹ ਹਰ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਪੁੱਛਦੀ, “ਬੱਚਿਆ,
ਅੱਜ ਕੀ ਗਾਵਾਂ?” ਮੇਰੀ ਦੱਸੀ ਹੋਈ ਤਰਤੀਬ ਨਾਲ ਪਰੋਗਰਾਮ ਸ਼ੁਰੂ ਤੇ ਖ਼ਤਮ
ਹੁੰਦੇ।
ਸੁਰਿੰਦਰ ਕੌਰ ਘੱਟ ਖਾਣ ਵਿੱਚ ਵਿਸ਼ਵਾਸ ਰੱਖਦੀ ਹੈ। ਜੇ ਕਦੇ, ਕਿਸੇ ਪਰੋਗਰਾਮ
ਪਿੱਛੋਂ, ਖਾਣੇ ਲਈ ਦੇਰ ਹੋ ਜਾਏ ਤਾਂ ਉਹ ਗਰਮ ਦੁੱਧ ਵਿੱਚ ਸ਼ਹਿਦ ਪਾ ਕੇ ਪੀਣਾ
ਪਸੰਦ ਕਰਦੀ ਹੈ। ਸਵੇਰ ਨੂੰ ਦੰਦਾਂ ਦਾ ਬੁਰਸ਼ ਕਰਨ ਮਗਰੋਂ ਇੱਕ ਕੱਪ ਚਾਹ ਦਾ। ਉਸ
ਤੋਂ ਬਾਅਦ ਉਹ ਪਾਨ ਪਰਾਗ ਦਾ ਚਮਚਾ ਮੂੰਹ ਵਿੱਚ ਪਾ ਲੈਂਦੀ ਹੈ। ਫਿਰ ਸੌਣ ਵੇਲੇ
ਤੱਕ ਪਾਨ ਪਰਾਗ ਦਾ ਡੱਬਾ ਉਸ ਦੇ ਅੰਗ ਸੰਗ ਰਹਿੰਦਾ ਹੈ।
ਸੁਰਿੰਦਰ ਕੌਰ ਪਹਿਰਾਵੇ ਵਿੱਚ ਬੜੀ ਸਾਦੀ ਹੈ। ਇੱਕ ਵਾਰੀ ਟੀ: ਵੀ: ਪ੍ਰੋਗਰਾਮ
ਵਾਸਤੇ ਜਦੋਂ ਉਹ ਤਿਆਰ ਹੋ ਰਹੀ ਸੀ, ਤਾਂ ਪਰਬੰਧਕਾਂ ਨੇ ਮੇਕਅੱਪ ਕੁਝ ਜ਼ਿਆਦਾ ਕਰ
ਦਿੱਤਾ। ਮੈਂ ਦੂਸਰੇ ਕਮਰੇ ਵਿੱਚ ਹੋਣ ਕਾਰਨ ਵੇਖ ਨਹੀਂ ਸਕਿਆ। ਉਹ ਕੈਮਰੇ ਅੱਗੇ
ਆਪਣਾਂ ਪਹਿਲਾ ਗੀਤ ਰਿਕਾਰਡ ਕਰਵਾ ਕੇ ਅੰਦਰ ਆਈ। ਮੇਰੇ ਵੱਲ ਵੇਖਿਆ, ਮੈਨੂੰ ਉਸਦਾ
ਇੰਨਾਂ ਭਾਰੀ ਮੇਕਅੱਪ ਚੰਗਾ ਨਹੀਂ ਸੀ ਲੱਗ ਰਿਹਾ। ਇਸ ਤੋਂ ਪਹਿਲਾਂ ਕਿ ਮੈਂ ਕੁਝ
ਕਹਿੰਦਾ, ਉਹ ਬਾਥਰੂਮ ਵਿੱਚ ਗਈ ਤੇ ਮੂੰਹ ਧੋ ਆਈ। ਸਿਰਫ ਇੱਕ ਸਧਾਰਨ ਲਿਪਸਟਿਕ
ਨਾਲ, ਸੁਰਿੰਦਰ ਕੌਰ ਫ਼ਬ ਰਹੀ ਸੀ। ਉਸ ਦੀ ਸਾਦਗੀ ਹੀ ਉਸ ਦਾ ਸੁਹੱਪਣ ਹੈ। ਆ ਕੇ
ਉਸ ਨੇ ਕਿਹਾ, “ਤੇਰੀਆਂ ਅੱਖਾਂ ਵਿੱਚੋਂ ਮੈਂ ਪੜ੍ਹ ਲਿਆ ਸੀ ਕਿ ਮਾਂ ਦਾ ਮੇਕਅਪ
ਠੀਕ ਨਹੀਂ।” ਉਸ ਦਿਨ ਤੋਂ ਬਾਅਦ ਮੇਰੀ ਹਾਜ਼ਰੀ ਵਿੱਚ ਮੈਂ ਉਸ ਨੂੰ ਕਦੇ ਸ਼ੀਸ਼ਾ
ਵੇਖਦਿਆਂ ਘੱਟ ਹੀ ਵੇਖਿਆ ਹੈ। ਅਸੀਂ ਦਿਲ ਦੀਆਂ ਗੱਲਾਂ ਕਰ ਲੈਂਦੇ ਹਾਂ, ਕੁਝ ਵੀ
ਇੱਕ ਦੂਜੇ ਤੋਂ ਲੁਕਿਆ ਹੋਇਆ ਨਹੀਂ।
ਸੁਰਿੰਦਰ ਕੌਰ ਦਾ ਜਨਮ ਪਿਤਾ ਬਿਸ਼ਨ ਦਾਸ ਅਤੇ ਮਾਤਾ ਮਾਇਆ ਦੇਵੀ ਦੇ ਘਰ 25
ਨਵੰਬਰ 1929 ਨੂੰ ਹੋਇਆ। ਉਸ ਦੀਆਂ ਚਾਰ ਭੈਣਾਂ, (ਪ੍ਰਕਾਸ਼ ਕੌਰ, ਮੁਹਿੰਦਰ
ਕੌਰ, ਮਨਜੀਤ ਕੌਰ, ਤੇ ਨਰਿੰਦਰ ਕੌਰ) ਅਤੇ ਪੰਜ ਭਰਾ ਸਨ। ਇਨ੍ਹਾਂ ਵਿੱਚੋਂ ਇਸ
ਸਮੇਂ ਸੁਰਿੰਦਰ ਕੌਰ ਕੋਲ਼ ਭੈਣ ਮਨਜੀਤ ਦਾ ਸਾਥ ਹੀ ਰਹਿ ਗਿਆ ਹੈ; ਬਾਕੀ ਸਭ ਰੱਬ
ਨੂੰ ਪਿਆਰੇ ਹੋ ਚੁੱਕੇ ਹਨ। ਸੁਰਿੰਦਰ ਕੌਰ ਤੋਂ ਗਿਆਰਾਂ ਵਰ੍ਹੇ ਵੱਡੀ ਪ੍ਰਕਾਸ਼
ਕੌਰ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਜਦੋਂ ਉਸ ਦਾ ਵਿਆਹ ਸ: ਹਰਬੰਸ ਸਿੰਘ
ਸੂਰੀ ਨਾਲ ਹੋਇਆ ਤਾਂ ਉਦੋਂ ਸੁਰਿੰਦਰ ਕੇਵਲ ਤਿੰਨ ਕੁ ਵਰ੍ਹਿਆਂ ਦੀ ਸੀ। ਵਿਆਹ
ਤੋਂ ਬਾਅਦ ਪ੍ਰਕਾਸ਼ ਕੌਰ ਦੇ ਪਤੀ ਨੇ ਆਪਣੀ ਪਤਨੀ ਨੂੰ ਉਤਸ਼ਾਹਿਤ ਕੀਤਾ, ਤੇ
ਥੋੜ੍ਹੇ ਸਮੇਂ ਵਿੱਚ ਹੀ ਪ੍ਰਕਾਸ਼ ਕੌਰ ਰੇਡੀਓ ਉੱਤੇ ਗਾਉਣ ਲੱਗ ਪਈ। ਇਸ ਨਾਲ
ਸੁਰਿੰਦਰ ਕੌਰ ਲਈ ਵੀ ਗਾਉਣ ਦਾ ਰਾਹ ਖੁੱਲ੍ਹ ਗਿਆ।
ਮਾਂ ਬਾਪ ਸਟੇਜ ਜਾਂ ਰੇਡੀਓ ਉੱਤੇ ਗਾਉਣ ਦੇ ਹੱਕ ਵਿੱਚ ਨਹੀਂ ਸਨ। ਉਹ ਆਖਦੇ,
“ਚੰਗੇ ਘਰਾਂ ਦੀਆਂ ਕੁੜੀਆਂ ਸਿਰਫ ਕੀਰਤਨ ਕਰਦੀਆਂ ਹਨ।” ਘਰ ਦਾ ਮਾਹੌਲ ਸਿੱਖੀ
ਸੀ, ਤੇ ਉਹ ਕੇਵਲ ਸ਼ਬਦ ਕੀਰਤਨ ਦੇ ਹੀ ਹੱਕ ਵਿੱਚ ਸਨ। ਸੁਰਿੰਦਰ ਕੌਰ ਦੀ ਸੰਗੀਤ
ਪ੍ਰਤੀ ਸ਼ਰਧਾ ਅਤੇ ਲਗਨ ਨੂੰ ਸਮਝਦਿਆਂ ਵੱਡੇ ਭਰਾਵਾਂ ਨੇ ਸ਼ਾਸਤਰੀ ਸੰਗੀਤ ਦੀ
ਸਿੱਖਿਆ ਲਈ ਮਾਂ ਬਾਪ ਨੂੰ ਰਾਜ਼ੀ ਕਰ ਲਿਆ। ਉਸ ਨੇ ਪਟਿਆਲੇ ਘਰਾਣੇ ਦੇ ਮਾਸਟਰ
ਇਨਾਇਤ ਹੁਸੈਨ ਤੋਂ ਬਾ-ਕਾਇਦਾ ਸ਼ਾਸਤਰੀ ਸੰਗੀਤ ਦੀ ਸਿਖਲਾਈ ਸ਼ੁਰੂ ਕਰ ਦਿੱਤੀ।
ਭਾਵੇਂ ਬਾਅਦ ਵਿੱਚ ਪੰਡਤ ਕੁੰਦਨ ਲਾਲ ਭੂਤ ਅਤੇ ਉਸਤਾਦ ਅਬਦੁਲ ਰਹਿਮਾਨ ਖ਼ਾਨ ਨੂੰ
ਵੀ ਆਪਣੇ ਗੁਰੂ ਧਾਰਿਆ।
ਜਦੋਂ 30 ਅਗਸਤ, 1943 ਨੂੰ ਪਹਿਲੀ ਵਾਰੀ ਸੁਰਿੰਦਰ ਕੌਰ ਦੀ ਆਵਾਜ਼ ਲਾਹੌਰ
ਰੇਡੀਓ ਰਾਹੀਂ ਪੰਜਾਬ ਦੀਆਂ ਹਵਾਵਾਂ ਉੱਤੇ ਅਸਵਾਰ ਹੋਈ, ਤਾਂ ਉਹ ਕੇਵਲ 13 ਸਾਲਾਂ
ਦੀ ਬਾਲੜੀ ਸੀ। ਆਵਾਜ਼ ਵਿੱਚ ਸਿਆਣਿਆਂ ਵਰਗੀ ਲਰਜ਼ ਤੇ ਗੜ੍ਹਕ ਸੀ। ਉਹ ਬੱਚਿਆਂ
ਦੇ ਪਰੋਗਰਾਮ ਲਈ ਔਡੀਸ਼ਨ ਕਰਨ ਗਈ ਸੀ। ਆਵਾਜ਼ ਟੈਸਟ ਕਰਨ ਵੇਲੇ ਜਦ ਮੂੰਹ ਉਤਾਂਹ
ਕਰਕੇ ਉਸਨੇ ਭਰਵੀਂ ਆਵਾਜ਼ ਵਿੱਚ ਅਲਾਪ ਲਿਆ ਤਾਂ ਰੇਡੀਓ ਸਟੇਸ਼ਨ ਵਾਲ਼ੇ ਕਹਿਣ
ਲੱਗੇ, “ਇਸ ਬੀਬਾ ਦੀ ਆਵਾਜ਼ ਕਿਸੇ ਮੰਝੇ ਹੋਏ ਗਵੱਈਏ ਵਰਗੀ ਹੈ-ਪੁਖ਼ਤਾ ਤੇ
ਸੁਰਬੱਧ।” ਉਹ ਬੱਚਿਆਂ ਦੇ ਪਰੋਗਰਾਮ ਦੀ ਬਜਾਏ ਜਨਰਲ ਪਰੋਗਰਾਮ ਲਈ ਚੁਣੀ ਗਈ। ਉਸ
ਦਿਨ ਤੋਂ ਸੁਰਿੰਦਰ ਕੌਰ ਨੇ ਆਪਣੀ ਆਵਾਜ਼ ਨਾਲ ਘਰ-ਘਰ ਨੂੰ ਮੋਹਣਾ ਸ਼ੁਰੂ ਕਰ
ਦਿੱਤਾ। ਅੱਜ ਤੱਕ ਉਸ ਨੇ ਹਜ਼ਾਰਾਂ ਵੇਰ ਮੰਚਾਂ ਉੱਤੇ ਗਾਇਆ ਹੈ। ਹਰ ਵੇਰ ਸਰੋਤੇ
ਟੁੰਬੇ ਗਏ। ਉਸ ਦੇ ਗੀਤਾਂ ਦੇ ਰਿਕਾਰਡ ਤੇ ਕੈਸੇਟ ਘਰ-ਘਰ ਵੱਜਦੇ ਹਨ। ਸ਼ਾਇਦ ਕੋਈ
ਵੀ ਪੰਜਾਬੀ ਅਜੇਹਾ ਨਹੀਂ ਜਿਸ ਨੇ ਉਸ ਨੂੰ ਨਾ ਸੁਣਿਆਂ ਹੋਵੇ। ਕੋਈ ਵੀ ਸਰੋਤਾ
ਅਜੇਹਾ ਨਹੀਂ ਜੋ ਉਸ ਦੀ ਆਵਾਜ਼ ਤੋਂ ਪ੍ਰਭਾਵਿਤ ਨਾ ਹੋਇਆ ਹੋਵੇ।
ਆਮ ਜੀਵਨ ਵਿੱਚ ਸੁਰਿੰਦਰ ਕੌਰ ਭਰਪੂਰ ਜੀਵਨ ਜਿਉਣ ਵਾਲ਼ੀ ਸ਼ਖਸੀਅਤ ਹੈ ਜੋ
ਜਿੰਦਗੀ ਦੇ ਹਰ ਪਹਿਲੂ ਨੂੰ ਸਮਝਦੀ ਹੈ। ਉਸ ਦੀ ਸ਼ਖਸੀਅਤ ਦਾ ਇਹ ਪੱਖ ਬਚਪਨ ਤੋਂ
ਹੀ ਵਿਗਸਣਾ ਸ਼ੁਰੂ ਹੋ ਗਿਆ ਸੀ। ਉਸ ਵਿੱਚ ਇੱਕ ਤਰ੍ਹਾਂ ਦਾ ਚੁਲਬੁਲਾਪਣ ਸੀ,
ਜਿੰਦਗੀ ਨੂੰ ਦੇਖਣ ਮਾਨਣ ਦੀ ਉਮੰਗ ਸੀ। ਉਹ ਵਿਹਲੇ ਸਮੇਂ ਹਰ ਤਰ੍ਹਾਂ ਦੀ ਖੇਡ
ਵਿੱਚ ਸ਼ਰੀਕ ਹੁੰਦੀ, ਅਤੇ ਆਪਣੀ ਤਲਬ ਪੂਰੀ ਕਰਨ ਲਈ ਬਹੁਤਾ ਸਮਾਂ ਰੇਡੀਓ ਨੂੰ
ਸੁਣਦੀ ਤੇ ਮਾਣਦੀ। ਇਹਨਾਂ ਗੱਲਾਂ ਦੀ ਬਦੌਲਤ ਸੁਰਿੰਦਰ ਕੌਰ ਮਾਨਸਿਕ ਤੌਰ ਤੇ ਵੱਧ
ਤੰਦਰੁਸਤ ਤੇ ਰਿਸ਼ਟ-ਪੁਸ਼ਟ ਹੈ। ਉਸ ਨੂੰ ਹਰ ਸਥਿਤੀ ਵਿੱਚ ਆਪਣਾਂ ਸੰਤੁਲਨ ਕਾਇਮ
ਰੱਖਣ ਦੀ ਜਾਚ ਆ ਗਈ। ਉਹ ਭਰਪੂਰ ਜੀਵਨ ਜਿਉਣ ਵਿੱਚ ਵਿਸ਼ਵਾਸ ਰੱਖਦੀ ਹੈ। ਆਪਣੀ
ਹਰ ਜਿੰਮੇਵਾਰੀ ਸਹਿਜ ਸੁਭਾਅ ਨਿਭਾਉਣ ਲਈ ਤਿਆਰ ਰਹਿੰਦੀ ਹੈ।
ਕੁਝ ਵਰ੍ਹੇ ਹੋਏ ਜਦੋਂ ਬਲਵੰਤ ਗਾਰਗੀ, ਟਰਾਂਟੋ ਮੇਰੇ ਘਰ ਆਇਆ, ਤਾਂ ਉਸ ਨੇ
ਦੱਸਿਆ ਹੈ ਕਿ ਇੱਕ ਦਿਨ ਸਵੇਰੇ-ਸਵੇਰੇ ਸੋਢੀ ਨਵਾਂ ਕੋਟ ਪਾਈ ਉਸਦੇ ਘਰ ਆਇਆ ਤੇ
ਬੋਲਿਆ, “ਬਲਵੰਤ, ਕੱਲ੍ਹ ਮੇਰਾ ਵਿਆਹ ਸੁਰਿੰਦਰ ਕੌਰ ਨਾਲ ਹੋ ਰਿਹਾ ਹੈ, ਕੀ ਤੂੰ
ਮੇਰੇ ਨਾਲ ਚੱਲੇਂਗਾ?” ਬਲਵੰਤ ਗਾਰਗੀ ਦੇ ਕਹਿਣ ਅਨੁਸਾਰ ਇਹ ਗੱਲ ਉਸ ਨੂੰ ਇਵੇਂ
ਲੱਗੀ ਜਿਵੇਂ ਅੱਜ ਕੱਲ੍ਹ ਕੋਈ ਆਖੇ ਮੇਰਾ ਵਿਆਹ ਜ਼ੀਨਤ ਅਮਾਨ ਨਾਲ ਹੋ ਰਿਹਾ ਹੈ।
ਸੁਰਿੰਦਰ ਕੌਰ ਕਹਿੰਦੀ ਹੈ, “ਸੰਤਾਲੀ ਦੀ ਵੰਡ ਤੋਂ ਬਾਦ ਦੋਸਤ ਮਿੱਤਰ ਰਿਸ਼ਤੇਦਾਰ
ਖਿੰਡ-ਪੁੰਡ ਗਏ ਸਨ। ਘਰ ਦਿਆਂ ਨੂੰ ਕਾਹਲ਼ੀ ਸੀ ਕਿ ਧੀ ਜਵਾਨ ਹੈ, ਵਿਆਹ ਕਰਕੇ
ਸੁਰਖ਼ਰੂ ਹੋਵੀਏ।” ਉਹ ਅਜੇ ਅਠਾਰਾਂ ਸਾਲਾਂ ਦੀ ਹੀ ਸੀ ਕਿ ਜੋਗਿੰਦਰ ਸਿੰਘ ਸੋਢੀ
ਨਾਲ ਗ਼ਾਜ਼ੀਆਬਾਦ ਵਿੱਚ ਉਸ ਦਾ ਵਿਆਹ ਹੋ ਗਿਆ। ਸੋਢੀ ਸਾਹਿਬ ਉਨ੍ਹੀਂ ਦਿਨੀਂ
ਫ਼ਰੀਦਕੋਟ ਵਿੱਚ, ਅਤੇ ਬਾਅਦ ਵਿੱਚ ਦਿੱਲੀ ਦੇ ਖ਼ਾਲਸਾ ਕਾਲਜ ਵਿੱਚ ਪੰਜਾਬੀ ਦੇ
ਪ੍ਰੋਫ਼ੈਸਰ ਰਹੇ। 1948 ਵਿੱਚ ਹੋਏ ਇਸ ਵਿਆਹ ਵਿੱਚ ਸੋਢੀ ਸਾਹਿਬ ਦੇ ਕੇਵਲ ਚਾਰ
ਬਰਾਤੀ ਸਨ-ਬਲਵੰਤ ਗਾਰਗੀ, ਅਚਲਾ ਸਚਦੇਵ, ਗਿਆਨ ਸਿੰਘ ਸਚਦੇਵ ਤੇ ਡਾ: ਇੰਦਰਜੀਤ
ਸਿੰਘ। ਜਦੋਂ ਗ਼ਾਜ਼ੀਆਬਾਦ ਜੰਝ ਢੁੱਕੀ ਤਾਂ ਸੁਰਿੰਦਰ ਕੌਰ ਆਪਣੇ ਵਿਆਹ ਦੇ ਗੀਤ
ਆਪ ਗਾ ਰਹੀ ਸੀ। ਇਸ ਭੋਲ਼ੇਪਨ ਦੀ ਗੱਲ ਕਰਕੇ ਉਹ ਆਪ ਹੱਸ ਪੈਂਦੀ ਹੈ। ਸੁਰਿੰਦਰ
ਕੌਰ ਦੀ ਸੁਹਾਗ-ਰਾਤ ਬਲਵੰਤ ਗਾਰਗੀ ਦੇ, ਕਸਤੂਰਬਾ ਰੋਡ, ਦਿੱਲੀ ਵਾਲ਼ੇ, ਘਰ
ਬੀਤੀ। ਦਿਲਚਸਪ ਘਟਨਾ ਇਹ ਵੀ ਹੈ ਕਿ ਜਦੋਂ ਨਵ-ਵਿਆਹੀ ਜੋੜੀ ਸਵੇਰ ਸਾਰ ਜਾਗੀ ਤਾਂ
ਬਲਵੰਤ ਗਾਰਗੀ ਤਾਨਪੁਰਾ ਲਈ ਭੈਰਵੀ ਦਾ ਆਲਾਪ ਕਰ ਰਿਹਾ ਸੀ। ਚੰਗੇ ਭਾਗਾਂ ਨੂੰ
ਪਤੀ ਖ਼ੂਬਸੂਰਤ ਦਿਲ ਵਾਲਾ ਤੇ ਕਲਾ ਪੱਖੋਂ ਜ਼ਹੀਨ ਮਿਲਿਆ।
ਸ਼ੁਰੂ-ਸ਼ੁਰੂ ਵਿੱਚ ਸੁਰਿੰਦਰ ਕੌਰ ਹਿੰਦੀ ਦੇ ਗਾਣੇ ਅਤੇ ਗ਼ਜ਼ਲਾਂ ਗਾਉਂਦੀ ਸੀ।
ਸ਼ਾਦੀ ਤੋਂ ਬਾਅਦ ਸੁਰਿੰਦਰ ਕੌਰ ਆਪਣੇ ਪਤੀ ਨਾਲ ਬੰਬਈ ਚਲੀ ਗਈ। ਉਸ ਨੇ ਹਿੰਦੀ
ਦੀਆਂ ਕੋਈ 15 ਕੁ ਫਿਲਮਾਂ ਵਿੱਚ ਹਿੱਟ ਗੀਤ ਗਾਏ। “ਸ਼ਾਦੀ ਕੀ ਰਾਤ”, “ਨਾਵ”,
“ਲਾਲ ਦੁਪੱਟਾ”, “ਨਦੀਆ ਕੇ ਪਾਰ”, “ਬਾਵਰੇ ਨੈਨ”, ਤੇ “ਸ਼ਹੀਦ” ਦੇ ਗਾਣੇ ਅੱਜ
ਵੀ ਜਦੋਂ ਰੇਡੀਓ ਉੱਤੇ ਵੱਜਦੇ ਹਨ, ( “ਬਦਨਾਮ ਨਾ ਹੋ ਜਾਏ ਮੁਹੱਬਤ ਕਾ ‘ਫ਼ਸਾਨਾ,
ਓ ਦਰਦ ਭਰੇ ਆਂਸੂਓ ਆਂਖੋਂ ਮੇ ਨਾ ਆਨਾ” ) ਤਾਂ ਮਨ ਝੂੰਮ ਉੱਠਦਾ ਹੈ। ‘ਸ਼ਹੀਦ’
ਫਿਲਮ ਦਾ ਸੰਗੀਤ ਮਾਸਟਰ ਗ਼ੁਲਾਮ ਹੈਦਰ ਨੇ ਤਿਆਰ ਕੀਤਾ ਸੀ। ਇਸੇ ਸ਼ਹਿਰ ਵਿੱਚ
ਸੁਰਿੰਦਰ ਕੌਰ ਦੀ ਵੱਡੀ ਧੀ ਡੌਲੀ ਦਾ ਜਨਮ ਹੋਇਆ।
ਸੁਰਿੰਦਰ ਕੌਰ ਦੀ ਗਾਇਕੀ ਸਟੇਜ ਉੱਤੇ ਹੀ ਜਲਾਲ ਵਿੱਚ ਆਉਂਦੀ ਹੈ। ਉਹ ਕਹਿੰਦੀ ਹੈ
ਕਿ ਬੰਦ ਕਮਰੇ ਵਿੱਚ ਗਾਣਾ ਕੈਦ ਹੋਣ ਵਾਂਗ ਹੈ। ਇਸ ਨਾਲ ਤੁਰੰਤ ਹੁੰਗਾਰਾ ਨਹੀਂ
ਮਿਲਦਾ ਜੋ ਮੰਚ ਉੱਤੇ ਗਾ ਕੇ, ਹੁਲਾਸ ਨਾਲ ਭਰੇ ਚਿਹਰਿਆਂ ਤੋਂ ਪ੍ਰਾਪਤ ਹੁੰਦਾ
ਹੈ। ਫਿਲਮਾਂ ਵਿੱਚ ਗਾਉਣਾ, ਬੰਦ ਕਮਰੇ ਵਿੱਚ, ਮਕੈਨਕੀ ਢੰਗ ਦਾ ਹੁੰਦਾ ਹੈ।
ਸ਼ਾਇਦ ਇਸੇ ਲਈ ਕੁਝ ਦੇਰ ਬਾਅਦ ਬੰਬਈ ਵਿੱਚ ਸੁਰਿੰਦਰ ਕੌਰ ਬਿਮਾਰ ਹੋ ਗਈ, ਸਰੀਰਕ
ਤੌਰ ਉੱਤੇ ਵੀ, ਤੇ ਮਾਨਸਿਕ ਤੌਰ ਤੇ ਵੀ। ਉਨ੍ਹੀਂ ਦਿਨੀਂ ਉਹ ਆਪਣੇ ਮਾਂ ਬਾਪ
ਕੋਲ਼ ਦਿੱਲੀ ਮੁੜ ਗਈ। ਉਹ ਬੰਬਈ ਦੇ ਮੌਸਮ ਤੋਂ ਬਹੁਤੀ ਖ਼ੁਸ਼ ਨਹੀਂ ਸੀ ਅਤੇ ਨਾ
ਹੀ ਫਿਲਮ ਇੰਡਸਟਰੀ ਵਿੱਚ ਕੰਮ ਕਰਨ ਨਾਲ ਉਸ ਨੂੰ ਉਹ ਖ਼ੁਸ਼ੀ ਮਿਲ ਰਹੀ ਸੀ ਜੋ
ਸਰੋਤਿਆਂ ਸਾਹਮਣੇ ਮੰਚ ਉੱਤੇ ਗਾਉਣ ਨਾਲ ਮਿਲਦੀ ਸੀ। ਮਾਪਿਆਂ ਦੀ ਸਲਾਹ ਉੱਤੇ
ਬੰਬਈ ਨੂੰ ਅਲਵਿਦਾ ਕਹਿਕੇ ਉਹ ਪੱਕੇ ਤੌਰ ਉੱਤੇ ਦਿੱਲੀ ਪਰਤ ਆਈ। ਬਿਮਾਰੀ ਤੋਂ
ਬਿਨਾਂ ਸੁਰਿੰਦਰ ਕੌਰ ਦੇ ਬੰਬਈ ਛੱਡਣ ਦੇ ਕੁਝ ਕਾਰਣ ਹੋਰ ਵੀ ਸਨ: ਇੱਕ ਤਾਂ
ਮੰਗੇਸ਼ਕਰ ਭੈਣਾਂ ਦੇ ਪ੍ਰਵੇਸ਼ ਨਾਲ ਫਿਲਮਾਂ ਦੀ ਗਾਇਕੀ ਵਿੱਚ ਆਇਆ ਪਰਵਰਤਨ,
ਦੂਸਰਾ ਉਸ ਦੇ ਪਤੀ ਦੀ ਅਸਫ਼ਲਤਾ ਜੋ ਕਿ ਸੰਵਾਦ ਲੇਖਕ ਬਣਨਾ ਲੋਚਦਾ ਸੀ, ਪਰ ਆਪਣੇ
ਮੰਤਵ ਵਿੱਚ ਪੂਰੀਆਂ ਨਾ ਪਾ ਸਕਿਆ।
ਬੰਬਈ ਅਤੇ ਫਿਲਮ ਇੰਡਸਟਰੀ ਛੱਡਣ ਨਾਲ ਪੰਜਾਬੀ ਲੋਕ ਗਾਇਕੀ ਦੇ ਜਿਵੇਂ ਭਾਗ ਹੀ
ਖੁੱਲ੍ਹ ਗਏ। ਜੇ ਸੁਰਿੰਦਰ ਕੌਰ ਬੰਬਈ ਰਹਿੰਦੀ ਤਾਂ ਪਤਾ ਨਹੀਂ ਉਸਦਾ ਰੁਤਬਾ
ਕਿੱਡਾ ਵੱਡਾ ਹੁੰਦਾ, ਪਰ ਲੋਕ ਗੀਤ ‘ਲੱਠੇ ਦੀ ਚਾਦਰ’ ਤੋਂ ਲੈ ਕੇ ਸ਼ਿਵ ਬਟਾਲਵੀ
ਤੱਕ ਦੀ ਸੰਜੀਦਾ ਸ਼ਾਇਰੀ ਕੌਣ ਗਾਉਂਦਾ?
ਦੈਵੀ ਖਿੱਚ ਹੀ ਸੀ ਜਿਸ ਨੇ ਦੋਨਾਂ ਭੈਣਾਂ ਪ੍ਰਕਾਸ਼ ਤੇ ਸੁਰਿੰਦਰ ਕੌਰ ਨੂੰ,
ਪੰਜਾਬੀ ਲੋਕ ਗੀਤਾਂ ਦੇ ਨੇੜੇ ਲਿਆਂਦਾ। ਉਹ ਗੀਤ ਜੋ ਕੇਵਲ ਘਰਾਂ ਦੀਆਂ ਨੁੱਕਰਾਂ
ਤੱਕ ਸੀਮਤ ਸਨ, ਇਨ੍ਹਾਂ ਭੈਣਾਂ ਨੇ ਵਿਸ਼ਵ ਪੱਧਰ ਉੱਤੇ ਪਹੁੰਚਾ ਕੇ ਪੰਜਾਬੀਆਂ ਦੇ
ਸੱਭਿਆਚਾਰ ਦਾ ਅੰਗ ਬਣਾ ਦਿੱਤੇ। ਉਨ੍ਹਾਂ ਦੀ ਆਵਾਜ਼ ਵਿਚਲੀ ਲਚਕ ਅਤੇ ਮਿਠਾਸ ਨੇ
ਇਨ੍ਹਾਂ ਗੀਤਾਂ ਨੂੰ ਅਮਰ ਕਰ ਦਿੱਤਾ ਹੈ।
ਬੰਬਈ ਤੋਂ ਦਿੱਲੀ ਆ ਕੇ ਸੁਰਿੰਦਰ ਕੌਰ ਕੇਵਲ ਰੇਡੀਓ ਉੱਤੇ ਜਾਂ ਉੱਚੇ ਪੱਧਰ ਦੇ
ਪਰੋਗਰਾਮਾਂ ਉੱਤੇ ਹੀ ਗਾਉਂਦੀ ਸੀ। ਇੱਕ ਗੱਲ ਸੋਢੀ ਸਾਹਿਬ ਨੇ ਮਨਵਾ ਲਈ ਸੀ ਕਿ
ਵਿਆਹਾਂ ਦੇ ਪ੍ਰੋਗਰਾਮਾਂ ਉੱਤੇ ਨਹੀਂ ਗਾਉਣਾ। ਵੱਡਾ ਕਾਰਣ ਇਹ ਸੀ ਕਿ ਵਿਆਹਾਂ
ਸ਼ਾਦੀਆਂ ਦੇ ਪ੍ਰੋਗਰਾਮਾਂ ਵਿੱਚ ਕਈ ਵਾਰ ਮਾਹੌਲ ਬੜਾ ਹਲਕਾ ਹੋ ਜਾਂਦਾ ਹੈ। ਇੱਕ
ਵਾਰ, ਉਦੋਂ ਦੇ, ਪੰਜਾਬ ਦੇ ਮੁੱਖ-ਮੰਤਰੀ ਸ: ਪ੍ਰਤਾਪ ਸਿੰਘ ਕੈਰੋਂ ਦੇ ਕਿਸੇ
ਰਿਸ਼ਤੇਦਾਰ ਦੀ ਸ਼ਾਦੀ ਉੱਤੇ ਗਾਉਣ ਲਈ ਸੁਰਿੰਦਰ ਕੌਰ ਨੂੰ ਬੁਲਾਇਆ ਗਿਆ। ਕੈਰੋਂ
ਸਾਹਿਬ ਨੂੰ ਕੌਣ ਨਾਂਹ ਕਰਦਾ? ਉਹ ਚਲੀ ਗਈ। ਉਸ ਨੇ ਮਨ ਵਿੱਚ ਸੋਚਿਆ ਇੱਕ ਵਾਰੀ
ਦੀ ਕੁਤਾਹੀ ਕਿਹੜੀ ਵੱਡੀ ਗੱਲ ਹੈ। ਪਰੋਗਰਾਮ ਉੱਤੇ ਖ਼ੂਬ ਮਾਹੌਲ ਬੱਝਾ। ਨੋਟਾਂ
ਦੇ ਥੱਬੇ ਇਨਾਮ ਵਜੋਂ ਮਿਲੇ। ਇੰਨੇ ਨੋਟ ਕਿ ਇਕੱਠੇ ਕਰਨੇ ਤੇ ਸਾਂਭਣੇ ਮੁਸ਼ਕਿਲ
ਹੋ ਗਏ। ਨਾਲ ਗਏ ਨੌਕਰ ਅਤੇ ਡਰਾਈਵਰ ਨੂੰ ਦੋ-ਦੋ ਮਹੀਨੇ ਦੀਆਂ ਤਨਖਾਹਾਂ ਅਡਵਾਂਸ
ਦੇ ਦਿੱਤੀਆਂ ਤੇ ਉਨ੍ਹਾਂ ਨੂੰ ਇਹ ਵੀ ਕਿਹਾ ਕਿ ਘਰ ਜਾਕੇ ਸੋਢੀ ਸਾਹਿਬ ਨੂੰ ਇਸ
ਬਾਰੇ ਕੁਝ ਨਹੀਂ ਦੱਸਣਾ। ਘਰ ਆ ਕੇ ਸੁਰਿੰਦਰ ਕੌਰ ਨੇ ਨੋਟਾਂ ਦੀ ਪੋਟਲੀ ਸੋਢੀ
ਸਾਹਿਬ ਅੱਗੇ ਲਿਆ ਧਰੀ। ਇੰਨੇ ਸਾਰੇ ਨੋਟ ਵੇਖ ਕੇ ਉਨ੍ਹਾਂ ਨੂੰ ਸ਼ੱਕ ਹੋ ਗਿਆ।
ਨੌਕਰ ਨੇ ਡਰਦੇ ਮਾਰੇ ਸਭ ਕੁਝ ਦੱਸ ਦਿੱਤਾ। ਗੁੱਸੇ ਵਿੱਚ ਸੋਢੀ ਹੋਰਾਂ ਨੇ ਪੋਟਲੀ
ਖਿੜਕੀ ਵਿੱਚੋਂ ਬਾਹਰ ਵਗਾਹ ਮਾਰੀ ਤੇ ਕਿਹਾ, “ਮੈਨੂੰ ਨਹੀਂ ਇਹੋ ਜਿਹੀ ਕਮਾਈ ਦੀ
ਲੋੜ।” ਸੁਰਿੰਦਰ ਕੌਰ ਸ਼ਰਮਸਾਰ ਸੀ। ਫਿਰ ਉਸ ਨੇ ਕਿੰਨਾ ਚਿਰ ਵਿਆਹਾਂ ਉੱਤੇ
ਨਹੀਂ ਗਾਇਆ।
ਆਖ਼ਰ ਇੱਕ ਦਿਨ ਸੁਰਿੰਦਰ ਕੌਰ ਨੇ ਸੋਢੀ ਸਾਹਿਬ ਨੂੰ ਰਾਜ਼ੀ ਕਰ ਲਿਆ ਕਿ ਉਹ ਉਸ
ਦਾ ਵਿਆਹ ਦਾ ਇੱਕ ਪਰੋਗਰਾਮ ਖ਼ੁਦ ਆਪ ਵੇਖਣ; ਜੇ ਉਨ੍ਹਾਂ ਨੂੰ ਬੁਰਾ ਲੱਗੇਗਾ, ਉਹ
ਮੁੜ ਇਹੋ ਜਿਹੇ ਪਰੋਗਰਾਮ ਨਹੀਂ ਕਰੇਗੀ। ਦਿੱਲੀ ਵਿੱਚ ਹੋਏ ਇੱਕ ਪਰੋਗਰਾਮ ਨੂੰ
ਉਨ੍ਹਾਂ ਨੇ ਦੂਰੋਂ ਆਪਣੀ ਕਾਰ ਵਿੱਚ ਬਹਿ ਕੇ ਵੇਖਿਆ। ਉਸ ਦਿਨ ਤੋਂ ਬਾਅਦ
ਸੁਰਿੰਦਰ ਕੌਰ ਨੂੰ ਸ਼ਾਦੀਆਂ ਦੇ ਪ੍ਰੋਗਰਾਮ ਕਰਨ ਲਈ ਪੂਰੀ ਛੁੱਟੀ ਮਿਲ ਗਈ।
ਪੰਜਾਬੀ ਅਤੇ ਮਨੋਵਿਗਿਆਨ ਦੇ ਵਿਦਵਾਨ ਹੋਣ ਦੇ ਨਾਲ਼-ਨਾਲ਼, ਸੋਢੀ ਹੋਰੀਂ ਸੰਗੀਤ
ਅਤੇ ਸ਼ਾਇਰੀ ਦੇ ਪਾਰਖੂ ਵੀ ਸਨ। ਉਨ੍ਹਾਂ ਨੇ ਸੁਰਿੰਦਰ ਕੌਰ ਨੂੰ ਬਹੁਤ ਉਤਸ਼ਾਹਿਤ
ਕੀਤਾ। ਉਹ ਖ਼ੁਦ ਗੀਤਾਂ ਦੀ ਚੋਣ ਕਰਦੇ ਅਤੇ ਪੰਨਾਂ ਲਾਲ ਕੱਥਕ ਵਰਗੇ ਸੁਚੱਜੇ
ਸੰਗੀਤ ਨਿਰਦੇਸ਼ਕਾਂ ਕੋਲ਼ੋਂ ਤਰਜ਼ਾਂ ਬਣਵਾਉਂਦੇ। ਸੁਰਿੰਦਰ ਕੌਰ ਨੇ ਗਾਇਕੀ ਦੇ
ਖੇਤਰ ਵਿੱਚ ਜੋ ਸਫ਼ਲਤਾ ਹਾਸਲ ਕੀਤੀ ਹੈ, ਉਸ ਵਿੱਚ ਸੋਢੀ ਸਾਹਿਬ ਦਾ ਬਹੁਤ ਵੱਡਾ
ਹੱਥ ਸੀ। ਸੋਢੀ ਸਾਹਿਬ ਦੀ 1975 ਵਿੱਚ ਬੇ-ਮੌਕਾ ਮੌਤ ਨੇ ਜਿੱਥੇ ਸੁਰਿੰਦਰ ਕੌਰ
ਨੂੰ ਮਾਨਸਿਕ ਪੱਖੋਂ ਵਲੂੰਧਰ ਸੁੱਟਿਆ, ਉੱਥੇ ਉਸਦੀ ਗਾਇਕੀ ਨੂੰ ਵੀ ਵੱਡੀ ਸੱਟ
ਵੱਜੀ। ਹੁਣ ਉਸ ਨੂੰ ਪਤੀ ਦੇ ਨਾਲ਼-ਨਾਲ਼ ਗੀਤਾਂ ਦੀ ਚੋਣ ਕਰਨ ਵਿੱਚ ਸਹਿਯੋਗ ਦੇਣ
ਵਾਲ਼ੇ ਸੱਜਣ ਦੀ ਘਾਟ ਵੀ ਮਹਿਸੂਸ ਹੁੰਦੀ ਹੈ।
ਲੋਕ ਗੀਤਾਂ ਤੋਂ ਇਲਾਵਾ ਸੁਰਿੰਦਰ ਕੌਰ ਨੇ, ਅੰਮ੍ਰਿਤਾ ਪ੍ਰੀਤਮ, ਮੋਹਨ ਸਿੰਘ,
ਸ਼ਿਵ ਕੁਮਾਰ ਅਤੇ ਪੰਜਾਬੀ ਦੇ ਅਨੇਕਾਂ ਕਵੀਆਂ ਨੂੰ ਸੁਰ ਬਖਸ਼ੇ ਹਨ। ਉਸ ਦੀ ਸਭ
ਤੋਂ ਵਧ ਮਨਭਾਉਂਦੀ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਅਤੇ ਕਵੀ ਸ਼ਿਵ ਬਟਾਲਵੀ ਹਨ। ਉਸ
ਦਾ ਖਿਆਲ ਹੈ ਕਿ ਅੰਮ੍ਰਿਤਾ ਦੇ ਗੀਤ ਆਮ ਸਰੋਤਿਆਂ ਦੀ ਸੋਚ-ਪੱਧਰ ਤੋਂ ਉਤਾਂਹ
ਹਨ। ਪਰ ਇੱਕ ਵਾਰੀ ਚੱਬੇਵਾਲ ਹੋਈ ਅਮਨ ਕਾਨਫਰੰਸ ਵਿੱਚ ਲੱਖ ਦੇ ਲੱਗਪੱਗ ਇਕੱਠ
ਅੱਗੇ ਜਦੋਂ “ਨਿੰਮੀ-ਨਿੰਮੀ ਤਾਰਿਆਂ ਦੀ ਲੋਅ” ਗਾਇਆ ਤਾਂ ਸੁਰਿੰਦਰ ਕੌਰ ਨੇ
ਪਿੰਡਾਂ ਦੇ ਲੋਕਾਂ ਨੂੰ ਕੀਲ ਕੇ ਰੱਖ ਦਿਤਾ। ਕਿਤਾਬਾਂ ਵਿੱਚ ਛਪੇ ਗੀਤਾਂ ਦੀ ਗੱਲ
ਹੋਰ ਹੈ। ਪਾਠਕਾਂ ਨੂੰ ਇਨ੍ਹਾਂ ਗੀਤਾਂ ਪਾਸ ਆਪ ਜਾਣਾ ਪੈਂਦਾ ਹੈ। ਸਾਡੇ ਆਮ ਲੋਕ
ਇੰਨੀ ਖੇਚਲ ਕਰਨ ਵਾਲ਼ੇ ਨਹੀਂ। ਇਸੇ ਲਈ ਸੁਰਿੰਦਰ ਕੌਰ ਵਰਗਿਆਂ ਦੀ ਸਾਹਿਤ ਤੇ
ਸੱਭਿਆਚਾਰ ਨੂੰ ਦੇਣ ਦਾ ਅਹਿਸਾਸ ਜਾਗਦਾ ਹੈ। ਮਿੱਠੀ ਸੁਰੀਲੀ ਆਵਾਜ਼ ਨਾਲ ਗੀਤ ਦੇ
ਸ਼ਬਦਾਂ ਵਿੱਚ ਨਵੀਂ ਜ਼ਿੰਦਗੀ ਧੜਕ ਪੈਂਦੀ ਹੈ। ਸੁਰਿੰਦਰ ਕੌਰ ਨੇ ਜਿਸ ਅੰਦਾਜ਼
ਵਿੱਚ ਸ਼ਿਵ ਗਾਇਆ ਹੈ, ਉਹ ਬਹੁਤ ਹੀ ਮਨਭਾਉਣਾ ਹੈ। ਇੰਜ ਲਗਦੈ ਜਿਵੇਂ ਸ਼ਿਵ ਦਾ
ਬਿਰਹਾ ਸੁਰਿੰਦਰ ਆਪ ਹੰਢਾਅ ਰਹੀ ਹੋਵੇ। ਸੁਰਿੰਦਰ ਕੌਰ ਕੋਲ਼ ਕਵਿਤਾ ਦੇ ਬੋਲਾਂ
ਨੂੰ ਸਮਝ ਕੇ ਭਾਵ ਦੇਣ ਦੀ ਤਕੜੀ ਸਮਰੱਥਾ ਹੈ।
ਇੱਕ ਵੇਲਾ ਸੀ ਜਦੋਂ ਕਿਸੇ ਵੀ ਸਭਿਆਚਾਰਕ ਪਰੋਗਰਾਮ ਵਿੱਚ ਸੁਰਿੰਦਰ ਕੌਰ ਦਾ ਹੋਣਾ
ਜ਼ਰੂਰੀ ਸਮਝਿਆ ਜਾਂਦਾ ਸੀ। ਸੁਰਿੰਦਰ ਕੌਰ ਅਤੇ ਆਸਾ ਸਿੰਘ ਮਸਤਾਨਾ ਦੀ ਜੋੜੀ
ਬਹੁਤ ਦੇਰ ਤੱਕ ਸਰੋਤਿਆਂ ਲਈ ਖਿੱਚ ਦਾ ਕੇਂਦਰ ਬਣੀ ਰਹੀ। ਦੋਨੋਂ ਜਿੱਥੇ ਪੁੱਜ ਗਏ
ਤਾਂ ਸਮਝੋ ਪਰੋਗਰਾਮ ਕਾਮਯਾਬ। ਸੁਰਿੰਦਰ ਕੌਰ ਦਾ ਵਿਚਾਰ ਹੈ ਕਿ ਜੇ ਪੰਜਾਬੀ
ਸੱਭਿਆਚਾਰ ਨੂੰ ਪੱਧਰ ‘ਤੋਂ ਨੀਵੇਂ ਨਹੀਂ ਹੋਣ ਦੇਣਾ, ਤਾਂ ਮੰਚ ਉੱਤੇ ਗਾ ਰਹੇ
ਕਲਾਕਾਰਾਂ ਨੂੰ ਹੋਰ ਗੰਭੀਰ ਅਤੇ ਜਿੰਮੇਵਾਰ ਹੋਣਾ ਪਵੇਗਾ।
ਸੁਰਿੰਦਰ ਕੌਰ ਨੇ ਪੰਜਾਬ ਦੇ ਕਈ ਹੋਰ ਗਾਇਕਾਂ ਨਾਲ ਦੁਗਾਣੇ ਵੀ ਰਿਕਾਰਡ ਕਰਵਾਏ।
ਇਸ ਲੰਮੀ ਲਿਸਟ ਵਿੱਚ ਸਭ ਤੋਂ ਪਹਿਲਾ ਨਾਂ ਹਰਚਰਨ ਗਰੇਵਾਲ ਦਾ ਹੈ, ਇਨ੍ਹਾਂ ਦਾ
ਗਾਇਆ “ਹੋਇਆਂ ਕੀ ਜੇ ਕੁੜੀ ਏਂ ਤੂੰ ਦਿੱਲੀ ਸ਼ਹਿਰ ਦੀ, ਮੈਂ ਵੀ ਜੱਟ ਲੁਧਿਆਣੇ
ਦਾ” ਹਰ ਘਰ ਵਿੱਚ ਗੂੰਜਿਆ। ਇਸ ਤੋਂ ਬਾਅਦ ਸੁਰਿੰਦਰ ਕੌਰ ਤੇ ਹਰਚਰਨ ਗਰੇਵਾਲ ਨੇ
ਅਨੇਕਾਂ ਹਿੱਟ ਗੀਤ ਦਿੱਤੇ ਜਿਨ੍ਹਾਂ ਵਿੱਚ “ਮੋਟਰ ਮਿੱਤਰਾਂ ਦੀ ਚੱਲ ਬਰਨਾਲ਼ੇ
ਚੱਲੀਏ”, “ਤੂੰ ਕਾਹਦਾ ਲੰਬੜਦਾਰ ਵੇ ਦਰਵਾਜ਼ਾ ਹੈ ਨੀ”, “ਮੈਂ ਵੈਲਣ ਹੋ ਜਾਊਂਗੀ”
ਆਦਿ ਸ਼ਾਮਲ ਹਨ। ਸੁਰਿੰਦਰ ਕੌਰ ਨੇ ਸਭ ਤੋਂ ਵੱਧ ਦੁਗਾਣੇ ਗਰੇਵਾਲ ਨਾਲ ਹੀ ਗਾਏ
ਹਨ। ਇਸ ਤੋਂ ਇਲਾਵਾ ਮੁਹੰਮਦ ਸਦੀਕ, ਰਮੇਸ਼ ਰੰਗੀਲਾ, ਸਾਬਰ ਹੁਸੈਨ ਸਾਬਰ, ਕਰਨੈਲ
ਗਿੱਲ, ਰੰਗੀਲਾ ਜੱਟ, ਦੀਦਾਰ ਸੰਧੂ ਆਦਿ ਨਾਂ ਵਰਨਣ ਯੋਗ ਹਨ। ਸੁਰਿੰਦਰ ਕੌਰ ਨੇ
ਇਹ ਸਾਰੇ ਗੀਤ ਕੇਵਲ ਕੰਪਨੀ ਦੇ ਵਿਉਪਾਰਿਕ ਪੱਖ ਨੂੰ ਸਾਹਮਣੇ ਰੱਖ ਕੇ ਹੀ ਰਿਕਾਰਡ
ਕਰਾਏ ਹਨ। ਸੁਰਿੰਦਰ ਕੌਰ ਦਾ ਗਾਇਆ ਇੱਕ ਦੁਗਾਣਾ “ਭਾਂਡੇ ਕਲੀ ਕਰਾ ਲਓ” ਭਾਵੇਂ
ਮਕਬੂਲ ਹੋਇਆ, ਪਰ ਕਈ ਵਰ੍ਹੇ ਅਲੋਚਨਾਂ ਦਾ ਵਿਸ਼ਾ ਬਣਿਆ ਰਿਹਾ। ਇਸ ਵਿੱਚ
ਸੁਰਿੰਦਰ ਕੌਰ ਦਾ ਵੀ ਕਸੂਰ ਨਹੀਂ, ਇਹੋ ਜਿਹੇ ਗੀਤ ਉਸ ਨੇ ਕਦੇ ਵੀ ਸਟੇਜਾਂ ਉੱਤੇ
ਨਹੀਂ ਗਾਏ ਤੇ ਨਾ ਹੀ ਉਸ ਦੀ ਕਾਪੀ ਵਿੱਚ ਦਰਜ ਹਨ। ਸਟੂਡੀਓ ਜਾਂਦੀ, ਅਤੇ ਗੀਤ
ਰਿਕਾਰਡ ਕਰਾਕੇ ਉੱਥੇ ਹੀ ਪਾੜਕੇ ਸੁੱਟ ਆਉਂਦੀ ਹੈ। ਉਹ ਹਿਜ਼ ਮਾਸਟਰ ਵਾਇਸ ਕੰਪਨੀ
ਨੂੰ ਕਸੂਰਵਾਰ ਦੱਸਦੀ ਹੈ, ਪਰ ਮੇਰੇ ਖਿਆਲ ਵਿੱਚ ਸੁਰਿੰਦਰ ਕੌਰ ਜਿਹੀ ਮਹਾਨ
ਕਲਾਕਾਰ ਨੂੰ ਅਜੇਹਾ ਕਰਨ ਤੋਂ ਪਹਿਲਾ ਥੋੜ੍ਹਾ ਜਿਹਾ ਸੋਚ ਲੈਣਾ ਚਾਹੀਦਾ ਸੀ।
ਦਿੱਲੀ ਵਿੱਚ ਇੱਕ ਵਾਰ ਐੱਚ: ਐੱਮ: ਵੀ: ਰਿਕਾਰਡਾਂ ਦੀ ਕੰਪਨੀ ਦੇ ਮੈਨੇਜਰ ਜ਼ਹੀਰ
ਅਹਿਮਦ ਨਾਲ ਇਸ ਸੰਬੰਧ ਵਿੱਚ ਮੇਰੀ ਵੀ ਗੱਲ ਹੋਈ ਸੀ। ਉਸ ਨੇ ਦੱਸਿਆ ਕਿ ਸੁਰਿੰਦਰ
ਕੌਰ ਦਾ ਹਰਚਰਨ ਗਰੇਵਾਲ ਨਾਲ ਗਾਇਆ ਰਿਕਾਰਡ “ਗੋਲ ਮਸ਼ਕਰੀ ਕਰ ਗਿਆ ਨੀ ਬਾਬਾ
ਬਖਤੌਰਾ” ਦੀ ਦਸ ਹਜ਼ਾਰ ਤੋਂ ਵੱਧ ਕਾਪੀ ਵਿਕ ਚੁੱਕੀ ਹੈ ਜਦੋਂ ਕਿ ਉਸ ਦੇ ਆਸਾ
ਸਿੰਘ ਮਸਤਾਨਾ ਦੇ ਐੱਲ: ਪੀ: “ਪੰਜਾਬੀ ਦੇ ਨੌਂ ਰਤਨ” ਦੀ ਇੱਕ ਹਜ਼ਾਰ ਕਾਪੀ ਵੀ
ਨਹੀਂ ਵਿਕੀ। ਮੈਂ ਖ਼ੁਦ ਸੁਰਿੰਦਰ ਕੌਰ ਦਾ ਇੱਕ ਐੱਲ: ਪੀ: “ਤੇਰੀ ਯਾਦ ਆਈ ਏ”
1979 ਵਿੱਚ ਬਣਾਇਆ ਸੀ; ਮੈਂ ਆਪਣੇ ਨਿੱਜੀ ਤਜਰਬੇ ਤੋਂ ਕਹਿ ਸਕਦਾ ਹਾਂ ਕੰਪਨੀ
ਵਾਲ਼ੇ ਸੱਚ ਕਹਿੰਦੇ ਹਨ। ਪੰਜਾਬੀ ਵਿੱਚ ਸਾਹਿਤਕ ਰਿਕਾਰਡਾਂ ਦੀ ਵਿੱਕਰੀ ਤਰਸ ਯੋਗ
ਹੈ। ਪੰਜਾਬੀ ਸਰੋਤਿਆਂ ਨੂੰ ਆਪਣੇ ਸੱਭਿਆਚਾਰ ਤੇ ਸੰਗੀਤ ਪ੍ਰਤੀ ਜਾਗਰਿਤ ਕਰਨ ਲਈ
ਪਤਾ ਨਹੀਂ ਹੋਰ ਕਿੰਨੇ ਕੁ ਸਮੇਂ ਦੀ ਲੋੜ ਹੈ!
ਮੈਂ ਸਮਝਦਾ ਹਾਂ ਕਿ 1980 ਤੱਕ ਸੁਰਿੰਦਰ ਕੌਰ ਦੀ ਗਾਇਕੀ ਆਪਣੇ ਸਿਖਰ ਉੱਤੇ ਸੀ,
ਪਰ ਪਰਵਰਤਨ ਜੀਵਨ ਦਾ ਨਿਯਮ ਹੈ। ਬੇ-ਪਰਵਰਤਨ ਜੀਵਨ ਥੁੜ੍ਹਚਿਰਾ ਤੇ ਅਸਥਿਰ ਜਿਹਾ
ਹੋ ਕੇ ਰਹਿ ਜਾਂਦਾ ਹੈ। ਸੁਰਿੰਦਰ ਕੌਰ ਨੇ ਸਮੇਂ ਦੇ ਨਾਲ ਆਪਣੇ ਆਪ ਨੂੰ, ਆਪਣੇ
ਅੰਦਾਜ਼ ਨੂੰ, ਨਹੀਂ ਬਦਲਿਆ ਨਤੀਜੇ ਵਜੋਂ ਅੱਜ ਕੱਲ੍ਹ ਉਸ ਦੀ ਮੰਗ ਵੀ ਓਨੀ ਨਹੀਂ
ਰਹੀਂ ਜੋ ਅੱਜ ਤੋਂ 15 ਸਾਲ ਪਹਿਲੋਂ ਹੁੰਦੀ ਸੀ। ਭਾਵੇਂ ਉਸ ਦੀ ਆਵਾਜ਼ ਵਿੱਚ ਰੜਕ
ਅੱਜ ਵੀ ਕਾਇਮ ਹੈ, ਪਰ ਉਸ ਦੀ ਸ਼ੈਲੀ ਵਿੱਚ ਕੋਈ ਨਵਾਂ ਚਮਤਕਾਰ ਲਿਸ਼ਕਾਰੇ ਨਹੀਂ
ਮਾਰਦਾ।
ਸੁਰਿੰਦਰ ਕੌਰ ਦੇ ਜੀਵਨ ਵਿੱਚ ਕਈ ਹੈਰਾਨ ਕਰਨ ਵਾਲੀਆਂ ਤੇ ਅਜੀਬ ਘਟਨਾਵਾਂ
ਵਾਪਰੀਆਂ ਹਨ। ਇਨ੍ਹਾਂ ਵਿੱਚੋਂ ਕੁਝ ਕੁ ਦਾ ਜਿਕਰ ਉਹ ਅਕਸਰ ਕਰਦੀ ਹੈ।
ਇੱਕ ਸਮੇਂ ਲਾਹੌਰ ਰੇਡੀਓ ਉੱਤੇ ਉਸ ਦਾ ਗੀਤ “ਢੋਲ ਸਿਪਾਹੀਆ ਵੇ, ਕਿੱਥੇ ਗਿਓਂ
ਦਿਲ ਲਾ ਕੇ” ਬਹੁਤ ਵਜਾਇਆ ਜਾਂਦਾ ਸੀ। ਉਦੋਂ ਉਹ ਵਿਆਹੀ ਹੋਈ ਨਹੀਂ ਸੀ। ਇੱਕ ਦਿਨ
ਕਿਸੇ ਨੇ ਆਣ ਦਰਵਾਜ਼ਾ ਖੜਕਾਇਆ। ਫੌਜੀ ਵਰਦੀ ਵਿੱਚ ਇੱਕ ਗੱਭਰੂ ਦਿਸਿਆ। ਉਹ
ਸੁਰਿੰਦਰ ਨੂੰ ਕਹਿਣ ਲੱਗਾ- “ਤੂੰ ਹੀ ਸੁਰਿੰਦਰ ਕੌਰ ਏਂ? ਤੂੰ ਮੈਨੂੰ ਯਾਦ ਕਰ
ਰਹੀ ਸੀ, ਲੈ ਹੁਣ ਮੈਂ ਆ ਗਿਆ ਹਾਂ!”
ਦੂਜੀ ਘਟਨਾ 1954 ਦੀ ਹੈ। ਉਹ ਰਾਂਚੀ ਇੱਕ ਪਰੋਗਰਾਮ ਉੱਤੇ ਗਈ ਸੀ। ਜਿੱਥੇ ਉਹ
ਠਹਿਰੀ ਸੀ ਉੱਥੇ ਉਸ ਦੇ ਨਹਾਉਣ ਦਾ ਪਰਬੰਧ ਇੱਕ ਚੁਬਾਰੇ ਵਿੱਚ ਸੀ। ਜਦੋਂ ਉਹ ਨਹਾ
ਰਹੀ ਸੀ, ਤਾਂ ਇੱਕ ਬੰਦੇ ਨੇ ਪਰਨਾਲ਼ੇ ਵਿੱਚੋਂ ਡਿਗਦੇ ਪਾਣੀ ਦੀ ਇੱਕ ਚੂਲ਼ੀ ਭਰ
ਕੇ ਪੀ ਲਈ। ਕਿਸੇ ਦੇ ਪੁੱਛਣ ਤੇ ਕਹਿਣ ਲਗਾ, “ਏਨੀ ਸੁਹਣੀ ਆਵਾਜ਼, ਏਨੀ ਸੁਹਣੀ
ਕੁੜੀ। ਉਹਦੇ ਜਿਸਮ ਨੂੰ ਛੋਹ ਕੇ ਆਇਆ ਪਾਣੀ ਮੇਰੇ ਲਈ ਅੰਮ੍ਰਿਤ ਹੈ।”
ਸੁਰਿੰਦਰ ਕੌਰ ਸਿਰਫ ਕਲਾਕਾਰ ਹੀ ਨਹੀਂ, ਉਹ ਇੱਕ ਮਾਂ ਅਤੇ ਵੱਡੇ ਪਰਿਵਾਰ ਦਾ
ਕੇਂਦਰ ਵੀ ਹੈ। ਸੋਢੀ ਸਾਹਿਬ ਦੇ ਪੂਰੇ ਹੋਣ ਤੋਂ ਬਾਅਦ ਸਾਰੇ ਪਰਿਵਾਰ ਦਾ ਬੋਝ ਉਸ
ਉੱਤੇ ਪੈ ਗਿਆ। ਤਿੰਨ ਧੀਆਂ, ਅੱਗੋਂ ਉਨ੍ਹਾਂ ਦੇ ਬੱਚੇ। ਇੱਕ ਸੁਚੱਜੀ ਮਾਂ ਵਾਂਗ
ਉਸ ਨੇ ਪਰਿਵਾਰ ਵਿੱਚ ਨਿੱਤ ਦਿਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਨੂੰ ਸੁਲਝਾਇਆ।
ਉਹ ਅੱਜ ਵੀ ਬਹੁਤਾ ਧਿਆਨ ਆਪਣੀਆਂ ਧੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦੇਂਦੀ
ਹੈ। ਇਹ ਸਭ ਕੁਝ ਕਰਦਿਆਂ ਉਹ ਕਦੇ-ਕਦੇ ਬੇਚੈਨ ਵੀ ਹੋ ਜਾਂਦੀ ਹੈ।
ਸੁਰਿੰਦਰ ਕੌਰ ‘ਪਿਆਰ’ ਸ਼ਬਦ ਦੀ ਪ੍ਰੀਭਾਸ਼ਾ ਨੂੰ ਚੰਗੀ ਤਰ੍ਹਾਂ ਸਮਝਦੀ ਹੈ, ਪਰ
ਵਿਖਾਵੇ ਵਿੱਚ ਵਿਸ਼ਵਾਸ ਨਹੀਂ ਰੱਖਦੀ। ਉਸ ਨੂੰ ਦੁੱਖ ਹੈ ਕਿ ਸਾਡੇ ਮਰਦ ਭਾਰੂ
ਸਮਾਜ ਵਿੱਚ ਅਜੇ ਔਰਤ ਦਾ ਦਰਜਾ ਬਰਾਬਰ ਨਹੀਂ ਹੋ ਸਕਿਆ। ਉਹ ਅੰਮ੍ਰਿਤਾ ਪ੍ਰੀਤਮ
ਦਾ ਇਸ ਗੱਲੋਂ ਹੋਰ ਵੀ ਸਤਿਕਾਰ ਕਰਦੀ ਹੈ ਕਿ ਉਸ ਨੇ ਸਮਾਜ ਦੀ ਪਰਵਾਹ ਨਾ ਕਰਦਿਆਂ
ਉਹ ਕੁਝ ਕੀਤਾ ਜੋ ਉਸ ਦੇ ਦਿਲ ਨੇ ਚਾਹਿਆ। ਉਹ ਕਹਿੰਦੀ ਹੈ, “ਅੰਮ੍ਰਿਤਾ ਬਣਨਾ
ਬਹੁਤ ਔਖਾ ਹੈ!” ਸੁਰਿੰਦਰ ਕੌਰ ਨੇ ਆਪਣਾਂ ਜੀਵਨ ਸਮਾਜਿਕ ਚਾਰਦੀਵਾਰੀ ਵਿੱਚ ਬੜੀ
ਸਿਆਣਪ ਨਾਲ ਗੁਜ਼ਾਰਿਆ ਹੈ।
ਦਸੰਬਰ 1984 ਦੇ ਮਹੀਨੇ ਸੁਰਿੰਦਰ ਕੌਰ ਨੂੰ ਭਾਰਤੀ ਸਾਹਿਤ ਤੇ ਨਾਟਕ ਅਕੈਡਮੀ
ਵਲੋਂ ਸਨਮਾਨਤ ਕੀਤਾ ਗਿਆ। ਦਸੰਬਰ ਦੀ 17 ਤਾਰੀਖ ਨੂੰ ਮੈਂ ਕੈਨੇਡਾ ਤੋਂ ਦਿੱਲੀ
ਪੁੱਜਾ, ਤਾਂ ਹਵਾਈ ਅੱਡੇ ਤੇ ਨੰਦੀ ਅਤੇ ਬੇਬੀ ਲੈਣ ਆਈਆਂ ਹੋਈਆਂ ਸਨ। ਉਨ੍ਹਾਂ ਨੇ
ਦੱਸਿਆ ਕਿ ਮਾਂ ਲੁਧਿਆਣੇ ਪਰੋਗਰਾਮ ਕਰਨ ਗਈ ਹੋਈ ਹੈ। ਤੇਰੇ ਲਈ ਇਹ ਸੁਨੇਹਾ ਛੱਡ
ਗਈ ਹੈ ਕਿ ਤੂੰ 20 ਦਸੰਬਰ ਤੱਕ ਦਿੱਲੀ ਵਾਪਿਸ ਆ ਜਾਵੀਂ ਕਿਉਂ ਕਿ ਮੇਰੀ ਉਨ੍ਹਾਂ
ਨਾਲ 21 ਦਸੰਬਰ ਦੀ ਮਦਰਾਸ ਵਾਸਤੇ ਸੀਟ ਬੁੱਕ ਹੈ, ਜਿੱਥੇ ਉਸ ਨੂੰ ਸਨਮਾਨਤ ਕੀਤੇ
ਜਾਣਾ ਸੀ। ਮੇਰੇ ਲਈ ਇਸ ਤੋ ਵੱਡੀ ਖ਼ੁਸ਼ੀ ਦੀ ਕੀ ਗੱਲ ਹੋ ਸਕਦੀ ਸੀ। ਮੈਨੂੰ
ਬਾਅਦ ਵਿੱਚ ਇਹ ਪਤਾ ਲੱਗਾ ਕਿ ਮੇਰੇ ਆਉਣ ਤੋਂ ਪਹਿਲਾਂ ਸੁਰਿੰਦਰ ਕੌਰ ਦੀ ਵੱਡੀ
ਧੀ ਡੌਲੀ ਨੇ ਉਸ ਨਾਲ ਜਾਣਾ ਸੀ। ਉਸ ਨੇ ਇਸ ਵਿਸ਼ੇਸ਼ ਸਮਾਗਮ ਲਈ ਸੂਟ ਸਿਲਵਾਏ
ਸਨ, ਪਰ ਪਰਿਵਾਰ ਨੇ ਇਹ ਫ਼ੈਸਲਾ ਕੀਤਾ ਕਿ ਮੈਂ ਡੌਲੀ ਨਾਲ਼ੋਂ ਉਮਰ ਵਿੱਚ ਵੱਡਾ
ਹਾਂ, ਇਸ ਲਈ ਹੁਣ ਜਾਣ ਦਾ ਮੇਰਾ ਹੱਕ ਬਣਦਾ ਹੈ। ਇਹ ਗੱਲ ਯਾਦ ਕਰਕੇ ਅੱਜ ਵੀ
ਡੌਲੀ, ਹਾਸੇ ਵਿੱਚ, ਮੇਰੇ ਨਾਲ ਈਰਖ਼ਾ ਕਰਦੀ ਹੈ।
ਮੈਂ 20 ਦਸੰਬਰ ਨੂੰ ਪੰਜਾਬ ਤੋਂ ਦਿੱਲੀ ਪਰਤ ਆਇਆ। ਉਨ੍ਹਾਂ ਦਿਨਾਂ ਵਿੱਚ
ਸੁਰਿੰਦਰ ਕੌਰ ਦਾ ਗਲ਼ਾ ਖਰਾਬ ਸੀ, ਪੂਰੀ ਤਰ੍ਹਾਂ ਆਵਾਜ਼ ਲਾਉਣ ਵਿੱਚ ਉਸ ਨੂੰ
ਔਖਿਆਈ ਹੋ ਰਹੀ ਸੀ। ਉਹ ਡਰ ਰਹੀ ਸੀ ਕਿ ਇਸ ਸਮਾਗਮ ਵਿੱਚ ਭਾਰਤ ਦੇ ਵਿਦਵਾਨ
ਸੰਗੀਤਕਾਰ ਤੇ ਗਵੱਈਏ ਪੁੱਜ ਰਹੇ ਸਨ; ਜੇ ਅੱਛੀ ਤਰ੍ਹਾਂ ਸੁਰ ਨਾ ਲੱਗਾ ਤਾਂ ਕੀ
ਬਣੇਗਾ! ਇੱਜ਼ਤ ਦਾ ਸਵਾਲ ਸੀ। ਉਸ ਨੇ ਸੁੱਖਾਂ ਸੁੱਖੀਆਂ, ਬੰਗਲਾ ਸਾਹਿਬ
ਗੁਰਦਵਾਰੇ ਅਰਦਾਸ ਕਰਨ ਗਈ। ਜਾਣ ਤੋਂ ਇੱਕ ਸ਼ਾਮ ਪਹਿਲਾਂ ਉਹ ਮੈਨੂੰ ਨਾਲ ਲੈ ਕੇ
ਆਪਣੇ ਉਸਤਾਦ ਅਬਦੁਲ ਰਹਿਮਾਨ ਖ਼ਾਨ ਕੋਲ਼ ਅਸ਼ੀਰਵਾਦ ਲੈਣ ਗਈ। ਸੁਰਿੰਦਰ ਕੌਰ ਦੀ
ਹਾਲਤ ਬਹੁਤ ਤਰਸਯੋਗ ਸੀ। ਮੈਂ ਉਸ ਨੂੰ ਇੰਨਾਂ ਪਰੇਸ਼ਾਨ ਪਹਿਲੋਂ ਕਦੀ ਨਹੀਂ ਸੀ
ਵੇਖਿਆ।
ਅਸੀਂ 21 ਦਸੰਬਰ ਨੂੰ ਮਦਰਾਸ ਪੁੱਜੇ। ਅਗਲੇ ਦਿਨ ਸਨਮਾਨ ਸਮਾਰੋਹ ਸੀ। ਦੂਸਰੇ ਦਿਨ
ਸ਼ਾਮ ਨੂੰ ਪਰੋਗਰਾਮ ਪੇਸ਼ ਕਰਨ ਦੀ ਸੁਰਿੰਦਰ ਕੌਰ ਦੀ ਵਾਰੀ ਸੀ। ਸਵੇਰੇ ਉੱਠ
ਸੁਰਿੰਦਰ ਕੌਰ ਨੇ ਆਪਣਾਂ ਨਿੱਤਨੇਮ ਕੀਤਾ। ਉਸ ਦੇ ਹਰਮੋਨੀਅਮ ਅਤੇ ਢੋਲਕ ਵਜਾਉਣ
ਵਾਲ਼ੇ ਪੁੱਜ ਗਏ, ਪਰ ਤਾਰ-ਸ਼ਹਿਨਾਈ ਵਜਾਉਣ ਵਾਲਾ ਅਲਾਉਦੀਨ ਨਹੀਂ ਸੀ ਅੱਪੜਿਆ।
ਉਸ ਨੇ ਬੰਬਈ ਤੋਂ ਮਹਿਦੀ ਹਸਨ ਦਾ ਪਰੋਗਰਾਮ ਕਰਕੇ ਆਉਣਾ ਸੀ। ਸੁਰਿੰਦਰ ਕੌਰ
ਬੇਹੱਦ ਪ੍ਰੇਸ਼ਾਨ ਸੀ। ਮੈਂ ਕਿਹਾ ਘਬਰਾਓ ਨਾ; ਮੈਂ ਕੁਝ ਨਾ ਕੁਝ ਬੰਦੋਬਸਤ ਕਰ ਕੇ
ਆਉਂਦਾ ਹਾਂ। ਮੈਂ ਪੰਡਤ ਕ੍ਰਿਸ਼ਨ ਮਹਾਰਾਜ ਦੇ ਸਾਰੰਗੀ ਵਾਦਕ ਮਿਸ਼ਰਾ ਨੂੰ ਤੇ
ਇੱਕ ਲੋਕਲ ਤਬਲਾ ਵਜਾਉਣ ਵਾਲ਼ੇ ਨੂੰ ਲੈ ਆਇਆ। ਸੁਰਿੰਦਰ ਕੌਰ ਨੇ ਫਿਰ ਉਹੀ ਸਵਾਲ
ਕੀਤਾ, “ਬੱਚਿਆ! ਅੱਜ ਕੀ ਗਾਵਾਂ?”
ਇਸ ਸਮਾਗਮ ਉੱਤੇ ਹਰ ਕਲਾਕਾਰ ਨੂੰ ਕੇਵਲ 45 ਮਿੰਟ ਸਮਾਂ ਦਿੱਤਾ ਗਿਆ ਸੀ। ਮੇਰਾ
ਸੁਝਾਅ ਸੀ ਕਿ 45 ਮਿੰਟ ਵਿੱਚ ਪੰਜਾਬੀ ਸ਼ਾਇਰੀ ਦਾ ਵੱਧ ਤੋਂ ਵੱਧ ਹਰ ਰੰਗ ਪੇਸ਼
ਕਰਨ ਦਾ ਉਪਰਾਲਾ ਕਰਨਾ ਚਾਹੀਦਾ ਹੈ। ਸ਼ੁਰੂਆਤ ਕਿਸੇ ਮਾਅਰਫਤ ਦੀ ਆਈਟਮ ਤੋਂ ਹੋਣੀ
ਚਾਹੀਦੀ ਹੈ, ਤੇ ਫਿਰ ਬਾਕੀ ਹੋਰ ਰੰਗ। ਉਹ ਸਟੇਜ ਉੱਤੇ ਹਾਲੇ ਚੜ੍ਹਨ ਹੀ ਲੱਗੀ ਸੀ
ਕਿ ਅਲਾਉਦੀਨ ਬੰਬਈ ਤੋਂ ਪੁੱਜ ਗਿਆ। ਹੁਣ ਸੁਰਿੰਦਰ ਕੌਰ ਖ਼ੁਸ਼ ਸੀ।
ਸੁਰਿੰਦਰ ਕੌਰ ਨੇ ਪਹਿਲਾਂ ਸ਼ਾਹ ਹੁਸੈਨ ਦੀ ਕਾਫ਼ੀ ‘ਵਿਹੜੇ ਆ ਵੜ ਮੇਰੇ’, ਫਿਰ
ਲੋਕ ਗੀਤ ‘ਲੱਠੇ ਦੀ ਚਾਦਰ’, ‘ਹੀਰ’, ਅਜੋਕੀ ਸ਼ਾਇਰੀ ਵਿੱਚੋਂ ਸ਼ਿਵ ਦੀ ਰਚਨਾ
‘ਵਾਸਤਾ ਈ ਮੇਰਾ ਮੇਰੇ ਦਿਲਾਂ ਦਿਆਂ ਮਹਿਰਮਾਂ’ ਤੇ ਆਖ਼ੀਰ ਵਿੱਚ ‘ਤੂੰਬਾ ਵੱਜਦਾ
ਈ ਨਾ’ ਨਾਲ ਪਰੋਗਰਾਮ ਖ਼ਤਮ ਕੀਤਾ। ਸੁਰਿੰਦਰ ਕੌਰ ਨੂੰ ਮੈਂ ਸਟੇਜਾਂ ਉੱਤੇ
ਗਾਉਦਿਆਂ ਸੈਂਕੜੇ ਵਾਰ ਸੁਣਿਆ ਹੈ, ਪਰ ਉਸ ਸ਼ਾਮ ਉਸ ਉੱਤੇ ਸਰਸਵਤੀ ਦੀ ਮਿਹਰ ਸੀ।
ਇਨ੍ਹਾਂ 5 ਆਈਟਮਾਂ ਨੂੰ 45 ਮਿੰਟ ਦੀ ਬਜਾਏ ਉਸ ਨੇ ਲੱਗਪੱਗ ਡੇਢ ਘੰਟੇ ਵਿੱਚ
ਗਾਇਆ। ਸਰੋਤਿਆਂ ਵਿੱਚ ਪੰਜਾਬੀਆਂ ਦੀ ਗਿਣਤੀ ਘੱਟ ਸੀ, ਤੇ ਮੈਂ ਹਾਲ ਤੋਂ ਬਾਹਰ
ਹਰ ਪਗੜੀ ਵਾਲ਼ੇ ਨੂੰ (ਮਦਰਾਸ ਵਿੱਚ ਮੇਰੇ ਲਈ ਪੰਜਾਬੀਆਂ ਦੀ ਇਹੋ ਹੀ ਪਹਿਚਾਣ
ਸੀ) ਇਹ ਦੱਸ ਰਿਹਾ ਸਾਂ ਕਿ ਸੁਰਿੰਦਰ ਕੌਰ ਅੰਦਰ ਗਾ ਰਹੀ ਹੈ ਤੇ ਉਹ ਆ ਕੇ ਸੁਣ
ਸਕਦੇ ਹਨ। ਪੰਡਤ ਹਰੀ ਪ੍ਰਸਾਦ ਚੁਰਸਈਆ ਤੇ ਪੰਡਤ ਕ੍ਰਿਸ਼ਨ ਮਹਾਰਾਜ ਵਰਗੇ ਵਿਦਵਾਨ
ਸੰਗੀਤਕਾਰ ਵਾਹ! ਵਾਹ! ਕਰ ਉੱਠੇ। ਹਾਲ ਤਾੜੀਆਂ ਨਾਲ ਗੂੰਜਿਆ। ਸੁਰਿੰਦਰ ਕੌਰ
ਸਟੇਜ ਤੋਂ ਹੇਠਾਂ ਆਈ; ਉਹ ਬਹੁਤ ਥੱਕ ਚੁੱਕੀ ਸੀ, ਪਰ ਪਰੋਗਰਾਮ ਦੀ ਸਫ਼ਲਤਾ ਕਾਰਨ
ਬੇਹੱਦ ਖ਼ੁਸ਼ ਸੀ। ਮੈਨੂੰ ਗਲਵੱਕੜੀ ਪਾਈ ਤੇ ਫਿਰ ਆਪਣੇ ਥੈਲੇ ਵਿੱਚੋਂ ਸੌ-ਸੌ ਦੇ
ਪੰਜ ਨੋਟ ਕੱਢ ਮੇਰੇ ਹੱਥ ਤੇ ਰੱਖ ਕੇ ਕਿਹਾ, “ਬੱਚਿਆ, ਇਨ੍ਹਾਂ ਮਿਊਜ਼ੀਸ਼ਨਾਂ
ਨੂੰ ਖਾਣਾ ਖੁਆ ਦੇਵੀਂ। ਮੈਂ ਕਮਰੇ ਵਿੱਚ ਸੌਣ ਚੱਲੀ ਹਾਂ।”
ਸੁਰਿੰਦਰ ਕੌਰ ਦੀ ਦੁਬਾਰਾ ਅਮਰੀਕਾ ਅਤੇ ਕਨੇਡਾ ਦੀ ਫੇਰੀ ਦੌਰਾਨ ਮੈਂ ਉਸ ਲਈ ਕਈ
ਪਰੋਗਰਾਮ ਤੈਅ ਕੀਤੇ, ਜਿਨ੍ਹਾਂ ਵਿੱਚੋਂ ਇੱਕ ਟਰਿੱਪ ਵਿੱਚ ਬਫਲੋ, ਸ਼ਿਕਾਗੋ,
ਇੰਡੀਅਨਐਪਲਸ ਤੇ ਡੇਟਨ ਚਾਰ ਸ਼ਹਿਰਾਂ ਵਿੱਚ ਸ਼ੁੱਕਰਵਾਰ ਤੋਂ ਲੈ ਕੇ ਸੋਮਵਾਰ ਤੱਕ
ਚਾਰ ਪਰੋਗਰਾਮ ਸਨ। 1400 ਮੀਲ ਦਾ ਇਹ ਸਾਰਾ ਸਫ਼ਰ ਮੇਰੀ ਕਾਰ ਰਾਹੀਂ ਹੀ ਤੈਅ
ਕੀਤਾ ਗਿਆ। ਮਹਿਮਾਨ-ਨਿਵਾਜ਼ੀ ਲਈ ਜੀਅ-ਡੋਲ੍ਹਵਾਂ ਖ਼ਰਚਾ ਵੀ ਆਪਣੀ ਜੇਬ ਵਿੱਚੋਂ
ਹੀ ਕੀਤਾ। ਟਰਾਂਟੋ ਵਾਪਿਸ ਆ ਕੇ ਜਿੰਨੇਂ ਪੈਸੇ ਲਿਆਂਦੇ ਸਨ, ਮੈਂ ਸੁਰਿੰਦਰ ਕੌਰ
ਅੱਗੇ ਢੇਰੀ ਕਰ ਦਿੱਤੇ। ਉਸ ਨੇ ਉਸ ਵਿੱਚੋਂ ਇੱਕ 20 ਡਾਲਰ ਦਾ ਨੋਟ ਕੱਢ ਕੇ ਮੇਰੇ
ਵਲ ਵਧਾਇਆ। ਮੈਂ ਪੁੱਛਿਆ, “ਇਹ ਕਿਸ ਵਾਸਤੇ?” ਤਾਂ ਉਸ ਨੇ ਦੱਸਿਆ ਕਿ ਉਸ ਨੇ
ਮੈਥੋਂ 20 ਡਾਲਰ ਲੈ ਕੇ ਸ਼ਿਕਾਗੋ ਢੋਲਕ ਵਜਾਉਣ ਵਾਲ਼ੇ ਦੇ ਬੱਚੇ ਨੂੰ ਦਿਤੇ ਸਨ।
“ਬੱਚਿਆ ਲੇਖਾ ਮਾਂਵਾਂ ਧੀਆਂ ਦਾ” ਕਹਿ ਕੇ ਮੇਰੇ ਨਾਂਹ-ਨਾਂਹ ਕਰਨ ਦੇ ਬਾਵਜੂਦ 20
ਡਾਲਰ ਦਾ ਨੋਟ ਮੇਰੇ ਹੱਥ ਉੱਤੇ ਟਿਕਾ ਦਿਤਾ। ਇਸ ਗੱਲ ਦਾ ਮੈਨੂੰ ਡਾਹਢਾ ਦੁੱਖ
ਮਹਿਸੂਸ ਹੋਇਆ, ਅਪਣੱਤ ਦੇ ਰਿਸ਼ਤੇ ਜਿਵੇਂ ਧੁੰਦਲੇ ਪੈ ਗਏ ਹੋਣ। “ਲੇਖਾ ਮਾਂਵਾਂ
ਧੀਆਂ ਦਾ” ਦੀ ਗੱਲ ਮੈਨੂੰ ਓਪਰੀ ਨਾ ਲਗਦੀ, ਜੇ ਸੁਰਿੰਦਰ ਕੌਰ ਨੇ ਇਹ ਚੇਤੇ ਰਖਿਆ
ਹੁੰਦਾ ਕਿ ਉਸ ਦੇ ਇਸ ਅਜੀਜ਼ ਨਾਲ ਉਸ ਦੀ ਕਾਰੋਬਾਰੀ ਸਾਂਝ ਨਹੀਂ ਸਗੋਂ ਦਿਲ ਦਾ
ਰਿਸ਼ਤਾ ਹੈ। ਪਰ ਮੈਂ ਇਸ ਗੱਲ ਨੂੰ ਆਈ ਗਈ ਕਰ ਗਿਆ। ਉਸ ਤੋਂ ਬਾਅਦ ਮੈਂ ਅੱਗੋਂ
ਸੁਰਿੰਦਰ ਕੌਰ ਦੇ ਪਰੋਗਰਾਮ ਤਾਂ ਬੁੱਕ ਕਰਵਾਏ ਪਰ ਨਾਲ ਨਹੀਂ ਗਿਆ, ਤਾਂ ਜੋ ਸਾਡਾ
ਅਪਣੱਤ ਦਾ ਰਿਸ਼ਤਾ ਬਣਿਆ ਹੀ ਰਹੇ।
ਸੁਰਿੰਦਰ ਕੌਰ ਦੀ ਵੱਡੀ ਧੀ ਡੌਲੀ ਗੁਲੇਰੀਆ ਵੀ ਪਿਛਲੇ ਸਾਲਾਂ ਤੋਂ ਕਿੱਤੇ ਵਜੋਂ
ਗਾਉਣ ਲੱਗ ਪਈ ਹੈ। ਮਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਜਦ ਬੇਟੀ ਕਿਸੇ ਪਰੋਗਰਾਮ
ਉੱਤੇ ਉਸ ਦੇ ਨਾਲ ਜਾਵੇ। ਸੁਰਿੰਦਰ ਕੌਰ ਦੀ ਇਹੀ ਖ਼ਾਹਿਸ਼ ਹੈ ਕਿ ਡੌਲੀ ਵੀ ਉਸ
ਵਾਂਗ ਪੰਜਾਬੀ ਸੱਭਿਆਚਾਰ ਵਿੱਚ ਆਪਣਾਂ ਯੋਗਦਾਨ ਪਾਵੇ। ਅੱਜ ਕੱਲ੍ਹ ਸਟੇਜਾਂ ਤੇ
ਮਾਵਾਂ ਧੀਆਂ ਬਹੁਤੀ ਵਾਰ ਇਕੱਠੀਆਂ ਗਾਉਂਦੀਆਂ ਹਨ। ਸੁਰਿੰਦਰ ਕੌਰ ਅੱਜ ਵੀ ਰੋਜ਼
ਰਿਆਜ਼ ਕਰਦੀ ਹੈ। ਉਹ ਕਹਿੰਦੀ ਹੈ ਕਿ ਨਿਪੁੰਨਤਾ ਹਾਸਲ ਕਰਨ ਲਈ ਉਸ ਨੂੰ ਬੜੀ
ਮਿਹਨਤ ਕਰਨੀ ਪਈ ਹੈ। ਉਸ ਨੂੰ ਅਫ਼ਸੋਸ ਹੈ ਕਿ ਅੱਜ ਕੱਲ੍ਹ ਮੰਚ ਦੇ ਕਲਾਕਾਰ
ਮਿਹਨਤ ਕਰਨ ਤੋਂ ਕਤਰਾਉਂਦੇ ਹਨ। ਇਸੇ ਲਈ ਗਾਇਕੀ ਦਾ ਪੱਧਰ ਨਿੱਘਰ ਰਿਹਾ ਹੈ। ਜਦ
ਕਦੇ ਵੀ ਪੰਜਾਬੀ ਲੋਕ-ਗਾਇਕੀ ਦਾ ਇਤਿਹਾਸ ਲਿਖਿਆ ਗਿਆ, ਤਾਂ ਪੰਜਾਬੀ ਬੋਲੀ ਨੂੰ
ਉਹਨਾਂ ਦੇ ਯੋਗਦਾਨ ਦਾ ਸਦਕਾ, ਪ੍ਰਕਾਸ਼ ਕੌਰ ਅਤੇ ਸੁਰਿੰਦਰ ਕੌਰ ਦਾ ਨਾਂ
ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ।
ਸੁਰਿੰਦਰ ਕੌਰ 1992 ਵਿੱਚ ਮੇਰੇ ਨਾਲ ਨਾਰਾਜ਼ ਹੋ ਗਈ। ਹਰ ਵਰ੍ਹੇ ਦੀ ਤਰ੍ਹਾਂ
1992 ਵਿੱਚ ਉਹ ਆਪਣੀਆਂ ਛੋਟੀਆਂ ਬੇਟੀਆਂ ਨੰਦੀ ਤੇ ਬੇਬੀ ਕੋਲ਼ ਨਿਊਜਰਸੀ ਆਈ ਹੋਈ
ਸੀ। ਉੱਥੋਂ ਉਸ ਨੇ ਫ਼ੋਨ ਕੀਤਾ, “ਬੱਚਿਆ, ਮੈਂ ਆਈਂ ਹਾਂ, ਕੋਈ ਪ੍ਰੋਗਰਾਮ ਵਗੈਰਾ
ਵੇਖ ਲਵੀਂ।”
ਮੈਂ ਕਿਹਾ, “ਬੀ ਜੀ, ਤੁਸੀਂ ਹਰ ਸਾਲ ਆਉਂਦੇ ਹੋ, ਇਸ ਵਾਰੀ ਕੁਝ ਔਖਾ ਜਿਹਾ
ਲੱਗਦਾ ਹੈ।”
ਉਹ ਕਹਿਣ ਲੱਗੀ, “ਪਰੋਗਰਾਮ ਨਹੀਂ ਕਰਵਾਉਣਾ ਤਾਂ ਨਾਂ ਸਹੀ, ਪਰ ਔਖਾ ਕਿਹੜੀ
ਗੱਲੋਂ ਹੁੰਦਾ ਹੈਂ?” ਮੈਂ ਕਿਹਾ, “ਮੈਂ ਕਿਸੇ ਗੱਲੋਂ ਔਖਾ ਨਹੀਂ, ਮੈਨੂੰ ਅੱਜ
ਸਾਹ ਦੀ ਤਕਲੀਫ ਹੋਈ-ਹੋਈ ਹੈ। ਜੇ ਕਿਸੇ ਨੇ ਪ੍ਰੋਗਰਾਮ ਕਰਵਾਉਣਾ ਹੋਇਆ, ਮੈਂ
ਖਿਆਲ ਰੱਖਾਂਗਾ।”
ਮੇਰਾ ਪ੍ਰੋਗਰਾਮ ਨਾ ਕਰਾ ਸਕਣਾ ਉਸ ਦੀ ਨਾਰਾਜ਼ਗੀ ਦਾ ਪਹਿਲਾ ਕਾਰਨ ਸੀ। ਦੂਸਰਾ
ਕਾਰਨ ਸੀ, ਕਿ ਉਨ੍ਹੀਂ ਦਿਨੀਂ ਹੀ ਮੇਰੇ ਕਿਸੇ ਵਾਕਿਫ ਨੇ ਇੱਕ ਵਿਆਹ ਉੱਤੇ
ਪ੍ਰੋਗਰਾਮ ਕਰਵਾਉਣਾ ਸੀ। ਉਸ ਨੇ ਮੈਨੂੰ ਫ਼ੋਨ ਕੀਤਾ, “ਸੁਰਿੰਦਰ ਕੌਰ ਦਾ
ਪ੍ਰੋਗਰਾਮ ਕਰਵਾਉਣਾ ਹੈ, ਕਿੰਨਾ ਕੁ ਖ਼ਰਚਾ ਹੈ?”
ਮੈਂ ਕਿਹਾ, “ਨਿਊਯਾਰਕ ਤੋਂ ਟਰਾਂਟੋ ਦਾ ਆਣ ਜਾਣ ਦਾ ਟਿਕਟ ਤੇ 1000 ਡਾਲਰ
ਸੁਰਿੰਦਰ ਕੌਰ ਲਈ; ਤਬਲੇ ਅਤੇ ਵਾਜੇ ਵਾਲ਼ੇ ਦੇ 200 ਡਾਲਰ ਅਲੱਗ।”
ਤਾਂ ਉਸ ਨੇ ਕਿਹਾ, “ਅਸੀਂ ਤਾਂ ਇੰਨਾ ਪੈਸਾ ਨਹੀਂ ਖਰਚ ਸਕਦੇ ਸਾਡਾ ਬੱਜਟ ਕੇਵਲ
300 ਡਾਲਰ ਦਾ ਹੈ”।
ਮੈਂ ਕਿਹਾ, “ਸੁਰਿੰਦਰ ਕੌਰ 1000 ਡਾਲਰ ਤੋਂ ਘੱਟ ਨਹੀਂ ਆਵੇਗੀ, ਜੇ ਇਤਨੇ ਪੈਸੇ
ਨਹੀਂ ਖ਼ਰਚ ਸਕਦੇ ਤਾਂ ਕਿਸੇ ਲੋਕਲ ਕਲਾਕਾਰ ਨੂੰ ਸੱਦ ਲਵੋ।”
ਫਿਰ ਇੱਕ ਦਿਨ ਸਾਡੀ ਦੋਸਤ ਪਰਮਜੀਤ ਰੱਖੜਾ ਦਾ ਫ਼ੋਨ ਆਇਆ ਕਿ ਸੁਰਿੰਦਰ ਕੌਰ
ਟਰਾਂਟੋ ਆਈ ਹੋਈ ਹੈ ਤੇ ਉਸੇ ਹੀ ਵਾਕਿਫ ਦੇ ਘਰ ਠਹਿਰੀ ਹੈ, ਜਿਸਨੇ ਮੈਨੂੰ
ਪ੍ਰੋਗਰਾਮ ਲਈ ਫ਼ੋਨ ਕੀਤਾ ਸੀ। ਉਸ ਵਾਕਿਫ ਨੇ ਪਤਾ ਨਹੀਂ ਕੀ ਦਿਤਾ, ਤੇ ਕੀ
ਕਿਹਾ? ਉਹ ਟਰਾਂਟੋ 10 ਦਿਨ ਰਹੀ ਪਰ ਮੈਨੂੰ ਨਾ ਮਿਲੀ। ਮੇਰੇ ਲਈ ਇਹ ਇੱਕ ਅਸਹਿ
ਸਦਮਾ ਸੀ ਕਿ ਸੁਰਿੰਦਰ ਕੌਰ ਮੇਰੇ ਸ਼ਹਿਰ ਆਵੇ ਤੇ ਮੈਨੂੰ ਨਾ ਮਿਲੇ। ਮੇਰੀ
ਲਾਚਾਰੀ ਤੇ ਭਾਵਨਾਵਾਂ ਨੂੰ ਸਮਝਦੀ ਹੋਈ ਮੇਰੀ ਪਤਨੀ ਨੇ ਮੇਰੀ ਗ਼ੈਰਹਾਜ਼ਰੀ ਵਿੱਚ
ਕਈ ਵਾਰ ਸੁਰਿੰਦਰ ਕੌਰ ਨਾਲ ਤਾਲ ਮੇਲ ਕਰਨ ਦੀ ਵੀ ਕੋਸਿਸ਼ ਕੀਤੀ, ਪਰ ਸੁਰਿੰਦਰ
ਕੌਰ ਨੇ ਉਸ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਸਾਡੇ ਵਿਚਕਾਰ ਇੱਕ ਚੁੱਪ ਤਣ
ਗਈ। ਮੈਂ ਸੋਚਦਾ ਰਿਹਾ ਕਿ ਮੇਰਾ ਕਸੂਰ ਕੀ ਹੈ? ਮੈਨੂੰ ਅਫ਼ਸੋਸ ਸੀ ਕਿ ਮੈਂ
ਹਮੇਸ਼ਾ ਉਸ ਨੂੰ ਮਾਂ ਵਾਂਗ ਸਮਝਿਆ, ਪਰ ਮੇਰੇ ਨਾਲ ਕਿਸੇ ਗਿਲੇ ਨੂੰ ਸਾਂਝਾ ਕਰਨ
ਤੋਂ ਬਿਨਾਂ ਉਸ ਨੇ ਚੁੱਪ ਕਿਉਂ ਵੱਟ ਲਈ? ਮੈਂ ਦੁਖੀ ਸਾਂ ਕਿ ਇੰਨੀ ਨੇੜਤਾ ਦੇ
ਬਾਵਜੂਦ ਵੀ ਉਹ ਕਿੰਨੀ ਨਿਰਮੋਹੀ ਨਿੱਕਲੀ। ‘ਬੱਚਾ’ ਜਿਵੇਂ ਰੱਦ ਹੋਇਆ ਬੈਠਾ ਸੀ।
ਅਗਲੇ ਵਰ੍ਹੇ ਅਕਤੂਬਰ ਦੀ 21 ਤਾਰੀਖ ਨੂੰ ਲੁਧਿਆਣੇ ਵਿੱਚ ਪ੍ਰੋ: ਮੋਹਣ ਸਿੰਘ
ਮੇਲੇ ਉੱਤੇ ਮੈਨੂੰ ਸਨਮਾਨਤ ਕੀਤਾ ਗਿਆ। ਉੱਥੇ ਬਾਕੀ ਕਲਾਕਾਰਾਂ ਵਾਂਗ ਸੁਰਿੰਦਰ
ਕੌਰ ਵੀ ਆਈ ਹੋਈ ਸੀ। ਮੈਂ ਪਹਿਲਾਂ ਹੀ ਸਟੇਜ ਉੱਤੇ ਬੈਠਾ ਸਾਂ। ਉਹ ਵੀ ਉੱਥੇ ਨਾਲ
ਹੀ ਆ ਬੈਠੀ। ਰਸਮੀ ਸਤਿ ਸ੍ਰੀ ਅਕਾਲ ਹੋਈ। ਉਸ ਨੇ ਪੁੱਛਿਆ, “ਦਿੱਲੀ, ਘਰ ਨਹੀਂ
ਆਇਆ?”
ਮੈਂ ਕਿਹਾ, “ਹੁਣ ਮੈਂ ਘਰ ਕਿਵੇਂ ਆਉਂਦਾ? ਕੀ ਤੁਸੀਂ ਮੇਰੇ ਸ਼ਹਿਰ ਆ ਕੇ ਮੈਨੂੰ
ਮਿਲਣ ਆਏ ਸੀ?”
ਇਸ ਸਮੇਂ ਆਸਾ ਸਿੰਘ ਮਸਤਾਨਾ ਸਟੇਜ ਉੱਤੇ ਗਾ ਰਿਹਾ ਸੀ। ਮੈਂ ਘੁੱਟਿਆ ਵੱਟਿਆ,
ਉਦਾਸ ਬੈਠਾ ਸਾਂ। ਏਨੇ ਨੂੰ ਉਸ ਨੇ ਹਮੇਸ਼ਾ ਵਾਂਗ ਮੈਥੋਂ ਪੁੱਛਿਆ, “ਬੱਚਿਆ, ਅੱਜ
ਕੀ ਗਾਵਾਂ?”
ਮੈਂ ਕਿਹਾ, “ਤੁਸੀਂ ਜਾਣਦੇ ਹੀ ਹੋ, ਕੀ ਗਾਣਾ ਹੈ?”
ਉਸ ਨੇ ਦੁਬਾਰਾ ਫਿਰ ਪੁੱਛਿਆ ਤੇ ਮੇਰਾ ਫਿਰ ਇਹੋ ਹੀ ਜਵਾਬ ਸੀ, “ਤੁਸੀਂ 50
ਸਾਲਾ ਤੋਂ ਗਾ ਰਹੇ ਹੋ, ਤੁਹਾਨੂੰ ਪਤਾ ਹੀ ਹੈ ਕੀ ਗਾਉਣਾ ਹੈ, ਮੈਂ ਕੌਣ ਹੁੰਦਾ
ਹਾਂ ਦੱਸਣ ਵਾਲਾ?”
ਉਸਨੇ ਫਿਰ ਕਿਹਾ, “ਦੱਸ ਕੀ ਗਾਵਾਂ, ਨਹੀਂ ਤਾਂ ਮੈਂ ਚੰਡ ਮਾਰਾਂਗੀ।” ਮੈਂ ਪਰਤ
ਕੇ ਉਸ ਵੱਲ ਗਹੁ ਨਾਲ ਵੇਖਿਆ। ਉਸ ਦੀਆਂ ਅੱਖਾਂ ਵਿੱਚ ਪਾਣੀ ਛਲਕ ਰਿਹਾ ਸੀ।
ਮੈਂ ਕਿਹਾ, “ਅੱਜ ਪ੍ਰੋ: ਮੋਹਣ ਸਿੰਘ ਦਾ ਮੇਲਾ ਹੈ, ਪ੍ਰੋ: ਮੋਹਣ ਸਿੰਘ ਦੇ ਗੀਤ
ਨਾਲ ਸ਼ੁਰੂ ਕਰੋ।”
ਸੁਰਿੰਦਰ ਕੌਰ ਉੱਠੀ। ਉਸ ਨੇ ਪ੍ਰੋ: ਮੋਹਣ ਸਿੰਘ ਦਾ ਗੀਤ ਸ਼ੁਰੂ ਕੀਤਾ। ਗੀਤ
ਮੁੱਕਿਆ; ਲੋਕਾਂ ਲੰਮੀਆਂ ਤਾੜੀਆਂ ਮਾਰੀਆਂ। ਉਹ ਭਰੀ ਸਭਾ ਵਿੱਚ ਕਹਿਣ ਲੱਗੀ,
“ਮੇਰੀਆਂ ਤਿੰਨ ਧੀਆਂ ਹਨ, ਮੇਰਾ ਢਿੱਡੋਂ ਜਾਇਆ ਕੋਈ ਪੁੱਤਰ ਨਹੀਂ। ਇਹ ਦਸਦਿਆਂ
ਮੈਂ ਮਾਣ ਮਹਿਸੂਸ ਕਰਦੀ ਹਾਂ ਕਿ ਟਰਾਂਟੋ ਵਿੱਚ ਰਹਿੰਦਾ ਇਕਬਾਲ ਮਾਹਲ ਮੇਰਾ
ਮੂੰਹ-ਬੋਲਿਆ ਪੁੱਤਰ ਹੈ।” ਇਹ ਕਹਿਕੇ ਉਸ ਨੇ ਮੈਨੂੰ ਆਪਣੇ ਗਲ਼ ਨਾਲ ਲਾ ਕੇ ਮੇਰਾ
ਮੱਥਾ ਚੁੰਮਿਆਂ। ਮੈਂ ਆਪਣੇ ਆਪ ਵਿੱਚ ਬਹੁਤ ਛੋਟਾ ਮਹਿਸੂਸ ਕੀਤਾ। ਮੇਰੀਆਂ ਅੱਖਾਂ
ਵਿੱਚੋਂ ਅੱਥਰੂ ਵਗ ਤੁਰੇ। ਮੈਂ ਸੋਚ ਰਿਹਾ ਸਾਂ, …ਸਾਡੇ ਇਸ ਰਿਸ਼ਤੇ ਵਿੱਚ ਕਾਹਦਾ
ਲੇਖਾ ਜੋਖਾ? |