|
ਪੰਜਾਬੀ
ਸਾਹਿਤ ਦੇ ਸਾਰੇ ਰੂਪਾਂ ਵਿੱਚੋਂ ਕਵਿਤਾ ਸਭ ਤੋਂ ਵਧੇਰੇ ਮਾਤਰਾ ਵਿੱਚ
ਲਿਖੀ ਜਾ ਰਹੀ ਹੈ। ਸਾਹਿਤ, ਸਮਾਜ ਦਾ ਸ਼ੀਸ਼ਾ ਹੁੰਦਾ ਹੈ। ਪੰਜਾਬੀ ਕਵਿਤਾ
ਦੇ ਇਤਿਹਾਸ ਵਿੱਚ ਨਿਗਾਹ ਮਾਰੀਏ ਤਾਂ ਅਧਿਆਤਮਿਕ ਕਾਵਿ ਨੂੰ ਛੱਡਕੇ
ਪੰਜਾਬੀ ਦੀ ਬਹੁਤੀ ਕਵਿਤਾ ਰੁਮਾਂਸਵਾਦ ਦੇ ਆਲੇ ਦੁਆਲੇ ਹੀ ਘੁੰਮਦੀ ਰਹੀ
ਹੈ। ਇਸ ਸਮੇਂ ਵੀ ਕਵਿਤਾ ਸਭ ਤੋਂ ਵੱਧ ਲਿਖੀ ਜਾ ਰਹੀ ਹੈ।
ਰੁਮਾਂਸਵਾਦੀ ਕਵਿਤਾ ਦਾ ਆਪਣਾ ਸਥਾਨ ਹੈ, ਪ੍ਰੰਤੂ ਜਿਹੜਾ ਸਾਹਿਤ ਲੋਕਾਈ
ਦੇ ਹਿੱਤਾਂ ‘ਤੇ ਪਹਿਰਾ ਨਾ ਦੇ ਸਕੇ ਤਾਂ ਉਹ ਸਿਰਫ ਮਨਪ੍ਰਚਾਵੇ ਦਾ ਸਾਧਨ
ਬਣਕੇ ਰਹਿ ਜਾਂਦਾ ਹੈ। ਸੁਖਿੰਦਰ ਦਾ ਇੱਕ ਨਵਾਂ ਕਾਵਿ ਸੰਗ੍ਰਹਿ ‘ਗਿਰਗਟਾਂ
ਦਾ ਮੌਸਮ’ 2025 ਵਿੱਚ ਹੀ ਪ੍ਰਕਾਸ਼ਤ ਹੋਇਆ ਹੈ। ਇਹ ਕਾਵਿ ਸੰਗ੍ਰਹਿ
ਵਿਲੱਖਣ ਕਿਸਮ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ। ਇਸ ਕਾਵਿ ਸੰਗ੍ਰਹਿ
ਦੀਆਂ ਸਮੁੱਚੀਆਂ ਕਵਿਤਾਵਾਂ ਲੋਕਾਈ ਦੇ ਦੁੱਖ ਦਰਦ ਬਿਆਨ ਕਰਦੀਆਂ, ਜਨਤਾ
ਦੇ ਹੱਕਾਂ ਦੀ ਗੱਲ ਕਰਦੀਆਂ ਹਨ। ਇਨਸਾਫ਼ ਦੀ ਪ੍ਰਤੀਨਿਧਤਾ ਕਰਦੀਆਂ ਹਨ।
ਪੰਜਾਬੀ ਵਿੱਚ ਜਿਹੜੀ ਵਰਤਮਾਨ ਸਮਕਾਲੀ ਕਵਿਤਾ
ਲਿਖੀ ਅਤੇ ਪ੍ਰਕਾਸ਼ਤ ਹੋ ਰਹੀ ਹੈ, ਉਹ ਬਹੁਤੀ ਪਿਆਰ ਮੁਹੱਬਤ ਦੇ ਗੀਤ
ਗਾਉਂਦੀ ਹੈ। ਸੁਖਿੰਦਰ ਨੇ ਰੁਮਾਂਸਵਾਦ ਦੀ ਥਾਂ ਸਮਾਜ ਵਿੱਚ ਫ਼ੈਲੀਆਂ
ਕੁਰੀਤੀਆਂ ਨੂੰ ਆਪਣੀ ਕਵਿਤਾ ਦਾ ਵਿਸ਼ਾ ਬਣਾਇਆ ਹੈ। ਦੁੱਖ ਅਤੇ ਸੰਤਾਪ ਦੀ
ਗੱਲ ਹੈ ਕਿ ਸਾਡੇ ਕਵੀ ਵਰਤਮਾਨ ਸਮੇਂ ਆਪਣੀਆਂ ਕਵਿਤਾਵਾਂ ਇਨਾਮ ਪ੍ਰਾਪਤ
ਕਰਨ ਦੇ ਇਰਾਦੇ ਨਾਲ ਲਿਖ ਰਹੇ ਹਨ। ਮਾਨ ਸਨਮਾਨ ਲੈਣੇ ਹੀ ਉਨ੍ਹਾਂ ਦਾ
ਮੁੱਖ ਮਕਸਦ ਹੈ।
ਸੁਖਿੰਦਰ ਪੰਜਾਬੀ ਦਾ ਸਥਾਪਤ ਸਾਹਿਤਕਾਰ
ਤੇ ਸੰਪਾਦਕ ਹੈ। ਉਹ ਬਹੁ-ਵਿਧਾਵੀ, ਬਹੁ-ਰੰਗੀ ਅਤੇ ਬਹੁ-ਪੱਖੀ ਸਾਹਿਤਕਾਰ
ਹੈ। ‘ਗਿਰਗਟਾਂ ਦਾ ਮੌਸਮ’ ਉਸਦੀ 50ਵੀਂ ਪੁਸਤਕ ਹੈ। ਇਸ ਕਾਵਿ-ਸੰਗ੍ਰਹਿ
ਵਿੱਚ ਉਸਦੀਆਂ 83 ਰੰਗ-ਬਿਰੰਗੀਆਂ ਕਵਿਤਾਵਾਂ ਹਨ, ਜਿਨ੍ਹਾਂ ਦੇ ਰੰਗ ਬਹੁਤ
ਹੀ ਗੂੜ੍ਹੇ ਤੇ ਸ਼ੋਖ਼ ਹਨ, ਪ੍ਰੰਤੂ ਗੂੜ੍ਹੇ ਰੰਗਾਂ ਵਿੱਚੋਂ ਗੰਭੀਰ ਕਿਸਮ
ਦੀਆਂ ਕਿਰਨਾ ਦੇ ਤਿੱਖੇ ਤੀਰ ਸਮਾਜਿਕ ਤਾਣੇ-ਬਾਣੇ ਨੂੰ ਝੰਜੋੜਦੇ ਹਨ।
ਇਨ੍ਹਾਂ ਕਵਿਤਾਵਾਂ ਦੇ ਤੀਰ ਢੀਠ ਸਿਆਸਤਦਾਨਾਂ ਦੇ ਕੰਨ ਕੁਤਰਨ ਦਾ ਹਥਿਆਰ
ਬਣ ਸਕਦੇ ਹਨ। ਕਵੀ ਨੇ ਇਸ ਕਾਵਿ-ਸੰਗ੍ਰਹਿ ਵਿੱਚ ਭਾਰਤੀ ਜਨਤਾ ਪਾਰਟੀ,
ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੀ ਆਪੋ ਆਪਣੇ ਰਾਜ ਪ੍ਰਬੰਧ
ਦੌਰਾਨ ਕੁਸ਼ਾਸ਼ਣ ਦੇ ਕੱਚੇ ਚਿੱਠੇ ਖੋਲ੍ਹ ਦਿੱਤੇ ਹਨ। ‘ਰਾਜਨੀਤਕ ਗਿਰਗਟਾਂ
ਦਾ ਮੌਸਮ’ ਕਵਿਤਾ ਵਿੱਚ ਸੁਖਿੰਦਰ ਲਿਖਦਾ ਹੈ:
ਰਾਜਨੀਤਕ
ਗਿਰਗਟਾਂ ਦੀ ਨ, ਤਾਂ ਕੋਈ, ਵਿਚਾਰਧਾਰਾ ਹੀ ਹੁੰਦੀ ਹੈ ਨ, ਹੀ
ਕੋਈ, ਸਿਧਾਂਤਕ ਪ੍ਰਤੀਬੱਧਤਾ ਉਨ੍ਹਾਂ ਦਾ, ਤਾਂ ਇੱਕੋ ਹੀ ਵਿਸ਼ਵਾਸ
ਹੁੰਦਾ ਹੈ- ਜਿੱਥੇ, ਦੇਖੀ ਤਵਾ-ਪਰਾਤ ਉੱਥੇ, ਕੱਟੀ ਸਾਰੀ ਰਾਤ
ਇੱਕ, ਰਾਜਨੀਤਕ ਖੁੱਡ ‘ਚੋਂ ਦੂਜੀ, ਕਿਸੀ, ਰਾਜਨੀਤਕ ਖੁੱਡ ਵਿੱਚ
ਵੜਦਿਆਂ ਹੀ- ਗਿਰਗਟਾਂ ਦੀ ਰਾਜਨੀਤਕ ਵਿਚਾਰਧਾਰਾ ਉਨ੍ਹਾਂ ਦੀ,
ਚਮੜੀ ਦੇ ਬਦਲੇ ਰੰਗ ਵਾਂਗ ਹੀ ਫੌਰਨ, ਬਦਲ ਜਾਂਦੀ ਹੈ।
ਇਨ੍ਹਾਂ ਕਵਿਤਾਵਾਂ ਨੂੰ ਪੜ੍ਹਕੇ ਮਹਿਸੂਸ ਹੋ ਰਿਹਾ ਹੈ ਕਿ ਭਾਰਤ ਦੇ
ਸਿਆਸਤਦਾਨ ਪਰਜਾ ਦੀ ਭਲਾਈ ਬਾਰੇ ਸੋਚਣ ਦੀ ਥਾਂ ਆਪਣੇ ਢਿੱਡ ਭਰਨ ਵਿੱਚ
ਲੱਗੇ ਰਹਿੰਦੇ ਹਨ। ਇਸ ਪ੍ਰਕਾਰ ਭਾਰਤ ਦੇ ਲੋਕਾਂ ਦਾ ਭਵਿਖ ਖ਼ਤਰੇ ਵਿੱਚ ਹੀ
ਰਹੇਗਾ। ਸ਼ਾਇਰ ਇਕੱਲੇ ਭਾਰਤ ਤੱਕ ਹੀ ਸੀਮਤ ਨਹੀਂ ਰਹਿੰਦਾ ਸਗੋਂ ਸਮੁੱਚੇ
ਸੰਸਾਰ ਵਿੱਚ ਵਾਪਰ ਰਹੀਆਂ ਘਟਨਾਵਾਂ ਦੇ ਨਤੀਜਿਆਂ ਤੇ ਵੀ ਚਿੰਤਾ ਪ੍ਰਗਟ
ਕਰਦਾ ਹੈ, ਪ੍ਰੰਤੂ ਇਸਦੇ ਨਾਲ ਹੀ ਇਹ ਵੀ ਲਿਖਦਾ ਹੈ ਕਿ ਜੇਕਰ ਲੋਕ
ਇੱਕਮੁੱਠ ਹੋ ਕੇ ਲਾਮਬੰਦ ਢੰਗ ਨਾਲ ਆਪਣੇ ਹੱਕਾਂ ਦੀ ਮੰਗ ਕਰਕੇ ਆਪਣੇ
ਹੱਕਾਂ ‘ਤੇ ਪਹਿਰਾ ਦੇਣ ਦੀ ਕਸਮ ਖਾ ਲੈਣ ਤਾਂ ਸਫ਼ਲਤਾ ਪ੍ਰਾਪਤ ਕੀਤੀ ਜਾ
ਸਕਦੀ ਹੈ। ਇਸ ਸੰਬੰਧੀ ਉਹ ਉਦਾਹਰਨਾਂ ਵੀ ਦਿੰਦਾ ਹੈ ਕਿ ਕਿਹੜੇ ਦੇਸ਼ਾਂ
ਵਿੱਚ ਲੋਕ ਜਦੋਜਹਿਦ ਕਰਕੇ ਸਫਲ ਹੋਏ ਹਨ। ਇਸਦੇ ਨਾਲ ਹੀ ਕੁਝ ਦੇਸ਼ਾਂ ਦੀ
ਆਪਸੀ ਖਹਿਬਾਜ਼ੀ ਨਾਲ ਜੰਗ ਲੱਗੀ ਹੋਈ ਹੈ ਤੇ ਆਮ ਲੋਕ ਮਰ ਰਹੇ ਹਨ। ਮੇਰਾ
ਕਹਿਣ ਦਾ ਭਾਵ ਹੈ ਕਿ ਸੁਖਿੰਦਰ ਦੂਰ ਅੰਦੇਸ਼ੀ ਨਾਲ ਸੰਸਾਰ ਦੀ ਲੋਕਾਈ ਦੇ
ਹਿੱਤਾਂ ਦੀ ਪਹਿਰੇਦਾਰੀ ਕਰਦਾ ਹੈ। ਇੱਕ-ਇੱਕ ਕਵਿਤਾ ਵਿੱਚ ਕਿਤਨੇ ਹੀ
ਵਿਸ਼ਿਆਂ ਬਾਰੇ ਆਪਣੀ ਗੱਲ ਕਰ ਜਾਂਦਾ ਹੈ। ਸ਼ਾਇਰ ਦੀਆਂ ਕਵਿਤਾਵਾਂ ਭਾਰਤੀ
ਜਨਤਾ ਪਾਰਟੀ ਦੇ ਅੰਧ ਭਗਤਾਂ ਦੀਆਂ ਕਰਤੂਤਾਂ ‘ਤੇ ਤਿੱਖੇ ਤੀਰ ਮਾਰਦੀਆਂ
ਹਨ। ‘ਚਮਚੇ, ਕੜਛੀਆਂ, ਅੰਧਭਗਤ’ ਕਵਿਤਾ ਵਿੱਚ ਸ਼ਾਇਰ ਲਿਖਦਾ ਹੈ:
ਇਹ- ਚਮਚਿਆਂ, ਕੜਛੀਆਂ, ਅੰਧਭਗਤਾਂ, ਦਾ ਯੁਗ ਹੈ ਕਦ,
ਕਿਸੀ, ਅਦਾਰੇ ਦੀ ਕੰਧ ਪਿਛੇ ਲੁਕੇ, ਮਖੌਟਾਧਾਰੀ ਕਿਸੀ, ਘੜੰਮ
ਚੌਧਰੀ ਦੇ ਗੜਵੱਈਏ ਤੇਰੀ, ਪਿੱਠ ‘ਚ ਖੰਜਰ ਖੋਭ ਦੇਣ ਜ਼ਰਾ ਸੰਭਲ ਕੇ
ਚੱਲ!
ਇਸੇ ਤਰ੍ਹਾਂ 'ਆਮ ਆਦਮੀ ਪਾਰਟੀ' ਦੇ ਬਦਲਾਅ ਨੂੰ
ਵੀ ਆੜੇ ਹੱਥੀਂ ਲੈ ਕੇ ਸਾਫ਼ ਸੁਥਰਾ ਪ੍ਰਸ਼ਾਸ਼ਨ ਦੇਣ ਦੇ ਜੁਮਲਿਆਂ ਤੇ ਕਿੰਤੂ
ਪ੍ਰੰਤੂ ਕਰਦਾ ਕਹਿੰਦਾ ਹੈ ਕਿ ਉਹ ਐਸ਼ ਪ੍ਰਸਤੀ ਵਿੱਚ ਗ੍ਰਸਤ ਹੋ ਗਏ ਹਨ।
ਉਨ੍ਹਾਂ ਦੇ ਵਾਅਦੇ ਵਫ਼ਾ ਨਹੀਂ ਹੋਏ। ਮੁਫ਼ਤਖ਼ੋਰੀ ਭਾਰੂ ਹੋ ਗਈ ਹੈ। ‘ਨੀਂਹ
ਪੱਥਰ ਕ੍ਰਾਂਤੀ’ ਸਿਰਲੇਖ ਵਾਲੀ ਕਵਿਤਾ 'ਆਮ ਆਦਮੀ ਪਾਰਟੀ' ਦੀ ਪੋਲ
ਖੋਲ੍ਹਦੀ ਹੈ।
ਪੰਜਾਬ ਵਿੱਚ, ਜੇਕਰ ਨੀਂਹ ਪੱਥਰ
ਕ੍ਰਾਂਤੀ ਦੀ ਹਨੇਰੀ ਇੰਜ ਹੀ ਵਗਦੀ ਰਹੀ, ਤਾਂ ਇੱਕ ਦਿਨ, ਪੰਜਾਬ
ਵਿੱਚ ਜੇਹਲਾਂ ਦੀਆਂ ਉਨ੍ਹਾਂ, ਕਾਲ ਕੋਠੜੀਆਂ ਦੀਆਂ ਕੰਧਾਂ ਉੱਤੇ ਵੀ
ਅਜਿਹੇ, ਨੀਂਹ ਪੱਥਰ ਲੱਗੇ ਹੋਏ ਮਿਲਣਗੇ ਜਿਨ੍ਹਾਂ ਉਤੇ ਲਿਖਿਆ
ਹੋਵੇਗਾ- ‘ਇਸ ਕਾਲ ਕੋਠੜੀ ਵਿੱਚ ਕਰੈਕ, ਕੁਕੇਨ, ਅਫ਼ੀਮ, ਚਰਸ, ਦੀ
ਸਮਗਲਿੰਗ ਕਰਨ ਵਾਲੇ ਪੰਜਾਬ ਪੁਲਿਸ ਦੇ ਸਿਪਾਹੀਆਂ ਨੇ ਕੈਦ ਕੱਟੀ’
'ਸ਼੍ਰੋਮਣੀ ਅਕਾਲੀ ਦਲ' ਵਿੱਚ ਧਾਰਮਿਕ ਦਖ਼ਲਅੰਦਾਜ਼ੀ ‘ਤੇ ਵਿਅੰਗ ਕਰਦਾ
ਸੁਖਿੰਦਰ ਉਨ੍ਹਾਂ ਨੂੰ ਵੀ ਧਰਮ ਦੀ ਆੜ ਵਿੱਚ ਠੱਗੀ-ਠੋਰੀ ਕਰਨ ਦੇ ਮਾਹਿਰ
ਗਿਣਦਾ ਹੈ। ਧਾਰਮਿਕ ਸੰਸਥਾਵਾਂ ਦਾ ਵਕਾਰ ਖ਼ਤਮ ਹੋਣ ਦੇ ਕਿਨਾਰੇ ਪਹੁੰਚ
ਗਿਆ ਹੈ। ਸੁਖਿੰਦਰ ਨੇ ਇਹ ਕਵਿਤਾਵਾਂ ਸਮਾਜ ਵਿੱਚ ਵਾਪਰਨ ਵਾਲੀ ਹਰ ਘਟਨਾ
ਬਾਰੇ ਤੁਰੰਤ ਉਸੇ ਦਿਨ ਕਵਿਤਾ ਲਿਖਕੇ ਆਪਣਾ ਦ੍ਰਿਸ਼ਟੀਕੋਣ ਲਿਖ ਦਿੱਤਾ ਹੈ।
ਇਸ ਲਈ ਉਸਨੇ ਹਰ ਕਵਿਤਾ ਦੇ ਅਖ਼ੀਰ ਵਿੱਚ ਤਾਰੀਕ ਲਿਖੀ ਹੈ। ਕੈਨੇਡਾ ਅਤੇ
ਪੰਜਾਬ ਵਿੱਚ ਸਮਾਜ ਦੇ ਹਰ ਖੇਤਰ ਵਿੱਚ ਫ਼ੈਲੀਆਂ ਸਮਾਜਿਕ ਕੁਰੀਤੀਆਂ ਨੂੰ
ਆਪਣੀਆਂ ਕਵਿਤਾਵਾਂ ਵਿੱਚ ਆੜੇ ਹੱਥੀਂ ਲਿਆ ਹੈ। ਸਮਾਜ ਵਿੱਚ ਹਰ ਕਿਸਮ,
ਜਿਨ੍ਹਾਂ ਵਿੱਚ ਰਾਜਨੀਤਕ, ਸਮਾਜਿਕ, ਆਰਥਿਕ, ਸਭਿਆਚਾਰਕ, ਸਾਹਿਤਕ,
ਇੰਮਗ੍ਰੇਸ਼ਨ, ਸੈਕਸ, ਨਸ਼ਿਆਂ, ਗੈਂਗਸਟਰਵਾਦ, ਸੰਗੀਤਕ, ਧਾਰਮਿਕ,
ਮੀਡੀਆ, ਸਾਹਿਤਕਾਰਾਂ ਦੇ ਮਾਨ ਸਨਮਾਨ, ਆਦਿ ਸ਼ਾਮਲ ਹਨ, ਦੇ ਮਾਫ਼ੀਏ ਨੂੰ
ਬੜੇ ਹੀ ਸਲੀਕੇ ਨਾਲ ਬੇਪਰਦ ਕੀਤਾ ਹੈ।
ਸੁਖਿੰਦਰ ਨੇ ਆਪਣੇ
ਸਾਹਿਤਕ ਭਾਈਚਾਰੇ ਨੂੰ ਵੀ ਨਹੀਂ ਬਖ਼ਸਿਆ, ਕਿਉਂਕਿ ਪੰਜਾਬੀ ਭਾਸ਼ਾ ਦੀ
ਪ੍ਰਫ਼ੁੱਲਤਾ ਦੇ ਨਾਮ ‘ਤੇ ਖੁੰਬਾਂ ਦੀ ਤਰ੍ਹਾਂ ਸਾਹਿਤਕ ਧਰਤੀ ‘ਤੇ ਉਪਜੇ
ਨਵੇਂ ਤੇ ਪੁਰਾਣੇ ਸਾਹਿਤਕਾਰ ਬੇਤੁਕੀਆਂ ਹਰਕਤਾਂ ਕਰਕੇ ਸੱਚੇ-ਸੁੱਚੇ
ਪੰਜਾਬੀ ਦੇ ਸਾਹਿਤਕਾਰਾਂ ਤੇ ਅਦਾਰਿਆਂ ਦਾ ਅਕਸ ਮਿੱਟੀ ਵਿੱਚ ਮਿਲਾ ਰਹੇ
ਹਨ। ‘ਦਰਬਾਰੀ ਕਵੀ’ ਤੇ ‘ਕਵਿਤਾ’ ਸਿਰਲੇਖ ਵਾਲੀਆਂ ਕਵਿਤਾਵਾਂ
ਸਰਕਾਰੀ ਰਹਿਨੁਮਾਈ ਵਿੱਚ ਵਿਕਸਤ ਹੋਣ ਵਾਲੇ ਕਵੀਆਂ ਦੀ ਫ਼ਿਤਰਤ ਬਹੁਤ ਹੀ
ਸੁਚੱਜੇ ਢੰਗ ਨਾਲ ਦਰਸਾਈ ਗਈ ਹੈ ਕਿ ਉਹ ਕਵੀ ਤੋਹਫ਼ੇ, ਥੈਲੀਆਂ, ਪ੍ਰੀਤੀ
ਭੋਜਾਂ, ਮਹਿੰਗੀਆਂ ਸ਼ਰਾਬਾਂ ਆਦਿ ਦੀਆਂ ਸਹੂਲਤਾਂ ਲਈ ਚਾਪਲੂਸੀ ਦੀਆਂ
ਹੱਦਾਂ ਟੱਪ ਜਾਂਦੇ ਹਨ। ਸੁਖਿੰਦਰ ਦੀਆਂ ਕਵਿਤਾਵਾਂ ਖੁਲ੍ਹੀਆਂ ਤੇ ਵਿਚਾਰ
ਪ੍ਰਧਾਨ ਹਨ, ਉਨ੍ਹਾਂ ਦੀ ਸ਼ਬਦਾਵਲੀ ਹੀ ਬਹੁਤ ਸਖ਼ਤ ‘ਤੇ ਕਰਾਰੀ ਚੋਟ ਮਾਰਨ
ਵਾਲੀ ਹੈ। ‘ਦਰਬਾਰੀ ਕਵੀ’ ਕਵਿਤਾ ਵਿੱਚ ਲਿਖਦਾ ਹੈ:
ਉਹ, ਮੌਕੇ ਢੂੰਡਦੇ ਰਹਿੰਦੇ ਹਨ ਹਕੂਮਤ ਦੀਆਂ, ਕਾਰਗੁਜ਼ਾਰੀਆਂ ਨੂੰ
ਚਾਪਲੂਸੀ ਦੀ, ਚਾਸ਼ਨੀ ਵਿੱਚ ਡੁੱਬੇ ਕਾਵਿਕ ਸ਼ਬਦਾਂ ਵਿੱਚ ਬਿਆਨ ਕਰ
ਸਰਕਾਰੀ, ਕੈਮਰਿਆਂ ਦੀ, ਕਲਿੱਕ ਕਲਿੱਕ ਸਾਹਮਣੇ ਹਕੂਮਤ ਦੇ,
ਅਹਿਲਕਾਰਾਂ ਕੋਲੋਂ ਤੋਹਫ਼ਿਆਂ ਦੇ ਰੂਪ ਵਿੱਚ ਨੋਟਾਂ ਦੀਆਂ ਥੈਲੀਆਂ,
ਹਕੂਮਤ ਦੀਆਂ ਤਸਵੀਰਾਂ ਵਾਲੀਆਂ, ਤਖ਼ਤੀਆਂ ਪ੍ਰਾਪਤ ਕਰਨ ਲਈ
ਇਸ ਕਾਵਿ -ਸੰਗ੍ਰਹਿ ਵਿੱਚ ਲਗਪਗ 30 ਕਵਿਤਾਵਾਂ ਵਿੱਚ ਸਾਹਿਤਕਾਰਾਂ
ਦੀ ਹਨ੍ਹੇਰਗਰਦੀ ਦਾ ਜ਼ਿਕਰ ਕੀਤਾ ਹੈ। ਲੜਕੀਆਂ ਦਾ ਸਾਹਿਤਕ ਸ਼ੋਸ਼ਣ ਅਤੇ ਮਾਨ
ਸਨਮਾਨਾ ਦੇ ਨਾਮ ‘ਤੇ ਸਾਹਿਤਕ ਸੋਚ ਦਾ ਨੁਕਸਾਨ ਹੋ ਰਿਹਾ ਹੈ। ਸੁਖਿੰਦਰ
ਨੇ ਆਪਣੀਆਂ ਕਵਿਤਾਵਾਂ ਵਿੱਚ ਅਖੌਤੀ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਰਾਹੀਂ
ਇਮੀਗ੍ਰੇਸ਼ਨ ਘਪਲਿਆਂ ‘ਤੇ ਵੀ ਚਿੰਤਾ ਪ੍ਰਗਟ ਕੀਤੀ ਹੈ। ਇਸ ਮੰਤਵ ਲਈ
ਧਾਰਮਿਕ ਅਦਾਰਿਆਂ ਦੀ ਮਾਣਤਾ ਨੂੰ ਵੀ ਖ਼ੋਰਾ ਲੱਗ ਰਿਹਾ ਹੈ।
ਰਾਜਨੀਤਕ ਗਿਰਗਟਾਂ ਦੀ ਗੱਲ ਕਰਦਿਆਂ ਸ਼ਾਇਰ ਨੇ ਸਿਆਸੀ ਪਾਰਟੀਆਂ ਦੀ
ਵਿਚਾਰਧਾਰਾ ਤੇ ਸਿਆਸਤਦਾਨਾ ਦਾ ਭਾਂਡਾ ਫੁੱਟਦਾ ਵਿਖਾਇਆ ਹੈ, ਜਦੋਂ ਉਹ
ਸਵੇਰੇ ਹੋਰ , ਦੁਪਹਿਰੇ ਹੋਰ ਅਤੇ ਰਾਤ ਨੂੰ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ
ਹੋ ਕੇ ਹਰਿਆਣਾ ਦੇ 'ਆਇਆ ਰਾਮ ਤੇ ਗਿਆ ਰਾਮ' ਦੀ ਪੁਰਾਣੀ ਕਹਾਣੀ ਨੂੰ
ਦੁਹਰਾਉਂਦੇ ਹਨ। ਅਸੂਲਾਂ ਦੀ ਥਾਂ ਸਿਆਸਤਦਾਨ ਪੈਸੇ ਦੀ ਖੇਡ ਖੇਡਦੇ ਹਨ।
ਲੋਕ ਬੇਬਸ, ਅਨਪੜ੍ਹ, ਲਾਚਾਰ ਹਨ, ਕਿਉਂਕਿ ਉਨ੍ਹਾਂ ਲਈ ਵੋਟ ਪਾਉਣ ਲਈ
ਨੇਤਾ ਦੀ ਚੋਣ ਕਰਨੀ ਮੁਸ਼ਕਲ ਹੋ ਗਈ ਹੈ। ਆਵਾ ਹੀ ਊਤਿਆ ਹੋਇਆ ਹੈ। ਅਮੀਰਾਂ
ਦਾ ਸਿਆਸਤ ‘ਤੇ ਕਬਜ਼ਾ ਹੈ, ਗ਼ਰੀਬਾਂ ਦੇ ਆਰਥਿਕ ਖੋਖਲੇਪਨ ਕਰਕੇ ਉਹ ਖ੍ਰੀਦੇ
ਜਾਂਦੇ ਹਨ। ਸਮਾਜਿਕ ਤੇ ਇਤਿਹਾਸਕ ਪਰਿਪੇਖ ਵਿੱਚ ਪੰਜਾਬ ਨੂੰ
ਵੇਖਦਿਆਂ ਰੋਣਾ ਆਉਂਦਾ ਹੈ, ਕਿਉਂਕਿ ਕਦੀ ਪੰਜਾਬ ਗੁਰਾਂ ਦੇ ਨਾਮ ‘ਤੇ
ਜਿਉਂਦਾ ਸੀ।
ਹੁਣ ਗੈਂਸਟਰਵਾਦ, ਨਸ਼ਾ, ਭ੍ਰਿਸ਼ਟਾਚਾਰ, ਖਾਣ ਪੀਣ
ਦੀਆਂ ਵਸਤਾਂ ਵਿੱਚ ਮਿਲਾਵਟ, ਬਲਾਤਕਾਰ, ਟ੍ਰੈਵਲ ਏਜੰਟਾਂ ਦੀਆਂ ਠੱਗੀਆਂ,
ਸਿਰੋਪਿਆਂ ਦੀ ਦੁਰਵਰਤੋਂ, ਬੇਰੋਜ਼ਗਾਰੀ, ਪਰਵਾਸ, ਟ੍ਰੈਵਲ ਏਜੰਟ,
ਡੇਰਾਵਾਦ, ਗੋਦੀ ਮੀਡੀਆ ਅਤੇ ਹੋਰ ਬਹੁਤ ਸਾਰੇ ਮਾਫ਼ੀਆ ਸਮਾਜਿਕ ਤਾਣੇ-ਬਾਣੇ
ਨੂੰ ਤਹਿਸ-ਨਹਿਸ ਕਰਨ ਵਾਲੇ ਵਿਸ਼ਿਆਂ ਵਾਲੀਆਂ ਕਵਿਤਾਵਾਂ, ਇਸ
ਕਾਵਿ-ਸੰਗ੍ਰਹਿ ਦਾ ਸ਼ਿੰਗਾਰ ਹਨ। ਇਨ੍ਹਾਂ ਸਾਰੀਆਂ ਕੁਰੀਤੀਆਂ ਦੇ ਬਾਵਜੂਦ
ਵੀ ਸੁਖਿੰਦਰ ਆਸ਼ਾਵਾਦੀ ਹੈ ਕਿ ਕਿਸੇ-ਨਾ-ਕਿਸੇ ਦਿਨ ਇਨ੍ਹਾਂ ਲੋਕਾਂ ਦਾ
ਪਰਦਾ ਫ਼ਾਸ਼ ਹੋ ਜਾਵੇਗਾ ਤੇ ਲੋਕ ਇਨ੍ਹਾਂ ਵਿਰੁੱਧ ਉਠ ਖੜ੍ਹਨਗੇ, ਇਨ੍ਹਾਂ
ਸਿਆਸਤਦਾਨਾਂ ਅਤੇ ਹੋਰ ਸਾਰੇ ਮਾਫ਼ੀਆ ਤੋਂ ਹਿਸਾਬ ਮੰਗਣਗੇ।
ਧਾਰਮਿਕ ਲੋਕਾਂ ਵਿੱਚ ਪਖੰਡਵਾਦ ਭਾਰੂ ਹੈ, ਸੰਗੀਤਕ ਮਿਲਾਵਟ ਵੱਧ ਗਈ ਹੈ,
ਸੰਗੀਤ ਸੰਤੁਸ਼ਟੀ ਦੀ ਥਾਂ ਕੁਝ ਹੋਰ ਪ੍ਰੋਸ ਰਿਹਾ ਹੈ, ਸਰਕਾਰਾਂ ਅੰਦੋਲਨ
ਫ਼ੇਲ੍ਹ ਕਰਨ ਲਈ ਹੱਥਕੰਡੇ ਵਰਤਦੀਆਂ ਰਹੀਆਂ, ਤਿਗੜਮਬਾਜ਼ੀਆਂ ਚਲ ਰਹੀਆਂ,
ਲੋਕ ਸਵੈ-ਵਿਰੋਧੀ, ਦੋਹਰੇ ਕਿਰਦਾਰ, ਹੱਕ ਮੰਗਣ ਵਾਲੇ ਦੇਸ਼ ਵਿਰੋਧੀ, ਸੋਚ
ਦਾ ਦੀਵਾਲਾ, ਬਗ਼ਾਬਤ ਦੀ ਕਨਸੋਅ, ਅੰਧ ਭਗਤਾਂ ਦਾ ਯੁਗ, ਫ਼ੁਕਰਾਪੰਥੀ
ਮੋਹਰੀ, ਔਰਤਾਂ ਅਸੁਰੱਖਿਅਤ ਵਾਲੀਆਂ ਕਵਿਤਾਵਾਂ ਪ੍ਰੇਰਣਾਦਾਇਕ ਤੇ
ਸੰਵੇਦਨਸ਼ੀਲ ਹਨ। ਧਾਰਮਿਕ ਸੰਸਥਾਵਾਂ ਦਾ ਅਕਸ ਗੰਧਲਾ ਹੋ ਗਿਆ, ਕਿਉਂਕਿ
ਮਰਿਆਦਾ ਦਾ ਘਾਣ ਹੋ ਰਿਹਾ ਹੈ। ਕੱਟੜਪੰਥੀ ਧਰਮ ਦੀ ਆੜ ਵਿੱਚ ਕਤਲ ਤੱਕ
ਕਰਦੇ ਹਨ। ਸਮਾਜ ਦੇ ਹਰ ਖੇਤਰ ਵਿੱਚ ਪੁਲਿਸ, ਅਫ਼ਸਰਸ਼ਾਹੀ, ਸਿਆਸਤਦਾਨ,
ਧਾਰਮਿਕ ਲੋਕ, ਧਰਮ ਦੇ ਠੇਕੇਦਾਰ, ਗੈਂਸਟਰ, ਬਲਾਤਕਾਰੀ, ਸ਼ਾਹੂਕਾਰ, ਨਸ਼ਿਆਂ
ਦੇ ਸੌਦਾਗਰ ਆਦਿ ਦੀ ਮਿਲੀ ਭੁਗਤ ਹੋਣ ਕਰਕੇ ਲੋਕਾਂ ਨੂੰ ਇਨਸਾਫ਼ ਨਹੀਂ ਮਿਲ
ਰਿਹਾ। ‘ਸਾਡੇ ਬੱਚੇ ਨੇ ਜੀ’ ਸਿਰਲੇਖ ਵਾਲੀ ਕਵਿਤਾ ਵਿੱਚ ਮਿਲੀ ਭੁਗਤ ਦਾ
ਨਮੂਨਾ ਦਰਸਾਇਆ ਹੈ, ਜਦੋਂ ਬੱਚੇ ਨਸ਼ੇ ਕਰਦੇ ਹਨ, ਲੁੱਟਾਂ ਖੋਹਾਂ,
ਗੈਂਗਸਟਰ, ਪੰਜਾਬੀ ਭੀਖ ਮੰਗਦੇ, ਕਾਰਾਂ ਚੋਰੀ ਕਰਦੇ, ਘਰਾਂ ਵਿੱਚ ਚੋਰੀਆਂ
ਕਰਦੇ ਦਵਾਈਆਂ ਦੀਆਂ ਦੁਕਾਨਾ ਲੁੱਟਦੇ, ਕੈਨੇਡਾ ਵਿੱਚ ਬੈਂਕਾਂ ਲੁੱਟਦੇ,
ਨਸ਼ਿਆਂ ਕਰਕੇ ਮਰਦੇ ਹਨ ਤਾਂ ਕਿਹਾ ਜਾਂਦਾ ਹੈ ਕਿ ਸਾਡੇ ਹੀ ਬੱਚੇ ਨੇ।
‘ਦੋਗਲਾਪਣ’ ਸਿਰਲੇਖ ਵਾਲੀ ਕਵਿਤਾ ਵਿੱਚ ਸ਼ਾਇਰ ਲਿਖਦਾ ਹੈ:
ਸ਼ਹਿਰ ਵਿੱਚ ਸ਼ੋਰ ਸੀ: ਸਰਕਾਰ ਭ੍ਰਿਸ਼ਟਾਚਾਰੀਅਆਂ ਨੂੰ ਨੱਥ
ਪਾਵੇ, ਸਰਕਾਰ ਨੇ ਅਨੇਕਾਂ ਭ੍ਰਿਸ਼ਟਾਚਾਰੀ ਨੇਤਾ ਜੇਹਲਾਂ ‘ਚ ਡੱਕ
ਦਿੱਤੇ, ਹੁਣ, ਸ਼ਹਿਰ ਵਿੱਚ ਸ਼ੋਰ ਸੀ: ਭ੍ਰਿਸ਼ਟਾਚਾਰੀ ਵੀ, ਤਾਂ,
ਸਾਡੇ ਹੀ ਪੁੱਤਰ ਹਨ ਇਹ, ਤਾਂ, ਬੁੱਚੜਾਂ ਦੀ ਸਰਕਾਰ ਹੈ।
ਇਹ
ਕਿਤਨੀ ਗ਼ਲਤ ਧਾਰਨਾ ਹੈ। ਇਹ ਪ੍ਰਣਾਲੀ ਕਿਵੇਂ ਖ਼ਤਮ ਹੋਵੇਗੀ? ਜੇ ਅਸੀਂ ਇਸ
ਤਰ੍ਹਾਂ ਹੀ ਕਰਦੇ ਰਹੇ। ਚਿੱਟੇ ਦੇ ਨਸ਼ੇ, ਕੀਟਨਾਸ਼ਕ ਦਵਾਈਆਂ, ਪਾਰਕਾਂ,
ਪਲਾਜ਼ਿਆਂ ਵਿੱਚ ਲੜਾਈਆਂ, ਕਰਜ਼ੇ ਅਤੇ ਸਰਕਾਰੀ ਜ਼ਬਰ ਸ਼ੋਸ਼ਣ ਵਰਗੀਆਂ ਲਾਹਣਤਾਂ
ਨੇ ਪੰਜਾਬੀਆਂ ਦਾ ਅਕਸ ਖ਼ਰਾਬ ਕੀਤਾ ਹੈ। 'ਬਲਿਊ ਸਟਾਰ ਅਪ੍ਰੇਸ਼ਨ' ਦਾ
ਸੰਤਾਪ, ਬੇਅਦਬੀਆਂ, ਬੰਦੀ ਸਿੰਘਾਂ, ਆਦਿਵਾਸੀਆਂ ਦੇ ਘਰ ਉਜਾੜਨਾ,
ਹਕੂਮਤਾਂ ਦੀਆਂ ਤੰਗਦਿਲੀਆਂ, ਜ਼ਾਤ ਪਾਤ, ਲਹੂ ਦੇ ਛਿੱਟੇ ਧਰਮ ਦੇ ਨਾਂ ਤੇ
ਕਤਲੇਆਮ ਆਦਿ। ‘ਧਾਰਮਿਕ ਆਤੰਕਵਾਦ’ ਸਿਰਲੇਖ ਵਾਲੀ ਕਵਿਤਾ ਧਰਮ ਦੀ ਆੜ
ਵਿੱਚ ਕੀਤੀ ਜਾ ਰਹੀ ਜ਼ੋਰ ਜ਼ਬਰਦਸਤੀ ਦਾ ਸਬੂਤ ਹੈ:
ਜਦੋਂ, ਮੁੰਡੀਰ ਤੁਹਾਡੇ, ਘਰਾਂ ‘ਚ ਵੜ ਕੇ ਤੁਹਾਡੇ, ਘਰਾਂ ਦੇ
ਫਰਿੱਜਾਂ ਵਿੱਚ ਪਏ ਭੋਜਨ ਦੀ ਪੜਤਾਲ ਕਰਨ ਲੱਗ ਜਾਏ ਬੱਕਰੇ ਦੇ ਮਾਸ
ਨੂੰ ਵੀ ਗਊ ਦਾ ਮਾਸ ਕਹਿਕੇ ਤੁਹਾਡੀ, ਹੱਤਿਆ ਕਰ ਦੇਵੇ ਤਾਂ,
ਪੁੱਛਣਾ ਹੀ ਬਣਦਾ ਹੈ: ਕੀ, ਇਸ ਨੂੰ, ਤੁਸੀਂ- ਧਾਰਮਿਕ ਆਤੰਕਵਾਦ
ਨਹੀਂ ਕਹੋਗੇ
ਰਾਸ਼ਟਰਵਾਦ, ਰਾਜਨੀਤੀ ਧਰਮ ਦਾ ਮਖੌਟਾ,
ਰਾਜਨੀਤੀ ਦਾ ਗੰਧਲਾਪਣ, ਜੈ ਸਿਰੀ ਰਾਮ, ਖਾਲਿਸਤਾਨ, ਨਫ਼ਰਤਾਂ ਦੇ ਬੀਜ,
ਸਾਹਿਤਕ ਡੇਰਾਵਾਦ, ਜੰਗ ਵੀ ਇੱਕ ਧੰਦਾ, ਅਤੇ ਸਰਹੱਦਾਂ ‘ਤੇ ਕੁਰਬਾਨੀਆਂ
ਦੇਣ ਵਾਲਿਆਂ ਆਦਿ ਨੁਕਤਿਆਂ ਨੂੰ ਆਪਣੀਆਂ ਕਵਿਤਾਵਾਂ ਵਿੱਚ ਉਠਾਇਆ ਹੈ,
ਜਿਨ੍ਹਾਂ ਬਾਰੇ ਸਰਕਾਰਾਂ ਸੰਜੀਦਾ ਨਹੀਂ ਹਨ। ਸਗੋਂ ਸਾਰੇ ਮਸਲੇ ਅਣਗੌਲੇ
ਹੋਏ ਹਨ। ਦੋ ਦੇਸ਼ਾਂ ਖਾਸ ਤੌਰ ‘ਤੇ ਇੰਡੋ ਪਾਕਿ ਸਰਕਾਰਾਂ ਦੀਆਂ ਆਪੋ ਆਪਣੇ
ਦੇਸ਼ਾਂ ਦੇ ਨਾਗਰਿਕਾਂ ਦੀ ਅਣਵੇਖੀ ਕਰਕੇ ਆਪਣੀਆਂ ਸਰਕਾਰਾਂ ਬਰਕਰਾਰ ਰੱਖਣ
ਲਈ ਜੰਗਾਂ ਦੇ ਡਰਾਬਿਆਂ ਬਾਰੇ ਲਗਪਗ 15 ਕਵਿਤਾਵਾਂ ਹਨ।
ਸਮਕਾਲੀ
ਪੰਜਾਬੀ ਕਵਿਤਾ ਦੇ ਪਰਿਪੇਖ ਵਿੱਚ ਕਿਹਾ ਜਾ ਸਕਦਾ ਹੈ ਕਿ ਸੁਖਿੰਦਰ ਦੀ
ਕਵਿਤਾ ਲੋਕ ਹਿੱਤਾਂ ‘ਤੇ ਪਹਿਰਾ ਦੇਣ ਵਾਲੀ ਹੈ, ਜਦੋਂ ਪੰਜਾਬੀ ਸਮਕਾਲੀ
ਕਵਿਤਾ ਰੁਮਾਂਸਵਾਦ ਦੀ ਤਰਜਮਾਨੀ ਕਰਦੀ ਵਿਖਾਈ ਦਿੰਦੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
|