WWW 5abi.com  ਸ਼ਬਦ ਭਾਲ

ਨਾਵਲ
ਕਾਂਡ ਦੂਜਾ

ਉੱਜੜ ਗਏ ਗਰਾਂ
ਸ਼ਿਵਚਰਨ ਜੱਗੀ ਕੁੱਸਾ


ਤਿੱਖੜ ਦੁਪਿਹਰ ਪੁਲਸ ਦਾ ਭਰਿਆ ਟਰੱਕ ਪਿੰਡ ਵਿਚ ਪਹੁੰਚ ਗਿਆ।

ਸਿਪਾਹੀ ਅਰਾਮ ਨਾਲ ਨਹੀਂ, ਸਗੋਂ ਛਾਲਾਂ ਮਾਰ ਕੇ ਟਰੱਕ ਵਿਚੋਂ ਉਤਰੇ ਸਨ। ਲਾਲ ਪੱਗਾਂ ਵਾਲਿਆਂ ਦਾ ਜਿਵੇਂ ਪਿੰਡ ਵਿਚ ਹੜ੍ਹ ਆ ਗਿਆ ਸੀ। ਚੁੱਪ ਚਾਪ ਘੂਰਦੀਆਂ ਅੱਖਾਂ ਨਾਲ ਸਿਪਾਹੀ ਮੁੱਛਾਂ ਨੂੰ ਤਾਅ ਦੇ ਰਹੇ ਸਨ। ਜਿਵੇਂ ਉਹ ਕਿਸੇ ਕਤਲ ਕੇਸ 'ਤੇ ਨਹੀਂ, ਜੰਝ ਆਏ ਸਨ।

ਪੁਲੀਸ ਨੇ ਪਿੰਡ ਦੇ ਕਿਸੇ ਬੰਦੇ ਨੂੰ ਭੇਜ ਕੇ ਚੌਕੀਦਾਰ ਨੂੰ ਬੁਲਾਇਆ।
ਚੌਕੀਦਾਰ ਹਾਜ਼ਰ ਹੋ ਗਿਆ।
ਦੋ ਸਿਪਾਹੀ ਅਤੇ ਚੌਕੀਦਾਰ ਸਰਪੰਚ ਵੱਲ ਨੂੰ ਘੱਲ ਦਿੱਤੇ ਗਏ।
ਸਾਰੀ ਪੁਲੀਸ ਧਰਮਸਾਲਾ ਵਿਚ ਬੈਠ ਗਈ।

ਨੰਬਰਦਾਰ ਦੇ ਘਰੋਂ ਦੋ ਬਾਲਟੀਆਂ ਦੁੱਧ ਦੀਆਂ ਪਹੁੰਚ ਗਈਆਂ। ਸਾਰੀ ਪੁਲਸ ਦੁੱਧ ਵੱਲ ਨੂੰ ਹੋ ਗਈ। ਗਰਮ ਗਰਮ ਦੁੱਧ ਦੇ ਲਗਾਤਾਰ ਦੋ ਗਿਲਾਸ ਪੀਣ ਕਾਰਨ ਠਾਣੇਦਾਰ ਦੀ ਪੱਗ ਦੇ ਲੜ ਪਸੀਨੇ ਨਾਲ ਭਿੱਜ ਗਏ ਸਨ।

ਬਾਲਟੀ ਵਿਚ ਬਾਲਟੀ ਫ਼ਸਾ ਕੇ ਨੰਬਰਦਾਰ ਨੇ ਗਿਲਾਸ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ।

-"ਹੋਰ ਕੋਈ ਹੁਕਮ ਹਜ਼ੂਰ?" ਪੁਲਸ ਦਾ 'ਦੱਲਾ' ਨੰਬਰਦਾਰ ਠਾਣੇਦਾਰ ਨੂੰ ਪੁੱਛ ਰਿਹਾ ਸੀ। ਉਸ ਦੇ ਮੂੰਹ 'ਤੇ ਕੋਈ ਇਲਤ ਨੱਚ ਰਹੀ ਸੀ।

-"ਫੇਰ ਕਿਤੇ ਦੱਸਾਂਗੇ।" ਠਾਣੇਦਾਰ ਨੇ ਉਸ ਨੂੰ ਝਾੜ ਕੇ ਜਿਹੇ ਰੱਖ ਦਿੱਤਾ। ਉਹ ਬਾਲਟੀਆਂ ਅਤੇ ਗਿਲਾਸ ਲੈ ਕੇ ਤਿੱਤਰ ਹੋ ਗਿਆ।

ਸਰਪੰਚ ਸਮੇਤ ਸਾਰੀ ਪੰਚਾਇਤ ਇਕੱਠੀ ਹੋ ਗਈ ਸੀ।
ਠਾਣੇਦਾਰ ਸਰਪੰਚ ਨੂੰ ਇੱਕ ਪਾਸੇ ਲੈ ਗਿਆ।
ਕਾਫ਼ੀ ਦੇਰ ਉਹਨਾਂ ਵਿਚ ਕੋਈ "ਘੁਸਰ-ਮੁਸਰ" ਜਿਹੀ ਹੁੰਦੀ ਰਹੀ। ਪਰ ਕਿਸੇ ਨੂੰ ਕੋਈ ਖ਼ਾਸ ਸਮਝ ਨਹੀਂ ਪੈ ਰਹੀ ਸੀ।

- "ਪ੍ਰਛਾਦਾ ਛਕੋਂਗੇ ਹਜੂਰ?" ਨੰਬਰਦਾਰ ਨਾਲ ਨ੍ਹੇਰੀ ਖੜ੍ਹਾ ਸੀ।
- "ਨਹੀਂ-।" ਠਾਣੇਦਾਰ ਨੇ ਇੱਕੋ 'ਚ ਹੀ ਨਬੇੜ ਦਿੱਤੀ।
- "ਆਪ ਖਾਣਾ ਨ੍ਹੀ ਕੁਛ ਕਰਨਾ ਨ੍ਹੀ-ਨਾਲ ਸਾਨੂੰ ਵੀ ਭੁੱਖਾ ਮਾਰੂ।" ਇਕ ਭੁੱਖੀਆਂ ਜਿਹੀਆਂ ਜਾਭਾਂ ਵਾਲਾ ਸਿਪਾਹੀ ਦੂਜੇ ਨੂੰ ਕੰਨ ਵਿਚ ਕਹਿ ਗਿਆ ਸੀ।

-"ਇਹਦੇ 'ਚ ਠਾਣੇਦਾਰਾਂ ਆਲੀ ਆਕੜ ਈ ਹੈਨੀ।" ਦੂਜਾ ਬੋਲਿਆ।
-"ਅਗਲੇ ਨਾਲ ਇਉਂ ਮੂੰਹ ਨਾਲ ਮੂੰਹ ਜੋੜ ਕੇ ਗੱਲਾਂ ਕਰੂ-ਜਿਵੇਂ ਠਾਣੇਦਾਰ ਨਹੀਂ, ਵਿਚੋਲਾ ਹੁੰਦੈ।"

- "ਉਏ ਆਪ ਰੱਜੇ ਘਰ ਦਾ ਹੈਗਾ-ਕਾਸੇ ਦੀ ਟੋਟ ਨਹੀਂ ਘਰੇ-ਪਰ ਸਾਡੇ ਵੱਲੀਂ ਵੀ ਦੇਖੇ ਜਿਹੜੇ ਲੱਖਾਂ ਲਾ ਕੇ ਭਰਤੀ ਹੋਏ ਆਂ।" ਇਕ ਲਵਾ ਜਿਹਾ ਸਿਪਾਹੀ ਵੀ ਆਪਣੀ ਵਿਚੇ ਹੀ ਚਲਾ ਗਿਆ। ਉਹ ਬਾਪੂ ਸਿਰ ਚੜ੍ਹਿਆ ਕਰਜ਼ਾ ਛੇਤੀ ਲਾਹ ਦੇਣਾ ਚਾਹੁੰਦਾ ਸੀ। ਘਰ ਦਾ ਫ਼ਿਕਰ ਉਸ ਨੂੰ ਤੋੜ ਤੋੜ ਖਾ ਰਿਹਾ ਸੀ।

-"ਚਲੋ ਮੌਕਾ ਦਿਖਾਓ!" ਠਾਣੇਦਾਰ ਨੇ ਪੰਚਾਇਤ ਨੂੰ ਸੰਬੋਧਨ ਕੀਤਾ।

ਪੰਚਾਇਤ ਸਣੇ ਪੁਲਸ ਸ਼ਿੰਦੇ ਕੇ ਘਰ ਨੂੰ ਸਿੱਧੀ ਹੋ ਗਈ। ਪੈਰਾਂ ਦੀ "ਖੜੱਪ-ਖੜੱਪ" ਧਰਤੀ ਦਾ ਸੀਨਾ ਪਾੜਦੀ ਸੀ।

- "ਹੱਥਾਂ 'ਚ ਦੰਬੂਖਾਂ ਫੜ ਕੇ, ਧਰਤੀ ਲਤੜ ਲਤੜ ਤੁਰਦੇ ਐ।" ਕਾਫ਼ੀ ਪਿੱਛੇ ਤੁਰੇ ਆ ਰਹੇ ਬਜ਼ੁਰਗ ਨੇ ਦੂਜੇ ਨੂੰ ਕਿਹਾ।
- "ਦੇਖ-ਗਾਂ!" ਦੂਜਾ ਬਜੁਰਗ ਵੀ ਕਹਿਣੋਂ ਨਾ ਰਹਿ ਸਕਿਆ।
- "ਸਟੇਨਾਂ ਵੀ ਇਹਨਾਂ ਨੂੰ ਖਾੜਕੂਆਂ ਨੇ ਦੁਆਈਐਂ ਚੰਨਣ ਸਿਆਂ- ਨਹੀਂ ਤਾਂ ਬਿਚਾਰਿਆਂ ਕੋਲ ਇਕ ਡਾਂਗ ਤੇ ਇਕ ਟੁੱਟਿਆ ਜਿਆ ਛੈਂਕਲ ਹੁੰਦਾ ਸੀ।" ਕਿਸੇ ਅੱਧਖੜ੍ਹ ਜਿਹੇ ਨੇ ਨਾਲ ਰਲਦਿਆਂ ਕਿਹਾ।
- "ਹੁਣ ਤਾਂ ਭੈੜ੍ਹਿਆ ਮਾਰ ਫੜ ਕੇ-ਕਿਧਰੇ ਛਟੇਨਾਂ-ਕਿਧਰੇ ਖੱਟੇ ਮੋਟਰ ਛੈਂਕਲ-ਚੜ੍ਹਨ ਨੂੰ ਜੀਪਾਂ ਤੇ ਖੁੱਲ੍ਹੇ ਆਡਰ-ਮਾਰੋ ਲੁੱਟੋ ਤੇ ਖਾਓ!" ਬਜੁਰਗ ਤੋਂ ਪੁਲੀਸ ਦੀ ਤਾਬ ਝੱਲੀ ਨਹੀਂ ਜਾਂਦੀ ਸੀ।

-"ਹੁਣ ਤਾਂ ਚੰਨਣ ਸਿਆਂ ਇਹਨਾਂ ਦੀਆਂ ਬਰਦੀਆਂ ਦੀ ਵੀ ਪੂਰੀ ਠਾਠ ਐ-ਪਹਿਲਾਂ ਲੰਡੇ ਜੇ ਕੱਛੇ ਹੁੰਦੇ ਸੀ ਤੇ ਇਕ ਪਾਈ ਹੁੰਦੀ ਬੂਛਲਟ।"
-"ਹੁਣ ਤਾਂ ਇਹਨਾਂ ਕੋਲੇ ਕਹਿੰਦੇ ਬੈਰਲੱਸਾਂ ਵੀ ਹੈਗੀਐਂ?" ਦੂਜੇ ਬਜੁਰਗ ਨੇ ਚੰਨਣ ਸਿੰਘ ਦੇ ਮੂੰਹੋਂ ਗੱਲ ਖੋਹ ਲਈ।
-"ਹੁਣ ਤਾਂ ਭਾਈ ਜੇ ਕੋਈ ਕਹੇ ਬਈ ਇਹਨਾਂ ਕੋਲੇ ਰੱਬ ਐ-ਤਾਂ ਵੀ ਕੋਈ ਚਰਜ ਨ੍ਹੀ।"

- "ਆਹ ਤੂੰ ਅੱਖੀਂ ਨ੍ਹੀ ਦੇਖਿਆ? ਮਾਣੂਕਿਆਂ ਦਾ ਮੁੰਡਾ ਖੇਤ ਰੋਟੀ ਲਿਜਾਂਦਾ ਈ ਚੱਕ ਲਿਆ-ਕਹਿੰਦੇ ਇਹਦੇ ਅੱਤਬਾਦੀਆਂ ਨਾਲ ਸਬੰਧ ਐ-ਪੰਜ ਦਿਨ ਉਹਨੂੰ ਕੁੱਟੀ ਗਏ-ਘੋਟਾ ਲਾਇਆ-ਬੀਹ ਕੁਛ ਕੀਤਾ-ਮੁੰਡਾ ਬਿਚਾਰਾ ਬੇਕਸੂਰ-ਉਹ ਦੱਸੇ ਤਾਂ ਕੀ ਦੱਸੇ? ਅਖੀਰ ਮੁੰਡੇ ਦੇ ਪਿਉ ਨੇ ਜਾ ਕੇ ਪੰਚੈਤ 'ਕੱਠੀ ਕੀਤੀ-ਬੀਹ ਹਜਾਰ ਠਾਣੇਦਾਰ ਨੂੰ ਦਿੱਤਾ-ਤਾਂ ਜਾ ਕੇ ਮੁੰਡੇ ਦੀ ਖਲਾਸੀ ਹੋਈ-ਮਹੀਨਾ ਭਰ ਹਸਪਤਾਲ ਦਾਖਲ ਰਿਹੈ-ਪਰ ਤੁਰਿਆ ਉਹਤੋਂ ਅਜੇ ਨ੍ਹੀ ਜਾਂਦਾ-ਰਾਤ ਨੂੰ ਸੁੱਤਾ ਪਿਆ ਡਰ ਕੇ ਡਾਡਾਂ ਮਾਰ ਕੇ ਉਠਦੈ-ਪੰਜ ਦਿਨ ਮੁੰਡੇ ਦੀ ਧੁੱਕੀ ਕੱਢ ਕੇ-ਬੀਹ ਹਜਾਰ ਰੁਪਈਆ ਲੈ ਕੇ ਫੇਰ ਵੀ ਠਾਣੇਦਾਰ ਮੁੰਡੇ ਦੇ ਪਿਉ ਨੂੰ ਬੋਲਦੈ-ਅਖੇ ਹੁਣ ਮੁੰਡੇ ਨੂੰ ਰੋਕ ਕੇ ਰੱਖੀਂ-ਤੇਰੇ ਨਹੀਂ ਪੰਚੈਤ ਦੇ ਮੂੰਹ ਨੂੰ ਛੱਡਤਾ-ਬਈ ਛੱਡਿਆ ਪੰਚੈਤ ਦੇ ਮੂੰਹ ਨੂੰ ਨ੍ਹੀ-ਬੀਹ ਹਜਾਰ ਦੇ ਮੂੰਹ ਨੂੰ ਛੱਡਿਐ।" ਗਰਮਾਇਸ਼ ਨਾਲ ਬੋਲਦੇ ਬਜੁਰਗ ਦੀਆਂ ਨਾੜਾਂ ਆਫ਼ਰ ਗਈਆਂ ਸਨ।

- "ਇਹਨਾਂ ਦੇ ਤਾਂ ਚੰਨਣ ਸਿਆਂ ਹੁਣ ਰੱਬ ਯਾਦ ਨ੍ਹੀ ਰਿਹਾ!"
- "ਰੱਬ ਨੂੰ ਕੀ ਦਬਾਲ ਐ ਇਹੇ? ਮੈਂ ਕਹਿਨੈਂ ਇਹਨਾਂ ਨੂੰ ਰੱਬ ਮਿਲਪੇ-ਇਹ ਉਹਦੇ ਚੱਡੇ ਪਾੜ ਦੇਣ!" ਕਹਿੰਦਾ ਕਹਿੰਦਾ ਬਜੁਰਗ ਹੱਸ ਪਿਆ।
- "ਲੈ ਹੁਣ ਹੋਰ ਸੁਣ ਲੈ! ਸਾਰੇ ਪਿੰਡ ਨੂੰ ਪਤੈ ਬਈ ਬਹੂ ਖੁਦ ਦੁਆਈ ਪੀ ਕੇ ਮਰੀ ਐ ਤੇ ਕੁੜੀਆਂ ਨੂੰ ਵੀ ਉਸੇ ਨੇ ਮਾਰਿਐ-ਤੇ ਇਹੇ ਮਾਂ ਦੇ ਚੰਦ ਦੇਖੀਂ ਕੀ ਚੰਦ ਚਾੜ੍ਹਦੇ ਐ।"
- "ਇਹਨਾਂ ਨੂੰ ਕਿਹੜਾ ਪਤਾ ਨਾ ਹੋਊ? ਸਰਪੈਂਚ ਸਾਹਬ ਨੇ ਸਾਰਾ ਕੁਛ ਦੱਸਤਾ ਹੋਣੈਂ-ਬਈ ਸਾਰਾ ਟੱਬਰ ਬੇਕਸੂਰ ਐ-ਗੱਲ ਵਿਚੋਂ ਕੋਈ ਹੋਰ ਐ।"
-"ਹੈ ਕਮਲਾ! ਫੇਰ ਇਹਨਾਂ ਨੂੰ ਵਿਚੋਂ ਲੈਣ ਦੇਣ ਨੂੰ ਕੀ ਰੱਖਿਐ?"
-"ਇਹਨਾਂ ਨੇ ਤਾਂ ਆਬਦਾ ਈ ਘਰਾਟ ਰਾਗ ਗਾਉਣੈਂ।"
-"ਗੁਰਦਿੱਤਿਆ! ਗੁਰਬਾਣੀ ਕਹਿੰਦੀ ਐ-ਪਾਪਾਂ ਬਾਝਹੁ ਹੋਵੈ ਨਾਹੀ ਮੋਇਆਂ ਸਾਥ ਨਾ ਜਾਈ।" ਚੰਨਣ ਸਿੰਘ ਅਜਿਹੇ ਪੈਸੇ 'ਤੇ ਥੁੱਕਦਾ ਵੀ ਨਹੀਂ ਸੀ। ਇਹ ਗੱਲ ਉਹ ਮੰਨਦਾ ਸੀ ਕਿ ਗ੍ਰਹਿਸਥੀ ਜੀਵਨ ਮਾਇਆ ਬਗੈਰ ਚੱਲ ਨਹੀਂ ਸਕਦਾ ਸੀ। ਪਰ ਕਿਸੇ ਦਾ ਪੇਟ ਕੱਟ ਕੇ ਆਪਣਾ ਪੇਟ ਪਾਲਣਾ ਉਹ 'ਹਰਾਮ' ਸਮਝਦਾ ਸੀ।

- "ਇਹ ਪੁਲਸ ਨੂੰ ਸਾਰੀ ਉਂਗਲ ਨ੍ਹੇਰੀ ਦੀ ਐ-ਮੈਂ ਸ਼ਰਤ ਕਰਦੈਂ।" ਅੱਧਖੜ੍ਹ ਨੇ ਜਜ਼ਬਾਤੀ ਹੋ ਕੇ ਕਿਹਾ।
-"----।" ਸਾਰੇ ਬਜੁਰਗ ਚੁੱਪ ਸਨ।
- "ਸ਼ਰਤ ਲਾ-ਲੋ!" ਉਹ ਫਿਰ ਬੋਲਿਆ।
- "ਮੈਨੂੰ ਆਹੀ ਤਾਂ ਸਮਝ ਨ੍ਹੀ ਆਉਂਦੀ ਬਈ ਨ੍ਹੇਰੀ ਨੂੰ ਵਿਚੋਂ ਖੱਟਣ ਕਮਾਉਣ ਨੂੰ ਕੀ ਐ?" ਬਜੁਰਗ ਚੰਨਣ ਸਿੰਘ ਨੇ ਚੁੱਪ ਤੋੜੀ, "ਉਹਦੇ ਕਿਹੜਾ ਫੀਤੀ ਲੱਗ ਜਾਣੀ ਐਂ?"
- "ਚੰਨਣ ਸਿਆਂ ਤੂੰ ਨ੍ਹੀ ਸਮਝਦਾ ਸਿਆਸਤਾਂ ਨੂੰ-ਪਹਿਲਾਂ ਮਾੜੀ ਮੋਟੀ ਲਾਗ ਡਾਟ ਸੀਗੀ-ਕਾਮਰੇਟਾਂ ਤੋਂ ਡਰਦਾ ਬੋਲਦਾ ਨ੍ਹੀ ਸੀ-ਸ਼ਿੰਦੇ ਦੇ ਜੁੱਟ ਵੀ ਸਾਰੇ ਅੱਗ ਲੱਗੜੇ ਐ-ਹੁਣ ਆਹ ਘਾਣੀ ਬੀਤਣੀ ਸੀ ਤੇ ਇਹਦੇ ਕੰਮ ਲੋਟ ਆਉਣਾ ਸੀ।" ਅੱਧਖੜ੍ਹ ਸਾਰੀ ਸਿਆਸਤ ਜਾਣਦਾ ਸੀ।

-"ਇਕ ਆਰੀ ਤਾਂ ਕਾਮਰੇਟਾਂ ਨੇ ਇਹਦੇ ਧੌਲ ਧੱਫ਼ਾ ਵੀ ਕੀਤਾ ਸੀ?" ਚੰਨਣ ਸਿੰਘ ਨੂੰ ਜਿਵੇਂ ਕੁਝ ਯਾਦ ਆ ਗਿਆ ਸੀ।
-"ਉਹ ਤੈਨੂੰ ਮੈਂ ਸੁਣਾਉਨੈਂ-ਤੂੰ ਜਾਣਦੈਂ ਨਾ ਜਗਦੇਵ ਸਿੰਘ ਭੂੰਡ ਨੂੰ?"
-"ਭੂੰਡ ਨੂੰ ਮੈਂ ਭੁੱਲਿਐਂ?" ਚੰਨਣ ਸਿੰਘ ਨੇ ਲੱਗਦਾ ਮੋੜਾ ਦਿੱਤਾ।
-"ਉਹ ਭਾਈ ਸ਼ਿੰਦੇ ਦਾ ਮਿੱਤਰ ਐ-ਉਹ ਕਿਤੇ ਸ਼ਿੰਦੇ ਨੂੰ ਮਿਲਣ ਆ ਗਿਆ-ਸ਼ਿੰਦਾ ਕਿਤੇ ਰੱਬ ਜਾਣੇ ਘਰੇ ਨ੍ਹੀ ਸੀ-ਹਰ ਕੁਰ ਨੇ ਚਾਹ ਧਰਤੀ-ਜਦੋਂ ਭੂੰਡ ਬਾਹਰ ਨਿਕਲਿਆ ਤਾਂ ਇਹ ਚੌਧਰੀ ਉਹਦੇ ਨਾਲ ਹੀਂਜਰ ਪਿਆ-ਅਖੇ ਹਾਂ-ਹਾਂ ਤੂੰ ਕਬੀਲਦਾਰ ਘਰੇ ਕੀ ਲੈਣ ਆਇਐਂ? ਬਈ ਤੂੰ ਅੱਡ ਐਂ ਬਿੱਢ ਐਂ-ਤੂੰ ਦੱਸ ਕੀ ਲੈਣੈਂ?"

-"ਫੇਰ--?"

- "ਫੇਰ ਕੀ ਵਾਹਵਾ ਤੂੰ-ਤੂੰ ਮੈਂ-ਮੈਂ ਹੋਈ - ਅਗਲੇ ਦਿਨ ਭੂੰਡ ਭਾਈ ਆਕਲੀਏ ਆਲੇ ਜੱਗੇ ਨੂੰ - ਇਕ ਹੋਰ ਐ ਕਾਮਰੇਟ ਬੱਗੀ ਜੀ ਦਾਹੜੀ ਆਲਾ-ਇਕ ਬਿਲਾਸਪੁਰ ਦਾ ਸੀ ਕਰਾੜ ਜਿਆ - ਉਹਨੇ ਤਾਂ ਭਾਈ ਕਰ ਲਿਆਂਦੀ ਹਨੂੰਮਾਨ ਦੀ ਸੈਨਾਂ 'ਕੱਠੀ - ਆ ਪਏ ਪਤੰਦਰ ਫੇਰ ਭਰਿੰਡਾਂ ਮਾਂਗੂੰ - ਜਿੱਥੇ ਪੈਂਦੀ ਐ ਪੈਣ ਦੇ - ਹਰ ਕੁਰ ਨੇ ਵਿਚ ਪੈ ਕੇ ਮਸਾਂ ਹਟਾਏ - ਕਹਿੰਦੀ ਦਾਦੇ ਮਗੌਣਿਓਂ ਮੁੰਡਾ ਮਾਰਨੈਂ? ਫੇਰ ਭੂੰਡ ਬੋਲਿਆ ਬੇਬੇ ਤੂੰ ਈ ਵਿਚ ਆ ਗਈ - ਨਹੀਂ ਇਹਦੇ ਆਲਾ ਕੰਮ ਅਸੀਂ ਨਬੇੜ ਦੇਣਾ ਸੀ - ਭਾਈ ਭੂੰਡ ਤਾਂ ਜਿਹੜਾ ਜਹਿਰੀ ਸੀ, ਸੀਗਾ ਈ - ਬਿਲਾਸਪੁਰ ਆਲਾ ਲਾਲਾ ਜਿਆ ਈ ਨਾ ਮਾਨ - ਪਤੰਦਰ ਪੈਂਤਰੇ ਲੈ ਲੈ ਪਵੇ-ਅਖੇ ਤੂੰ ਕਾਮਰੇਟਾਂ ਨੂੰ ਸਮਝਦਾ ਕੀ ਐਂ? ਜਦੋਂ ਭਾਈ ਹਰ ਕੁਰ ਨੇ ਛੁਡਾਇਆ-ਪੱਤਰੇ ਵਾਚ ਗਿਆ-ਮੋਕ ਈ ਪੈਂਦੀ ਜਾਵੇ।"

-"ਬਈ ਜਾਤੇ - ਤੂੰ ਭਰਿੰਡਾਂ ਦੀ ਖੱਖਰ 'ਚ ਕਿਉਂ ਹੱਥ ਪਾਉਨੈਂ? ਇਕ ਨਾਂ ਭੂੰਡ, ਇਕ ਕਾਮਰੇਟ।"
- "ਘਰ ਦੀ ਇੱਜਤ ਬਚਾਉਂਦਾ ਸੀ ਕਾਮਰੇਟਾਂ ਤੋਂ।" ਬਜੁਰਗ ਨੇ ਵਿਅੰਗ ਕਸਿਆ।
- "ਇਹੇ ਬਚਾਉਂਦਾ ਸੀ ਘਰ ਦੀ ਇੱਜਤ? ਬਈ ਦੱਸੋ ਕੰਜਰੀ ਮਰਾਸਣ ਨੂੰ ਕੀ ਮਿਹਣਾ ਦਿਊ?" ਅੱਧਖੜ੍ਹ ਤੱਤਾ ਹੋ ਗਿਆ ਸੀ।
-"ਬਈ ਕੁਛ ਆਖੋ - ਪਰ ਕਾਮਰੇਟ ਇੱਜਤ ਦੇ ਮਾੜੇ ਨ੍ਹੀ - ਮਾਰੋ ਭਾਵੇਂ ਛੱਡੋ।" ਚੰਨਣ ਸਿੰਘ ਨੇ ਕਿਹਾ। ਬਾਂਹਾਂ ਉਲਾਰ ਕੇ ਉਸ ਨੇ ਖਿਲਾਰ ਦਿੱਤੀਆਂ ਸਨ।
-"ਕਾਮਰੇਟ ਇੱਜਤ ਕੀ? ਕਿਸੇ ਗੱਲੋਂ ਵੀ ਨ੍ਹੀ ਮਾੜੇ।" ਅੱਧਖੜ੍ਹ ਨੇ ਕਾਮਰੇਡਾਂ ਦੀ ਹਮਾਇਤ ਕੀਤੀ।
-"ਤੈਨੂੰ ਹੋਰ ਦੱਸ ਦਿੰਨੈਂ-ਨ੍ਹੇਰੀ ਨੇ ਤਾਂ ਅੱਗ ਲਾਤੀ-ਹੁਣ ਇਹਨੂੰ ਕਾਮਰੇਟ ਬੁਝਾਉਂਦੇ ਦੇਖੀਂ ਕਿਮੇਂ ਐਂ-ਨਾਲੇ ਇੱਕ ਪੈਸਾ ਨਹੀਂ ਦੇਣ ਦਿੰਦੇ।"

- "ਚੰਨਣ ਸਿਆਂ ਤੂੰ ਆਪ ਸਿਆਣੈਂ-ਇਹ ਹੋਰਾਂ ਮਾਂਗੂੰ ਹਾਅਤ ਹੂਅਤ ਘੱਟ ਕਰਦੇ ਐ ਤੇ ਡਮਾਕ ਜਾਅਦੇ ਵਰਤਦੇ ਐ।" ਅੱਧਖੜ੍ਹ, ਕਾਮਰੇਡ ਤਾਂ ਨਹੀਂ ਸੀ ਖ਼ੈਰ। ਪਰ ਉਹਨਾਂ ਦੀ ਸਿਫ਼ਤ ਦਿਲੋਂ ਕਰਦਾ ਰਹਿੰਦਾ ਸੀ।

-"ਹੁਣ ਖੁੱਭੀ ਦੇਖੀਂ ਕਿਮੇਂ ਕੱਢਦੇ ਐ।"
-"ਇਕ ਭਾਈ ਇਹਨਾਂ 'ਚ ਹੋਰ ਸਿਫ਼ਤ ਐ।"
-"ਕੀ?" ਚੰਨਣ ਸਿੰਘ ਨੇ ਕੰਨ ਚੁੱਕੇ।
- "ਊਂ ਇਹੇ ਇਕ ਦੂਜੇ ਨੂੰ ਮਿਲਣ ਚਾਹੇ ਨਾ ਮਿਲਣ - ਭੀੜ ਪੈਣ 'ਤੇ ਆਹਣ ਮਾਂਗੂੰ 'ਕੱਠੇ ਹੋ ਜਾਂਦੇ ਐ।"
- "ਇਕ ਇਹਨਾਂ ਦੀ ਬੋਲੀ ਮਿੱਠੀ।"
- "ਹਰੇਕ ਨੂੰ ਸਾਥੀ ਸਾਥੀ ਕਰਦਿਆਂ ਦਾ ਮੂੰਹ ਸੁੱਕਦੈ।"
- "ਮੈਂ ਸੁਣਿਐਂ ਇਹੇ ਭੂਤਾਂ ਭਾਤਾਂ ਵੀ ਕੱਢਦੇ ਐ?" ਚੰਨਣ ਸਿੰਘ ਤੋਂ ਪੁੱਛੇ ਬਗੈਰ ਰਿਹਾ ਨਾ ਗਿਆ।
-"ਇਹ ਤਾਂ ਜੜ ਦਿੰਦੇ ਐ ਕੋਕੇ - ਇਹ ਕੰਮ ਆਹਾ ਭੋਡੀਪੁਰੇ ਆਲਾ ਕਰਦੈ - ਨਾਂ ਤਾਂ ਮੈਂ ਭੁੱਲ ਗਿਆ।" ਅੱਧਖੜ੍ਹ ਨੇ ਜਵਾਬ ਦਿੱਤਾ।

ਪਿੰਡ ਵਿਚ ਮੂੰਹੋਂ ਮੂੰਹ, ਵੱਖੋ ਵੱਖ ਗੱਲਾਂ ਹੋ ਰਹੀਆਂ ਸਨ।

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com