WWW 5abi.com  ਸ਼ਬਦ ਭਾਲ

ਨਾਵਲ
ਕਾਂਡ ਤੀਜਾ

ਉੱਜੜ ਗਏ ਗਰਾਂ
ਸ਼ਿਵਚਰਨ ਜੱਗੀ ਕੁੱਸਾ


ਦੋਂ ਪੰਚਾਇਤ ਸਮੇਤ ਪੁਲੀਸ ਪਹੁੰਚੀ ਤਾਂ ਘਰ 'ਤੇ ਕਹਿਰ ਵਰ੍ਹਿਆ ਹੋਇਆ ਸੀ।

ਬੁੜ੍ਹੀਆਂ ਰੋ ਰਹੀਆਂ ਸਨ। ਕੁਲਵਿੰਦਰ ਦੀ ਸੱਸ ਹਰ ਕੌਰ ਬੜੇ ਵੈਰਾਗ ਭਰੇ ਵੈਣ ਪਾ ਰਹੀ ਸੀ। ਉਹ ਆਪਣੀਆਂ ਪੋਤੀਆਂ ਨੂੰ ਰੋ ਰਹੀ ਸੀ ਜਾਂ ਆਪਣੀ ਨੂੰਹ ਨੂੰ? ਉਜੜੇ ਘਰ ਨੂੰ ਰੋ ਰਹੀ ਸੀ ਜਾਂ ਅਣਹੋਣੀ ਨੂੰ? ਸ਼ਾਇਦ ਉਸ ਨੂੰ ਖੁਦ ਨੂੰ ਵੀ ਨਹੀਂ ਪਤਾ ਸੀ! ਉਹ ਵਾਰ ਵਾਰ ਆਪਣੀਆਂ, ਫੁੱਲ ਵਾਂਗ ਕੁਮਲਾਏ ਪੋਤੀਆਂ ਦੇ ਮੂੰਹ ਚੁੰਮ ਰਹੀ ਸੀ। ਬੇਹਾਲ, ਬੇਸੁੱਧ ਉਹ ਵੈਣ ਪਾਉਂਦੀ, ਅੱਖੀਆਂ 'ਚੋਂ ਨੀਰ ਵਗਾ ਰਹੀ ਸੀ। ਉਸ ਦੀਆਂ ਜੋਤਹੀਣ ਅੱਖਾਂ ਜਿਵੇਂ ਰੋ

ਨਹੀਂ, ਸਗੋਂ ਡੁੱਲ੍ਹ ਰਹੀਆਂ ਸਨ। ਘਰੇ ਭੰਗ ਭੁੱਜ ਰਹੀ ਸੀ।
ਪੰਚਾਇਤ ਨੇ ਬੁੜ੍ਹੀਆਂ ਨੂੰ ਲਾਅਸ਼ਾਂ ਤੋਂ ਪਰ੍ਹੇ ਕੀਤਾ।
ਠਾਣੇਦਾਰ ਨੇ ਖ਼ੁਦ ਮੌਕਾ ਦੇਖਿਆ।

ਤਿੰਨ ਮਾਸੂਮ ਬੱਚੀਆਂ ਦੀਆਂ ਭੋਲੀਆਂ ਲਾਅਸ਼ਾਂ ਦੇਖ ਕੇ ਸਾਰਿਆਂ ਦੇ ਸੀਨੇ 'ਚੋਂ ਜਿਵੇਂ ਰੁੱਗ ਭਰਿਆ ਗਿਆ ਸੀ। ਤਿੰਨੇ ਮਾਸੂਮ ਲਾਅਸ਼ਾਂ ਜਿਵੇਂ ਜ਼ਮਾਨੇ ਦੇ ਮੂੰਹ 'ਤੇ ਥੱਪੜ ਮਾਰ ਰਹੀਆਂ ਸਨ। ਬੇਰਹਿਮ ਜ਼ਮਾਨੇ ਦਾ ਮੂੰਹ ਚਿੜਾ ਰਹੀਆਂ ਸਨ। ਜ਼ਮਾਨੇ ਦੇ ਮੂੰਹ 'ਤੇ ਜਿਵੇਂ ਥੁੱਕ ਰਹੀਆਂ ਸਨ। ਇੱਕ ਬੇਗ਼ੈਰਤ ਜ਼ਮਾਨਾ ਸੀ, ਜੋ ਇਸ ਦੀ ਕੋਈ ਪ੍ਰਵਾਹ ਨਹੀਂ ਕਰਦਾ ਲੱਗਦਾ ਸੀ ਸ਼ਾਇਦ! ਸਿਰਫ਼ ਘਰਦਿਆਂ ਨੂੰ ਹੀ ਦੁੱਖ ਸੀ, ਜਿਹਨਾਂ ਨੇ ਚਾਰ ਦਿਨ ਰੋ ਕੇ, ਸਬਰ ਕਰ ਕੇ ਹੀ ਬੈਠ ਜਾਣਾ ਸੀ। ਸਬਰ ਸੰਤੋਖ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ ਸੀ!

- "ਸੰਤੋਖ ਥਾਪ ਰੱਖਿਆ ਜਿਨ ਸੂਤ॥" ਦੇ ਮਹਾਂ ਵਾਕਿ ਅਨੁਸਾਰ ਪਰਿਵਾਰ ਨੂੰ ਸੰਤੋਖ ਨੂੰ ਨਾਲ ਲੈ ਕੇ ਹੀ ਚੱਲਣਾ ਪੈਣਾ ਸੀ। ਇਕ ਭਾਣਾ ਸੀ, ਜੋ ਮਿੱਠਾ-ਮਿੱਠਾ ਕਰਕੇ ਮੰਨਣਾ ਹੀ ਪੈਣਾ ਸੀ।

- "ਮਾਈ ਤੇਰਾ ਪੁੱਤ ਕਰਮ ਸਿਉਂ ਕਿੱਥੇ ਐ?" ਅਚਾਨਕ ਠਾਣੇਦਾਰ ਨੇ ਲੰਬਾ ਸਾਹ ਲੈ ਕੇ ਕਿਹਾ।

- "ਉਹ ਤਾਂ ਪੁੱਤ ਲੁੱਦੇਆਣੇਂ ਐਂ--।" ਮਾਤਾ ਹਰ ਕੌਰ ਜਿਵੇਂ ਖੂਹ ਵਿਚੋਂ ਬੋਲੀ ਸੀ। ਉਹ ਰੋ ਰੋ ਕੇ ਅੱਧੀ ਰਹਿ ਗਈ ਸੀ। ਜਿਵੇਂ ਹੰਝੂ ਨਹੀਂ, ਉਸ ਦਾ ਖੂਨ ਵਹਿ ਰਿਹਾ ਸੀ।

- "ਚਾਰ ਕਤਲ ਕਰਾ ਕੇ ਪਤੰਦਰ ਹੁਣ ਲੁਧਿਆਣੇਂ ਨੂੰ ਤੋਰਤਾ?" ਹੌਲਦਾਰ ਦੀਆਂ ਭਿਆਨਕ ਅੱਖਾਂ ਬੁੜ੍ਹੀ ਨੂੰ ਖਾਣ ਨੂੰ ਆਈਆਂ। ਉਸ ਦਾ ਢਿੱਡ ਅੱਗੇ ਨੂੰ ਅਤੇ ਚਿੱਤੜ ਪਿੱਛੇ ਨੂੰ ਵਧੇ ਹੋਣ ਕਰਕੇ, ਬੇਢੱਬਾ ਜਿਹਾ ਲੱਗਦਾ ਸੀ।

-"----।" ਹਰ ਕੌਰ ਨੇ ਤਰਹਿ ਕੇ ਹੌਲਦਾਰ ਵੱਲ ਤੱਕਿਆ।

ਉਸ ਦੀਆਂ ਜੋਤਹੀਣ ਅੱਖਾਂ 'ਚੋਂ ਹੌਲਦਾਰ ਨੂੰ ਡਰ ਲੱਗਿਆ। ਜਿਵੇਂ ਹਰ ਕੌਰ ਨਹੀਂ, ਕੋਈ ਰਾਕਟ ਲਾਂਚਰ ਸੀ, ਜੋ ਕਿਸੇ ਵੀ ਸਮੇਂ ਫ਼ਟ ਕੇ ਸਾਰਿਆਂ ਨੂੰ ਤਬਾਹ ਕਰ ਸਕਦਾ ਸੀ।

-"ਘਿਰਿਆ ਬਿੱਲਾ ਆਖਰ ਗਲ ਨੂੰ ਚਿੰਬੜ ਜਾਂਦੈ।" ਸੋਚ ਕੇ ਹੌਲਦਾਰ ਚੁੱਪ ਕਰ ਗਿਆ।

- "ਮਾਈ ਕਤਲਾਂ 'ਚ ਕਰਮ ਸਿਉਂ ਦਾ ਨਾਂ ਬੋਲਦੈ!" ਇਕ ਢਿਲਕੀ ਜਿਹੀ ਪੈਂਟ ਵਾਲਾ ਸਿਪਾਹੀ ਬੋਲਿਆ। ਉਹ ਖੁੱਲ੍ਹੀ ਜਿਹੀ ਪੈਂਟ ਵਿਚ ਚੁੱਕ ਕੇ ਪਾਇਆ ਗਿਆ ਲੱਗਦਾ ਸੀ। ਉਸ ਦੀਆਂ ਦੁਨਾਲੀ ਬੰਦੂਕ ਵਰਗੀਆਂ ਨਾਸਾਂ 'ਚੋਂ ਹਵਾ "ਫਕੜ-ਫਕੜ" ਆ ਜਾ ਰਹੀ ਸੀ ਅਤੇ ਅੱਖਾਂ ਵਿਚੋਂ ਭਿਆਨਕ ਡੋਰੇ ਚੰਗਿਆੜੇ ਛੱਡਦੇ ਜਾਪਦੇ ਸਨ।

- "ਠਾਣੇਦਾਰ ਸਾਹਬ ਇਹਨਾਂ ਨੂੰ ਚੁੱਪ ਕਰਾਓ - ਇਕ ਤਾਂ ਕਹਿਰਾਂ ਦੀਆਂ ਮੌਤਾਂ ਹੋਈਆਂ ਪਈਐਂ ਤੇ ਇਕ ਇਹੇ-।" ਸਰਪੰਚ ਨੇ ਠਾਣੇਦਾਰ ਨੂੰ ਕਿਹਾ। ਸਿਪਾਹੀਆਂ ਦੀਆਂ ਗੱਲਾਂ ਸਰਪੰਚ ਦੇ ਫ਼ੱਟਾਂ 'ਤੇ ਲੂਣ ਵਾਂਗ ਲੱਗ ਰਹੀਆਂ ਸਨ।

- "ਬੱਸ ਬਈ ਹੁਣ ਨਾ ਬੋਲਿਓ--!" ਠਾਣੇਦਾਰ ਨੇ ਹੁਕਮ ਕੀਤਾ।

ਸਾਰੇ ਚੁੱਪ ਛਾ ਗਈ।
ਰੋਂਦੇ ਵੀ ਚੁੱਪ ਕਰ ਗਏ।

-"ਮਾਈ ਕਾਰਵਾਈ ਤਾਂ ਸਾਨੂੰ ਕਰਨੀ ਪੈਣੀਂ ਐ - ਰਪਟ ਕਰਮ ਸਿਉਂ ਦੇ ਨਾਂ 'ਤੇ ਐ।" ਸੁਲਝੇ ਠਾਣੇਦਾਰ ਨੇ ਸੰਜੀਦਗੀ ਨਾਲ ਕਿਹਾ। ਮਨੋਂ ਉਹ ਵੀ ਦੁਖੀ ਸੀ।

ਅਸਲ ਵਿਚ ਠਾਣੇਦਾਰ ਚੰਗੇ ਖਾਂਦੇ ਪੀਂਦੇ ਖਾਨਦਾਨੀ ਘਰਾਣੇਂ ਦਾ ਸੀ। ਘਰਦਿਆਂ ਦੇ ਆਖਣ 'ਤੇ ਅਤੇ 'ਪਰਮੋਸ਼ਨ' ਦੇ ਲਾਲਚ ਵਿਚ ਉਹ ਫ਼ਸਿਆ ਫ਼ਸਿਆ ਜਿਹਾ ਨੌਕਰੀ ਕਰ ਰਿਹਾ ਸੀ, ਕਿਉਂਕਿ ਵਧੇ ਅੱਤਿਵਾਦ ਕਾਰਨ ਸਰਕਾਰ ਪੁਲੀਸ ਅਫ਼ਸਰਾਂ ਨੂੰ ਬੜੀ ਤੇਜ਼ੀ ਨਾਲ ਤਰੱਕੀਆਂ ਦੇ ਰਹੀ ਸੀ। ਪੰਜਾਬ ਸਰਕਾਰ ਇਕ ਤਰ੍ਹਾਂ ਨਾਲ ਬੁਖਲਾਈ ਪਈ ਸੀ। ਉਸ ਨੂੰ ਪੰਜਾਬ ਮਸਲੇ ਦੇ ਹੱਲ ਦਾ ਕੋਈ ਮੁੱਢ ਨਹੀਂ ਲੱਭਦਾ ਸੀ। ਕੋਈ ਕਿੱਧਰੋਂ ਆ, ਕਦੋਂ ਵਾਰਦਾਤ ਕਰ ਜਾਂਦਾ ਸੀ? ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ ਸੀ! ਸਿਰਫ਼ ਅਗਲੇ ਦਿਨ ਅਖ਼ਬਾਰ ਦੀ ਸੁਰਖੀ ਹੀ ਜ਼ਿੰਮੇਵਾਰੀ ਦੱਸਦੀ ਸੀ। ਕਿਸੇ ਨੂੰ ਇਹ ਨਹੀਂ ਸਮਝ ਪੈਂਦੀ ਸੀ ਕਿ ਅੱਤਿਵਾਦੀ ਅਸਮਾਨੋਂ ਉਤਰਦੇ ਸਨ? ਜਾਂ ਧਰਤੀ ਵਿਚੋਂ ਨਿਕਲਦੇ ਸਨ?

ਹਰ ਛੋਟੇ ਤੋਂ ਲੈ ਕੇ ਵੱਡੇ ਅਫ਼ਸਰ ਤੱਕ ਸਕਿਊਰਿਟੀ ਮਹੱਈਆ ਕੀਤੀ ਹੋਈ ਸੀ। ਪਰ ਅਫ਼ਸਰ ਫਿਰ ਵੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਦੇ ਸਨ। ਉਹ ਤਕਰੀਬਨ ਹਰ ਸੁਰੱਖਿਆ ਕਰਮਚਾਰੀ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਸਨ। ਇਸ ਲਈ ਉਹਨਾਂ ਨੇ ਆਪਣੇ ਨਿੱਜੀ ਬਾਡੀਗਾਰਡ ਵੀ ਰੱਖੇ ਹੋਏ ਸਨ। ਇਕ ਉਘੇ ਸ਼ਹਿਰ ਵਿਚ ਕਤਲ ਕੀਤੇ ਇਕ ਬਾਰਸੂਖ਼ ਅਫ਼ਸਰ ਦੇ ਕੇਸ ਨੇ ਸਾਰੇ ਅਫ਼ਸਰਾਂ ਅਤੇ ਮੰਤਰੀਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਕਿਉਂਕਿ ਉਸ ਅਫ਼ਸਰ ਕੋਲ ਆਪਣੇ ਛੇ ਨਿੱਜੀ ਅੰਗ-ਰੱਖਿਅਕ ਅਤੇ ਨੌਂ ਸਰਕਾਰੀ ਸੁਰੱਖਿਆ ਕਰਮਚਾਰੀ ਸਨ। ਜਦ ਅਫ਼ਸਰ 'ਤੇ ਹਮਲਾ ਹੋਇਆ ਤਾਂ ਸੁਰੱਖਿਆ ਕਰਮਚਾਰੀਆਂ ਦੀ ਪਿੱਛੇ ਆ ਰਹੀ ਜਿਪਸੀ ਨੇ ਥਾਂ 'ਤੇ ਹੀ ਬਰੇਕ ਮਾਰ ਲਏ ਸਨ। ਅੱਤਿਵਾਦੀਆਂ ਨੇ ਬਰੱਸਟ ਮਾਰ ਮਾਰ ਕੇ ਅਫ਼ਸਰ ਅਤੇ ਅੰਗ-ਰੱਖਿਅਕਾਂ ਸਮੇਤ ਵੈਨ ਹੀ ਖਿਲਾਰ ਦਿੱਤੀ ਸੀ। ਜਦੋਂ ਅੱਤਿਵਾਦੀ ਚਲੇ ਗਏ ਤਾਂ ਸੁਰੱਖਿਆ ਕਰਮਚਾਰੀਆਂ ਨੇ ਖ਼ੂਬ ਫ਼ਾਇਰਿੰਗ ਕੀਤੀ ਸੀ। ਆਪਣਾ ਅੰਨ੍ਹਾਂ ਜੋਰ ਦਿਖਾਇਆ ਸੀ। ਇਸ ਵਾਰਦਾਤ ਨੇ ਕੇਂਦਰ ਝੰਜੋੜ ਧਰਿਆ ਸੀ। ਮੰਤਰੀਆਂ ਦੀਆਂ ਕੁਰਸੀਆਂ ਅਤੇ ਦਿਲ ਹਿੱਲੇ ਸਨ।

- "ਵੇ ਪੁੱਤਾ ਮੇਰਾ ਕਰਮਾਂ ਐਹੋ ਜਿਹਾ ਕਾਹਨੂੰ ਐਂ-।" ਹਰ ਕੌਰ ਨੇ ਸੋਚਿਆ ਕਿ ਉਹ ਰਾਕਟ ਬਣ, ਵਰਾਂਡੇ ਦੀ ਛੱਤ ਪਾੜ ਕੇ ਕਿਧਰੇ ਉਡ ਜਾਵੇ। ਪਰ ਮਜ਼ਬੂਰੀਆਂ ਨੇ ਉਸ ਦੇ ਬਲਹੀਣ ਸਰੀਰ ਨੂੰ ਜਕੜ ਰੱਖਿਆ ਸੀ।

- "ਵੇ ਸ਼ੇਰਾ ਮੈਂ ਤਾਂ ਬਥੇਰ੍ਹੇ ਢਕਣੇਂ ਢਕਦੀ ਰਹੀ-ਅਖੀਰ ਆਹ ਕੰਮ ਹੋ ਕੇ ਹਟਿਆ, ਵੇ ਪੁੱਤਾ--!" ਮਾਤਾ ਹਰ ਕੌਰ ਨੇ ਚਾਂਗਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।

- "----।" ਠਾਣੇਦਾਰ ਖ਼ਾਮੋਸ਼ ਸੀ। ਪੰਚਾਇਤ ਕਮਜ਼ੋਰਾਂ ਵਾਂਗ, ਬੇਵੱਸ ਸੀ। ਕੋਈ ਬੋਲ ਨਹੀਂ ਰਿਹਾ ਸੀ। ਸਿਰਫ਼ ਹਰ ਕੌਰ ਹੀ ਸੀ, ਜੋ ਰੋ ਰਹੀ ਸੀ।

- "ਮਾਈ ਜਿੰਨਾਂ ਹੋ ਸਕਿਆ, ਮੈਂ ਕਰਾਂਗਾ-ਸਰਪੰਚ ਸਾਹਬ ਦੋ ਟਰਾਲੀਆਂ ਦਾ ਪ੍ਰਬੰਧ ਕਰੋ! ਨਾਲੇ ਮਾਈ ਕਰਮ ਸਿਉਂ ਨੂੰ ਪੇਸ਼ ਕਰੋ!" ਹਮਦਰਦੀ, ਕੰਮ ਅਤੇ ਨਾਲ ਉਸ ਨੇ ਹੁਕਮ ਵੀ ਸੁਣਾਇਆ।

- "ਨਾ ਵੇ ਪੁੱਤਾ ਇਉਂ ਨਾ ਕਰ-ਮੇਰਾ ਪੁੱਤ ਤਾਂ ਗਊ ਐ-ਉਹ ਤਾਂ ਸ਼ੇਰਾ ਬਿਲਕੁਲ ਨਿਹੱਕਾ ਐ - ਉਹਨੂੰ ਤਾਂ ਡੁੱਬੜੇ ਨੂੰ ਇਹ ਵੀ ਨ੍ਹੀ ਖ਼ਬਰ ਹੋਣੀ ਬਈ ਉਹਦਾ ਵਸਦਾ ਰਸਦਾ ਘਰ ਉਜੜ ਗਿਆ - ਹਾੜ੍ਹੇ ਮੇਰਾ ਸ਼ੇਰ--!" ਰੋਂਦੀ

ਕੁਰਲਾਉਂਦੀ, ਹਾੜ੍ਹੇ ਕੱਢਦੀ ਹਰ ਕੌਰ ਠਾਣੇਦਾਰ ਦੇ ਪੈਰਾਂ ਵਿਚ 'ਦਾਅੜ' ਕਰਦੀ ਡਿੱਗ ਪਈ।

- "ਉਠ ਹਰ ਕੁਰੇ! ਭਾਵੀਆਂ ਬੰਦਿਆਂ 'ਤੇ ਈ ਪੈਂਦੀਐਂ - ਹੌਸਲਾ ਨ੍ਹੀ ਸਿੱਟੀਦਾ ਹੁੰਦਾ!" ਭਾਬੀਆਂ ਦੀ ਥਾਂ ਲੱਗਦੀ ਹਰ ਕੌਰ ਨੂੰ ਸਰਪੰਚ ਨੇ ਉਠਾਇਆ।

ਠਾਣੇਦਾਰ ਨੇ ਦਰਵਾਜੇ ਵੱਲ ਨੂੰ ਮੂੰਹ ਕੀਤਾ।

- "ਗੁਲਵੰਤ ਸਿਆਂ ਮੇਰਾ ਕਰਮਾਂ ਤਾਂ ਬਿਲਕੁਲ ਈ ਬੇਕਸੂਰ ਐ-ਬਿਚਾਰਾ ਗਊ ਐ ਗਊ।"
ਠਾਣੇਦਾਰ ਸਮੇਤ ਧਰਮਸਾਲਾ ਵੱਲ ਜਾਂਦੇ ਸਰਪੰਚ ਦੇ ਮਗਰ ਲਮਕਦੀ ਆ ਰਹੀ ਹਰ ਕੌਰ ਨੇ ਕਿਹਾ।
- "ਬੁੜ੍ਹੀਏ ਤੂੰ ਕਦੇ ਗਾਂਈਆਂ ਛੜਾਂ ਮਾਰਦੀਆਂ ਨਹੀਂ ਦੇਖੀਆਂ?" ਕਿਸੇ ਸਿਪਾਹੀ ਨੇ ਹਰ ਕੌਰ ਨੂੰ ਲਾ ਕੇ ਜਿਹੇ ਕਿਹਾ।
- "ਕਰਦਾ ਨ੍ਹੀ ਚੁੱਪ ਤੇਰੀ ਮੈਂ ਭੈਣ ਨੂੰ--!" ਠਾਣੇਦਾਰ ਸਿਪਾਹੀ ਨੂੰ ਟੁੱਟ ਕੇ ਪੈ ਗਿਆ।

ਉਹ ਚੁੱਪ ਕਰ ਗਿਆ। ਫਿਰ ਉਸ ਨੇ ਦਿਖਾਵੇ ਲਈ ਉਬਾਸੀ ਜਿਹੀ ਲੈ ਕੇ ਕੁੱਤੇ ਵਾਂਗ ਚੂਕ ਜਿਹੀ ਕੱਢੀ। ਇੱਕ ਅੱਖ ਤੋਂ ਗਿੱਡ ਲਾਹ ਕੇ ਉਸ ਦੀ ਬੱਤੀ ਬਣਾਈ।

ਸਾਰੇ ਧਰਮਸਾਲਾ ਵਿਚ ਪਹੁੰਚ ਗਏ।
ਸਰਪੰਚ ਠਾਣੇਦਾਰ ਨੂੰ ਇੱਕ ਪਾਸੇ ਲੈ ਗਿਆ।

- "ਟਰਾਲੀਆਂ ਦੀ ਕੀ ਲੋੜ ਪੈਗੀ ਮਹਾਰਾਜ?" ਸਰਪੰਚ ਨੇ ਦਗਦਾ ਸੁਆਲ ਠਾਣੇਦਾਰ ਵੱਲ ਮਾਰਿਆ।
- "ਸਰਪੰਚ ਸਾਹਿਬ! ਮੈਂ ਤੁਹਾਡੀ ਕਦਰ ਕਰਦੈਂ-ਪਰ ਮਾਮਲਾ ਇੰਨਾਂ ਜਲਦੀ ਸੁਲਝਣ ਆਲਾ ਨਹੀਂ-ਜਿੰਨਾਂ ਤੁਸੀਂ ਸਮਝਦੇ ਓਂ-।"
- "ਮੇਰੀ ਤਾਂ ਜਨਾਬ ਇਹੀ ਬੇਨਤੀ ਐ ਬਈ ਲਾਅਸ਼ਾਂ ਦਾ ਸਸਕਾਰ ਕਰੋ ਤੇ ਮਿੱਟੀ ਪਾਓ।" ਸਰਪੰਚ ਨੇ ਬੇਨਤੀ ਭਰਿਆ ਫ਼ੈਸਲਾ ਪੁੱਛਿਆ।

- "ਸਰਪੰਚ ਸਾਹਬ! ਚਾਰ ਮੌਤਾਂ ਦਾ ਸੁਆਲ ਐ - ਕੱਲ੍ਹ ਨੂੰ ਕਿਸੇ ਨੇ ਉਪਰ ਚੁਗਲੀ ਜਾ ਕੀਤੀ ਤਾਂ ਮੈਂ ਨਰੜਿਆ ਜਾਊਂਗਾ - ਤੁਸੀਂ ਮੈਨੂੰ ਵੀ ਸਮਝਣ ਦੀ ਕੋਸ਼ਿਸ਼ ਕਰੋ - ਮੇਰੇ ਪਿਉ ਦਾ ਰਾਜ ਨਹੀਂ - ਜੋ ਪਿੱਛੋਂ ਹੋਈ, ਕਰਾਂਗੇ।" ਠਾਣੇਦਾਰ ਨੇ ਪੁਲਸੀਆ 'ਨਿਆਣਾ' ਮਾਰਿਆ, ਸਰਪੰਚ ਨੂੰ ਥਾਂ 'ਤੇ ਹੀ ਰੱਖ ਲਿਆ।

ਸਰਪੰਚ ਸੜੇ ਖੰਭਾਂ ਵਾਲੇ ਪੰਛੀ ਵਾਂਗ ਬੇਵੱਸ ਸੀ।
ਉਹ ਫ਼ੱਟੜ ਸੱਪ ਵਾਂਗ ਵਿਸ਼ ਘੋਲਦਾ ਹੀ ਰਹਿ ਗਿਆ।

- "ਵੈਸੇ ਤਾਂ ਸਾਨੂੰ ਤਕਰੀਬਨ ਪਤਾ ਈ ਐ-ਪਰ ਐਨਾਂ ਕੁ ਦੱਸਣ ਦੀ ਤਕਲੀਫ਼ ਕਰੋਂਗੇ ਰਪਟ ਕਿਸ ਨੇ ਦਿੱਤੀ?" ਸਰਪੰਚ ਨੂੰ ਨ੍ਹੇਰੀ 'ਤੇ ਸ਼ੱਕ ਹੀ ਨਹੀਂ, ਤਕਰੀਬਨ ਯਕੀਨ ਸੀ।

- "ਜੇ ਤੁਹਾਨੂੰ ਪਤਾ ਈ ਐ ਤਾਂ ਮੈਥੋਂ ਕਿਉਂ ਪੁੱਛਦੇ ਓ?" ਠਾਣੇਦਾਰ ਨੇ ਜਵਾਬ ਦੀ ਥਾਂ ਸਵਾਲ ਹਾਜ਼ਰ ਕੀਤਾ।
- "ਫੇਰ ਵੀ ਪਤਾ ਤਾਂ ਲੱਗੇ---?"
- "----।" ਠਾਣੇਦਾਰ ਨੇ ਸਿਰ ਉਤਾਂਹ ਚੁੱਕਿਆ ਤਾਂ ਸਰਪੰਚ ਉਸ ਦੇ ਚਿਹਰੇ 'ਤੇ ਨਜ਼ਰ ਗੱਡੀ ਖੜ੍ਹਾ ਸੀ।

- "ਖ਼ੈਰ! ਪੁਲਸ ਦੇ ਕੁਝ ਅੰਦਰੂਨੀ ਮਸਲੇ ਹੁੰਦੇ ਐ-ਪਰ ਤੁਹਾਡੀ ਮੇਰੇ ਨਾਲ ਬੁੱਕਲ ਖੁੱਲ੍ਹੀ ਐ ਕਰਕੇ ਦੱਸ ਦਿੰਨੈਂ-ਪਰ ਰਾਜ਼ ਰਾਜ਼ ਈ ਰਹੇ!" ਠਾਣੇਦਾਰ ਨੇ ਪੈਂਤਰੇ ਨਾਲ ਹਿਲਦੇ ਕਿੱਲੇ ਨੂੰ ਸੁਆਰ ਕੇ ਠੋਕਿਆ।
- "ਮੈਂ ਤਾਂ ਕੱਚ ਹਜਮ ਕਰਜਾਂ ਹਜੂਰ-ਗੱਲਾਂ ਕਿਹੜੀਆਂ ਕਰਦੇ ਓਂ?" ਸਰਪੰਚ ਨੇ ਕੁੰਡੀ ਵਿਚ ਕੁੰਡੀ ਫ਼ਸਾਈ। ਰੇਖ ਵਿਚ ਮੇਖ ਮਿਲਦੀ ਕਰਕੇ ਉਹ ਇਕ ਦੂਜੇ ਨਾਲ ਸਿੱਧੇ ਹੋ ਰਹੇ ਸਨ।

- "ਕੋਈ ਬੁੱਕਣ ਸਿਉਂ ਐਂ, ਕਰਮ ਸਿਉਂ ਦੇ ਤਾਏ ਦਾ ਮੁੰਡਾ-ਉਹਨੇ ਇਤਲਾਹ ਦਿੱਤੀ ਐ।" ਠਾਣੇਦਾਰ ਨੇ ਗੱਲ ਮੱਲੋਮੱਲੀ ਮੂੰਹੋਂ ਤੋੜੀ ਸੀ।
- "ਮੈਂ ਉਹਨਾਂ ਪੁਲਸ ਅਫ਼ਸਰਾਂ ਵਰਗਾ ਨਹੀਂ-ਪਰ--।"
- "ਮਖਿਆ ਵਹਿਮ ਨਾ ਕਰੋ-ਅਸੀਂ ਸਮੁੰਦਰ ਪੀ ਕੇ ਡਕਾਰ੍ਹ ਨਾ ਮਾਰੀਏ---!" ਸਰਪੰਚ ਨੇ ਠਾਣੇਦਾਰ ਨੂੰ ਬੇਫਿ਼ਕਰ ਕੀਤਾ।

ਉਹ ਮੁੜ ਕੁਰਸੀਆਂ ਉਪਰ ਆ ਬੈਠੇ।

- "ਥੰਮ੍ਹਣ ਸਿਆਂ-ਦੋ ਟਰਾਲੀਆਂ ਦਾ ਪ੍ਰਬੰਧ ਕਰੋ--!" ਸਰਪੰਚ ਨੇ ਮੈਂਬਰ ਨੂੰ ਕਿਹਾ।
- "ਇਕ ਤਾਂ ਆਪਣੀ ਹੈਗੀ ਐ ਜੀ---!" ਦੱਲਾ ਨੰਬਰਦਾਰ ਸਿੱਧਾ ਸਲੋਟ ਠਾਣੇਦਾਰ ਵੱਲ ਮੂੰਹ ਕਰੀ ਖੜ੍ਹਾ ਸੀ।
- "ਇਕ ਫਿਰ ਆਪਣੇ ਆਲੀ ਲੈ ਆਓ।" ਸੂਬੇਦਾਰ ਗੁਰਚਰਨ ਸਿੰਘ ਬੋਲਿਆ।

ਟਰਾਲੀਆਂ ਪਹੁੰਚ ਗਈਆਂ।
ਠਾਣੇਦਾਰ ਦੇ ਕਹਿਣ 'ਤੇ ਸਰਪੰਚ ਨੇ ਲਾਅਸ਼ਾਂ ਲੱਦਣ ਦਾ ਹੁਕਮ ਦਿੱਤਾ। ਸਰਪੰਚ ਗੁਲਵੰਤ ਸਿੰਘ ਇਕ ਕੱਠਪੁਤਲੀ ਵਾਂਗ ਨੱਚ ਰਿਹਾ ਸੀ।

- "ਲਾਅਸ਼ਾਂ ਲੈ ਕੇ ਠਾਣੇ ਆ ਜਾਓ!" ਜੀਪ ਵਿਚ ਬੈਠਦਿਆਂ ਠਾਣੇਦਾਰ ਨੇ ਹੁਕਮ ਦਿੱਤਾ।
- "ਅੱਛਾ ਸਰਪੈਂਚ ਸਾਹਬ-ਸਵੇਰੇ ਮਿਲਾਂਗੇ!" ਠਾਣੇਦਾਰ ਨੇ ਕਿਹਾ।

ਜੀਪ ਤੁਰ ਗਈ।
ਤੁਰਦੀ ਜੀਪ ਨਾਲ ਅਜ਼ੀਬ ਗਰਦ ਉਠੀ ਸੀ।

- "ਹੁਣ ਇਹ ਮਿੱਟੀ ਕਿੱਥੇ ਲੈ ਚੱਲੇ ਓਂ ਦੁਸ਼ਮਣੋਂ?" ਲਾਅਸ਼ਾਂ ਵਾਲੇ ਮੰਜਿਆਂ ਨੂੰ ਹੱਥ ਪਾਉਂਦੇ ਮੁੰਡਿਆਂ ਤੋਂ ਹਰ ਕੌਰ ਨੇ ਬਿਲਕ ਕੇ ਜਿਹੇ ਪੁੱਛਿਆ।
- "ਪੋਸਟ ਮਾਰਟਮ ਕਰਵਾਉਣੈਂ ਹਰ ਕੁਰੇ!" ਸਰਪੰਚ ਨੇ ਖ਼ਾਮੋਸ਼ ਜਿਹਾ ਉਤਰ ਦਿੱਤਾ।
- "ਵੇ ਪੋਟ ਮਾਟਮ ਨੂੰ ਇਹਨਾਂ 'ਚ ਹੁਣ ਕੀ ਐ? ਇਹ ਤਾਂ ਹੁਣ ਮਿੱਟੀ ਐ-ਜਿੱਥੇ ਮਰਜੀ ਐ ਚੱਕੀ ਫਿਰੋ-ਹਾੜ੍ਹੇ ਵੇ ਗੁਲਵੰਤ! ਨਾ ਇਹਨਾਂ ਦੀ ਮਿੱਟੀ ਖਰਾਬ ਕਰੋ---!" ਝੱਖੜ ਦੀ ਝੰਬੀ ਬੇਰੀ ਵਾਂਗ ਹਰ ਕੌਰ ਹੱਥ ਜੋੜੀ ਕੰਬੀ ਜਾ ਰਹੀ ਸੀ।
- "ਇਹ ਮੈਂ ਨ੍ਹੀ ਹਰ ਕੁਰੇ-ਕੁੱਤੀ ਪੁਲਸ ਕਰਾਉਂਦੀ ਐ---!" ਸਰਪੰਚ ਨੇ ਮਨ ਦੀ ਭੜ੍ਹਾਸ ਕੱਢੀ। ਉਸ ਦਾ ਜੀਅ ਉਚੀ ਡਾਡਾਂ ਮਾਰਨ ਨੂੰ ਕਰਦਾ ਸੀ।
- "ਹੇ ਸੱਚਿਆ ਪਾਸ਼ਾਹ-ਤੂੰ ਸਾਡੇ ਨਾਲ ਕੀ ਕਰੀ ਜਾਨੈਂ? ਚੱਕ ਲੈ ਵੇ ਮੈਨੂੰ ਵੀ ਹਰਾਮਦਿਆ---!" ਹਰ ਕੌਰ ਨੇ ਕੰਧ ਵਿਚ ਟੱਕਰ ਮਾਰੀ ਅਤੇ ਬੇਹੋਸ਼ ਹੋ ਕੇ ਡਿੱਗ ਪਈ। ਉਸ ਦਾ ਮੱਥਾ ਪਾਟ ਗਿਆ ਸੀ। ਸ਼ਾਇਦ ਉਹ ਮਰ ਜਾਣਾ ਚਾਹੁੰਦੀ ਸੀ। ਪਰ ਮਰਨਾਂ ਵੀ ਉਸ ਦੇ ਵੱਸ ਵਿਚ ਨਹੀਂ ਸੀ ਸ਼ਾਇਦ!

ਬੁੜ੍ਹੀਆਂ ਨੇ ਉਸ ਨੂੰ ਸੰਭਾਲਿਆ।
ਡਾਕਟਰ ਬੁਲਾ ਕੇ ਪੱਟੀ ਕਰਵਾਈ। ਟੀਕਾ ਕਰਵਾਇਆ।

ਲਾਅਸ਼ਾਂ ਵਾਲੀਆਂ ਟਰਾਲੀਆਂ ਤੁਰ ਗਈਆਂ। ਲਾਅਸ਼ਾਂ ਨਾਲ ਇੰਦਰ ਗਿਆ ਸੀ। ਤੁਰਦੀਆਂ ਟਰਾਲੀਆਂ ਦੇਖ ਕੇ ਅੱਧਾ ਪਿੰਡ ਰੋਇਆ ਸੀ। ਅੱਧਾ ਨਹੀਂ, ਸਗੋਂ ਸਾਰਾ ਹੀ ਰੋਇਆ ਸੀ। ਖੁਸ਼ ਸੀ ਤਾਂ ਨ੍ਹੇਰੀ ਜਾਂ ਨੰਬਰਦਾਰ! ਜਿਹਨਾਂ ਦੇ ਦੋਹੀਂ ਹੱਥੀਂ ਲੱਡੂ ਸਨ। ਜਿਹਨਾਂ ਨੇ ਇੱਕ ਤਰ੍ਹਾਂ ਨਾਲ ਕਿੜ ਕੱਢੀ ਸੀ। ਪਿੰਡ ਦੇ ਲੋਕ ਤਾਂ ਇੰਜ ਮਾਯੂਸ ਸਨ, ਜਿਵੇਂ ਪਿੰਡ ਵਿਚ ਕੋਈ 'ਦਿਉ' ਪੈਣ ਲੱਗ ਪਿਆ ਸੀ। ਜਿਵੇਂ ਪਿੰਡ ਵਿਚ ਕੋਈ ਪਰਲੋਂ ਆ ਗਈ ਸੀ ਅਤੇ ਪਿੰਡ ਉੱਜੜ ਗਿਆ ਸੀ।

- "ਹੇ ਮੇਰਿਆ ਮਾਲਕਾ! ਆਹ ਦਿਨ ਵੀ ਦੇਖਣੇ ਸੀ!" ਰੋਂਦੀ ਹਰ ਕੌਰ ਕਹਿ ਰਹੀ ਸੀ।

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com