WWW 5abi.com  ਸ਼ਬਦ ਭਾਲ

ਨਾਵਲ
ਕਾਂਡ ਅੱਠਵਾਂ

ਉੱਜੜ ਗਏ ਗਰਾਂ
ਸ਼ਿਵਚਰਨ ਜੱਗੀ ਕੁੱਸਾ


ਸੁਬਾਹ ਦੇ ਪੰਜ ਵੱਜੇ।

ਚਿੜੀਆਂ ਨੇ ਚੂਕਣਾ ਸ਼ੁਰੂ ਕਰ ਦਿੱਤਾ ਸੀ।
ਗੁਰਦੁਆਰੇ ਦਾ ਗ੍ਰੰਥੀ ਗੁਰਬਾਣੀ ਵਿਚ ਮਘਨ ਸੀ।
ਸੰਸਾਰ ਹਰਕਤ ਵਿਚ ਆ ਗਿਆ ਸੀ।
ਜ਼ਿੰਦਗੀ ਦੀ ਜੱਦੋਜਹਿਦ ਫਿਰ ਤੁਰ ਪਈ ਸੀ।
ਬਜੁਰਗ ਨੇ ਉਹਨਾਂ ਨੂੰ ਜਗਾਇਆ।

ਸਾਰੇ ਉਠੇ। ਉਹਨਾਂ ਮੂੰਹ ਧੋਤਾ। ਚਾਹ ਆ ਗਈ। ਜਦ ਉਹ ਤੁਰਨ ਲਈ ਤਿਆਰ ਹੋਏ ਤਾਂ ਚੰਦ ਕੌਰ ਪਹਿਲਾਂ ਹੀ ਤਿਆਰ ਖੜ੍ਹੀ ਸੀ। ਉਸ ਨੇ ਜੈਂਪਰ ਦਾ ਸੂਟ ਅਤੇ ਸਿਰ 'ਤੇ ਪੱਟ ਦਾ ਕੱਢਿਆ ਬਾਗ ਲਿਆ ਹੋਇਆ ਸੀ। ਪੈਰਾਂ ਵਿਚ ਕੱਢਵੀਂ ਜੁੱਤੀ ਪਾ ਕੇ ਉਹ ਮੇਲਣ ਬਣੀ ਖੜ੍ਹੀ ਸੀ। ਜਿਵੇਂ ਉਹ ਆਪਣੀ ਕੁੜੀ ਦੇ ਮਰਨੇ 'ਤੇ ਨਹੀਂ, ਕਿਸੇ ਵਿਆਹ 'ਚ ਜਾ ਰਹੀ ਸੀ!

-"ਬੇਬੇ ਤੂੰ ਕੀ ਕਰਨੈਂ?" ਖਿਝੇ ਜੰਟੇ ਨੇ ਪੁੱਛਿਆ।

-"ਰੜਕਾਂ ਤਾਂ ਮੈਂ ਈ ਕੱਢਣੀਐਂ-ਵੇ ਮੈਂ ਤਾਂ ਥੋਡੀ ਬਰੋਬਰ ਦੀ ਬਾਂਹ ਐਂ-ਜੇ ਜੱਟ ਨਾ ਮੂਤਣ ਲਾਤੇ ਤਾਂ ਆਖੀਂ--!" ਬੁੜ੍ਹੀ ਆਪਣੀ ਹੈਂਕੜ ਦਰਸਾ ਰਹੀ ਸੀ। ਬਜੁਰਗ ਉਹਨਾਂ ਵੱਲ "ਬਿੱਟ-ਬਿੱਟ" ਦੇਖ ਰਿਹਾ ਸੀ। ਉਹ ਸਾਰਿਆਂ ਨੂੰ "ਕਮਲਾ-ਟੱਬਰ" ਆਖਦਾ ਹੁੰਦਾ ਸੀ। ਪਰ ਬਜੁਰਗ, ਚੱਕੀਰਾਹੇ ਨੂੰ ਮੇਲੇ ਵਿਚ ਕੌਣ ਪੁੱਛਦਾ ਸੀ? ਉਸ ਦੀ "ਟੈਂ-ਟੈਂ" ਘਰ ਦੀਆਂ ਦੀਵਾਰਾਂ ਵਿਚ ਵੱਜ ਕੇ ਹੀ ਚੁੱਪ ਹੋ ਜਾਂਦੀ ਸੀ। ਉਸ ਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਬੁੜ੍ਹੀਆਂ ਦਾ ਠਾਣੇਂ ਜਾਂ ਲੜਾਈਆਂ-ਭੜਾਈਆਂ ਵਿਚ ਕੀ ਕੰਮ? ਪਰ ਉਹ 'ਬਘਿਆੜ੍ਹੀ' ਚੰਦ ਕੌਰ ਦੇ ਮੂਹਰੇ ਬੋਲ ਕੇ ਆਪਣੀ ਦਾਹੜ੍ਹੀ ਨਹੀਂ ਪੁਟਵਾਉਣੀਂ ਚਾਹੁੰਦਾ ਸੀ। ਉਸ ਦੀ ਦਾਹੜ੍ਹੀ ਸੀ ਤਾਂ ਇੱਜ਼ਤ ਸੀ। ਉਹ ਆਪਣੀ ਦਾਹੜ੍ਹੀ ਸੁਰੱਖਿਅਤ ਰੱਖਣ 'ਚ ਹੀ ਨੇਕੀ ਸਮਝਦਾ ਸੀ। ਜਾਨ ਬਚੀ ਤਾਂ ਲਾਖੋਂ ਪਾਏ! ਸੋਚ ਕੇ ਬਜੁਰਗ ਕੌੜਾ ਘੁੱਟ ਭਰ ਕੇ ਚੁੱਪ ਕਰ ਜਾਂਦਾ। ਚੰਦ ਕੌਰ ਨੇ ਸਾਰੀ ਉਮਰ ਆਪਣੇ ਘਰਵਾਲਾ ਆਪਣੀ ਲੱਤ ਹੇਠ ਰੱਖਿਆ ਸੀ, । ਚੰਮ ਦੀਆਂ ਹੀ ਚਲਾਈਆਂ ਸਨ। ਭਾਂਤ-ਭਾਂਤ ਦੇ ਬੰਦੇ 'ਹੰਢਾਏ' ਸਨ। ਕਿਸੇ ਲੰਡੇ-ਲਾਟ ਦੀ ਪ੍ਰਵਾਹ ਨਹੀਂ ਕੀਤੀ ਸੀ। ਪੱਟਾਂ 'ਤੇ ਥਾਪੀਆਂ ਮਾਰ ਕੇ ਯਾਰੀਆਂ ਪੁਗਾਈਆਂ ਸਨ। ਵੈਲੀ-ਬਦਮਾਸ਼ਾਂ ਨਾਲ ਟਿਊਬਵੈੱਲਾਂ ਦੀਆਂ ਕੋਠੀਆਂ ਵਿਚ ਰਾਤਾਂ ਕੱਟੀਆਂ ਸਨ।

-"ਅਸੀਂ ਹੈ ਤਾਂ ਹੈਗੇ ਤਾਈ!" ਜੱਗਰ ਬੋਲਿਆ।
-"ਤੁਸੀਂ ਤਾਂ ਪੁੱਤ ਅਜੇ ਨਿਆਣੇ ਐਂ-ਮੈਂ ਥੋਨੂੰ ਵੀਹ ਸਲਾਹਾਂ ਦਿਊਂ-!" ਚੰਦ ਕੌਰ ਬੋਲੀ। ਉਹ ਉਹਨਾਂ ਨੂੰ "ਕੱਛੇ-ਲਬੇੜ" ਹੀ ਸਮਝਦੀ ਸੀ।
-"ਕੁੜੀਆਂ ਕੋਲ ਕੌਣ ਰਹੂ ਬੇਬੇ-ਸਿਆਣੀ ਬੁੜ੍ਹੀ ਦੀ ਵੀ ਘਰੇ ਜਰੂਰਤ ਐ-ਇਹ ਤਾਂ ਰੋ-ਰੋ ਕੇ ਨਿੱਸਲ ਹੋ ਜਾਣਗੀਆਂ।"
-"ਵੇ ਜਸਮੇਲ ਕੁਰ ਹੈ ਤਾਂ ਹੈਗੀ-ਕੁਛ ਨੀ ਸੱਪ ਲੜਦਾ ਇਹਨਾਂ ਨੂੰ!" ਚੰਦ ਕੌਰ ਨੇ ਜੰਟੇ ਦੀ ਘਰਵਾਲੀ ਦਾ ਵੇਰਵਾ ਪਾਇਆ ਅਤੇ ਪਲਾਕੀ ਮਾਰ ਕੇ ਜੀਪ ਵਿਚ ਬੈਠ ਗਈ। ਜੱਗਰ ਹੋਰੀਂ ਵੀ ਜੀਪ ਵਿਚ ਫਿੱਟ ਹੋ ਗਏ। ਜੰਟਾ ਸਟੇਅਰਿੰਗ 'ਤੇ ਬੈਠ ਗਿਆ।
ਜੀਪ ਤੁਰ ਗਈ।

-"ਨੰਗ 'ਚ ਸੂਮ ਵੱਜਿਆ-ਵੇਖੋ ਕੀ ਭਦਰਕਾਰੀ ਕਰਦੇ ਐ?" ਤੁਰੀ ਜੀਪ ਤੋਂ ਬਾਅਦ ਬਜੁਰਗ ਨੇ ਬਰੜਾਹਟ ਕੀਤਾ। ਜੰਟੇ ਹੋਰਾਂ ਨਾਲ ਗਈ ਚੰਦ ਕੌਰ ਉਸ ਨੂੰ ਚੰਗੀ ਨਹੀਂ ਲੱਗੀ ਸੀ।

-"ਬੁੜ੍ਹੀਆਂ ਦੀ ਤਾਂ ਗੁੱਤ ਪਿੱਛੇ ਮੱਤ ਹੁੰਦੀ ਐ-ਇਹਨਾਂ ਨੇ ਗੱਲ ਘਟਾਉਣੀ ਨਹੀਂ-ਵਧਾਉਣੀ ਹੁੰਦੀ ਐ-ਪਿੱਛੋਂ ਕਹਿਣਗੀਆਂ: ਅਈ ਲੈ ਭੈਣੇ ਮੈਨੂੰ ਕੀ ਪਤਾ ਸੀ? ਇਹ ਤਾਂ ਲਾਚੜੀਆਂ ਵੀਆਂ ਢਿੱਡ ਕਰਵਾ ਲੈਂਦੀਐਂ! ਇਹਨਾਂ ਨੇ ਤਾਂ ਘੈਂਟ ਮਿਰਜ਼ਾ ਮਰਵਾਤਾ ਸੀ-ਨਾਲੇ ਸਾਡੇ ਆਲੀ ਚੰਦ ਕੁਰ? ਇਹ ਤਾਂ ਭਾਈ ਸਮੁੰਦਰ ਨੂੰ ਅੱਗ ਲਾਦੇ।" ਬਜੁਰਗ ਇਕੱਲਾ ਹੀ 'ਬੁੜ-ਬੁੜ' ਕਰੀ ਜਾ ਰਿਹਾ ਸੀ। ਉਸ ਦੇ ਸਰੀਰ ਵਿਚ ਲੂਹਰੀਆਂ ਉਠੀ ਜਾ ਰਹੀਆਂ ਸਨ। ਉਹ ਮੰਜੇ ਨੂੰ ਹੀ 'ਅਖਾੜਾ' ਬਣਾਈ ਬੈਠਾ ਸੀ।

ਧੂੜਾਂ ਪੱਟਦੀ ਜੀਪ ਸ਼ਿੰਦੇ ਦੇ ਘਰ ਅੱਗੇ ਤਣ ਗਈ।

ਘਰ ਵਿਚ ਰੋਣ ਪਿੱਟਣ ਪਿਆ ਹੋਇਆ ਸੀ।

ਇੱਕ ਪਾਸੇ ਬਜੁਰਗ ਬੈਠੇ ਸਨ। ਹਰ ਕੋਈ ਉਦਾਹਰਣਾਂ ਦੇ ਕੇ ਇੱਕ-ਦੂਜੇ ਨਾਲ ਦੁੱਖ ਸਾਂਝਾ ਕਰ ਰਿਹਾ ਸੀ। ਸਭ ਇੱਕ ਦੂਜੇ ਦੇ ਹਮਦਰਦ ਬਣੇ ਬੈਠੇ ਸਨ।

ਗੁਰਜੰਟ ਹੁਰੀਂ ਜੀਪ ਵਿਚੋਂ ਉਤਰੇ।

-"ਨੀ ਤੂੰ ਨਾ ਟਲੀ? ਨਾ ਟਲੀ ਬਹੇਲੇ? ਕਰਾਤੇ ਕਾਰੇ?" ਮੂੰਹੋਂ ਅੱਗ ਉਗਲਦੀ ਚੰਦ ਕੌਰ ਹਰ ਕੌਰ ਨੂੰ ਬਘਿਆੜੀ ਵਾਂਗ ਪਈ।

ਹਰ ਕੌਰ ਨੂੰ ਇੱਕ ਝਟਕਾ ਲੱਗਿਆ। ਉਹ ਸੁੰਨ ਜਿਹੀ ਹੋ ਗਈ। ਸਰੀਰ ਵਿਚ ਕੋਈ ਲਹਿਰ ਤੁਰੀ ਅਤੇ ਉਹ ਠੰਢੀ-ਸੀਤ ਹੋ ਗਈ।

-"ਕਾਹਤੋਂ ਕੁੜਮਣੀਏਂ ਲੋਕਾਂ ਨੂੰ ਤਮਾਸ਼ਾ ਦਿਖਾਉਨੀਂ ਐ, ਹਾਏ--!" ਹਰ ਕੌਰ ਦੇ ਦੁੱਖ ਦਾ ਕੋਈ ਅੰਤ ਨਹੀਂ ਸੀ, ਉਸ ਨੇ ਤਰਲਾ ਕੀਤਾ। ਉਸ ਦੇ ਸਾਰੇ ਸਰੀਰ ਵਿਚ ਚਸਕਾਂ ਵੱਜ ਰਹੀਆਂ ਸਨ।

-"ਨੀ ਮੈਂ ਤੇਰੀ ਕੁੜਮਣੀਂ ਕਾਹਦੀ ਰਹਿਗੀ ਨੀ ਫਫੇਕੁੱਟਣੀਏਂ--? ਜੀਹਦੇ ਨਾਲ ਸੀਗੀ ਉਹ ਤੁਸੀਂ ਮਾਰਤੀ-!"

-"ਹਾਏ ਵੇ ਰੱਬਾ--! ਅਸੀਂ ਕਾਹਨੂੰ ਮਾਰੀ ਐ ਨੀ? ਸਾਰੇ ਜੱਗ ਨੂੰ ਪਤੈ-।" ਹਰ ਕੌਰ ਦੇ ਉਖੜੇ ਉਖੜੇ ਸਾਹ ਉਸ ਦੀ ਛਾਤੀ ਵਿਚ ਖੜਕ ਰਹੇ ਸਨ।

-"ਬੱਸ ਕੁੜ੍ਹੇ! ਕਿਉਂ ਬਾਧੂ ਰੌਲਾ ਪਾਇਐ ਭਾਈ? ਤਮਾਸ਼ਾ ਨਾ ਬਣਾਓ!" ਕਿਸੇ ਬੀਬੀ ਦਾਹੜ੍ਹੀ ਵਾਲੇ ਨੇ ਕਿਹਾ।

-"ਬੱਸ ਕਿਮੇਂ ਕਰਜੀਏ ਬਾਬਾ? ਇਹਨਾਂ ਨੇ ਸਾਡੀ ਪਾਲੀ-ਪੋਸੀ ਵੀ ਮਿਲਟ 'ਚ ਮਾਰਤੀ-ਹੈਂ? ਮੇਰਾ ਮੱਚਿਆ ਪਿਐ ਕਾਲਜਾ-ਮੈਂ ਚੁੱਪ ਕਿਮੇਂ ਕਰਜਾਂ?"

-"ਭਾਈ ਲਟਕੀ ਆਪ ਕੁਛ ਖਾ ਮਰੀ ਐ-ਆਪ ਈ ਲਟਕੀਆਂ ਮਾਰੀਐਂ।" ਬਾਬੇ ਨੇ ਸੱਚਾਈ ਕੌੜੇ ਅੱਕ ਵਾਂਗ ਸਾਹਮਣੇ ਰੱਖੀ।

-"ਤੇਰੀਆਂ ਕਿੱਥੇ ਭਾਉਂਦੀਐਂ ਬਾਬਾ? ਪਰਸੋਂ ਮੇਰੀ ਕੁੜੀ ਨੇ ਮੈਨੂੰ ਟੇਲੀਫੋਨ ਕੀਤੈ-ਸਾਡੀ ਗੁਆਂਢਣ ਮੇਰੀ ਗਵਾਹ ਐ-ਜਿੰਨ੍ਹਾਂ ਦੇ ਘਰੇ ਟੇਲੀਫੋਨ ਲੱਗਿਐ-ਮੈਨੂੰ ਮੇਰੀ ਧੀ ਨੇ ਬਥੇਰੇ ਵਾਸਤੇ ਪਾਏ ਬਈ ਬੇਬੇ ਮੈਨੂੰ ਬਚਾ ਲਓ-ਮੇਰੀ ਜਾਨ ਨੂੰ ਖਤਰੈ-ਮਾਰ ਦੇਣਗੇ ਟੁੱਟ ਪੈਣੇ ਮੈਨੂੰ-ਮੈਂ ਤਾਂ ਟੇਲੀਫੋਨ 'ਤੇ ਬਥੇਰੇ ਦਿਲਾਸੇ ਦਿੱਤੇ-ਪਰ ਮੈਨੂੰ ਕੀ ਪਤਾ ਸੀ ਬਈ ਸੱਚੀਂ ਇਹਨਾਂ ਦੇ ਢਿੱਡਾਂ 'ਚ ਖੋਟ ਐ-?" ਚੰਦ ਕੌਰ ਚਬਰ-ਚਬਰ ਬੋਲ ਰਹੀ ਸੀ। ਉਸ ਦੇ ਮੂੰਹ ਵਿਚੋਂ ਥੁੱਕ ਦੇ ਫ਼ਰਕਾਟੇ ਵੱਜ ਰਹੇ ਸਨ।

-"ਜਾਹ ਨੀ ਚੰਦ ਕੁਰੇ-ਜਾਹ ਜਾਂਦੀ ਰਹਿ ਮਿੰਨਤ ਨਾਲ! ਹਾੜ੍ਹੇ ਮੇਰੀ ਭੈਣ ਬਣਕੇ-ਰੱਬ ਦੇ ਵਾਸਤੇ!" ਹਰ ਕੌਰ ਨੇ ਦੋਨੋਂ ਹੱਥ ਦੱਬ ਕੇ ਜੋੜੇ। ਵਾਸਤਾ ਪਾਇਆ।

-"ਚਲੀ ਤਾਂ ਜਾਨੀ ਐਂ-ਪਰ ਇਹਦੇ ਨਤੀਜੇ ਦੇਖੀਂ ਕੀ ਨਿਕਲਦੇ ਐ, ਮੇਰੇ ਪਿਉ ਦੀਏ ਰੰਨੇ! ਜੇ ਨਾ ਤੇਰੇ ਸਾਰੇ ਸੂਲੀ ਚਾੜ੍ਹੇ ਤਾਂ ਮੈਨੂੰ ਧਾਲੀਆਲਾਂ ਦੀ ਕੌਣ ਆਖੂ? ਤੂੰ ਦੇਖੀਂ! ਤੇਰੇ ਨਾ ਨਰੜਾ ਨਰੜਾ ਕੇ ਮਰਵਾਏ, ਹਾਂ--!" ਚੰਦ ਕੌਰ ਨੇ ਹਿੱਕ ਵਿਚ ਧੱਫ਼ੇ ਮਾਰੇ।

ਪੈਰਾਂ ਹੇਠੋਂ ਮਿੱਟੀ ਕੱਢਦੀ ਉਹ ਜੀਪ ਵਿਚ ਜਾ ਬੈਠੀ।
ਜੀਪ ਤੁਰੀ ਨਹੀਂ, ਸਗੋਂ ਉੱਡ ਗਈ।
ਗਰਦ ਦਾ ਬੱਦਲ ਸੱਥਰ 'ਤੇ ਬੈਠਿਆਂ ਦੇ ਮੂੰਹ ਭਰ ਗਿਆ ਸੀ।
ਸਾਰਿਆਂ ਦੇ ਮੂੰਹ ਲਟਕ ਗਏ ਸਨ। ਉਹ ਨਵੀਂ ਪੈਣ ਵਾਲੀ ਮੁਸੀਬਤ ਦੀ ਉਡੀਕ ਕਰਨ ਲੱਗ ਪਏ। ਦਿਲ ਕਰੜੇ ਕਰਨ ਲੱਗ ਪਏ।
ਜੀਪ ਠਾਣੇ ਪਹੁੰਚ ਗਈ।
ਸੰਤਰੀ ਨੇ ਬੁੱਕਣ ਨੂੰ ਝੱਟ ਪਹਿਚਾਣ ਲਿਆ।
-"ਨਮਸਤੇ ਜੀ-!" ਕਿਸੇ ਜਵਾਬ ਤਲਬੀ ਤੋਂ ਪਹਿਲਾਂ ਹੀ ਬੁੱਕਣ ਨੇ ਆਖ ਦਿੱਤਾ। "ਸਾਸਰੀਕਾਲ" ਆਖ ਕੇ ਉਹ ਮਾਮਲਾ ਉਲਝਾਉਣਾ ਨਹੀਂ ਚਾਹੁੰਦਾ ਸੀ।

-"ਅਜੇ ਲੱਗੀ ਨ੍ਹੀ ਘਾਣੀ ਸਿਰੇ?" ਸੰਤਰੀ ਨੇ ਪੁੱਛਿਆ।
-"ਬੱਸ ਅੱਜ ਲੱਗਜੂ! ਅੱਜ ਤਾਣਾ ਪੇਟਾ ਨੈਹਬ ਕੇ ਲਿਆਏ ਐਂ।" ਬੁੱਕਣ ਨੇ ਬੜੇ ਮਾਣ ਨਾਲ ਦੱਸਿਆ ਸੀ।
-"ਸਾਡਾ ਖਿਆਲ ਰੱਖੀਂ!" ਸੰਤਰੀ ਨੇ ਕੰਨ ਕੀਤੇ।
-"ਤੁਸੀਂ ਵਹਿਮ ਨਾ ਕਰੋ।" ਬੁੱਕਣ ਨੇ ਪੰਜਾ ਹਵਾ ਲਹਿਰਾ ਕੇ ਸੰਤਰੀ ਨੂੰ ਤਸੱਲੀ ਮਹਿਸੂਸ ਕਰਵਾਈ।
ਸੰਤਰੀ ਸ਼ਾਂਤ ਹੋ ਗਿਆ।
ਉਹ ਅੰਦਰ ਚਲੇ ਗਏ।

ਨ੍ਹੇਰੀ ਸਾਰਿਆਂ ਨੂੰ ਵਰਾਂਡੇ ਵਿਚ ਬਿਠਾ ਕੇ ਅੰਦਰ ਮੁਣਸ਼ੀ ਕੋਲ ਚਲਾ ਗਿਆ। ਮੁਣਸ਼ੀ ਸਵੇਰੇ ਸਵੇਰੇ ਲਕਸ਼ਮੀ ਮਾਤਾ ਅਤੇ ਗਣੇਸ਼ ਦੇਵਤਾ ਦੀ ਫ਼ੋਟੋ ਨੂੰ ਧੂਫ਼ ਦੇ ਰਿਹਾ ਸੀ। ਗਣੇਸ਼ ਦੇਵਤਾ ਦੇ ਚਰਨਾਂ ਵਿਚ "ਸ਼ੁਭ ਲਾਭ" ਲਿਖਿਆ ਹੋਇਆ ਸੀ। ਧੂਫ਼ ਸੱਪ ਵਾਂਗ ਵਲ ਖਾਂਦੀ ਉਪਰ ਉਠ ਰਹੀ ਸੀ।

-"ਲਕਸ਼ਮੀ ਮਾਤਾ ਖੁੱਲ੍ਹੀ ਡੁੱਲ੍ਹੀ ਆਈਂ-ਮਨ ਮਨੋਰਥ ਪੂਰੇ ਕਰੀਂ--।" ਮੁਣਸ਼ੀ ਨਾਲ ਦੀ ਨਾਲ ਬੇਨਤੀ ਕਰ ਰਿਹਾ ਸੀ।
-"ਮਨ ਮਨੋਰਥ ਤਾਂ ਹੁਣ ਪੂਰੇ ਹੋਗੇ ਮਹਾਰਾਜ-ਤੇ ਲੱਛਮੀ ਮਾਤਾ ਵੀ ਖੁੱਲ੍ਹੀ ਡੁੱਲ੍ਹੀ ਆਗੀ।" ਪਿੱਛੋਂ ਬੁੱਕਣ ਬੋਲਿਆ।

ਮੁਣਸ਼ੀ ਨੇ ਮੱਥਾ ਟੇਕ ਕੇ ਧੂਫ਼ ਦੀ ਟੰਗ ਅਲਮਾਰੀ ਦੀ ਝੀਥ ਵਿਚ ਫ਼ਸਾ ਦਿੱਤੀ। ਉਸ ਨੇ ਹੱਥ ਜਿਹੇ ਮਲੇ ਅਤੇ ਆ ਕੇ ਕੁਰਸੀ 'ਤੇ ਜਚ ਗਿਆ। ਉਸ ਦੇ ਹੱਥਾਂ ਵਿਚੋਂ ਧੂਫ਼ ਦੀ ਮਹਿਕ ਆ ਰਹੀ ਸੀ।

-"ਆ ਬਈ ਨ੍ਹੇਰੀ--?" ਮੁਣਸ਼ੀ ਨੇ ਕਿਹਾ। ਕਈ ਵਾਰ ਚੱਕਰ ਮਾਰ ਜਾਣ ਕਰਕੇ, ਮੁਣਸ਼ੀ ਨ੍ਹੇਰੀ ਨੂੰ ਵਾਹਵਾ ਜਾਨਣ ਲੱਗ ਪਿਆ ਸੀ। ਸੀਟੀ ਰਲਣ ਲੱਗ ਪਈ ਸੀ।

-"ਮਹਾਰਾਜ ਇੱਕ ਲਬੜਕੱਟਾ ਲੈ ਕੇ ਆਇਐਂ-ਮੁੰਨ ਲਓ ਜਿੰਨਾਂ ਮੁੰਨਿਆਂ ਜਾਂਦੈ।" ਨ੍ਹੇਰੀ ਨੇ ਬਾਛਾਂ ਖਿਲਾਰ ਲਈਆਂ। ਉਹ ਕੁਰਸੀ 'ਤੇ ਮੁਣਸ਼ੀ ਦੇ ਸਾਹਮਣੇ ਸੂਤ ਹੋ ਕੇ ਬੈਠ ਗਿਆ।

-"ਕੀ ਮਤਲਬ--?" ਮੁਣਸ਼ੀ ਨੇ ਬੁੱਲ੍ਹਾਂ 'ਤੇ ਜੀਭ ਮਾਰੀ। ਸੱਪ ਵਰਗੀ ਜੀਭ ਫ਼ੁਰਤੀ ਨਾਲ ਮੂੰਹ ਅੰਦਰ ਚਲੀ ਗਈ। ਫਿਰ ਉਸ ਨੇ ਦਾਹੜ੍ਹੀ ਦੀ ਗੁੱਟੀ ਵਿਚ ਉਂਗਲ ਫ਼ਸਾ ਲਈ।

-"ਮਤਬਲ ਮਹਾਰਾਜ ਸਿੱਧਾ ਈ ਐ-ਜਿਹੜਾ ਔਹ ਬਾਹਰ ਪੋਪਲ ਜਿਆ ਜੱਟ ਬੈਠੈ ਨ੍ਹਾ? ਇਹ ਕੁੜੀ ਦਾ ਭਰਾ ਐ ਤੇ ਔਹ ਮਿੱਡਲ ਜੀ ਕੁੜੀ ਦੀ ਮਾਂ ਐਂ-ਕੁੜੀ ਦਾ ਖ਼ਸਮ ਰੁਪਈਆਂ ਦਾ ਝੋਲਾ ਭਰੀ ਫਿਰਦੈ-ਖਿੱਚ ਲਓ ਜਿੰਨੇ ਖਿੱਚੇ ਜਾਂਦੇ ਐ-ਜੱਟ ਦਾ ਮਹਾਰਾਜ ਕੀ ਹੁੰਦੈ? ਜੱਟ ਤਾਂ ਪੇਂਦੂ ਬੇਰੀ ਐ-ਜਿੰਨੇ ਲਿਵਤਰੇ ਮਾਰੋਂਗੇ-ਓਨਾਂ ਈ ਝੜੂ--!" ਨ੍ਹੇਰੀ ਸਕੀਮਾਂ ਦੱਸ ਰਿਹਾ ਸੀ।

-"ਚੰਗਾ ਬੁਲਾ ਉਹਨਾਂ ਨੂੰ!" ਮੁਣਸ਼ੀ ਦਾ ਮਨ ਖਿੜ ਉਠਿਆ।

-"ਮਹਾਰਾਜ! ਬੁਲਾ ਤਾਂ ਮੈਂ ਉਹਨਾਂ ਨੂੰ ਲੈਨੈਂ-ਪਰ ਮੇਰਾ ਹਿੱਸਾ ਨਾ ਭੁੱਲਿਓ! ਮੈਂ ਕਿਤੇ ਬਾਧੂ ਦਾ ਚੌਂਕੀਦਾਰਾ ਨ੍ਹੀ ਕਰੀ ਜਾਂਦਾ-ਅਸਾਮੀ ਹੱਕ ਕੇ ਥੋਡੇ ਕੋਲੇ ਲੈ ਕੇ ਆਇਐਂ-ਦੇਖਿਓ ਕਿਤੇ-!" ਨ੍ਹੇਰੀ ਆਪਣਾ ਹਿੱਸਾ ਪਹਿਲਾਂ ਕਢਵਾਉਣਾ ਚਾਹੁੰਦਾ ਸੀ। ਉਹ ਸੋਚ ਰਿਹਾ ਸੀ ਕਿ ਅੱਗ ਲੱਗੀ ਤੋਂ ਡੱਬੂ ਨੂੰ ਕਿਸ ਨੇ ਪੁੱਛਣਾ ਸੀ?

-"ਤੇਰਾ ਮੇਰਾ ਕੁਛ ਵੰਡਿਐ--?" ਮੁਣਸ਼ੀ ਨੇ ਪੁਲਸੀਆ ਚਲਿੱਤਰ ਸੁੱਟਿਆ। ਨ੍ਹੇਰੀ ਨੂੰ ਜਿਵੇਂ ਤਸੱਲੀਬਖਸ਼ ਉਤਰ ਮਿਲ ਗਿਆ ਸੀ।

ਉਹ ਬਾਹਰ ਚਲਾ ਗਿਆ।

-"ਭਾਲਦੈ ਝੋਟੇ ਆਲਿਆਂ ਦੇ ਘਰੋਂ ਲੱਸੀ-ਜੇ ਨਾ ਤੇਰੀ---'ਚ ਡੰਡਾ ਦੇ ਕੇ ਗਰੜਪੌਂਕ ਬਣਾਇਆ ਤਾਂ ਸਾਨੂੰ ਪੁਲਸ ਆਲੇ ਕੌਣ ਕਹੂ ਪੁੱਤ? ਕਰ ਲੈ ਜਿਹੜੇ ਅਸ਼ਨੇ ਪਸ਼ਨੇ ਕਰਨੇ ਐਂ-ਚਾਰ ਦਿਨ ਤਾਂ ਸਿਆਣੇ ਕਹਿੰਦੇ ਐ ਗਧੀ ਦੇ ਬੱਚੇ 'ਤੇ ਵੀ ਆਉਂਦੇ ਐ-ਉਹ ਵੀ ਪੂਛ ਮਰੋੜ ਕੇ ਭੱਜਦੈ-ਪਤਾ ਤਾਂ ਉਦੋਂ ਲੱਗਦੈ-ਜਦੋਂ ਦਸ ਮਣ ਭਾਰ ਦਾ ਲੱਦਾ ਲੱਦਦੇ ਐ।" ਜਾਂਦੇ ਨ੍ਹੇਰੀ ਵੱਲ ਦੇਖ ਕੇ ਮੁਣਸ਼ੀ ਦਿਲ ਵਿਚ ਹੀ ਸੋਚ ਰਿਹਾ ਸੀ।

-"ਸਾਸਰੀਕਾਲ ਜੀ--!" ਸਾਰੇ ਹਾਜ਼ਰ ਸਨ।

-"ਸਾਸਰੀਕਾਲ-ਬੈਠੋ--!" ਮੁਣਸ਼ੀ ਨੇ ਕੰਮ ਵਿਚ ਰੁੱਝੇ ਹੋਣ ਦਾ ਬਹਾਨਾ ਜਿਹਾ ਕੀਤਾ। ਫਿਰ ਉਸ ਨੇ ਪਾਗਲਾਂ ਵਾਂਗ ਬੋਲਣਾ ਸ਼ੁਰੂ ਕਰ ਦਿੱਤਾ।

-"ਸਾਨੂੰ ਤਾਂ ਸਿਰ ਖੁਰਕਣ ਦੀ ਵਿਹਲ ਨਹੀਂ-ਅੱਤਵਾਦੀਆਂ ਨੇ ਤਾਂ ਸਾਡਾ ਬੁਰਾ ਹਾਲ ਕੀਤਾ ਪਿਐ-ਸਮੇਂ ਸਿਰ ਪੀਣ ਨੂੰ ਪਾਣੀ ਨ੍ਹੀ ਮਿਲਦਾ-ਟੈਮ ਸਿਰ ਰੋਟੀ ਨ੍ਹੀ ਮਿਲਦੀ-ਕਿਤੇ ਠਾਣੇਦਾਰ ਮਾਰਤਾ-ਕਿਤੇ ਕੋਈ ਇੰਸਪੈਕਟਰ ਠੋਕਤਾ-ਕਿਤੇ ਕੋਈ ਕਰਾੜ ਰਗੜਤਾ-ਕਿਤੇ ਭਈਏ ਮਾਰਤੇ-ਬਈ ਦੱਸੋ ਸਹੁਰਿਓ! ਗਰੀਬਾਂ ਨੂੰ ਮਾਰ ਕੇ ਕਦੋਂ ਰਾਜ ਮਿਲਦੇ ਹੁੰਦੇ ਐ? ਮੈਨੂੰ ਹਾਲ ਤੱਕ ਇਹ ਸਮਝ ਨ੍ਹੀ ਆਈ ਬਈ ਇਹ ਪਤੰਦਰ ਚਾਹੁੰਦੇ ਕੀ ਐ? ਕੋਈ ਕਹਿੰਦੈ ਵੋਟਾਂ ਦਾ ਬਾਈਕਾਟ ਕਰੋ-ਕੋਈ ਕਹਿੰਦੈ ਵੋਟਾਂ 'ਚ ਹਿੱਸਾ ਲਓ-ਕਦੇ ਕਹਿੰਦੇ ਐ ਜਨ ਗਨ ਮਨ ਨਾ ਗਾਓ-ਇਹ ਜਨ ਗਨ ਮਨ ਤਾਂ ਸਕੂਲਾਂ ਆਲੀ ਰਹੀ ਤੇ ਇਹਨਾਂ ਦੀ ਜਨ ਗਨ ਮਨ ਦੀ ਗੱਲ ਮੈਥੋਂ ਸੁਣ ਲਓ! ਨੰਬਰ ਇੱਕ, ਜੰਨ! ਬਈ ਗਿਆਰਾਂ ਬੰਦੇ ਜੰਨ ਦੇ ਜਾਣ ਤੇ ਦਾਰੂ ਮੀਟ ਨਾ ਵਰਤਣ-ਨੰਬਰ ਦੋ, ਗੰਨ! ਗੰਨ ਹੋਈ ਬੰਦੂਕ-ਜੀਹਦੇ ਨਾਲ ਡਰਾਉਂਦੇ ਐ-ਨੰਬਰ ਤਿੰਨ, ਮੰਨ! ਬਈ ਸਾਡੀ ਮੰਨੋ! ਜੇ ਨਾ ਮੰਨੋਗੇ ਤਾਂ ਬੱਖਲ 'ਚ ਗੋਲੀ ਆਊ--!" ਕਹਿੰਦਾ ਮੁਣਸ਼ੀ ਉਚੀ ਸਾਰੀ ਹੱਸਿਆ। ਧਾਰੀਦਾਰ ਅੱਖਾਂ ਹਾਸੇ 'ਚ ਲੁਕ ਗਈਆਂ। ਉਹ ਹੱਸਦਾ-ਹੱਸਦਾ ਨਾਲ ਬੈਠੇ ਬੰਦੇ ਦੇ ਐਂਵੇਂ ਹੀ ਚਾਰ-ਪੰਜ ਮੁੱਕੀਆਂ ਮਾਰ ਜਾਂਦਾ ਸੀ, ਇਹ ਉਸ ਦੀ ਬੁਰੀ ਆਦਤ ਸੀ। ਐਤਕੀਂ ਇਸ ਆਦਤ ਦਾ ਸਿ਼ਕਾਰ ਨ੍ਹੇਰੀ ਹੀ ਹੋਇਆ। 'ਕੁਝ ਮਿਲਣ' ਦੀ ਤਾਕ ਵਿਚ ਮੁਣਸ਼ੀ ਉਹਨਾਂ ਨਾਲ ਬੜੇ ਰੁਕ ਵਿਚ ਬੋਲ ਰਿਹਾ ਸੀ!

ਬਾਕੀ ਸਭ ਸੁਣ ਰਹੇ ਸਨ।

-"ਲੈ ਇੱਕ ਹੋਰ ਗੱਲ ਮੇਰੇ ਚੇਤੇ ਆਗੀ-ਉਹ ਵੀ ਸੁਣ ਲਓ! ਨਹੀਂ ਤਾਂ ਮੇਰਾ ਢਿੱਡ ਸਾਰੀ ਦਿਹਾੜੀ ਆਫ਼ਰਿਆ ਰਹੂ-ਸਾਡੇ ਪਿੰਡ ਆਲੇ ਸਕੂਲ 'ਚ ਆ ਗਏ ਪਤੰਦਰ-ਹੈੱਡਮਾਸਟਰ ਨੂੰ ਕਹਿੰਦੇ ਮਾਸਟਰ ਜੀ ਬੱਚਿਆਂ ਨੂੰ ਖੱਟੀਆਂ ਤੇ ਨੀਲੀਆਂ ਵਰਦੀਆਂ ਲੁਆਓ! ਹੈੱਡਮਾਸਟਰ ਵਿਚਾਰਾ ਸਿਆਣਾ ਸੀ-ਕਹਿੰਦਾ, ਬਾਬਿਓ! ਤੁਸੀਂ ਤਾਂ ਨਿੱਤ ਵਰਦੀਆਂ ਕਹੀ ਜਾਨੇਂ ਓਂ-ਚੱਲਦੇ ਘਰਾਂ ਦਾ ਤਾਂ ਚਲੋ ਸਰਦੈ-ਪਰ ਵਿਚਾਰੇ ਗਰੀਬ ਨਿੱਤ ਪੈਸੇ ਕਿੱਥੋਂ ਲਿਆਉਣ? ਤੇ ਭਾਈ ਅੱਤਵਾਦੀਆਂ ਨੇ ਸੱਤ ਹਜ਼ਾਰ ਰੁਪਈਆ ਹੈਡਮਾਸਟਰ ਦੇ ਮੂਹਰੇ ਸਿੱਟਤਾ-ਕਹਿੰਦੇ ਆਹ ਲੈ ਤੇਰੀ ਜਿ਼ੰਮੇਵਾਰੀ ਐ-ਅਗਲੇ ਹਫ਼ਤੇ ਸਾਰਿਆਂ ਦੇ ਨੀਲੀਆਂ ਖੱਟੀਆਂ ਵਰਦੀਆਂ ਪਾਈਆਂ ਹੋਣ-ਅਸੀਂ ਫੇਰ ਆਵਾਂਗੇ! ਤੇ ਭਾਈ ਪੈਸੇ ਦੇ ਕੇ ਚਲੇ ਗਏ-ਤੇ ਰੱਬ ਥੋਡਾ ਭਲਾ ਕਰੇ-ਫੇਰ ਦਸਾਂ ਕੁ ਦਿਨਾਂ ਬਾਅਦ ਆਗੇ-ਅੱਧਿਆਂ ਕੁ ਜੁਆਕਾਂ ਦੇ ਖੱਟੀਆਂ ਨੀਲੀਆਂ ਵਰਦੀਆਂ ਪਾਈਆਂ ਹੋਈਆਂ ਤੇ ਅੱਧੇ ਕੁ ਖਾਖੀ ਪਾਈ ਫਿਰਨ-ਉਹਨਾਂ ਨੇ ਫੇਰ ਹੈੱਡਮਾਸਟਰ ਤੋਂ ਜਵਾਬ ਮੰਗਿਆ-ਤੇ ਹੈੱਡਮਾਸਟਰ ਨੇ ਹੱਥ ਜੋੜ ਕੇ ਕਿਹਾ-ਬਾਬਿਓ! ਕੱਪੜਾ ਤਾਂ ਅਸੀਂ ਅਗਲੇ ਦਿਨ ਈ ਲੈ ਆਏ ਸੀ-ਮੇਚ ਵੀ ਦੇ ਆਏ ਸੀ-ਪਰ ਕੀ ਕਰੀਏ? ਦਰਜੀ ਹੀ ਨਹੀਂ ਸਿਉਂ ਕੇ ਦਿੰਦਾ! ਤੇ ਭਾਈ ਪੁੱਛ ਪਛਾ ਕੇ ਦਰਜੀ ਦੇ ਘਰੇ ਜਾ ਵੜੇ-ਦਰਜੀ ਨੂੰ ਢਾਹ ਲਿਆ-ਚੰਗਾ ਮਾਂਜਾ ਫੇਰਿਆ-ਉਹਦੀ ਮਸ਼ੀਨ ਜੀ ਕਿਧਰੇ ਰੁੜ੍ਹਦੀ ਫਿਰੇ-ਮਸ਼ੀਨ ਸਕੂਲ ਈ ਚੱਕ ਲਿਆਏ ਤੇ ਨਾਲ ਈ ਦਰਜੀ-ਕੁੱਟ ਕੁੱਟ ਕੇ ਦਰਜੀ ਦੀ ਤਾਂ ਬੁਲਾਤੀ ਉਹਨਾਂ ਨੇ ਬੰਬ! ਕਹਿੰਦੇ ਜਿੰਨਾਂ ਚਿਰ ਵਰਦੀਆਂ ਨਹੀਂ ਸਿਉਂਤੀਆਂ ਜਾਂਦੀਆਂ ਘਰੇ ਨ੍ਹੀ ਜਾਣਾ-ਨਹੀਂ ਤੇਰਾ ਟੱਟੂ ਪਾਰ ਐ-ਤੇ ਭਾਈ ਭੁੱਖਣਭਾਣੇ ਦਰਜੀ ਨੇ ਸਾਰਾ ਦਿਨ ਤੇ ਸਾਰੀ ਰਾਤ ਲਾ ਕੇ ਵਰਦੀਆਂ ਸਿਉਂਤੀਆਂ-ਤਾਂ ਜਾ ਕੇ ਖਹਿੜਾ ਛੁੱਟਿਆ-ਫੇਰ ਭਾਈ ਦਰਜੀ ਬਿਮਾਰ ਹੋ ਗਿਆ-ਅੰਦਰ ਡਰ ਪੈ ਗਿਆ-ਬੁਖਾਰ, ਕਿਧਰੇ ਉਲਟੀਆਂ, ਜਲਾਬ ਲੱਗਗੇ-ਬਿਮਾਰੀ ਨੇ ਤਾਂ ਭਾਈ ਦਰਜੀ ਪਿੰਜਤਾ-ਹੁਣ ਮਸਾਂ ਕਿਤੇ ਜਾ ਕੇ ਰਾਜੀ ਹੋਇਐ-ਆਹ ਗੱਲਾਂ ਤੇ ਆਹ ਬਾਤੈਂ ਇਹਨਾਂ ਦੀਆਂ-।"

-"ਤੇ ਪੁਲਸ ਨੇ ਕੁਛ ਨ੍ਹੀ ਕੀਤਾ ਫੇਰ?" ਜੱਗਰ ਦੀਆਂ ਅੱਖਾਂ ਤਾੜੇ ਲੱਗੀਆਂ ਪਈਆਂ ਸਨ।

-"ਪੁਲਸ ਨੂੰ ਕਿਹੜਾ ਕੁੱਤੇ ਲੋਕ ਦੱਸਦੇ ਐ ਟੈਮ 'ਤੇ? ਪਿੱਛੋਂ ਕਹਾਣੇ ਸੁਣਾਉਣ ਲੱਗ ਪੈਣਗੇ-ਨਾਲੇ ਭਾਈ ਆਬਦੀਆਂ ਜਾਨਾਂ ਤਾਂ ਉਹ ਤਲੀ 'ਤੇ ਰੱਖੀ ਫਿਰਦੇ ਐ-ਅਸੀਂ ਤਾਂ ਕਬੀਲਦਾਰ ਬਾਲ ਬੱਚੜਦਾਰ ਐਂ-ਉਹਨਾਂ ਨੇ ਤਾਂ ਧੀ ਤੋਰਨੀ ਨ੍ਹੀ-ਨੂੰਹ ਲਿਆਉਣੀ ਨ੍ਹੀ-ਸਾਨੂੰ ਤਾਂ ਵੀਹ ਫਿ਼ਕਰ ਵੱਢ ਵੱਢ ਖਾਂਦੇ ਐ-ਜੇ ਆਪ ਈ ਮਰਗੇ-ਜੁਆਕਾਂ ਨੂੰ ਕੌਣ ਪਾਲੂ? ਉਹ ਤਾਂ ਰੁਲ ਕੇ ਮਰ ਜਾਣਗੇ।" ਮੁਣਸ਼ੀ ਮਸਾਂ ਹੀ ਕਿੱਲੇ 'ਤੇ ਵਾਪਿਸ ਆ ਕੇ ਖੜ੍ਹਾ ਸੀ।

ਇੱਕ ਸਿਪਾਹੀ, ਇੱਕ ਬਜੁਰਗ ਹਵਾਲਾਤੀ ਨੂੰ ਮੁਣਸ਼ੀ ਕੋਲ ਲੈ ਆਇਆ।
-"ਹਾਂ ਬਈ-ਇਹਨੂੰ ਕਿਵੇਂ ਹੱਕੀ ਆਉਨੈਂ?" ਮੁਣਸ਼ੀ ਨੇ ਸਿਪਾਹੀ ਨੂੰ ਪੁੱਛਿਆ।
-" ਦੱਸ ਬਾਬਾ!" ਸਿਪਾਹੀ ਨੇ ਬਜੁਰਗ ਦੇ ਧੱਫਾ ਜਿਹਾ ਮਾਰਿਆ।
-"ਮੁਣਸ਼ੀ ਜੀ ਮੈਨੂੰ ਗੋਡਿਆਂ ਦੀ ਬਹੁਤ ਤਕਲੀਪ ਐ।" ਬਜੁਰਗ ਨੇ ਕਸੀਸ ਵੱਟਦਿਆਂ ਦੱਸਿਆ।
-"ਬਾਬਾ ਕਿੰਨੇ ਬੱਚੇ ਐ ਤੇਰੇ?"
-"ਜੀ ਸੁੱਖ ਨਾਲ ਅੱਠ ਐ-ਦੋ ਬੀਬੀਆਂ ਤੇ ਛੇ ਲੜਕੇ!"
-"ਬਾਬਾ! ਤੇਰੇ ਗੋਡਿਆਂ 'ਚੋਂ ਸੋਲਾਂ ਗੋਡੇ ਤਾਂ ਨਿਕਲ ਚੁੱਕੇ ਐ-ਹੁਣ ਤੇਰੇ ਗੋਡਿਆਂ ਨੂੰ ਦੱਸ ਕੀ ਦੋਸ਼ ਐ?"
-"----।" ਬਜੁਰਗ ਨਿਰੁੱਤਰ ਹੋ ਗਿਆ।
-"ਜਾਹ ਆਥਣੇ ਡਾਕਟਰ ਨੂੰ ਦਿਖਾ ਦਿਆਂਗੇ-ਸੰਤਰੀ!"
-"ਹਾਂ ਜੀ?" ਸੰਤਰੀ ਜਿਵੇਂ ਅਵਾਜ਼ ਦੀ ਕੁੰਡੀ ਦੇ ਨਾਲ ਹੀ ਹਾਜ਼ਰ ਹੋ ਗਿਆ।
-"ਆਹ ਬਾਬੇ ਨੂੰ ਭੋਰਾ ਫ਼ੀਮ ਦੇਦੇ-ਗੋਡੇ ਹਟ ਜਾਣਗੇ!"
-"ਫ਼ੀਮ ਤਾਂ ਜੀ ਮੈਂ ਕਦੇ ਖਾਧੀ ਨ੍ਹੀ।" ਬਾਬਾ ਬੋਲਿਆ।
-"ਹੋਰ ਬਾਬਾ ਤੇਰੀ ਮਾਲਸ਼ ਕਰੀਏ ਜਾਂ ਫੇਰ ਗੋਡੇ ਘੁੱਟੀਏ?" ਮੁਣਸ਼ੀ ਨੇ ਵਿਅੰਗ ਨਾਲ ਕਿਹਾ।
-"----।" ਬਾਬਾ ਫਿਰ ਨਾ ਕੁਝ ਬੋਲ ਸਕਿਆ।
-"ਜਾਹ ਬਾਬਾ ਕਰਾਉਨੇ ਐਂ ਤੇਰਾ 'ਲਾਜ-।"
ਬਾਬਾ ਸਿਪਾਹੀ ਨਾਲ ਹਵਾਲਾਤ ਨੂੰ ਤੁਰ ਗਿਆ।
-"ਹਾਂ ਬਈ ਤੁਸੀਂ ਦੱਸੋ---?" ਮੁਣਸ਼ੀ ਜੰਟੇ ਵੱਲ ਮੂੰਹ ਕਰ ਕੇ ਬੋਲਿਆ।
ਜੰਟੇ ਨੇ ਨਹੀਂ, ਸਾਰੀ ਕਹਾਣੀ ਚੰਦ ਕੌਰ ਨੇ ਸੁਣਾਈ।

ਮੁਣਸ਼ੀ ਨੇ ਬੜੇ ਅਰਾਮ ਨਾਲ ਸੁਣੀ। ਉਹ ਬੜੇ ਅਰਾਮ ਨਾਲ ਸੁਣ ਕੇ ਹੁੰਗਾਰਾ ਭਰ ਰਿਹਾ ਸੀ। ਜਿਵੇਂ ਉਹ ਚਾਰ ਮੌਤਾਂ ਬਾਰੇ ਨਹੀਂ, ਆਪਣੀ ਬੇਬੇ ਤੋਂ ਪਰੀਆਂ ਦੀ ਬਾਤ ਸੁਣ ਰਿਹਾ ਸੀ।

-"ਸਾਲੀ ਦੁਨੀਆਂ ਗਰਕਣ 'ਤੇ ਆਈ ਪਈ ਐ।" ਸਾਰੀ ਕਹਾਣੀ ਸੁਣਨ ਪਿੱਛੋਂ ਮੁਣਸ਼ੀ ਨੇ ਕਿਹਾ।
-"ਗੁਰਪ੍ਰੀਤ---!" ਮੁਣਸ਼ੀ ਨੇ ਸਿਪਾਹੀ ਨੂੰ ਹਾਕ ਮਾਰੀ।
-"ਜੀ ਜਨਾਬ--?" ਸਿਪਾਹੀ ਹਾਜ਼ਰ ਸੀ।
-"ਮੇਰਾ ਰੋਜਨਾਮਚਾ ਲਿਆ ਤੇ ਨਾਲੇ ਸਰਦਾਰ ਨੂੰ ਲਿਆ ਬੁਲਾਕੇ!" ਉਸ ਨੇ ਕਈ ਹੁਕਮ ਇਕੋ ਸਾਹ ਹੀ ਕਰ ਦਿੱਤੇ।
-"ਤੁਸੀਂ ਬਾਹਰ ਬੈਠੋ!" ਉਸ ਨੇ ਹੁਕਮ ਕੀਤਾ। ਤੁਰਦੇ ਨ੍ਹੇਰੀ ਨੂੰ ਉਸ ਨੇ ਰੋਕ ਲਿਆ ਸੀ।
-"ਉਦੋਂ ਬਲਾਅ ਪਾਡੀਆਂ ਮਾਰਦਾ ਸੀ-ਹੁਣ ਲੈਣ ਦੇਣ ਨੂੰ ਕੁਛ ਵੀ ਨ੍ਹੀ ਰਿਹਾ?" ਮੁਣਸ਼ੀ ਨ੍ਹੇਰੀ 'ਤੇ ਔਖਾ ਸੀ।
-"ਮੈਖਿਆ ਮਹਾਰਾਜ ਦੀ ਸਹੁੰ ਜੀ-ਨੋਟਾਂ ਨਾਲ ਜੇਬਾਂ ਫੁੱਲ ਐ!" ਨ੍ਹੇਰੀ ਨੇ ਅੱਖੀਂ ਦੇਖਿਆ ਦ੍ਰਿਸ਼ ਦੱਸਿਆ।

-"ਫਿਰ ਕੱਟੇ ਨੂੰ ਮਣ ਦੁੱਧ ਦਾ ਕੀ ਭਾਅ? ਉਹਦੇ ਤਾਂ ਖਾਲੀ ਖੁਰਨੀਆਂ ਪੱਲੇ ਰਹਿ ਜਾਂਦੀਐਂ-ਜਾਹ ਲਿਆ ਬੁਲਾ ਕੇ ਉਹਨੂੰ! ਨਹੀਂ ਸਾਲਿਆ ਤੇਰੇ ਨਿਆਣਾ ਪਾਲਾਂਗੇ।" ਮੁਣਸ਼ੀ ਨੇ ਉਸ ਨੂੰ ਡਰਾ ਲਿਆ ਸੀ।

ਨ੍ਹੇਰੀ ਨੇ ਸਾਰੀ ਗੱਲ ਗੁਰਜੰਟ ਨੂੰ ਇਕ ਪਾਸੇ ਲਿਜਾ ਕੇ ਦੱਸ ਦਿੱਤੀ।
ਗੁਰਜੰਟ ਹਾਜ਼ਰ ਸੀ।
ਉਸ ਨੇ ਇਕ ਹਜ਼ਾਰ ਰੁਪਏ ਮੁਣਸ਼ੀ ਅੱਗੇ ਰੱਖ ਦਿੱਤੇ।
-"ਬੱਸ--!" ਮੁਣਸ਼ੀ ਹੈਰਾਨ ਸੀ। ਉਹ ਉਹਨਾਂ ਵੱਲ ਹੱਡਾਂਰੋੜੀ ਦੀ ਗਿਰਝ ਵਾਂਗ ਝਾਕਿਆ ਸੀ।
-"ਹਜਾਰ ਨਾਲ ਤਾਂ ਮਸਾਂ ਛੱਬੀ ਦਾ ਈ ਕੇਸ ਬਣਦੈ!" ਉਸ ਨੇ ਦੱਸਿਆ।
ਗੁਰਜੰਟ ਨੇ ਇਕ ਹਜ਼ਾਰ ਹੋਰ ਰੱਖ ਦਿੱਤਾ।

-"ਦੋ ਹਜਾਰ ਨਾਲ ਦਫ਼ਾ ਤਿੰਨ ਸੌ ਸੱਤ ਲੱਗਦੀ ਐ-ਜੀਹਨੂੰ ਇਰਾਦਾ ਕਤਲ ਕਹਿੰਦੇ ਐ-ਇਹ ਤਾਂ ਕਤਲ ਹੋ ਚੁੱਕੇ ਐ!" ਉਹ ਸੌਦੇ ਦਾ ਜਿਵੇਂ ਭਾਅ ਦੱਸ ਰਿਹਾ ਸੀ। ਸੁਲਝੇ ਕਰਾੜ ਵਾਂਗ ਉਹ ਚਿਹਰੇ ਤਾੜ ਤਾੜ ਗੱਲਾਂ ਕਰਦਾ ਸੀ।

ਬਹੁਤਾ ਯੱਭ ਵਿਚ ਨਾ ਪੈਂਦੇ ਜੰਟੇ ਨੇ ਚੁੱਪ-ਚਾਪ ਪੰਦਰਾਂ ਸੌ ਹੋਰ ਮੁਣਸ਼ੀ ਅੱਗੇ ਰੱਖ ਦਿੱਤੇ।
-"ਮੁਣਸ਼ੀ ਜੀ ਇਕ ਤਾਂ ਸਾਡੀ ਭੈਣ ਮਰਗੀ-।"

-"ਭੈਣ ਮਰਗੀ ਤਾਂ ਹੱਥ ਪੈਰ ਤਾਂ ਹਿਲਾਓ! ਸੁੱਕੇ ਸੋਹੜ੍ਹੇ ਨ੍ਹੀ ਜੱਟ ਬੱਝਣੇ! ਉਹ ਤਾਂ ਸਾਡੇ ਖੁਰ ਵੱਢਦੇ ਫਿਰਦੇ ਐ-ਅਸੀਂ ਵਿਹੜੇ ਨ੍ਹੀ ਵੜਨ ਦਿੱਤੇ।" ਮੁਣਸ਼ੀ ਉਹਨਾਂ 'ਤੇ ਅਹਿਸਾਨ ਜਤਾ ਰਿਹਾ ਸੀ। ਭਲੇ ਦਾ ਕੰਮ ਦੱਸ ਰਿਹਾ ਸੀ।

ਪੈਸੇ ਚੁੱਕ ਕੇ ਉਸ ਨੇ ਦਰਾਜ ਵਿਚ ਰੱਖ ਲਏ ਅਤੇ ਦਰਾਜ ਨੇ ਆਪਣੀ ਆਦਤ ਮੂਜਬ ਫਿਰ "ਚੀਕੂੰ-ਚੀਕੂੰ" ਜਿਹਾ ਕੀਤਾ। ਦਰਾਜ ਹਮੇਸ਼ਾ ਮੁਣਸ਼ੀ ਨੂੰ ਗਾਲ੍ਹਾਂ ਕੱਢਦਾ ਲੱਗਦਾ ਸੀ। ਜਿਵੇਂ ਉਸ ਤੋਂ ਹਰਾਮ ਦੇ ਪੈਸਿਆਂ ਦਾ ਭਾਰ ਝੱਲਿਆ ਨਾ ਜਾਂਦਾ ਹੋਵੇ!

-"ਸਰਦਾਰ ਦੇ ਆਉਣ ਤੱਕ ਬਾਹਰ ਬੈਠ-ਫੇਰ ਬਹਿ ਕੇ ਜੜਾਂਗੇ ਮੇਖਾਂ।" ਮੁਣਸ਼ੀ ਨੇ ਜੰਟੇ ਨੂੰ ਕਿਹਾ।
ਗੁਰਜੰਟ ਬਾਹਰ ਚਲਾ ਗਿਆ।
-"ਜੇ ਕੱਟਿਆਂ ਦੀਆਂ ਕੀਤੀਆਂ ਰਹਿ ਜਾਣ-ਲੋਕ ਝੋਟਿਆਂ ਨੂੰ ਦਾਣਾ ਕਿਉਂ ਪਾਉਣ?" ਮੁਣਸ਼ੀ ਨੇ ਨ੍ਹੇਰੀ ਨੂੰ ਆਖਿਆ।
-"ਜੇ ਮੈਂ ਨਾ ਮੱਲੋਮੱਲੀ ਜੇਬ 'ਚੋਂ ਕਢਵਾਉਂਦਾ-ਜੱਟ ਤਾਂ ਸਿੱਧਾ ਈ ਝੱਗਾ ਚੱਕ ਗਿਆ ਸੀ।"
ਬੁੱਕਣ ਚੁੱਪ ਸੀ।

-"ਜੱਟ ਤਾਂ ਮੁਕਲਾਵਾ ਦੇਣੇ ਐਨੇ ਸੂਮ ਐਂ-ਨਲੀ ਸੁਣਕਣਗੇ ਤਾਂ ਆਬਦੇ ਕੁੱਕੜਾਂ ਨੂੰ ਈ ਪਾਉਣਗੇ-ਲੈ ਘੁੱਟ ਪੀ ਲਈਂ ਆਥਣੇਂ!" ਵੀਹਾਂ ਦਾ ਨੋਟ ਦਿੰਦੇ ਮੁਣਸ਼ੀ ਨੇ ਨ੍ਹੇਰੀ ਨੂੰ ਆਖਿਆ।

ਨ੍ਹੇਰੀ ਢਿੱਲਾ ਜਿਹਾ ਪੈ ਗਿਆ। ਉਹ ਤਾਂ ਅੱਧ ਦੀ ਝਾਕ ਲਾਈ ਬੈਠਾ ਸੀ। ਪਰ ਮੁਣਸ਼ੀ ਨੇ ਤਾਂ ਵੀਹਾਂ ਵਿਚ ਹੀ ਸਾਰ ਦਿੱਤਾ ਸੀ? ਉਸ ਨੇ ਸਿਆਣਪ ਸਮਝ ਕੇ ਫੜ ਲਏ। ਮੁਣਸ਼ੀ ਨੇ ਤਾਂ "ਤੇਰੀ ਮਰਜੀ ਐ" ਕਹਿ ਕੇ ਫਿਰ ਰੱਖ ਲੈਣੇ ਸਨ।

-"ਸ਼ਾਇਦ ਕੱਲ੍ਹ ਕੁੱਲ੍ਹ ਨੂੰ-?" ਸੋਚਦਿਆਂ ਨ੍ਹੇਰੀ ਨੇ ਨੋਟ ਜੇਬ ਵਿਚ ਪਾ ਲਿਆ। ਉਸ ਦੀ ਤਸੱਲੀ ਗਾਫ਼ੂਰ ਦੇ ਹੁੱਕੇ ਦੀ ਸੁਆਹ ਵਾਂਗ ਉਡ ਗਈ ਸੀ। ਉਹ ਮੁਣਸ਼ੀ ਨੂੰ ਅੰਦਰੋ ਅੰਦਰੀ ਗਾਲ੍ਹਾਂ ਦੀ ਧੂਹ ਵਰ੍ਹਾਈ ਜਾ ਰਿਹਾ ਸੀ। ਪਰ ਮੂੰਹੋਂ ਚੁੱਪ ਸੀ। ਅੰਦਰੋਂ ਉਹ ਸਾਗ ਵਾਲੀ ਤੌੜੀ ਦੇ ਪਾਣੀ ਵਾਂਗ ਰਿੱਝ ਰਿਹਾ ਸੀ।

ਠਾਣੇਦਾਰ ਪਹੁੰਚ ਗਿਆ।

ਮੁਣਸ਼ੀ ਨੂੰ ਐੱਫ਼ ਆਈ ਆਰ ਦਰਜ ਕਰਨ ਲਈ ਆਖਿਆ। ਮੁਣਸ਼ੀ ਨੇ ਐੱਫ਼ ਆਈ ਆਰ ਦਰਜ ਕਰਨੀ ਸ਼ੁਰੂ ਕਰ ਦਿੱਤੀ। ਐੱਫ਼ ਆਈ ਆਰ ਗੁਰਜੰਟ ਸਿੰਘ ਦਰਜ ਕਰਵਾ ਰਿਹਾ ਸੀ।

- "ਮੈਂ ਗੁਰਜੰਟ ਸਿੰਘ ਵਲਦ ਸੁੱਚਾ ਸਿੰਘ, ਵਾਸੀ ਰਾਮਗੜ੍ਹ, ਤਹਿਸੀਲ ਬਰਨਾਲਾ, ਜਿਲ੍ਹਾ ਸੰਗਰੂਰ ਇਤਲਾਹ ਦਿੰਦਾ ਹਾਂ ਕਿ ਮੇਰੀ ਸਕੀ ਭੈਣ ਕੁਲਵਿੰਦਰ ਕੌਰ ਦੀ ਸ਼ਾਦੀ ਤਕਰੀਬਨ ਨੌਂ ਸਾਲ ਪਹਿਲਾਂ ਕਰਮ ਸਿੰਘ ਵਲਦ ਗੁਰਦਿੱਤ ਸਿੰਘ, ਪਿੰਡ ਮਾਣੂੰਕੇ, ਤਹਿਸੀਲ ਮੋਗਾ, ਜਿਲ੍ਹਾ ਫ਼ਰੀਦਕੋਟ ਨਾਲ ਸਿੱਖ ਮਰਿਆਦਾ ਅਨੁਸਾਰ ਹੋਈ। ਇਹਨਾਂ ਨੌਂ ਸਾਲਾਂ ਦੌਰਾਨ ਮੇਰੀ ਭੈਣ ਕੁਲਵਿੰਦਰ ਕੌਰ ਨੇ ਤਿੰਨ ਧੀਆਂ, ਬਬਲੀ, ਗੁੱਡੋ ਅਤੇ ਪਰਮੀਂ ਨੂੰ ਜਨਮ ਦਿੱਤਾ। ਜਿਸ 'ਤੇ ਸਾਰੇ ਘਰ ਦੇ ਹੀ ਔਖੇ ਰਹਿੰਦੇ ਸਨ। ਕੁਲਵਿੰਦਰ ਕੌਰ ਦੇ ਸਹੁਰੇ ਉਸ ਨੂੰ 'ਧੀਆਂ ਜੰਮਣੀ' ਦੇ ਮਿਹਣੇ ਮਾਰਦੇ ਰਹਿੰਦੇ ਸਨ। ਜਿਸ ਕਰਕੇ ਮੇਰੀ ਭੈਣ ਕੁਲਵਿੰਦਰ ਕੌਰ ਕਾਫ਼ੀ ਪ੍ਰੇਸ਼ਾਨ ਰਹਿੰਦੀ ਸੀ। ਘਰਦਿਆਂ ਦੀ ਚੁੱਕ 'ਤੇ, ਅਤੇ ਮੁੰਡੇ ਦੇ ਲਾਲਚ ਵਿਚ ਕਰਮ ਸਿੰਘ ਨੇ ਹੋਰ ਸ਼ਾਦੀ ਕਰਵਾਉਣੀ ਮਿਥ ਲਈ। ਜਿਸ ਦਾ ਵੇਰਵਾ ਸਾਡੀ ਭੈਣ ਕੁਲਵਿੰਦਰ ਨੇ ਕਈ ਵਾਰ ਸਾਡੇ ਕੋਲ ਪਾਇਆ। ਇਕ ਵਾਰ ਅਸੀਂ ਪੰਚਾਇਤ ਲਿਜਾ ਕੇ ਮਾਮਲਾ ਸੁਲਝਾਇਆ। ਪਰ ਕਲੇਸ਼ ਉਸੀ ਤਰ੍ਹਾਂ ਹੀ ਜਾਰੀ ਰਿਹਾ। ਫਿਰ ਸਾਡੀ ਭੈਣ ਕੁਲਵਿੰਦਰ ਕੌਰ ਦੇ ਸਾਨੂੰ ਸੁਨੇਹੇਂ ਪਹੁੰਚਣ ਲੱਗ ਪਏ ਕਿ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਲੱਗ ਪਈਆਂ ਹਨ। ਚਾਰ ਦਿਨ ਪਹਿਲਾਂ ਕੁਲਵਿੰਦਰ ਕੌਰ ਦੀ ਗੱਲ ਮੇਰੀ ਬੇਬੇ ਚੰਦ ਕੌਰ ਪਤਨੀ ਸੁੱਚਾ ਸਿੰਘ ਨਾਲ ਟੈਲੀਫ਼ੋਨ 'ਤੇ ਹੋਈ। ਜਿਸ ਵਿਚ ਫਿਰ ਉਸ ਨੇ ਸਹੁਰੇ ਘਰ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਬਾਰੇ ਦੱਸਿਆ। ਟੈਲੀਫ਼ੋਨ ਸਾਡੇ ਗੁਆਂਢੀ ਬਖਤੌਰ ਸਿੰਘ ਵਲਦ ਬੰਤਾ ਸਿੰਘ ਦੇ ਘਰੇ ਹੈ, ਜਿਸ ਕੋਲ ਸਵਰਾਜ ਟਰੈਕਟਰਾਂ ਦੀ ਏਜੰਸੀ ਹੈ। ਅਸੀਂ ਅਜੇ ਇਸ ਕਾਰਵਾਈ ਬਾਰੇ ਸੋਚ ਹੀ ਰਹੇ ਸਾਂ ਕਿ ਸਾਨੂੰ ਰਾਤ ਬੁੱਕਣ ਸਿੰਘ ਤੋਂ ਪਤਾ ਲੱਗਾ ਕਿ ਸਾਡੀ ਭੈਣ ਕੁਲਵਿੰਦਰ ਕੌਰ ਨੂੰ ਸਾਡੇ ਭਣੋਈਏ ਕਰਮ ਸਿੰਘ ਨੇ ਕੁਇੱਕਫ਼ਾਸ ਪਿਆ ਕੇ ਮਾਰ ਦਿੱਤਾ। ਜਦ ਕੁਲਵਿੰਦਰ ਕੌਰ ਦੀਆਂ ਤਿੰਨ ਨਾਬਾਲਿਗ ਬੱਚੀਆਂ ਨੇ ਰੌਲਾ ਪਾਇਆ ਤਾਂ ਭੇਦ ਖੁੱਲ੍ਹ ਜਾਣ ਦੇ ਡਰੋਂ ਕਰਮ ਸਿੰਘ ਨੇ ਛੋਟੀਆਂ ਬੱਚੀਆਂ, ਬਬਲੀ, ਗੁੱਡੋ ਅਤੇ ਪਰਮੀਂ ਨੂੰ ਵੀ ਜ਼ਬਰਦਸਤੀ ਕੁਇੱਕਫ਼ਾਸ ਪਿਆ ਦਿੱਤੀ। ਨਤੀਜੇ ਵਜੋਂ ਲੜਕੀਆਂ ਦੀ ਵੀ ਮੌਤ ਹੋ ਗਈ। ਇਸ ਲਈ ਅਸੀਂ ਮੁੱਖ ਦੋਸ਼ੀ ਕਰਮ ਸਿੰਘ ਨੂੰ ਹੀ ਸਮਝਦੇ ਹਾਂ ਅਤੇ ਕਾਨੂੰਨ ਅੱਗੇ ਦਰਖ਼ਾਸਤ ਕਰਦੇ ਹਾਂ ਕਿ ਦੋਸ਼ੀ ਅਤੇ ਉਸ ਦੇ ਸਮੁੱਚੇ ਪ੍ਰੀਵਾਰ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ!

ਦਰਖ਼ਾਸਤ ਕਰਤਾ
ਗੁਰਜੰਟ ਸਿੰਘ।"

ਮੁਣਸ਼ੀ ਨੇ ਐੱਫ਼ ਆਈ ਆਰ ਉਹਨਾਂ ਨੂੰ ਪੜ੍ਹ ਕੇ ਸੁਣਾਈ। ਫਿਰ ਦੁਬਾਰਾ ਪੜ੍ਹ ਕੇ ਸੁਣਾਈ। ਫਿਰ ਉਸ ਨੇ ਗੁਰਜੰਟ ਦਾ ਵੱਡਾ ਸਾਰਾ ਅੰਗੂਠਾ ਪੈਡ 'ਤੇ ਘਸਾ ਕੇ ਐੱਫ਼ ਆਈ ਆਰ ਹੇਠ ਛਾਪ ਦਿੱਤਾ। ਪੋਸਟ ਮਾਰਟਮ ਰਿਪੋਰਟ ਐੱਫ਼ ਆਈ ਆਰ ਦੇ ਨਾਲ ਨੱਥੀ ਕਰ ਦਿੱਤੀ ਗਈ। ਬੁੱਕਣ ਸਿੰਘ ਨੂੰ ਮੌਕੇ ਦਾ ਗਵਾਹ ਰੱਖਿਆ ਗਿਆ। ਚਸ਼ਮਦੀਦ ਗਵਾਹ ਬੁੱਕਣ ਭੱਜ ਕੇ ਬਣਿਆਂ ਸੀ। ਉਸ ਨੇ ਇਕ ਮੀਟਰ ਜਗਾਹ 'ਤੇ ਆਪਣੇ ਦਸਤਖ਼ਤ ਲਿਖੇ ਨਹੀਂ, ਵਾਹੇ ਸਨ!

-"ਆਪਣੇ ਗੁਆਂਢੀ ਬਖਤੌਰ ਨੂੰ ਹੱਥ 'ਚ ਰੱਖੋ!" ਮੁਣਸ਼ੀ ਨੇ ਹੁਕਮ ਦਿੱਤਾ, "ਲੋੜ ਪੈਣ 'ਤੇ ਪੇਸ਼ ਕਰਾਂਗੇ!"
-"ਅੱਛਾ ਜੀ।"
-"ਆਪਣੇ ਬਿਆਨ ਚੇਤੇ ਕਰੋ!"
-"ਅੱਛਾ ਜੀ।"
-"ਕਦੋਂ ਕੁ ਤੱਕ ਫੜੋਂਗੇ ਭਾਈ?" ਚੰਦ ਕੌਰ ਨੇ ਪੁੱਛਿਆ।
-"ਲੈ ਮਾਈ ਅੱਜ ਈ ਗੇੜਾ ਪਾਇਆ-ਪੁਲਸ ਤੋਂ ਭੱਜ ਕੇ ਬੰਦਾ ਜਾਊ ਕਿੱਥੇ?" ਮੁਣਸ਼ੀ ਨੇ ਉਤਰ ਦੇਣ ਦੀ ਵਜਾਏ ਸੁਆਲ ਕੀਤਾ।
-"ਭਾਈ ਖਾੜਕੂਆਂ ਨਾਲ ਨਾ ਰਲਜੇ---?" ਚੰਦ ਕੌਰ ਦਾ ਅੰਦਰ ਖੁਰਦਾ ਪ੍ਰਤੀਤ ਹੋ ਰਿਹਾ ਸੀ। ਸ਼ੱਕ ਉਸ ਅੰਦਰ ਖੁੰਬ ਵਾਂਗ ਉਠ ਖੜ੍ਹੀ ਸੀ।

-"ਬਹੂ ਮਾਰਨਿਆਂ ਨੂੰ ਤਾਂ ਉਹ ਊਂਈਂ ਨ੍ਹੀ ਨਾਲ ਰਲਾਉਂਦੇ-ਸਮਾ ਦੀ ਪਾਰ ਬੁਲਾਉਂਦੇ ਐ-ਉਹਨਾਂ ਦੀਆਂ ਜੱਥੇਬੰਦੀਆਂ ਦੇ ਵੀ ਮਾਈ ਕਾਨੂੰਨ ਐਂ! ਐਵੇਂ ਨ੍ਹੀ ਉਹ ਲੱਲੀ ਛੱਲੀ ਨੂੰ ਜੱਥੇਬੰਦੀ 'ਚ ਵਾੜਦੇ-ਐਹੋ ਜੇ ਬਹੂ ਮਾਰਨਿਆਂ ਦੇ ਤਾਂ ਉਹ ਸਾਰਾ ਬਰੱਸਟ ਮਾਰਦੇ ਐ-ਸਰੀਰ ਵਿਚ ਮੋਰੀਆਂ ਕਰ ਦਿੰਦੇ ਐ, ਮੋਰੀਆਂ!" ਮੁਣਸ਼ੀ ਗਿੱਦੜਮਾਰ ਵਾਂਗ ਬਾਘੀਆਂ ਪਾ-ਪਾ ਕੇ ਦੱਸ ਰਿਹਾ ਸੀ।

-"ਫੇਰ ਤਾਂ ਭਾਈ ਚੰਗੇ ਐ ਫੇਰ!" ਚੰਦ ਕੌਰ ਬੋਲੀ। ਉਸ ਨੂੰ ਧਲ੍ਹਿਆਰਾ ਪਾ ਕੇ ਮੁਣਸ਼ੀ ਨੇ ਥਾਂ 'ਤੇ ਹੀ ਰੋਕ ਲਿਆ ਸੀ।

ਇਲਾਕਾ ਮਜਿਸਟਰੇਟ ਦੇ ਹਾਜ਼ਰ ਕਰਕੇ ਠਾਣੇਦਾਰ ਨੇ ਗੁਰਜੰਟ ਅਤੇ ਬੁੱਕਣ ਦੇ ਬਿਆਨ ਕਲਮਬੱਧ ਕਰਵਾ ਲਏ। ਕੁਝ ਜ਼ਰੂਰੀ ਹਦਾਇਤਾਂ ਦੇ ਕੇ ਉਸ ਨੇ ਉਹਨਾਂ ਦੇ ਰੱਸੇ ਲਾਹ ਦਿੱਤੇ।

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com