WWW 5abi.com  ਸ਼ਬਦ ਭਾਲ

ਨਾਵਲ
ਕਾਂਡ ਤੇਰ੍ਹਾਂ

ਉੱਜੜ ਗਏ ਗਰਾਂ
ਸ਼ਿਵਚਰਨ ਜੱਗੀ ਕੁੱਸਾ


ਭੂੰਡ ਦੀ ਸੋਚਾਂ ਦੀ ਲੜੀ ਬਰਾਬਰ ਕਾਇਮ ਸੀ। ਉਸ ਨੂੰ ਆਪਣੇ ਦਿਮਾਗ ਤੇ ਪੂਰਨ ਵਿਸ਼ਵਾਸ ਸੀ ਕਿ ਉਸ ਦਾ ਦਿਮਾਗ ਲੁਧਿਆਣੇ ਪਹੁੰਚਣ ਤੱਕ ਕੋਈ ਨਾ ਕੋਈ ਸਕੀਮ ਜਰੂਰ ਉਤਪੰਨ ਕਰੇਗਾ। ਉਸ ਨੂੰ ਪੂਰਾ ਭਰੋਸਾ ਸੀ ਕਿ ਮੱਝ ਕੱਟੀ ਹੀ ਦੇਵੇਗੀ।

 

ਆਰਤੀ ਸਿਨਮੇਂ ਨੇੜਿਓਂ ਉਹਨਾਂ ਨੇ ਠੇਕੇ 'ਤੇ ਖੜ੍ਹ ਚਾਰ ਬੋਤਲਾਂ ਲੈ ਲਈਆਂ ਅਤੇ ਕਰਮੇਂ ਦੀ ਦੁਕਾਨ ਨੂੰ ਰਵਾਨਾ ਹੋ ਗਏ।

 

ਸਾਰਿਆਂ ਨੇ ਅੰਦਰ ਵੜ ਕੇ ਸ਼ਟਰ ਬੰਦ ਕਰ ਦਿੱਤਾ ਅਤੇ ਬੱਤੀ ਬਾਲ ਲਈ। ਬੋਤਲ ਉਹਨਾਂ ਅੱਗੇ ਹਥਿਆਰ ਸੁੱਟਦੀ ਜਾ ਰਹੀ ਸੀ। ਸੁੱਕੀ ਦਾਰੂ ਨਾਲ ਕੁਝ ਹੋਰ ਨਹੀਂ, ਗੱਲਾਂ ਹੀ ਚੱਬੀਆਂ ਜਾ ਰਹੀਆਂ ਸਨ।

 

-"ਜਾਹ ਕਰਮਿਆਂ ਕੁਛ ਖਾਣ ਨੂੰ ਲੈ ਕੇ ਆ-ਸੁੱਕੀ ਤਾਂ ਸਾਲੀ ਅੰਦਰ ਆਰੀ ਮਾਂਗੂੰ ਵਾਢ ਕਰੀ ਜਾਂਦੀ ਐ।" ਗਿੱਲ ਨੇ ਪੰਜਾਹਾਂ ਦਾ ਨੋਟ ਕਰਮੇਂ ਅੱਗੇ ਕੀਤਾ, ਪਰ ਕਰਮੇਂ ਨੇ ਫੜਿਆ ਨਾ।

 

-"ਮੈਖਿਆ ਫੜ ਵੀ!"

-"ਕਾਹਨੂੰ ਬੇਸ਼ਰਮੀਂ ਦਿੰਨੈਂ?" ਕਰਮਾਂ ਬਾਹਰ ਨਿਕਲ ਗਿਆ।

 

-"ਬਾਈ ਸਾਸਰੀਕਾਲ---!" ਕਰਮੇਂ ਨੂੰ ਪਿੱਛੋਂ ਕੜਿਅਲ ਵਾਲੇ ਰਬਿੰਦਰ ਨੇ ਕਿਹਾ। ਪਤਲੇ ਸਰੀਰ ਦਾ ਛਾਂਟਿਆ ਰਬਿੰਦਰ ਜੀਨ ਦੀ ਪੈਂਟ ਵਿਚ ਸਜਿਆ ਖੜ੍ਹਾ ਸੀ। ਗਲ ਪਾਈ ਟੀ-ਸ਼ਰਟ ਉਪਰ "ਲਵ ਫ਼ਾਰ ਸੇਲ" ਲਿਖਿਆ ਹੋਇਆ ਸੀ। ਲੁਧਿਆਣੇ ਦੇ ਇੰਜਨੀਅਰਿੰਗ ਕਾਲਜ ਦਾ ਵਿਦਿਆਰਥੀ ਹੋਣ ਕਰਕੇ, ਉਸ ਨੂੰ ਕਾਲਜ ਦੀ ਵਾਹਵਾ 'ਹਵਾ' ਲੱਗੀ ਜਾਪਦੀ ਸੀ। ਉਹ ਪੜ੍ਹਦਾ ਘੱਟ ਅਤੇ ਗਸ਼ਤ ਜਿ਼ਆਦਾ ਕਰਦਾ ਸੀ। ਕਾਲਜੋਂ ਟਾਈਮ ਕੱਢ ਕੇ ਉਹ ਕਰਮੇਂ ਕੋਲ ਚੌਂਕੀ ਜਰੂਰ ਭਰਦਾ ਸੀ।

 

-"ਸੁਣਾ ਬਈ ਰਬਿੰਦਰ ਕੀ ਹਾਲ ਐ?" ਕਰਮੇਂ ਨੇ ਪੁੱਛਿਆ।

 

-"ਮੇਰਾ ਹਾਲ ਤਾਂ ਠੀਕ ਐ-ਪਰ ਤੂੰ ਦੱਸ ਕਈ ਦਿਨ ਹੋ ਗਏ ਦੁਕਾਨ ਈ ਨ੍ਹੀ ਖੋਲ੍ਹੀ?" ਉਹ ਖੜ੍ਹਾ ਮੁਸਕਰਾਈ ਜਾ ਰਿਹਾ ਸੀ। ਚਿਹਰੇ 'ਤੇ ਲਿਖੀ ਕੁਦਰਤੀ ਮੁਸਕੁਰਾਹਟ ਉਸ ਦੇ ਸੁਨੱਖੇ ਨੈਣ ਨਕਸ਼ਾਂ 'ਤੇ ਆਪਣਾ ਪ੍ਰਭਾਵ ਸੁੱਟ ਰਹੀ ਸੀ।

 

-"ਬੱਸ ਯਾਰ ਕੰਮ ਧੰਦੇ ਈ ਐਸੇ ਐ।" ਕਰਮੇਂ ਨੇ ਆਪਣਾ ਆਪ ਸਾਂਭਿਆ। ਥਿੜਕਦੀ ਗੱਲ ਬੋਚੀ।

 

-"ਤੇ ਭਰਜਾਈ ਅੱਜ 'ਕੱਲੀ ਈ ਬਜਾਰ 'ਚ ਭਲਵਾਨੀ ਗੇੜੇ ਦਿੰਦੀ ਫਿਰਦੀ ਸੀ?" ਉਸ ਨੇ ਗੱਲ ਕਰਕੇ ਹੱਥ ਲੰਮੀ ਜੀਭ ਬਾਹਰ ਨੂੰ ਕੱਢੀ। ਉਸ ਦੀਆਂ ਬਲੌਰੀ ਅੱਖਾਂ ਕਰਮੇਂ ਨੂੰ ਚਹੇਡ ਕਰ ਗਈਆਂ ਸਨ।

 

ਕਰਮੇਂ ਨੇ ਇਕ ਦਮ ਪਰਤ ਕੇ ਉਸ ਵੱਲ ਤੱਕਿਆ। ਉਹ ਰਬਿੰਦਰ ਨੂੰ ਖਿੱਚ ਕੇ ਨਹੀਂ, ਇਕ ਤਰ੍ਹਾਂ ਮਰੇ ਹੋਏ ਕੱਟੇ ਵਾਂਗ ਧੂਹ ਕੇ ਦੁਕਾਨ ਅੰਦਰ ਲੈ ਗਿਆ। ਉਹ ਉਸ ਦੀ ਬਾਂਹ ਫੜੀ ਹਵਾ ਹੋਇਆ ਜਾ ਰਿਹਾ ਸੀ। ਰਬਿੰਦਰ ਹੈਰਾਨ ਸੀ।

 

-"ਹੁਣ ਦੱਸ ਟਿਕਾਅ ਕੇ-ਕੌਣ ਕੌਣ ਨਾਲ ਸੀ?" ਕਰਮਾਂ ਹਫ਼ ਗਿਆ ਸੀ। ਉਸ ਦਾ ਸਾਹ ਫੁੱਲ ਗਿਆ ਸੀ ਅਤੇ ਮੂੰਹ 'ਚੋਂ ਝੱਗ ਵਹਿ ਤੁਰੀ ਸੀ।

-"ਤੈਨੂੰ ਹੋ ਕੀ ਗਿਆ?"

-"ਗੱਲ ਸੁਣ ਟਿਕਾਅ ਕੇ! ਤੇਰੀ ਭਾਬੀ ਗਈ ਐ ਨਿਕਲ-ਸਾਨੂੰ ਉਹਦਾ ਪਤਾ ਚਾਹੀਦੈ।" ਉਸ ਨੇ ਰਬਿੰਦਰ ਦਾ ਮੋਢਾ ਫੜ ਕੇ ਜੋਰ ਨਾਲ ਹਲੂਣਿਆਂ। ਰਬਿੰਦਰ ਕੋਲ ਉਹ ਹਰ ਗੱਲ ਸਿੱਧੀ ਕਰ ਲੈਂਦਾ ਸੀ।

ਸਾਰੇ ਉਹਨਾਂ ਕੋਲ ਆ ਗਏ।

-"ਲੈ ਫੇਰ ਸੁਣਲੋ ਭਰਾਵੋ ਗੱਲ!" ਰਬਿੰਦਰ ਨੇ ਬੇਥ੍ਹਵਾ ਹੱਥ ਹਵਾ ਵਿਚ ਹਿਲਾਇਆ।

-"ਇਕ ਤਾਂ ਸੀ ਭਾਬੀ ਤੇ ਨਾਲ ਸੀ ਬਿੱਲੂ-ਹੁਣ ਥੋਡੇ ਕੋਲੋਂ ਕੀ ਲਕੋਅ ਐ? ਤੇ ਇਕ ਸੀ ਰੰਘੜ---।" ਉਸ ਨੇ ਸੱਚੀ ਗੱਲ ਸਾਰਿਆਂ ਦੇ ਸਾਹਮਣੇਂ ਚਿੱਟੀ ਚਾਦਰ ਵਾਂਗ ਵਿਛਾਅ ਦਿੱਤੀ ਅਤੇ ਸੁਰਖਰੂ ਹੋ ਕੇ ਬੈਠ ਗਿਆ।

-"ਰੰਘੜ---!" ਸਾਰੇ ਇਕ ਦਮ ਹੈਰਾਨੀ ਵਿਚ ਚੌਂਕੇ ਸਨ।

 

ਰੰਘੜ ਦਾ ਅਸਲ ਨਾਂ ਰਘਬੀਰ ਸਿੰਘ ਸੀ। ਮਨ ਦਾ ਕਾਫ਼ੀ ਕਰੂਰ, ਕਠੋਰ ਅਤੇ ਬੜਾ ਰੰਘੜਊ ਰੱਖਣ ਵਾਲਾ ਮੁੰਡਾ ਸੀ। ਜਿਸ ਕਰਕੇ ਸਾਰਿਆਂ ਨੇ ਉਸ ਦਾ ਨਾਂ ਹੀ "ਰੰਘੜ" ਰੱਖ ਦਿੱਤਾ ਸੀ। ਉਸ ਦਾ ਸੁਭਾਅ ਬੜਾ ਅੱਖੜ ਸੀ। ਪਰ ਉਸ ਦੇ ਵੱਸ ਵੀ ਕੁਝ ਨਹੀਂ ਸੀ। ਚੱਲਦੇ ਫਿਰਦੇ ਘਰ ਦਾ ਮੁੰਡਾ ਪਲਿਆ ਹੀ ਅਜਿਹੇ ਮਾਹੌਲ ਵਿਚ ਸੀ ਕਿ ਉਸ ਦੀਆਂ ਆਦਤਾਂ ਹੀ ਕੁਝ ਐਸੀਆਂ ਬਣ ਗਈਆਂ ਸਨ। ਰੰਘੜ ਦੇ ਬਾਪ ਹੁਰੀਂ ਤਿੰਨ ਭਰਾ ਸਨ। ਅਜੇ ਤੱਕ ਉਹਨਾਂ ਦਾ ਏਕਾ ਬਾਹਵਾ ਚੱਲੀ ਜਾਂਦਾ ਸੀ। ਤਿੰਨਾਂ ਨੇ ਇੱਕੋ ਤੀਵੀਂ ਹੀ ਸਾਂਭੀ ਹੋਈ ਸੀ। ਕਦੇ ਕੋਈ ਰੌਲਾ ਨਹੀਂ ਕੀਤਾ ਸੀ। ਜੁਆਕ ਸਾਂਝੇ ਸਨ। ਸਾਰੇ ਭਰਾ ਇਕ ਦੂਜੇ ਦੀ ਪੈੜ ਵਿਚ ਪੈਰ ਧਰਦੇ ਸਨ। ਜੇ ਕਦੇ ਕਿਸੇ ਜੁਆਕ ਤੋਂ ਕੋਈ ਗਲਤੀ ਹੋ ਜਾਂਦੀ ਤਾਂ ਰੰਘੜ ਦੇ ਤਾਏ ਨੇ ਬੋਲਣਾ, "ਇਕ ਮਾਰ ਸਾਲੇ ਦੀ ਗਿੱਚੀ 'ਚ!"

-"ਇਕ ਹੋਰ ਮਾਰ!" ਦੂਜਾ ਬੋਲਦਾ।

-"ਇਹਨੂੰ ਮੇਰੇ ਸਾਲੇ ਦੇ ਨੂੰ ਮਾਰ ਈ ਦੇਹ!" ਤੀਜਾ ਵੀ ਪਿੱਛੇ ਨਾ ਰਹਿੰਦਾ।

ਜੇ ਰੰਘੜ ਦੀ ਮਾਂ ਕਹਿੰਦੀ, "ਭਾਈ ਜੀ ਅੱਜ ਪਤਾ ਨ੍ਹੀ ਕੀ ਗੱਲ ਐ? ਆਪਣਾ ਕੁੱਤਾ ਕੰਨ ਜੇ ਸਿੱਟੀ ਪਿਐ!"

ਤਾਂ ਭਾਈ ਜੀ ਕਹਿੰਦਾ, "ਇਹਨੂੰ ਭਾਈ ਘੁੱਟ ਚਾਹ ਦੀ ਬਣਾ ਕੇ ਪਾਓ!" ਪਰ ਦੂਜਾ ਆਖਦਾ, "ਨਹੀਂ, ਇਹਨੂੰ ਡੋਡੇ ਭਿਉਂ ਕੇ ਪਿਆਉਨੇਂ ਐਂ!" ਪਰ ਤੀਜਾ ਕਸਰ ਹੀ ਪੂਰੀ ਕਰ ਦਿੰਦਾ, "ਡੋਡੇ ਕਿਉਂ? ਇਹਨੂੰ ਕੰਡਾ ਫ਼ੀਮ ਦਾ ਦਿਓ!"

ਅਜਿਹੇ ਮਾਹੌਲ ਵਿਚ ਪਲਿਆ ਰੰਘੜ ਹੁਣ ਘਰਦਿਆਂ ਦੀ ਬਹੁਤੀ ਧੰਗੇੜ ਨਹੀਂ ਝੱਲਦਾ ਸੀ। ਉਹ ਲੁਧਿਆਣੇਂ ਕਾਲਜ ਵਿਚ ਪੜ੍ਹਦਾ ਇਕ ਕਮਰਾ ਕਿਰਾਏ 'ਤੇ ਲੈ ਲੁਧਿਆਣੇਂ ਹੀ ਰਹਿਣ ਲੱਗ ਪਿਆ ਸੀ। ਘਰ ਤਾਂ ਬੱਸ ਉਹ ਅੜੇ ਥੁੜੇ ਹੀ ਜਾਂਦਾ ਸੀ। ਕਾਲਜੀਏਟ ਮੁੰਡਿਆਂ ਨਾਲ ਰਲ ਕੇ ਕੁਪੱਤ ਕਰਨੀ ਉਸ ਦਾ ਨਿੱਤ ਦਾ ਕਿੱਤਾ ਹੀ ਬਣ ਗਿਆ ਸੀ। ਲੰਡਰ ਮੁਡੀਹਰ ਨਾਲ ਰਲ ਕੇ ਉਹ ਘਤਿੱਤਾਂ ਕਰਦਾ, ਕੁੜੀਆਂ ਤੋਂ ਕੁੱਟ ਖਾਂਦਾ "ਛਿੱਤਰ-ਘੜ੍ਹੀਸ" ਆਸ਼ਕ ਬਣ ਚੁੱਕਾ ਸੀ।

 

-"ਰਹਿੰਦਾ ਪਤਾ ਕਿੱਥੇ ਐ?" ਭੂੰਡ ਨੇ ਜਿਵੇਂ ਸੁਪਨੇ 'ਚੋਂ ਪਰਤਦਿਆਂ ਪੁੱਛਿਆ ਸੀ। ਰਬਿੰਦਰ ਨੇ ਟਿਕਾਣਾ ਦੱਸ ਦਿੱਤਾ। ਅਸਲ ਵਿਚ ਰਬਿੰਦਰ ਨੂੰ ਸਾਰੀ ਗੱਲ ਦਾ ਪਹਿਲਾਂ ਹੀ ਪਤਾ ਸੀ। ਪਰ ਪੂਰੀ ਗੱਲ ਦੱਸ ਕੇ ਅੱਗ 'ਤੇਲ ਪਾਉਣਾ ਉਸ ਦੀ ਫਿਤਰਤ ਨਹੀਂ ਸੀ। ਅਖੀਰ ਮਜਬੂਰ ਹੋ ਕੇ ਉਸ ਨੂੰ ਸਾਰੀ ਗੱਲ ਦੱਸਣੀ ਪਈ ਸੀ।

 

ਬਰਾੜ ਹੁਰਾਂ ਦੀ ਜੀਪ ਰੰਘੜ ਦੇ ਟਿਕਾਣੇਂ 'ਤੇ ਪੁੱਜ ਗਈ। ਭੂੰਡ ਨੇ ਉਤਰ ਕੇ ਦਰਵਾਜਾ ਖੜਕਾਇਆ। ਸਾਰੇ ਦਰਵਾਜੇ ਅੱਗੇ ਝੁਰਮਟ ਜਿਹਾ ਪਾਈ ਖੜ੍ਹੇ ਸਨ। ਰੰਘੜ ਨੇ ਦਰਵਾਜਾ ਖੋਲ੍ਹਿਆ। ਸਾਰੇ ਇਕ ਦਮ ਰੰਘੜ 'ਤੇ ਝਪਟੇ! ਉਹਨਾਂ ਉਸ ਨੂੰ ਮੁਰਗੀ ਵਾਂਗ ਨੱਪ ਲਿਆ ਅਤੇ ਧੂਹ ਕੇ ਅੰਦਰ ਲੈ ਗਏ। ਕਾਮਰੇਡਾਂ ਦੀ ਗਿੱਦੜ-ਕੁੱਟ ਨੇ ਰੰਘੜ ਦਾ ਮੂੰਹ ਝੁਲਸਿਆ ਜਿਹਾ ਕਰ ਦਿੱਤਾ ਸੀ। ਉਸ ਦੇ ਬੁੱਲ੍ਹ ਸੁੱਜ ਕੇ ਬੋਤੇ ਦੇ ਬੁੱਲ੍ਹਾਂ ਜਿੱਡੇ ਹੋ ਗਏ ਸਨ। ਨੱਕ 'ਚੋਂ ਖ਼ੂਨ ਤੁਰ ਪਿਆ ਸੀ। ਕੁੱਟ ਨਾਲ ਬੌਂਦਲਿਆ ਉਹ ਭੰਬਲਭੂਸਾ ਜਿਹਾ ਝਾਕ ਰਿਹਾ ਸੀ। ਉਸ ਦਾ ਚੂਕਣਾ "ਯਰਕ-ਯਰਕ" ਕਰ ਰਿਹਾ ਸੀ।

 

-"ਦੱਸ ਉਏ ਕਿੱਥੇ ਐ ਉਹ ਹਰਾਮਦਿਆ?" ਗਿੱਲ ਨੇ ਬਿੱਲੇ ਵਾਂਗ ਰੰਘੜ ਦੀ ਸੰਘੀ ਨੱਪ ਕੇ ਪੁੱਛਿਆ। ਉਹ ਗੁੱਸੇ ਨਾਲ ਕੰਬਦਾ ਪਾਟਣ 'ਤੇ ਆਇਆ ਖੜ੍ਹਾ ਸੀ। ਉਸ ਦੀ ਜਾੜ੍ਹ ਘੁੱਟੀ ਹੋਈ ਅਤੇ ਅੱਖਾਂ ਗੇਰੂ ਵਾਂਗ ਰੱਤੀਆਂ ਸਨ।

-"ਤਾਂਹਾਂ ਚੁਬਾਰੇ 'ਚ ਪਏ ਐ--!" ਘੁੱਟੀ ਸੰਘੀ ਕਰਕੇ ਉਸ ਦੀ ਅਵਾਜ਼ ਘੱਗੇ ਸੰਖ ਵਾਂਗ ਨਿਕਲੀ ਸੀ। ਉਸ ਨੇ ਉਂਗਲ ਤੀਰ ਵਾਂਗ ਉਪਰ ਨੂੰ ਵਗਾਈ ਸੀ। ਜਦੋਂ ਉਸ ਨੂੰ ਛੱਡਿਆ ਤਾਂ ਉਹ ਡਰੇ ਭੂਤ ਵਾਂਗ ਬਾਹਰ ਨੂੰ ਤਿੱਤਰ ਹੋ ਗਿਆ।

ਸਾਰੇ ਦਗੜ-ਦਗੜ ਕਰਦੇ ਪੌੜੀਆਂ ਚੜ੍ਹ ਗਏ!

 

ਬਿੱਲੂ ਸੁੱਤਾ ਪਿਆ ਭੜ੍ਹੱਕ ਕੇ ਉਠਿਆ। ਉਸ ਨੂੰ ਕੁਝ ਸੁੱਝ ਨਹੀਂ ਰਿਹਾ ਸੀ ਕਿ ਕੀ ਕਰੇ? ਉਹ ਡਰੀ ਗਊ ਵਾਂਗ ਇਧਰ ਉਧਰ ਝਾਕ ਰਿਹਾ ਸੀ। ਅੱਧਨੰਗੀ ਕੁਲਵਿੰਦਰ ਖੇਸ ਦੀ ਬੁੱਕਲ ਮਾਰੀ ਇਕ ਖੂੰਜੇ ਖੜ੍ਹੀ ਕੰਬ ਰਹੀ ਸੀ। ਉਸ ਦਾ ਚਿਹਰਾ ਬੱਗਾ ਅਤੇ ਅੱਖਾਂ ਤਾੜੇ ਲੱਗ ਗਈਆਂ ਸਨ। ਅਚਾਨਕ ਪਈ ਬਿੱਜ 'ਤੇ ਉਹ ਬੇਹੱਦ ਹੈਰਾਨ ਸਨ।

ਬਿੱਲੂ 'ਤੇ ਲੱਤਾਂ, ਮੁੱਕੀਆਂ ਅਤੇ ਛਿੱਤਰਾਂ ਦੀ ਵਾਛੜ ਹੋਣ ਲੱਗ ਪਈ। ਜਿਸ ਨੂੰ ਉਹ ਸਬਰ ਰੱਖ ਕੇ ਸਹਿ ਰਿਹਾ ਸੀ। "ਚੂੰ" ਕਰਨੀਂ ਤਾਂ ਬਿਲਕੁਲ ਹੀ ਬੇਵਕੂਫ਼ੀ ਸੀ!

 

-"ਮਿੰਨਤਾਂ ਤਰਲਿਆਂ ਨਾਲ ਤਾਂ ਭਾਈ ਕੌਮਨਸ਼ਟ ਛੱਡ ਈ ਦੇਣ-ਨਹੀਂ ਤਾਂ ਫੇਰ ਰੱਬ ਈ ਰਾਖਾ ਐ!" ਉਸ ਨੂੰ ਆਪਣੇ ਬਾਪੂ ਦੇ ਕਹੇ ਲਫ਼ਜ਼ ਯਾਦ ਆ ਰਹੇ ਸਨ। ਬੜੇ ਟਿਕਾਣੇਂ ਸਿਰ ਦਿਮਾਗ ਨੇ ਵਾਇਰਲੈੱਸ ਫੜੀ ਸੀ।

-"ਦੱਸ ਉਏ ਤੇਰਾ ਕੀ ਇਰਾਦੈ ਕੁੱਤੇ ਦਿਆ ਹੱਡਾ?" ਕਾਫ਼ੀ ਦੇਰ ਬਾਅਦ ਛਿੱਤਰਾਂ ਦਾ ਖੜਕਾਹਟ ਬੰਦ ਹੋਇਆ ਸੀ। ਗੜੇ ਪੈ ਕੇ ਹਟਣ ਪਿੱਛੋਂ ਵਾਲੀ ਸ਼ਾਂਤੀ ਪਸਰ ਗਈ ਸੀ। ਬਿੱਲੂ ਦੇ ਸਿਰ 'ਚੋਂ ਸੇਕ ਮਾਰ ਰਿਹਾ ਸੀ। ਭੜਦਾਅ ਨਿਕਲ ਰਹੀ ਸੀ। ਜੁੱਤੀਆਂ ਵੱਜਣ ਵਾਲਾ ਥਾਂ "ਚਿਲੂੰ-ਚਿਲੂੰ" ਕਰਨ ਲੱਗ ਪਿਆ ਸੀ।

-"ਬਾਈ ਮੈਨੂੰ ਬਖਸ਼ ਈ ਲਓ--!" ਉਸ ਨੇ ਹੱਥ ਜੋੜ ਕੇ ਤਰਲਾ ਕੀਤਾ। ਉਸ ਦੀ ਟੱਟੂ-ਹਜਾਮਤ ਕਰਵਾਏ ਪਟੇ ਖਿਲਰ ਗਏ ਸਨ।

-"ਤੇਰਾ ਐਡਾ ਜੇਰਾ ਪਿਆ ਤਾਂ ਪਿਆ ਕਿਵੇਂ--?" ਹੁਣ ਭੂੰਡ ਉਸ ਦੇ ਗਲ ਨੂੰ ਚਿੰਬੜ ਗਿਆ। ਉਹ ਸਾਹਣ ਭਿੜ੍ਹਨ ਵਾਂਗ ਹੱਲੇ ਕਰ-ਕਰ ਪੈਂਦਾ ਸੀ।

-"ਇਹਦੇ ਜੇਰੇ ਕੀ ਪਰਖਦੇ ਐਂ? ਮੈਂ ਇਹਦੇ ਨਾਲ ਆਪ ਆਈ ਐਂ-ਕਰੋ ਜੋ ਕੁਛ ਕਰਦੇ ਐਂ!" ਖੂੰਜੇ ਖੜ੍ਹੀ ਕੁਲਵਿੰਦਰ ਇਕ ਦਮ ਚੀਕੀ। ਉਸ ਦੇ ਚਿਹਰੇ ਤੋਂ ਚੰਡੀ ਦਾ ਕਰੋਧ ਭਬਕਿਆ ਸੀ।

-"ਤੈਨੂੰ ਕੁੱਤੀਏ ਨਹੀਂ ਸਬਰ ਤਾਂ ਕੰਜਰਖਾਨੇਂ ਜਾ ਕੇ ਬਹਿਜਾ-ਭਾਂਤ ਭਾਂਤ ਦੇ ਮਿਲਿਆ ਕਰਨਗੇ!" ਹਰਫ਼ਲਿਆ ਕਰਮਾਂ ਭੂਚਾਲ ਵਾਂਗ ਕੁਲਵਿੰਦਰ ਵੱਲ ਗਿਆ। ਪਰ ਸਾਥੀਆਂ ਨੇ ਵਰਜ ਦਿੱਤਾ।

-"ਤੁਸੀਂ ਲਾ ਲਓ ਜਿਹੜੀ --- ਦਾ ਜੋਰ ਲਾਉਣੈਂ-ਮੈਂ ਤਾਂ ਏਸੇ ਦੇ ਈ ਵਸੂੰਗੀ!" ਉਸ ਨੇ ਹਿੱਕ 'ਚ ਧੱਫ਼ਾ ਮਾਰ ਕੇ ਅਜੀਬ ਅਕਾਸ਼ਬਾਣੀ ਕੀਤੀ।

-"ਤੇ ਕੁੱਤੀਏ ਜਿਹੜੇ ਤਿੰਨ ਜੰਮੀ ਬੈਠੀ ਐਂ-ਉਹ ਤੇਰੀ ਮਾਂ ਸਾਂਭੂ ਆ ਕੇ?"

-"ਨਾ ਤੇਰੀ ਮਾਂ ਦੇ ਕੁਛ ਲੱਗਦੇ ਨ੍ਹੀ?" ਉਹ ਬਰਾਬਰ ਇੱਟ ਦਾ ਜਵਾਬ ਪੱਥਰ ਨਾਲ ਦੇ ਰਹੀ ਸੀ।

-"ਤੂੰ ਮੇਰੇ ਸਾਹਮਣੇਂ ਜਬਾਨ ਚਲਾਉਨੀਂ ਐਂ ਕੁੱਤੀਏ-ਕੰਜਰੀਏ---!" ਉਹ ਹਨ੍ਹੇਰੀ ਵਾਂਗ ਭੱਜ ਕੇ ਫਿਰ ਕੁਲਵਿੰਦਰ ਵੱਲ ਨੂੰ ਹੋਣ ਲੱਗਿਆ। ਪਰ ਇੰਦਰ ਨੇ ਉਸ ਨੂੰ ਰਾਹ ਵਿਚ ਹੀ ਬੁੱਚ੍ਹ ਲਿਆ ਸੀ।

-"ਹੈਂ ਬਈ! ਧਹੰਮਲ ਤੋਂ ਕੰਮ ਲਓ! ਕਾਹਨੂੰ ਐਂਵੇਂ ਬਾਧੂ ਰੌਲਾ ਪਾਇਐ?" ਇੰਦਰ ਨੇ ਕਰਮੇਂ ਨੂੰ ਟਿਕਾਉਣਾ ਚਾਹਿਆ। ਉਸ ਨੂੰ ਕੁੱਤਿਆਂ ਦੀ ਲੜਾਈ ਵਿਚੋਂ ਕੁਝ ਹੱਥ ਪੱਲੇ ਆਉਂਦਾ ਨਜ਼ਰ ਨਹੀਂ ਆਉਂਦਾ ਦਿਸਦਾ ਸੀ।

 

ਖ਼ੈਰ! ਉਹ ਅਖੀਰ ਉਹਨਾਂ ਨੂੰ ਬੁਸ਼ਕਾਰਨ ਵਿਚ ਸਫ਼ਲ ਹੋ ਗਏ। ਪਰ ਕੁਲਵਿੰਦਰ ਇਕੋ ਹੀ ਰਟ ਲਾਈ ਜਾ ਰਹੀ ਸੀ।

 

-"ਮੈਂ ਵਸਣੈਂ ਤਾਂ ਬਿੱਲੂ ਦੇ ਈ ਵਸਣੈਂ-ਨਹੀਂ ਕੁਛ ਖਾ ਕੇ ਮਰ ਜਾਣੈਂ!"

-"ਕਾਹਨੂੰ ਭਾਈ ਐਮੇਂ, ਹੈਂ! ਕੀ ਸਹੁਰੀਏ ਤੋਏ ਤੋਏ ਕਰਵਾਈ ਐ?" ਭੂੰਡ ਮੌਕਾ ਸਾਂਭਣ ਦਾ ਯਤਨ ਕਰ ਰਿਹਾ ਸੀ। ਪਰ ਗੱਲ ਪਾਣੀ ਵਾਂਗ ਉਸ ਦੇ ਬੁੱਕ ਵਿਚੋਂ ਨਿਕਲ ਜਾਂਦੀ ਸੀ।

-"ਤੂੰ ਚੁੱਪ ਕਰ ਵੇ! ਕੀ ਮੱਤਾਂ ਦੇਣ ਲੱਗਿਐ-ਭੈੜ੍ਹੀ ਜੀ ਦਾਹੜੀ ਆਲਾ।" ਉਹ ਭੂੰਡ ਨੂੰ ਚਾਰੇ ਚੁੱਕ ਕੇ ਪਈ।

ਸਮੇਂ ਦੀ ਨਬਜ਼ ਤਾੜਦਾ ਭੂੰਡ ਚੁੱਪ ਜਿਹੀ ਵੱਟ ਗਿਆ। ਬਹੁਤ ਹੀ ਜਿਆਦਾ ਨਾਜ਼ਕ ਸਮਾਂ ਜਿਵੇਂ ਉਸ ਨੂੰ ਘੂਰ ਕੇ ਡਰਾ ਰਿਹਾ ਸੀ। ਜਿਸ ਦੀਆਂ ਘੁਰਕੀਆਂ ਸੁਣਦਾ ਉਹ ਚੁੱਪ ਸੀ।

 

ਉਹਨਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਪਲੋਸ ਕੇ ਕੁਲਵਿੰਦਰ ਨੂੰ ਜੀਪ ਵਿਚ ਬਿਠਾ ਲਿਆ। ਘੂਰੀਆਂ ਵੱਟਦੀ ਜੀਪ ਸਿੱਧੀ ਸਲੋਟ ਹੀ ਕਰਮੇਂ ਕਾ ਦਰਵਾਜਾ ਪਾਰ ਕਰਦੀ ਹੋਈ ਵਿਹੜੇ ਅੰਦਰ ਜਾ ਖੜ੍ਹੀ। ਤੇਜ਼ੀ ਨਾਲ ਅੰਦਰ ਵੜੀ ਜੀਪ ਨੇ ਜਿਵੇਂ ਗੁਆਂਢੀਆਂ ਨੂੰ ਵੀ ਨਜ਼ਰ ਮਾਰਨ ਦਾ ਮੌਕਾ ਨਹੀਂ ਦਿੱਤਾ ਸੀ। ਦਿਲੋਂ ਦੁਖੀ ਹੋਈ ਹਰ ਕੌਰ ਨੇ ਨੂੰਹ ਦਾ ਸਿਰ ਪਲੋਸਿਆ। ਕੁੜੀਆਂ ਮਾਂ ਦੀਆਂ ਲੱਤਾਂ ਨੂੰ ਚਿੰਬੜ ਗਈਆਂ। ਪਰ ਨਿਰਮੋਹ ਹੋਈ ਕੁਲਵਿੰਦਰ ਨੇ ਉਹਨਾਂ ਵੱਲ ਅੱਖ ਵੀ ਨਾ ਪੱਟੀ। ਉਹ ਮਨ ਮਸਤ, ਇਸ਼ਕ ਵਿਚ ਅੰਨ੍ਹੀ ਹੋਈ ਫਿਰਦੀ ਸੀ। ਕਰਮੇਂ ਨੇ ਸੁਨੇਹਾਂ ਭੇਜ ਕੇ ਆਪਣੇ ਸਾਲੇ ਅਤੇ ਸਾਲੇ ਦੇ ਸਹੁਰੇ ਨੂੰ ਬੁਲਾ ਲਿਆ। ਉਹ ਬੜੇ ਹੈਰਾਨ ਅਤੇ ਦੁਖੀ ਜਿਹੇ ਹੋ ਕੇ ਪੇਸ਼ ਹੋਏ ਸਨ। ਬਿੱਲੂ ਆਪਣੇ ਬਾਪ ਅਤੇ ਭਣੋਈਏ ਤੋਂ ਡਰਦਾ ਕੂੰਗੜਿਆ ਜਿਹਾ ਬੈਠਾ ਸੀ।

 

-"ਮੇਰਿਆ ਸਾਲਿਆ ਜੇ ਗੂੰਹ ਈ ਖਾਣਾ ਸੀ ਤਾਂ ਘਰੇ ਕਿਉਂ ਖਾਧਾ? ਕਿਤੇ ਹੋਰ ਮਰ ਲੈਂਦਾ!" ਬਿੱਲੂ ਦਾ ਭਣੋਈਆ ਮੁੱਠੀਆਂ ਮੀਚ ਕੇ ਬਿੱਲੂ ਦੇ ਗਲ 'ਤੇ ਚੜ੍ਹ ਗਿਆ ਲੱਗਦਾ ਸੀ। ਬਿੱਲੂ ਦੀ ਧੌਣ ਕਾਲਰਾਂ ਵਿਚ ਨੂੰ ਵੜ ਗਈ ਸੀ। ਉਹ ਖੱਸੀ ਕੀਤੇ ਬਲਦ ਵਾਂਗ ਓਪਰਾ-ਓਪਰਾ ਝਾਕ ਰਿਹਾ ਸੀ।

-"ਹੁਣ ਮਨੂੰਆਂ ਬਣਿਆਂ ਬੈਠੈਂ? ਦੇਹ ਜਵਾਬ ਖਸਮ ਨੂੰ ਗੰਦੀਏ ਅਲਾਦੇ---!" ਬਿੱਲੂ ਦੇ ਬਾਪੂ ਨੇ ਧੌੜੀ ਦੀ ਜੁੱਤੀ ਲਾਹ ਕੇ ਉਸ ਵੱਲ ਨੂੰ ਚਲਾਵੀਂ ਵਗ੍ਹਾਈ। ਜੋ ਬਿੱਲੂ ਦੇ ਮੋਢੇ 'ਤੇ ਵੱਜ ਕੇ ਥੱਲੇ ਡਿੱਗ ਪਈ। ਜੁੱਤੀ ਜਿਵੇਂ ਬਿੱਲੂ ਦੇ ਨਹੀਂ, ਕਿਸੇ ਪੱਥਰ ਦੇ ਵੱਜੀ ਸੀ। ਭੋਰਾ ਖੜਕਾ ਨਹੀਂ ਹੋਇਆ ਸੀ!  ਬਿੱਲੂ ਚੁੱਪ-ਚਾਪ ਬੈਠਾ ਧਰਤੀ ਖੁਰਚ ਰਿਹਾ ਸੀ।

 

-"ਮੈਂ ਤਾਂ ਹੁਣ ਥੋਡੀ ਵੀ ਛੱਡ ਦੇਣੀਂ ਐਂ!" ਅਚਾਨਕ ਬਿੱਲੂ ਦੇ ਭਣੋਈਏ ਨੇ ਇੱਟ ਥੱਲਿਓਂ ਸੱਪ ਕੱਢ ਦਿਖਾਇਆ ਸੀ।

-"ਸ਼ੇਰਾ ਸਾਡਾ ਕੀ ਕਸੂਰ ਐ?" ਗੱਲ ਬਿੱਲੂ ਦੇ ਬਾਪੂ ਦੇ ਕਪਾਲ ਵਿਚ ਟਕੂਏ ਵਾਂਗ ਵੱਜੀ ਸੀ। ਜਿਸ ਕਾਰਨ ਉਹ ਤੜਪ ਉਠਿਆ।

-"ਥੋਡਾ ਅਜੇ ਕਸੂਰ ਈ ਕੋਈ ਨ੍ਹੀ? ਸਾਰੇ 'ਲਾਕੇ 'ਚ ਸਾਡੀ ਮਿੱਟੀ ਪੁਲੀਤ ਕਰਕੇ ਧਰਤੀ! ਅਜੇ ਕੋਈ ਕਸੂਰ ਈ ਨ੍ਹੀ?"

-"ਪ੍ਰਾਹੁਉਣਿਆਂ! ਜੇ ਅਲਾਦ ਈ ਗੰਦੀ ਨਿਕਲ ਜੇ-ਫੇਰ ਦੱਸ ਮਾਂ ਪਿਉ ਕੀ ਕਰਨ?" ਉਹ ਦੁਬਿਧਾ ਵਿਚ ਫ਼ਸਿਆ ਬੈਠਾ ਸੀ। ਚਾਣਚੱਕ ਹੋਈ ਗੱਲ ਨੇ ਉਸ ਦੀਆਂ ਸੱਤੇ ਹੀ ਮਾਰ ਘੱਤੀਆਂ ਸਨ।

-"ਐਦੂੰ ਤਾਂ ਸ਼ੇਰਾ ਤੂੰ ਮੇਰੇ ਗੋਲੀ ਮਾਰ ਦਿੰਦਾ!" ਬਜੁਰਗ ਦਾ ਤਰਲਾ ਸਭ ਦੇ ਦਿਲ-ਦਿਮਾਗ ਮੱਲ ਕੇ ਬੈਠ ਗਿਆ। ਉਸ ਦੀ ਇੱਕ ਵਾਰ ਹੀ ਭੁੱਬ ਨਿਕਲੀ ਸੀ।

-"ਨਹੀਂ ਲਿਆਓ ਮੈਂ ਸਾਲੇ ਦੇ ਗੋਲੀ ਮਾਰਦੈਂ!" ਰੋਂਦਾ ਬਜੁਰਗ ਇਕ ਦਮ ਗੁੱਸੇ ਨਾਲ ਪਾਗਲ ਹੋ ਉਠਿਆ ਸੀ।

-"ਘਾਬਰੋ ਨਾ-ਹੈਂ ਬਈ! ਠੰਢੇ ਮਤੇ ਤੋਂ ਕੰਮ ਲਓ।" ਇੰਦਰ ਨੇ ਬਜੁਰਗ ਨੂੰ ਫੜ ਲਿਆ ਕੇ ਬਿਠਾ ਲਿਆ। ਬਿੱਲੂ "ਮੁਤਰ-ਮੁਤਰ" ਹੁੰਦੇ ਡਰਾਮੇਂ ਵੱਲ ਤੱਕ ਰਿਹਾ ਸੀ।

 

ਜਿੰਨੀ ਜਲਦੀ ਲਾਂਬੂ ਉਠਿਆ ਸੀ। ਸਿਆਣਪ ਨਾਲ ਉਤਨੀ ਜਲਦੀ ਹੀ ਠੰਢਾ ਕਰ ਲਿਆ ਗਿਆ ਸੀ। ਕਾਮਰੇਡਾਂ ਦੀਆਂ "ਪੋਚੇਮਾਰ" ਗੱਲਾਂ ਹਰ ਇਕ ਦੇ ਸੀਨੇਂ ਠੰਢ ਪਾ ਗਈਆਂ ਸਨ। ਬਿੱਲੂ ਨੂੰ ਗਿੱਦੜ ਭਬਕੀਆਂ ਦਾ ਚੋਗਾ ਪਾ ਕੇ ਡਰਾ ਲਿਆ ਸੀ। ਹਰ ਕੌਰ ਨੇ ਨੂੰਹ ਨੂੰ ਬੜੇ ਪਿਆਰ ਨਾਲ ਸਮਝਾਇਆ।

 

-"ਉਸ ਗੱਲ ਦੇ ਆਖਣ ਮਾਂਗੂੰ ਧੀਏ-ਜਿਹੜੀ ਖੇਹ ਖਾਣੀ ਸੀ-ਓਹ ਜਾਣੇਂ ਖਾ ਲਈ-ਹੁਣ ਸਿਆਣਿਆਂ ਦੇ ਆਖਣ ਮਾਂਗੂੰ ਸਿਆਣੀ ਬਣ! ਫੇਰ ਵੀ ਧੀਆਂ ਦੀ ਮਾਂ ਐਂ! ਜੁਆਨੀ 'ਚ ਕੀਤੀਆਂ ਗਲਤੀਆਂ ਕਬੀਲਦਾਰੀ ਕਿਉਂਟਣ ਵੇਲੇ ਕੁੰਡਲੇ ਸੱਪ ਬਣ-ਬਣ ਮੂਹਰੇ ਡਿੱਗਦੀਐਂ! ਸਿਆਣੇ ਕਹਿੰਦੇ ਐ ਝੱਗਾ ਚੱਕੀਏ ਤਾਂ ਆਬਦਾ ਢਿੱਡ ਈ ਨੰਗਾ ਹੁੰਦੈ-

ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਛ ਨ੍ਹੀ ਵਿਗੜਿਆ-ਸਿਆਣੀ ਬਣ! ਖਾ ਪੀ ਐਸ਼ ਕਰ-ਜੁਆਕ ਪਾਲ-ਸਾਡਾ ਬੁੜ੍ਹੇਪਾ ਵੀ ਕਾਹਨੂੰ ਰੋਲਦੀ ਐਂ?" ਹਰ ਕੌਰ ਨੇ ਕੁਲਵਿੰਦਰ ਅੱਗੇ ਇਕ ਤਰ੍ਹਾਂ ਨਾਲ ਹੱਥ ਜੋੜੇ ਸਨ।

 

-"ਆਬਦੀ ਇੱਜਤ ਪੁੱਤ ਆਬਦੇ ਹੱਥ ਹੁੰਦੀ ਐ-ਕਾਹਨੂੰ ਕੁਤੇ-ਕੁਤੇ ਕਰਵਾਉਨੀ ਐਂ?"

ਪਰ ਕੁਲਵਿੰਦਰ ਕਿਸੇ ਥੰਮ੍ਹ ਵਾਂਗ ਬੈਠੀ ਸੁਣ ਰਹੀ ਸੀ। ਇਹਨਾਂ ਗੱਲਾਂ ਦਾ ਉਸ 'ਤੇ ਕੋਈ ਅਸਰ ਸੀ ਜਾਂ ਨਹੀਂ? ਸ਼ਾਇਦ ਉਹਨਾਂ ਵਿਚੋਂ ਕਿਸੇ ਨੂੰ ਵੀ ਪਤਾ ਨਹੀਂ ਸੀ! ਹਰ ਕੌਰ ਦੀਆਂ ਦਿੱਤੀਆਂ ਮੱਤਾਂ ਪਤਾ ਨਹੀਂ ਕਿਸ ਖੱਲ ਖੂੰਜੇ ਵਿਚ ਵੜ ਗਈਆਂ ਸਨ? ਮਾਂ ਦੀ ਧੀ ਨੇ "ਹੂੰ" ਤੱਕ ਵੀ ਨਾ ਕਿਹਾ!

 

ਕੁਲਵਿੰਦਰ ਗੁੰਮ ਸੁੰਮ ਜਿਹੀ ਰਹਿੰਦੀ। ਕਿਸੇ ਨਾਲ ਗੱਲ ਨਾ ਕਰਦੀ। ਬੱਸ! ਚੁੱਪ ਚਾਪ ਆਪਣਾ ਸਰਦਾ ਬਰਦਾ, ਚੱਕਣ ਧਰਨ ਕਰ ਛੱਡਦੀ। ਉਸ ਨੂੰ ਕੋਈ ਕੰਮ ਨੂੰ ਨਾ ਕਹਿੰਦਾ, ਕੋਈ ਘੂਰਦਾ ਨਹੀਂ ਸੀ। ਕੋਈ ਬੁਲਾਉਂਦਾ ਨਹੀਂ ਸੀ। ਘਰ ਦੀ ਹਾਲਤ ਬਹੁਤ ਨਾਜ਼ੁਕ ਦਾਇਰੇ ਵਿਚ ਪਹੁੰਚੀ ਹੋਈ ਸੀ। ਮਾਹੌਲ ਬਹੁਤ ਹੀ ਗੰਭੀਰ ਰਹਿਣ ਲੱਗ ਪਿਆ ਸੀ। ਘਰ ਵਿਚ ਉੱਲੂ ਬੋਲਦੇ ਸੁਣਾਈ ਦਿੰਦੇ ਸਨ। ਹਰ ਇਕ ਦੇ ਮੂੰਹ 'ਤੇ ਮਾਯੂਸੀ, ਕਸੀਸ, ਚੁੱਪ ਅਤੇ ਗੰਭੀਰਤਾ ਸੀ। ਘਰ ਵਿਚ ਬੱਚੀਆਂ ਵੀ ਪਾਗਲਾਂ ਵਾਂਗ ਓਪਰੀਆਂ-ਓਪਰੀਆਂ ਤੱਕਦੀਆਂ ਰਹਿੰਦੀਆਂ। ਜੋ ਕੁਝ ਉਹਨਾਂ ਨੂੰ ਖਾਣ ਨੂੰ ਮਿਲ ਜਾਂਦਾ, ਖਾ ਲੈਂਦੀਆਂ ਸਨ, ਪਰ ਮੂੰਹੋਂ ਉਹਨਾਂ ਦਰਵੇਸ਼ਾਂ ਨੇ ਕਦੇ ਕੁਝ ਨਹੀਂ ਮੰਗਿਆ ਸੀ। ਬੱਸ ਛੋਟੀ ਬੱਚੀ ਹੀ ਕਦੇ ਕਦੇ ਰੋਂਦੀ। ਜਿਸ ਨੂੰ ਕੁਲਵਿੰਦਰ ਅਣ-ਸਰਦੇ ਨੂੰ ਦੁੱਧ ਪਿਆ ਛੱਡਦੀ ਸੀ। ਹੁਣ ਤਾਂ ਛੋਟੀ ਬੱਚੀ ਵੀ ਘੱਟ ਰੋਣ ਲੱਗ ਪਈ ਸੀ, ਜਿਵੇਂ ਉਸ ਮਾਸੂਮ ਨੇ ਵੀ ਹਾਲਾਤਾਂ ਨਾਲ ਸਮਝੌਤਾ ਕਰ ਲਿਆ ਸੀ। ਉਹ ਚੁੱਪ ਚਾਪ ਪੰਘੂੜ੍ਹੇ ਵਿਚ ਪਈ, ਛੱਤ ਵੱਲ ਤੱਕਦੀ ਰਹਿੰਦੀ, ਜਾਂ ਮਾੜਾ ਮੋਟਾ ਰੋ ਕੇ ਚੁੱਪ ਕਰ ਜਾਂਦੀ।

 

ਅਚਾਨਕ ਇਕ ਦਿਨ ਕੁਲਵਿੰਦਰ ਨੂੰ ਦੌਰਾ ਜਿਹਾ ਪਿਆ। ਉਸ ਨੇ ਅਚਾਨਕ ਹੀ ਆਪਣੀ ਗੋਦੀ ਵਾਲੀ ਕੁੜੀ ਨੂੰ ਚਲਾ ਕੇ ਮਾਰਿਆ ਸੀ। ਫਿਰ ਉਹ ਕੰਧਾਂ ਨਾਲ ਖੜ੍ਹੇ ਕੀਤੇ ਹੋਏ ਮੰਜਿਆਂ ਨੂੰ ਫੜ ਫੜ ਕੇ ਸੁੱਟਣ ਲੱਗ ਪਈ। ਪਤਾ ਨਹੀਂ ਉਸ ਨੂੰ ਕੀ ਬਦੀ ਉਠ ਖੜ੍ਹੀ ਸੀ? ਉਸ ਨੇ ਅਚਾਨਕ ਹਰ ਕੌਰ ਵੱਲ ਭੂਕਣਾਂ ਚਲਾਵਾਂ ਮਾਰਿਆ। ਪਰ ਚੰਗੀ ਕਿਸਮਤ ਨਾਲ ਹਰ ਕੌਰ ਵਾਲ ਵਾਲ ਬਚ ਗਈ ਸੀ। ਕੁਲਵਿੰਦਰ ਦੀਆਂ ਅੱਖਾਂ ਵਿਚ ਕਹਿਰ ਅਤੇ ਮੂੰਹ ਲਾਲ ਝਰੰਗ ਸੀ। ਉਹ ਓਪਰਿਆਂ ਵਾਂਗ ਝਾਕ ਰਹੀ ਸੀ। ਫਿਰ ਉਹ ਇਕ ਦਮ ਹਫ਼ ਕੇ ਡਿੱਗ ਪਈ। ਸ਼ਾਇਦ ਦੰਦਲ ਪੈ ਗਈ ਸੀ?

 

ਹਰ ਕੌਰ ਨੇ ਪੂਰਾ ਜੋਰ ਲਾ ਕੇ ਰੌਲਾ ਪਾਇਆ।

ਆਂਢ-ਗੁਆਂਢ ਇਕੱਠਾ ਹੋ ਗਿਆ।

 

ਡਾਕਟਰ ਬੁਲਾਇਆ ਗਿਆ। ਡਾਕਟਰ ਨੇ ਆਪਣੇ ਵੱਲੋਂ ਪੂਰਾ ਜੋਰ ਲਾਇਆ। ਪਰ ਕਹਾਣੀ ਸੈੱਟ ਨਾ ਬੈਠ ਸਕੀ। ਉਸ ਦੇ ਟੀਕਿਆਂ ਦਾ ਕੁਲਵਿੰਦਰ 'ਤੇ ਕੋਈ ਅਸਰ ਨਹੀਂ ਹੋਇਆ ਸੀ। ਕੈਪਸੂਲ ਜਾਂ ਗੋਲੀ ਲੈਣ ਵਾਲੀ ਉਸ ਦੀ ਹਾਲਤ ਨਹੀਂ ਸੀ।

 

ਡਾਕਟਰ ਦਿਨ ਵਿਚ ਕਈ ਵਾਰ ਆਉਂਦਾ। ਪਰ ਉਸ ਦੇ ਕੱਖ ਵੀ ਪੱਲੇ ਨਹੀਂ ਪੈਂਦਾ ਸੀ। ਸਾਰੀਆਂ ਜਾਇਜ਼ ਦੁਆਈਆਂ ਵਰਤ ਕੇ ਉਸ ਨੇ ਦੇਖ ਲਈਆਂ ਸਨ। ਪਰ ਗੱਲ ਕਿਸੇ ਸਿਰੇ ਨਾ ਲੱਗੀ। ਅਖੀਰ ਡਾਕਟਰ ਸਿਰ ਫੇਰ ਗਿਆ।

 

-"ਸਿਆਣੇ ਕਹਿੰਦੇ ਐ-ਕਦੇ ਕਦੇ ਕੰਧਾਂ ਦੀ ਰਾਇ ਲੈਣੀ ਵੀ ਫ਼ਾਇਦੇ 'ਚ ਰਹਿੰਦੀ ਐ!" ਹਰ ਕੌਰ ਨੇ ਸੋਚਿਆ।

-"ਅੰਮਾਂ ਜੀ ਕੀ ਕਰੀਏ? ਕੁਛ ਸਮਝ ਨ੍ਹੀ ਆਉਂਦੀ!" ਥੱਕ ਹਾਰ ਕੇ ਹਰ ਕੌਰ ਨੇ ਬਿਰਧ ਔਰਤ ਨੂੰ ਪੁੱਛਿਆ। ਉਹ ਖਲਾਅ ਵਿਚ ਫੋਕਾ ਫੋਕਾ ਝਾਕ ਰਹੀ ਸੀ।

-"ਨੀ ਹਰ ਕੁਰੇ! ਮੈਂ ਤਾਂ ਡਰਦੀ ਨੀ ਸੀ ਬੋਲਦੀ।" ਉਸ ਨੇ ਨੱਕ ਦੀ ਘੋੜ੍ਹੀ 'ਤੇ ਆਈ ਗਾਂਧੀ ਐਨਕ ਠੀਕ ਕੀਤੀ।

-"ਭੈਣੇ ਕੋਮਨਿਛਟਾਂ ਤੋਂ ਵੀ ਡਰ ਲੱਗਦੈ-ਸੱਚੀ ਗੱਲ ਐ ਭਾਈ! ਇਹ ਤਾਂ ਐਹੋ ਜੀਆਂ ਚੀਜਾਂ ਨੂੰ ਮੰਨਦੇ ਨ੍ਹੀ-ਪਰ ਮੈਨੂੰ ਪੱਕਾ ਪਤੈ ਬਈ ਬਹੂ ਨੂੰ ਲਾਜਮੀਂ ਓਪਰੀ ਕਸਰ ਐ-ਨਾਲੇ ਭੈਣੇਂ ਜਿੰਨ ਭੂਤ ਤਾਂ ਸੋਹਣੀਆਂ ਸੂਰਤਾਂ ਮਗਰ ਵਿਗੜੇ ਹਾਥੀ ਮਾਂਗੂੰ ਪੈਂਦੇ ਐ!"  ਹਰ ਕੌਰ ਦੇ ਗੋਡੇ ਕੰਬੇ। ਉਸ ਨੇ ਵੱਡਾ ਸਾਰਾ "ਹੇ ਬਾਘਰੂ" ਕਿਹਾ।

 

-"ਅਜੇ ਤਾਂ ਗੱਲ ਸ਼ੁਰੂ ਈ ਹੋਈ ਐ-ਕੋਈ ਚਾਰਾ ਕਰਲੈ! ਜੇ ਕੋਈ ਪ੍ਰੇਤ ਹੱਥ ਧੋ ਕੇ ਮਗਰ ਪੈ ਗਿਆ-ਕੋੜਮਾਂ ਤਬਾਹ ਕਰਦੂ!" ਤਾਣੀ ਬੁਣਨ ਵਾਲਿਆਂ ਵਾਂਗ ਬਿਰਧ ਬੁੜ੍ਹੀ ਹਰ ਕੌਰ ਦੇ ਦਿਮਾਗ ਅੰਦਰ ਗੱਲਾਂ ਪਰੋ ਰਹੀ ਸੀ।

ਹਰ ਕੌਰ ਦਾ ਮੱਥਾ ਪਸੀਨੇ ਨਾਲ ਭਿੱਜ ਗਿਆ। ਉਸ ਨੂੰ ਆਪਣਾ ਸਰੀਰ ਝੂਠਾ ਜਿਹਾ ਹੋਇਆ ਜਾਪਦਾ ਸੀ। ਉਹ ਛੱਤ ਹੇਠੋਂ ਟੁੱਟੇ ਸ਼ਤੀਰ ਵਾਂਗ ਡਿੱਗਦੀ ਜਾਪਦੀ ਸੀ। ਦਿਮਾਗ ਸੁੰਨ ਅਤੇ ਕੰਨ "ਟੀਂ-ਟੀਂ" ਕਰ ਰਹੇ ਸਨ।

 

-"ਕੋਈ 'ਲਾਜ ਅੰਮਾਂ ਜੀ?" ਉਸ ਨੇ ਪਿੰਜਰੇ ਵਿਚ ਤਾੜੇ ਪੰਛੀ ਵਾਂਗ ਬਹਾਲੀ ਲਈ ਫਰ ਜਿਹੇ ਮਾਰੇ ਸਨ।

-"ਆਪਣੇ ਗੁਰਦੁਆਰੇ ਜਿਹੜਾ ਗਰੰਥੀ ਐ-ਉਹਨੂੰ ਲੈ ਆਓ! ਉਹਨੇ ਰਾਜੋ ਕੀ ਧੀ ਨੌਂ-ਬਰ-ਨੌਂ ਕਰਤੀ ਸੀ-ਨਾਲੇ ਬਾਹਲਾ ਈ ਬੁਰਾ ਹਾਲ ਸੀ-ਆਪਣੀ ਬਹੂ ਤਾਂ ਅਜੇ ਠੀਕ ਐ।" ਉਸ ਨੇ ਉਦਾਹਰਣ ਦੇ ਕੇ ਗੱਲ ਨੂੰ ਰੰਗ ਚਾੜ੍ਹਿਆ ਸੀ। ਲਗਾਤਾਰ ਬੋਲਦੀ ਉਹ ਮੁੜ੍ਹਕੋ-ਮੁੜ੍ਹਕੀ ਹੋ ਗਈ ਸੀ।  ਸਵਰਨੇ ਨੂੰ ਗੁਰਦੁਆਰੇ ਦੇ ਗਰੰਥੀ ਗੁਰਦਿਆਲ ਸਿੰਘ ਕੋਲ ਭੇਜ ਦਿੱਤਾ।

ਗੁਰਦਿਆਲ ਸਿੰਘ ਬ੍ਰਾਹਮਣ ਜ਼ਾਤੀ ਨਾਲ ਸਬੰਧ ਰੱਖਦਾ ਸੀ। ਗੁਰਦੁਆਰੇ ਪਾਠ ਪੂਜਾ ਕਰਨ ਦੇ ਨਾਲ-ਨਾਲ ਉਹ ਧਾਗੇ ਤਵੀਤ ਦਾ ਕੰਮ ਵੀ ਕਰ ਲੈਂਦਾ ਸੀ। ਗਰੰਥੀ ਗੁਰਦਿਆਲ ਸਿੰਘ ਪਹੁੰਚ ਗਿਆ।

 

ਉਸ ਦੀ ਅੱਧਬੱਗੀ ਦਾਹੜੀ ਹਵਾ ਵਿਚ ਲਹਿਰਾ ਰਹੀ ਸੀ। ਚਿੱਟੇ ਦੁੱਧ ਬਾਣੇਂ ਵਿਚ ਉਹ ਪਰਨ ਗੁਰਸਿੱਖ ਜਾਪ ਰਿਹਾ ਸੀ।

-"ਰੇਤੇ ਨਾਲ ਮਾਂਜ ਸੁਆਰ ਕੇ ਇੱਕ ਪਾਣੀ ਦੀ ਗੜਬੀ ਤੇ ਚੱਪਣ 'ਤੇ ਅੱਗ ਪਾ ਕੇ ਲਿਆਓ ਭਾਈ-ਨਾਲੇ ਥੋੜੀ ਜੀ ਗੁੱਗਲ ਵੀ ਲੈ ਆਇਓ।" ਉਸ ਨੇ ਮਾਲਾ ਫੇਰਦੇ ਨੇ ਕਈ ਹੁਕਮ ਸੁਣਾਏ।

ਲੋੜੀਂਦਾ ਸਮਾਨ ਹੁਕਮ ਅਨੁਸਾਰ ਹਾਜ਼ਰ ਹੋ ਗਿਆ।

 

ਗਰੰਥੀ ਸਾਹਿਬਾਨ ਅਜੇ ਚੱਪਣ ਵਾਲੀ ਅੱਗ 'ਤੇ ਗੁੱਗਲ ਪਾ ਕੇ ਕੁਲਵਿੰਦਰ ਦੇ ਦੁਆਲੇ ਬੈਠਣ ਹੀ ਲੱਗੇ ਸਨ ਕਿ ਕੁਲਵਿੰਦਰ ਦਾ "ਠਾਹ" ਕਰਦਾ ਥੱਪੜ ਗਰੰਥੀ ਦੇ ਮੂੰਹ 'ਤੇ ਆ ਪਿਆ। ਉਸ ਦੀ ਲੋਟਣੀ ਲੱਗ ਗਈ। ਚਿੱਤੜਾਂ ਪਰਨੇ ਪਿਆ ਗੁਰਦਿਆਲ ਸਿੰਘ "ਘੁੱਟਾਂਬਾਟੀ" ਝਾਕ ਰਿਹਾ ਸੀ। ਉਸ ਨੂੰ ਇੰਜ ਮਹਿਸੂਸ ਹੋਇਆ ਕਿ ਜਿਵੇਂ ਉਸ ਦੀਆਂ ਜਾਭਾਂ ਦਾ "ਜੜਾਕਾ" ਪਿਆ ਸੀ। ਧਰਤੀ 'ਤੇ ਪਏ ਗਰੰਥੀ ਨੂੰ "ਭੰਬੂਤਾਰੇ" ਨਜ਼ਰ ਆ ਰਹੇ ਸਨ।

-"ਬਾਘਰੂ-ਬਾਘਰੂ---!"

-"ਬੂਹ ਮੈਂ ਮਰਗੀ---!"

-"ਇਹ ਤਾਂ ਭਾਈ ਕੋਈ ਬਾਹਲੀ ਖਤਰਨਾਕ ਚੀਜ ਐ---!"

-"ਬਾਬੇ ਨੂੰ ਨ੍ਹੀ ਬਖਸਿ਼ਆ---!"

 

ਇਕ ਦਮ ਬੁੜ੍ਹੀਆਂ ਦੀਆਂ ਰੰਗ-ਬੇਰੰਗੀਆਂ ਅਵਾਜ਼ਾਂ ਬਾਬੇ ਦੇ ਕੰਨਾਂ ਵਿਚ ਕੂਕੀਆਂ। ਬਾਬਾ ਅੰਦਰੋਂ ਥਿੜਕ ਗਿਆ ਸੀ। ਚੱਪਣ ਵਿਚੋਂ ਦੂਰ ਡਿੱਗੀ ਅੱਗ ਵਿਚੋਂ ਗੁੱਗਲ ਦਾ ਧੂੰਆਂ ਉਠ ਰਿਹਾ ਸੀ।

 

ਕਣਕ ਖਾ ਕੇ ਆਫ਼ਰੇ ਹੋਏ ਕੱਟੇ ਵਾਂਗ ਬਾਬਾ ਧਰਤੀ 'ਤੇ ਪਿਆ ਹੀ ਧੁਰਲੀਆਂ ਜਿਹੀਆਂ ਮਾਰੀ ਜਾਂਦਾ ਸੀ। ਕਈ ਬੁੜ੍ਹੀਆਂ ਨੇ ਬਾਬੇ ਨੂੰ ਹੋੜਾ ਜਿਹਾ ਪਾ ਕੇ ਖੜ੍ਹਾ ਕੀਤਾ ਸੀ। ਜਿਵੇਂ ਮੌਲੇ ਬਲਦ ਨੂੰ ਪੂਛੋਂ ਫੜ ਕੇ ਉਠਾਈਦੈ! ਪਲਾਹ ਦੇ ਮੁੱਛ ਵਰਗਾ ਬਾਬਾ ਮਸਾਂ ਹੀ ਧਰਤੀ ਤੋਂ ਉਠ ਕੇ ਸੰਭਲਿਆ। ਉਸ ਦੀਆਂ ਮੂੰਗਲੇ ਵਰਗੀਆਂ ਲੱਤਾਂ "ਥਰ-ਥਰ" ਕੰਬ ਰਹੀਆਂ ਸਨ। ਅੰਦਰੋਂ ਪਰਾਲ੍ਹ ਹੋਇਆ ਬਾਬਾ ਬਾਹਰੋਂ "ਵਾਹਿਗੁਰੂ-ਵਾਹਿਗੁਰੂ" ਜਪ ਰਿਹਾ ਸੀ। ਦਿਲ ਵਿਚ ਉਸ ਨੇ ਰੱਬ ਦਾ ਲੱਖ-ਲੱਖ ਸ਼ੁਕਰ ਮਨਾਇਆ ਸੀ, ਜਿਸ ਨੇ ਉਸ ਦੀ ਜਾਨ ਬਖ਼ਸ਼ੀ ਸੀ। ਉਹ ਸਕੂਟਰ ਤੋਂ ਡਰੀ ਵੱਛੀ ਵਾਂਗ ਡਰਿਆ ਜਿਹਾ ਤੱਕ ਰਿਹਾ ਸੀ। ਮਤਾਂ ਕੁਲਵਿੰਦਰ ਵਾੜ ਦਾ ਝਾਫ਼ਾ ਉਸ ਨੂੰ ਫਿਰ ਨਾ ਚਿੰਬੜ ਜਾਵੇ?

 

-"ਇਹ ਭਾਈ ਰੋਗ ਮੇਰੇ ਵੱਸ ਦਾ ਨਹੀਂ-ਇਹਨੂੰ ਕਿਸੇ ਚੰਗੇ ਸਾਧ ਸੰਤ ਨੂੰ ਦਿਖਾਓ-ਹੋਰ ਸਹੁਰੀ ਕਿਸੇ ਦੀ ਜਾਹ ਜਾਂਦੀ ਕਰੂਗੀ।" ਚੱਕਵੇਂ ਪੈਰੀਂ ਜਾਂਦਾ ਉਹ ਤੇਜ਼ੀ ਨਾਲ ਆਖ ਰਿਹਾ ਸੀ। ਮਿੱਟੀ ਗਾਰੇ ਨਾਲ ਲਿੱਬੜੇ ਚੋਲੇ ਵਿਚ ਉਹ ਦੁਸਿਹਰੇ 'ਤੇ ਜਲਾਏ ਰਾਵਣ ਵਰਗਾ ਲੱਗਦਾ ਸੀ।

 

ਬੁੜ੍ਹੀਆਂ ਹੈਰਾਨ, ਸਤੰਭ ਅਤੇ ਡਰੀਆਂ ਹੋਈਆਂ ਇਕ ਦੂਜੀ ਵੱਲ ਝਾਕ ਰਹੀਆਂ ਸਨ। ਪਰ ਕੁਲਵਿੰਦਰ ਦਾ ਮੰਜੇ 'ਤੇ ਪਈ ਦਾ ਢਿੱਡ ਹੱਸੀ ਜਾ ਰਿਹਾ ਸੀ। ਉਹ ਆਪਣੀ ਹੋਈ ਜਿੱਤ 'ਤੇ ਮਨੋਂ ਖੁਸ਼ ਸੀ। ਉਸ ਨੂੰ ਆਪਣਾ ਤੀਰ ਸਿੱਧਾ ਨਿਸ਼ਾਨੇਂ 'ਤੇ ਵੱਜਿਆ ਜਾਪਿਆ ਸੀ। ਇਕ ਹਿੰਡ ਪੁਗਾਉਣ ਖਾਤਰ ਪਤਾ ਨਹੀਂ ਕੀ-ਕੀ ਪਾਪੜ ਵੇਲਣੇ ਪੈਂਦੇ ਹਨ? ਅੱਖਾਂ ਮੀਚੀ ਪਈ ਉਹ ਸੋਚ ਰਹੀ ਸੀ ਅਤੇ ਉਸ ਨੂੰ ਅੰਦਰੋਂ ਹਾਸਾ ਆ ਰਿਹਾ ਸੀ।

 

-"ਮਰਨੀਂ ਮਰ ਜਾਊਂ-ਪਰ ਕਰਮੇਂ ਦੇ ਨ੍ਹੀ ਵਸਣਾ! ਚਾਹੇ ਕੁਛ ਹੋਜੇ! ਵਸੂੰ ਤਾਂ ਬਿੱਲੂ ਦੇ ਈ ਵਸੂੰ!" ਮੰਜੇ 'ਤੇ ਪਈ ਉਹ ਬੜੀ ਸੰਤੁਸ਼ਟੀ ਮਹਿਸੂਸ ਕਰ ਰਹੀ ਸੀ। ਦਿਲੋਂ ਉਹ ਪੂਰੀ ਸ਼ਾਂਤ ਸੀ।

 

-"ਕੁਲਵਿੰਦਰ! ਤੇਰਾ ਕੀ ਦੁਖਦੈ ਪੁੱਤ? ਚਾਹ ਬਣਾ ਕੇ ਦੇਵਾਂ?" ਹਰ ਕੌਰ ਨੇ ਉਸ ਦਾ ਮੱਥਾ ਪੂੰਝ ਕੇ ਬੜੇ ਪਿਆਰ ਨਾਲ ਪੁੱਛਿਆ। ਪਾਸੇ ਖੜ੍ਹੀ ਬੁੜ੍ਹੀਆਂ ਦੀ ਭੀੜ੍ਹ ਉਸ ਵੱਲ ਚਕਾਚੌਂਧ ਤੱਕ ਰਹੀ ਸੀ।

-"ਮੈਨੂੰ ਚਾਹ ਨਹੀਂ-ਜਹਿਰ ਦੇ ਦਿਓ ਜਹਿਰ!" ਉਹ ਕੜਕੀ।

-"ਮੇਰੀ ਮਰੀ ਦਾ ਤਾਂ ਥੋਨੂੰ ਦੁੱਖ ਨ੍ਹੀ ਹੋਣਾ-ਮੈਂ ਤਾਂ ਤੇਰੀਆਂ ਤਿੰਨੇ ਪੋਤੀਆਂ ਲੈ ਕੇ ਕਿਸੇ ਖੂਹ ਖਾਤੇ ਪਊਂ-ਥੋਡੇ ਪੁੜਿਆਂ ਨੂੰ ਸੇਕ ਤਾਂ ਲੱਗੂ?" ਉਹ ਅਜੀਬ-ਅਜੀਬ ਬਚਨ ਸੁਣਾ ਰਹੀ ਸੀ।

-"ਇਹ ਤਾਂ ਭਾਈ ਬਾਹਲੀ ਬਲੀ ਚੀਜ ਐ---!"

-"ਇਹਦਾ ਬੰਦੋਬਸਤ ਕਰੋ--!"

-"ਐਹੋ ਜੀਆਂ ਚੀਜਾਂ ਤਾਂ ਪੀੜ੍ਹੀਏਂ ਪੈ ਜਾਂਦੀਐਂ-ਖਹਿੜ੍ਹਾ ਨ੍ਹੀ ਛੱਡਦੀਆਂ---!"

-"ਹੇ ਮੇਰਿਆ ਮਾਲਕਾ! ਕਾਹਤੋਂ ਭਲਿਆਂ ਲੋਕਾਂ ਨੂੰ ਐਹੋ ਜੀਆਂ ਤਕਲੀਪਾਂ ਦਿੰਨੈਂ--?"

-"ਸੱਚਿਆ ਪਾਛਾਹ ਬਖਸ਼ੀ ਰੱਖੀਂ--!" ਇਕ ਵਾਰ ਫਿਰ ਕਾਵਾਂ ਰੌਲੀ ਜਿਹੀ ਮੱਚ ਗਈ ਸੀ। ਸ਼ਿੰਦੇ ਨੂੰ ਖੇਤੋਂ ਬੁਲਾ ਲਿਆ ਗਿਆ।

 

ਸ਼ਿੰਦਾ ਗਿੱਲ ਹੋਰਾਂ ਵੱਲ ਨੂੰ ਬੱਸ ਚੜ੍ਹ ਗਿਆ। ਸਾਰੀ ਗੱਲ ਜਾ ਕੇ ਦੱਸੀ। ਉਹਨਾਂ ਜੀਪ ਲਈ ਅਤੇ ਚਚਰਾੜੀ ਨੂੰ ਕਾਮਰੇਡ ਭੂੰਡ ਵੱਲ ਨੂੰ ਰਵਾਨਾ ਹੋ ਗਏ। ਅਜਿਹੇ ਗੰਭੀਰ ਸਮੇਂ ਵਿਚ ਉਹਨਾਂ ਲਈ ਭੂੰਡ ਰੱਬ ਬਣ ਕੇ ਬਹੁੜਦਾ ਸੀ। ਸੁਲਝਿਆ ਬੰਦਾ ਬੜੇ ਹੀ ਸਲੀਕੇ ਨਾਲ ਗੱਲਾਂ ਕਰਦਾ ਸੀ।

 

-"ਭੂਤ ਨੂੰ ਤਾਂ ਤਰਕਸ਼ੀਲ ਈ ਲਾਉਣਗੇ ਖੁਰੀਆਂ।" ਗੱਲ ਸੁਣਦਿਆਂ ਸਾਰ ਹੀ ਭੂੰਡ ਨੇ ਕਿਹਾ।

ਭੂੰਡ ਨੇ ਕੋਟਕਪੂਰੇ ਪਹੁੰਚ ਕੇ ਤੁਰੰਤ ਹੀ ਤਰਕਸ਼ੀਲ ਸੁਸਾਇਟੀ ਨਾਲ ਸੰਪਰਕ ਕੀਤਾ। ਤਰਕਸ਼ੀਲ ਸੁਸਾਇਟੀ ਨੇ ਭੂੰਡ ਦੀ ਗੱਲ ਬੜੇ ਹੀ ਟਿਕਾਅ ਨਾਲ ਸੁਣੀ ਸੀ। ਤਰਕਸ਼ੀਲ ਸੁਸਾਇਟੀ ਨੇ ਕੁਝ ਸ਼ਰਤਾਂ ਰੱਖੀਆਂ, ਜੋ ਉਸ ਨੇ ਬੜੇ ਹੀ ਸੰਖੇਪ ਲਹਿਜੇ ਵਿਚ ਮਨਜੂਰ ਕਰ ਲਈਆਂ। ਡੁੱਬਦੇ ਲਈ ਤਾਂ ਤਿਣਕੇ ਦਾ ਸਹਾਰਾ ਵੀ ਬੜਾ ਜ਼ਰੂਰੀ ਸੀ।

ਤਰਕਸ਼ੀਲ ਸੁਸਾਇਟੀ ਵਾਲੇ ਸ਼ਿੰਦੇ ਦੇ ਪਿੰਡ ਪਹੁੰਚੇ।

ਪਿੰਡ ਵਿਚ ਗੱਲ ਜੰਗਲ ਦੀ ਅੱਗ ਵਾਂਗ ਫੈਲ ਗਈ।

 

-"ਉਏ ਆਪਣੇ ਪਿੰਡ ਭੂਤਾਂ ਕੱਢਣ ਆਲੇ ਕਾਮਰੇਡ ਆਏ ਵੇ ਐ---!" ਗੱਲ ਹਰ ਗਲੀ ਨਿਉਂਦਾ ਦੇਣ ਵਾਲੀ ਮਰਾਸਣ ਵਾਂਗ ਫਿਰ ਗਈ ਸੀ।

-"ਪਤੰਦਰ, ਮਾਂਦਰੀ ਕਹਿੰਦੇ ਬੜੇ ਐ ਬਈ!"

-"ਇਹ ਨਿਤਾਰਦੇ ਐ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ!"

-"ਹੁਣ ਇਹ ਪਾਉਣਗੇ ਮੋਛੇ!"

-"ਅੱਗੇ ਗੁਰਦਿਆਲ ਸਿਉਂ ਦੇ ਮੋਛੇ ਤਾਂ ਪੈ ਗਏ-ਹੁਣ ਇਹਨਾਂ ਦੇ ਨਾ ਪਾਦੇ?"

-"ਉਹਦੇ 'ਚ ਤਾਂ ਪਾਤੇ ਮਿੱਤਰਾ ਚਿੱਬ!"

ਸਾਰਾ ਪਿੰਡ ਭਾਂਤ-ਭਾਂਤ ਦੀਆਂ ਗੱਲਾਂ ਕਰ ਰਿਹਾ ਸੀ।

ਮਡੀਹਰ ਕਰਮੇਂ ਕੇ ਘਰ ਅੱਗੇ ਇਕੱਠੀ ਹੋਣੀ ਸ਼ੁਰੂ ਹੋ ਗਈ।

ਤਮਾਸ਼ਬੀਨ ਜੀਭਾਂ ਕੱਢਦੇ, ਅੱਖਾਂ ਦੇ ਇਸ਼ਾਰਿਆਂ ਨਾਲ ਹੀ ਗੱਲਾਂ ਕਰਦੇ ਸਨ। ਲੰਡੀ ਬੁੱਚੀ ਚਾਂਭਲੀ ਪਈ ਸੀ। ਨ੍ਹੇਰੀ ਛੂਟ ਵੱਟੀ ਨੰਬਰਦਾਰ ਦੇ ਘਰ ਨੂੰ ਭੱਜਿਆ ਜਾ ਰਿਹਾ ਸੀ।

 

-"ਉਏ ਤਾਇਆ! ਉਏ ਤਾਇਆ--!" ਉਹ ਹੌਂਕਦਾ ਬੋਲ ਰਿਹਾ ਸੀ।

-"ਸਾਲਿਆ ਕੁੱਤਿਆਂ ਦਿਆ! ਮੈਂ ਤੇਰਾ ਤਾਇਆ ਕਿਮੇਂ ਲੱਗਿਆ ਉਏ? ਚਾਚਾ ਆਖ! ਸਾਲਾ ਚੰਗਾ ਭਲਾ ਚਾਚਾ ਕਹਿੰਦਾ ਕਹਿੰਦਾ ਵਿਚ ਦੀ ਤਾਇਆ ਆਖ ਜਾਂਦੈ-ਮੈਂ ਤੇਰੇ ਪਿਉ ਤੋਂ ਪੂਰੇ ਦੋ ਸਾਲ ਛੋਟੈਂ!" ਨੰਬਰਦਾਰ ਨੇ ਸੁਣਾਈ ਕੀਤੀ। ਖ਼ਬਰਦਾਰ ਕੀਤਾ। ਉਸ ਨੂੰ "ਤਾਇਆ" ਲਫ਼ਜ਼ ਵਿਹੁ ਵਰਗਾ ਲੱਗਦਾ ਸੀ।

-"ਜਦੋਂ ਤੀਮੀਂ ਭਾਈ ਜੀ ਆਖ ਕੇ ਘੁੰਡ ਕੱਢਲੇ-ਬੰਦੇ ਦਾ ਤਾਂ ਮਰਨ ਹੋ ਜਾਂਦੈ---!" ਉਹ ਮਡੀਹਰ ਵਿਚ ਖੜ੍ਹਕੇ ਆਮ ਆਖਿਆ ਕਰਦਾ ਸੀ।

-"ਹਾਂ, ਦੱਸ ਕੀ ਗੱਲ ਐ?"

-"ਚਾਚਾ-ਕਰਮੇਂ ਕੇ ਘਰੇ ਤਾਂ ਕਾਮਰੇਟ ਈ ਬਲਾ 'ਕੱਠੇ ਹੋਏ ਵੇ ਐ---!" ਉਹ ਹੈਰਾਨੀ ਵਿਚ ਦੱਸ ਰਿਹਾ ਸੀ। ਉਸ ਦਾ ਮੂੰਹ 'ਪ੍ਰਸ਼ਨ-ਚਿੰਨ੍ਹ' ਵਰਗਾ ਬਣਿਆਂ ਹੋਇਆ ਸੀ। ਨੰਬਰਦਾਰ ਹੱਸ ਪਿਆ।

 

-"ਉਏ ਭਤੀਜ! ਇਹ ਤਾਂ ਬਿਚਾਰੇ ਬਾਰ ਦੇ ਦੀਵੇ ਐ-ਜਦੋਂ ਹਵਾ ਆਈ ਬੁਝ ਜਾਣਗੇ-ਅੱਤਬਾਦੀ ਇਹਨਾਂ 'ਤੇ ਔਖੇ ਐ-ਪੁਲਸ ਇਹਨਾਂ 'ਤੇ ਦੰਦੀਆਂ ਭਰਦੀ ਐ-ਬੱਕਰੇ ਦੀ ਮਾਂ ਕਦੋਂ ਤੱਕ ਸੁੱਖ ਮਨਾਊ---?" ਪਾਣੀ ਛਿੜਕ ਕੇ ਨੰਬਰਦਾਰ ਨੇ ਨ੍ਹੇਰੀ ਨੂੰ ਠੰਢਾ ਕੀਤਾ। ਇਕ ਵਾਰ ਕਾਮਰੇਡਾਂ ਤੋਂ ਕੁੱਟ ਖਾ ਕੇ ਨ੍ਹੇਰੀ ਸ਼ੱਕੀ ਹੋ ਗਿਆ ਸੀ।

ਖ਼ੈਰ! ਤਰਕਸ਼ੀਲ ਸੁਸਾਇਟੀ ਨੇ ਕੁਲਵਿੰਦਰ ਨੂੰ ਅਰਧ-ਨੀਂਦ ਵਿਚ ਲਿਆ ਕੇ ਇਲਾਜ਼ ਕਰ ਦਿੱਤਾ। ਉਹ ਟੱਲੀ ਵਰਗੀ ਹੋ ਗਈ। ਉਸ ਨੂੰ ਅੱਗੇ ਤੋਂ ਅਜਿਹੀ ਹਰਕਤ ਨਾ ਕਰਨ ਲਈ ਵਾਰਨਿੰਗ ਦਿੱਤੀ ਸੀ, ਜੋ ਕੁਲਵਿੰਦਰ ਨੇ ਖਿੜੇ ਮੱਥੇ ਪ੍ਰਵਾਨ ਕਰ ਲਈ ਸੀ। ਘਰਦਿਆਂ ਨੂੰ ਵੀ ਦੋ ਚਾਰ ਸਖ਼ਤ ਹਦਾਇਤਾਂ ਦੇ ਕੇ ਉਹ ਬਿਨਾ ਕੁਝ ਲਏ, ਚਲੇ ਗਏ ਸਨ।

ਸਾਰਾ ਪਿੰਡ ਹੈਰਾਨ ਸੀ।

ਲੰਡੀ ਬੁੱਚੀ ਦੇ ਮੂੰਹ ਨੂੰ ਤਾਲੇ ਵੱਜ ਗਏ ਸਨ।

 

-"ਆਹ ਤਾਂ ਕਦੇ ਸੁਣਿਆਂ ਨੀ ਸੀ ਬਈ--!"

-"ਸਾਲੀ ਕਮਾਲ ਈ ਹੋਗੀ--?"

-"ਮੈਂ ਕਹਿੰਨੈਂ ਹੱਦ ਈ ਕਰਤੀ ਪਤੰਦਰਾਂ ਨੇ--!"  ਪਿੰਡ ਵਿਚ ਗੱਲਾਂ ਚੱਲ ਰਹੀਆਂ ਸਨ।

-"ਭਾਈ ਅਗਲਿਆਂ ਦੀਆਂ ਬਾਹਰਲੇ ਮੁਲਖਾਂ 'ਚ ਭੜ੍ਹਾਈਆਂ ਕੀਤੀਆਂ ਵੀਐਂ-ਕੋਈ ਖੇਡ ਦੀ ਗੱਲ ਤਾਂ ਨਹੀਂ--?" ਚੇਤੂ ਬੁੜ੍ਹਾ ਕਾਟੂ ਮਜਬੀ ਨੂੰ ਦੱਸ ਰਿਹਾ ਸੀ।

-"'ਲਾਜ ਵੀ ਕਹਿੰਦੇ ਜੱਥੇਦਾਰਾ ਕੰਪੂਟਰ ਨਾਲ ਕਰਦੇ ਐ!"

-"ਹਲਾ--?"

-"ਕੰਪੂਟਰ ਨਾਲ ਪ੍ਰੇਤ ਕਿੱਥੇ ਭੱਜਦੇ ਐ-ਐਮੇਂ ਮਗਜ ਮਾਰੀ ਜਾਨੇ ਓਂ--!" ਕਿਸੇ ਨੂੰ ਗੱਲ ਮੇਚ ਨਹੀਂ ਆਈ ਸੀ।

-"ਕੰਪੂਟਰ ਮੂਹਰੇ ਖੜ੍ਹਦੇ ਵੀ ਕਦੋਂ ਐਂ--?" ਕੋਈ ਹੋਰ ਬੋਲਿਆ।

-"ਤੈਨੂੰ ਬੈਂਗਣ ਦਾ ਪਤੈ?"

-"ਤੂੰ---ਫੜਨੈਂ?"

-"ਲੈ ਤੂੰ ਪੱਟ ਲੈ ਜਿਹੜੇ ਮੇਰੇ---ਪੱਟਣੇਂ ਐਂ!" ਉਹ ਭੂਸਰ ਗਿਆ ਸੀ।

-"ਪੱਗ ਦੇਖ ਸਾਲੇ ਨੇ ਕਿਮੇਂ ਬੰਨ੍ਹੀ ਐਂ, ਜਿਮੇਂ---'ਤੇ ਲੀਰ ਲਵ੍ਹੇਟੀ ਹੁੰਦੀ ਐ!"

-"ਨਾ ਬਈ ਟੈਟੋ ਲੜੋ ਨਾ--!" ਚੌਂਕੀਦਾਰ ਵਿਚਾਲੇ ਹੋ ਗਿਆ ਸੀ। ਮੁੰਡੇ ਦਬ ਗਏ। ਲੜਾਈ ਟਲ ਗਈ।

-"ਥੋਨੂੰ ਲੋਕਾਂ ਨੂੰ ਬੀਹਵੀਂ ਸਦੀ 'ਚ ਜਾ ਕੇ ਵੀ ਅਕਲ ਨਹੀਂ ਆਉਣੀ।" ਕੈਪਟਨ ਗੁਰਚਰਨ ਸਿੰਘ ਨੇ ਆ ਕੇ ਕਿਹਾ, "ਗੱਲ ਕਿਸੇ ਦੀ ਬਾਤ ਕਿਸੇ ਦੀ ਤੇ ਬੂਝੜ ਜੱਟ ਐਮੇਂ ਸਿੰਗ ਪਸਾਉਣ ਨੂੰ ਤਿਆਰ ਰਹਿੰਦੇ ਐ!"  ਮਡੀਹਰ ਦਾ ਮੇਲਾ ਵਿਛੜ ਗਿਆ।

 

ਕੁਲਵਿੰਦਰ ਸਕੀਮਾਂ ਲੜਾ ਲੜਾ ਕੇ ਥੱਕ ਗਈ ਸੀ। ਕਿਉਂਕਿ ਸਭ ਤੋਂ ਵੱਡਾ ਭੂਤ ਵਾਲਾ 'ਹਥਿਆਰ' ਤਾਂ ਉਸ ਨੇ ਵਰਤ ਕੇ ਦੇਖ ਲਿਆ ਸੀ, ਜੋ ਤਰਕਸ਼ੀਲ ਸੁਸਾਇਟੀ ਅੱਗੇ ਖੁੰਢਾ ਸਾਬਤ ਹੋਇਆ ਸੀ। ਉਹ ਮੱਚ ਕੇ ਕੋਲੇ ਹੋਈ ਅੰਦਰੇ ਅੰਦਰ ਹੀ ਧੁਖਦੀ ਰਹਿੰਦੀ ਸੀ। ਉਸ ਦਾ ਦਿਲ ਸਿਰਫ਼ ਇਕ ਹਿੰਡ 'ਤੇ ਹੀ ਅੜਿਆ ਹੋਇਆ ਸੀ ਕਿ ਜਿ਼ੰਦਗੀ ਬਸਰ ਕਰਨੀ ਹੈ ਤਾਂ ਸਿਰਫ਼ ਬਿੱਲੂ ਨਾਲ, ਨਹੀਂ ਕੁਝ ਖਾ ਕੇ ਮਰ ਜਾਣਾ ਹੈ! ਔਰਤ ਦੀ ਭੈੜ੍ਹੀ ਹਿੰਡ ਅਤੇ ਦਰਿਆਵਾਂ ਦੇ ਵਹਾਅ ਕਦੇ ਠੱਲ੍ਹਦੇ ਨਹੀਂ!

 

ਅਖੀਰ ਉਸ ਨੇ ਇਕ ਸਕੀਮ ਸੋਚੀ ਕਿ ਸੱਸ ਹਰ ਕੌਰ ਦਾ ਵਿਸ਼ਵਾਸ ਜਿੱਤਿਆ ਜਾਵੇ ਅਤੇ ਬਾਹਰ ਤੋਰਾ-ਫੇਰਾ ਵਧਾਇਆ ਜਾਵੇ। ਕੁੱਤੇ ਲੋਕ ਤਾਂ ਉਸ ਦੀ ਜੁੱਤੀ ਦੇ ਯਾਦ ਨਹੀਂ ਸਨ। ਜਿਹਨਾਂ ਨੇ ਚਾਰ ਦਿਨ ਭੌਂਕ ਕੇ ਹਟ ਜਾਣਾ ਸੀ।

ਖ਼ੈਰ! ਹੌਲੀ ਹੌਲੀ ਉਸ ਨੇ ਆਪਣੇ ਆਪ ਨੂੰ ਮਾਹੌਲ ਅਨੁਸਾਰ ਢਾਲਣਾ ਸ਼ੁਰੂ ਕਰ ਦਿੱਤਾ। ਦਿਨ ਵਿਚ ਉਹ ਇਕ-ਦੋ ਵਾਰ ਹਰ ਕੌਰ ਨੂੰ ਜ਼ਰੂਰ ਪੁੱਛ ਲੈਂਦੀ।

-"ਬੇਬੇ ਜੀ ਚਾਹ ਬਣਾ ਕੇ ਦਿਆਂ?"

 

ਹਰ ਕੌਰ ਨੂੰ ਲੋੜ ਹੁੰਦੀ ਤਾਂ ਚਾਹ ਬਣਵਾ ਲੈਂਦੀ, ਨਾ ਲੋੜ ਹੁੰਦੀ ਤਾਂ ਚਾਰ ਅਸੀਸਾਂ ਦੇ ਕੇ 'ਨਾਂਹ' ਕਰ ਦਿੰਦੀ। ਪਰ ਅੰਦਰੋਂ ਹਰ ਕੌਰ ਕਾਫ਼ੀ ਸੰਤੁਸ਼ਟ ਹੋ ਗਈ ਸੀ ਕਿ ਪ੍ਰਮਾਤਮਾ ਦੀ ਕ੍ਰਿਪਾ ਸਦਕਾ ਉਸ ਦੀ ਨੂੰਹ ਸਿੱਧੀ ਲੀਹ 'ਤੇ ਆ ਗਈ ਸੀ। ਪਰ ਕਦੇ ਕਦੇ ਉਸ ਨੂੰ ਅੰਦਰੋਂ ਡਰ ਘੁਣ ਵਾਂਗ ਖਾਣ ਲੱਗ ਜਾਂਦਾ, "ਬਦਕਾਰ ਰੰਨ ਤੇ ਬੇਲਗਾਮ ਘੋੜਾ ਕਦੇ ਸੁਧਰਦੇ ਨਹੀਂ-ਦਾਅ ਲੱਗੇ ਤੋਂ ਫ਼ੇਟ ਮਾਰ ਈ ਜਾਂਦੇ ਐ-ਦੁੱਧ ਤੇ ਬੁੱਧ ਫਟਦੀ ਦਾ ਪਤਾ ਨਹੀਂ ਲੱਗਦਾ।" ਸਿਆਣਿਆਂ ਦੇ ਕਹੇ ਬੋਲ ਉਸ ਅੰਦਰ ਖੌਰੂ ਪਾਉਂਦੇ ਰਹਿੰਦੇ। ਪਰ ਉਹ ਆਪਣਾ ਵਹਿਮ ਸਮਝ ਕੇ ਹੀ ਆਵੇਸਲਾ ਕਰ ਛੱਡਦੀ। ਉਹ ਤਾਂ ਰੱਬ ਆਸਰੇ ਜਿਉਣ ਵਾਲੀ ਔਰਤ ਸੀ।

 

-"ਚੱਲ ਐਵੈਂ ਵਾਧੂ ਵਹਿਮ ਨਾ ਕਰਿਆ ਕਰ!" ਹਰ ਕੌਰ ਆਪਣੇ ਆਪ ਨੂੰ ਆਖ ਕੇ ਹੀ ਦਿਲ ਨੂੰ ਆਸਰਾ ਦੇਈ ਰੱਖਦੀ ਸੀ।

ਕਾਫ਼ੀ ਦਿਨ ਬੀਤ ਗਏ ਸਨ। ਘਰ ਦਾ ਮਾਹੌਲ ਜਾਣੋਂ ਫਿਰ ਸਾਅਵਾਂ ਜਿਹਾ ਹੋ ਗਿਆ ਸੀ। ਕਰਮ ਸਿੰਘ ਨੇ ਲੁਧਿਆਣੇਂ ਆਪਣਾ ਕੰਮ ਫਿਰ ਸਾਂਭ ਲਿਆ ਸੀ। ਸਾਰੀ ਗੱਲ ਆਈ ਗਈ ਹੋ ਚੁੱਕੀ ਸੀ। ਹੁਣ ਤਾਂ ਹਰ ਕੌਰ ਵੀ ਆਂਢ-ਗੁਆਂਢ ਦੀਆਂ ਬੁੜ੍ਹੀਆਂ ਕੋਲ ਆਉਣ ਜਾਣ ਲੱਗ ਪਈ ਸੀ। ਬੀਤੇ ਮਨਹੂਸ ਦਿਨ ਹੁਣ ਯਾਦਾਂ ਬਣ ਕੇ ਹੀ ਰਹਿ ਗਏ ਸਨ। ਇਕ ਤਰ੍ਹਾਂ ਨਾਲ ਅਭੁੱਲ ਯਾਦਾਂ! ਹੁਣ ਤਾਂ ਕੁਲਵਿੰਦਰ ਵੀ ਬਾਹਰਲੇ ਘਰੇ ਲੱਗੇ ਤੰਦੂਰ ਤੋਂ ਇਕੱਲੀ ਹੀ ਰੋਟੀਆਂ ਲਾਹ ਕੇ ਲਿਆਉਣ ਲੱਗ ਪਈ ਸੀ। ਨਹੀਂ ਤਾਂ ਪਹਿਲਾਂ ਸੱਸ ਉਸ ਦੇ ਮਗਰ ਪ੍ਰਛਾਂਵੇਂ ਵਾਂਗ ਰਹਿੰਦੀ ਸੀ। ਬਿੱਲੂ ਦਾ ਵਿਆਹ ਪੱਕਾ ਹੋ ਗਿਆ।

 

ਕੁਲਵਿੰਦਰ ਦੇ ਪੇਟ ਵਿਚ ਜਿਵੇਂ ਛੁਰੀ ਵੱਜੀ ਸੀ। ਉਸ ਅੰਦਰਲੀ ਔਰਤ ਬਿਲਕ ਉਠੀ ਸੀ। ਖਰੀਂਢ ਆਏ ਜ਼ਖ਼ਮ ਇਕ ਵਾਰ ਫਿਰ ਉੱਚੜ ਕੇ ਰਿਸਣ ਲੱਗ ਪਏ ਸਨ। ਉਸ ਦੀਆਂ ਅੱਖਾਂ ਅੱਗੇ ਹਨ੍ਹੇਰ ਪਸਰ ਗਿਆ ਸੀ। ਉਸ ਨੇ ਫ਼ਟਣ ਲੱਗੀ ਛਾਤੀ ਹੱਥ ਰੱਖ ਕੇ ਬੋਚ ਲਈ ਸੀ। ਅਚਾਨਕ ਖ਼ਬਰ ਸੁਣ ਕੇ ਉਹ ਸੁੰਨ ਹੀ ਤਾਂ ਹੋ ਗਈ ਸੀ।

 

ਅਸਲ ਵਿਚ ਕੁੜੀ ਦੇ ਪਿਉ ਨੇ ਮੁੰਡੇ ਦੇ ਪਿਉ ਨਾਲ ਗੱਲ ਕਰਕੇ ਵਿਚੋਲੇ ਵਿਚੋਂ ਹੀ ਕੱਢ ਦਿੱਤੇ ਸਨ। ਗੱਲ ਸਿੱਧੀ ਹੀ ਹੋ ਗਈ ਸੀ। ਕੁੜੀ ਦੇ ਮਾਮੇਂ ਨੇ ਵਿਚਲੀ ਜ਼ਿੰਮੇਵਾਰੀ ਓਟੀ ਸੀ।

 

-"ਸਰਦਾਰਾ! ਵਿਚੋਲੇ ਤਾਂ ਚਾਰ ਦਿਨਾਂ ਦੀ ਚਾਂਦਨੀ ਹੁੰਦੇ ਐ-ਵਰਤਣਾ ਤਾਂ ਮੁੜਕੇ ਆਪਾਂ ਈ ਐ-ਕਾਹਨੂੰ ਐਵੇਂ ਯੱਭ 'ਚ ਪਏ ਫਿਰਦੇ ਐਂ-ਦਾਤੇ ਦੀ ਕ੍ਰਿਪਾ ਨਾਲ ਕਾਰਜ ਸਿਰੇ ਲਾ ਕੇ ਸੁਰਖਰੂ ਹੋਈਏ!" ਕੁੜੀ ਦੇ ਪਿਉ ਨੇ ਬਿੱਲੂ ਦੇ ਬਾਪੂ ਨੂੰ ਆਖਿਆ ਸੀ।

ਗੱਲ ਬਿੱਲੂ ਦੇ ਬਾਪੂ ਦੇ ਪੂਰੀ ਮੇਚ ਆਈ ਸੀ।

-"ਇਹਦਾ ਸਹੁਰੇ ਦਾ ਫਾਹਾ ਵੱਢ ਕੇ ਪਰ੍ਹਾਂ ਕਰੀਏ-ਹੋਰ ਨਾ ਕਿਤੇ ਹਲਕਿਆ ਵਿਆ ਕੋਈ ਚੂਹੜ੍ਹੀ ਚਮਿਆਰੀ ਈ ਕੱਢ ਲਿਆਵੇ?" ਬਿੱਲੂ ਦੇ ਬਾਪੂ ਨੇ ਮਨ ਅੰਦਰ ਹੀ ਸੋਚਿਆ ਸੀ।

ਖ਼ੈਰ! ਸਾਰੀ ਸਹਿਮਤੀ ਹੋ ਗਈ। ਦਿਨ ਬੰਨ੍ਹ ਲਿਆ ਗਿਆ ਸੀ।

 

ਕੁਲਵਿੰਦਰ ਨੇ ਕੂਕਿਆਂ ਦੇ ਕਾਕੂ ਕੋਲੇ ਬਿੱਲੂ ਨੂੰ ਕਈ ਸੁਨੇਹੇਂ ਭੇਜੇ। ਪਰ ਬਿੱਲੂ ਨਾ ਬਹੁੜਿਆ। ਕੁਲਵਿੰਦਰ ਥੱਕ ਗਈ ਸੀ, ਹਾਰ ਗਈ ਸੀ। ਇਕ ਤਰ੍ਹਾਂ ਨਾਲ ਬੇਹੇ ਪਾਣੀ ਵਿਚ ਹੀ ਬੈਠ ਗਈ ਸੀ। ਉਸ ਦਾ ਜਿਉਣਾ ਧਿਰਗ ਹੋ ਗਿਆ ਸੀ। ਪਰ ਖੋਟੇ ਪੈਸੇ ਨੂੰ ਉਹ ਫਿਰ ਚਲਾ ਕੇ ਦੇਖਣਾ ਚਾਹੁੰਦੀ ਸੀ।

 

ਉਸ ਨੇ ਮੁੰਡੇ ਕੋਲ ਫਿਰ ਸੁਨੇਹਾਂ ਭੇਜਿਆ। ਪਰ ਅੱਗਿਓਂ ਬਿੱਲੂ ਜਿੰਨ ਵਾਂਗ ਟੱਪਿਆ ਸੀ।

-"ਉਸ ਚਗਲ ਤੀਮੀਂ ਨੂੰ ਆਖ ਦੇਈਂ ਜਾ ਕੇ-ਬਈ ਮੈਨੂੰ ਮੁੜ ਕੇ ਸੁਨੇਹਾਂ ਨਾ ਭੇਜੇ! ਜਦੋਂ ਮੇਰਾ ਉਹਦੇ ਨਾਲ ਲੈਣ ਦੇਣ ਈ ਕੁਛ ਨ੍ਹੀ-ਫਿਰ ਕਿਉਂ ਬਾਧੂ ਹੱਫ਼ੀ ਬਣਦੀ ਐ? ਜੁਆਨੀ 'ਚ ਤਾਂ ਮੁੰਡੇ ਬੀਹ ਘਤਿੱਤਾਂ ਕਰਦੇ ਐ-ਜੇ ਮੈਂ ਦੋ ਚਾਰ ਆਰੀ ਵਰਤ ਲਈ ਤਾਂ ਹੁਣ ਮੇਰੇ 'ਤੇ ਚਾਦਰ ਤਾਂ ਨ੍ਹੀ ਪਾਉਣੀਂ?"

 

ਕੁਲਵਿੰਦਰ ਦਾ ਜਿਵੇਂ ਸਿਰ ਕਲਮ ਹੋ ਗਿਆ! ਸੁਨੇਹਾਂ ਸਿਰ ਵਿਚ ਬੰਬ ਵਾਂਗ ਫ਼ਟਿਆ ਸੀ। ਉਸ ਨੂੰ ਆਪਣਾ ਆਪ ਧਰਤੀ ਵਿਚ ਨਿੱਘਰਦਾ ਪ੍ਰਤੀਤ ਹੋਇਆ। ਉਹ ਹਯਾ ਨਾਲ ਰੱਤੀ ਹੋ ਗਈ ਸੀ। ਜਿਵੇਂ ਉਹ ਸਾਰੀ ਦੁਨੀਆਂ ਸਾਹਮਣੇਂ ਅਲਫ਼ ਨੰਗੀ ਖੜ੍ਹੀ ਸੀ ਅਤੇ ਬਿੱਲੂ ਉਸ 'ਤੇ ਟਾਹਰਾਂ ਮਾਰ ਮਾਰ ਕੇ ਹੱਸ ਰਿਹਾ ਸੀ। ਉਸ ਨੇ ਸੋਚਿਆ ਕਿ ਬਿੱਲੂ ਨੂੰ ਹੁਣ ਨਵੇਂ ਵਿਆਹ ਦਾ, ਨਵੀਂ ਰੰਨ ਦਾ, ਨਵੇਂ ਸਰੀਰ ਦਾ ਚਾਅ ਚੜ੍ਹ ਗਿਆ ਸੀ। ਉਹ ਪਾਟ ਕੇ ਜਿਵੇਂ ਦੋਫ਼ਾੜ ਹੋ ਗਈ ਸੀ। ਐਤਵਾਰ ਦਾ ਦਿਨ ਸੀ।

 

ਸੁਬਾਹ ਦਾ ਹੀ ਮੌਕਾ ਸੀ। ਹਰ ਕੌਰ ਨੂੰ ਉਸ ਨੇ ਦੂਜੀ ਵਾਰ ਦੀ ਚਾਹ ਵੀ ਪਿਆ ਦਿੱਤੀ ਸੀ। ਸ਼ਿੰਦਾ ਮਾਸਟਰ ਭਗਵੰਤ ਸਿੰਘ ਦਾ ਘਰ ਪੁਆਉਣ ਗਿਆ ਹੋਇਆ ਸੀ। ਕਰਮਾਂ ਲੁਧਿਆਣੇਂ ਸੀ। ਸਵਰਨਾ ਖੇਤ ਨੂੰ ਗਿਆ ਹੋਇਆ ਸੀ।

-"ਬੇਬੇ ਜੀ ਮੈਂ ਤੰਦੂਰ ਤੋਂ ਚਾਰ ਕੁ ਹਾਜਰੀਆਂ ਰੋਟੀਆਂ ਲਾਹ ਲਿਆਵਾਂ।" ਉਹ ਛੋਟੀ ਜੁਆਕੜੀ ਅਤੇ ਆਟਾ ਚੁੱਕੀ, ਬਾਹਰਲੇ ਘਰੇ ਤੰਦੂਰ ਤੋਂ ਰੋਟੀਆਂ ਲਾਹੁੰਣ ਜਾਣ ਲਈ ਤਿਆਰ ਖੜ੍ਹੀ ਸੀ।

-"ਲਾਹ ਲਿਆ ਡੱਡੇ! ਪਰ ਜੁਆਕੜੀਆਂ ਨੂੰ ਤਾਂ ਛੱਡ ਜਾਹ-ਤੈਨੂੰ ਤੰਗ ਕਰਨਗੀਆਂ-ਨਾਲੇ ਵੱਡੀ ਦਾ ਤਾਂ ਸਕੂਲ ਦਾ ਵੀ ਟੈਮ ਹੋਇਆ ਪਿਐ।" ਹਰ ਕੌਰ ਬੋਲੀ। ਉਸ ਦੀ ਸੱਜੀ ਅੱਖ ਸਵੇਰ ਦੀ ਫਰਕੀ ਜਾ ਰਹੀ ਸੀ। ਡਰ ਨਾਲ ਪਸੀਜੀ ਉਹ ਘੇਸਲ ਜਿਹੀ ਮਾਰੀ ਬੈਠੀ ਸੀ।

-"ਬੱਸ ਬੇਬੇ ਜੀ ਮੈਂ ਹੁਣੇਂ ਈ ਮੁੜ ਆਈ-ਥੋਡੀ ਤਾਂ ਇਹ ਖੱਲ ਖਾ ਜਾਣਗੀਆਂ-ਨਾਲੇ ਅੱਜ ਐਤਵਾਰ ਐ-ਛੁੱਟੀ ਐ ਇਹਨਾਂ ਨੂੰ।"

-"-----।" ਬੇਬੇ ਚੁੱਪ ਕਰ ਗਈ।

 

ਬਾਹਰਲੇ ਘਰੇ ਜਾ ਕੇ ਕੁਲਵਿੰਦਰ ਨੇ ਦਿਖਾਵੇ ਜਿਹੇ ਲਈ ਤੰਦੂਰ ਬਾਲਿਆ। ਸੀਖਣੀਆਂ ਦੀ ਲਾਟ ਉਚੀ ਉਠੀ। ਧੂੰਆਂ ਰੋਲ ਹੋ ਗਿਆ।

ਉਸ ਨੇ ਬਾਹਰਲਾ ਦਰਵਾਜਾ ਬੰਦ ਕਰ ਦਿੱਤਾ।

ਕੁੜੀਆਂ ਨੂੰ ਧੂੰਏਂ ਕਾਰਨ ਹੱਥੂ ਆ ਗਿਆ। ਉਹ ਬੁਰੀ ਤਰ੍ਹਾਂ ਖੰਘ ਰਹੀਆਂ ਸਨ।

ਕੁਲਵਿੰਦਰ ਅੰਦਰੋਂ ਬਾਂਸ ਵਾਂਗ ਪਾਟ ਰਹੀ ਸੀ। ਉਸ ਦੇ ਸਬਰ ਦਾ ਪਹਾੜ ਹਿੱਲ ਗਿਆ ਸੀ। ਕਰੋਧ ਨਾਲ ਸੜੀ ਉਹ ਪਾਗਲਾਂ ਵਾਂਗ ਅੰਦਰ ਬਾਹਰ ਹੋ ਰਹੀ ਸੀ। ਉਹ ਇਸ ਖੁਦਗਰਜ਼ ਜਹਾਨ ਵਿਚ ਜਿਉਣਾ ਨਹੀਂ ਚਾਹੁੰਦੀ ਸੀ। ਬਿੱਲੂ ਦੇ ਕੀਤੇ ਵਾਅਦੇ ਉਸ ਨੂੰ ਬੇਹੂਦੇ ਜਾਪ ਰਹੇ ਸਨ। ਪਤਾ ਨਹੀਂ ਕੀ ਕੀ ਉਸ ਦੀਆਂ ਅੱਖਾਂ ਅੱਗੋਂ ਦੀ ਗੁਜ਼ਰ ਗਿਆ ਸੀ?

 

ਅਚਾਨਕ ਉਸ ਦੀ ਨਜ਼ਰ ਬੈਠਕ ਵਿਚ ਪਈ ਇਕ ਪੀਪੀ 'ਤੇ ਪਈ। ਜਿਸ 'ਤੇ "ਕੁਇੱਕਫ਼ਾਸ" ਮੋਟਾ ਕਰਕੇ ਲਿਖਿਆ ਹੋਇਆ ਸੀ ਅਤੇ ਹੱਡੀ-ਖੋਪੜੀ ਦੇ ਹੇਠ 'ਡੇਂਜਰ' ਛਪਿਆ ਹੋਇਆ ਸੀ।

ਉਸ ਨੇ ਕੁਇੱਕਫ਼ਾਸ ਦੀ ਪੀਪੀ ਵਿਚੋਂ ਲੱਪ ਸਾਰੀਆਂ ਗੋਲੀਆਂ ਕੱਢ ਕੇ ਪਾਣੀ ਵਿਚ ਘੋਲ ਲਈਆਂ। ਤੰਦੂਰ ਕੋਲੇ ਖੜ੍ਹੀਆਂ ਕੁੜੀਆਂ ਨੂੰ ਬਾਹੋਂ ਫੜ ਖਿੱਚ ਕੇ ਅੰਦਰ ਲੈ ਗਈ।

 

-"ਲੈ ਪੁੱਤ ਦੁਆਈ ਪੀ--!" ਉਸ ਨੇ ਗਿਲਾਸ ਅੱਗੇ ਕੀਤਾ।

-"ਮੈਂ ਤਾਂ ਨ੍ਹੀ ਪੀਣੀਂ-ਕੌੜੀ ਹੋਊ।" ਮਾਸੂਮ ਬੱਚੀ ਦੇ ਕਲੀਆਂ ਵਰਗੇ ਬੁੱਲ੍ਹ ਹਿੱਲੇ ਸਨ। ਉਹ ਮੋਢੇ ਮਾਰ ਰਹੀ ਸੀ।

-"ਪੀ ਲੈ ਪੁੱਤ! ਖੰਘ ਹਟਜੂ।"

-"-----।" ਕੁੜੀ ਨੇ ਮੂੰਹ ਨਾਲ "ਟਿੱਚ" ਕੀਤਾ। ਪਰ ਮੂੰਹੋਂ ਨਾ ਬੋਲੀ।

-"ਪੀਲਾ ਨਹੀਂ ਮਾਰਦੂੰ--!" ਉਸ ਨੇ ਬਘਿਆੜ੍ਹੀ ਵਾਂਗ ਕਹਿਰ ਭਰੀਆਂ ਅੱਖਾਂ ਕੱਢੀਆਂ।

ਕੁੜੀ ਨੂੰ ਮਾਂ ਕੋਲੋਂ ਡਰ ਆਇਆ ਅਤੇ ਉਹ ਚਿੱਘੀ ਲਾ ਕੇ ਪੀ ਗਈ। ਉਸ ਨੂੰ ਅਵੱਤ ਜਿਹੇ ਆਏ, ਪਰ ਦੁਆਈ ਅੰਦਰ ਲੰਘ ਚੁੱਕੀ ਸੀ। ਇਸੇ ਤਰ੍ਹਾਂ ਹੀ ਉਸ ਨੇ ਵਿਚਾਲੜੀ ਕੁੜੀ ਨਾਲ ਕੀਤਾ। ਛੋਟੀ ਕੁੜੀ ਦਾ ਨੱਕ ਘੁੱਟ ਕੇ ਉਸ ਨੇ ਜ਼ਬਰਦਸਤੀ ਦੋ ਚਮਚੇ ਉਸ ਦੇ ਅੰਦਰ ਵੀ ਲੰਘਾ ਦਿੱਤੇ। ਕੁੜੀਆਂ ਤੜਪਣ ਲੱਗ ਪਈਆਂ। ਅੰਦਰ ਗਈ ਜ਼ਹਿਰ ਨੇ ਕੁੜੀਆਂ ਦੇ ਦਿਲ ਪਾੜਨੇ ਸ਼ੁਰੂ ਕਰ ਦਿੱਤੇ। ਜੁਆਕਾਂ ਦੀਆਂ ਚੀਕਾਂ ਨੇ ਕੰਧਾਂ ਚੀਰਨੀਆਂ ਸ਼ੁਰੂ ਕਰ ਦਿੱਤੀਆਂ।

 

-"ਮਾਂ ਮੈਂ ਮਰਜੂੰਗੀ-ਮੈਨੂੰ ਬਚਾ ਲੈ--!"

-"ਮਾਂ ਮੈਂ ਮਰਜੂੰਗੀ-ਮੈਨੂੰ ਬਚਾ ਲੈ--!" ਕੁੜੀਆਂ ਦੇ ਆਖਰੀ ਤਰਲੇ ਜਿਵੇਂ ਸੇਹ ਦੇ ਤੱਕਲੇ ਬਣ ਬਣ ਦਿਲ ਵਿਚ ਖੁੱਭ ਰਹੇ ਸਨ। ਹੈਵਾਨ ਬਣੀਂ ਕੁਲਵਿੰਦਰ ਨੇ ਆਖਰ ਤਸੱਲੀ ਕਰਕੇ ਇਕ ਗਿਲਾਸ ਆਪਣੇ ਅੰਦਰ ਸੁੱਟ ਲਿਆ।

ਰੋਂਦੀਆਂ ਕੁੜੀਆਂ ਨੂੰ ਗੁਆਂਢੀਆਂ ਦੀ ਕੁੜੀ 'ਨਿੱਕੀ' ਨੇ ਕੋਠੇ ਤੋਂ ਤੱਕਿਆ।

ਉਸ ਨੇ ਹਾਲ ਦੁਹਾਈ ਮਚਾ ਦਿੱਤੀ।

 

ਪਿੰਡ ਇਕੱਠਾ ਹੋ ਗਿਆ। ਗੁਆਂਢੀ ਮੁੰਡੇ ਕੰਧਾਂ ਟੱਪ ਕੇ ਅੰਦਰ ਆ ਗਏ। ਕਿਸੇ ਨੇ ਬਾਹਰਲੇ ਘਰ ਦਾ ਦਰਵਾਜਾ ਭੰਨ ਲਿਆ ਸੀ। ਘਮਸਾਨ ਮੱਚਿਆ ਹੋਇਆ ਸੀ। ਹਰ ਇਕ ਦੀ ਜੁਬਾਨ ਤਾਲੂਏ ਲੱਗ ਗਈ ਸੀ।

ਹਰ ਕੌਰ ਦੇਖ ਕੇ ਫੁੜਕ ਗਈ। ਉਸ ਦਾ ਕਲਪਤ ਡਰ ਸੱਚ ਵਿਚ ਬਦਲ ਗਿਆ ਸੀ।

 

-"ਅਸੀਂ ਮਰਜਾਂਗੀਆਂ-ਸਾਨੂੰ ਬਚਾਲੋ---!" ਕੁਲਵਿੰਦਰ ਦੀ ਵੱਡੀ ਕੁੜੀ ਦਰਦ ਨਾਲ ਧਰਤੀ 'ਤੇ ਪਈ ਲਿਟੀ ਜਾ ਰਹੀ ਸੀ, "ਸਾਨੂੰ ਸਾਡੀ ਮਾਂ ਨੇ ਦੁਆਈ ਪਿਆਈ ਐ--!" ਉਸ ਦੀ ਅਵਾਜ਼ ਮੱਠੀ ਪੈਂਦੀ ਜਾ ਰਹੀ ਸੀ। ਅੱਖਾਂ ਪੱਥਰ ਹੁੰਦੀਆਂ ਜਾ ਰਹੀਆਂ ਸਨ। ਸਰੀਰ ਨਿਢਾਲ ਪੈਂਦੇ ਜਾ ਰਹੇ ਸਨ। ਅੱਤਿ-ਕਹਿਰ ਦਾ ਸਮਾਂ ਸੀ। ਚਾਰ ਜੀਅ ਧਰਤੀ 'ਤੇ ਪਏ ਸੁੰਡੀ ਵਾਂਗ ਤੜਪ ਰਹੇ ਸਨ। ਕੁਲਵਿੰਦਰ ਧਰਤੀ 'ਤੇ ਪਈ ਅੱਡੀਆਂ ਰਗੜ ਰਹੀ ਸੀ। ਕੁੜੀਆਂ ਸ਼ਾਇਦ ਪੂਰੀਆਂ ਹੋ ਚੁੱਕੀਆਂ ਸਨ ਜਾਂ ਬੇਹੋਸ਼ ਹੋ ਗਈਆਂ ਸਨ? ਉਹਨਾਂ ਦੇ ਬੁੱਲ੍ਹ ਨੀਲੇ ਅਤੇ ਅੱਖਾਂ ਅੱਧੀਆਂ ਬੰਦ ਸਨ। ਹਰ ਕੌਰ ਭੁੰਜੇ ਬੈਠੀ ਆਪਣੀ ਛਾਤੀ ਪਿੱਟ ਰਹੀ ਸੀ, ਬੇਹਾਲ ਹੋਈ ਕੀਰਨੇ ਪਾ ਰਹੀ ਸੀ।

ਸਵਰਨਾਂ ਸ਼ਿੰਦੇ ਵੱਲ ਭੱਜ ਗਿਆ ਸੀ।

 

ਸਾਰਾ ਪਿੰਡ ਗੁੰਮ ਹੋਇਆ ਖੜ੍ਹਾ ਸੀ। ਕਿਸੇ ਨੂੰ ਕੋਈ ਹੋਸ਼ ਨਹੀਂ ਸੀ। ਡਾਕਟਰ ਬੁਲਾਉਣ ਬਾਰੇ ਕਿਸੇ ਨੂੰ ਸੁੱਝਿਆ ਹੀ ਨਹੀਂ ਸੀ---!!

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com