WWW 5abi.com  ਸ਼ਬਦ ਭਾਲ

ਭਾਗ
7

ਜ਼ਿੰਦਗੀ ਦੇ ਸਫਰ ਚੋਂ
ਸਤਨਾਮ ਸਿੰਘ ਚਾਹਲ, ਕੈਲੇਫੋਰਨੀਆ


 ਤਿਹਾੜ ਜੇਲ ਵਿਚੋਂ ਰਿਹਾਈ ਤੋਂ ਬਾਅਦ ਜਦ ਅਸੀਂ ਕਪੂਰਥਲਾ ਪਹੁੰਚੇ

ਸਤਨਾਮ ਸਿੰਘ ਚਾਹਲ

ਜਿਸ ਤਰਾਂ ਪਹਿਲਾਂ ਦਸਿਆ ਗਿਆ ਸੀ ਕਿ ਸ੍ਰੋਮਣੀ ਅਕਾਲੀ ਦਲ ਨੇ ਕੇਂਦਰ ਸਰਕਾਰ ਵਿਰੁਧ ਲਗਾਇਆ ਗਿਆ ਮੋਰਚਾ ਹਿੰਦ- ਪਾਕਿ ਲੜਾਈ ਦੇ ਸ਼ੁਰੂ ਹੋਣ ਕਾਰਣ ਬਗੈਰ ਕੋਈ ਪਰਾਪਤੀ ਕੀਤੇ ਬਿਨਾਂ ਵਾਪਸ ਲੈ ਲਿਆ। ਅਕਾਲੀ ਲੀਡਰਸ਼ਿਪ ਇਸ ਮੋਰਚੇ ਨੂੰ ਵਾਪਸ ਲੈਣ ਦੇ ਵਿਸ਼ੇ ਤੋਂ ਦੋ ਹਿੱਸਿਆ ਵਿਚ ਵੰਡੀ ਗਈ ਸੀ। ਅਕਾਲੀ ਦਲ ਦਾ ਇਕ ਹਿੱਸਾ ਚਾਹੁੰਦਾ ਸੀ ਕਿ ਜੇਕਰ ਸਰਕਾਰ ਦੇਸ਼ ਦੇ ਵਡੇਰੇ ਹਿਤਾਂ ਨੂੰ ਮੁਖ ਰਖਕੇ ਅਕਾਲੀ ਦਲ ਦੀਆਂ ਜਾਇਜ ਮੰਗਾਂ ਮੰਨਣ ਲਈ ਵੀ ਤਿਆਰ ਨਹੀਂ ਹੈ ਤਾਂ ਸਰਕਾਰ ਅਕਾਲੀਆਂ ਨੂੰ ਕਿਉਂ ਦੇਸ਼ ਦੇ ਹਿਤਾਂ ਦਾ ਵਾਸਤਾ ਪਾ ਕੇ ਮੋਰਚਾ ਵਾਪਸ ਲੈਣ ਲਈ ਅਪੀਲਾਂ ਕਰ ਰਹੀ ਹੈ।

ਖੈਰ, ਅਕਾਲੀਆ ਦੀ ਬਹੁਸੰਮਤੀ ਦੀ ਲੀਡਰਸ਼ਿਪ ਨੇ ਫੈਸਲਾ ਕਰਕੇ ਸਰਕਾਰ ਵਿਰੁਧ ਆਪਣਾ ਇਹ ਮੋਰਚਾ ਵਾਪਸ ਲੈ ਲਿਆ ਜਿਸ ਅਨੁਸਾਰ ਵਖ ਵਖ ਥਾਵਾਂ ਤੇ ਨਜਰਬੰਦ ਅਕਾਲੀ ਲੀਡਰਾਂ ਨੂੰ ਰਿਹਾ ਕਰ ਦਿਤਾ ਗਿਆ। ਆਪੋ ਆਪਣੀ ਰਿਹਾਈ ਹੋਣ ਤੋਂ ਬਾਅਦ ਅਕਾਲੀ ਦਲ ਦੇ ਆਗੂਆ ਨੇ ਆਪੋ ਆਪਣੇ ਘਰਾਂ ਨੂੰ ਵਖ ਵਖ ਸਾਧਨਾਂ ਰਾਹੀਂ ਜਾਣਾ ਸ਼ੂਰੂ ਕਰ ਦਿਤਾ। ਬਹੁਤ ਸਾਰੇ ਜਿਲਾ ਹੈਡਕੁਆਟਰਾਂ ਉਪਰ ਅਕਾਲੀ ਦਲ ਦੇ ਜਿਲਾ ਯੂਨਿਟਾਂ ਨੇ ਜੇਲ ਵਿਚੋਂ ਰਿਹਾ ਹੋ ਕੇ ਆਉਣ ਵਾਲੇ ਆਗੂਆਂ ਦੇ ਸਵਾਗਤ ਲਈ ਸਨਮਾਨ ਸਮਾਗਮ ਰਖੇ ਹੋਏ ਸਨ। ਜਿਸ ਤਹਿਤ ਸਾਡੇ ਜਥੇ ਦੇ ਰਿਹਾ ਹੋ ਕੇ ਆਉਣ ਵਾਲੇ ਆਗੂਆਂ ਦਾ ਸਵਾਗਤ ਕਰਨ ਲਈ ਅਕਾਲੀ ਆਗੂ ਕਪੂਰਥਲਾ ਦੇ ਰੇਲਵੇ ਸ਼ਟੇਸ਼ਨ ਉਪਰ ਪਹੁੰਚੇ ਹੋਏ ਸਨ। ਕਪੂਰਥਲਾ ਰੇਲਵੇ ਸ਼ਟੇਸ਼ਨ ਉਪਰ ਗਡੀ ਵਿਚੋਂ ਉਤਰਦੇ ਸਾਰ ਹੀ ਸਾਨੂੰ ਲੈਣ ਆਏ ਅਕਾਲੀ ਲੀਡਰਾਂ ਨੇ ਜੋਰ ਜੋਰ ਦੇ ਨਾਹਰੇ ਲਗਾ ਕੇ ਅਸਮਾਨ ਸਿਰ ਤੇ ਚੁਕ ਲਿਆ। ਸਾਨੂੰ ਲੈਣ ਆਏ ਅਕਾਲੀ ਆਗੂ ਹੋਰ ਨਾਹਰਿਆਂ ਦੇ ਨਾਮ ਨਾਲ ਬਾਬੂ ਆਤਮਾ ਸਿੰਘ ਜਿੰਦਾਬਾਦ ਦੇ ਨਾਹਰੇ ਵੀ ਵਾਰ ਵਾਰ ਲਾ ਰਹੇ ਸਨ। ਮੈਨੂੰ ਇਸ ਗਲ ਦਾ ਚੰਗੀ ਤਰਾਂ ਪਤਾ ਸੀ ਕਿ ਸ: ਆਤਮਾ ਸਿੰਘ ਨੂੰ ਬਾਬੂ ਸ਼ਬਦ ਤੋਂ ਬਹੁਤ ਚਿੜ ਸੀ। ਇਸ ਲਈ ਸ: ਆਤਮਾ ਸਿੰਘ ਉਹਨਾਂ ਬਾਰੇ ਇਹੋ ਜਿਹੇ ਨਾਹਰਿਆਂ ਤੋਂ ਖੁਸ਼ ਦਿਖਾਈ ਨਹੀਂ ਦੇ ਰਹੇ ਸਨ। ਅਜਿਹਾ ਹੀ ਸਾਡੇ ਨਾਲ ਨਵੀਂ ਦਿੱਲੀ ਨੂੰ ਰੇਲ ਗੱਡੀ ਰਾਹੀਂ ਗਰਿਫਤਾਰੀ ਦੇਣ ਜਾਂਦੇ ਸਮੇਂ ਲੁਧਿਆਣਾ ਰੇਲਵੇ ਸ਼ਟੇਸ਼ਨ ਤੇ ਹੋਇਆ ਸੀ ਜਦੋਂ ਲੁਧਿਆਣਾ ਰੇਲਵੇ ਸਟੇਸ਼ਨ ਤੇ ਸਾਡੀ ਗੱਡੀ ਪਹੁੰਚਦਿਆਂ ਸਾਰ ਹੀ ਹੋਰ ਨਾਹਰਿਆਂ ਦੇ ਨਾਲ ਨਾਲ ਊਥੇ ਪਹੁੰਚੇ ਅਕਾਲੀ ਆਗੂਆਂ ਨੇ ਬਾਬੂ ਆਤਮਾ ਸਿੰਘ ਜਿੰਦਾਬਾਦ ਦੇ ਨਾਹਰਿਆਂ ਨਾਲ ਅਸਮਾਨ ਗੂੰਜਾ ਕੇ ਰਖ ਦਿਤਾ ਸੀ।

ਮੈਨੂੰ ਆਪ ਇਸ ਗਲ ਦਾ ਪਤਾ ਨਹੀਂ ਸੀ ਕਿ ਲੋਕ ਸ: ਆਤਮਾ ਸਿੰਘ ਨੂੰ ਬਾਬੂ ਆਤਮਾ ਸਿੰਘ ਕਿਉਂ ਕਹਿੰਦੇ ਹਨ। ਜਦ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸਾਡੀ ਗੱਡੀ ਨਵੀਂ ਦਿੱਲੀ ਲਈ ਚੱਲੀ ਤਾਂ ਸ: ਆਤਮਾ ਸਿੰਘ ਮੈਂਨੂੰ ਕਹਿਣ ਲਗੇ ਕਿ ਇਹ ਸਾਡੇ ਲੋਕ ਵੀ ਕਿਹੋ ਜਿਹੇ ਹਨ ਮੈਨੂੰ ਚੰਗੇ ਭਲੇ ਸਰਦਾਰ ਨੂੰ ਬਾਬੂ ਬਣਾਉਣੋ ਨਹੀਂ ਹਟਦੇ। ਜਦ ਮੈਂ ਸ: ਆਤਮਾ ਸਿੰਘ ਨੂੰ ਪੁਛਿਆ ਕਿ ਲੋਕ ਤੁਹਾਨੂੰ ਬਾਬੂ ਆਤਮਾ ਸਿੰਘ ਕਿਉਂ ਕਹਿੰਦੇ ਹਨ ਤਾਂ ਉਹਨਾਂ ਨੇ ਮੈਨੂੰ ਦਸਿਆ ਕਿ ਉਹ ਕਿਸੇ ਵਕਤ ਨਨਕਾਣਾ ਸਾਹਿਬ ਗੁਰੂਦੁਆਰੇ ਵਿਚ ਇਕ ਕਲਰਕ ਵਜੋਂ ਕੰਮ ਕਰਿਆ ਕਰਦੇ ਸਨ ਇਸ ਲਈ ਉਸ ਵਕਤ ਲੋਕ ਕਈ ਵਾਰ ਅਜਿਹਾ ਕੰਮ ਕਾਰ ਜਾਂ ਨੌਕਰੀ ਕਰਨ ਵਾਲੇ ਆਦਮੀ ਨੂੰ ਬਾਬੂ ਕਹਿ ਦਿਆ ਕਰਦੇ ਸਨ ਇਸ ਲਈ ਮੇਰਾ ਨਾਮ ਵੀ ਲੋਕਾਂ ਨੇ ਬਾਬੂ ਹੀ ਰੱਖ ਲਿਆ ਜਿਹੜਾ ਲੋਕ ਅਜੇ ਤਕ ਮੇਰਾ ਇਹ ਨਾਮ ਭੁਲਣ ਦਾ ਨਾਮ ਹੀ ਨਹੀਂ ਲੈਂਦੇ। ਉਹਨਾਂ ਨੇ ਮੈਨੂੰ ਕਿਹਾ ਕਿ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਮੈਂ ਚੰਗਾ ਭਲਾ ਸਰਦਾਰ ਹਾਂ ਤੇ ਮੇਰੇ ਨਾਮ ਨਾਲ ਮੈਨੂੰ ਬਾਬੂ ਕਹਿ ਕੇ ਬੁਲਾਉਣਾ ਚੰਗਾ ਨਹੀਂ ਲਗਦਾ। ਗਲਾਂ ਹੀ ਗਲਾਂ ਵਿਚ ਉਹ ਮੈਨੂੰ ਸਮਝਾ ਰਹੇ ਸਨ ਕਿ ਮੈਂ ਇਸ ਰੁਝਾਨ ਨੂੰ ਰੋਕਣ ਲਈ ਅਗਲੇ ਸ਼ਟੇਸ਼ਨਾਂ ਤੇ ਕੁਝ ਕਰਾਂ। ਇਸ ਕਾਰਣ ਮੈਨੂੰ ਕਪੂਰਥਲਾ ਦੇ ਸ਼ਟੇਸ਼ਨ ਉਪਰ ਅਕਾਲੀ ਵਰਕਰਾਂ ਵਲੋਂ ਬਾਬੂ ਆਤਮਾ ਸਿੰਘ ਜਿੰਦਾਬਾਦ ਦੇ ਨਾਹਰਿਆਂ ਬਾਰੇ ਸ: ਆਤਮਾ ਸਿੰਘ ਦੀ ਪ੍ਰਤੀਕਿਰਆ ਦਾ ਪੂਰਾ ਪੂਰਾ ਪਤਾ ਸੀ।

ਉਥੋਂ ਸਾਨੂੰ ਇਕ ਕਾਫਲੇ ਦੇ ਰੂਪ ਵਿਚ ਸਟੇਟ ਗੁਰੁਦੁਆਰਾ ਕਪੂਰਥਲਾ ਵਿਖੇ ਲਿਆਂਦਾ ਗਿਆ ਜਿਥੇ ਜਿਲਾ ਅਕਾਲੀ ਜਥੇ ਨੇ ਇਕ ਵਿਸ਼ੇਸ਼ ਸਨਮਾਨ ਸਮਾਗਮ ਰਖਿਆ ਹੋਇਆ ਸੀ। ਜਿਸ ਵਿਚ ਦੂਰ ਦੁਰਾਡੇ ਥਾਵਾਂ ਤੋਂ ਲੋਕ ਪਹੁੰਚੇ ਹੋਏ ਸਨ। ਸਮਾਗਮ ਦਾ ਆਰੰਭ ਹੋਇਆ। ਹਰ ਬੋਲਣ ਵਾਲੇ ਆਗੂ ਨੇ ਜਿੱਥੇ ਕੇਂਦਰ ਸਰਕਾਰ ਵਲੋਂ ਸਿੱਖਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਦਾ ਜਿਕਰ ਕੀਤਾ ਉਥੇ ਅਕਾਲੀ ਦਲ ਦੇ ਸਰਕਾਰ ਵਿਰੁਧ ਆਰੰਭ ਕੀਤੇ ਗਏ ਮੋਰਚੇ ਨੂੰ ਵਾਪਸ ਲੈਣ ਦੇ ਫੈਸਲੇ ਨੂੰ ਦੇਸ਼ ਭਗਤੀ ਵਾਲਾ ਫੈਸਲਾ ਦਸਿਆ। ਮੇਰੀ ਜਿੰਦਗੀ ਦਾ ਇਹ ਪਹਿਲਾ ਮੌਕਾ ਸੀ ਜਦੋਂ ਮੈਂ ਲੋਕਾਂ ਦੇ ਸਾਹਮਣੇ ਖੜੇ ਹੋ ਕੇ ਕੋਈ ਗਲ ਕਰਨ ਦੀ ਹਿੰਮਤ ਕਰ ਸਕਿਆ ਸਾਂ। ਇਸ ਤੋਂ ਪਹਿਲਾਂ ਤਿਹਾੜ ਜੇਲ ਵਿਚ ਬਹੁਤ ਸਾਰੇ ਅਕਾਲੀ ਲੀਡਰਾਂ ਨੇ ਮੇਰੇ ਵਿਚ ਕੰਮ ਕਰਨ ਦੀ ਲਗਨ ਨੂੰ ਦੇਖਦੇ ਹੋਏ ਇਸ ਗਲ ਦੇ ਯਤਨ ਕੀਤੇ ਸਨ ਕਿ ਮੈ ਸਟੇਜ ਉਪਰ ਬੋਲਣਾ ਜਰੂਰ ਸਿੱਖਾਂ ਪਰ ਹਰ ਮੌਕੇ ਮੈਂ ਲੋਕਾਂ ਸਾਹਮਣੇ ਬੋਲਣ ਲਈ ਆਪਣੀ ਹਿੰਮਤ ਜੁਟਾ ਸਕਣ ਵਿਚ ਅਸਫਲ ਹੀ ਹੁੰਦਾ ਰਿਹਾ। ਇਸ ਲਈ ਸਟੇਟ ਗੁਰੂਦੁਆਰਾ ਕਪੂਰਥਲਾ ਵਿਖੇ ਹੋਏ ਇਸ ਸਮਾਗਮ ਵਿਚ ਮੇਰੇ ਸਭ ਤੋਂ ਛੋਟੀ ਉਮਰ ਦਾ ਹੋਣ ਕਰਕੇ ਮੈਨੂੰ ਹੋਰ ਉਤਸ਼ਾਹਿਤ ਕਰਨ ਲਈ ਅਕਾਲੀ ਲੀਡਰਾਂ ਨੇ ਮੈਨੂੰ ਸਟੇਜ ਤੇ ਖੜਾ ਕਰ ਹੀ ਦਿਤਾ। ਪਰ ਜਿਹੜਾਂ ਤਜਰਬਾ ਉਸ ਵਕਤ ਮੈਨੂੰ ਇਥੇ ਲੋਕਾਂ ਸਾਹਮਣੇ ਬੋਲਣ ਦਾ ਹੋਇਆ ਉਹ ਮੈਂ ਕਦੇ ਵੀ ਭੁਲ ਨਹੀਂ ਸਕਦਾ। ਮੇਰੀਆਂ ਲੱਤਾਂ ਉਸ ਵਕਤ ਕੰਬ ਰਹੀਆਂ ਸਨ ਤੇ ਮੈਨੰ ਇਸ ਤਰਾਂ ਮਹਿਸੂਸ ਹੋ ਰਿਹਾ ਸੀ ਕਿ ਮੈਂ ਕਿਸੇ ਵੀ ਵਕਤ ਡਿਗ ਪਵਾਂਗਾ। ਖੈਰ ਕੁਝ ਗਿਣਵੇਂ ਮਿਣਵੇਂ ਸ਼ਬਦ ਬੋਲਣ ਕਾਰਣ ਮੇਰੀ ਕਮਜੋਰੀ ਹੋਣ ਦੇ ਬਾਵਜੂਦ ਵੀ ਅਕਾਲੀ ਵਰਕਰਾਂ ਨੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਮੇਰੇ ਵਲੋਂ ਕਹੀਆ ਗਲਾਂ ਦਾ ਸਵਾਗਤ ਕੀਤਾ। ਜਿਸ ਨਾਲ ਮੇਰਾ ਹੌਂਸਲਾ ਹੋਰ ਵੀ ਬੁਲੰਦ ਹੋ ਗਿਆ । ਜਦ ਅਸੀਂ ਜੇਲ ਤੋਂ ਬਾਹਰ ਰਹਿਣ ਵਾਲੇ ਅਕਾਲੀ ਆਗੂਆਂ ਕੋਲ ਇਸ ਗਲ ਦਾ ਰੋਸ ਕੀਤਾ ਕਿ ਘਟੋ ਘਟ ਉਹਨਾਂ ਨੂੰ ਜੇਲ ਵਿਚ ਸਾਡੀਆਂ ਜਰੂਰੀ ਲੋੜਾਂ ਲਈ ਕੁਝ ਨਾ ਕੁਝ ਪੈਸੇ ਜਰੂਰ ਭੇਜਣੇ ਚਾਹੀਦੇ ਸਨ ਤਾਂ ਸਾਨੂੰ ਦਸਿਆ ਗਿਆ ਕਿ ਉਹਨਾਂ ਨੇ ਜਿਲੇ ਦੇ ਇਕ ਸ਼੍ਰੋਮਣੀ ਗੁਰੂਦੁਆਰਾ ਪਰਬੰਧਕ ਕਮੇਟੀ ਦੇ ਇਕ ਮੈਂਬਰ ਪਾਸ ਸਾਡੀਆਂ ਲੋੜਾਂ ਪੂਰੀਆਂ ਕਰਨ ਲਈ ਪੈਸੇ ਇਕਤਰ ਕਰਕੇ ਭੇਜੇ ਸਨ ਤਾਂ ਸਾਡੀ ਹੈਰਾਨਗੀ ਦੀ ਕੋਈ ਹਦ ਨਹੀਂ ਰਹੀ ਕਿਉਂਕਿ ਉਸ ਮੈਂਬਰ ਨੇ ਕਦੇ ਵੀ ਸਾਡੇ ਨਾਲ ਇਸ ਗਲ ਦਾ ਜਿਕਰ ਤਕ ਨਹੀਂ ਸੀ ਕੀਤਾ। ਖੈਰ ਬਾਅਦ ਵਿਚ ਇਸ ਮਾਮਲੇ ਨੇ ਬਹੁਤ ਤੂਲ ਫੜਿਆ ਜਿਸ ਕਾਰਣ ਅਕਾਲੀਆਂ ਹਲਕਿਆਂ ਵਿਚ ਇਸ ਸ਼੍ਰੋਮਣੀ ਗੁਰੂਦੁਆਰਾ ਪਰਬੰਧਕ ਕਮੇਟੀ ਦੇ ਇਸ ਮੈਂਬਰ ਦੇ ਇਹਨਾਂ ਪੈਸਿਆਂ ਬਾਰੇ ਸਾਡੇ ਕੋਲੋਂ ਛੁਪਾ ਕੇ ਰਖਣ ਦੀ ਗਲ ਦੇ ਚਰਚੇ ਕਾਫੀ ਲੰਬੇ ਸਮੇਂ ਤਕ ਹੁੰਦੇ ਰਹੇ।

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com