WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 

ਧਾਰਾ

  ਸਾਡਾ ਮਨੋਰਥ
  ਹੋਰ ਪੰਜਾਬੀ ਸੰਪਰਕ
  ਮਾਨਵ ਚੇਤਨਾ
  ਕਲਾ/ਕਲਾਕਾਰ
  ਅਨੰਦ ਕਰਮਨ
  ਵਿਅੱਕਤੀਗਤ ਨਾਮ
  ਇਤਿਹਾਸ
  ਫਿਲਮੀ ਸੰਸਾਰ
  ਖੇਡਾਂ
  ਪੁਸਤਕਾਂ
  ਗਿਆਨ ਵਿਗਿਆਨ

  ਆਮ ਜਾਣਕਾਰੀ

  ਕਹਾਣੀ
  ਕਾਵਿਤਾ
  ਸਾਨੂੰ ਲਿਖੋ
 

ਚਹਿਲ :

ਜੱਟਾਂ ਦਾ ਇਤਿਹਾਸ: ਹੁਸ਼ਿਆਰ ਸਿੰਘ ਦੁਲੇਹ

ਚਹਿਲ : ਕੁਝ ਇਤਿਹਾਸਕਾਰਾਂ ਅਨੁਸਾਰ ਚਹਿਲ, ਅਜਮੇਰ ਤੇ ਹਿਸਾਰ ਦੇ ਗੜ੍ਹ ਦਰੇੜੇ ਵਾਲੇ ਚੌਹਾਨਾਂ ਦੀ ਇੱਕ ਸ਼ਾਖ ਹੈ। ਇਹ ਪੰਜਾਬ ਵਿੱਚ ਬਾਰਵੀਂ ਸਦੀ ਦੇ ਆਰੰਭ ਵਿੱਚ ਆਏ। ਚਾਹਲ ਰਾਜੇ ਚਾਹੋ ਦੀ ਬੰਸ ਵਿਚੋਂ ਸੀ।

ਮਿਸਟਰ ਫਾਗਨ ਅਨੁਸਾਰ ਇਹ ਬੀਕਾਨੇਰ ਖੇਤਰ ਦੇ ਮੂਲ ਵਸਨੀਕ ਬਾਗੜੀ ਹਨ। ਇੱਕ ਹੋਰ ਰਵਾਇਤ ਅਨੁਸਾਰ ਇਹ ਤੰਵਰ ਬੰਸ ਦੇ ਰਾਜਾ ਰਿੱਖ ਦੀ ਬੰਸ ਵਿਚੋਂ ਹਨ। ਇਹ ਦੱਖਣ ਤੋਂ ਆਕੇ ਕਹਿਲੂਰ ਵਿਖੇ ਵਸ ਗਏ। ਰਿੱਖ ਪੁੱਤਰ ਨੇ ਇੱਕ ਪਰੀ ਵਰਗੀ ਜੱਟੀ ਨਾਲ ਵਿਆਹ ਕਰਾ ਲਿਆ ਅਤੇ ਬਠਿੰਡੇ ਦੇ ਖੇਤਰ ਵਿੱਚ ਮੱਤੀ ਵਿਖੇ ਵਸਕੇ ਚਹਿਲ ਗੋਤ ਦਾ ਮੋਢੀ ਬਣਿਆ। ਕਿਸੇ ਸਮੇਂ ਚਹਿਲਾਂ ਦੀਆਂ ਕੁੜੀਆਂ ਬਹੁਤ ਸੁੰਦਰ ਹੁੰਦੀਆਂ ਸਨ ਅਤੇ ਬੇ-ਔਲਾਦ ਵੀ ਨਹੀਂ ਰਹਿੰਦੀਆਂ ਸਨ। ਚਹਿਲ ਆਪਣੀ ਕੁੜੀ ਦਾ ਰਿਸ਼ਤਾ ਚੰਗੇ ਅਮੀਰ ਘਰਾਂ ਵਿੱਚ ਕਰਦੇ ਸਨ। ਹੁਣ ਇਹ ਪੁਰਾਣੀਆਂ ਅਖੌਤੀਆਂ ਤੇ ਕਲਪਤ ਗੱਲਾਂ ਖਤਮ ਹੋ ਰਹੀਆਂ ਹਨ।

ਅਸਲ ਵਿੱਚ ਚਹਿਲ ਗੋਤ ਦਾ ਮੋਢੀ ਚਾਹਲ ਸ਼੍ਰੀ ਰਾਮ ਚੰਦ੍ਰ ਦੇ ਪੁੱਤਰ ਕਸ਼ੂ ਦੀ ਬੰਸ ਵਿਚੋਂ ਹੈ। ਇਹ ਸੂਰਜਬੰਸੀ ਹਨ। ਐਚ• ਰੋਜ਼ ਨੇ ਆਪਣੀ ਖੋਜ ਭਰਪੂਰ ਪੁਸਤਕ ਵਿੱਚ ਲਿਖਿਆ ਹੈ ਕਿ ਸੂਰਜਬੰਸੀ ਰਾਜਾ ਅਗਰਸੈਨ ਦੇ ਚਾਰ ਪੁੱਤਰ ਸਨ। ਜਿਨ੍ਹਾਂ ਦੀ ਔਲਾਦ ਛੀਨੇ, ਚੀਮੇ, ਸ਼ਾਹੀ ਤੇ ਚਹਿਲ ਜੱਟ ਹਨ। ਸੋਹੀ ਤੇ ਲੱਖੀ ਆਦਿ ਛੋਟੇ ਗੋਤ ਵੀ ਚਹਿਲ ਭਾਈਚਾਰੇ ਨਾਲ ਰਲਦੇ ਹਨ। ਚੀਮੇ ਵੀ ਚੌਹਾਨ ਬੰਸ ਵਿਚੋਂ ਹਨ। ਸੰਤ ਵਿਸਾਖਾ ਸਿੰਘ ਚਹਿਲਾਂ ਨੂੰ ਚੌਹਾਨਾਂ ਦੀ ਕੌਲੀ ਸ਼ਾਖਾ ਵਿਚੋਂ ਮੰਨਦਾ ਹੈ। ਇਹ ਠੀਕ ਹੀ ਲੱਗਦਾ ਹੈ। ਉਸ ਨੇ ਆਪਣੀ ਕਿਤਾਬ 'ਮਾਲਵਾ ਇਤਿਹਾਸ' ਵਿੱਚ ਲਿਖਿਆ ਹੈ ਕਿ ਚੌਹਾਨ ਬੰਸ ਦੇ ਘੱਗ ਦੀ ਛੇਵੀਂ ਪੀੜ੍ਹੀ ਵਿੱਚ ਚਾਹਲ ਹੋਇਆ ਉਸ ਦੇ ਲਾਉਂ ਤੇ ਚਾਹਲ ਗੋਤ ਪ੍ਰਸਿੱਧ ਹੋਇਆ। ਉਸ ਦੀ ਚੌਥੀ ਪੀੜ੍ਹੀ ਵਿੱਚ ਵੈਰਸੀ ਹੋਇਆ। ਉਸ ਦੇ ਦੋ ਵਿਆਹ ਸਨ। ਇੱਕ ਦਾ ਪੁੱਤਰ ਰਲਾ ਸੀ ਜਿਸ ਨੇ ਰੱਲਾ ਵਸਾਇਆ। ਜਿਸ ਤੋਂ ਚਹਿਲਾਂ ਦੇ ਕਈ ਪਿੰਡ ਬੱਝੇ। ਰੱਲੇ ਨੂੰ ਉਸ ਦੇ ਭਤੀਜੇ ਜੁਗਰਾਤ ਨੇ ਮਾਰਕੇ ਆਪਣੇ ਪਿਤਾ ਦਾ ਵੈਰ ਲਿਆ। ਨਵਾਂ ਪਿੰਡ ਜੋਗਾ ਆਪਣੇ ਨਾਮ ਉਤੇ ਵਸਾਇਆ। ਧੂਰੀ ਦੇ ਇਲਾਕੇ ਵਿੱਚ ਧਨੌਰੀ ਕਲਾਂ ਚਹਿਲਾਂ ਦਾ ਪਿੰਡ ਵੀ ਜੋਗੇ ਵਿਚੋਂ ਹੀ ਬੱਝਿਆ ਹੈ। ਕਿਸੇ ਸਮੇਂ ਪੰਜ ਪਾਂਡੋ ਸਮੇਤ ਦਰੋਪਤੀ ਜੋਗੇ ਦੇ ਖੇਤਰ ਵਿੱਚ ਆਏ ਸਨ। ਚਾਹਲ ਜੋਗੀਆਂ ਦਾ ਚੇਲਾ ਸੀ। ਉਸ ਸਮੇਂ ਪੰਜਾਬ ਵਿੱਚ ਜੋਗੀਆਂ ਸਿੱਧਾਂ ਦਾ ਬੋਲਬਾਲਾ ਸੀ। ਜੋਗੀ ਲੋਕ ਵੀ ਬੁੱਧ ਧਰਮ ਦੀ ਇੱਕ ਸ਼ਾਖਾ ਹਨ। ਇਨ੍ਹਾਂ ਵਿਚੋਂ ਇੱਕ ਸਿੱਧ 'ਜੋਗੀਪੀਰ' ਹੋਇਆ ਹੈ ਜਿਸ ਨੂੰ ਸਭ ਚਹਿਲ ਮਨਦੇ ਹਨ। ਜਿਥੇ ਭੀ ਚਾਹਲਾਂ ਦਾ ਕੋਈ ਪਿੰਡ ਹੈ, ਉਥੇ ਜੋਗੀ ਪੀਰ ਦੀ ਮਾੜ੍ਹੀ ਵੀ ਹੈ।

ਸ਼ੇਖੂਪੁਰ ਜਿਲ੍ਹੇ ਵਿੱਚ ਮੁਸਲਮਾਨ ਚਹਿਲਾਂ ਦਾ ਇੱਕ ਪਿੰਡ ਮਾੜੀ ਹੈ ਜਿਥੇ ਜੋਗੀ ਪੀਰ ਦੀ ਮਾੜੀ ਵੀ ਕਾਇਮ ਹੈ। ਮੋਗੇ ਦੇ ਇਲਾਕੇ ਵਿੱਚ ਕਿਲੀ ਚਹਿਲਾਂ ਵਿੱਚ ਵੀ ਜਠੇਰੇ ਦੀ ਯਾਦ ਵਿੱਚ ਮੇਲਾ ਲਗਦਾ ਹੈ। ਫਰੀਦਕੋਟ ਦੇ ਪਾਸ ਵੀ ਚਹਿਲ ਪਿੰਡ ਹੈ। ਪੰਜਾਬ ਵਿੱਚ ਚਹਿਲ ਨਾਮ ਦੇ ਕਈ ਪਿੰਡ ਚਹਿਲ ਭਾਈਚਾਰੇ ਦੇ ਹੀ ਹਨ। ਇਨ੍ਹਾਂ ਸਾਰੇ ਚਹਿਲਾਂ ਦਾ ਮੁੱਢ ਮਾਨਸਾ ਦਾ ਖੇਤਰ ਜੋਗਾਰੱਲਾ ਹੀ ਹੈ। ਮਾਨਸਾ ਵਿੱਚ ਚਹਿਲਾਂ ਦੇ ਵਿੱਚ ਦਲਿਉ, ਔਲਖ ਤੇ ਸੇਖੋਂ ਗੈਂਡੇ ਚਹਿਲ ਦੇ ਸਮੇਂ ਲੁਧਿਆਣੇ ਦੇ ਖੇਤਰ ਵਿਚੋਂ ਆਏ। ਮਾਨਸਾ ਵਿੱਚ ਚਹਿਲ ਤੇ ਦੰਦੀਵਾਲ ਚੌਹਾਨ ਬਾਰਵੀਂ ਸਦੀ ਵਿੱਚ ਆਏ ਸਨ। ਮਾਨ ਸਭ ਤੋਂ ਪਹਿਲਾਂ ਆਏ ਸਨ। ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗਬਹਾਦਰ ਜੀ ਜਦ 1665 ਈਸਵੀਂ ਵਿੱਚ ਭੀਖੀ ਦੇ ਇਲਾਕੇ ਵਿੱਚ ਆਏ ਉਸ ਸਮੇਂ ਇਸ ਇਲਾਕੇ ਵਿੱਚ ਗੈਂਡੇ ਤੇ ਦੇਸੂ ਚਹਿਲ ਦੀ ਚੌਧਰ ਸੀ। ਇਹ ਸੁਲਤਾਨੀਆਂ ਪਰਿਵਾਰ ਸੀ। ਚਹਿਲ ਭਾਈਚਾਰੇ ਦੇ ਬਹੁਤੇ ਲੋਕ ਸੁਖੀ ਸਰਵਰ ਦੇ ਚੇਲੇ ਸਨ। ਮਾਲਵੇ ਵਿੱਚ ਗੁਰੂ ਤੇਗਬਹਾਦਰ ਦੀ ਫੇਰੀ ਸਮੇਂ ਹੀ ਗੈਂਡੇ ਸਮੇਤ ਚਹਿਲਾਂ ਨੇ ਸਿੱਖੀ ਧਾਰਨ ਕੀਤੀ। ਕੁਝ ਚਹਿਲ ਕੱਚੇ ਸਿੱਖ ਸਨ, ਉਹ ਸੱਖੀ ਸਰਵਰ ਨੂੰ ਵੀ ਮਨਦੇ ਸਨ।

ਦੇਸੂ ਚਹਿਲ ਦੀ ਬੰਸ ਵਿਚੋਂ ਗੈਂਡਾ ਚਹਿਲ ਬਹੁਤ ਸੂਰਬੀਰ ਤੇ ਪ੍ਰਸਿੱਧ ਸੀ। ਇਸ ਦੀਆਂ ਰਾਜੇ ਹੋਡੀ ਤੇ ਹੋਰ ਮੁਸਲਮਾਨ ਧਾੜਵੀਆਂ ਨਾਲ ਕਈ ਟੱਕਰਾਂ ਹੋਈਆਂ ਸਨ। ਦਲਿਉ ਜੱਟਾਂ ਨੇ ਆਪਣੇ ਮਿੱਤਰ ਗੈਂਡੇ ਦੇ ਦੁਸ਼ਮਣਾਂ ਨਾਲ ਟੱਕਰਾਂ ਲਈਆਂ। 1736 ਈਸਵੀਂ ਵਿੱਚ ਮਹਾਰਾਜਾ ਆਲਾ ਸਿੰਘ ਨੇ ਗੈਂਡੇ ਚਹਿਲ ਤੋਂ ਭੀਖੀ ਦਾ ਇਲਾਕਾ ਜਿੱਤ ਕੇ ਆਪਣੀ ਰਿਆਸਤ ਪਟਿਆਲਾ ਵਿੱਚ ਰਲਾ ਲਿਆ। ਕਿਸੇ ਕਾਰਨ ਗੈਂਡੇ ਨੂੰ ਉਸ ਦੇ ਆਪਣੇ ਸ਼ਰੀਕਾਂ ਨੇ ਹੀ ਮਾਰ ਦਿੱਤਾ ਸੀ। ਚਹਿਲਾਂ ਦੀ ਚੌਧਰ ਇਲਾਕੇ ਵਿੱਚ ਖਤਮ ਹੋ ਗਈ। ਕੁਝ ਚਹਿਲ ਸੰਗਰੂਰ, ਮੋਗਾ, ਲੁਧਿਆਣਾ, ਦੁਆਬਾ ਤੇ ਮਾਝੇ ਦੇ ਖੇਤਰਾਂ ਵਿੱਚ ਦੂਰ-ਦੂਰ ਤੱਕ ਚਲੇ ਗਏ। ਮਾਝੇ ਤੋਂ ਅੱਗੇ ਪੱਛਮੀ ਪੰਜਾਬ ਵਿੱਚ ਵੀ ਕਾਫ਼ੀ ਚਲੇ ਗਏ। ਭੁੱਲਰ, ਚਾਹਲ ਅਤੇ ਕਾਹਲੋਂ ਜੱਟ ਮਾਲਵਾ, ਧਾਰ ਅਤੇ ਦੱਖਣ ਨੂੰ ਆਪਣਾ ਮੁੱਢਲਾ, ਘਰ ਕਹਿੰਦੇ ਹਨ। ਅਮ੍ਰਿਤਸਰ ਦੇ ਚਹਿਲਾਂ ਅਨੁਸਾਰ ਚਹਿਲ ਸੂਰਜ ਬੰਸੀ ਰਾਜਾ ਖਾਂਗ ਦੀ ਬੰਸ ਵਿਚੋਂ ਹਨ। ਪਹਿਲਾਂ ਪਹਿਲ ਉਹ ਦਿੱਲੀ ਪਾਸ ਕੋਟ ਗਡਾਨਾ ਵਸੇ ਅਤੇ ਫਿਰ ਪੱਖੀ ਚਹਿਲਾਂ ਅੰਬਾਲੇ ਵੱਲ ਆਏ। ਫਿਰ ਹੌਲੀ ਹੌਲੀ ਮਾਲਵੇ ਦੇ ਇਲਾਕੇ ਜੋਗਾ ਰਲਾ ਵਿੱਚ ਪਹੁੰਚ ਗਏ ਸਨ। ਮਾਝੇ ਵਿੱਚ ਵੀ ਚਹਿਲ ਗੋਤੀ ਕਾਫ਼ੀ ਵਸਦੇ ਹਨ। ਪਿੰਡ ਚਹਿਲ ਤਹਿਸੀਲ ਤਰਨਤਾਰਨ ਵਿੱਚ ਧੰਨ ਬਾਬਾ ਜੋਗੀ ਪੀਰ ਦਾ ਅਕਤੂਬਰ ਵਿੱਚ ਮਹਾਨ ਸਾਲਾਨਾ ਜੋੜ ਮੇਲਾ ਲੱਗਦਾ ਹੈ। ਮਾਝੇ ਵਿੱਚ ਜ਼ਫਰਵਾਲ ਵੀ ਚਹਿਲਾਂ ਦਾ ਉਘਾ ਪਿੰਡ ਹੈ।

ਬਾਬਾ ਜੋਗੀ ਪੀਰ ਦਾ ਜਨਮ ਦਿਹਾੜਾ ਨੂਰਪੁਰ ਬੇਦੀ ਦੇ ਨਜ਼ਦੀਕ ਪਿੰਡ ਬ੍ਰਾਹਮਣ ਮਾਜਰਾ ਵਿੱਚ 12 ਸਤੰਬਰ ਦੇ ਲਗਭਗ ਮਨਾਇਆ ਜਾਂਦਾ ਹੈ। ਸਭ ਚਹਿਲ ਜੋਗੀ ਪੀਰ ਨੂੰ ਜ਼ਰੂਰ ਮੰਨਦੇ ਹਨ। ਸੰਗਰੂਰ ਖੇਤਰ ਤੇ ਚਹਿਲ ਖੇਰਾ ਭੂਮੀਆਂ ਦੀ ਪੂਜਾ ਕਰਦੇ ਹਨ। ਉਹ ਆਪਣੇ ਆਪ ਨੂੰ ਬਾਲੇ ਚੌਹਾਨ ਦੀ ਬੰਸ ਵਿਚੋਂ ਸਮਝਦੇ ਹਨ। ਬਾਲਾ ਚੌਹਾਨ ਕਿਸੇ ਜੱਟੀ ਨਾਲ ਵਿਆਹ ਕਰਾਕੇ ਜੱਟ ਭਾਈਚਾਰੇ ਵਿੱਚ ਰਲ ਗਿਆ ਸੀ। ਜੀਂਦ ਤੇ ਸੰਗਰੂਰ ਦੇ ਚਹਿਲ ਗੁਗੇ ਚੌਹਾਨ ਦੀ ਪੂਜਾ ਵੀ ਕਰਦੇ ਹਨ। ਇਸ ਇਲਾਕੇ ਦੇ ਬਹੁਤੇ ਚਹਿਲ ਜੋਗੀ ਪੀਰ ਨੂੰ ਜ਼ਰੂਰ ਮੰਨਦੇ ਹਨ। ਸੰਗਰੂਰ ਦੇ ਇਲਾਕੇ ਵਿੱਚ ਖੇੜੀ ਚਹਿਲਾਂ, ਖਿਆਲੀ, ਘਨੌਰੀ ਕਲਾਂ, ਲਾਡ ਬਨਜਾਰਾ, ਕਰਮਗੜ੍ਹ ਆਦਿ ਕਈ ਪਿੰਡਾਂ ਵਿੱਚ ਚਹਿਲ ਕਬੀਲੇ ਦੇ ਲੋਕ ਵਸਦੇ ਹਨ। ਫਤਿਹਗੜ੍ਹ ਦੇ ਆਮਲੋਹ ਖੇਤਰ ਵਿੱਚ ਚਹਿਲਾਂ ਪਿੰਡ ਵੀ ਚਹਿਲ ਭਾਈਚਾਰੇ ਦਾ ਹੈ। ਬੰਸ ਵਿਚੋਂ ਮਨਦੇ ਹਨ। ਉਹ ਬਲੰਦ ਜੋਗੀ ਪੀਰ ਨੂੰ ਜਠੇਰੇ ਦੇ ਤੌਰ ਤੇ ਪੂਜਦੇ ਹਨ। ਸਾਰੇ ਚਹਿਲ ਹੀ ਜੋਗੀ ਪੀਰ ਨੂੰ ਆਪਣਾ ਜਠੇਰਾ ਮੰਨਦੇ ਹਨ। ਉਹ ਮਾਨਸਾ ਦੇ ਇਲਾਕੇ ਵਿੱਚ ਮੁਸਲਮਾਨਾਂ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ। ਅੱਸੂ ਮਹੀਨੇ ਵਿੱਚ ਚੌਥੇ ਨੌਰਾਤੇ ਨੂੰ ਜੋਗੇ ਰਲੇ ਦੇ ਇਲਾਕੇ ਵਿੱਚ ਜੋਗੀ ਪੀਰ ਦਾ ਭਾਰੀ ਮੇਲਾ ਲਗਦਾ ਹੈ।

ਚਹਿਲ ਬੰਸ ਦੇ ਲੋਕ ਵੱਧ ਤੋਂ ਵੱਧ ਇਸ ਮੇਲੇ ਵਿੱਚ ਸ਼ਾਮਿਲ ਹੁੰਦੇ ਹਨ। ਹੁਣ ਚਹਿਲ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਇੱਕ ਚਹਿਲ ਪਿੰਡ ਲੁਧਿਆਣੇ ਜਿਲ੍ਹਾ ਵਿੱਚ ਵੀ ਹੈ। ਇਸ ਇਲਾਕੇ ਦੇ ਰਜ਼ੂਲ ਪਿੰਡ ਵਿੱਚ ਵੀ ਕੁਝ ਚਹਿਲ ਹਨ। ਚਹਿਲ ਕਲਾਂ ਤੇ ਚਹਿਲ ਖੁਰਦ ਪਿੰਡ ਜਿਲ੍ਹਾ ਨਵਾਂ ਸ਼ਹਿਰ ਵਿੱਚ ਚਹਿਲ ਭਾਈਚਾਰੇ ਦੇ ਹੀ ਹਨ। ਕਪੂਰਥਲਾ ਵਿੱਚ ਕਸੋ ਚਹਿਲ, ਮਾਧੋਪੁਰ, ਜੰਬੋਵਾਲ, ਭਨੋਲੰਗ ਆਦਿ ਕਈ ਪਿਡਾਂ ਵਿੱਚ ਚਹਿਲ ਗੋਤ ਦੇ ਕਾਫ਼ੀ ਲੋਗ ਵਸਦੇ ਹਨ। ਹਰਿਆਣੇ ਤੇ ਰਾਜਸਥਾਨ ਵਿੱਚ ਵੀ ਕੁਝ ਚਹਿਲ ਹਿੰਦੂ ਜਾਟ ਹਨ। ਪੱਛਮੀ ਪੰਜਾਬ ਵਿੱਚ ਗੁਜਰਾਂਵਾਲਾ, ਸਿਆਲਕੋਟ, ਸ਼ੇਖੂਪੁਰਾ ਤੇ ਮਿਟਗੁੰਮਰੀ ਤੱਕ ਵੀ ਚਹਿਲ ਕਬੀਲੇ ਦੇ ਲੋਕ ਚਲੇ ਗਏ ਸਨ। ਮਿਟਗੁੰਮਰੀ ਗੋਤ ਦੇ ਲੋਕ ਕਾਫ਼ੀ ਹਨ। ਕਈ ਗਰੀਬ ਜੱਟ ਦਲਿਤ ਇਸਤਰੀਆਂ ਨਾਲ ਵਿਆਹ ਕਰਾਕੇ ਦਲਿਤ ਭਾਈਚਾਰੇ ਵਿੱਚ ਰਲਮਿਲ ਗਏ ਸਨ। ਇਸ ਕਾਰਨ ਜੱਟਾਂ ਤੇ ਦਲਿਤਾਂ ਦੇ ਬਹੁਤ ਗੋਤ ਸਾਂਝੇ ਹਨ।

ਚਹਿਲ ਗੋਤ ਜੱਟਾਂ ਦੇ ਵੱਡੇ ਗੋਤਾਂ ਵਿਚੋਂ ਹੈ। 1881 ਈਸਵੀਂ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਚਹਿਲ ਗੋਤ ਦੇ ਲੋਕਾਂ ਦੀ ਗਿਣਤੀ 63,156 ਸੀ। ਮਾਲਵੇ ਵਿਚੋਂ ਚਹਿਲ ਰਾਜਸਥਾਨ ਦੇ ਖੇਤਰ ਵਿੱਚ ਵੀ ਕਾਫ਼ੀ ਜਾਕੇ ਆਬਾਦ ਹੋਏ ਹਨ। ਦੁਆਬੇ ਦੇ ਬਹੁਤੇ ਚਹਿਲ ਬਦੇਸ਼ਾਂ ਵਿੱਚ ਗਏ ਹਨ। ਚਹਿਲ ਕਬੀਲੇ ਦੇ ਲੋਕ ਸਿਆਣੇ ਤੇ ਮਨਮਤੇ ਹੁੰਦੇ ਹਨ। ਕਿਸੇ ਦੇ ਮਗਰ ਘੱਟ ਲੱਗਦੇ ਹਨ। ਪੰਜਾਬ ਵਿੱਚ ਸਾਰੇ ਚਹਿਲ ਜੱਟ ਸਿੱਖ ਹਨ। ਦਲਿਤ ਜਾਤੀਆਂ ਵਿੱਚ ਰਲੇ ਹੋਏ ਚਹਿਲ ਵੀ ਸਿੱਖ ਹਨ। ਮਾਝੇ ਦੇ ਬਿਆਸ ਖੇਤਰ ਦੇ ਪਿੰਡ ਸ਼ੇਰੋ ਖਾਨਪੁਰ ਦੀ ਪਵਿੱਤਰ ਝੰਗੀ ਜਿਹੜੀ ਬਾਬਾ ਜੋਗੀ ਦੇ ਨਾਂਅ ਨਾਲ ਪ੍ਰਸਿੱਧ ਹੈ ਵਿੱਚ ਵੀ ਸਾਲਾਨਾ ਜੋੜ ਮੇਲਾ ਅੱਧ ਸਤੰਬਰ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਸ੍ਰੀ ਗੁਰੂ ਗੰਰਥ ਸਾਹਿਬ ਦੇ ਅਖੰਠ ਪਾਠ ਦੇ ਭੋਗ ਪੈਣ ਮਗਰੋਂ ਨੇੜਲੇ ਪਿੰਡਾਂ ਦੇ ਚਹਿਲ ਬਾਬਾ ਜੀ ਦੇ ਡੇਰੇ ਤੇ ਮੱਥਾ ਟੇਕਦੇ ਹਨ। ਖੀਰ, ਦੁੱਧ, ਮਿੱਠੀਆਂ ਰੋਟੀਆਂ, ਗੁੜ੍ਹ ਆਦਿ ਚੜ੍ਹਾਕੇ ਮੰਨਤਾਂ ਮੰਗੀਆਂ ਜਾਂਦੀਆਂ ਹਨ। ਮੇਲੇ ਵਿੱਚ ਗਾਇਕ ਜੋੜੀਆਂ ਤੇ ਪ੍ਰਸਿੱਧ ਖਿਡਾਰੀਆਂ ਨੂੰ ਵੀ ਭਾਗ ਲੈਣ ਲਈ ਖਾਨਪੁਰ ਦੀ ਪਚਾਇਤ ਵੱਲੋਂ ਸੱਦਾ ਦਿੱਤਾ ਜਾਂਦਾ ਹੈ। ਹੁਣ ਮੇਲੇ ਵੀ ਨਵੇਂ ਢੰਗ ਨਾਲ ਲੱਗ ਰਹੇ ਹਨ। ਚਹਿਲ ਇਰਾਨ ਵਿਚੋਂ ਭਾਰਤ ਵਿੱਚ ਪੰਜਵੀਂ ਸਦੀ ਵਿੱਚ ਆਏ ਸਨ। ਪੰਜਾਬ ਵਿੱਚ ਆਉਣ ਤੋਂ ਪਹਿਲਾਂ ਦਿੱਲੀ ਤੇ ਰਾਜਸਧਾਨ ਵਿੱਚ ਵਸਦੇ ਸਨ। ਚਹਿਲ ਮਨਮਤੇ ਤੇ ਸੰਜਮੀ ਜੱਟ ਹਨ। ਇਨ੍ਹਾਂ ਦਾ ਮੁੱਢਲਾ ਘਰ ਵੀ ਕੈਸਪੀਅਨ ਸਾਗਰ ਦਾ ਪੂਰਬੀ ਖੇਤਰ ਸੀ। ਹਰਿਆਣੇ ਤੇ ਰਾਜਸਥਾਨ ਵਿੱਚ ਚਹਿਲ ਹਿੰਦੂ ਜਾਟ ਹਨ।

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com