ਕੁਲਾਰ: ਇਹ ਭੱਟੀ ਰਾਜਪੂਤਾਂ ਵਿਚੋਂ ਹਨ। ਭੱਟੀ ਆਪਣਾ ਪਿਛੋਕੜ ਪੰਜਾਬ, ਜੈਸਲਮੇਰ
ਤੇ ਅਫ਼ਗਾਨਿਸਤਾਨ ਦਾ ਗੱਜ਼ਨੀ ਖੇਤਰ ਦੱਸਦੇ ਹਨ। ਭੱਟੀ ਦੇ ਦੋ ਪੁੱਤਰ ਮਾਸੂਰ ਰਾਉ ਤੇ
ਜੰਗਲ ਰਾਉ ਹੋਏ। ਸਾਰਨ ਜੱਟ ਮਾਸੂਰ ਰਾਉ ਦੀ ਬੰਸ ਵਿਚੋਂ ਹਨ। ਮੰਗਲ ਰਾਉ ਦੀ ਬੰਸ ਵਿਚੋਂ
ਕੁਲਾਰ ਜੱਟ ਹਨ।
ਮੰਗਲ ਰਾਉ ਇੱਕ ਬੜਾ ਹੀ ਬਲਵਾਨ ਤੇ ਨਿੱਡਰ ਜੋਧਾ ਸੀ। ਉਸ ਦਾ ਸਰਸੇ ਵਿੱਚ ਇੱਕ
ਕਿਲ੍ਹਾ ਸੀ ਜੋ ਹੁਣ ਵੀ ਖਸਤਾ ਹਾਲਤ ਵਿੱਚ ਖੜ੍ਹਾ ਹੈ। ਕਿਸੇ ਕਾਰਨ ਮੰਗਲ ਰਾਉ ਨੂੰ ਆਪਣੀ
ਜਾਨ ਬਚਾ ਕੇ ਆਪਣੇ ਹੀ ਰਾਜ ਵਿਚੋਂ ਭੱਜਣਾ ਪਿਆ ਸੀ। ਉਹ ਆਪਣੇ ਲੜਕੇ ਇੱਕ ਬਾਣੀਏ ਮਿੱਤਰ
ਪਾਸ ਛੱਡ ਗਿਆ ਸੀ। ਉਸ ਦੇ ਪੁੱਤਰਾਂ ਨੇ ਵੱਡੇ ਹੋ ਕੇ ਜੱਟ ਬਰਾਦਰੀ ਵਿੱਚ ਵਿਆਹ ਕਰਾਏ।
ਉਸ ਦੇ ਪੁੱਤਰਾਂ ਕਲੋਰੀਆ ਦੇ ਨਾਮ ਤੇ ਕੁਲਾਰ, ਮੰਡਾ ਦੇ ਨਾਮ ਤੇ ਮੰਡ ਤੇ ਸਿਉਰਾ ਦੇ ਨਾਮ
ਤੇ ਸਿਉਰਾਨ ਨਵੇਂ ਗੋਤ ਪ੍ਰਚਲਿਤ ਹੋ ਗਏ ਸਨ।
ਪੰਜਾਬ ਵਿੱਚ ਕੁਲਾਰ ਨਾਮ ਦੇ ਕਈ ਪਿੰਡ ਆਬਾਦ ਹਨ। ਮੁਕਤਸਰ ਦੇ ਇਲਾਕੇ ਵਿੱਚ ਮਹਿਣਾ
ਤੇ ਮਿੱਢੂ ਖੇੜਾ ਇਨ੍ਹਾਂ ਦੇ ਪ੍ਰਸਿੱਧ ਪਿੰਡ ਹਨ। ਅਬੋਹਰ ਵਿੱਚ ਵੀ ਇੱਕ ਕੁਲਾਰ ਨਾਮ ਦਾ
ਪਿੰਡ ਹੈ। ਲੁਧਿਆਣੇ ਵਿੱਚ ਵੀ ਇੱਕ ਪਿੰਡ ਦਾ ਨਾਮ ਕੁਲਾਰ ਹੈ। ਲੁਧਿਆਣੇ ਦੇ ਕਈ ਪਿੰਡਾਂ
ਵਿੱਚ ਕੁਲਾਰਾਂ ਦੇ ਘਰ ਹਨ। ਲੁਧਿਆਣੇ ਤੋਂ ਅੱਗੇ ਕੁਝ ਕੁਲਾਰ ਜੱਟ ਅੰਮ੍ਰਿਤਸਰ ਤੋਂ
ਗੁਰਦਾਸਪੁਰ ਵਿੱਚ ਵੀ ਚਲੇ ਗਏ ਸਨ। ਕੁਲਾਰ ਜੱਟ ਰੋਪੜ ਖੇਤਰ ਵਿੱਚ ਵੀ ਕਾਫ਼ੀ ਹਨ। ਜਲੰਧਰ
ਵਿੱਚ ਸੰਸਾਰਪੁਰ ਕੁਲਾਰ ਜੱਟਾਂ ਦਾ ਦੁਆਬੇ ਵਿੱਚ ਬਹੁਤ ਵੀ ਪ੍ਰਸਿੱਧ ਪਿੰਡ ਹੈ। ਇੱਕ
ਕੁਲਾਰ ਪਿੰਡ ਤਹਿਸੀਲ ਸੁਨਾਮ ਜਿਲ੍ਹਾ ਸੰਗਰੂਰ ਵਿੱਚ ਵੀ ਹੈ। ਤਹਿਸੀਲ ਸਮਾਣਾ ਜਿਲ੍ਹਾ
ਪਟਿਆਲਾ ਵਿੱਚ ਵੀ ਵੱਡੀਆਂ ਕੁਲਾਰਾਂ ਪਿੰਡ ਕੁਲਾਰ ਜੱਟਾਂ ਦਾ ਹੀ ਹੈ।
ਮਾਲਵੇ ਵਿੱਚ ਕੁਲਾਰ ਜੱਟ ਕਾਫ਼ੀ ਹਨ। ਕੁਲਾਰਾਂ ਪਿੰਡ ਰੋਪੜ ਵਿੱਚ ਵੀ ਹੈ। ਸੰਗਰੂਰ
(ਜੀਂਦ) ਵਿੱਚ ਕੁਲਾਰਾਂ ਦੇ ਸਿੱਧ ਦੀ ਕੁਲਾਰ ਖਾਸ ਵਿੱਚ ਸਮਾਧ ਹੈ। ਇਨ੍ਹਾਂ ਦਾ ਸਿੱਧ
ਇੱਕ ਤਰਖਾਣ ਦੇ ਹੱਥੋਂ ਕਤਲ ਹੋ ਗਿਆ ਸੀ। ਇਸ ਲਈ ਇਹ ਤਰਖਾਣਾਂ ਨੂੰ ਘਿਉ ਅਤੇ ਪਸ਼ੂ ਨਹੀਂ
ਬੇਚਦੇ। ਪੰਜਾਬ ਵਿੱਚ ਸਾਰੇ ਕੁਲਾਰ ਸਿੱਖ ਹਨ। ਹਰਿਆਣੇ ਅਤੇ ਰਾਜਸਥਾਨ ਵਿੱਚ ਕੁਲਾਰ
ਹਿੰਦੂ ਜਾਟ ਵੀ ਹਨ। ਸਮੁੱਚੇ ਪੰਜਾਬ ਵਿੱਚ ਕੁਲਾਰ ਜੱਟਾਂ ਦੀ ਗਿਣਤੀ ਘੱਟ ਹੀ ਹੈ। ਦੁਆਬੇ
ਦੇ ਕੁਲਾਰ ਅਮਰੀਕਾ ਅਤੇ ਕੈਨੇਡਾ ਆਦਿ ਬਾਹਰਲੇ ਦੇਸ਼ਾਂ ਵਿੱਚ ਵੀ ਕਾਫ਼ੀ ਵਸਦੇ ਹਨ। ਹੋਰ
ਜੱਟਾਂ ਵਾਂਗ ਕੁਲਾਰ ਵੀ ਅੱਖੜ ਤੇ ਲੜਾਕੇ ਹੁੰਦੇ ਹਨ। ਦੁਸ਼ਮਣੀ ਨੂੰ ਕਦੇ ਵੀ ਨਹੀਂ
ਭੁੱਲਾਉਂਦੇ। ਚੰਗੇ ਕ੍ਰਿਸਾਨ ਤੇ ਵਧੀਆ ਖਿਡਾਰੀ ਹਨ। ਕੁਲਾਰਾਂ ਨੂੰ ਕੋਲਾਰ ਵੀ ਕਿਹਾ
ਜਾਂਦਾ ਹੈ।
|