WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 

ਧਾਰਾ

  ਸਾਡਾ ਮਨੋਰਥ
  ਹੋਰ ਪੰਜਾਬੀ ਸੰਪਰਕ
  ਮਾਨਵ ਚੇਤਨਾ
  ਕਲਾ/ਕਲਾਕਾਰ
  ਅਨੰਦ ਕਰਮਨ
  ਵਿਅੱਕਤੀਗਤ ਨਾਮ
  ਇਤਿਹਾਸ
  ਫਿਲਮੀ ਸੰਸਾਰ
  ਖੇਡਾਂ
  ਪੁਸਤਕਾਂ
  ਗਿਆਨ ਵਿਗਿਆਨ

  ਆਮ ਜਾਣਕਾਰੀ

  ਕਹਾਣੀ
  ਕਾਵਿਤਾ
  ਸਾਨੂੰ ਲਿਖੋ
 

ਮਲ੍ਹੀ :

ਜੱਟਾਂ ਦਾ ਇਤਿਹਾਸ: ਹੁਸ਼ਿਆਰ ਸਿੰਘ ਦੁਲੇਹ

ਮਲ੍ਹੀ : ਆਰੀਆ ਜਾਤੀ ਦੇ ਲੋਕ ਈਸਾ ਤੋਂ ਦੋ ਹਜ਼ਾਰ ਸਾਲ ਪੂਰਬ ਮੱਧ ਏਸ਼ੀਆ ਤੋਂ ਚਲਕੇ ਸਿੰਧ ਅਤੇ ਮੁਲਤਾਨ ਦੇ ਖੇਤਰਾਂ ਵਿੱਚ ਆਬਾਦ ਹੋਏ। ਕਿਸੇ ਸਮੇਂ ਕੈਸਪੀਅਨ ਸਾਗਰ ਦੇ ਖੇਤਰ ਤੋਂ ਲੈ ਕੇ ਮੁਲਤਾਨ ਦੇ ਖੇਤਰ ਤੱਕ ਤਕੜੇ ਅਤੇ ਖਾੜਕੂ ਜੱਟ ਕਬੀਲੇ ਦੂਰ–ਦੂਰ ਤੱਕ ਫੈਲੇ ਹੋਏ ਸਨ।

ਮਲ੍ਹੀ ਭਾਈਚਾਰੇ ਦੇ ਲੋਕ ਈਸਾ ਤੋਂ 1500 ਸਾਲ ਪੂਰਬ ਪੰਜਾਬ ਦੇ ਮੁਲਤਾਨ ਖੇਤਰ ਵਿੱਚ ਭਾਰੀ ਗਿਣਤੀ ਵਿੱਚ ਵੱਸਦੇ ਹਨ। ਹੌਲੀ–ਹੌਲੀ ਮਲ੍ਹੀ ਕਬੀਲੇ ਦੇ ਲੋਕ ਪੰਜਾਬ ਦੇ ਸਾਰੇ ਇਲਾਕਿਆਂ ਵਿੱਚ ਚਲੇ ਗਏ। ਹੋਰ ਜਾਤੀਆਂ ਦੇ ਮੁਕਾਬਲੇ ਵਿੱਚ ਅਧਿਕ ਹੋਣ ਕਾਰਨ ਪੰਜਾਬ ਦੇ ਇਕ ਵੱਡੇ ਇਲਾਕੇ ਦਾ ਨਾਮ ਮਾਲਵਾ ਪੈ ਗਿਆ। ਵਾਸੂਦੇਵ ਸ਼ਰਨ ਅਗਰਵਾਲ ਵਰਗੇ ਇਤਿਹਾਸਕਾਰ ਵੀ ਲਿਖਦੇ ਹਨ ਕਿ ਮਾਲਵਾ ਗਣ ਦੇ ਲੋਕਾਂ ਨੂੰ ਮਲ੍ਹੀ ਜਾਂ ਮਾਲੂ ਵੀ ਕਿਹਾ ਜਾਂਦਾ ਹੈ। ਯੂਨਾਨੀ ਇਤਿਹਾਸਕਾਰ ਇਨ੍ਹਾਂ ਨੂੰ ਮਲੋਈ ਕਹਿੰਦੇ ਹਨ। ਇਹ ਬਹੁਤ ਹੀ ਸੂਰਬੀਰ ਕੌਮ ਸੀ।

326 ਪੂਰਬ ਈਸਾ ਦੇ ਸਮੇਂ ਜਦ ਯੂਨਾਨੀ ਹਮਲਾਵਾਰ ਸਿਕੰਦਰ ਮਹਾਨ ਮੁਲਤਾਨ ਵੱਲ ਆਇਆ ਤਾਂ ਮੁਲਤਾਨ ਦੇ ਮਲ੍ਹੀਆਂ ਨੇ ਬੜਾ ਜ਼ਬਰਦਸਤ ਟਾਕਰਾ ਕੀਤਾ। ਇਸ ਸਮੇਂ ਮਲ੍ਹੀ ਰਾਵੀ, ਜਿਹਲਮ ਤੇ ਚਨਾਬ ਦੇ ਖੇਤਰਾਂ ਵਿੱਚ ਵੀ ਦੂਰ–ਦੂਰ ਤੱਕ ਫੈਲੇ ਹੋਏ ਸਨ। ਇਹ ਬਹੁਤ ਹੀ ਤਕੜੇ ਤੇ ਬਹਾਦਰ ਕਬੀਲੇ ਦੇ ਲੋਕ ਸਨ। ਯੂਨਾਨੀ ਫ਼ੌਜ ਵੀ ਇਨ੍ਹਾਂ ਨਾਲ ਲੜਨ ਤੋਂ ਬਹੁਤ ਡਰਦੀ ਹੈ। ਇਸ ਲੜਾਈ ਵਿੱਚ ਸਿਕੰਦਰ ਦੀ ਫ਼ੌਜ ਦਾ ਵੀ ਬਹੁਤ ਨੁਕਸਾਨ ਹੋਇਆ ਅਤੇ ਸਿਕੰਦਰ ਵੀ ਜ਼ਖ਼ਮੀ ਹੋ ਗਿਆ।

ਆਦਿ ਕਾਲ ਵਿੱਚ ਮਲ੍ਹੀਆਂ ਦੇ ਵਡੇਰੇ ਹੋਰ ਜੱਟਾਂ ਵਾਂਗ ਸੂਰਜ ਉਪਾਸਨਾ ਕੀਤਾ ਕਰਦੇ ਸਨ। ਮੁਲਤਾਨ ਸ਼ਹਿਰ ਵਿੱਚ ਵੀ ਇੱਕ ਪੁਰਾਤਨ ਤੇ ਪ੍ਰਸਿੱਧ ਸੂਰਜ ਮੰਦਿਰ ਸੀ। ਮੁਲਤਾਨ ਜੱਟਾਂ ਦਾ ਘਰ ਸੀ। ਸਿਕੰਦਰ ਦੀ ਜਿੱਤ ਪਿਛੋਂ ਮਲ੍ਹੀਟਾਂ ਤੇ ਹੋਰ ਜੱਟ ਚੌਧਰੀਆਂ ਨੇ ਬਾਦਸ਼ਾਹ ਸਿਕੰਦਰ ਨੂੰ ਦੱਸਿਆ ਕਿ ਅਸੀਂ ਲਗਭਗ ਇੱਕ ਹਜ਼ਾਰ ਸਾਲ ਤੋਂ ਇਸ ਖੇਤਰ ਵਿੱਚ ਸੁਤੰਤਰ ਤੇ ਸੁਖੀ ਵੱਸਦੇ ਸੀ। ਆਖਿਰ ਸਿਕੰਦਰ ਨੂੰ ਵੀ ਮਲ੍ਹੀਆਂ ਤੇ ਹੋਰ ਜੱਟ ਕਬੀਲਿਆਂ ਨਾਲ ਸਮਝੌਤਾ ਕਰਨਾ ਪਿਆ। ਯੂਨਾਨੀ ਇਤਿਹਾਸਕਾਰਾਂ ਨੇ ਮਲ੍ਹੀਆਂ ਨੂੰ ਮਲੋਈ ਲਿਖਿਆ ਹੈ। ਮਲ, ਮਲ੍ਹੀ ਅਤੇ ਮਲੋਈ ਇਕੋ ਹੀ ਕਬੀਲਾ ਲੱਗਦਾ ਹੈ।

ਕੁਝ ਇਤਿਹਾਸਕਾਰ ਮਲ੍ਹੀਆਂ ਦਾ ਸੰਬੰਧ ਪਰਮਾਰ ਰਾਜਪੂਤਾਂ ਨਾਲ ਜੋੜਦੇ ਹਨ ਅਤੇ ਕੁਝ ਸਰੋਆ ਰਾਜਪੂਤਾਂ ਨਾਲ ਜੋੜਦੇ ਹਨ। ਮਲ੍ਹੀ ਤਾਂ ਰਾਜਪੂਤ ਦੇ ਜਨਮ ਤੋਂ ਵੀ ਬਹੁਤ ਪਹਿਲਾਂ ਦਾ ਕਬੀਲਾ ਹੈ। ਪ੍ਰਸਿੱਧ ਇਤਿਹਾਸਕਾਰ ਸ਼ਮਸ਼ੇਰ ਸਿੰਘ ਅਸ਼ੋਕ ਰਾਜਪੂਤਾਂ ਦੀ ਪੈਦਾਇਸ਼ ਅੱਠਵੀਂ, ਨੌਵੀਂ ਸਦੀ ਦੱਸਦਾ ਹੈ। ਮਹਾਭਾਰਤ ਵਿੱਚ ਰਾਜਪੂਤਾਂ ਦਾ ਕੋਈ ਜਿਕਰ ਨਹੀਂ। ਪੰਜਾਬ, ਸਿੰਧ, ਗੁਜਰਾਤ ਨਵੀਂ ਜਾਤੀ ਹੈ। ਮਲੋਈ ਭਾਵ ਮਲ੍ਹੀ ਉਪਜਾਤੀ ਦੇ ਲੋਕ ਮੁਲਤਾਨ ਦੇ ਖੇਤਰ ਤੋਂ ਚਲਕੇ ਮਾਲਵੇ ਵਿੱਚ ਆਏ। ਮਾਲਵੇ ਤੋਂ ਰਾਜਸਥਾਨ ਵਿੱਚ ਪਹੁੰਚੇ। ਅੰਤ ਹੌਲੀ–ਹੌਲੀ ਮੱਧ ਭਾਰਤ ਵਿੱਚ ਜਾਕੇ ਆਬਾਦ ਹੋ ਗਏ। ਮਲੋਈ ਕਬੀਲਿਆਂ ਨੇ ਆਪਣੇ ਗਣਰਾਜ ਕਾਇਮ ਕਰ ਲਏ। ਮਾਲਵਾ ਗਣਰਾਜ ਦੇ ਪੁਰਾਣੇ ਸਿੱਕੇ ਵੀ ਮਿਲਦੇ ਹਨ।

ਪਾਣਨੀ ਅਤੇ ਚੰਦਰ ਦੇ ਅਨੁਸਾਰ ਮਲੋਈ ਕਬੀਲੇ ਦੇ ਲੋਕ ਕਸ਼ਤਰੀ ਵੀ ਨਹੀਂ ਸਨ ਅਤੇ ਬ੍ਰਾਹਮਣ ਵੀ ਨਹੀਂ ਸਨ। ਇਹ ਮੱਧ ਏਸ਼ੀਆ ਤੋਂ ਭਾਰਤ ਵਿੱਚ ਆਇਆ ਇੱਕ ਵੱਖਰਾ ਹੀ ਕਬੀਲਾ ਸੀ। ਉਹ ਮੁਰਦਿਆਂ ਨੂੰ ਧਰਤੀ ਵਿੱਚ ਦੱਬ ਕੇ ਉਨ੍ਹਾਂ ਦੀਆਂ ਸਮਾਧਾਂ ਬਣਾ ਦਿੰਦੇ ਸਨ। ਉਹ ਦੀਵਾਲੀ ਅਤੇ ਖ਼ੁਸ਼ੀ ਦੇ ਮੌਕੇ ਆਪਣੇ ਜਠੇਰਿਆਂ ਦੀ ਪੂਜਾ ਵੀ ਕਰਦੇ ਸਨ। ਪ੍ਰਸਿੱਧ ਇਤਿਹਾਸਕਾਰ ਵੀ• ਏ• ਸਮਿਥ ਵੀ ਮਲੋਈ ਲੋਕਾਂ ਨੂੰ ਭਾਰਤ ਵਿੱਚ ਬਾਹਰੋਂ ਆਏ ਵਿਦੇਸ਼ੀ ਹੀ ਮੰਨਦਾ ਹੈ। ਪੁਰਾਣੇ ਸਮਿਆਂ ਵਿੱਚ ਮਲੋਈ ਕਬੀਲੇ ਦੇ ਲੋਕ ਉਤਰੀ ਤੇ ਮੱਧ ਭਾਰਤ ਵਿੱਚ ਦੂਰ ਦੂਰ ਤੱਕ ਆਬਾਦ ਸਨ। ਕੋਈ ਇਨ੍ਹਾਂ ਦਾ ਮੁਕਾਬਲਾ ਨਹੀਂ ਕਰਦਾ ਸੀ। ਇਹ ਬੜੇ ਲੜਾਕੇ ਤੇ ਯੋਧੇ ਸਨ। ਇਨ੍ਹਾਂ ਦੀ ਇੱਕ ਸ਼ਾਖਾ ਦੱਖਣ ਵੱਲ ਅੱਬੂ ਅਚਲਗੜ੍ਹ (ਸਰੋਹੀ) ਵਿੱਚ ਆਬਾਦ ਹੋ ਗਈ। ਜਿਨ੍ਹਾਂ ਵਿਚੋਂ ਮਹਾਨ ਸਮਰਾਟ ਬਿਕਰਮਾਦਿੱਤ ਹੋਇਆ। ਇਸੇ ਸ਼ਾਖ ਨੇ ਜੈਪੁਰ ਰਾਜ ਦੇ ਕਰਕੋਟ ਨਗਰ ਖੇਤਰ ਤੇ ਅਧਿਕਾਰ ਕਰ ਲਿਆ। ਇਸ ਇਲਾਕੇ ਵਿੱਚ ਇਨ੍ਹਾਂ ਦੇ ਰਾਜ ਦੇ ਪੁਰਾਣੇ ਸਿੱਕੇ ਵੀ ਮਿਲੇ ਹਨ। ਮਲੋਈ ਭਾਵ ਮਲ੍ਹੀ ਭਾਈਚਾਰੇ ਦੇ ਲੋਕ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਵਿੱਚ ਵੀ ਆਉਂਦੇ ਜਾਂਦੇ ਰਹਿੰਦੇ ਸਨ। ਵਿਦੇਸ਼ੀ ਹਮਲਿਆਂ ਤੇ ਕਾਲ ਪੈਣ ਕਾਰਨ ਜੱਟ ਕਬੀਲੇ ਅਕਸਰ ਹੀ ਇੱਕ ਥਾਂ ਤੋਂ ਉਠਕੇ ਦੂਜੀ ਥਾਂ ਦੂਰ ਤੱਕ ਚੱਲੇ ਜਾਂਦੇ ਸਨ। ਆਬਾਦੀਆਂ ਬਦਲਦੀਆਂ ਰਹਿੰਦੀਆਂ ਸਨ।

ਮਲ੍ਹੀ ਆਪਣਾ ਪਿੱਛਾ ਮਲ੍ਹੀ ਵਾਲਾ ਪਿੰਡ ਨਾਲ ਜੋੜਦੇ ਹਨ। ਜੋ ਉਜੜ ਕੇ ਤੇ ਥੇਹ ਬਣਕੇ ਦੁਆਬਾ ਵੱਸਿਆ ਸੀ। ਪਹਿਲੀ ਵਾਰ ਇਸ ਨੂੰ ਬਿਕਰਮਾ ਬੰਸੀ ਮਾਲੂ ਜਾਂ ਮਲ੍ਹੀ ਕੌਮ ਨੇ ਵਸਾਇਆ ਸੀ। ਇਥੇ ਇੱਕ ਪੁਰਾਣਾ ਕਿਲ੍ਹਾ ਵੀ ਹੁੰਦਾ ਸੀ। ਜਿਸ ਵਿਚੋਂ ਪੁਰਾਣੇ ਸਿੱਕੇ ਵੀ ਮਿਲੇ ਹਨ। ਕੋਕਰੀ ਮਲੀਆਂ, ਕੋਟ ਮਲਿਆਣਾ ਤੇ ਮਲ੍ਹਾ ਵੀ ਮਲ੍ਹੀਆਂ ਨੇ ਵਸਾਏ, ਚੁਘਾ ਕਲਾਂ ਤੇ ਬੜੇ ਸਿੱਧਵੀਂ ਆਦਿ ਪਿੰਡਾਂ ਵਿੱਚ ਵੀ ਮਲ੍ਹੀ ਆਬਾਦ ਹਨ। ਮਲ੍ਹੀ ਇੱਕ ਵੱਡਾ ਕਬੀਲਾ ਸੀ। ਇੱਕ ਹੋਰ ਰਵਾਇਤ ਅਨੁਸਾਰ ਮਲ੍ਹੀ ਭਾਈਚਾਰੇ ਦੇ ਲੋਕ ਦਿੱਲੀ ਦੇ ਰਾਜੇ ਸ਼ਾਹ ਸਰੋਆ ਦੀ ਬੰਸ ਵਿਚੋਂ ਹਨ। ਇਹ ਦਿੱਲੀ ਤੇ ਰਾਜਸਥਾਨ ਦੇ ਸਰੋਈ ਇਲਾਕੇ ਨੂੰ ਛੱਡਕੇ ਅੱਜ ਤੋਂ ਕਈ ਸੌ ਸਾਲ ਪਹਿਲਾਂ ਪੰਜਾਬ ਦੇ ਮਾਲਵਾ ਖੇਤਰ ਵਿੱਚ ਦੁਬਾਰਾ ਆਕੇ ਆਬਾਦ ਹੋ ਗਏ। ਹੂਣਾਂ ਅਤੇ ਮੁਸਲਮਾਨਾਂ ਦੇ ਹਮਲਿਆਂ ਸਮੇਂ ਪੰਜਾਬ ਵਿਚੋਂ ਕਈ ਜੱਟ ਕਬੀਲੇ ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਜਾਕੇ ਵੱਸ ਗਏ ਸਨ। ਮਲ੍ਹੀ ਗੋਤ ਦੇ ਲੋਕ ਢਿੱਲੋਂ, ਢੀਂਡਸਾ, ਸੰਘਾ ਤੇ ਦੋਸਾਂਝ ਗੋਤ ਦੇ ਜੱਟਾਂ ਨੂੰ ਆਪਣਾ ਭਾਈਚਾਰਾ ਸਮਝਦੇ ਹਨ। ਮਾਲਵੇ, ਮਾਝੇ ਵਿਚੋਂ ਲੰਘ ਕੇ ਮਲ੍ਹੀ ਦੁਬਾਰਾ ਫਿਰ ਸਿਆਲਕੋਟ ਤੇ ਗੁਜਰਾਂਵਾਲਾ ਆਦਿ ਤੱਕ ਚਲੇ ਗਏ ਸਨ।

ਪੰਜਾਬ ਵਿੱਚ ਮਲ੍ਹੀਆਂ ਨਾਮ ਦੇ ਕਈ ਪਿੰਡ ਹਨ। ਇੱਕ ਮਲ੍ਹੀਆਂ ਪਿੰਡ ਪਟਿਆਲੇ ਖੇਤਰ ਵਿੱਚ ਵੀ ਹੈ। ਇੱਕ ਬਹੁਤ ਹੀ ਪੁਰਾਣਾ ਪਿੰਡ ਮਲ੍ਹੀਆਂ ਵਾਲਾ ਹਲਕਾ ਬਰਨਾਲਾ ਜਿਲ੍ਹਾ ਸੰਗਰੂਰ ਵਿੱਚ ਹੈ। ਮਲ੍ਹੀਆ ਵਾਲਾ ਮੋਗੇ ਖੇਤਰ ਵਿੱਚ ਵੀ ਹੈ। ਦੁਆਬੇ ਵਿੱਚ ਵੀ ਇੱਕ ਮਲ੍ਹੀਆਂ ਪਿੰਡ ਬਹੁਤ ਪ੍ਰਸਿੱਧ ਹੈ। ਗੁਰਦਾਸਪੁਰ ਵਿੱਚ ਵੀ ਮਲ੍ਹੀਆਂ ਫਕੀਰਾਂ ਤੇ ਮਲ੍ਹੀਆਂ ਪਿੱਡ ਮਲ੍ਹੀ ਭਾਈਚਾਰੇ ਦੇ ਹੀ ਹਨ। ਮਾਝੇ ਦੇ ਗੁਰਦਾਸਪੁਰ ਖੇਤਰ ਵਿੱਚ ਮਲ੍ਹੀ ਗੋਤ ਦੇ ਜੱਟ ਕਾਫ਼ੀ ਵੱਸਦੇ ਹਨ। ਇੱਕ ਮਲ੍ਹੀਆਂ ਪਿੰਡ ਕਪੂਰਥਲਾ ਖੇਤਰ ਵਿੱਚ ਵੀ ਬਹੁਤ ਪ੍ਰਸਿੱਧ ਹੈ। ਅੰਮ੍ਰਿਤਸਰ ਖੇਤਰ ਵਿੱਚ ਵੀ ਮਲ੍ਹੀ ਕਾਫ਼ੀ ਹਨ। ਮਾਲਵੇ ਦੇ ਮੋਗਾ, ਲੁਧਿਆਣਾ ਅਤੇ ਸੰਗਰੂਰ ਆਦਿ ਖੇਤਰਾਂ ਵਿੱਚ ਮਲ੍ਹੀ ਭਾਈਚਾਰੇ ਦੇ ਲੋਕ ਪੁਰਾਣੇ ਸਮੇਂ ਤੋਂ ਹੀ ਆਬਾਦ ਸਨ। ਕਿਸੇ ਸਮੇਂ ਲੁਧਿਆਣੇ ਦੇ ਮਲੋਦ ਖੇਤਰ ਤੇ ਵੀ ਮੁਲਤਾਨ ਦੇ ਮਲ੍ਹਾ ਜਾਂ ਮਲ੍ਹੀ ਕਬੀਲੇ ਦਾ ਕਬਜ਼ਾ ਰਿਹਾ ਹੈ।

ਜਦੋਂ ਖਹਿਰੇ ਮਾਲਵੇ ਵਿੱਚ ਆਏ ਤਾਂ ਮਲ੍ਹੀਆਂ ਨਾਲ ਲੜਾਈਆਂ ਕਰਕੇ ਮਲ੍ਹੀਆਂ ਦੇ ਪ੍ਰਸਿੱਧ ਪਿੰਡ ਮਲਾ ਅਤੇ ਚੜਿਕ ਬਰਬਾਦ ਕਰ ਦਿੱਤੇ। 12ਵੀਂ ਸਦੀ ਈਸਵੀਂ ਵਿੱਚ ਮਲਿਆਣੇ ਵਾਲਿਆਂ ਵਿਚੋਂ ਲਛਮਣ ਸਿੱਧ ਬੜਾ ਸ਼ਕਤੀਸ਼ਾਲੀ ਸੀ। ਉਸ ਨੇ ਚੜਿਕ ਅਤੇ ਅਸ਼ਟਾਂਗ ਕੋਟ ਪਿੰਡ ਦੁਬਾਰਾ ਵਸਾਏ ਸਨ। ਚੜਿਕ ਆਪਣੇ ਭਤੀਜੇ ਸੰਘੇ ਨੂੰ ਦੇ ਦਿੱਤਾ ਸੀ। ਲਛਮਣ ਸਿੱਧ ਆਪ ਅਸ਼ਟਾਂਗ ਕੋਟ ਰਹਿੰਦਾ ਸੀ। ਗਜ਼ਨੀ ਵਾਲਿਆਂ ਨੂੰ ਮਾਲਵੇ ਵਿਚੋਂ ਕੱਢਣ ਲਈ ਲਛਮਣ ਸਿੱਧ ਵੀ ਜੱਗਦੇਉ ਪਰਮਾਰ ਨਾਲ ਰਲ ਗਿਆ। ਇਹ ਗੌਰੀਆਂ ਦੇ ਬਠਿੰਡਾ ਮਾਰਨ ਦੇ ਸਮੇਂ ਵੀ ਉਨ੍ਹਾਂ ਦੇ ਵਿਰੁੱਧ ਲੜੇ ਸਨ। ਇਸ ਲੜਾਈ ਵਿੱਚ ਰਾਜਪੂਤਾਂ ਜੱਟਾਂ ਦਾ ਬਹੁਤ ਨੁਕਸਾਨ ਹੋਇਆ ਸੀ। ਰਾਜਪੂਤ ਦੇ ਜੱਟ ਇਕੋ ਨਸਲ ਵਿਚੋਂ ਹਨ। ਅਸਲ ਵਿੱਚ ਜੱਟ ਹੀ ਰਾਜਪੂਤਾਂ ਦੇ ਮਾਪੇ ਹਨ।

ਗੌਰੀਆਂ, ਭੱਟੀਆਂ ਤੇ ਖਹਿਰਿਆਂ ਨੇ ਲਛਮਣ ਸਿੱਧ ਦੇ ਭਾਈਚਾਰੇ ਦੇ ਪਿੰਡ ਅੱਗਾਂ ਲਾਕੇ ਫੂਕ ਦਿੱਤੇ। ਚੜਿਕ ਦੇ ਸਥਾਨ ਤੇ ਭਾਰੀ ਯੁੱਧ ਹੋਇਆ। ਲਛਮਣ ਸਿੱਧ ਦਾ ਸੀਸ ਚੜਿਕ ਡਿੱਗਿਆ ਤੇ ਧੜ ਮੁਸਤਫਾ ਕੋਲ ਆਕੇ ਡਿੱਗਿਆ। ਦੋਹੀਂ ਥਾਈਂ ਇਸ ਸਿੱਧ ਦੀਆਂ ਮੜ੍ਹੀਆਂ ਬਣੀਆਂ ਹਨ। ਇਸ ਭਾਈਚਾਰੇ ਦੇ ਲੋਕ ਇਨ੍ਹਾਂ ਮੜ੍ਹੀਆਂ ਨੂੰ ਪੂਜਦੇ ਹਨ।

ਮੋਰੀਆ ਕਾਲ ਦੇ ਪ੍ਰਸਿੱਧ ਯਾਤਰੀ ਮੈਗਸਥਨੀਜ ਨੇ ਵੀ ਲਿਖਿਆ ਹੈ ਕਿ ਮਲ੍ਹੀ ਲੋਕ ਆਪਣੇ ਵਡੇਰਿਆਂ ਦੀ ਸਮਾਧ ਬਣਾ ਕੇ ਉਸ ਦੀ ਪੂਜਾ ਕਰਦੇ ਸਨ। ਚਹਿਲ, ਗਿੱਲ, ਸੰਧੂ, ਢਿੱਲੋਂ ਆਦਿ ਜੱਟ ਵੀ ਆਪਣੇ ਵਡੇਰਿਆਂ ਦੀ ਖ਼ੁਸ਼ੀ ਸਮੇਂ ਖਾਸ ਪੂਜਾ ਕਰਦੇ ਸਨ।

ਲੁਧਿਆਣੇ ਦੇ ਮਲ੍ਹੀ ਜੱਟ ਵੀ ਪੱਬੀਆਂ ਦੇ ਸਥਾਨ ਤੇ ਆਪਣੇ ਵਡੇਰੇ ਲਛਮਣ ਸਿੱਧ ਦੀ ਮਾੜੀ ਦੀ ਮਾਨਤਾ ਕਰਦੇ ਹਨ। ਚੌਦਾਂ ਚੇਤ ਨੂੰ ਮੋਗੇ ਜਿਲ੍ਹੇ ਦੇ ਪਿੰਡ ਮਾੜੀ ਵਿੱਚ ਲਛਮਣ ਸਿੱਧ ਦੇ ਮੰਦਿਰ ਵਿੱਚ ਭਾਰੀ ਸਲਾਨਾ ਮੇਲਾ ਲੱਗਦਾ ਹੈ। ਲਛਮਣ ਸਿੱਧ ਮਲ੍ਹੀ ਜੱਟ ਸੀ। ਮਾੜੀ ਦੇ ਮਲ੍ਹੀ ਜੱਟ ਮੰਦਿਰ ਵਿੱਚ ਹਰ ਸ਼ਾਮ ਦੀਵਾ ਬਾਲਦੇ ਹਨ। ਮੰਦਿਰ ਵਿੱਚ ਕੋਈ ਮੂਰਤੀ ਨਹੀਂ ਰੱਖਦੇ। ਪੂਜਾ ਦਾ ਮਾਲ ਮਲ੍ਹੀ ਜੱਟ ਹੀ ਆਪਣੇ ਪਾਸ ਰੱਖ ਲੈਂਦੇ ਹਨ। ਜੋਗ ਮੱਤ ਅਨੁਸਾਰ 9 ਨਾਥ ਤੇ 84 ਸਿੱਧ ਸਨ।

ਸਿਆਲਕੋਟ ਦੇ ਮਲ੍ਹੀ ਆਪਣਾ ਪਿੱਛਾ ਸਰੋਹਾ ਰਾਜਪੂਤਾਂ ਨਾਲ ਜੋੜਦੇ ਹਨ। ਉਨ੍ਹਾਂ ਅਨੁਸਾਰ ਉਨ੍ਹਾਂ ਦਾ ਵਡੇਰਾ ਮਲ੍ਹੀ ਆਪਣੇ ਸੱਤਾਂ ਪੁੱਤਰਾਂ ਸਮੇਤ ਪੰਜਾਬ ਵਿੱਚ ਚਰਵਾਹਿਆਂ ਦੇ ਤੌਰ ਤੇ ਵਸਿਆ ਸੀ। ਸੱਤਾਂ ਪੁੱਤਰਾਂ ਦੇ ਨਾਮ ਤੇ ਮਲ੍ਹੀਆਂ ਦੀਆਂ ਸੱਤ ਮੂੰਹੀਆਂ ਸਨ।

ਇਨ੍ਹਾਂ ਦੇ ਰਸਮ ਰਿਵਾਜ ਗੁਰਾਇਆਂ ਨਾਲ ਰਲਦੇ ਮਿਲਦੇ ਹਨ।

ਗੁਰਾਇ ਵੀ ਸਰੋਆ ਰਾਜਪੂਤਾਂ ਵਿਚੋਂ ਹਨ। ਇਨ੍ਹਾਂ ਦੇ ਪਰੋਹਤ ਨਾਈ, ਮਰਾਸੀ ਆਦਿ ਹੁੰਦੇ ਹਨ। ਕਈ ਵਾਰ ਕੋਈ ਵੀ ਪਰੋਹਤ ਨਹੀਂ ਰੱਖਿਆ ਹੁੰਦਾ। ਮਲ੍ਹੀ ਦੀ ਬੰਸ ਦੇ ਇੱਕ ਮੁੱਖੀਏ ਮਿਲਾਂਬਰ ਨੇ ਕਸੂਰ ਕੋਲ ਅਚਰਕ ਪਿੰਡ ਵਸਾਇਆ। ਮਲ੍ਹੀ ਅੰਮ੍ਰਿਤਸਰ ਦੇ ਗੁਰਦਾਸਪੁਰ ਖੇਤਰਾਂ ਵਿੱਚ ਵੀ ਹਨ। ਹਿਮਾਯੂੰ ਦੇ ਸਮੇਂ ਵਰਸੀ ਮਲ੍ਹੀ ਦਾ ਪੋਤਰਾ ਰਾਮ ਗੁਜਰਾਂਵਾਲੇ ਦੇ ਖੇਤਰ ਵਿੱਚ ਵਿਰਕ ਜੱਟਾਂ ਦੇ ਘਰ ਵਿਆਹਿਆ ਗਿਆ ਤੇ ਦਾਜ ਵਜੋਂ ਮਿਲੀ ਜ਼ਮੀਨ ਤੇ ਉਥੇ ਹੀ ਆਬਾਦ ਹੋ ਗਿਆ। ਗੁਜਰਾਂਵਾਲੇ ਜਿਲ੍ਹੇ ਵਿੱਚ ਮਲ੍ਹੀਆਂ ਦੇ ਪੰਜ ਗੁਰਾਈਆਂ ਤੇ ਕਾਮੋ ਮਲ੍ਹੀ ਆਦਿ 12 ਪਿੰਡ ਸਨ। ਸਾਂਦਲਬਾਰ ਵਿੱਚ ਬਦੋ ਮਲ੍ਹੀ, ਚੀਚੋ ਕਾ ਮਲ੍ਹੀਆਂ, ਦਾਉ ਕੀ ਮਲ੍ਹੀਆਂ, ਆਦਿ ਕਾਫ਼ੀ ਪਿੰਡ ਮਲ੍ਹੀ ਭਾਈਚਾਰੇ ਦੇ ਸਨ। ਕਸੂਰ ਦੇ ਖੇਤਰ ਵਿੱਚ ਵੀ ਨਾਹਰਾ ਮਲ੍ਹੀਆਂ ਦਾ ਪੁਰਾਣਾ ਤੇ ਮੋਢੀ ਪਿੰਡ ਸੀ। ਮਲ੍ਹੀਆਂ ਦੀਆਂ ਚੀਮਾ ਤੇ ਵੜਾਇਚ ਜੱਟਾਂ ਨਾਲ ਵੀ ਰਿਸ਼ਤੇਦਾਰੀਆਂ ਸਨ। ਸਿਆਲਕੋਟ ਤੇ ਗੁਜਰਾਂਵਾਲਾ ਵਿੱਚ ਮਲ੍ਹੀ ਜੱਟਾਂ ਦੀਆਂ ਕਈ ਬਸਤੀਆਂ ਸਨ। ਮਲ੍ਹੀ ਜੱਟ ਸਾਰੇ ਪੰਜਾਬ ਵਿੱਚ ਮਿਲਦੇ ਹਨ। ਜਿਲ੍ਹਾ ਸ਼ਾਹਪੁਰ ਤੇ ਝੰਗ ਵਿੱਚ ਮੁਸਲਮਾਨ ਮਲ੍ਹੀ ਜੱਟਾਂ ਦੀ ਬਹੁਤ ਗਿਣਤੀ ਸੀ। ਪੱਛਮੀ ਪੰਜਾਬ ਵਿੱਚ ਮਲ੍ਹੀਆਂ ਦੀਆਂ ਹਜ਼ਰਾਵਾਂ ਨਾਲ ਕਈ ਲੜਾਈਆਂ ਹੋਈਆਂ।

ਹਜ਼ਰਾਵਾਂ ਨੇ ਮਲ੍ਹੀਆਂ ਤੋਂ ਕਈ ਪਿੰਡ ਖੋਹ ਲਏ। ਹੱਜ਼ਰਾ ਜੱਟ ਮਲ੍ਹੀਆਂ ਤੋਂ ਵੀ ਵੱਧ ਤਾਕਤਵਾਰ ਤੇ ਖਾੜਕੂ ਸਨ। ਪੱਛਮੀ ਪੰਜਾਬ ਵਿੱਚ ਬਹੁਤੇ ਮਲ੍ਹੀ ਜੱਟ ਮੁਸਲਮਾਨ ਬਣ ਗਏ ਸਨ। ਪੂਰਬੀ ਪੰਜਾਬ ਵਿੱਚ ਸਾਰੇ ਮਲ੍ਹੀ ਜੱਟ ਸਿੱਖ ਹਨ। ਮਲ੍ਹੀ ਜੱਟਾਂ ਦੀ ਗਿਣਤੀ ਬੇਸ਼ੱਕ ਘੱਟ ਹੈ। ਪਰ ਸਾਰੇ ਪੰਜਾਬ ਵਿੱਚ ਦੂਰ–ਦੂਰ ਤੱਕ ਫੈਲੇ ਹੋਏ ਹਨ। ਦੁਆਬੇ ਵਿਚੋਂ ਬਹੁਤੇ ਮਲ੍ਹੀ ਜੱਟ ਬਾਹਰਲੇ ਦੇਸ਼ਾਂ ਵਿੱਚ ਚਲੇ ਗਏ ਹਨ। ਮਲ੍ਹੀ ਜੱਟਾਂ ਦਾ ਬਹੁਤ ਹੀ ਪੁਰਾਣਾ ਤੇ ਪ੍ਰਸਿੱਧ ਗੋਤ ਹੈ। ਮਲ੍ਹੀ, ਮਲ, ਮਲੋਈ, ਮਾਲਵ ਜੱਟਾਂ ਦਾ ਇੱਕ ਹੀ ਮਾਲਵ ਪ੍ਰਦੇਸ਼ ਸੀ। ਰਾਮਾਇਣ ਕਾਲ ਵਿੱਚ ਉਤਰੀ ਭਾਰਤ ਵਿੱਚ ਕੇਵਲ ਇੱਕ ਹੀ ਮਾਲਵ ਪ੍ਰਦੇਸ਼ ਸੀ। ਰਾਮਾਇਣ ਕਾਲ ਦਾ ਸਮਾਂ ਈਸਾ ਤੋਂ ਲਗਭਗ ਇੱਕ ਹਜ਼ਾਰ ਸਾਲ ਪਹਿਲਾਂ ਦਾ ਹੈ। ਉਸ ਸਮੇਂ ਇਸ ਖੇਤਰ ਵਿੱਚ ਮਲ ਜਾਂ ਮਾਲਵ ਜੱਟ ਰਹਿੰਦੇ ਸਨ। ਪ੍ਰਾਚੀਨ ਕਾਲ ਸਮੇਂ ਜੱਟ ਕੈਸਪੀਅਨ ਸਾਗਰ ਤੋਂ ਲੈ ਕੇ ਉਤਰੀ ਭਾਰਤ ਤੱਕ ਦੂਰ–ਦੂਰ ਤੱਕ ਆਬਾਦ ਸਨ।

ਭਗਤ ਕਿਸਾਨ ਕਬੀਲਾ ਸੀ। ਜਾਟ ਇਤਿਹਾਸਕਾਰ ਪ੍ਰਿੰਸੀਪਲ ਹੁਕਮ ਸਿੰਘ ਪਾਵਾਰ ਰੋਹਤਕ ਅਨੁਸਾਰ ਗੁੱਰ ਨੌਵੀਂ ਸਦੀ, ਅਤੇ ਰਾਜਪੂਤ ਗਿਆਰ੍ਹਵੀਂ ਸਦੀ ਦੇ ਲਗਭਗ ਜੱਟਾਂ ਤੋਂ ਵੱਖ ਹੋਏ ਸਨ। ਜੱਟ ਹੀ ਸਭ ਤੋਂ ਪੁਰਾਤਨ ਕਬੀਲੇ ਹਨ।

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com