WWW 5abi.com  ਸ਼ਬਦ ਭਾਲ

ਨਾਵਲ
ਸੱਜਰੀ
ਪੈੜ ਦਾ ਰੇਤਾ
ਸ਼ਿਵਚਰਨ ਜੱਗੀ ਕੁੱਸਾ

ਕਾਂਡ 1 ਕਾਂਡ 2 ਕਾਂਡ 3 ਕਾਂਡ 4 ਕਾਂਡ 5 ਕਾਂਡ 6 ਕਾਂਡ 7 ਕਾਂਡ 8
ਕਾਂਡ 9 ਕਾਂਡ 10 ਕਾਂਡ 11 ਕਾਂਡ 12 ਕਾਂਡ 13 ਕਾਂਡ 14 ਕਾਂਡ 15 ਕਾਂਡ 16
ਕਾਂਡ 17 ਕਾਂਡ 18 ਕਾਂਡ 19 ਕਾਂਡ 20        
ਕਾਂਡ 14
ਧੀ ਭੈਣ ਕਾ ਜੋ ਪੈਸਾ ਖਾਵੈ
ਕਹੈ ਗੋਬਿੰਦ ਸਿੰਘ ਨਰਕ ਕੋ ਜਾਵੈ
(ਰਹਿਤਨਾਮਾ)


ਪੁਲੀਸ ਨੇ ਬੁੱਕਣ ਦਾ ਕੇਸ ਅਦਾਲਤ ਸਪੁਰਦ ਕਰ ਦਿੱਤਾ ਸੀ।

ਹੋਮ ਆਫਿ਼ਸ ਨੇ ਕੁਦਰਤੀਂ, ਚੰਗੇ ਭਾਗਾਂ ਨੂੰ ਅਦਾਲਤ ਦੀ ਕਾਰਵਾਈ ਤੋਂ ਪਹਿਲਾਂ ਬੁੱਕਣ ਦਾ ਵੀਜ਼ਾ ਵਧਾ ਦਿੱਤਾ ਸੀ। ਲੋੜੀਂਦੀਆਂ ਕਾਰਵਾਈਆਂ ਕਰਦਿਆਂ ਬੁੱਕਣ, ਬੁੱਕਣ ਸਿੰਘ ਸੰਧੂ ਬਣ ਗਿਆ।

ਹਨੀ ਗੋਰੇ ਡਿਊਟੀ ਮੈਨੇਜਰ ਨਾਲ ਪਹਿਲੇ ਦਿਨ ਤੋਂ ਹੀ ਅੱਖ ਮਟੱਕਾ ਕਰਦੀ ਰਹਿੰਦੀ ਸੀ। ਪਰ ਹੁਣ ਤਾਂ ਬੁੱਕਣ ਦਾ ਕੰਮ ਛੁੱਟ ਗਿਆ ਸੀ, ਉਸ ਨੂੰ ਮੈਨੇਜਰ ਦੀ ਹੋਰ ਵੀ ਸਖ਼ਤ ਜ਼ਰੂਰਤ ਸੀ..? ਖੁੱਲ੍ਹੀਆਂ ਬਹਾਰਾਂ ਵਰਤਦੀ ਹਨੀ ਇਕ ਦਿਨ ਸ਼ਰੇਆਮ ਹੀ ਮੈਨੇਜਰ ਅੱਗੇ 'ਨਿਲਾਮ' ਹੋ ਗਈ...! ਮੈਨੇਜਰ ਹਨੀ ਦੀ ਆਪਣੇ ਨਾਲ ਹੀ ਡਿਊਟੀ ਲਾਉਂਦਾ ਸੀ। ਜਦ ਦਿਲ ਕਰਦਾ ਉਹ ਹਨੀ ਨੂੰ 'ਬੈਕ-ਆਫਿ਼ਸ' ਵਿਚ ਲੈ ਵੜਦਾ ਅਤੇ ਬਾਹਰ 'ਡੋਂਟ ਡਿਸਟਰਬ' ਦੀ ਫ਼ੱਟੀ ਲਮਕਾ ਕੇ ਕੁੰਡੀ ਚਾੜ੍ਹ ਲੈਂਦਾ...! ਇਕ ਸਿੱਧੀ-ਸਾਦੀ ਪੇਂਡੂ ਕੁੜੀ ਇੰਗਲੈਂਡ ਦਾ ਪਾਣੀ ਪੀ ਕੇ 'ਘਾਗ' ਔਰਤ ਬਣ ਗਈ ਸੀ..! ਸਮਾਂ ਆਦਮੀ ਨੂੰ ਤੁਰਨਾ ਸਿਖਾਉਂਦਾ ਹੈ। ਪਰ ਰਮਣੀਕ ਨੂੰ ਇਸ ਦੀ ਕੋਈ ਖ਼ਬਰ ਨਹੀਂ ਸੀ। ਟੈਂਕ ਜਿੱਡਾ ਗੋਰਾ ਮੈਨੇਜਰ ਹਨੀ ਨੂੰ ਹਰ ਰੋਜ ਘੰਟਾ-ਘੰਟਾ ਰੂੰ ਵਾਂਗ ਪਿੰਜਦਾ। ਹਨੀ ਦਾ ਕੰਮ ਹੋਰ ਔਰਤਾਂ ਕਰਦੀਆਂ। ਪਰ ਮੂੰਹ ਕੋਈ ਵੀ ਨਾ ਖੋਲ੍ਹਦੀ! ਮੈਨੇਜਰ ਨਾਲ ਦੁਸ਼ਮਣੀਂ, ਸਮੁੰਦਰ ਵਿਚ ਰਹਿ ਕੇ ਮਗਰਮੱਛ ਨਾਲ ਵੈਰ ਪਾਉਣ ਦੇ ਬਰਾਬਰ ਸੀ। ਨੌਕਰੀ ਜਾਣ ਦਾ ਖ਼ਤਰਾ ਸੀ।

ਹਨੀ ਹੁਣ ਇਕ ਤਰ੍ਹਾਂ ਨਾਲ ਮੈਨੇਜਰ ਦੀ ਕੰਮ ਕਰਨ ਵਾਲ਼ੀ ਵਰਕਰ ਨਹੀਂ, 'ਰਖੇਲ' ਬਣ ਕੇ ਰਹਿ ਗਈ ਸੀ! ਮੈਨੇਜਰ ਹਨੀ ਦਾ ਕਾਰਡ ਆਪਣੇ ਕੋਲ਼ ਹੀ ਰੱਖਦਾ। ਉਹ ਹਨੀ ਦਾ ਕਾਰਡ ਉਸ ਦੇ ਚਲੀ ਜਾਣ ਤੋਂ ਤਿੰਨ ਚਾਰ ਘੰਟੇ ਬਾਅਦ 'ਪੰਚ' ਕਰਦਾ। ਇਸ ਨਾਲ਼ ਹਨੀ ਦਾ 'ਓਵਰਟਾਈਮ' ਲੱਗ ਜਾਂਦਾ, ਜਿਹੜਾ ਉਸ ਨੇ ਕਦੇ ਕੀਤਾ ਹੀ ਨਹੀਂ ਸੀ। ਹਰ ਰੋਜ਼ ਤਿੰਨ ਚਾਰ ਘੰਟੇ ਓਵਰਟਾਈਮ ਦੇ ਪੈਸੇ ਹਨੀ ਦੇ ਅਕਾਊਂਟ ਵਿਚ ਆ ਡਿੱਗਦੇ। ਉਸ ਦੀਆਂ ਪੰਜੇ ਘਿਉ ਵਿਚ ਸਨ। ਮੈਨੇਜਰ ਦੀ ਮਿੰਨਤ ਕਰ ਕੇ ਹਨੀ ਨੇ ਬੁੱਕਣ ਨੂੰ ਆਪਣੇ ਨਾਲ ਹੀ ਕੰਮ 'ਤੇ ਰਖਵਾ ਲਿਆ। ਉਹਨਾਂ ਦੀਆਂ ਪੌਂ ਬਾਰਾਂ ਹੋ ਗਈਆਂ। ਪੰਜੇ ਉਂਗਲਾਂ ਘਿਉ ਵਿਚ ਹੋਣ ਦੇ ਨਾਲ਼ ਨਾਲ਼ ਹੁਣ ਉਸ ਦਾ ਸਿਰ ਵੀ ਕੜਾਹੀ ਵਿਚ ਜਾ ਪਿਆ ਸੀ। ਹੁਣ ਹਨੀ ਰਮਣੀਕ ਨੂੰ ਡੱਕਾ ਦਬਾਲ਼ ਨਹੀਂ ਸੀ। ਸਮਝਦੀ ਤਾਂ ਉਹ ਉਸ ਨੂੰ ਪਹਿਲਾਂ ਵੀ ਕੱਖ ਨਹੀਂ ਸੀ। ਪਰ ਹੁਣ ਤਾਂ ਭੈਣ ਭਰਾ ਇੱਕੋ ਥਾਂ ਕੰਮ ਕਰਦੇ ਹੋਣ ਕਰਕੇ ਹੁਣ ਹਨੀ ਦੇ ਰੱਬ ਯਾਦ ਨਹੀਂ ਰਿਹਾ ਸੀ। ਅੰਗਰੇਜ਼ੀ ਪੱਖੋਂ ਉਹ ਮਾਰ ਨਹੀਂ ਖਾਂਦੀ ਸੀ।

ਹੁਣ ਹਨੀ ਬੁੱਕਣ ਨੂੰ ਰਮਣੀਕ ਦੇ ਖਿ਼ਲਾਫ਼ ਤਰ੍ਹਾਂ-ਤਰ੍ਹਾਂ ਦੇ ਦੋਸ਼ ਲਾ ਕੇ ਰੇਤਦੀ ਰਹਿੰਦੀ। ਅੱਗਿਓਂ ਬੁੱਕਣ ਵੀ ਪੂਰਾ ਲਾਈਲੱਗ ਬੰਦਾ ਸੀ। ਹਨੀ ਦੀ ਪੈੜ ਵਿਚ ਪੈਰ ਧਰਦਾ, ਰਮਣੀਕ ਦੀ ਹਰ ਗੱਲ ਵੱਢਵੀਂ ਕਰਨ ਲੱਗ ਪਿਆ। ਦਾੜ੍ਹੀ ਮੁੱਛਾਂ ਉਸ ਨੇ ਰਗੜ ਕੇ ਮੂੰਹ ਖੁਸਰੇ ਦੀ ਅੱਡੀ ਵਰਗਾ ਕੱਢ ਲਿਆ ਸੀ। ਨਾ ਚੋਰ ਲੱਗੇ ਨਾ ਕੁੱਤੀ ਭੌਂਕੇ...! ਧੌਲ਼ੇ ਪੱਟਣ ਜਾਂ ਕਾਲੇ ਕਰਨ ਦਾ ਯੱਭ ਹੀ ਨਬੇੜ ਧਰਿਆ ਸੀ। ਰਮਣੀਕ ਦੀ ਲਿਆਂਦੀ ਬੋਤਲ ਬੁੱਕਣ ਚਾਰ ਪੈੱਗਾਂ ਵਿਚ ਹੀ ਜੜ੍ਹੀਂ ਲਾ ਦਿੰਦਾ। ਜਦੋਂ ਰਮਣੀਕ ਕੰਮ ਤੋਂ ਆਉਂਦਾ, ਥਕੇਵਾਂ ਲਾਹੁਣ ਵਾਸਤੇ ਬੋਤਲ ਨੂੰ ਅਹੁਲ਼ਦਾ ਤਾਂ ਖਾਲੀ ਬੋਤਲ ਦੇਖ ਕੇ ਪਿਆਸੇ ਕਾਂ ਵਾਂਗ ਝਾਕਦਾ। ਕਰ ਉਹ ਕੁਝ ਵੀ ਨਹੀਂ ਸਕਦਾ ਸੀ। ਅੰਦਰੋ ਅੰਦਰੀ ਕੋਲੇ ਵਾਂਗ ਧੁਖ਼ਦਾ ਰਹਿੰਦਾ। ਇਕ ਦਿਨ ਰਮਣੀਕ ਬਾਹਰੋਂ ਹੀ ਪੀ ਕੇ ਆ ਗਿਆ। ਕਿਚਨ ਵਿਚ ਜਾ ਕੇ ਉਸ ਨੇ ਬੋਤਲ ਦੇਖੀ ਤਾਂ ਬੋਤਲ ਛੜੇ ਦੇ ਚੁੱਲ੍ਹੇ ਵਾਂਗ ਖਾਲੀ-ਖਾਲੀ ਝਾਕ ਰਹੀ ਸੀ। ਰਮਣੀਕ ਨੂੰ ਚੇਹ ਚੜ੍ਹ ਗਈ। ਉਸ ਨੇ ਕੌੜ ਬੋਤੇ ਵਾਂਗ ਦੰਦ ਪੀਹੇ। ਬੁੱਕਣ ਡਰਾਇੰਗ-ਰੂਮ ਵਿਚ 'ਬਾਬੂ' ਬਣਿਆਂ ਬੈਠਾ ਸੀ। ਰਮਣੀਕ ਨੂੰ ਹੋਰ ਕਰੋਧ ਚੜ੍ਹ ਗਿਆ।

-"ਗੱਲ ਸੁਣ ਉਏ ਸਾਲਿ਼ਆ ਲੇਡਿਆ ਜਿਆ...!" ਉਹ ਸਾਹਣ ਵਾਂਗ ਭੂਸਰਿਆ ਬੁੱਕਣ ਮੂਹਰੇ ਜਾ ਖੜ੍ਹਿਆ।
-"ਖਾਣ ਦਾ ਤੈਥੋਂ ਕੋਈ ਖਰਚਾ ਨਹੀਂ ਲੈਂਦੇ, ਰਹੀ ਤੂੰ ਮੁਫ਼ਤ ਜਾਨੈਂ, ਤੇ ਸਾਲਿ਼ਆ ਉਤੋਂ ਮੇਰੀ ਦਾਰੂ ਵੀ ਸੜ੍ਹਾਕ ਧਰਦੈਂ..? ਇਹ ਕੀ ਲੱਛਣ ਫੜਿਐ ਤੂੰ...?" ਰਮਣੀਕ ਚੰਗਿਆੜੇ ਛੱਡੀ ਜਾ ਰਿਹਾ ਸੀ। ਪਰ ਬੁੱਕਣ ਸਿ਼ਵ ਜੀ ਮਹਾਰਾਜ ਦੇ ਬੁੱਤ ਵਾਂਗੂੰ ਅਹਿਲ ਬੈਠਾ ਰਿਹਾ। ਦਾਰੂ ਦਾ ਨਸ਼ਾ ਉਸ ਦੀਆਂ ਅੱਖਾਂ ਵਿਚ ਕਲੋਲਾਂ ਕਰ ਰਿਹਾ ਸੀ। ਰਮਣੀਕ ਦੇ ਸਿਰ ਨੂੰ ਹੋਰ ਫ਼ਤੂਰ ਚੜ੍ਹ ਗਿਆ।
-"ਤੂੰ ਬੋਲਦਾ ਨਹੀਂ ਉਏ ਸਾਲਿ਼ਆ ਚੱਪਣਾਂ ਜਿਆ...? ਚੰਗਾ ਭਲਾ ਤੂੰ ਕਮਾਈ ਕਰਦੈਂ, ਆਪ ਦੀ ਲਿਆ ਕੇ ਪੀਆ ਕਰ...! ਜੇ ਬੰਦਾ ਕੰਮ ਨਾ ਕਰਦਾ ਹੋਵੇ, ਆਦਮੀ ਤਾਂ ਵੀ ਕਹੇ...! ਅੱਗੋਂ ਸਾਲ਼ਾ ਮੁਫ਼ਤ ਦੀ ਪੀ ਕੇ ਗੋਹ-ਗਹੀਰਾ ਬਣਿਆ ਬੈਠੈ...।"
-"ਇਹ ਤਾਂ ਇਉਂ ਈ ਪੀਊ...! ਤੂੰ ਕੌਣ ਹੁੰਨੈਂ ਇਹਨੂੰ ਹਟਾਉਣ ਆਲਾ...?" ਉਪਰੋਂ ਹਨੀ ਨੇ ਅਜ਼ੀਬ ਹੀ ਅਕਾਸ਼ਬਾਣੀ ਕੀਤੀ।
-"ਇਹ ਐਹਨਾਂ ਕੰਜਰਖਾਨਿਆਂ ਨੂੰ ਪੱਲਿਓਂ ਪੈਸੇ ਲਾ ਕੇ ਮੰਗਵਾਇਆ ਸੀ ਕੁੱਤੀਏ ਰੰਨੇ...? ਮੈਂ ਇਹਨੂੰ ਆਪਦੇ ਘਰੇ ਈ ਨਹੀਂ ਰੱਖਣਾ, ਚੱਲ ਨਿਕਲ਼ ਬਾਹਰ ਉਏ...! ਨਿਕਲ ਮੇਰੇ ਘਰੋਂ ਮੇਰਿਆ ਸਾਲਿ਼ਆ...!"
-"ਤੂੰ ਘਰ ਦਾ ਸਾਲ਼ਾ ਲੱਗਦੈਂ...? ਘਰ ਮੇਰੇ ਨਾਂ ਐਂ...! ਬਾਹਲੀ ਚੀਂ-ਫ਼ੀਂ ਕੀਤੀ, ਪੁਲਸ ਬੁਲਾ ਕੇ ਬਾਹਰ ਵੀ ਮਾਰੂੰ...!"

ਰਮਣੀਕ ਨੂੰ ਯਾਦ ਆਇਆ ਕਿ ਜਦੋਂ ਉਹ ਘਰਦਿਆਂ ਨਾਲ਼ੋਂ ਅੱਡ ਹੋਇਆ ਸੀ, ਤਾਂ ਉਸ ਨੇ ਇਹ ਮਕਾਨ ਹਨੀ ਦੇ ਨਾਂ 'ਤੇ ਲਿਆ ਸੀ। ਉਸ ਦਿਨ ਉਸ ਦੀ ਮਾਂ ਅਤੇ ਵੱਡੇ ਭਰਾ ਨੇ ਰੋਕਿਆ ਸੀ, "ਇਹ ਬੜੀ ਚੰਟ ਔਰਤ ਐ ਰੰਮੀ...! ਬਚ ਕੇ ਮੋੜ ਤੋਂ...! ਇਹ ਲਾਹਾ ਲੈ ਕੇ ਤੇਰ ਪੁੜਿਆਂ 'ਤੇ ਲੱਤ ਮਾਰੂ...!" ਭਰਾ ਨੇ ਸਮਝਾਇਆ ਸੀ। ਪਰ ਰਮਣੀਕ ਨੇ ਕਿਸੇ ਦੀ ਇਕ ਨਹੀਂ ਮੰਨੀ ਸੀ। ਘਰ ਹਨੀ ਦੇ ਨਾਂ 'ਤੇ ਹੀ ਲੈ ਲਿਆ ਸੀ ਅਤੇ ਘਰਦਿਆਂ ਨਾਲੋਂ ਅੱਡ ਹੋ ਗਿਆ ਸੀ। ਅੱਜ ਉਸ ਨੂੰ ਪਛਤਾਵਾ ਹੋਇਆ ਕਿ ਘਰ ਹਨੀ ਦੇ ਨਾਂ 'ਤੇ ਖਰੀਦਣਾਂ ਅਤੇ ਬੁੱਕਣ ਨੂੰ ਇੰਗਲੈਂਡ ਮੰਗਵਾਉਣ ਵਾਲ਼ੀਆਂ ਉਹ ਦੋ ਵੱਡੀਆਂ ਗਲਤੀਆਂ ਕਰ ਬੈਠਾ ਸੀ।

-"ਤੂੰ ਤਾਂ ਭੈਣ ਦੇਣੀਏਂ ਕੁੱਤੀਏ ਕਹਿੰਦੀ ਸੀ ਇਹ ਟੀਰਾ ਜਿਆ ਆਪਣੀ ਬਾਂਹ ਬਣੂੰ...? ਤੁਸੀਂ ਹੁਣ ਮੈਨੂੰ ਦੋਵੇਂ ਭੈਣ ਭਰਾ ਰਲ਼ ਕੇ ਈ ਫੁੱਦੂ ਬਣਾਉਣ ਲੱਗ ਪਏ...?" ਮਗਜ਼ ਨੂੰ ਚੜ੍ਹੀ ਹਨ੍ਹੇਰੀ ਕਾਰਨ ਉਸ ਨੇ ਬੁੱਕਣ ਦੇ ਥੱਪੜ ਜੜ ਦਿੱਤੇ। ਇਹ ਉਸ ਦੀ ਤੀਜੀ ਗਲਤੀ ਸੀ।
-"ਕੁੱਟ ਖਾ ਕੇ ਗਟਰ-ਗਟਰ ਝਾਕੀ ਜਾਨੈਂ ਔਤਾਂ ਦਿਆ...? ਸਿੱਟ ਲੈ ਫੜ ਕੇ ਲਹਿ ਜਾਣੇਂ ਨੂੰ...!" ਹਨੀ ਨੇ ਬੁੱਕਣ ਨੂੰ ਹੱਲਾਸ਼ੇਰੀ ਦਿੱਤੀ। ਬੁੱਕਣ ਦੀ ਅੱਖ ਦਾ ਭੈਂਗ ਘੁਕਿਆ ਅਤੇ ਉਸ ਨੇ ਚੁੱਕ ਕੇ ਰਮਣੀਕ ਨੂੰ ਚਰ੍ਹੀ ਦੀ ਪੂਲ਼ੀ ਵਾਂਗ ਥੱਲੇ ਧਰ ਲਿਆ ਅਤੇ ਉਸ ਦੇ ਕੰਨ ਮਸਲ਼ ਧਰੇ। ਸ਼ਰਾਬੀ ਰਮਣੀਕ ਕਤੂਰ੍ਹੇ ਵਾਂਗ ਮਧੋਲਿ਼ਆ ਗਿਆ। ਜਦੋਂ ਦੁਰਮਟ ਵਰਗੇ ਬੁੱਕਣ ਨੇ ਉਸ ਨੂੰ ਛੱਡਿਆ ਤਾਂ ਉਸ ਨੇ ਹਾਰੇ ਕੁੱਕੜ ਵਾਂਗ ਖੰਭ ਜਿਹੇ ਝਾੜੇ।
-"ਇਕ ਗੱਲ ਸੁਣ ਲੈ ਮੇਰੀ ਕੰਨ ਖੋਲ੍ਹ ਕੇ...!" ਹਨੀ ਨੇ ਉਸ ਨੂੰ ਹਦਾਇਤ ਕੀਤੀ। ਡਰਾਇਆ।
-"ਜੇ ਦਿਨ ਕਟੀ ਕਰਨੀ ਐਂ, ਤਾਂ ਚੁੱਪ ਚਾਪ ਕਰੀ ਚੱਲ...! ਤੇ ਜੇ ਬਣਿਐਂ ਗਾਜੀਆਣੇਂ ਆਲਾ ਕੁੰਢਾ ਸਿਉਂ...? ਫੇਰ ਨਿੱਤ ਇਉਂ ਈ ਛਿੱਤਰ ਖਾਇਆ ਕਰੇਂਗਾ...! ਪੁਲਸ ਨੂੰ ਫੋ਼ਨ ਕਰਕੇ ਘਰੋਂ ਦਿਊਂ ਕਢਵਾ ਤੇ ਇੰਡੀਆ ਤੋਂ ਨਵਾਂ ਖ਼ਸਮ ਵਿਆਹ ਕੇ ਲਿਆਊਂਗੀ...! ਬਥੇਰ੍ਹੀਆਂ ਚੱਟ ਲਈਆਂ ਤੇਰੀਆਂ ਲਾਲ਼ਾਂ ਮੈਂ...!" ਹਨੀ ਨੇ ਇਕੋ ਸਾਹ ਬੋਲਾਂ ਦੀਆਂ ਕਈ ਬਰਛੀਆਂ ਉਸ ਦੇ ਸੀਨੇ 'ਚ ਮਾਰੀਆਂ। ਰਮਣੀਕ ਨੇ ਉਠ ਕੇ ਰਹਿੰਦੀ ਬੋਤਲ ਸੂਤ ਧਰੀ ਅਤੇ ਉਪਰ ਜਾ ਕੇ ਬੈੱਡ-ਰੂਮ ਵਿਚ ਚੁੱਪ ਚਾਪ ਪੈ ਗਿਆ। ਸੀਲ ਗਊ ਵਾਂਗ...! ਉਸ ਨੂੰ ਸਾਰੀ ਰਾਤ ਨੀਂਦ ਨਾ ਆਈ। ਹਨੀ ਨੇ ਬੈੱਡ ਆਪਣੇ ਭਰਾ ਬੁੱਕਣ ਕੋਲ ਹੀ ਡਾਹ ਲਿਆ ਸੀ। ਰਮਣੀਕ ਕੌਡੀਓਂ ਖੋਟਾ ਹੋ ਗਿਆ ਸੀ। ਅਗਲੀ ਸਵੇਰ ਉਠ ਕੇ ਉਹ ਮਾਂ-ਬਾਪ ਕੋਲ ਚਲਾ ਗਿਆ ਅਤੇ ਬੇਬੇ ਦੇ ਸੀਨੇ ਲੱਗ ਕੇ ਧਾਹ ਮਾਰੀ।

-"ਤੇਰਾ ਰੰਮੀਂ ਪੱਟਿਆ ਗਿਆ ਬੇਬੇ...!"
-"ਕੋਈ ਨਾ ਪੁੱਤ...! ਓਸ ਗੱਲ ਦੇ ਆਖਣ ਮਾਂਗੂੰ, ਜੇ ਬਾਗੀਆਂ ਨੇ ਟਾਹ ਦਿੱਤੀ ਤਾਂ ਮਾਲਕਾਂ ਨੇ ਤਾਂ ਨਹੀਂ ਘਰੋਂ ਕੱਢ ਦੇਣੀਂ...?" ਬੇਬੇ ਨੇ ਆਂਦਰਾਂ ਦੀ ਅੱਗ ਨੂੰ ਦਿਲ ਨਾਲ ਲਾਇਆ ਹੋਇਆ ਸੀ। ਰਮਣੀਕ ਰੋਈ ਜਾ ਰਿਹਾ ਸੀ।
-"ਮੈਨੂੰ ਤਾਂ ਪੁੱਤ ਉਹਦੀ ਖੋਟੀ ਨੀਅਤ ਦਾ ਉਦੇਂ ਈ ਪਤਾ ਲੱਗ ਗਿਆ ਸੀ, ਜਿੱਦੇਂ ਉਹਨੇ ਤੈਨੂੰ ਸਾਡੇ ਨਾਲੋਂ ਨਖੇੜਿਆ ਸੀ, ਪਰ ਤੂੰ ਫਿ਼ਕਰ ਨਾ ਕਰ...! ਜੇ ਉਹ ਨਵਾਂ ਖ਼ਸਮ ਲਿਆਉਂਦੀ ਐ, ਤੇ ਫੇਰ ਤੈਨੂੰ ਵੀ ਐਹੋ ਜੀਆਂ ਗਧੀੜਾਂ ਵੀਹ....!"
-"ਤਲਾਕ ਲੈ ਕੇ ਵੀ ਤੂੰ ਘਰ ਦਾ ਅੱਧਾ ਮਾਲਕ ਐਂ..! ਵਕੀਲ ਤਾਂ ਪਾ ਦੇਣਗੇ ਖਿਲਾਰੇ..! ਬੱਸ ਤੂੰ ਈ ਨਹੀਂ ਸੀ ਭੈਣ ਚੋਦਾ ਕਿਸੇ ਕਰਮ ਦਾ..? ਗੋਹਾ ਪੱਥ ਤੀਮੀਂ ਮਗਰ ਲੱਗ ਕੇ ਸਾਨੂੰ ਝੱਗਾ ਚੱਕ ਕੇ ਤੁਰ ਗਿਆ..!" ਰਮਣੀਕ ਦੇ ਛੋਟੇ ਭਰਾ ਲਾਲੀ ਨੇ ਕਿਹਾ। ਪੜ੍ਹਿਆ ਲਿਖਿਆ ਲਾਲੀ ਕਾਨੂੰਨੀ ਪੱਖਾਂ ਤੋਂ ਪੂਰੀ ਤਰ੍ਹਾਂ ਜਾਣੂੰ ਸੀ। ਰਮਣੀਕ ਵਾਂਗ ਸਿੱਧੜ ਅਤੇ ਭੌਂਦੂ ਨਹੀਂ ਸੀ। ਤੁਰਿਆ ਫਿਰਿਆ ਅਤੇ ਪੜ੍ਹਿਆ ਲਿਖਿਆ ਬੰਦਾ ਸੀ।
-"ਲਾਲੀ ਮੈਂ ਅੱਗੇ ਦੁਖੀ ਐਂ, ਮੈਨੂੰ ਹੋਰ ਨਾ ਦੁਖੀ ਕਰ ਬਾਈ ਬਣਕੇ...।"
-"ਹੁਣ ਬੁੜ੍ਹੀਆਂ ਵਾਂਗੂੰ ਬੂਹਕੀ ਨਾ ਜਾਹ...! ਚੱਲ ਵਕੀਲ ਕੋਲੇ ਚੱਲ ਕੇ ਮਸ਼ਵਰਾ ਲੈਨੇਂ ਐਂ..! ਪਰ ਤੂੰ ਮਹਾਤਮਾ ਗਾਂਧੀ ਬਣ ਕੇ ਕੁੱਟ ਖਾਈ ਗਿਆ, ਸਾਲਿ਼ਆ ਪੁਲੀਸ ਬੁਲਾ ਕੇ ਰਪਟ ਕਿਉਂ ਨਾ ਲਿਖਵਾਈ..? ਫ਼ੌਜਦਾਰੀ ਦੇ ਕੇਸ 'ਚ ਆਪੇ ਸਾਲ਼ਾ ਅੰਦਰ ਹੁੰਦਾ..? ਅਗਲਿਆਂ ਨੇ ਫੜ ਕੇ ਨੱਕ ਦੀ ਸੇਧ ਦਿੱਲੀ ਨੂੰ ਜਹਾਜ ਚਾੜ੍ਹ ਦੇਣਾ ਸੀ...!"
-"ਵੇ ਲਾਲੀ...! ਜੇ ਇਹ ਐਨੀ ਜੋਕਰਾ ਹੁੰਦਾ, ਗੱਲਾਂ ਈ ਕਾਹਦੀਆਂ ਸੀ...? ਇਹ ਤਾਂ ਸਾਧ ਐ ਬਿਚਾਰਾ..!" ਦੁਖੀ ਮਾਂ ਬੋਲੀ। ਪੁੱਤ ਦਾ ਦੁੱਖ ਸਿਲ਼ਤ ਬਣ ਉਸ ਦੇ ਅੰਦਰ ਲਹਿ ਗਿਆ ਸੀ।

ਉਹ ਵਕੀਲ ਦੇ ਤੁਰ ਗਏ।
ਬੇਬੇ ਸਿਰ ਫੜੀ ਬੈਠੀ ਸੀ।

ਵਕੀਲ ਨੇ ਰਮਣੀਕ ਨੂੰ ਡਾਕਟਰੀ ਕਰਵਾਉਣ ਲਈ ਹਸਪਤਾਲ਼ ਭੇਜ ਦਿੱਤਾ।
ਇਹ ਫ਼ੌਜਦਾਰੀ ਕੇਸ ਲਈ ਅਤੀਅੰਤ ਜ਼ਰੂਰੀ ਸੀ।

ਹਨੀ ਦੀ ਜ਼ਿੰਦਗੀ ਵਿਚ ਇਕ ਭਾਰੀ ਪੱਥਰ ਡਿੱਗਿਆ। ਜਿਸ ਦੀ ਉਸ ਨੂੰ ਕਦਾਚਿੱਤ ਉਮੀਦ ਨਹੀਂ ਸੀ। ਨਿੱਤ ਦੇ ਕੁੱਤ-ਪੌਅ ਤੋਂ ਦੁਖੀ ਹੋ ਕੇ ਕਿਸੇ ਨੇ ਮੈਨੇਜਰ ਅਤੇ ਹਨੀ ਦੀ ਸ਼ਕਾਇਤ ਹੈੱਡ ਆਫਿ਼ਸ ਵਿਚ, ਜਨਰਲ ਡਾਇਰੈਕਟਰ ਕੋਲ ਲਿਖਤੀ ਰੂਪ ਵਿਚ ਕਰ ਦਿੱਤੀ। ਮੌਕਾ ਪਾ ਕੇ ਜਨਰਲ ਡਾਇਰੈਕਟਰ ਨੇ ਦੋਹਾਂ ਨੂੰ 'ਰੰਗੇ-ਹੱਥੀਂ' ਫੜ ਲਿਆ। ਬੁੱਕਣ, ਮੈਨੇਜਰ ਅਤੇ ਹਨੀ ਤੁਰੰਤ ਨੌਕਰੀ ਤੋਂ ਕੱਢ ਦਿੱਤੇ ਗਏ। ਡਿਊਟੀ ਉਪਰ ਕੁਕਰਮ ਕਰਨ ਦਾ ਕੇਸ ਵੱਖਰਾ ਬਣ ਗਿਆ। ਬੁੱਕਣ ਦਾ ਭੈਂਗ ਡੁੱਬ ਗਿਆ। ਹਨੀ ਨੂੰ ਹੱਥਾਂ ਪੈਰਾਂ ਦੀ ਪੈ ਗਈ। ਵਕੀਲਾਂ ਦੀਆਂ ਫ਼ੀਸਾਂ ਅਤੇ ਜੇਲ੍ਹ-ਜੁਰਮਾਨੇਂ ਬਾਰੇ ਸੋਚ ਕੇ ਹਨੀ ਨੂੰ ਗਸ਼ੀ ਪੈਣ ਵਾਲੀ ਹੋ ਗਈ। ਸਭ ਤੋਂ ਵੱਡਾ ਫਿ਼ਕਰ ਹਨੀ ਨੂੰ ਬੁੱਕਣ ਦਾ ਪੈ ਗਿਆ। ਉਸ ਦਾ ਵੀਜ਼ਾ ਸਿਰਫ਼ ਇਕ ਹਫ਼ਤੇ ਦਾ ਹੀ ਰਹਿੰਦਾ ਸੀ। ਜਦੋਂ ਕੋਲ਼ ਕੰਮ ਹੀ ਨਹੀਂ ਸੀ ਰਿਹਾ, ਫਿਰ ਵੀਜ਼ਾ ਕਿਸ ਬੇਸ 'ਤੇ ਮਿਲਣਾ ਸੀ...? ਵੀਜ਼ਾ ਨਾ ਮਿਲਣ 'ਤੇ ਬੁੱਕਣ ਦੀ ਡਿਪੋਰਟੇਸ਼ਨ ਪੱਕੀ ਸੀ..! ਕੌੜਾ ਅਤੇ ਨਿਰਵਸਤਰ ਸੱਚ ਸਾਹਮਣੇਂ ਆ ਜਾਣ 'ਤੇ ਬੁੱਕਣ ਭੈਣ ਨਾਲ ਅੱਖ ਨਹੀਂ ਮਿਲਾ ਰਿਹਾ ਸੀ। ਜੇ ਉਹ ਕਿਤੇ ਇੰਡੀਆ ਹੁੰਦਾ, ਹਨੀ ਦਾ ਸਿਰ ਕਲਮ ਕਰ ਦਿੰਦਾ। ਪਰ ਉਹ ਬੈਠਾ ਹੀ ਇੰਗਲੈਂਡ ਦੇ ਵਿਚ ਸੀ। ਜਿੱਥੇ ਵੱਡੇ-ਵੱਡੇ ਲੀਡਰ ਵੀ ਕਾਨੂੰਨ ਤੋਂ ਚੀਕਾਂ ਮਾਰਦੇ ਸਨ। ਪੂਰੀ ਬੋਤਲ ਸੂਤ ਕੇ ਬੁੱਕਣ ਹਨੀ ਦੁਆਲੇ ਹੋ ਗਿਆ ਅਤੇ ਪਿੱਠ 'ਚ ਅੱਡੀਆਂ ਮਾਰ-ਮਾਰ ਉਸ ਨੇ ਹਨੀ ਨਿੱਸਲ਼ ਕਰ ਦਿੱਤੀ।

-"ਵੇ ਮੈਂ ਤੈਨੂੰ ਐਸ ਭਦਰਕਾਰੀ ਨੂੰ ਬੁਲਾਇਆ ਸੀ, ਕੁੱਤਿਆ....?" ਉਸ ਨੇ ਫ਼ਰਸ਼ 'ਤੇ ਬੈਠ ਕੇ ਦੁਹੱਥੜ ਮਾਰੀ।
-"ਐਦੂੰ ਤਾਂ ਤੂੰ ਮੈਨੂੰ ਬੁਲਾਉਂਦੀ ਹੀ ਨਾ...! ਅੱਖੋਂ ਪਰ੍ਹੇ ਜੱਗ ਮਰਦਾ...! ਜੀਹਦੇ ਨਾਲ ਮਰਜੀ ਖੇਹ ਖਾਂਦੀ...!" ਉਸ ਨੇ ਇਕ ਕਰੜੀ ਝੁੱਟੀ ਹੋਰ ਲਾ ਦਿੱਤੀ। ਗਿੱਦੜ ਕੁੱਟ ਨਾਲ ਨਿਢਾਲ਼ ਹੋਈ ਉਹ ਫ਼ਰਸ਼ 'ਤੇ ਪਈ ਚੂਕੀ ਜਾ ਰਹੀ ਸੀ।
-"ਰਮਣੀਕ ਜਮਾਂ ਬੁਰਾ ਬੰਦਾ ਨ੍ਹੀਂ..! ਤੇਰੀਆਂ ਐਹਨਾਂ ਕਰਤੂਤਾਂ ਕਰਕੇ ਮਾੜਾ ਬਣਾਇਆ ਵਿਆ ਸੀ..! ਵਿਚਾਰਾ ਦਰਵੇਸ਼ ਬਾਧੂ ਦਾ ਮੈਥੋਂ ਕੁਟਵਾ ਧਰਿਆ...।" ਉਸ ਨੇ ਆਖਰੀ ਲੱਤ ਮਾਰੀ ਤਾਂ ਹਨੀ ਦੀ ਗਿੱਦੜ ਵਾਂਗ ਚੂਕ ਜਿਹੀ ਨਿਕਲੀ।

ਬਾਹਰੋਂ ਦਰਵਾਜੇ 'ਤੇ ਘੰਟੀ ਵੱਜੀ ਤਾਂ ਬੁੱਕਣ ਨੇ ਹੀ ਦਰਵਾਜਾ ਖੋਲ੍ਹਿਆ। ਗੋਰਾ ਮੈਨੇਜਰ ਖੜ੍ਹਾ ਸੀ। ਅਜੇ ਉਸ ਨੇ 'ਹਨੀ' ਹੀ ਕਿਹਾ ਸੀ ਕਿ ਬੁੱਕਣ ਨੇ ਗਲਮੇਂ ਤੋਂ ਫੜ ਕੇ ਉਸ ਨੂੰ ਮਰੇ ਕੱਟੇ ਵਾਂਗ ਅੰਦਰ ਨੂੰ ਧੂਹ ਲਿਆ ਅਤੇ ਘਸੁੰਨ ਮੁੱਕੀਆਂ ਨਾਲ਼ ਭੁਗਤ ਸੁਆਰ ਦਿੱਤੀ। ਜਦੋਂ ਬੁੱਕਣ ਦਾ ਮਾੜਾ ਜਿਹਾ ਹੱਥ ਢਿੱਲਾ ਪਿਆ ਤਾਂ ਮੈਨੇਜਰ ਡਰੇ ਊਠ ਵਾਂਗ ਬਾਹਰ ਨੂੰ ਦੌੜ ਤੁਰਿਆ। ਸੜਕ 'ਤੇ ਉਹ ਕੁੱਤੇ ਵਾਂਗ ਛੂਟ ਵੱਟੀ ਜਾ ਰਿਹਾ ਸੀ। ਠੇਠ ਪੰਜਾਬੀ ਵਿਚ ਬੁੱਕਣ ਨੇ ਉਸ ਨੂੰ ਅਥਾਹ ਗੰਦੀਆਂ ਗਾਹਲਾਂ ਕੱਢੀਆਂ ਸਨ। ਮਾਂ-ਭੈਣ ਇਕ ਕਰ ਮਾਰੀ ਸੀ ਅਤੇ ਪਈ ਹਨੀ ਦੇ ਹੋਰ ਚੁਪੇੜਾਂ ਮਾਰੀਆਂ ਸਨ।

ਅਗਲੇ ਦਿਨ ਰਮਣੀਕ ਦੇ ਵਕੀਲ ਦੀ ਚਿੱਠੀ ਹਨੀ ਦੇ ਘਰ ਬਿਜਲੀ ਵਾਂਗ ਆ ਡਿੱਗੀ। ਹਨੀ ਕੱਖੋਂ ਹੌਲ਼ੀ ਹੋ ਗਈ। ਕੇਸ ਤਾਂ ਇਕ ਨਹੀਂ ਮਾਨ...? ਇਕ ਹੋਰ ਉਪਰੋਂ ਆ ਵੱਜਿਆ ਸੀ..! ਖਰਚਾ ਹੀ ਖਰਚਾ, ਆਮਦਨ ਕੋਈ ਵੀ ਨਹੀਂ..! ਬਹੁਤੀ 'ਤਾਰੂ' ਹਨੀ ਅਚਾਨਕ ਹੀ ਮਗਰਮੱਛ ਦੇ ਮੂੰਹ ਜਾ ਡਿੱਗੀ ਸੀ...! ਹਨੀ ਨੇ ਰਮਣੀਕ ਦੇ ਲੱਖ ਤਰਲੇ ਕੀਤੇ, ਪਰ ਉਸ ਨੇ ਕੌੜ ਮੱਝ ਵਾਂਗ ਪੈਰ ਹੀ ਨਾ ਲਾਏ। ਸਾਰੇ ਪ੍ਰੀਵਾਰ ਨੇ ਰਮਣੀਕ ਨੂੰ ਕੰਨ ਕੀਤੇ ਹੋਏ ਸਨ:

-"ਜੇ ਉਸ ਕੁੱਤੀ ਦੀਆਂ ਗੱਲਾਂ 'ਚ ਆ ਕੇ ਉਹਦੇ ਨਾਲ ਰਾਜ਼ੀਨਾਵਾਂ ਕੀਤੈ, ਸਾਲਿ਼ਆ ਤੇਰਾ ਮੂੰਹ ਹੀ ਮੂੰਹ ਛਿੱਤਰਾਂ ਨਾਲ ਭੰਨਾਂਗੇ, ਤੇ ਨਾਲ਼ੇ ਕੱਢਾਂਗੇ ਘਰੋਂ..!"

ਹਨੀ ਨੇ ਵਾਸਤੇ ਪਾਏ, ਉਸ ਨੇ ਇਕ ਨਾ ਸੁਣੀਂ।
ਮਹੀਨਾ ਲੰਘ ਗਿਆ। ਬੁੱਕਣ ਦਾ ਵੀਜ਼ਾ ਲੰਘ ਗਿਆ ਸੀ। ਕੰਮ ਕਿਤੋਂ ਮਿਲਿ਼ਆ ਨਹੀਂ ਸੀ। ਹਨੀ ਵੀ ਵਿਹਲੀ ਸੀ। ਘੜਿਓਂ ਪਾਣੀ ਨੱਸ ਤੁਰਿਆ ਸੀ। ਬੁੱਕਣ ਨਿੱਤ ਪੀ ਕੇ ਹਨੀ ਦੇ ਧੌਲ-ਧੱਫ਼ਾ ਕਰ ਦਿੰਦਾ ਸੀ। ਬਰਾਬਰ ਦੇ ਭਰਾ ਮੂਹਰੇ ਉਹ ਕੁਸਕਦੀ ਤੱਕ ਨਹੀਂ ਸੀ। ਸਗੋਂ ਪੈਰ ਫੜਦੀ ਸੀ ਕਿ ਉਹ ਉਸ ਦੀ ਕਰਤੂਤ ਬਾਰੇ ਘਰੇ ਮਾਂ ਬਾਪ ਕੋਲ਼ ਭਾਫ਼ ਨਾ ਕੱਢੇ। ਬੁੱਕਣ ਉਸ ਦੇ ਮੂੰਹ 'ਤੇ ਥੁੱਕਦਾ। ਗੁੱਸੇ ਵਿਚ ਉਸ ਦਾ ਭੈਂਗ ਅੱਠੋ ਪਹਿਰ ਗੇੜੀਂ ਪਿਆ, ਘੁਕਦਾ ਰਹਿੰਦਾ। ਇੱਥੇ ਰਹਿਣਾ ਉਸ ਨੂੰ ਦੁੱਭਰ ਹੋਇਆ ਪਿਆ ਸੀ।
ਰਮਣੀਕ ਦੇ ਮੁਕੱਦਮੇਂ ਦੀ ਤਾਰੀਖ਼ ਆ ਗਈ। ਵਕੀਲ ਝਗੜੇ। ਹਨੀ ਦੀ ਫ਼ਰਮ੍ਹ ਦੀਆਂ ਕੁਝ ਔਰਤਾਂ ਦੀ ਗਵਾਹੀ ਰਮਣੀਕ ਦੇ ਵਕੀਲ ਨੇ ਜੱਜ ਅੱਗੇ ਸਬੂਤ ਵਜੋਂ ਪੇਸ਼ ਕੀਤੀ। ਹਨੀ ਦੇ ਵਿਭਚਾਰੀ ਹੋਣ ਦਾ ਪੱਕਾ ਸਬੂਤ ਵਕੀਲ ਨੂੰ ਮਿਲ਼ ਗਿਆ ਸੀ। ਤਲਾਕ ਲਈ ਇਹ ਗਵਾਹੀਆਂ ਕਾਫ਼ੀ ਸਨ। ਬੁੱਕਣ ਵੱਲੋਂ ਕੁੱਟ ਮਾਰ ਕੀਤੀ ਹੋਣ ਦਾ ਸਬੂਤ ਡਾਕਟਰੀ ਰਿਪੋਰਟ ਅਦਾਲਤ ਅੱਗੇ ਮੌਜੂਦ ਸੀ।
ਜੱਜ ਨੇ ਫ਼ੈਸਲਾ ਸੁਣਾਇਆ।

ਬੁੱਕਣ ਨੂੰ ਡਿਪੋਰਟੇਸ਼ਨ ਦੇ ਹੁਕਮ...! ਰਮਣੀਕ ਅਤੇ ਹਨੀ ਦਾ ਤਲਾਕ...! ਮਕਾਨ ਵਿਚੋਂ ਰਮਣੀਕ ਦਾ ਅੱਧਾ ਹਿੱਸਾ ਪੱਕਾ...! ਮਕਾਨ ਰੱਖਣ ਵਾਲੀ ਧਿਰ ਦੂਜੇ ਨੂੰ ਦੋ ਹਫ਼ਤਿਆਂ ਦੇ ਅੰਦਰ ਅੰਦਰ ਅੱਧੀ ਕੀਮਤ ਤਾਰੇਗੀ...! ਫ਼ੈਸਲਾ ਸੁਣ ਕੇ ਹਨੀ ਬੇਹੋਸ਼ ਹੋ ਗਈ। ਐਂਬੂਲੈਂਸ ਹਨੀ ਨੂੰ ਹਸਪਤਾਲ ਨੂੰ ਲੱਦ ਤੁਰੀ। ਹਨੀ ਕੋਲ ਪੱਕਾ ਵੀਜ਼ਾ ਹੋਣ ਕਾਰਨ ਉਸ ਨੂੰ ਡਿਪੋਰਟ ਨਹੀਂ ਕੀਤਾ ਜਾ ਸਕਦਾ ਸੀ। ਪੁਲੀਸ ਨੇ ਬੁੱਕਣ ਦੇ ਹੱਥਕੜੀਆਂ ਜੜ ਲਈਆਂ। ਜਹਾਜ ਦੀ ਸੀਟ ਮਿਲ਼ਣ ਤੱਕ ਉਸ ਨੂੰ ਪੁਲੀਸ ਹਿਰਾਸਤ ਵਿਚ ਰਹਿਣਾ ਪੈਣਾ ਸੀ। ਸਾਰਾ ਕਾਰਜ ਕਾਨੂੰਨ ਅਧੀਨ ਹੋ ਰਿਹਾ ਸੀ।

ਹੱਥਕੜੀਆਂ ਵਿਚ ਜਕੜੇ ਬੁੱਕਣ ਨੂੰ ਰਮਣੀਕ ਨੇ ਤਰਕ ਦਾ ਬਾਣ ਮਾਰਿਆ।
-"ਕਿਉਂ ਬਈ ਬੁੱਕਣਾਂ...! ਬਣਨੈਂ ਯੋਧਾ...?"
-"ਪ੍ਰਾਹੁਣਿਆਂ...! ਮੇਰਾ ਬੋਲਿਆ ਚੱਲਿਆ ਮਾਫ਼ ਕਰੀਂ..! ਇਕ ਦੀ ਥਾਂ ਅੱਧੀ ਖਾ ਕੇ ਸਾਰ ਲਿਆ ਕਰੂੰਗਾ, ਪਰ ਮੇਰੀ ਇਕ ਬੇਨਤੀ ਜਰੂਰ ਸੁਣ ਲੈ...।"
-"ਬੋਲ...?"
-"ਜੇ ਹਨੀ ਮਰ ਜਾਵੇ, ਐਥੇ ਈ ਕਿਤੇ ਫੂਕ ਦੇਇਓ...! ਸਾਡੇ ਪ੍ਰੀਵਾਰ ਵੱਲੀਓਂ ਤਾਂ ਬਾਈ ਉਹ ਓਦਣ ਈ ਮਰ ਗਈ ਸੀ, ਜਿੱਦੇਂ....!" ਗੱਲ ਬੁੱਕਣ ਦੇ ਸੰਘ ਵਿਚ ਹੀ ਮੁੱਕ ਗਈ। ਹੰਝੂ ਉਸ ਦੇ ਗਲ਼ ਵਿਚ ਬਿਲਕੀ ਜਾ ਰਹੇ ਸਨ।
-"ਸਾਡੀ ਬੇਬੇ ਤੇ ਸਾਡਾ ਬਾਪੂ ਵੀ ਘੱਟ ਨ੍ਹੀਂ ਪ੍ਰਾਹੁਣਿਆਂ...! ਉਹਨਾਂ ਨੇ ਵੀ ਇਹਨੂੰ ਸਹੁਰਿਆਂ ਦੇ ਖਿਲਾਫ਼ ਈ ਰੇਤੀ ਰੱਖਿਐ...! ਸਿਰਫ਼ ਧੀ ਦੀ ਕਮਾਈ 'ਤੇ ਐਸ਼ ਕਰਨ ਵਾਸਤੇ...! ਤੇ ਆਹ ਦੇਖਲਾ...! ਸਾਰਾ ਕੁਛ ਈ ਮਿੰਟਾਂ 'ਚ ਸੁਆਹ ਹੋ ਗਿਆ।" ਹੱਥਕੜੀਆਂ 'ਚ ਜਕੜਿਆ ਬੁੱਕਣ, ਤੁਰਿਆ ਜਾਂਦਾ ਕੁਮੈਂਟਰੀ ਕਰਦਾ ਜਾ ਰਿਹਾ ਸੀ।
ਨਵੇਂ ਖਰੀਦੇ ਪਸ਼ੂ ਵਾਂਗ ਸਿਪਾਹੀ ਬੁੱਕਣ ਨੂੰ ਜੇਲ੍ਹ ਦੀ ਗੱਡੀ ਵੱਲ ਧੂਹੀ ਜਾ ਰਹੇ ਸਨ।
* * * * *
ਕਿਰਪਾਲ ਕੌਰ ਨੂੰ ਹਸਪਤਾਲ਼ ਤੋਂ ਛੁੱਟੀ ਮਿਲ਼ ਗਈ ਸੀ। ਗੁਰਚਰਨ ਕੰਮ ਵੱਲੋਂ ਅਜੇ ਵੀ ਛੁੱਟੀ 'ਤੇ ਚੱਲ ਰਿਹਾ ਸੀ। ਉਸ ਨੇ ਆਪਣੀ ਫ਼ਰਮ ਨੂੰ ਘਰਵਾਲ਼ੀ ਦਾ ਮੈਡੀਕਲ ਸਰਟੀਫਿ਼ਕੇਟ ਦਿਖਾ ਕੇ ਤਸੱਲੀ ਕਰਵਾ ਦਿੱਤੀ ਸੀ ਕਿ ਉਸ ਦੀ ਘਰਵਾਲ਼ੀ ਬਿਮਾਰ ਸੀ ਅਤੇ ਉਸ ਦੀ ਦੇਖ ਭਾਲ਼ ਕਰਨ ਵਾਲ਼ਾ ਘਰ ਵਿਚ ਕੋਈ ਸਿਆਣਾਂ ਬੰਦਾ ਨਹੀਂ ਸੀ। ਬੱਚੇ ਸਕੂਲ ਚਲੇ ਜਾਂਦੇ ਸਨ ਅਤੇ ਉਸ ਦੀ ਘਰਵਾਲ਼ੀ 'ਕੱਲੀ ਹੀ ਘਰੇ ਰਹਿ ਜਾਂਦੀ ਸੀ। ਇਸ ਲਈ ਗੁਰਚਰਨ ਦਾ ਘਰ ਵਿਚ ਹਾਜ਼ਰ ਰਹਿਣਾਂ ਅਤੀ ਜ਼ਰੂਰੀ ਸੀ। ਫ਼ਰਮ ਵਾਲਿ਼ਆਂ ਨੂੰ ਗੁਰਚਰਨ ਤੋਂ ਕਦੇ ਸ਼ਕਾਇਤ ਦਾ ਮੌਕਾ ਨਹੀਂ ਮਿਲਿ਼ਆ ਸੀ। ਉਹਨਾਂ ਨੇ ਬੜੀ ਖ਼ੁਸ਼ੀ ਨਾਲ਼ ਉਸ ਨੂੰ ਛੁੱਟੀ ਦੇ ਦਿੱਤੀ ਸੀ। ਗੁਰਚਰਨ ਨੇ ਕਦੇ ਛੁੱਟੀ ਮੰਗੀ ਵੀ ਨਹੀਂ ਸੀ। ਹੁਣ ਸ਼ਾਇਦ ਛੁੱਟੀ ਮੰਗਣ ਦਾ ਪਹਿਲਾ ਮੌਕਾ ਸੀ!

ਕਿਰਪਾਲ ਕੌਰ ਦੇ ਹਸਪਤਾਲ਼ ਦਾਖ਼ਲ ਹੋਣ ਵਾਲੀ ਰਾਤ ਤੋਂ ਅਗਲੇ ਦਿਨ ਸੀਤਲ ਘਰ ਆਈ ਸੀ। ਜਦ ਉਸ ਨੂੰ ਘਰ ਵਿਚ ਕੋਈ ਵੀ ਨਾ ਦਿਸਿਆ ਤਾਂ ਉਸ ਨੇ ਆਪਣੀ ਗੁਆਂਢਣ ਨੂੰ ਪੁੱਛਿਆ। ਬਹੁਤਾ ਗੁਆਂਢਣ ਨੂੰ ਵੀ ਪਤਾ ਨਹੀਂ ਸੀ। ਉਸ ਨੇ ਸਿਰਫ਼ ਇੱਕੋ ਗੱਲ ਵਿਚ ਹੀ ਗੱਲ ਨਬੇੜ ਦਿੱਤੀ।

-"ਮੈਨੂੰ ਪੱਕਾ ਤਾਂ ਪਤਾ ਨ੍ਹੀ ਭਾਈ, ਪਰ ਰਾਤ ਇਕ ਐਂਬੂਲੈਂਸ ਬਾਹਵਾ ਚਿਰ ਥੋਡੇ ਘਰ ਮੂਹਰੇ ਖੜ੍ਹੀ ਰਹੀ ਐ, ਮੈਨੂੰ ਮੈਦ ਐ ਬਈ ਕਿਸੇ ਨੂੰ ਹਸਪਤਾਲ਼ ਲੈ ਕੇ ਗਏ ਹੋਣਗੇ?" ਸਿਰਫ਼ ਇਤਨਾ ਆਖ ਕੇ ਗੁਆਂਢਣ ਅੰਦਰ ਚਲੀ ਗਈ ਸੀ।

ਸੀਤਲ ਦੇ ਮਨ 'ਤੇ ਕੋਈ ਵੀ ਅਸਰ ਨਾ ਹੋਇਆ। ਉਸ ਨੇ ਹੋਰ ਕੁਝ ਜਾਨਣਾਂ ਵੀ ਨਹੀਂ ਚਾਹਿਆ ਸੀ। ਸਗੋਂ ਉਸ ਨੇ ਤਾਂ ਮੌਕੇ ਦਾ ਫ਼ਾਇਦਾ ਉਠਾਇਆ ਅਤੇ ਆਪਣੇ ਲੋੜੀਂਦੇ ਕੱਪੜੇ, ਸਰਟੀਫਿ਼ਕੇਟ, ਪਾਸਪੋਰਟ ਅਤੇ ਮੋਟਾ ਮੋਟਾ ਸਮਾਨ ਇਕ ਅਟੈਚੀ ਵਿਚ ਪਾਇਆ ਅਤੇ ਟੈਕਸੀ ਬੁਲਾ ਕੇ ਇਮਰਾਨ ਦੇ ਦੋ ਬੈੱਡ ਰੂਮ ਵਾਲ਼ੇ ਮਕਾਨ ਵਿਚ ਆ ਗਈ। ਜਿਸ ਮਕਾਨ ਬਾਰੇ ਖ਼ਾਨ ਉਸ ਕੋਲ਼ ਕਈ ਵਾਰ ਜਿ਼ਕਰ ਕਰ ਚੁੱਕਿਆ ਸੀ। ਆਖਰ ਸੀਤਲ ਆਪਣੇ ਟਿਕਾਣੇਂ 'ਤੇ ਪਹੁੰਚ ਹੀ ਗਈ ਸੀ।

ਇਮਰਾਨ ਵੀ ਉਥੇ ਹੀ ਹਾਜ਼ਰ ਸੀ। ਉਸ ਨੇ ਟੈਕਸੀ ਵਾਲ਼ੇ ਨੂੰ ਪੈਸੇ ਦਿੱਤੇ ਅਤੇ ਸੀਤਲ ਦਾ ਅਟੈਚੀ ਚੁੱਕ ਕੇ ਅੰਦਰ ਲੈ ਗਿਆ।
-"ਸੀਤਲ, ਅੱਬੂ ਜਾਨ ਨੇ ਆਪਾਂ ਨੂੰ ਖ਼ਰਚਾ ਬਰਚਾ ਦੇਣ ਆਉਣੈਂ, ਜੇ ਨਹਾਉਣਾਂ ਧੋਣੈਂ ਤਾਂ ਨਹਾ ਧੋ ਲੈ, ਫੇਰ ਆਪਾਂ ਸ਼ੌਪਿੰਗ ਲਈ ਚੱਲਾਂਗੇ!"
-"ਕਦੋਂ ਆਉਣੈਂ ਅੱਬੂ ਜਾਨ ਨੇ...?" ਸੀਤਲ ਨੇ ਪੁੱਛਿਆ।
-"ਕੋਈ ਚਾਰ ਕੁ ਵਜੇ...!"
-"ਅਜੇ ਤਾਂ ਵੱਜੇ ਈ ਬਾਰਾਂ ਨੇ...?"
-"ਕਿਉਂ..? ਕੁਛ ਕਰਨੈਂ...?"
-"ਓਵੀਅਸਲੀ...!" ਉਸ ਨੇ ਇਮਰਾਨ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਉਸ ਨੂੰ ਗਲਵਕੜੀ ਵਿਚ ਜਕੜ ਲਿਆ।
ਇਮਰਾਨ ਵੀ ਉਸ ਦੀ ਰਮਜ਼ ਸਮਝ ਗਿਆ। ਉਸ ਨੇ ਸੀਤਲ ਨੂੰ ਪਿੱਛੋਂ ਹੱਥ ਪਾ ਕੇ ਤੋਰੀ ਵਾਂਗ ਤੋਲ ਲਿਆ...।

ਸ਼ਾਮ ਨੂੰ ਚਾਰ ਕੁ ਵਜੇ ਖ਼ਾਨ ਆ ਗਿਆ। ਹਮੇਸ਼ਾ ਵਾਂਗ ਉਸ ਦੇ ਹੱਥ ਵਿਚ ਤੁਅੱਸਵੀ ਸੀ। ਕਾਲ਼ੀ ਐਨਕ ਲਾਈ ਹੋਈ ਸੀ ਅਤੇ ਵਾਲਾਂ ਅਤੇ ਦਾਹੜ੍ਹੀ ਨੂੰ ਅੱਜ ਤਾਜ਼ੀ ਤਾਜ਼ੀ ਮਹਿੰਦੀ ਲਾ ਕੇ ਆਇਆ ਲੱਗਦਾ ਸੀ।

-"ਹੀਟ ਔਨ ਕਰ ਉਏ ਕੁੱਤੇ ਦੇ ਪੁੱਤਰਾ...! ਮੇਰੀ ਸੀਤਲ ਬੱਚੀ ਨੂੰ ਸਰਦੀ ਵਿਚ ਮਾਰਨਾਂ ਈ...?" ਖ਼ਾਨ ਨੇ ਹਮੇਸ਼ਾ ਵਾਂਗ ਇਮਰਾਨ ਨੂੰ ਆਪਣੀ ਅੱਖੜ ਭਾਸ਼ਾ ਵਿਚ ਹਦਾਇਤ ਕੀਤੀ।
-"ਸਰਦੀ ਨਹੀਂ ਏ ਅੱਬੂ ਜਾਨ...!" ਇਮਰਾਨ ਸ਼ਾਇਦ ਪਹਿਲੀ ਵਾਰ ਆਪਣੇ ਬਾਪ ਅੱਗੇ ਬੋਲਿਆ ਸੀ।
-"ਪਰ ਤੁਸਾਂ ਨੂੰ ਸਰਦੀ ਕੀ ਲੱਗਣੀ ਏਂ ਪੁੱਤਰਾ..? ਤੁਸਾਂ ਦਾ ਗ਼ਰਮ ਖ਼ੂਨ...! ਸਰਦੀ ਤੇ ਅਸਾਂ ਨੂੰ ਲੱਗਸੀ, ਜੋ ਬੁੱਢੇ ਪਏ ਹੋ ਗਏ ਆਂ, ਆਹ ਲਓ ਆਪਣਾ ਖ਼ਰਚਾ ਬਰਚਾ, ਤੇ ਅੱਜ ਸ਼ੌਪਿੰਗ ਕਰੋ ਖੁੱਲ੍ਹੇ ਦਿਨ ਨਾਲ਼...!" ਉਸ ਨੇ ਪੰਜ ਸੌ ਪੌਂਡ ਮੇਜ਼ 'ਤੇ ਰੱਖ ਦਿੱਤੇ।
-"ਮੇਰੇ ਹੁੰਦਿਆਂ ਤੁਸਾਂ ਨੂੰ ਕੰਮ ਕਾਰ ਕਰਨੇ ਦੀ ਕੋਈ ਜ਼ਰੂਰਤ ਨਹੀਂ, ਬੱਸ ਅੱਲਾਹ ਦੇ ਫ਼ਜ਼ਲ ਨਾਲ ਅੱਬੂ ਜਾਨ ਦੇ ਸਿਰ 'ਤੇ ਐਸ਼ ਪਏ ਕਰੋ...!" ਉਹ ਉਠ ਕੇ ਜਾਣ ਦੇ ਰੌਂਅ ਵਿਚ ਖੜ੍ਹਾ ਹੋ ਗਿਆ।
-"ਅੱਬੂ ਜਾਨ, ਚਾਹ ਪਾਣੀ ਤਾਂ ਪੀਂਦੇ ਜਾਓ...!" ਸੀਤਲ ਨੇ ਕਿਹਾ।
-"ਅਜੇ ਤਾਂ ਤੁਸਾਂ ਦੇ ਕੋਲ ਦੁੱਧ ਵੀ ਨਹੀਂ ਜੇ ਹੋਣਾਂ ਬੱਚੀਏ...! ਤੁਸੀਂ ਸ਼ੌਪਿੰਗ ਕਰਕੇ ਆਓ, ਸ਼ਾਮੀਂ ਮੈਂ ਤੇ ਤੇਰੇ ਹੈਦਰ ਚਾਚੂ ਆਵਾਂਗੇ, ਤੇ ਚਾਹ ਪਾਣੀ ਵੀ ਪੀਂਦੇ ਜਾਂਵਾਂਗੇ, ਤੁਸਾਂ ਨੇ ਸ਼ੌਪਿੰਗ ਕਰਕੇ ਕਦੋਂ ਕੁ ਪਰਤ ਆਉਣੈਂ?" ਉਸ ਨੇ ਇਮਰਾਨ ਨੂੰ ਪੁੱਛਿਆ।
-"ਬੱਸ ਅੱਬੂ ਜਾਨ, ਅਸੀਂ ਹੁਣ ਸ਼ੌਪਿੰਗ ਨੂੰ ਜਾਵਾਂਗੇ, ਤੇ ਘੰਟੇ ਡੇੜ੍ਹ ਘੰਟੇ ਬਾਅਦ ਪਰਤ ਆਵਾਂਗੇ...!"
-"ਇੰਸ਼ਾ-ਲਾ...! ਸ਼ਾਮੀਂ ਅੱਠ, ਸਾਢੇ ਅੱਠ ਵਜੇ ਘਰ ਹੀ ਹੋਇਓ, ਮੇਰੇ ਨਾਲ਼ ਤੁਸਾਂ ਦਾ ਚਾਚੂ ਹੈਦਰ ਵੀ ਅਵੇਗਾ...!"
-"ਇੰਸ਼ਾ-ਲਾ ਅਸੀਂ ਘਰ ਹੀ ਹੋਵਾਂਗੇ, ਕੋਈ ਖਾਣ ਪੀਣ ਦੀ ਸ਼ੈਅ ਵੀ ਬਣਾਈਏ..? ਰੋਟੀ ਐਥੇ ਖਾਵੋਂਗੇ..?"
-"ਨਹੀਂ, ਹੈਦਰ ਮੀਆਂ ਕਿਸੇ ਦੇ ਘਰ ਰੋਟੀ ਨਹੀਂ ਪਏ ਖਾਂਦੇ...! ਚਾਹ ਛਾਹ ਪੀ ਲੈਣਗੇ...!" ਤੇ ਖ਼ਾਨ ਚਲਿਆ ਗਿਆ।

ਸੀਤਲ ਅਤੇ ਇਮਰਾਨ ਖ਼ਰੀਦਾ ਫ਼ਰੋਖ਼ਤੀ ਲਈ ਸੇਨਜ਼ਬਰੀ ਨੂੰ ਤੁਰ ਪਏ। ਉਹਨਾਂ ਨੇ ਟੋਸਟ ਬਰੈੱਡ, ਅੰਡੇ, ਵਿਸਕੀ, ਕੋਕ, ਮੀਟ, ਦੁੱਧ ਅਤੇ ਹੋਰ ਜ਼ਰੂਰੀ ਚੀਜ਼ਾਂ ਵਸਤਾਂ ਖ਼ਰੀਦ ਲਈਆਂ ਅਤੇ ਮਿੰਨ੍ਹੀ ਕੈਬ ਲੈ ਕੇ ਘਰ ਆ ਗਏ।
ਸ਼ਾਮ ਦੇ ਅੱਠ ਵੱਜ ਗਏ।

ਹੈਦਰ ਅਤੇ ਖ਼ਾਨ ਪੂਰੇ ਅੱਠ ਵਜੇ ਭੂਤਾਂ ਵਾਂਗ ਆ ਵੱਜੇ! ਉਹ ਹੈਦਰ ਦੀ 'ਪੋਰਸ਼ੇ' ਕਾਰ ਵਿਚ ਆਏ ਸਨ। ਹੈਦਰ ਮਧਰੇ ਜਿਹੇ ਕੱਦ ਦਾ ਬੰਦਾ ਝਾਕਣੀਂ ਤੋਂ ਕੋਈ ਇਮਾਨਦਾਰ ਨਜ਼ਰ ਨਹੀਂ ਆਉਂਦਾ ਸੀ। ਉਸ ਨੇ ਆਉਣ ਸਾਰ ਬੜੀ ਗੱਜ ਵੱਜ ਕੇ, "ਆਸਲਾਮਾਂ ਲੇਕੁਮ...!" ਆਖਿਆ ਸੀ ਅਤੇ ਸੀਤਲ ਅਤੇ ਇਮਰਾਨ ਨੇ "ਬਾ-ਲੇਕੁਮ ਸਲਾਮ" ਵਿਚ ਉਤਰ ਮੋੜਿਆ ਸੀ। ਹੈਦਰ ਸੋਫ਼ੇ 'ਤੇ ਬੈਠ ਗਿਆ। ਇਮਰਾਨ ਅਤੇ ਖ਼ਾਨ ਉਸ ਦੇ ਸਾਹਮਣੇਂ ਬੈਠੇ ਸਨ। ਸੀਤਲ ਕਿਚਨ ਵਿਚੋਂ ਕੁਛ ਲੈਣ ਗਈ ਸੀ।

ਜਦੋਂ ਸੀਤਲ ਦੋ ਗਿਲਾਸਾਂ ਵਿਚ ਅੰਬ ਦਾ ਜੂਸ ਪਾ ਕੇ ਲਿਆਈ, ਤਾਂ ਹੈਦਰ ਨੇ ਉਸ ਨੂੰ ਸਿ਼ਕਾਰੀ ਦੇ ਸਿ਼ਕਾਰ ਨੂੰ ਤਾੜਨ ਵਾਂਗ ਸੀਤਲ ਨੂੰ ਖ਼ੁਫ਼ੀਆ ਨਜ਼ਰਾਂ ਨਾਲ਼ ਘੋਖਿਆ। ਸਰਦਾਰਨੀ ਬੜੀ ਜ਼ਾਲਿਮ ਪਈ ਲੱਗਦੀ ਏ! ਉਸ ਦਾ ਦਿਲ ਬੋਲਿਆ। ਕੋਈ ਗੱਲ ਨਹੀਂ ਸਰਦਾਰਨੀਏਂ...! ਜੇ ਤੂੰ ਆਪਣਾ ਮਜ਼ਹਬ ਛੱਡ ਕੇ ਅਸਾਂ ਦੇ ਮਜ਼ਹਬ ਨੂੰ ਨਹੀਂ ਕਬੂਲ ਪਈ ਕਰਦੀ, ਤੇਰੀ ਉਹ ਬੁਰੀ ਹਾਲਤ ਕਰਾਂਗਾ ਕਿ ਤੂੰ ਮੇਰੇ ਪੈਰੀਂ ਪਈ ਡਿੱਗੇਂਗੀ..! ਉਸ ਨੇ ਜੂਸ ਦਾ ਗਿਲਾਸ ਖਾਲੀ ਕਰ ਦਿੱਤਾ। ਸੀਤਲ ਮੁੜ ਗਈ ਸੀ। ਇਮਰਾਨ ਨੇ ਖ਼ਾਨ ਨੂੰ ਦੱਸ ਦਿੱਤਾ ਸੀ ਕਿ ਸੀਤਲ ਕਿਸੇ ਹਾਲਤ ਵਿਚ ਆਪਣਾਂ ਮਜ਼ਹਬ ਬਦਲ ਕੇ ਇਸਲਾਮ ਕਬੂਲ ਨਹੀਂ ਕਰੇਗੀ, ਅਤੇ ਖ਼ਾਨ ਨੇ ਹੈਦਰ ਨੂੰ ਦੱਸ ਦਿੱਤਾ ਸੀ।

-"ਗੱਲ ਸੀਤਲ ਬੇਟੀ ਇਹ ਵੇ...!" ਖ਼ਾਨ ਨੇ ਗੱਲ ਚਲਾਈ।
-".........।" ਤੁਰੀ ਜਾਂਦੀ ਸੀਤਲ ਰੁਕ ਗਈ। ਉਸ ਦਾ ਹਿਰਦਾ ਕੰਬਿਆ। ਪਰ ਅਗਲੀ ਗੱਲ ਲਈ ਉਸ ਨੇ ਆਪਣੇ ਆਪ ਨੂੰ ਸੁਚੇਤ ਅਤੇ ਕਰੜਾ ਕੀਤਾ।
-"ਆ ਬੇਟੀ ਬੈਠ ਸਾਡੇ ਕੋਲ਼...!" ਹੈਦਰ ਨੇ ਉਸ ਨੂੰ ਆਪਣੇ ਸਾਹਮਣੇ ਬਿਠਾ ਲਿਆ ਅਤੇ ਰੱਜ ਕੇ ਤੱਕਿਆ। ਹੈਦਰ ਦੀਆਂ ਭੁੱਖੀਆਂ ਜਿਹੀਆਂ ਅੱਖਾਂ ਤੋਂ ਡਰ ਆ ਰਿਹਾ ਸੀ। ਉਹ ਸ਼ੇਰ ਅੱਗੇ ਖੜ੍ਹੇ ਹਿਰਨੀ ਦੇ ਬੱਚੇ ਵਾਂਗ ਕੂੰਗੜੀ ਹੀ ਤਾਂ ਬੈਠੀ ਸੀ। ਜਿਸ ਦਾ ਖ਼ੂਨੀ ਜਬਾੜ੍ਹਾ ਉਸ ਨੂੰ ਨੋਚਣ ਲਈ ਤਿਆਰ ਸੀ।
-"ਅਸਾਂ ਤੈਨੂੰ ਆਪਣਾ ਮਜ਼ਹਬ ਬਦਲੀ ਕਰਨ ਲਈ ਹਰਗਿਜ਼ ਨਹੀਂ ਜੇ ਆਖਾਂਗੇ...!" ਹੈਦਰ ਦੇ ਆਖਣ 'ਤੇ ਉਸ ਨੇ ਆਪਣੇ ਆਪ ਨੂੰ ਹਲਕਾ ਹਲਕਾ ਮਹਿਸੂਸ ਕੀਤਾ।
-"ਅਸੀਂ ਆਪਣੇ ਇਮਰਾਨ ਮੀਆਂ ਦੀ ਸ਼ਾਦੀ ਕਿਸੇ ਗ਼ੈਰ ਮਜ਼ਹਬ ਦੀ ਲੜਕੀ ਨਾਲ਼ ਕਰਨ ਨੂੰ ਤਿਆਰ ਵਾਂ, ਪਰ ਅਸਾਂ ਦੀ ਇਕ ਗੱਲ ਤੁਸਾਂ ਨੂੰ ਮੰਨਣੀਂ ਪੈਸੀ...!" ਹੈਦਰ ਨੇ ਸਿੱਕੇ ਦਾ ਇਕ ਪਾਸਾ ਦਿਖਾ ਕੇ ਸੀਤਲ ਦਾ ਚਿਹਰਾ ਪੜ੍ਹਿਆ। ਸੀਤਲ ਬਲੀ ਦੇਣ ਵਾਲ਼ੇ ਬੱਕਰੇ ਵਾਂਗ ਸਿਰ ਝੁਕਾਈ ਬੈਠੀ ਸੀ। ਉਸ ਨੇ ਸਿਰਫ਼ "ਦੱਸੋ..?" ਹੀ ਆਖਿਆ ਸੀ। ਵੈਸੇ ਉਹ ਆਪਣੇ ਆਪ ਨੂੰ ਕਸੂਤੀ ਜਿਹੀ ਫ਼ਸੀ ਮਹਿਸੂਸ ਕਰ ਰਹੀ ਸੀ।
-"ਇੰਜ ਕਰੋ ਬੇਟੀ...! ਜੇ ਤਾਂ ਆਪਾਂ ਇੰਗਲੈਂਡ ਵਿਚ ਸ਼ਾਦੀ ਪਏ ਕਰਨੇ ਆਂ, ਤਾਂ ਰੌਲ਼ਾ ਪੈਸੀ, ਭਾਈਚਾਰੇ ਵਿਚ ਜੰਗ ਸ਼ੁਰੂ ਹੋਸੀ, ਖ਼ਾਨ ਸਾਹਿਬ ਦੇ ਖ਼ਾਨਦਾਨ ਦੀ ਬਦਨਾਮੀ ਹੋ ਜਾਸੀ, ਮੁਸੀਬਤਾਂ ਹੀ ਮੁਸੀਬਤਾਂ ਗਲ ਪੈਸੀ, ਠੀਕ...?"
ਸੀਤਲ ਨੇ ਸਿਰ ਹਿਲਾਇਆ।
-"ਮੇਰੀ ਸਕੀਮ ਤਾਂ ਇਹ ਵੇ ਕਿ ਤੁਸੀਂ ਚੁੱਪ ਚਾਪ ਪਾਕਿਸਤਾਨ ਚਲੇ ਜਾਓ, ਤੇ ਉਥੇ ਦਿਲ ਕਰੇ ਨਿਕਾਹ ਕਰ ਲਓ, ਦਿਲ ਕਰੇ ਕੋਰਟ ਮੈਰਿਜ, ਇਹ ਤੁਸਾਂ ਦੀ ਮਰਜ਼ੀ ਜੇ..! ਇਹ ਕੰਮ ਅਸਾਂ, ਤੁਸਾਂ ਪੁਰ ਛੋੜਿਆ, ਜੋ ਦਿਲ ਪਿਆ ਕਰਦਾ ਈ, ਕਰ ਲਵੋ...!"
-"ਇਤਨੀ ਕੋਈ ਕਾਹਲੀ ਨਹੀਂ ਜੇ..! ਕੋਈ ਜੰਗ ਨਹੀਂ ਜੇ ਲੱਗੀ..! ਅੱਜ ਰਾਤ ਇੰਸ਼ਾਲਾ ਮਸ਼ਬਰਾ ਕਰ ਲਵੋ, ਕੱਲ੍ਹ ਅਸਾਂ ਨੂੰ ਫ਼ੋਨ ਕਰਕੇ ਦੱਸ ਦੇਸੋਂ...! ਕਿਉਂ ਇਮਰਾਨ..?" ਖ਼ਾਨ ਬੋਲਿਆ।
-"ਦਰੁਸਤ ਅੱਬੂ ਜਾਨ...! ਕੱਲ੍ਹ ਦੱਸ ਦਿਆਂਗੇ...!"
-"ਇੰਸ਼ਾਲਾ..! ਜੇ ਮਸ਼ਬਰਾ ਬਣ ਗਿਆ, ਤਾਂ ਤੁਸੀਂ ਫ਼ਲਾਈਟ ਲੈ ਕੇ ਚੱਲਸੀ ਤੇ ਮੈਂ ਔਰ ਹੈਦਰ ਭਾਈ ਕੁਝ ਦਿਨ ਬਾਅਦ ਆ ਜਾਸੀ...!"
ਖ਼ਾਨ ਅਤੇ ਹੈਦਰ ਚਲੇ ਗਏ।

ਤੁਰਦੇ ਹੈਦਰ ਨੇ ਇਕ ਵਾਰ ਫਿਰ ਸੀਤਲ ਵੱਲ ਜੀਅ ਭਰ ਕੇ ਤੱਕਿਆ ਸੀ। ਪਰ ਸੀਤਲ ਨੂੰ ਉਸ ਦੇ ਵਾਰ ਵਾਰ ਝਾਕਣ ਦੀ ਸਮਝ ਨਹੀਂ ਆਈ ਸੀ। ਪਰ ਉਸ ਦੇ ਮਨ 'ਤੇ ਬਹੁਤਾ ਕੋਈ ਅਸਰ ਨਹੀਂ ਹੋਇਆ ਸੀ।

ਰਾਤ ਨੂੰ ਸੀਤਲ ਅਤੇ ਇਮਰਾਨ ਦੀਆਂ ਸਲਾਹਾਂ ਚੱਲ ਰਹੀਆਂ ਸਨ। ਸੀਤਲ ਪਾਕਿਸਤਾਨ ਜਾਣ ਲਈ ਤਾਂ ਸਹਿਮਤ ਹੋ ਗਈ ਸੀ। ਪਰ ਬਹੁਤਾ ਚਿਰ ਉਹ ਪਾਕਿਸਤਾਨ ਵਿਚ ਰਹਿਣਾਂ ਨਹੀਂ ਚਾਹੁੰਦੀ ਸੀ। ਸਿਰਫ਼ ਇਕ, ਜਾਂ ਵੱਧ ਤੋਂ ਵੱਧ ਦੋ ਹਫ਼ਤੇ...! ਦੋ ਹਫ਼ਤੇ ਤੋਂ ਵੱਧ ਉਹ ਕਿਸੇ ਹਾਲਤ ਵਿਚ ਪਾਕਿਸਤਾਨ ਰਹਿਣਾਂ ਨਹੀਂ ਚਾਹੁੰਦੀ ਸੀ। ਸਹਿਮਤੀ ਹੋ ਗਈ। ਉਹਨਾਂ ਨੇ ਸਿਰਫ਼ ਦੋ ਹਫ਼ਤੇ ਹੀ ਉਥੇ ਰਹਿਣਾਂ ਸੀ।
ਅਗਲੇ ਦਿਨ ਇਮਰਾਨ ਨੇ ਖ਼ਾਨ ਨੂੰ ਫ਼ੋਨ ਕਰ ਦਿੱਤਾ।

ਖ਼ੁਸ਼ ਹੋਇਆ ਖ਼ਾਨ ਕੰਧ ਨਾਲ਼ ਟੱਕਰ ਮਾਰਨ ਵਾਲ਼ਾ ਹੋ ਗਿਆ।
ਉਸ ਨੇ ਇਮਰਾਨ ਅਤੇ ਸੀਤਲ ਦੀਆਂ ਏਅਰ ਟਿਕਟਾਂ ਇਸਲਾਮਾਬਾਦ ਲਈ 'ਬੁੱਕ' ਕਰ ਦਿੱਤੀਆਂ।
ਅਗਲੇ ਹਫ਼ਤੇ ਪੀ. ਆਈ. ਏ. ਦੀ ਫ਼ਲਾਈਟ ਸੀ। ਖ਼ਾਨ ਨੇ ਇਮਰਾਨ ਨੂੰ 'ਪੈਕਿੰਗ' ਬਗੈਰਾ ਕਰਨ ਨੂੰ ਆਖ ਦਿੱਤਾ ਸੀ।
ਇਮਰਾਨ ਅਤੇ ਸੀਤਲ 'ਪੈਕਿੰਗ' ਕਰਨ ਵਿਚ ਰੁੱਝ ਗਏ। ਪਤਾ ਨਹੀਂ ਸੀਤਲ ਦਾ ਦਿਲ ਕਿਉਂ ਡੋਲੀ ਜਾ ਰਿਹਾ ਸੀ...? ਜਿਵੇਂ ਉਸ ਨੂੰ ਬੁਰੇ ਦਿਖਾਈ ਦਿੰਦੇ ਸਨ..। ਪਰ ਫਿਰ ਉਹ ਆਪਣੇ ਮਨ ਨੂੰ ਸਮਝਾਉਂਦੀ। ਦੂਜਾ ਮੁਲਕ ਹੈ, ਕਦੇ ਗਈ ਨਾ ਕਰੀ, ਇਸ ਕਰਕੇ ਤੇਰਾ ਦਿਲ ਡਰਦੈ, ਹੋਰ ਕੋਈ ਗੱਲ ਨਹੀਂ..! ਉਸ ਨੇ ਆਪਣੇ ਆਪ ਨੂੰ ਮਨ ਵਿਚ ਹੀ ਧਰਵਾਸਾ ਦਿੱਤਾ। ਪਰ ਪਤਾ ਨਹੀਂ ਕਿਉਂ, ਉਸ ਦਾ ਮਨ ਵਾਰ ਵਾਰ ਭਰ ਕੇ ਉਛਲ਼ ਜਿਹਾ ਰਿਹਾ ਸੀ..? ਪਤਾ ਨਹੀਂ ਉਸ ਨੂੰ ਕਿਸੇ ਕਹਿਰ ਤੋਂ ਕੋਈ ਗ਼ੈਬੀ ਡਰ ਜਿਹਾ ਲੱਗੀ ਜਾ ਰਿਹਾ ਸੀ..!
ਹਫ਼ਤੇ ਬਾਅਦ ਫ਼ਲਾਈਟ ਦਾ ਦਿਨ ਆ ਗਿਆ।

ਖ਼ਾਨ ਵੱਲੋਂ ਭੇਜੀ ਮਿੰਨ੍ਹੀ ਕੈਬ ਉਹਨਾਂ ਦੇ ਘਰ ਅੱਗੇ ਆ ਖੜ੍ਹੀ ਹੋਈ।
ਡਰਾਈਵਰ ਨੇ ਅਟੈਚੀ ਚੁੱਕ ਕੇ ਕੈਬ ਵਿਚ ਰੱਖ ਲਏ।

-"ਆ ਜਾਹ ਸੀਤਲ..! ਅੰਦਰ ਹੁਣ ਕੀ ਕਰਦੀ ਪਈ ਏਂ...?" ਇਮਰਾਨ ਬੋਲਿਆ ਤਾਂ ਭਾਰਤੀ ਪੰਜਾਬੀ ਡਰਾਈਵਰ ਨੇ 'ਸੀਤਲ' ਸੁਣ ਕੇ ਅੰਦਰ ਨੂੰ ਝਾਕਣਾਂ ਸ਼ੁਰੂ ਕਰ ਦਿੱਤਾ। ਇਹ ਤਾਂ ਭਾਰਤੀ ਪੰਜਾਬ ਦੀ ਕੁੜੀ ਦਾ ਨਾਂ ਸੀ..? ਸੀਤਲ ਕਿਸੇ ਮੁਸਲਮਾਨ ਔਰਤ ਦਾ ਨਾਂ ਉਸ ਨੇ ਅੱਜ ਤੱਕ ਨਹੀਂ ਸੁਣਿਆਂ ਸੀ..! ਸੀਤਲ ਤਾਂ ਸਾਡਾ ਪੰਜਾਬੀ ਨਾਂ ਸੀ..? ਸੀਤਲ ਸਿੱਖਾਂ ਦੀ ਕੁੜੀ ਵੀ ਹੋ ਸਕਦੀ ਹੈ ਅਤੇ ਹਿੰਦੂਆਂ ਦੀ ਵੀ..? ਡਰਾਈਵਰ ਸੋਚੀਂ ਪੈ ਗਿਆ, ਸਾਡੀਆਂ ਪੰਜਾਬੀ ਕੁੜੀਆਂ ਦੀ ਕੀ ਮੱਤ ਮਾਰੀ ਗਈ...? ਆਪਣੇ ਦੇਸ਼ ਦੇ ਸਾਰੇ ਮੁੰਡੇ ਮਰ ਗਏ ਜਾਂ ਨਿਪੁੰਸਕ ਹੋ ਗਏ...? ਇਹਨਾਂ ਕੁੜੀਆਂ ਦੀ ਸੋਚ ਨੂੰ ਕੀ ਗ੍ਰਹਿਣ ਲੱਗ ਗਿਆ...? ਕਿੱਧਰ ਚਲੀ ਗਈ ਸੀ ਇਹਨਾਂ ਦੇ ਬਾਪ ਦਾਦੇ ਦੀ ਅਣਖ਼...? ਕਿਉਂ ਨਹੀਂ ਇਹ ਖ਼ਾਨਦਾਨ ਦੀ ਇੱਜ਼ਤ ਅਣਖ਼ ਬਾਰੇ ਸੋਚਦੀਆਂ...? ਅੰਨ੍ਹੀਆਂ ਹੋ ਕੇ ਭੇਡ ਵਾਂਗ ਇੱਕੋ ਖੂਹ ਵਿਚ ਕਾਹਤੋਂ ਡਿੱਗੀ ਜਾ ਰਹੀਆਂ ਨੇ...? ਇਹਨਾਂ ਨੂੰ ਸੇਧ ਦੇਣ ਵਾਲ਼ਾ ਕੋਈ ਵੀ ਅਣਖ਼ੀ ਪੰਜਾਬੀ ਨਹੀਂ ਰਹਿ ਗਿਆ...? ਹੇ ਸੱਚੇ ਪਾਤਿਸ਼ਾਹ...! ਆਹ ਦੇਖਲਾ ਖੁਰਦੀ ਜਾਂਦੀ ਐ ਤੇਰੀ ਕੌਮ ਦੀ ਅਗਲੀ ਪੀੜ੍ਹੀ, ਤੇ ਸਾਡੇ ਲੀਡਰਾਂ ਤੇ ਜੱਥੇਦਾਰਾਂ ਨੂੰ ਇਕ ਦੂਜੇ ਦੀਆਂ ਲੱਤਾਂ 'ਕੁੱਟਣ' ਜਾਂ 'ਘੁੱਟਣ' ਤੋਂ ਹੀ ਵਿਹਲ ਨਹੀਂ...! ਕਰ ਸੱਚੇ ਪਾਤਿਸ਼ਾਹ ਕੁਛ...! ਉੱਜੜਦੀ ਜਾਂਦੀ ਐ ਤੇਰੀ ਅਣਖ਼ ਵਾਲ਼ੀ ਸ਼ੇਰ ਕੌਮ...! ਸਿੱਖ, ਪਰ ਮੋਨੇ ਡਰਾਈਵਰ ਦੀ ਸੁਰਤੀ ਇਮਰਾਨ ਦੇ "ਚਲੋ ਜੀ...!" ਆਖਣ 'ਤੇ ਟੁੱਟੀ।

ਸੀਤਲ ਬਾਹਰ ਆ ਗਈ ਸੀ। ਦਿਲ ਵਿਚ ਭਾਰਤੀ ਪੰਜਾਬੀ ਡਰਾਈਵਰ ਨੇ ਉਸ ਨੂੰ ਸੌ-ਸੌ ਲਾਹਣਤਾਂ ਪਾਈਆਂ ਅਤੇ ਗਾਲ੍ਹਾਂ ਵੀ ਕੱਢੀਆਂ। ਉਸ ਨੇ ਪਿਛਲੇ ਸ਼ੀਸ਼ੇ ਵਿਚੋਂ ਦੀ ਸੀਤਲ ਨੂੰ ਦੇਖਿਆ ਅਤੇ ਪੜ੍ਹਨ ਦਾ ਯਤਨ ਕੀਤਾ। ਪਰ ਪਿੜ ਪੱਲੇ ਉਸ ਦੇ ਕੱਖ ਨਾ ਪਿਆ। ਚੋਰ ਦੀ ਮਾਂ ਕੋਠੀ 'ਚ ਮੂੰਹ...! ਸਾਰੇ ਰਾਹ ਡਰਾਈਵਰ ਨੇ ਉਹਨਾਂ ਨਾਲ਼ ਇਕ ਲਫ਼ਜ਼ ਵੀ ਸਾਂਝਾ ਨਾ ਕੀਤਾ। ਉਸ ਨੂੰ ਤਾਂ ਸਿਰਫ਼ ਐਨਾਂ ਹੀ ਪਤਾ ਸੀ ਕਿ ਉਸ ਦੀ ਡਿਊਟੀ ਉਹਨਾਂ ਨੂੰ ਹੀਥਰੋ ਏਅਰਪੋਰਟ ਲੰਡਨ ਛੱਡਣ ਦੀ ਸੀ।

-"ਪਾਕਿਸਤਾਨ ਚੱਲੇ ਓਂ...?" ਆਖਰ ਡਰਾਈਵਰ ਮਨ ਦੇ ਉਬਾਲ਼ ਨੂੰ ਰੋਕ ਨਹੀਂ ਸਕਿਆ ਅਤੇ ਜ਼ਮੀਰ ਦੇ ਹੁੱਝਾਂ ਮਾਰਨ 'ਤੇ ਫ਼ੌਲਾਦੀ ਚੁੱਪ ਤੋੜ ਹੀ ਲਈ।

-"ਜੀ ਹਾਂ...! ਦੋ ਹਫ਼ਤੇ ਲਈ ਪਾਕਿਸਤਾਨ ਚੱਲੇ ਹਾਂ...!" ਇਮਰਾਨ ਦੇ ਬੋਲਾਂ ਵਿਚ ਮਿਠਾਸ ਨਹੀਂ ਸੀ। ਰੱਖਾਪਣ ਸੀ। ਉਸ ਨੇ ਇਕ ਸੁਆਲ ਦੇ ਦੋ ਉੱਤਰ ਦੇ ਦਿੱਤੇ ਕਿ ਉਹ ਮੁੜ ਉਹਨਾਂ ਨੂੰ ਕੁਝ ਵੀ ਨਾ ਪੁੱਛੇ! ਸਮਝ ਡਰਾਈਵਰ ਵੀ ਗਿਆ।
-"ਤੁਰਨ ਫਿ਼ਰਨ ਜਾ ਰਹੇ ਹੋ ਯੰਗ ਮੈਨ...?" ਡਰਾਈਵਰ ਤੋਂ ਫਿਰ ਨਾ ਰਿਹਾ ਗਿਆ।
-"ਨਹੀਂ ਸਰਦਾਰ ਜੀ, ਮੈਂ ਇਸ ਸਰਦਾਰਨੀ ਨਾਲ਼ ਸ਼ਾਦੀ ਕਰਵਾਉਣ ਪਾਕਿਸਤਾਨ ਜਾ ਰਿਹਾ ਹਾਂ...!" ਇਮਰਾਨ ਨੂੰ ਖ਼ਾਨ ਬਾਪ ਤੋਂ ਪਤਾ ਸੀ ਕਿ ਡਰਾਈਵਰ ਪੰਜਾਬੀ ਸਿੱਖ ਸੀ। ਉਸ ਨੇ ਉਸ ਨੂੰ ਗੱਲ 'ਰੜਕਾ' ਕੇ ਆਖੀ ਕਿ ਡਰਾਈਵਰ ਹੁਣ ਦੁਬਾਰਾ ਕੁਝ ਨਾ ਪੁੱਛੇ ਅਤੇ ਉਸ ਨੇ ਸਿਰੇ ਦੀ ਸੁਣਾਂ ਧਰੀ।

ਡਰਾਈਵਰ ਦਾ ਕਾਲ਼ਜਾ ਦੋਫ਼ਾੜ ਹੋ ਗਿਆ। ਅਣਖ਼ ਅਤੇ ਜ਼ਮੀਰ ਦੀ ਢੂਹੀ ਟੁੱਟ ਗਈ। ਮਨ ਦੀਆਂ ਹਜ਼ਾਰਾਂ ਪਰਤਾਂ ਪਿੱਛੇ ਅਤੇ ਲਾਲਸਾਵਾਂ ਦੀਆਂ ਲਹਿਰਾਂ ਹੇਠ ਝਾਤੀ ਮਾਰਨੀ ਮਾਨੁੱਖ ਦੇ ਵੱਸ ਦਾ ਰੋਗ ਕਦਾਚਿੱਤ ਨਹੀਂ..! ਉਸ ਦੇ ਦਿਲ ਦੀ ਸੀਮਾਂ ਚਕਨਾਚੂਰ ਹੋ ਗਈ..! ਮਾਨੁੱਖ ਦੀ ਕੁਨਬਾ ਪਾਲ਼ਦੀ ਬਿਰਤੀ ਜਦੋਂ ਉਸ ਦੀ ਬੁੱਧੀ ਸਮੇਟ ਰਹੀ ਹੁੰਦੀ ਹੈ ਤਾਂ ਤਬਾਹੀ ਦੀ ਸ਼ੁਰੂਆਤ ਹੁੰਦੀ ਹੈ..! ਸਿੱਖ ਡਰਾਈਵਰ ਦੇ ਦਿਲ ਵਿਚ ਭਾਂਬੜ ਬਲ਼ਦੇ ਰਹੇ..! ਉਸ ਦਾ ਦਿਲ ਕਰਦਾ ਸੀ ਕਿ ਉਸ ਕੋਲ਼ ਜੇ ਹਥਿਆਰ ਹੁੰਦਾ, ਤਾਂ ਇਮਰਾਨ ਤੋਂ ਪਹਿਲਾਂ ਇਸ ਸੀਤਲ ਦੇ ਗੋਲ਼ੀ ਮਾਰਦਾ...! ਬਈ ਹਰਾਮ ਦੀਏ ਔਲ਼ਾਦੇ..! ਤੈਨੂੰ ਦੇਖ ਕੇ ਮੇਰੇ ਦਿਲ ਦੀ ਹਾਲਤ ਦੀ ਜੱਖਣਾਂ ਪੱਟੀ ਪਈ ਐ, ਤੈਨੂੰ ਜੰਮਣ ਅਤੇ ਪਾਲਣ ਵਾਲ਼ੇ ਤੇਰੇ ਮਾਂ ਪਿਉ ਦਾ ਕੀ ਹਾਲ ਹੋਵੇਗਾ..? ਜੇ ਸਾਡੇ ਸਮਾਜ ਵਿਚ ਦਾਜ ਦਾ ਕੋਹੜ੍ਹ ਨਾ ਹੁੰਦਾ ਅਤੇ ਧੀਆਂ ਆਪਹੁਦਰੀਆਂ ਤੇ ਬਦਚਲਣ ਨਾ ਹੁੰਦੀਆਂ, ਤਾਂ ਧੀਆਂ ਨੂੰ ਕੋਈ ਨਾ ਕੁੱਖ ਵਿਚ ਮਾਰਦਾ...! ਉਸ ਨੂੰ ਕਰੋਧ ਤਾਂ ਬਥੇਰ੍ਹਾ ਆਇਆ, ਪਰ ਮਜਬੂਰੀ ਵੱਸ ਉਹ ਚੁੱਪ ਸੀ..। ਕੈਮਰਿਆਂ ਦੀ ਪ੍ਰਵਾਹ ਨਾ ਕਰਦਿਆਂ ਉਹ ਕੈਬ ਨੂੰ ਸਿਰਤੋੜ ਦੱਬੀ ਤੁਰਿਆ ਜਾ ਰਿਹਾ ਸੀ। ਇਮਰਾਨ ਦੇ ਘਰ ਤੋਂ ਹੀਥਰੋ ਏਅਰਪੋਰਟ ਡੇੜ੍ਹ ਘੰਟੇ ਦਾ ਰਸਤਾ ਸੀ। ਪਰ ਜ਼ਮੀਰ, ਅਣਖ਼ ਅਤੇ ਬੇਇੱਜ਼ਤੀ ਵਿਚ ਪਿਸਦੇ ਡਰਾਈਵਰ ਨੇ ਕੈਬ ਘੰਟੇ ਵਿਚ ਹੀ ਹੀਥਰੋ ਏਅਰਪੋਰਟ 'ਤੇ ਆ ਲਾਈ।

ਸਮਾਨ ਚੁੱਕ ਕੇ ਬਾਹਰ ਰੱਖ ਦਿੱਤਾ। ਪੈਸੇ ਉਸ ਦੀ ਕੰਪਨੀ ਨੂੰ ਖ਼ਾਨ ਤੋਂ ਹੀ ਸਿੱਧੇ ਮਿਲਣੇ ਸਨ।
ਇਮਰਾਨ ਵੱਡਾ ਅਟੈਚੀ ਛੱਡਣ ਅੰਦਰ ਚਲਾ ਗਿਆ।
ਸੀਤਲ ਡਰਾਈਵਰ ਦੇ ਕੋਲ਼ ਹੀ ਖੜ੍ਹੀ ਸੀ।
-"ਐਦੂੰ ਤਾਂ ਕੁਛ ਖਾ ਕੇ ਮਰਜਾ...! ਤੂੰ ਚੰਦਰੀਏ ਮਾਂ ਬਾਪ ਨੂੰ ਤਾਂ ਨਮੋਸ਼ੀ ਦਿਵਾਉਣੀ ਹੀ ਸੀ, ਸਾਰੇ ਸਿੱਖ ਭਾਈਚਾਰੇ ਨੂੰ ਵੀ ਨਮੋਸ਼ੀ ਦਿਵਾਈ ਜਾਨੀ ਐਂ..! ਕਲੰਕ ਐਂ ਤੂੰ ਸਾਰੇ ਸਿੱਖ ਭਾਈਚਾਰੇ 'ਤੇ..!" ਡਰਾਈਵਰ ਨੇ ਪੈਰ ਦੁਰਮਟ ਵਾਂਗ ਸੜਕ 'ਤੇ ਮਾਰਿਆ ਅਤੇ ਕੈਬ ਵਿਚ ਬੈਠ ਹਨ੍ਹੇਰੀ ਹੋ ਗਿਆ। ਤੁਰਦੀ ਕੈਬ ਦੇ ਟਾਇਰਾਂ ਨੇ ਚੀਕਾਂ ਛੱਡੀਆਂ ਸਨ ਅਤੇ ਧੂੰਆਂ ਰੋਲ਼ ਹੋ ਗਿਆ ਸੀ। ਲੋਕ ਇਕ ਦਮ ਇੱਧਰ ਝਾਕੇ ਸਨ। ਪਰ ਡਰਾਈਵਰ ਅੱਖਾਂ ਤੋਂ ਓਹਲੇ ਹੋ ਚੁੱਕਾ ਸੀ। ਉਸ ਦੇ ਤਨ ਮਨ ਨੂੰ ਅੱਗ ਹੀ ਤਾਂ ਲੱਗੀ ਪਈ ਸੀ...? ਇਮਰਾਨ ਦੀ ਚੋਭ ਨੇ ਉਸ ਨੂੰ ਨਾ ਜਿਉਂਦਿਆਂ ਅਤੇ ਨਾ ਮਰਿਆਂ ਵਿਚ ਛੱਡਿਆ ਸੀ। ਉਸ ਦੇ ਮਨ ਵਿਚ ਮਾਰੂ ਹਨ੍ਹੇਰ ਅਤੇ ਜ਼ਮੀਰ 'ਤੇ ਅਪਮਾਨ ਦੀ ਮੋਹਲ਼ੇਧਾਰ ਅੱਗ ਵਰ੍ਹ ਰਹੀ ਸੀ..!

ਸੀਤਲ ਦੀ ਜ਼ਮੀਰ ਝੰਜੋੜੀ ਗਈ। ਮਹਿਸੂਸ ਤਾਂ ਉਸ ਨੇ ਰਸਤੇ ਵਿਚ ਹੀ ਕਰ ਲਿਆ ਸੀ ਕਿ ਭਾਈਚਾਰੇ ਦਾ ਸਿੱਖ ਡਰਾਈਵਰ ਉਸ ਦੀ ਇਸ ਕੋਝੀ ਕਰਤੂਤ ਤੋਂ ਮਾਯੂਸ ਅਤੇ ਦੁਖੀ ਸੀ। ਪਰ ਦੂਜੇ ਪਾਸੇ ਉਸ ਦਾ ਆਪਹੁਦਰਾ ਮਨ ਡਰਾਈਵਰ ਨੂੰ ਮਿਹਣੇਂ ਮਾਰਨ ਲੱਗ ਪਿਆ। ਕੀ ਗਲਤੀ ਕੀਤੀ ਹੈ ਮੈਂ...? ਕਿਸੇ ਮੁਸਲਮਾਨ ਨਾਲ਼ ਵਿਆਹ ਕਰਵਾਉਣਾਂ ਕੋਈ ਜ਼ੁਰਮ ਹੈ...? ਜਿੰਨੇ ਵੱਡੇ ਵੱਡੇ ਲੋਕ ਨੇ, ਸਭ ਨੇ ਗ਼ੈਰ ਜ਼ਾਤੀਆਂ ਨਾਲ਼ ਹੀ ਵਿਆਹ ਕਰਵਾਏ ਨੇ...? ਕਿੱਥੋਂ ਆ ਗਿਆ ਇਹ ਵੱਡਾ ਸਮਾਜ ਸੁਧਾਰਕ...? ਆਪਦੀਆਂ ਧੀਆਂ ਪਤਾ ਨ੍ਹੀ ਕਿੱਥੇ ਖੇਹ ਖਾਂਦੀਆਂ ਹੋਣਗੀਆਂ...? ਅਨਪੜ੍ਹ, ਗਵਾਰ, ਮੂਰਖ਼, ਨੈਰੋ ਮਾਈਂਡਡ..! ਮੈਨੂੰ ਦੇਣ ਲੱਗ ਪਿਆ ਉਪਦੇਸ਼...! ਵੱਡਾ ਸਿੱਖ...! ਕਿਵੇਂ ਵਾਧੂ ਸਿੱਖਾਂ ਦਾ ਠੇਕੇਦਾਰ ਬਣਿਆਂ ਫਿਰਦੈ...! ਅੱਜ ਸਾਰਾ ਸੰਸਾਰ ਇਕ-ਮਿੱਕ ਹੋਣ ਦੇ ਰੌਂਅ ਦੇ ਵਿਚ ਐ, ਤੇ ਇਹਨਾਂ ਦੀ ਘੀਸੀ ਕਰਨ ਵਾਲ਼ੀ ਆਦਤ ਨਹੀਂ ਜਾਣੀ...! ਮੈਂ ਆਪਦੇ ਮਾਂ ਬਾਪ ਨੂੰ ਜੁੱਤੀ ਤੋਂ ਦੀ ਮਾਰਿਆ, ਤੂੰ ਕਿਹੜੇ ਬਾਗ ਦੀ ਮੂਲ਼ੀ ਐਂ...? ਮੂੰਹ ਨਾ ਮੱਥਾ..! ਤੂੰ ਦਿਨ ਰਾਤ ਸੜਕਾਂ 'ਤੇ ਧੱਕੇ ਖਾਨੈਂ, ਟੈਕਸੀ ਲੈ ਕੇ..! ਤੇ ਮੈਂ ਘਰ ਬੈਠ ਕੇ ਚੰਗਾ ਖਾਨੀ ਐਂ, ਤੇ ਮੰਦਾ ਬੋਲਦੀ ਐਂ...! ਤੇ ਤੂੰ ਲੋਕਾਂ ਦੇ ਚੱਕੀ ਜਾਨੈਂ ਅਟੈਚੀ ਚੌਂਕੀਦਾਰਾਂ ਵਾਂਗੂੰ...! ਮੈਂ ਲੈਨੀਂ ਆਂ ਨਜ਼ਾਰੇ...! ਸੀਤਲ ਅੰਦਰੋਂ ਉਬਲ਼ ਰਹੀ ਸੀ।

ਇਮਰਾਨ ਦੂਜਾ ਅਟੈਚੀ ਲੈਣ ਆ ਗਿਆ।
-"ਕੀ ਗੱਲ ਐ...?" ਸੀਤਲ ਨੂੰ ਚੁੱਪ ਜਿਹੀ ਦੇਖ ਕੇ ਉਹ ਬੋਲਿਆ।
-"ਕੁਛ ਨਹੀਂ...!" ਉਸ ਨੇ ਆਪਣੇ ਚਿਹਰੇ ਦੇ ਬਦਲਦੇ ਹਾਵ-ਭਾਵ ਸੰਭਾਲ਼ੇ।
-"ਕੋਈ ਗੱਲ ਤਾਂ ਹੈ...!" ਚਤਰ ਇਮਰਾਨ ਨੇ ਉਸ ਦਾ ਪਿੱਛਾ ਨਾ ਛੱਡਿਆ।
-"ਨ੍ਹੋ, ਨਥਿੰਗ ਐਟ ਔਲ ਇਮਰਨ...! ਵ੍ਹਾਏ ਡੋਂਟ ਯੂ ਬਿਲੀਵ ਮੀ...?"
-"ਔਲ ਰਾਈਟ...! ਸੌਰੀ ਸੀਤਲ..!" ਤੇ ਇਮਰਾਨ ਨੇ ਅਟੈਚੀ ਚੁੱਕ ਲਿਆ ਅਤੇ ਸੀਤਲ ਨੇ ਬੈਗ।
ਅੱਗੜ ਪਿੱਛੜ ਉਹ ਪੀ. ਆਈ. ਏ. ਦੇ 'ਚੈੱਕ-ਇੰਨ' ਕਾਊਂਟਰ 'ਤੇ ਆ ਗਏ। ਵਾਰੀ ਆਉਣ 'ਤੇ ਇਮਰਾਨ ਨੇ ਪਾਸਪੋਰਟ ਅਤੇ ਟਿਕਟਾਂ ਪੇਸ਼ ਕੀਤੀਆਂ।
-"ਵਿੰਡੋ ਸਾਈਡ ਦੀਆਂ ਸੀਟਾਂ ਲੈ ਲਈਏ...?" ਇਮਰਾਨ ਨੇ ਪੁੱਛਿਆ।
-"ਓਵੀਅਸਲੀ...!"
ਇਮਰਾਨ ਏਅਰਲਾਈਨ ਵਾਲ਼ੀ ਕੁੜੀ ਦੇ ਨੇੜੇ ਹੋ ਗਿਆ।
-"ਕੁੱਡ ਯੂ ਗਿਵ ਅੱਸ ਵਿੰਡੋ ਸਾਈਡ ਸੀਟਸ ਪਲੀਜ਼...!"

-"ਨ੍ਹੋ ਪ੍ਰਾਬਲਮ ਐਟ ਔਲ...! ਆਈ ਵੈੱਲ ਟਰਾਈ ਮਾਈ ਬੈਸਟ..!" ਕੁੜੀ ਦੀ ਕਾਤਲ ਮੁਸਕਰਾਹਟ ਇਮਰਾਨ ਦਾ ਕਾਲ਼ਜਾ ਲੂਹ ਗਈ। ਉਸ ਦੇ ਚਿੱਟੇ ਦੰਦ ਮੋਤੀਆਂ ਦੀ ਮਾਲ਼ਾ ਹੀ ਤਾਂ ਸਨ। ਕੁੜੀ ਦੇ ਲਿਸ਼ਕਦੇ ਦੰਦਾਂ ਨੇ ਇਮਰਾਨ ਨੂੰ ਬੌਂਦਲ਼ਾ ਹੀ ਤਾਂ ਦਿੱਤਾ ਸੀ..? ਉਸ ਦਾ ਤਿੱਖਾ ਨੱਕ ਤਲਵਾਰ ਸੀ..! ਸੰਗਤਰੇ ਦੀਆਂ ਫ਼ਾੜੀਆਂ ਵਰਗੇ ਗੁਲਾਬੀ ਬੁੱਲ੍ਹਾਂ ਨੇ ਇਮਰਾਨ 'ਤੇ ਕਾਲ਼ਾ ਜਾਦੂ ਹੀ ਤਾਂ ਕਰ ਦਿੱਤਾ ਸੀ..! ਮੱਕੀ ਦੇ ਆਟੇ ਵਰਗਾ ਰੰਗ ਮਾਖਿਓਂ ਮਿੱਠਾ ਹੀ ਤਾਂ ਜਾਪਦਾ ਸੀ..! ਇਮਰਾਨ ਦੇ ਦਿਮਾਗ ਨੂੰ ਧੁਰ ਸੀਮਾਂ ਤੱਕ ਝਟਕਾ ਵੱਜਿਆ ਕਿ ਸੰਸਾਰ 'ਤੇ ਸੀਤਲ ਨਾਲੋਂ ਕਿਤੇ ਜਿ਼ਆਦਾ ਸੁਹੱਪਣ ਹਾਜ਼ਰ ਸੀ...। ਉਸ ਏਅਰਲਾਈਨ ਵਾਲ਼ੀ ਕੁੜੀ ਦੇ ਸਾਹਮਣੇ ਸੀਤਲ ਉਸ ਨੂੰ ਕੋਈ ਬਿੱਜੂ ਵਰਗੀ ਨਜ਼ਰ ਆਈ ਸੀ। ਉਹ ਸੋਚੀਂ ਪੈ ਗਿਆ। ਇਮਰਾਨ ਮੀਆਂ...! ਤੂੰ ਤਾਂ ਅਜੇ ਦੁਨੀਆਂ ਦਾ ਦੇਖਿਆ ਹੀ ਕੱਖ ਨਹੀਂ...! ਅੱਬੂ ਜਾਨ ਐਵੇਂ ਨਹੀਂ ਸਨ ਆਖਦੇ ਹੁੰਦੇ....ਕਿ ਇਮਰਾਨ ਮੀਆਂ ਲਈ ਅਸਾਂ ਨੇ ਧਰਤੀ ਤੋਂ ਹੂਰ ਲੱਭਣੀਂ ਏਂ...! ਪਰ ਤੂੰ ਤਾਂ ਐਸ ਸਰਦਾਰਨੀ ਦੇ ਪਿੱਛੇ ਲੱਗ ਕੇ ਦੁਨੀਆਂ ਹੀ ਭੁੱਲ ਤੁਰਿਆ ਮੀਆਂ...? ਕੀ ਹੈ ਇਹ...? ਫ਼ਰਕ ਤੇ ਦੇਖ...! ਕਿੱਥੇ ਆਹ ਏਅਰਲਾਈਨ ਵਾਲ਼ੀ ਕਬੂਤਰੀ....ਤੇ ਕਿੱਥੇ ਇਹ ਖਾਣ ਸੂਰੀ ਸੀਤਲ...! ਅੱਬੂ ਜਾਨ ਦੀ ਇੰਗਲੈਂਡ ਵਿਚ ਕਿੰਨੀ ਬਣੀ ਹੋਈ ਏ...! ਅਗਰ ਇਹ ਏਅਰਲਾਈਨ ਵਾਲੀ ਕੁੜੀ ਇੰਗਲੈਂਡ ਰਹਿੰਦੀ ਹੋਈ....ਅੱਬੂ ਜਾਨ ਮੇਰੇ ਲਈ ਕਿਸੇ ਦੀ ਸਿ਼ਫ਼ਾਰਸ਼ ਪਾ ਕੇ ਵੀ ਮੇਰੇ ਲਈ ਮੰਗ ਲੈਣਗੇ...! ਉਹਨਾਂ ਨੇ ਤਾਂ ਮੇਰੀ ਖ਼ੁਸ਼ੀ ਲਈ ਸੀਤਲ ਨੂੰ ਨਹੀਂ ਧੱਕਿਆ...! ਨਾਲ਼ੇ ਗ਼ੈਰ ਮਜ਼ਹਬ ਨਾਲ਼ ਤੁਅੱਲਕ ਰੱਖਦੀ ਏ...! ਇਹ ਹਰਾਮਜ਼ਾਦੀ ਤਾਂ ਸਾਡਾ ਮਜ਼ਹਬ ਅਪਨਾਉਣ ਲਈ ਵੀ ਤਿਆਰ ਨਹੀਂ ਹੋਈ...? ਹੋਰ ਇਹ ਕੀ ਸੁਆਹ ਕਰੇਗੀ...? ਕਿੱਡੀ ਹਰਾਮਜ਼ਾਦੀ ਏ...! ਅੱਬੂ ਜਾਨ ਦੀ ਗੱਲ ਵੀ ਨਹੀਂ ਮੰਨੀ ਕੁੱਤੀ ਨੇ...! ਤੇ ਨਹੀਂ ਅੱਬੂ ਜਾਨ ਦੇ ਅੱਗੇ ਅਸਾਂ ਦੀ ਵਾਲਿਦਾ ਨੇ ਕਦੀ ਉਚਾ ਸਾਹ ਨਹੀਂ ਜੇ ਲਿਆ...! ਤੇ ਇਸ ਨੇ ਸਿੱਧਾ ਨੱਕ ਦੀ ਸੇਧ ਹੀ ਜਵਾਬ ਪਿਆ ਦੇ ਦਿੱਤਾ ਸੀ, ਅਖੇ ਮੈਂ ਇਸਲਾਮ ਕਬੂਲ ਨਹੀਂ ਜੇ ਕਰਾਂਗੀ...! ਅੱਬੂ ਜਾਨ ਮੇਰੇ ਲਈ ਅੰਬਰੋਂ ਤਾਰੇ ਤੋੜ ਕੇ ਲਿਆ ਦੇਣ..! ਅਗਰ ਮੇਰੇ ਪ੍ਰੇਮ ਦਾ ਸੁਆਲ ਨਾ ਜੇ ਹੁੰਦਾ...ਅੱਬੂ ਜਾਨ ਸਾਰੀ ਜਿ਼ੰਦਗੀ ਇਸ ਨਾਲ਼ ਸਲਾਮ-ਦੁਆ ਵੀ ਸਾਂਝੀ ਨਾ ਪਏ ਕਰਦੇ...! ਪਰ ਮੇਰੇ ਕਰਕੇ ਉਹਨਾਂ ਨੂੰ ਇਸ ਦੇ ਸਾਹਮਣੇ ਵੀ ਝੁਕਣਾਂ ਪਿਆ...! ਤੇ ਨਹੀਂ ਅੱਬੂ ਜਾਨ ਦੇ ਅੱਗੇ ਅੱਜ ਤੱਕ ਕੋਈ ਉੱਚੀ ਨਹੀਂ ਜੇ ਬੋਲਿਆ ਸੀ...। ਇੰਗਲੈਂਡ ਵਿਚ ਇਲਾਕੇ ਦਾ ਐਮ. ਪੀ. ਉਹਨਾਂ ਨੂੰ ਆਪ ਮਿਲਣ ਆਉਂਦੈ...। ਮੇਅਰ ਅਤੇ ਕੌਂਸਲਰ ਉਹਨਾਂ ਨਾਲ਼ ਚਾਹ ਦਾ ਪਿਆਲਾ ਸਾਂਝਾ ਕਰਨਾ ਆਪਣੀ ਇੱਜ਼ਤ ਸਮਝਦੇ ਨੇ। ਪਰ ਇਹ ਕੁੱਤੀ...? ਸਾਲ਼ੀ ਜੱਜ ਬਣੀ ਫਿ਼ਰਦੀ ਐ, ਹਮ ਇਸਲਾਮ ਕਬੂਲ ਨਹੀਂ ਕਰੇਂਗੇ...! ਫਿਰ ਉਸ ਨੂੰ ਆਪਣੇ ਆਪ 'ਤੇ ਹੀ ਗੁੱਸਾ ਆਇਆ, ਜਿਸ ਨੇ ਆਪਣੇ ਫ਼ਰਿਸ਼ਤੇ ਵਰਗੇ ਅੱਬੂ ਜਾਨ ਦੀ ਬੇਇੱਜ਼ਤੀ ਕਰਵਾਈ ਸੀ ਅਤੇ ਉਹਨਾਂ ਨੂੰ ਇਕ ਸਰਦਾਰਨੀ ਦਾ ਫ਼ੈਸਲਾ ਮੰਨਣ ਲਈ ਮਜਬੂਰ ਕੀਤਾ ਸੀ..।

ਫਿਰ ਉਸ ਨੂੰ ਅੱਬੂ ਜਾਨ ਦੀ ਸੁਣਾਈ ਸਮੁੰਦਰ ਅਤੇ ਖੂਹ ਦੇ ਡੱਡੂ ਵਾਲੀ ਵਾਰਤਾਲਾਪ ਯਾਦ ਆਈ; ਹੜ੍ਹਾਂ ਮੌਕੇ ਸਮੁੰਦਰ ਦਾ ਡੱਡੂ ਕਿਤੇ ਰੁੜ੍ਹ ਕੇ ਖੂਹ ਵਿਚ ਜਾ ਡਿੱਗਿਆ। ਖੂਹ ਦਾ ਡੱਡੂ ਪੁੱਛਣ ਲੱਗਿਆ, ਭਾਈ ਜਾਨ ਜਿੱਥੋਂ ਤੂੰ ਆਇਆ ਏਂ, ਉਥੇ ਕਿੰਨ੍ਹਾ ਕੁ ਪਾਣੀ ਏਂ..? ਤਾਂ ਸਮੁੰਦਰ ਦਾ ਡੱਡੂ ਆਖਣ ਲੱਗਿਆ, ਭਾਈ ਜਾਨ ਉਥੇ ਤਾਂ ਬੇਸ਼ੁਮਾਰ ਪਾਣੀ ਏਂ...! ਅੰਤ ਈ ਕੋਈ ਨਹੀਂ ਜੇ..! ਤਾਂ ਖ਼ੂਹ ਦੇ ਡੱਡੂ ਨੇ ਖੂਹ ਦੇ ਪਾਣੀ ਵਿਚ ਥੋੜ੍ਹੀ ਜਿਹੀ ਛਾਲ਼ ਮਾਰੀ ਤੇ ਪੁੱਛਣ ਲੱਗਿਆ, ਐਨਾਂ ਕੁ ਹੋਣੈਂ...? ਤੇ ਸਮੁੰਦਰ ਦਾ ਡੱਡੂ ਆਖਣ ਲੱਗਿਆ, ਨਹੀਂ ਭਾਈ ਜਾਨ, ਉਥੇ ਤੇ ਬਹੁਤ ਚੋਖ਼ਾ ਪਾਣੀ ਏਂ, ਕੋਈ ਅੰਤ ਨਹੀਂ ਜੇ..! ਫੇਰ ਖੂਹ ਦੇ ਡੱਡੂ ਨੇ ਖੂਹ ਦੇ ਅੱਧ ਤੱਕ ਛਾਲ਼ ਮਾਰੀ, ਤੇ ਫੇਰ ਪੁੱਛਿਆ, ਐਨਾਂ ਕੁ ਹੋਣੈਂ? ਤੇ ਸਮੁੰਦਰ ਦਾ ਡੱਡੂ ਫਿਰ ਹੱਸ ਕੇ ਕਹਿਣ ਲੱਗਿਆ, ਨਹੀਂ ਮੇਰੀ ਜਾਨ ਇਸ ਨਾਲ਼ੋਂ ਵੀ ਕਿਤੇ ਜਿ਼ਆਦਾ, ਬੇਥਾਹ ਪਾਣੀ...! ਤੇ ਫੇਰ ਖੂਹ ਦੇ ਡੱਡੂ ਨੇ ਖੂਹ ਦੇ ਇਕ ਕਿਨਾਰੇ ਤੋਂ ਦੂਸਰੇ ਕਿਨਾਰੇ ਤੱਕ ਛਾਲ਼ ਮਾਰ ਕੇ ਪੁੱਛਿਆ, ਐਨਾਂ ਕੁ ਈ ਹੋਣੈਂ..? ਤੇ ਸਮੁੰਦਰ ਦਾ ਡੱਡੂ ਫਿਰ ਉੱਚੀ ਉੱਚੀ ਹੱਸ ਪਿਆ ਤੇ ਕਹਿਣ ਲੱਗਾ, ਮੇਰੇ ਪਿਆਰੇ ਭਾਈ ਜਾਨ, ਇਸ ਨਾਲੋਂ ਵੀ ਜਿ਼ਆਦਾ ਪਾਣੀ ਏ ਓਥੇ...! ਭਾਈ ਜਾਨ ਅੰਤ ਈ ਕੋਈ ਨਹੀਂ ਓਥੇ, ਬਹੁਤ ਪਾਣੀ ਜੇ..! ਤੇ ਖੂਹ ਦਾ ਡੱਡੂ ਨਿਰਾਸ਼ ਜਿਹਾ ਹੋ ਕੇ ਕਹਿੰਦਾ, ਕਿਉਂ ਮੈਨੂੰ ਮੂਰਖ਼ ਬਣਾਈ ਜਾਨੈਂ ਭਾਈ ਪਿਆਰਿਆ..? ਐਦੂੰ ਵੱਧ ਤਾਂ ਕਿਤੇ ਪਾਣੀ ਹੀ ਹੈਨ੍ਹੀ...! ਕਿਉਂਕਿ ਖੂਹ ਦੇ ਡੱਡੂ ਨੇ ਜਿ਼ੰਦਗੀ ਭਰ ਵਿਚ ਇਸ ਨਾਲ਼ੋਂ ਜਿ਼ਆਦਾ ਪਾਣੀ ਕਿਤੇ ਵੇਖਿਆ ਵੀ ਨਹੀਂ ਸੀ...! ਉਸ ਨੂੰ ਸਮੁੰਦਰ ਦੇ ਡੱਡੂ ਦਾ ਸੱਚ ਕਿੱਥੋਂ ਆਉਂਦਾ...? ਇਹੀ ਗੱਲ ਤੇਰੀ ਹੈ ਇਮਰਾਨ ਮੀਆਂ...! ਤੂੰ ਸੀਤਲ ਤੋਂ ਬਿਨਾ ਅੱਜ ਤੱਕ ਕੁਝ ਦੇਖਿਆ ਅਤੇ ਵਰਤਿਆ ਨਹੀਂ...! ਤੈਨੂੰ ਦੁਨੀਆਂ ਦਾ ਕੀ ਪਤਾ...? ਦੁਨੀਆਂ ਵਿਚ ਅੱਲਾਹ ਤਾਲਾ ਨੇ ਭਲੀ ਤੋਂ ਭਲੀ ਚੀਜ਼ ਬਣਾਈ ਏ, ਤੇ ਤੈਨੂੰ ਸੀਤਲ ਬਿਨਾ ਦਿਸਦਾ ਹੀ ਕੁਝ ਨਹੀਂ...? ਦੇਖ ਕਿੰਨਾਂ ਜ਼ਾਲਿਮ ਹੁਸਨ ਈ ਇਸ ਏਅਰਲਾਈਨ ਵਾਲ਼ੀ ਕੁੜੀ 'ਤੇ...! ਗੱਲ ਕਰਨ ਦੀ ਕਿਤਨੀ ਕਾਤਲ ਅਦਾ ਈ ਇਸ ਦੀ...! ਕਿਤਨਾ ਜ਼ਬਰਦਸਤ ਨਖ਼ਰਾ ਹੈ ਇਸ ਕੁੜੀ ਦਾ...! ਕਿੰਨਾਂ ਕਿਆਮਤ ਦਾ ਜੋਬਨ ਈ..! ਇਹੋ ਜਿਹੀ ਸੁੱਕੇ ਦਰੱਖ਼ਤ ਨੂੰ ਹੱਥ ਲਾ ਦੇਵੇ ਹਰੇ ਹੋ ਜਾਣ...! ਬੰਜਰ ਧਰਤੀ ਨੂੰ ਫ਼ਲੀਆਂ ਵਰਗੀਆਂ ਉਂਗਲਾਂ ਦੀ ਛੋਹ ਦੇ ਦੇਵੇ, ਝਰਨਾਂ ਫ਼ੁੱਟ ਪਵੇ...! ਮੁਰਦੇ ਦੇ ਬੁੱਲ੍ਹਾਂ 'ਤੇ ਬੁੱਲ ਧਰੇ, ਮੁਰਦਾ ਉਠ ਕੇ ਬੈਠ ਜਾਵੇ...! ਅੱਬੂ ਜਾਨ ਦੇ ਆਖਣ ਵਾਂਗ, ਤੂੰ ਤਾਂ ਅਜੇ ਦੁਨੀਆਂ ਦੇਖੀ ਹੀ ਨਹੀਂ ਇਮਰਾਨ ਮੀਆਂ...? ਅੱਬੂ ਜਾਨ ਦੀ ਗੱਲ ਸੋਲ਼ਾਂ ਆਨੇ ਸਹੀ ਏ...! ਤੈਨੂੰ ਤਾਂ ਸੀਤਲ ਬਾਝੋਂ ਕੁਝ ਦਿਸਦਾ ਹੀ ਨਹੀਂ ਸੀ ਮੂਰਖ਼ਾ...! ਤੂੰ ਅਮੀਰ ਅਤੇ ਬਾਰਸੂਖ਼ ਬਾਪ ਦਾ ਛੋਟਾ ਅਤੇ ਲਾਡਲਾ ਪੁੱਤਰ ਏਂ...! ਅੱਬੂ ਜਾਨ ਤਾਂ ਤੇਰੇ ਲਈ ਚਿੜੀਆਂ ਦਾ ਦੁੱਧ ਲਿਆ ਦੇਣ...! ਪਰ ਤੂੰ ਬੇਵਕੂਫ਼ਾ..? ਉਹਨਾਂ ਦੀ ਗੱਲ ਕਦੇ ਮੰਨੀ ਹੀ ਨਹੀਂ...! ਪਰ ਉਹਨਾਂ ਨੇ ਤੇਰੀ ਖ਼ੁਸ਼ੀ ਲਈ ਸੀਤਲ ਵੀ ਕਬੂਲ ਕਰ ਲਈ...! ਕੋਈ ਹੋਰ ਹੁੰਦਾ, ਟਿੰਡੀ ਦੇ ਬੀਜ਼ ਤੇ ਪਏ ਚਾੜ੍ਹ ਦਿੰਦੇ...? ਪਰ ਸੀਤਲ ਤੋਂ ਖਹਿੜ੍ਹਾ ਛੁਡਾਉਣਾਂ ਇਤਨਾ ਅਸਾਨ ਨਹੀਂ ਇਮਰਾਨ ਮੀਆਂ...! ਇਸ ਲਈ ਤੇ ਕੋਈ ਤਕਨੀਕ ਵਰਤਣੀ ਪਵੇਗੀ..! ਹੁਣ ਤਾਂ ਤੂੰ ਇਹਨੂੰ ਪਾਕਿਸਤਾਨ ਵੀ ਲੈ ਕੇ ਟੁਰ ਪਿਆ ਏਂ...? ਹੁਣ ਤੇ ਛੁਟਕਾਰਾ ਹਰਗਿਜ਼ ਨਹੀਂ..! ਹੁਣ ਤਾਂ ਤੈਨੂੰ ਇਹਤੋਂ ਕਿਸੇ ਢੰਗ ਨਾਲ਼ ਹੀ ਪਿੱਛਾ ਛੁਡਾਉਣਾਂ ਪਵੇਗਾ...! ਉਹ ਸੋਚਾਂ ਦੇ ਸਾਗਰਾਂ ਦੀਆਂ ਘੁੰਮਣ ਘੇਰੀਆਂ ਵਿਚ ਫ਼ਸਿਆ ਹੋਇਆ ਸੀ। ਉਸ ਦੀਆਂ ਸੋਚਾਂ ਦੀ ਲੜੀ ਏਅਰਲਾਈਨ ਵਾਲ਼ੀ ਕੁੜੀ ਦੀ ਵੰਝਲੀ ਵਰਗੀ ਮਿੱਠੀ ਅਵਾਜ਼ ਨਾਲ਼ ਟੁੱਟੀ।

-"ਯੂਅਰ ਬੋਰਡਿੰਗ ਕਾਰਡਜ਼ ਸਰ...!" ਕੁੜੀ ਦੀ ਅਵਾਜ਼ ਬੰਸਰੀ ਦੀ ਹੂਕ ਵਰਗੀ ਹੀ ਤਾਂ ਸੀ! ਉਸ ਨੂੰ ਉਸ ਦੀ ਰਸਭਿੰਨੀ ਅਵਾਜ਼ ਵਿਚੋਂ ਆਨੰਦ ਹੀ ਤਾਂ ਆਇਆ ਸੀ।
-"ਥੈਂਕ ਯੂ ਸੋ ਮੱਚ ਮੈਡਮ..!" ਇਮਰਾਨ ਕੁੜੀ ਦੀਆਂ ਝੀਲ ਵਰਗੀਆਂ ਅੱਖਾਂ ਵਿਚ ਝਾਕਦਿਆਂ ਬੋਲਿਆ। ਉਸ ਨੂੰ ਉਸ ਦੇ ਬਦਨ ਵਿਚੋਂ ਚੰਦਨ ਦੀ ਮਹਿਕ ਆ ਰਹੀ ਸੀ।
-"ਡੂ ਯੂ ਲਿਵ ਇੰਨ ਲੰਡਨ...?" ਇਮਰਾਨ ਨੇ ਉਸ ਦੇ ਬਹੁਤ ਬਹੁਤ ਨਜ਼ਦੀਕ ਹੋ ਕੇ ਪੁੱਛਿਆ।
-"ਓਵੀਅਸਲੀ...! ਬੱਟ, ਵ੍ਹਾਏ ਡੂ ਯੂ ਵਾਂਟ ਟੂ ਨੋਅ..?" ਹੱਸਦੀ ਕੁੜੀ ਦੇ ਦੰਦ ਉਸ ਨੂੰ ਅਸਮਾਨ ਵਿਚ ਖਿੜ੍ਹੇ ਤਾਰਿਆਂ ਵਾਂਗ ਜਾਪੇ।
-"ਸੌਰੀ..! ਇਟ ਵਾਜ਼ ਜਸਟ ਏ ਜਨਰਲ ਕੁਐਸਚਨ...! ਬੀਕੌਜ਼ ਆਈ ਲਿਵ ਇੰਨ ਲੰਡਨ ਐਜ਼ ਵੈੱਲ...! ਥੈਂਕਸ ਐਂਡ ਸੌਰੀ ਵੱਨਸ ਅਗੇਨ...!" ਇਮਰਾਨ ਨੇ ਕੁੜੀ ਵੱਲ ਕਿਸੇ ਅਰਮਾਨ ਨਾਲ਼ ਤੱਕਿਆ। ਕੁੜੀ ਉਸ ਨੂੰ ਰਹਿਮਤਾਂ ਦੇ ਬਾਗ ਵਿਚ ਖਿੜੀ ਕਲੀ ਹੀ ਤਾਂ ਲੱਗਦੀ ਸੀ। ਅੱਲਾਹ ਦੀ ਰਹਿਮਤ! ਪਤਾਸੇ ਵਰਗੀ..! ਉਸ ਨੇ ਬੋਰਡਿੰਗ ਕਾਰਡ ਫੜ ਲਏ। ਸੀਤਲ ਨੂੰ ਕੁਝ ਸੁਣਿਆਂ ਨਹੀਂ ਸੀ। ਕੁਝ ਮਹਿਸੂਸ ਨਹੀਂ ਹੋਇਆ ਸੀ। ਉਹ ਤਾਂ ਆਵੇਸਲ਼ੀ ਜਿਹੀ ਹੋਈ ਆਪਣੀਆਂ ਸੋਚਾਂ ਵਿਚ ਗੁਆਚੀ ਹੋਈ ਸੀ। ਉਸ ਦੇ ਭਾਅ ਦਾ ਤਾਂ ਇਮਰਾਨ ਕੁੜੀ ਨੂੰ ਸਿਰਫ਼ ਜਹਾਜ ਦੇ ਸਫ਼ਰ ਲਈ ਕੁਝ ਪੁੱਛ ਰਿਹਾ ਸੀ।

ਉਹ ਕੁੜੀ ਵੱਲੋਂ ਦੱਸੇ ਗੇਟ ਵੱਲ ਤੁਰ ਪਏ।

ਦੋਨੋਂ ਆਪੋ ਆਪਣੀਆਂ ਅਤੇ ਵੱਖੋ ਵੱਖਰੀਆਂ ਸੋਚਾਂ ਵਿਚ ਗ਼ਲਤਾਨ ਸਨ। ਏਅਰਲਾਈਨ ਵਾਲ਼ੀ ਕੁੜੀ ਦੇ ਦਰਸ਼ਣ ਕਰਨ ਤੋਂ ਬਾਅਦ ਸੀਤਲ ਇਮਰਾਨ ਨੂੰ ਫਿ਼ੱਕੀ-ਫਿ਼ੱਕੀ ਅਤੇ ਰਸਹੀਣ ਜਾਪਣ ਲੱਗ ਪਈ ਸੀ। ਪਰ ਮਜਬੂਰੀ ਮਾਰਿਆ ਉਹ ਉਸ ਨਾਲ਼ ਤੁਰਿਆ ਜਾ ਰਿਹਾ ਸੀ। ਜਿਵੇਂ ਡੈਹਾ ਅਤੇ ਧਲ੍ਹਿਆਰਾ ਪਾਈ ਹੋਈ ਮੱਝ ਖ਼ਰੀਦਦਾਰ ਦੇ ਮਗਰ ਤੁਰਦੀ ਹੈ। ਬੋਚ ਬੋਚ ਕੇ..! ਇਮਰਾਨ ਮੀਆਂ...! ਇਸ ਤੋਂ ਹੁਣ ਖਹਿੜ੍ਹਾ ਛੁਡਾਇਆ ਜਾਵੇ...! ਜਿਵੇਂ ਮਰਜ਼ੀ ਹੋਵੇ, ਜੇ ਮੈਂ ਸ਼ਾਦੀ ਕਰਾਂਗਾ, ਤਾਂ ਸਿਰਫ਼ ਏਅਰਲਾਈਨ ਵਾਲ਼ੀ ਕੁੜੀ ਨਾਲ਼ ਹੀ ਕਰਾਂਗਾ। ਪਰ ਮੈਂ ਤਾਂ ਉਸ ਕਰਮਾਂ ਵਾਲੀ ਦਾ ਨਾਮ ਤੱਕ ਨਹੀਂ ਪੁੱਛਿਆ..? ਫੇਰ ਕੀ ਹੋ ਗਿਆ..? ਦੁਨੀਆਂ ਬਹੁਤ ਛੋਟੀ ਏ..! ਨਾਮ ਦਾ ਕੀ ਏ..? ਜੀਂਦਾ ਰਹੇ ਅੱਬੂ ਜਾਨ..! ਬੜਾ ਕੁਝ ਪਤਾ ਕਰ ਦੇਵੇਗਾ..! ਇਕ ਵਾਰ ਸੁਆਲ ਪਾਉਣ ਦੀ ਜ਼ਰੂਰਤ ਏ..! ਪਰ ਜੇ ਉਹ ਸ਼ਾਦੀ ਸ਼ੁਦਾ ਹੋਈ, ਫੇਰ...? ਉਸ ਦੀ ਕੋਈ ਹੋਰ ਭੈਣ ਵੀ ਹੋ ਸਕਦੀ ਏ...? ਉਸ ਦੀ ਭੈਣ ਕਿਹੜਾ ਉਸ ਦੇ ਨਾਲ਼ੋਂ ਘੱਟ ਸੁੰਦਰ ਹੋਵੇਗੀ...? ਇਕ ਮਾਂ, ਇਕ ਬਾਪ ਦੀ ਨਸਲ 'ਤੇ ਹੁਸਨ ਤਾਂ ਤਕਰੀਬਨ ਇੱਕੋ ਜਿਹਾ ਹੀ ਹੋਵੇਗਾ...? ਉਸ ਦਾ ਪਤਾ ਲਗਾਉਣਾਂ ਹੁਣ ਕੋਈ ਔਖਾ ਨਹੀਂ! ਪੀ. ਆਈ. ਏ. ਦੇ ਕਾਊਂਟਰ 'ਤੇ ਕੰਮ ਕਰਦੀ ਏ...! ਲੰਡਨ ਵਿਚ ਰਹਿੰਦੀ ਏ...! ਇਸ ਦਾ ਘਰ ਜਾਂ ਮਾਂ ਬਾਪ ਲੱਭਣੇ ਕੋਈ ਵੱਡੀ ਗੱਲ ਨਹੀਂ...! ਅੱਬੂ ਜਾਨ ਜਿ਼ੰਦਾਬਾਦ...! ਪਰ ਹੁਣ ਸਭ ਤੋਂ ਵੱਡਾ ਕੰਮ ਤੇਰੇ ਕੋਲ਼ ਸੀਤਲ ਬਾਂਦਰੀ ਤੋਂ ਖਹਿੜ੍ਹਾ ਛੁਡਾਉਣਾ ਹੈ..! ਚਲੋ, ਇੰਸ਼ਾਲਾ ਅੱਲਾਹ ਤਾਲਾ ਆਪੇ ਕੋਈ ਰਸਤਾ ਦਿਖਾਵੇਗਾ..!

ਸੋਚਾਂ ਦੇ ਘਨ੍ਹੇੜ੍ਹਿਆਂ 'ਤੇ ਚੜ੍ਹੇ ਉਹ ਠੀਕ ਗੇਟ 'ਤੇ ਪੁੱਜ ਗਏ।
ਫ਼ਲਾਈਟ ਸਹੀ ਟਾਈਮ 'ਤੇ ਹੀ ਜਾ ਰਹੀ ਸੀ।
ਸਕਿਊਰਿਟੀ ਕਰਵਾ ਕੇ ਉਹ ਜਹਾਜ ਵਿਚ ਜਾ ਬੈਠੇ ਅਤੇ ਆਪਣੇ ਮੁਕੱਰਰ ਸਮੇਂ ਤੋਂ ਕੋਈ ਚਾਲ਼ੀ ਕੁ ਮਿੰਟ ਲੇਟ ਜਹਾਜ ਲੰਡਨ ਤੋਂ ਪਾਕਿਸਤਾਨ ਵੱਲ ਉਡਾਰੀ ਮਾਰ ਗਿਆ।

੧੭।੦੨।੨੦੧੨

ਕਾਂਡ 1 ਕਾਂਡ 2 ਕਾਂਡ 3 ਕਾਂਡ 4 ਕਾਂਡ 5 ਕਾਂਡ 6 ਕਾਂਡ 7 ਕਾਂਡ 8
ਕਾਂਡ 9 ਕਾਂਡ 10 ਕਾਂਡ 11 ਕਾਂਡ 12 ਕਾਂਡ 13 ਕਾਂਡ 14 ਕਾਂਡ 15 ਕਾਂਡ 16
ਕਾਂਡ 17 ਕਾਂਡ 18 ਕਾਂਡ 19 ਕਾਂਡ 20        

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi.com