WWW 5abi.com  ਸ਼ਬਦ ਭਾਲ

ਨਾਵਲ
ਸੱਜਰੀ
ਪੈੜ ਦਾ ਰੇਤਾ
ਸ਼ਿਵਚਰਨ ਜੱਗੀ ਕੁੱਸਾ

ਕਾਂਡ 1 ਕਾਂਡ 2 ਕਾਂਡ 3 ਕਾਂਡ 4 ਕਾਂਡ 5 ਕਾਂਡ 6 ਕਾਂਡ 7 ਕਾਂਡ 8
ਕਾਂਡ 9 ਕਾਂਡ 10 ਕਾਂਡ 11 ਕਾਂਡ 12 ਕਾਂਡ 13 ਕਾਂਡ 14 ਕਾਂਡ 15 ਕਾਂਡ 16
ਕਾਂਡ 17 ਕਾਂਡ 18 ਕਾਂਡ 19 ਕਾਂਡ 20        
ਕਾਂਡ 17
ਧੀ ਭੈਣ ਕਾ ਜੋ ਪੈਸਾ ਖਾਵੈ
ਕਹੈ ਗੋਬਿੰਦ ਸਿੰਘ ਨਰਕ ਕੋ ਜਾਵੈ
(ਰਹਿਤਨਾਮਾ)


ਹਨੀ ਡੇਵ ਵਾਲ਼ੀ ਫ਼ਰਮ ਵਿਚ ਹੀ ਕੰਮ 'ਤੇ ਲੱਗ ਗਈ ਸੀ।

ਡੇਵ ਦੀ ਰਾਇ ਅਨੁਸਾਰ ਉਸ ਨੇ ਆਪਣਾਂ ਮਕਾਨ 'ਹੋਮ ਸੀਕਰਜ਼' ਵਾਲਿ਼ਆਂ ਨੂੰ ਕਿਰਾਏ 'ਤੇ ਦੇ ਦਿੱਤਾ ਸੀ। ਡੇਵ ਦੀ ਇਸ ਕਸਬੇ ਵਿਚ ਚੰਗੀ ਬਣੀ ਹੋਈ ਸੀ, ਜਿਸ ਕਾਰਨ ਹਨੀ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾਂ ਨਹੀਂ ਕਰਨਾ ਪਿਆ ਸੀ। ਹਰ ਹਫ਼ਤੇ ਹਨੀ ਦੇ ਮਕਾਨ ਦਾ ਕਿਰਾਇਆ ਉਸ ਦੇ ਅਕਾਊਂਟ ਵਿਚ ਜਮ੍ਹਾਂ ਹੋਣਾਂ ਸ਼ੁਰੂ ਹੋ ਗਿਆ। ਹਨੀ ਦੇ ਚੁੱਕੇ ਹੋਏ ਕਰਜ਼ੇ ਦੀ ਕਿਸ਼ਤ ਹਰ ਮਹੀਨੇ ਮਕਾਨ ਨੇ ਹੀ ਚੁੱਕਣੀ ਸ਼ੁਰੂ ਕਰ ਦਿੱਤੀ। ਹਨੀ ਅਤੇ ਡੇਵ 'ਮੀਆਂ-ਬੀਵੀ' ਵਾਂਗ ਹੀ ਇਕੱਠੇ ਰਹਿਣ ਲੱਗੇ ਸਨ। ਪਰ ਇਸ ਬਾਰੇ ਕੰਪਨੀ ਵਿਚ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਡੇਵ ਅਤੇ ਹਨੀ ਇਕ ਮੀਆਂ ਬੀਵੀ ਵਾਂਗ ਇਕੱਠੇ ਰਹਿੰਦੇ ਸਨ! ਹਨੀ ਆਪਣੀ ਕਾਰ 'ਤੇ ਸਵੇਰੇ ਛੇ ਵਜੇ ਕੰਮ 'ਤੇ ਜਾਂਦੀ ਅਤੇ ਡੇਵ ਨੌਂ ਵਜੇ ਕੰਮ 'ਤੇ ਪਹੁੰਚਦਾ। ਹਨੀ ਦੁਪਿਹਰ ਦੋ ਵਜੇ ਆਪਣੀ ਸਿ਼ਫ਼ਟ ਖ਼ਤਮ ਕਰਦੀ ਅਤੇ ਡੇਵ ਸ਼ਾਮ ਦੇ ਚਾਰ ਜਾਂ ਪੰਜ ਵਜੇ..! ਹੋਰ ਤਾਂ ਹੋਰ, ਹਨੀ ਨਾਲ਼ ਕੰਮ ਕਰਦੀਆਂ ਦੇਸੀ ਔਰਤਾਂ ਨੂੰ ਵੀ ਹਨੀ ਅਤੇ ਡੇਵ ਦੇ ਇਸ ਸਬੰਧ ਬਾਰੇ ਪਤਾ ਨਹੀਂ ਸੀ। ਡੇਵ ਨੇ ਵੀ ਹਨੀ ਨੂੰ ਸਖ਼ਤ ਤਾੜਨਾਂ ਕੀਤੀ ਹੋਈ ਸੀ ਕਿ ਕੰਪਨੀ ਵਿਚ ਉਹਨਾਂ ਬਾਰੇ ਕਿਸੇ ਨੂੰ ਪਤਾ ਨਾ ਚੱਲੇ...! ਕਦੇ ਕਦੇ ਹਨੀ ਨੂੰ ਡੇਵ ਦੀ ਤਕਰੀਬਨ ਦੁੱਗਣੀਂ ਉਮਰ ਰੜਕਦੀ। ਪਰ ਸਹੂਲਤਾਂ, ਗ਼ਰਜ਼ਾਂ ਅਤੇ ਹਾਲਾਤਾਂ ਦੀ ਮਾਰੀ ਹਨੀ ਹਿੱਕ 'ਤੇ ਪੱਥਰ ਰੱਖ ਕੇ ਵੀ ਜੀਅ ਰਹੀ ਸੀ। ਵੈਸੇ ਉਸ ਨੂੰ ਡੇਵ ਤੋਂ ਕੋਈ ਸ਼ਕਾਇਤ ਨਹੀਂ ਸੀ। ਉਹ ਉਸ ਨੂੰ ਬਿਲਕੁਲ ਵੀ ਤੰਗ ਨਾ ਕਰਦਾ। ਸ਼ਨਿੱਚਰ ਐਤਵਾਰ ਨੂੰ ਉਹ ਕਿਸੇ ਨਾ ਕਿਸੇ ਪਾਸੇ ਘੁੰਮਣ ਫਿ਼ਰਨ ਚਲੇ ਜਾਂਦੇ।

ਇਕ ਸ਼ਨਿੱਚਰਵਾਰ ਉਹ ਸੈਂਟਰਲ ਲੰਡਨ ਦਾ 'ਟਾਵਰ ਬਰਿੱਜ' ਦੇਖਣ ਗਏ। ਅਚਾਨਕ ਉਹਨਾਂ ਨੂੰ ਹਨੀ ਦੇ ਪਿੰਡ ਦੀ ਇਕ ਬੁੱਢੀ ਪਾਲੋ ਮਿਲ਼ ਪਈ। ਵੈਸੇ ਪਾਲੋ ਪਿੰਡ ਵਿਚੋਂ ਹਨੀ ਦੇ ਭੈਣਾਂ ਦੀ ਥਾਂ ਲੱਗਦੀ ਸੀ। ਉਸ ਨੂੰ ਦੇਖ ਕੇ ਹਨੀ ਨੇ ਛੁਪਣਾਂ ਚਾਹਿਆ। ਪਰ ਗੇੜ ਹੀ ਐਸਾ ਬਣਿਆਂ ਕਿ ਹਨੀ ਅਚਾਨਕ ਇਕ ਦਮ ਪਾਲੋ ਦੇ ਸਾਹਮਣੇਂ ਆ ਗਈ ਸੀ..! ਲੁਕਣ ਲਈ ਸਮਾਂ ਹੀ ਨਹੀਂ ਮਿਲਿ਼ਆ ਸੀ। ਹਨੀ ਨੂੰ ਹੋਰ ਕੋਈ ਸ਼ਰਮ ਨਹੀਂ ਸੀ। ਸ਼ਰਮ ਉਸ ਨੂੰ ਸਿਰਫ਼ ਉਸ ਦੇ ਨਾਲ਼ ਫਿਰਦੇ ਡੇਵ ਦੀ ਅਤੇ ਉਸ ਦੀ ਦੁੱਗਣੀ ਉਮਰ ਦੀ ਸੀ। ਫਿ਼ਕਰ ਸਿਰਫ਼ ਇਸ ਗੱਲ ਦਾ ਸੀ ਕਿ ਹਨੀ ਨੇ ਪਿੰਡ ਘਰਦਿਆਂ ਨੂੰ ਡੇਵ ਬਾਰੇ ਦੱਸਿਆ ਕੁਝ ਨਹੀਂ ਸੀ। ਰਮਣੀਕ ਦੇ ਤਲਾਕ ਬਾਰੇ ਤਾਂ ਘਰਦਿਆਂ ਨੂੰ ਪਤਾ ਸੀ। ਪਰ ਡੇਵ ਦੇ ਨਾਲ਼ 'ਸਾਂਢੇ-ਗਾਂਢੇ' ਦੀ ਕੋਈ ਖ਼ਬਰ ਨਹੀਂ ਸੀ। ਹਨੀ ਜਿਸ ਗੱਲ ਨੂੰ ਮਾਪਿਆਂ ਤੋਂ ਲਕੋਣਾਂ ਚਾਹੁੰਦੀ ਸੀ, ਉਹ ਤਾਂ ਹੁਣ ਪਿੰਡ ਤੱਕ ਜੱਗ ਜ਼ਾਹਿਰ ਹੋ ਜਾਣੀਂ ਸੀ..! ਘਰ ਦੇ ਤਾਂ ਅੱਗੇ ਹੀ ਹਨੀ ਨੂੰ ਘਰੂਟ ਵੱਢਣ ਆਉਂਦੇ ਸਨ..? ਮੈਨੇਜਰ ਨਾਲ਼ ਨਜਾਇਜ਼ ਸਬੰਧਾਂ ਦੀ ਗੱਲ ਬੁੱਕਣ ਨੇ ਜਾਣ ਸਾਰਾ ਘਰਦਿਆਂ ਦੇ ਕੰਨ ਵਿਚ ਪਰੋ ਧਰੀ ਸੀ। ਮਾਂ ਬਾਪ ਨੇ ਉਸ ਨੂੰ 'ਲੁੱਚੀ' ਅਤੇ 'ਕੰਜਰੀ' ਤੱਕ ਆਖਿਆ ਸੀ ਅਤੇ ਕਲਾਮ ਵੀ ਨਾ ਕਰਨ ਦੀ ਧਮਕੀ ਦਿੱਤੀ ਹੋਈ ਸੀ। ਤੇ ਜੇ ਹੁਣ ਉਹਨਾਂ ਨੂੰ 58 ਸਾਲਾਂ ਦੇ ਡੇਵ ਬਾਰੇ ਪਤਾ ਲੱਗ ਗਿਆ, ਪਤਾ ਨਹੀਂ ਉਹਨਾਂ ਨੇ ਹਨੀ ਦੇ ਨਾਂ ਨਾਲ਼ ਕਿਹੜੇ ਕਿਹੜੇ ਵਿਸ਼ੇਸ਼ਣ ਲਾਉਣੇ ਸਨ..? ਇਸ ਲਈ ਉਹ ਪਾਲੋ ਦੇ ਸਾਹਮਣੇ ਨਹੀਂ ਆਉਣਾਂ ਚਾਹੁੰਦੀ ਸੀ। ਪਾਲੋ ਜਦੋਂ ਵੀ ਪੰਜਾਬ ਜਾਂਦੀ ਸੀ, ਤਾਂ ਹਨੀ ਦੇ ਘਰਦਿਆਂ ਨੂੰ ਜ਼ਰੂਰ ਮਿਲ਼ ਕੇ ਆਉਂਦੀ ਸੀ। ਇਸ ਦਾ ਹਨੀ ਨੂੰ ਖ਼ਤਰਾ ਸੀ! ਜਦੋਂ ਹਨੀ ਅਤੇ ਰਮਣੀਕ ਇਕੱਠੇ ਸਨ, ਉਦੋਂ ਪਾਲੋ ਹਨੀ ਨੂੰ ਕਈ ਵਾਰ ਮਿਲ਼ ਚੁੱਕੀ ਸੀ।

-"ਨ੍ਹੀ ਤੂੰ ਤਾਂ ਊਂ ਈਂ ਮਦਾਰੀ ਦੇ ਪੈਸੇ ਮਾਂਗੂੰ ਛਿਤਮ ਹੋ ਗਈ..? ਕਦੇ ਮਿਲ਼ੀ ਈ ਨ੍ਹੀ, ਕਿਹੜੇ ਭੋਰੇ 'ਚ ਉੱਤਰ ਗਈ ਸੀ ਹਨਿੰਦਰ...?" ਪਾਲੋ ਨੇ ਉਸ ਨੂੰ ਜੱਫ਼ੀ ਵਿਚ ਲੈਂਦਿਆਂ ਕਿਹਾ।
-"ਨ੍ਹੀ ਕੀ ਦੱਸਾਂ ਭੈਣੇਂ...? ਮੈਂ ਤਾਂ ਬਹੁਤ ਦੁਖੀ ਰਹੀ ਆਂ..! ਮੇਰਾ ਤਾਂ ਤਲਾਕ ਹੋ ਗਿਆ ਸੀ, ਫੇਰ ਕੰਮ ਤੋਂ ਜਵਾਬ ਮਿਲ਼ ਗਿਆ, ਪੁੱਛ ਨਾ ਪਾਲੋ..! ਮੈਂ ਤਾਂ ਬਾਹਲ਼ਾ ਈ ਦਸੌਂਟਾ ਕੱਟਿਐ...!" ਹਨੀ ਨੇ ਪਾਲੋ ਨੂੰ ਸੱਚ ਦੱਸਣਾਂ ਹੀ ਬਿਹਤਰ ਸਮਝਿਆ। ਝੂਠ ਬੋਲ ਕੇ ਉਹ ਕਿਸੇ ਪਾਸੇ ਨਿਕਲ਼ ਵੀ ਨਹੀਂ ਸਕਦੀ ਸੀ, ਕਿਉਂਕਿ ਡੇਵ ਸਾਬਤਾ ਸਬੂਤ, ਹੱਡ ਮਾਸ ਦਾ ਬੰਦਾ ਨਾਲ਼ ਸੀ। ਗੱਲ ਕਿਸੇ ਪੱਖੋਂ ਝੁਠਲਾਈ ਨਹੀਂ ਜਾਣੀਂ ਸੀ।
-"ਨ੍ਹੀ ਕੀ ਹੋ ਗਿਆ..? ਤਲਾਕ ਕਾਹਨੂੰ ਲੈ ਲਿਆ..? ਕਿੰਨਾਂ ਤਾਂ ਚੰਗਾ ਸੀ ਰਮਣੀਕ...?" ਮੂੰਹ ਫ਼ੱਟ ਪਾਲੋ ਨੇ ਹਨੀ ਨੂੰ ਸਿੱਧੀ ਸੁਣਾਈ। ਪਾਲੋ ਸਿੱਧੀ ਸਾਦੀ ਸੱਠ ਕੁ ਸਾਲ ਦੀ ਔਰਤ ਸੀ। ਹਰ ਗੱਲ ਅਗਲੇ ਦੇ ਮੂੰਹ 'ਤੇ ਮਾਰਨੀ ਉਸ ਦਾ ਕਰਮ ਸੀ। ਕਿਸੇ ਤੋਂ ਨਾ ਡਰਨਾ ਅਤੇ ਨਾ ਡਰਾਉਣਾਂ ਉਸ ਦਾ ਸਿਧਾਂਤ ਸੀ।
-"ਨ੍ਹੀ ਭੈਣੇਂ ਪਾਲੋ, ਕਹਿੰਦੇ ਹੁੰਦੇ ਐ ਨ੍ਹਾਂ...? ਬਈ ਰੰਡੀਆਂ ਤਾਂ ਰੰਡ ਕੱਟ ਲੈਣ, ਪਰ ਮਸ਼ਟੰਡੇ ਨ੍ਹੀ ਕੱਟਣ ਦਿੰਦੇ..! ਮੇਰੇ ਤਾਂ ਪੈਰ ਮੇਰੀ ਸੱਸ ਨੇ ਨ੍ਹੀ ਲੱਗਣ ਦਿੱਤੇ...!"
-"ਨ੍ਹੀ ਤੂੰ ਅੱਡ ਵਿੱਢ, ਸੱਸ ਦਾ ਦਖਲ ਵਿਚ ਕਿੱਧਰੋਂ ਆ ਗਿਆ...? ਤੂੰ ਤਾਂ ਸਾਲ 'ਚ ਈ ਸੱਸ ਸਹੁਰੇ ਨਾਲੋਂ ਅੱਡ ਹੋਗੀ ਸੀ...?" ਉਸ ਦੇ ਮੂੰਹ ਵਿਚ ਜਿਵੇਂ ਕੈਂਚੀਆਂ ਚੱਲ ਰਹੀਆਂ ਸਨ।
-"ਅੱਡ ਵਿੱਢ ਰਹਿਣ ਆਲਿ਼ਆਂ ਨੂੰ ਕਿਹੜਾ ਭੈਣੇਂ ਤੁੱਖਣਾਂ ਦੇਣ ਆਲ਼ੇ ਟਿਕਣ ਦਿੰਦੇ ਐ...? ਤੂੰ ਕਿੱਧਰ ਫਿ਼ਰਦੀ ਐਂ...?"
-"ਨ੍ਹੀ ਮੈਂ ਤਾਂ ਦੋ ਮਹੀਨਿਆਂ ਲਈ ਇੰਡੀਆ ਚੱਲੀ ਐਂ, ਖ਼ਰੀਦਾ ਫ਼ਰੋਖ਼ਤੀ ਕਰਨ ਆਈ ਸੀ, ਤੇ ਆਹ ਕੌਣ ਐਂ...?" ਪਾਲੋ ਨੇ ਕੋਚਰੀ ਵਰਗੀਆਂ ਅੱਖਾਂ ਦੀ ਸਿ਼ਸ਼ਤ ਡੇਵ ਵੱਲ ਬੰਨ੍ਹੀ ਹੋਈ ਸੀ।
-"ਇਹ ਮੇਰਾ ਬੁਆਏ ਫ਼ਰੈਂਡ ਐ...!" ਬੋਚਦਿਆਂ ਬੋਚਦਿਆਂ ਗੱਲ ਹਨੀ ਦੇ ਮੂੰਹੋਂ ਨਿਕਲ਼ ਹੀ ਗਈ।
-"ਨ੍ਹੀ ਫ਼ੋਟ੍ਹ...! ਲੱਭ ਵੀ ਲਿਆ..? ਦੁਰ ਫਿੱਟ੍ਹੇ ਮੂੰਹ...! ਨ੍ਹੀ ਤੂੰ ਤਾਂ ਹਨੀ, ਸਰੂਪ ਡਾਕੀਏ ਦੇ ਸਾਈਕਲ ਮਾਂਗੂੰ ਬੰਦੇ ਬਦਲਣ ਲੱਗੀ ਮਿੰਟ ਨ੍ਹੀ ਲਾਉਂਦੀ ਭਾਈ...!" ਉਸ ਨੇ ਉਲਾਂਭਾ ਦਿੱਤਾ, "ਨਾਲ਼ੇ ਇਹ ਤਾਂ ਲੱਗਦਾ ਵੀ ਤੇਰੇ ਪਿਉ ਦੇ ਹਾਣਦੈ...! ਕੁੜ੍ਹੇ ਤੂੰ ਕੋਈ ਹਾਣ-ਪ੍ਰਮਾਣ ਦਾ ਲੱਭ ਲੈਂਦੀ...? ਤੈਨੂੰ ਮੁੰਡਿਆਂ ਖੁੰਡਿਆਂ ਦਾ ਕੀ ਘਾਟਾ ਸੀ...? ਕਿੰਨੀ ਸੋਹਣੀ ਸੁਨੱਖੀ ਤੂੰ ਕੁੜੀ ਐਂ, ਇਹ ਤਾਂ ਭਾਈ ਜਮਾਂ ਈ ਖੋਰ ਜਿਆ ਲਈ ਫਿ਼ਰਦੀ ਐਂ ਤੂੰ ਤਾਂ...? ਮੈਂ ਤਾਂ ਸੱਚ ਦੱਸਾਂ...? ਇਹ ਉਲਾਂਭਾ ਤਾਂ ਮੈਂ ਤੇਰੇ ਮਾਂ-ਪਿਉ ਨੂੰ ਵੀ ਦਿਊਂਗੀ...! ਕੁੜ੍ਹੇ ਤੂੰ ਤਾਂ ਊਂ ਈਂ ਪਿੰਡ ਦਾ ਨੱਕ ਵੱਢ ਕੇ ਧਰਤਾ ਜੈ ਖ਼ਾਣੇ ਦੀਏ...! ਆਹ ਮੇਰੇ ਵੱਲੀਂ ਦੇਖਲਾ...! ਸੁਆਹ ਖੇਹ ਚਾਹੇ ਵੀਹ ਥਾਈਂ ਖਾਧੀ ਐ, ਪਰ ਆਬਦਾ ਬੰਦਾ ਇਕੋ ਈ ਰੱਖਿਐ...! ਨ੍ਹੀ ਤੂੰ ਕੁਛ ਤਾਂ ਸੋਚ ਕਰਦੀ..! ਹੋਰ ਈ ਗੰਜਾ ਜਿਆ ਖਿੱਚੀ ਫਿ਼ਰਦੀ ਐਂ...?" ਹਨੀ ਦੇ ਭਰਾੜ੍ਹ ਕਰਦੀ ਕਰਦੀ ਪਾਲੋ ਨੇ ਆਪਣੀ ਕਰਤੂਤ ਵੀ ਨੰਗੀ ਕਰ ਦਿੱਤੀ।
-"......!" ਹਨੀ ਚੁੱਪ ਗੜੁੱਪ ਹੀ ਤਾਂ ਹੋ ਗਈ ਸੀ। ਬਿਲਕੁਲ ਨਿਰੁੱਤਰ...! ਜਿਹੜੀ ਗੱਲ ਤੋਂ ਹਨੀ ਡਰਦੀ ਸੀ, ਉਹ ਹੀ ਹੋ ਗਈ। ਉਹ ਉਸ ਤੋਂ ਦੁੱਗਣੀ ਉਮਰ ਦੇ ਡੇਵ ਬਾਰੇ ਘਰਦਿਆਂ ਤੋਂ ਚੋਰੀ ਰੱਖਣਾਂ ਚਾਹੁੰਦੀ ਸੀ। ਪਰ ਹੁਣ ਤਾਂ ਉਸ ਨੂੰ ਚੱਲਦਾ ਫਿਰਦਾ ਰੇਡੀਓ ਸਟੇਸ਼ਨ ਪਾਲੋ ਮਿਲ਼ ਗਈ ਸੀ। ਜਿਸ ਨੇ ਇਹ ਨਵੀਂ ਖ਼ਬਰ ਹਨੀ ਦੇ ਘਰ ਵਿਚ ਹੀ ਨਹੀਂ, ਸਾਰੇ ਪਿੰਡ ਵਿਚ ਫੇਰ ਦੇਣੀ ਸੀ। ਪਾਲੋ ਕਿਸੇ ਮਰਾਸਣ ਨਾਲ਼ੋ ਕਿਵੇਂ ਵੀ ਘੱਟ ਨਹੀਂ ਸੀ।

-"ਹਨੀ, ਚੱਲ ਚੱਲੀਏ...!" ਡੇਵ ਪਾਲੋ ਦੀਆਂ ਸੱਚੀਆਂ ਗੱਲਾਂ ਤੋਂ ਖਿਝ ਗਿਆ ਸੀ।
-"ਜਾਹ ਲੈ ਜਾ ਭਾਈ...! ਕਿਤੇ ਭਾਗ ਭਰੀ ਜੋੜੀ ਨੂੰ ਨਜਰ ਨਾ ਲੱਗਜੇ..!" ਉਹਨਾਂ ਤੁਰਦਿਆਂ ਦੇ ਜ਼ਖ਼ਮਾਂ 'ਤੇ ਪਾਲੋ ਨੇ ਨਮਕ ਦਾ ਇਕ ਹੋਰ ਛਿੱਟਾ ਦੇ ਦਿੱਤਾ।
ਹਨੀ ਤੇ ਡੇਵ ਤੁਰ ਗਏ।
ਪਾਲੋ ਸਤੰਭ ਖੜ੍ਹੀ ਉਹਨਾਂ ਵੱਲ ਦੇਖ ਰਹੀ ਸੀ।
-"ਵਸਦੀ ਇਹੇ ਤੇਰੇ ਵੀ ਹੈਨ੍ਹੀ ਲਾਲੂਆ ਜਿਆ...! ਇਹਦੀਆਂ ਘਤਿੱਤਾਂ ਤਾਂ ਮੈਂ ਪਿੰਡੋਂ ਜਾਣਦੀ ਐਂ..! ਇਹਨੇ ਤਾਂ ਵੱਡੇ ਵੱਡੇ ਖਾਧੇ ਪੀਤੇ ਵੇ ਐ, ਤੂੰ ਕਿਹੜੇ ਬਾਗ ਦੀ ਮੂਲ਼ੀ ਐਂ ਭੋਲਿ਼ਆ ਪੰਛੀਆ...?"
ਉਹ ਉਦੋਂ ਤੱਕ ਆਪ ਮੁਹਾਰੇ ਬੋਲਦੀ ਰਹੀ, ਜਿੰਨਾਂ ਚਿਰ ਹਨੀ ਤੇ ਡੇਵ ਅੱਖੋਂ ਓਹਲੇ ਨਾ ਹੋ ਗਏ!

***********

ਜਦੋਂ ਕਈ ਦਿਨ ਸੀਤਲ ਨੇ ਘਰੇ ਮੂੰਹ ਨਾ ਦਿਖਾਇਆ ਤਾਂ ਗੁਰਚਰਨ ਢਿੱਲੋਂ ਹੋਰਾਂ ਕੋਲ਼ ਪਹੁੰਚ ਗਿਆ।
ਕੁਦਰਤੀਂ ਅਮਰੀਕ ਸਿੰਘ ਢਿੱਲੋਂ ਅਤੇ ਰਘਬੀਰ ਸਿੰਘ ਸਿੱਧੂ ਦੋਨੋ ਹੀ ਸਨ। ਹੋਰ ਉਥੇ ਕੋਈ ਨਹੀਂ ਸੀ।
ਸੀਤਲ ਦੇ ਕਈ ਦਿਨਾਂ ਤੋਂ ਘਰੇ ਨਾ ਆਉਣ ਬਾਰੇ ਉਸ ਨੇ ਦੋਨਾਂ ਨੂੰ ਦੱਸਿਆ।

-"ਇਕ ਕੰਮ ਕਰਨ ਆਲ਼ਾ ਜਰੂਰ ਕਰ, ਗੁਰਚਰਨ ਸਿਆਂ!" ਢਿੱਲੋਂ ਨੇ ਕੁਝ ਸੋਚ ਕੇ ਆਖਿਆ।
-".........।" ਗੁਰਚਰਨ ਨੇ ਸੁਣਨ ਲਈ ਕੰਨ ਖੋਲ੍ਹ ਲਏ।
-"ਪੁਲੀਸ ਕੋਲ਼ ਰਪਟ ਜਰੂਰ ਕਰੀਏ..?"
-"ਕਾਹਦੀ ਰਪਟ ਕਰੋਂਗੇ ਢਿੱਲੋਂ ਸਾਹਿਬ?" ਸਿੱਧੂ ਸੁਲ਼ਝਿਆ ਬੰਦਾ ਸੀ।
-"ਕੁੜੀ ਅਠਾਰਾਂ ਸਾਲਾਂ ਤੋਂ ਉਪਰ ਐ, ਪੁਲੀਸ ਨੇ ਐਨਾਂ ਆਖ ਕੇ ਪੱਲਾ ਝਾੜ ਲੈਣੈਂ ਬਈ ਕੁੜੀ ਬਾਲਗ ਐ, ਜੋ ਚਾਹੇ, ਕਰ ਸਕਦੀ ਐ..! ਸਾਡੀ ਕੋਈ ਜ਼ਿੰਮੇਵਾਰੀ ਨਹੀਂ, ਸਗੋਂ ਪੁਲੀਸ ਤਾਂ ਗੁਰਚਰਨ ਸਿਉਂ ਨੂੰ ਵਾਰਨਿੰਗ ਦਿਊ ਬਈ ਤੁਸੀਂ ਬਾਲਗ ਕੁੜੀ ਦੀ ਅਜ਼ਾਦੀ ਵਿਚ ਰੋੜਾ ਨਾ ਬਣਿਓਂ, ਨਹੀਂ ਤਾਂ ਥੋਡੇ ਖਿ਼ਲਾਫ਼ ਐਕਸ਼ਨ ਲਿਆ ਜਾਵੇਗਾ...! ਪੁਲੀਸ ਤੋਂ ਕੋਈ ਝਾਕ ਨਾ ਕਰੋ, ਪੁਲੀਸ ਤਾਂ ਸਗੋਂ ਆਪਣੇ ਏਸ਼ੀਅਨ ਜੁਆਕ ਵਿਗਾੜਦੀ ਐ...!" ਸਿੱਧੂ ਨੇ ਵੀ ਖ਼ਰੀ ਹੀ ਸੁਣਾਈ। ਇਹਦੇ ਵਿਚ ਵੀ ਕੋਈ ਸ਼ੱਕ ਨਹੀਂ ਸੀ।
ਸਾਰੇ ਨੰਗੇ ਸੱਚ ਦਾ ਮੂੰਹ ਦੇਖ ਕੇ ਚੁੱਪ ਵੱਟ ਗਏ।
ਗੁਰਚਰਨ ਨੇ ਗੱਡੀ ਖ਼ਾਨ ਦੇ ਘਰ ਵੱਲ ਨੂੰ ਸਿੱਧੀ ਕਰ ਲਈ।
ਗਰੀਨ ਲੇਨ ਦੀ ਪਾਰਕਿੰਗ ਵਿਚ ਗੱਡੀ ਖੜ੍ਹੀ ਕਰਕੇ ਉਹ ਖ਼ਾਨ ਦੇ ਘਰ ਨੂੰ ਪੈਦਲ ਹੀ ਤੁਰ ਪਿਆ।
ਖ਼ਾਨ ਦੇ ਘਰ ਅੱਗੇ ਜਾ ਕੇ ਉਸ ਨੇ ਜੱਕਾਂ ਤੱਕਾਂ ਜਿਹੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪਰ ਫਿਰ ਦਿਲ ਕੱਢ ਕੇ 'ਡੋਰ-ਬੈੱਲ' ਖੜਕਾ ਹੀ ਦਿੱਤੀ।
ਕਾਫ਼ੀ ਦੇਰ ਬਾਅਦ ਇਕ ਪੰਜ ਛੇ ਕੁ ਸਾਲ ਦੀ ਕੁੜੀ ਨੇ ਦਰਵਾਜਾ ਖੋਲ੍ਹਿਆ। ਪੱਗ ਵਾਲ਼ਾ ਸਰਦਾਰ ਦੇਖ ਕੇ ਉਹ ਭਮੱਤਰ ਗਈ ਸੀ।

-"ਡਰੋ ਨਹੀਂ ਬੇਟੇ...! ਮੈਂ ਖ਼ਾਨ ਸਾਹਿਬ ਦਾ ਦੋਸਤ, ਗੁਰਚਰਨ..!" ਉਸ ਨੇ ਕੁੜੀ ਦਾ ਅੰਦਰੂਨੀ ਡਰ ਜਾਂਚ ਕੇ ਆਖਿਆ।
-"ਉਹ ਤੇ ਇੱਥੇ ਨਹੀਂ...!" ਕੁੜੀ ਨੇ ਆਖਿਆ।
-"ਕਿੱਥੇ ਗਏ ਐ ਬੇਟੇ..? ਤੇ ਕਦੋਂ ਆਉਣਗੇ...?"
-"ਪਤਾ ਨਹੀਂ ਕਦੋਂ ਆਉਣਗੇ..! ਉਹ ਪਾਕਿਸਤਾਨ ਗਏ ਹੋਏ ਨੇ..!"
ਸੁਣ ਕੇ ਗੁਰਚਰਨ ਨੂੰ ਚੱਕਰ ਆਇਆ। ਪਰ ਉਹ ਸੰਭਲਿ਼ਆ।
-"ਕੌਣ ਕੌਣ ਗਏ ਐ ਬੇਟੇ...? ਤੂੰ ਸੀਤਲ ਨੂੰ ਨੂੰ ਜਾਣਦੀ ਐਂ...?"
-"ਨਹੀਂ ਅੰਕਲ..! ਮੈਂ ਨਹੀਂ ਕਿਸੇ ਨੂੰ ਜਾਣਦੀ, ਮੈਂ ਖ਼ਾਨ ਸਾਹਿਬ ਦੀ ਭਣੇਵੀਂ ਆਂ, ਅੱਜ ਈ ਆਈ ਹਾਂ..!" ਕੁੜੀ ਅਜੇ ਗੱਲਾਂ ਦੱਸ ਹੀ ਰਹੀ ਸੀ ਕਿ ਅੰਦਰੋਂ ਇਕ ਬੁਰਕੇ ਵਾਲ਼ੀ ਤੀਹ ਕੁ ਸਾਲ ਦੀ ਔਰਤ ਬਾਹਰ ਆਈ। ਉਸ ਨੇ ਕੁੜੀ ਨੂੰ ਤਾਂ ਅੰਦਰ ਖਿੱਚ ਲਿਆ ਅਤੇ ਆਪ ਗੁਰਚਰਨ ਦੇ ਅੱਗੇ ਇਕ ਕੰਧ ਵਾਂਗ ਆ ਖੜ੍ਹੀ ਹੋਈ!
-"ਕੀ ਗੱਲ ਐ...?" ਉਸ ਦੇ ਬੋਲਾਂ ਵਿਚ ਅੱਖੜਪੁਣਾਂ ਸੀ ਅਤੇ ਨਜ਼ਰਾਂ "ਦਫ਼ਾ ਹੋਜਾ-ਦਫ਼ਾ ਹੋਜਾ" ਪੁਕਾਰ ਰਹੀਆਂ ਸਨ।
-"ਮੈਂ ਭੈਣ ਜੀ ਸੀਤਲ ਦਾ ਬਾਪ ਹਾਂ, ਗੁਰਚਰਨ ਸਿੰਘ...!" ਉਸ ਨੇ ਬੜਾ ਨਿਉਂ ਕੇ ਆਖਿਆ।
-"ਮੈਂ ਕਿਸੇ ਸੀਤਲ ਨੂੰ ਨਹੀਂ ਜਾਣਦੀ..! ਅੱਜ ਹੀ ਆਈ ਆਂ..! ਖ਼ਾਨ ਭਾਈ ਜਾਨ ਬਿਜਨਿਸ ਬੇਸ 'ਤੇ ਪਾਕਿਸਤਾਨ ਗਏ ਹੋਏ ਨੇ..! ਉਹਨਾਂ ਦੇ ਆਉਣ ਦਾ ਵੀ ਸਾਨੂੰ ਕੋਈ ਪਤਾ ਨਹੀਂ! ਜਦੋਂ ਆ ਗਏ, ਅਸਾਂ ਆਪ ਦਾ ਸੁਨੇਹਾਂ ਦੇ ਦਿਆਂਗੇ..! ਹੁਣ ਉਹਨਾਂ ਦੇ ਆਉਣ ਤੱਕ ਇੱਥੇ ਨਹੀਂ ਆਉਣਾ, ਨਹੀਂ ਪੁਲੀਸ ਨੂੰ ਫ਼ੋਨ ਕਰ ਦਿਆਂਗੀ...!" ਤੇ ਉਸ ਨੇ 'ਫ਼ਾਅੜ੍ਹ' ਕਰਦਾ ਦਰਵਾਜਾ ਬੰਦ ਕਰ ਦਿੱਤਾ।

ਗੁਰਚਰਨ ਠੱਗਿਆ ਜਿਹਾ ਖੜ੍ਹਾ ਸੀ। ਕੀ ਗੰਦੀ ਔਲ਼ਾਦ ਨੇ ਥਾਂ-ਥਾਂ ਨਿਮੋਸ਼ੀ ਦੁਆਈ ਐ...! ਕਦੇ ਕੋਈ ਸਾਡਾ ਮੂਤ ਨ੍ਹੀ ਸੀ ਉਲ਼ੰਘਦਾ..! ਹਵਾ ਵੱਲ ਨਹੀਂ ਸੀ ਝਾਕਦਾ..! ਕੀ ਹਰਾਮਜ਼ਾਦੀ ਨੇ ਸਾਡੇ ਸਿਰ ਸੁਆਹ ਪਾਉਣੀ ਲਈ ਐ..! ਮਰੇ ਜਿੱਥੇ ਮਰਦੀ ਐ..! ਹੁਣ ਨ੍ਹੀ ਪਤਾ ਲੈਂਦਾ ਇਹਦਾ ਹਰਾਮ ਦੀ ਔਲ਼ਾਦ ਦਾ..! ਖਾਵੇ ਖ਼ਸਮਾਂ ਨੂੰ...!

ਗੁਰਚਰਨ ਘੋਰ ਨਿਰਾਸ਼ਾ ਵਿਚ ਸਿਰ ਫ਼ੇਰਦਾ ਮੁੜ ਆਇਆ। ਸੀਤਲ ਬਾਰੇ ਉਸ ਨੇ ਘਰ ਆ ਕੇ ਵੀ ਨਾ ਦੱਸਿਆ। ਦੱਸਦਾ ਵੀ ਕੀ...? ਉਸ ਨੂੰ ਤਾਂ ਆਪ ਨੂੰ ਨਹੀਂ ਪਤਾ ਸੀ..? ਕੀ ਪਤਾ ਸੀ ਕਿ ਉਹ ਸੱਚੀਂ ਹੀ ਉਹਨਾਂ ਨਾਲ਼ ਪਾਕਿਸਤਾਨ ਚਲੀ ਗਈ ਸੀ, ਜਾਂ ਕਿਸੇ ਹੋਰ ਏਰੀਏ ਵਿਚ 'ਮੂਵ' ਹੋ ਗਈ ਸੀ। ਇੰਗਲੈਂਡ ਕਿਹੜਾ ਛੋਟਾ ਸੀ...? ਚੱਲ ਮਰੇ ਜਿੱਥੇ ਮਰਦੀ ਐ..! ਦਫ਼ਾ ਹੋਵੇ..! ਉਹ ਬੇਵਸੀ ਵਿਚ ਆਪ ਮੁਹਾਰੇ ਹੀ ਬੋਲੀ ਜਾ ਰਿਹਾ ਸੀ।

.....ਸੀਤਲ ਨੂੰ ਅਗਲੇ ਦਿਨ ਠਾਣੇਂ 'ਚੋਂ ਕੱਢ ਉਸ ਕੋਠੀ ਵਿਚ ਹੀ ਲਿਆਂਦਾ ਗਿਆ, ਜਿੱਥੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਕੋਠੀ ਵਿਚ ਉਹ ਇਮਰਾਨ ਨਾਲ਼ ਆਈ ਸੀ। ਅੱਜ ਉਸ ਨੂੰ ਕੋਠੀ ਦੇ ਲਾਅਨ ਵਿਚ ਖਿੜੇ ਫ਼ੁੱਲ ਸੁਹਾਵਣੇ ਨਹੀਂ, ਦੁਰਕਾਰਦੇ ਲੱਗਦੇ ਸਨ। ਕੋਠੀ ਹੁਸੀਨ ਨਹੀਂ, ਬੰਜਰ ਉਜਾੜ ਜਾਪਦੀ ਸੀ। ਪੁਲੀਸ ਉਸ ਨੂੰ ਕੋਠੀ ਛੱਡ ਕੇ ਮੁੜ ਗਈ ਸੀ ਅਤੇ ਬਾਹਰਲੇ ਗੇਟ ਦੇ ਨਾਲ਼ ਦੇ ਕਮਰੇ ਵਿਚ ਉਸ ਨੂੰ ਤਿੰਨ ਚਾਰ ਮਰਦਾਂ ਦੀਆਂ ਅਵਾਜ਼ਾਂ ਸੁਣਾਈ ਦਿੰਦੀਆਂ ਸਨ। ਪਰ ਸੀਤਲ ਬੇਦਿਲ ਅਤੇ ਨਿਰਬਲ ਜਿਹੀ ਬੈੱਡ 'ਤੇ ਬੈਠੀ ਸੀ। ਉਸ ਨੂੰ ਸੁੱਝ ਨਹੀਂ ਰਿਹਾ ਸੀ ਕਿ ਉਹ ਕੀ ਕਰੇ..? ਕਿਸੇ ਪਾਸੇ ਭੱਜਣ ਲਈ ਉਸ ਦਾ ਦਿਲ ਨਹੀਂ ਪੈਂਦਾ ਸੀ। ਜੇ ਭੱਜੀ ਤਾਂ ਦੋਸ਼ੀ ਬਣ ਜਾਵਾਂਗੀ..! ਜਿਹੜਾ ਪੁਲੀਸ ਮੈਨੂੰ ਫਿਰ ਉਸੇ ਕੋਠੀ ਵਿਚ ਲਾਹ ਗਈ ਐ, ਇਸ ਦਾ ਮਤਲਬ ਮੈਂ ਨਿਰਦੋਸ਼ ਹਾਂ..? ਨਹੀਂ ਤਾਂ ਮੈਨੂੰ ਕੇਸ ਦਰਜ਼ ਕਰਕੇ ਕਿਸੇ ਅਦਾਲਤ ਪੇਸ਼ ਕਰਦੇ..? ਉਹ ਆਪਣੇ ਆਪ ਨੂੰ ਦਿਲਾਸੇ ਜਿਹੇ ਦੇ ਰਹੀ ਸੀ।
ਇਤਨੇ ਨੂੰ ਇਕ ਔਰਤ ਬਾਹਰਲੇ ਕਮਰਿਆਂ 'ਚੋਂ ਉਠ ਕੇ ਸੀਤਲ ਕੋਲ਼ ਆਈ।

-"ਪਾਣੀ ਪੀਣੈਂ..?"
-".......।" ਸੀਤਲ ਨੇ 'ਹਾਂ' ਵਿਚ ਸਿਰ ਹਿਲਾ ਦਿੱਤਾ।
ਉਸ ਔਰਤ ਨੇ ਸੀਤਲ ਨੂੰ ਪਾਣੀ ਦਾ ਅੱਧਾ ਕੁ ਗਿਲਾਸ ਦੇ ਦਿੱਤਾ। ਸੀਤਲ ਦੀਆਂ ਅੱਖਾਂ ਅੱਗੇ ਟਿਊਬ ਦਾ ਚਾਨਣ ਧੁੰਦਲਾ ਪੈਣ ਲੱਗ ਪਿਆ ਅਤੇ ਪਾਣੀ ਪੀਣ ਤੋਂ ਬਾਅਦ ਸੀਤਲ ਬੇਸੁੱਧ ਹੋ ਗਈ।

ਜਦ ਉਸ ਨੂੰ ਸੁਰਤ ਆਈ ਤਾਂ ਉਸ ਨੇ ਆਸੇ ਪਾਸੇ ਦੇਖਿਆ। ਹੁਣ ਉਹ ਉਸ ਕੋਠੀ ਵਿਚ ਨਹੀਂ ਸੀ, ਕਿਸੇ ਹੋਰ ਵਿਸ਼ਾਲ ਕੋਠੀ ਵਿਚ ਸੀ। ਸੀਤਲ ਉਠ ਕੇ ਬੈਠ ਗਈ। ਕਮਰੇ ਦੇ ਇਕ ਖੂੰਜੇ ਇਕ ਔਰਤ ਸੋਫ਼ੇ 'ਤੇ ਬੈਠੀ ਸੀ। ਅੱਧਖੜ੍ਹ ਅਤੇ ਸੌਕੀਨ ਔਰਤ..! ਉਸ ਦੀਆਂ ਅੱਖਾਂ ਵਿਚ ਪੂਛਾਂ ਵਾਲ਼ਾ ਸੁਰਮਾਂ ਪਾਇਆ ਹੋਇਆ ਸੀ ਅਤੇ ਚਿਹਰੇ 'ਤੇ ਲੋਹੜ੍ਹੇ ਦੀ ਗੁਲਾਲੀ ਲਾਈ ਹੋਈ ਸੀ। ਸੇਹਲੀਆਂ ਉਸਤਰੇ ਨਾਲ਼ ਤਿੱਖੀਆਂ ਕੀਤੀਆਂ ਹੋਈਆਂ ਸਨ ਅਤੇ ਛਾਤੀਆਂ ਦੇ ਵਿਚਕਾਰ ਸੱਪ ਖੁਣਵਾਇਆ ਹੋਇਆ ਸੀ..! ਉਹ ਸੀਤਲ ਵੱਲ ਦੇਖ ਕੇ ਲੰਮੇ ਲੰਮੇ ਸਾਹ ਜਿਹੇ ਲੈਂਦੀ ਸੀ। ਇਕ ਤਰ੍ਹਾਂ ਨਾਲ਼ ਹਾਉਕੇ ਭਰਦੀ ਸੀ।

-"ਕੀ ਹਾਲ ਐ ਬਿੱਲੋ..?" ਉਸ ਨੇ ਇਕ ਸੇਹਲੀ ਸੱਪ ਵਾਂਗ ਹਿਲਾ ਕੇ ਸੀਤਲ ਨੂੰ ਅੱਖ ਦੱਬੀ।
-".......।" ਸੀਤਲ ਉਸ ਦੀਆਂ ਘਿਨਾਉਣੀਆਂ ਹਰਕਤਾਂ ਦੇਖ ਕੇ ਦਹਿਲ ਗਈ। ਉਸ ਦਾ ਦਿਲ ਛਾਤੀ ਵਿਚ ਹਥੌੜ੍ਹੇ ਵਾਂਗ ਵੱਜਣ ਲੱਗ ਪਿਆ।
-"ਘਬਰਾ ਨਹੀਂ..! ਹੁਣ ਆਪਾਂ ਇੱਕੋ ਸਮੁੰਦਰ ਦੀਆਂ ਮੱਛੀਆਂ...!" ਉਹ ਸੀਤਲ ਦੇ ਬੈੱਡ 'ਤੇ ਆ ਕੇ ਬੈਠ ਗਈ। ਹੌਲ਼ੀ ਹੌਲ਼ੀ ਉਸ ਨੇ ਸੀਤਲ ਦੀ ਅੰਗੀ ਵਿਚ ਹੱਥ ਪਾ ਲਿਆ ਅਤੇ ਸੀਤਲ ਦੀਆਂ ਛਾਤੀਆਂ ਨੂੰ ਪਲ਼ੋਸਣ ਲੱਗ ਪਈ। ਸੀਤਲ ਡਰੀ ਗਾਂ ਵਾਂਗ ਇਕ ਦਮ ਉਠ ਕੇ ਖੜ੍ਹੀ ਹੋ ਗਈ। ਉਸ ਦਾ ਸਰੀਰ ਥਰ ਥਰ ਕੰਬੀ ਜਾ ਰਿਹਾ ਸੀ। ਉਸ ਨੂੰ ਕੋਈ ਸਮਝ ਨਹੀਂ ਆ ਰਹੀ ਸੀ ਕਿ ਉਹ ਔਰਤ ਉਸ ਨਾਲ਼ ਅਜਿਹੀਆਂ ਅਸ਼ਲੀਲ ਹਰਕਤਾਂ ਕਿਉਂ ਕਰ ਰਹੀ ਸੀ..? ਸੀਤਲ ਦੀਆਂ ਲੱਤਾਂ ਜਵਾਬ ਦੇ ਰਹੀਆਂ ਸਨ।
-"ਇਹ ਕੀ ਕਰੀ ਜਾਨੀ ਐਂ ਬਲੱਡੀ ਬਿੱਚ..!" ਸੀਤਲ ਦੇ ਚਿਲਾਉਣ ਵਿਚ ਵੀ ਕੁਰਲਾਹਟ ਸੀ।
-"ਡੋਂਟ ਵਰੀ ਅਬਾਊਟ ਦੈਟ ਬੇਬੀ...! ਸਾਰੀਆਂ ਪਹਿਲਾਂ ਇਉਂ ਈ ਕਰਦੀਆਂ ਨੇ..! ਹੌਲ਼ੀ ਹੌਲ਼ੀ ਤੈਨੂੰ ਇਸ ਦੀ ਆਦਤ ਪੈ ਜਾਵੇਗੀ..! ਜਦੋਂ ਲੇਲੇ ਨੂੰ ਬਲੀ ਦੇਣ ਲਈ ਮਹਿੰਦੀ ਲਾਉਂਦੇ ਐ, ਉਹ ਬਹੁਤ ਟਪੂਸੀਆਂ ਮਾਰਦੈ, ਅਲ਼ਕਤ ਮੰਨਦੈ...! ਤੇ ਜਦੋਂ ਉਸ ਨੂੰ ਆਪਣੇ ਹਸ਼ਰ ਦਾ ਪਤਾ ਚੱਲਦੈ, ਸੀਲ ਬਣ ਕੇ ਖੜ੍ਹ ਜਾਂਦੈ ਤੇ ਆਪਣੇ ਆਪ ਧੌਣ ਝੁਕਾ ਦਿੰਦੈ...! ਫਿ਼ਕਰ ਨਾ ਕਰ..! ਥੋੜ੍ਹੇ ਦਿਨਾਂ ਦੀ ਤਾਂ ਗੱਲ ਐ, ਆਪੇ ਪੱਕ ਜਾਵੇਂਗੀ...!" ਉਸ ਨੇ ਸੀਤਲ ਨੂੰ ਬੁਸ਼ਕਾਰ ਕੇ ਕਈ ਨਸੀਹਤਾਂ ਜਿਹੀਆਂ ਦਿੱਤੀਆਂ। ਪਰ ਨਸੀਹਤਾਂ ਸੀਤਲ ਦੇ ਸਿਰ ਉਪਰੋਂ ਰਾਕਟ ਬਣ ਕੇ ਲੰਘ ਗਈਆਂ। ਉਸ ਨੂੰ ਕਿਸੇ ਗੱਲ ਦੀ ਕੋਈ ਵੀ ਸਮਝ ਨਾ ਲੱਗੀ।
-"ਆਪੇ ਪੱਕ ਜਾਵੇਂਗੀ...? ਕੀ ਮਤਲਬ..?" ਸੀਤਲ ਦਾ ਹਿਰਦਾ ਬੰਜਰ ਉਜਾੜ ਹੋਇਆ ਪਿਆ ਸੀ। ਰੇਗਸਤਾਨ ਵਾਂਗ ਮਾਰੂ..!
-"ਆਲਮ...! ਆਲਮ ਮੀਆਂ...!" ਉਸ ਔਰਤ ਨੇ ਕਿਸੇ ਨੂੰ ਅਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।

ਇਕ ਨੌਂ ਗਜਾ ਬੰਦਾ ਅੰਦਰ ਆਇਆ। ਦਿਉ ਦਾ ਦਿਉ...! ਥੰਮ੍ਹ ਦਾ ਥੰਮ੍ਹ...! ਦੈਂਤ ਵਰਗਾ ਬੰਦਾ ਸੀਤਲ ਨੂੰ ਦੇਖ ਕੇ "ਸੁਭਾਨ ਅੱਲਾਹ" ਬੋਲਿਆ। ਜਦੋਂ ਉਹ ਮੂੰਹ ਖੋਲ੍ਹ ਕੇ ਹੱਸਿਆ ਤਾਂ ਸੀਤਲ ਨੂੰ ਉਸ ਦੇ ਤੰਬਾਕੂ ਅਤੇ ਕਰੇੜੇ ਖਾਧੇ ਦੰਦਾਂ 'ਚੋਂ ਅਜੀਬ ਬੂਅ ਆਈ। ਉਹ ਸੀਤਲ ਦੇ ਬੈੱਡ 'ਤੇ ਬੈਠਿਆ ਤਾਂ ਚੂਲਾਂ ਨੇ ਦੁਹਾਈ ਮਚਾ ਦਿੱਤੀ। ਸੀਤਲ ਨੂੰ ਉਸ ਦੀਆਂ ਲਾਲ ਧਾਰੀਦਾਰ ਅੱਖਾਂ 'ਚੋ ਭੈਅ ਆ ਰਿਹਾ ਸੀ।
-"ਖ਼ੁਸ਼ ਆਮਦੀਦ..! ਖ਼ੁਸ਼ ਆਮਦੀਦ...! ਆਜਾ, ਬੈਠ ਜਾਹ..! ਕੀ ਨਾਂ ਏ ਤੇਰਾ ਗੁਲਬਾਨੋ...?" ਉਸ ਨੇ ਬੈੱਡ 'ਤੇ ਪੂਰਾ ਭਾਰ ਪਾ ਕੇ ਪੁੱਛਿਆ। ਉਹ ਨਜ਼ਰਾਂ ਨਾਲ਼ ਹੀ ਸੀਤਲ ਨੂੰ ਖਾਈ ਜਾ ਰਿਹਾ ਸੀ। ਸੀਤਲ ਸ਼ੇਰ ਤੋਂ ਡਰੇ ਹਰਨੀ ਦੇ ਬੱਚੇ ਵਾਂਗ ਵਿਸ਼ਾਲ ਕਮਰੇ ਦੇ ਇਕ ਖੂੰਜੇ ਲੱਗੀ ਖੜ੍ਹੀ ਕੰਬੀ ਜਾ ਰਹੀ ਸੀ। ਪਰ ਪੂਰੀ ਸਮਝ ਉਸ ਨੂੰ ਅਜੇ ਤੱਕ ਵੀ ਨਹੀਂ ਆਈ ਸੀ ਕਿ ਉਸ ਨਾਲ਼ ਇਹ ਸਾਰਾ ਕੁਝ ਕੀ ਹੋ ਰਿਹਾ ਸੀ ਅਤੇ ਕਿਉਂ ਹੋ ਰਿਹਾ ਸੀ...?

-"ਆ ਜਾਹ, ਮੇਰੇ ਕੋਲ ਤੇ ਬੈਠ ਗੁਲਬਾਨੋਂ..! ਕਿਉਂ ਦੂਰ ਦੂਰ ਪਈ ਖੜ੍ਹੀ ਏਂ..? ਤੇਰੇ ਬਾਰੇ ਤਾਂ ਅਸਾਂ ਨੂੰ ਪਤਾ ਚੱਲਿਆ ਸੀ ਕਿ ਕਾਲਜ ਵਿਚ ਈ ਗੁਲਛਰੇ ਉਡਾਉਣ ਡਹੀ ਸੈਂ, ਭੋਲੀਏ ਹੁਣ ਅਸਾਂ ਤੋਂ ਦੱਸ ਕਾਹਦਾ ਪਿਆ ਡਰ..?" ਉਸ ਨੇ ਬਾਂਹ ਫੜ ਕੇ ਸੀਤਲ ਨੂੰ ਆਪਣੇ ਕੋਲ਼ ਬਿਠਾਉਣਾ ਚਾਹਿਆ। ਪਰ ਸੀਤਲ ਨੇ ਉਸ ਦਾ ਬਘਿਆੜ੍ਹ ਦੇ ਪੰਜੇ ਜਿੱਡਾ ਹੱਥ ਝਿਣਕ ਦਿੱਤਾ। ਨੌਂ ਗਜਾ ਕਰੋਧੀ ਹੋ ਗਿਆ।
-"ਗੱਲ ਸੁਣ ਮੇਰੀ ਧਿਆਨ ਨਾਲ਼, ਹਰਾਮ ਦੀਏ ਔਲ਼ਾਦੇ...! ਮੇਰਾ ਨਾਂ ਆਲਮ ਐਂ, ਆਲਮ ਖ਼ਾਂ..!! ਪਰ ਤੇਰੇ ਜਿਹੀਆਂ ਮੈਨੂੰ ਜ਼ਾਲਿਮ ਖ਼ਾਂ ਦੇ ਨਾਮ ਨਾਲ ਪੁਕਾਰਦੀਆਂ ਨੇ...! ਆਈ ਗੱਲ ਸਮਝ..?"
-"........।" ਸੀਤਲ ਬੇਸੁੱਧ ਹੋਈ ਖੜ੍ਹੀ ਸੀ।
-"ਮੈਂ ਹੁਣ ਤੱਕ ਸੈਂਤੀ ਖ਼ੂਨ ਪਏ ਕੀਤੇ ਨੇ...! ਅਜੇ ਹੋਰ ਪਤਾ ਨਹੀਂ ਕਿੰਨ੍ਹੇ ਕਰਨੇ ਬਾਕੀ ਨੇ...!" ਸੁਣ ਕੇ ਸੀਤਲ ਦਾ ਦਿਮਾਗ ਸੁੰਨ ਹੋ ਗਿਆ ਕਿ ਕੀ ਉਹ ਵਾਕਿਆ ਹੀ ਸੈਂਤੀ ਕਤਲ ਕਰਨ ਵਾਲ਼ੇ ਆਲਮ ਦੇ ਸਾਹਮਣੇ ਖੜ੍ਹੀ ਸੀ...?
-"ਜੇ ਸਿੱਧੀ ਤਰ੍ਹਾਂ ਹੱਥ ਹੇਠ ਆ ਜਾਵੇਂਗੀ, ਅੱਲਾਹ ਫ਼ਜ਼ਲ, ਨਹੀਂ ਤੇ ਜ਼ਾਲਮ ਖ਼ਾਂ ਉਹ ਹਾਲਤ ਕਰੇਗਾ ਕਿ ਤੂੰ ਰਾਤਾਂ ਨੂੰ ਡਰ ਡਰ ਉਠਿਆ ਕਰੇਂਗੀ...!" ਆਲਮ ਨੇ ਸੀਤਲ ਨੂੰ ਧਮਕੀ ਦੇ ਮਾਰੀ।
-"ਤੁਸੀਂ ਮੇਰੇ ਕੋਲੋਂ ਚਾਹੁੰਦੇ ਕੀ ਹੋ..?" ਉਸ ਨੇ ਇਕ ਉਤਰ ਹੀ ਚਾਹਿਆ।
-"ਦੱਸਨਾਂ ਵਾਂ..!" ਆਲਮ ਨੇ ਫੜ ਕੇ ਉਸ ਨੂੰ ਬੈੱਡ 'ਤੇ ਬਿਠਾ ਲਿਆ ਅਤੇ ਉਸ ਔਰਤ ਦੇ ਸਾਹਮਣੇ ਹੀ ਸੀਤਲ ਦੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ!

ਸੀਤਲ ਫ਼ੱਟੜ ਪਠੋਰੇ ਵਾਂਗ ਫਿਰ ਬੈੱਡ ਤੋਂ ਉਠ ਕੇ ਖੜ੍ਹੀ ਹੋ ਗਈ। ਆਲਮ ਖ਼ਾਂ ਕਰੋਧ ਵਿਚ ਆ ਗਿਆ। ਉਸ ਦੀਆਂ ਅੱਖਾਂ 'ਚੋਂ ਰੱਤ ਚੋਣ ਲੱਗ ਪਈ ਸੀ। ਉਸ ਨੇ ਉਠ ਕੇ ਸੀਤਲ ਨੂੰ ਬੈੱਡ 'ਤੇ ਪਟਕਾ ਮਾਰਿਆ ਅਤੇ ਊਠ ਵਾਂਗ ਤੜਾਫ਼ੇ ਮਾਰਦੇ ਨੇ ਉਸ ਦੇ ਕੱਪੜੇ ਪਾੜ ਸੁੱਟੇ! ਪਰ ਉਹ ਪਾਸੇ ਬੈਠੀ ਅੱਧਖੜ੍ਹ ਔਰਤ ਕੁਝ ਨਾ ਬੋਲੀ। ਉਹ ਬੜੇ ਅਰਾਮ ਨਾਲ਼ ਇਹ ਬ੍ਰਿਤਾਂਤ ਤੱਕਦੀ ਰਹੀ।

-"ਹਾੜ੍ਹੇ ਆਲਮ ਖ਼ਾਂ ਮੈਨੂੰ ਬਖ਼ਸ਼ ਦਿਓ...! ਮੈਂ ਤੁਹਾਡੇ ਪੈਰ ਫ਼ੜਦੀ ਆਂ...!" ਸੀਤਲ ਬੈੱਡ 'ਤੇ ਅਲਫ਼ ਨਗਨ ਪਈ ਹੱਥ ਜੋੜ ਰਹੀ ਸੀ।
-"ਅਸਾਂ ਹੁਕਮ ਦੇ ਬੰਦੇ ਆਂ ਗੁਲਬਾਨੋਂ...! ਅਸਾਂ ਤੇ ਆਪਣੇ ਮਾਲਕ ਦਾ ਹੁਕਮ ਵਜਾਉਣਾ ਹੋਇਆ..!" ਉਸ ਭੂਤਰੇ ਹੋਏ ਨੇ ਨੇ ਆਪਣੇ ਕੱਪੜੇ ਵੀ ਲਾਹ ਕੇ ਵਗਾਹ ਮਾਰੇ ਅਤੇ ਸੀਤਲ ਉਪਰ ਹਲ਼ਕਿਆਂ ਵਾਂਗ ਡਿੱਗਿਆ।

ਢਾਈ ਕੁਇੰਟਲ਼ ਦਾ ਊਠ ਵਰਗਾ ਬੰਦਾ ਉਪਰ ਡਿੱਗਣ ਕਾਰਨ ਸੀਤਲ ਦਾ ਸਾਹ ਬੰਦ ਹੋ ਗਿਆ। ਉਸ ਨੇ ਪੂਰੇ ਜੋਰ ਨਾਲ਼ ਹੇਠੋਂ ਨਿਕਲ਼ਣਾਂ ਚਾਹਿਆ। ਪਰ ਬਾਜ਼ ਦੇ ਕਬੂਤਰ ਨੂੰ ਪੰਜਿਆਂ ਵਿਚ ਜਕੜਨ ਵਾਂਗ ਆਲਮ ਨੇ ਉਸ ਨੂੰ ਇਕ ਤਰ੍ਹਾਂ ਨਾਲ਼ ਆਪਣੇ ਸਰੀਰ ਦੇ ਸਿਕੰਜੇ ਵਿਚ ਹੀ ਜਕੜਿਆ ਹੋਇਆ ਸੀ। ਉਸ ਦੇ ਰੰਦੇ ਵਰਗੇ ਹੱਥ ਸੀਤਲ ਦਾ ਬਦਨ 'ਰੰਦਣ' ਲੱਗ ਪਏ...। ਰੇਗਮਾਰ ਵਰਗੇ ਬੁੱਲਾਂ ਨੇ ਸਰਾਲ਼ ਵਾਂਗ ਉਸ ਦਾ ਖ਼ੂਨ ਪੀਣਾਂ ਸ਼ੁਰੂ ਕਰ ਦਿੱਤਾ..। ਮਾਲੂਕ ਮਿਰਗਣੀ ਦਾ ਗਲ਼ ਬਾਘ ਦੇ ਜੁਬਾੜ੍ਹੇ ਵਿਚ ਆ ਚੁੱਕਾ ਸੀ...। ਸੀਤਲ ਦੀਆਂ ਅੱਖਾਂ ਅੱਗੇ ਹਨ੍ਹੇਰ ਛਾ ਗਿਆ...। ਉਸ ਨੂੰ ਮਹਿਸੂਸ ਹੋਇਆ ਕਿ ਜ਼ਾਲਿਮ ਖ਼ਾਂ ਨੇ ਉਸ ਦੇ ਅੰਦਰ ਕੋਈ ਤਲਵਾਰ ਲੰਘਾ ਦਿੱਤੀ ਸੀ...। ਸੀਤਲ ਅੰਦਰੋਂ ਖ਼ੂਨ ਦਾ ਪ੍ਰਨਾਲ਼ਾ ਵਗ ਪਿਆ...। ਪੀੜਾਂ ਨੇ ਸੀਤਲ ਅੰਦਰ ਅੱਗ ਮਚਾਈ ਹੋਈ ਸੀ...। ਅੱਗ ਦਾ ਸੜਦਾ ਸੇਕ ਸਿੱਧਾ ਦਿਲ ਦਿਮਾਗ ਨੂੰ ਅੱਪੜਦਾ ਸੀ...। ਆਲਮ ਖ਼ਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਕਦੋਂ ਬੇਸੁਰਤ ਹੋ ਗਈ ਸੀ...? ਪਤਾ ਨਹੀਂ ਉਹ ਉਸ ਨਾਲ਼ ਕਿੰਨੀ ਕੁ ਦੇਰ ਜੰਗਲੀ ਜਾਨਵਰਾਂ ਵਰਗਾ ਵਿਵਹਾਰ ਕਰਦਾ, ਉਸ ਨੂੰ ਪੇਂਜੇ ਵਾਂਗ ਪਿੰਜਦਾ ਰਿਹਾ ਸੀ...?

ਸਵੇਰੇ ਜਦੋਂ ਸੀਤਲ ਨੂੰ ਹੋਸ਼ ਆਈ ਤਾਂ ਉਸ ਵਿਚ ਉੱਕਾ ਹੀ ਸਾਹ ਸਤ ਨਹੀਂ ਰਿਹਾ ਸੀ। ਸਰੀਰ ਬਿਲਕੁਲ ਨਿਰਬਲ ਸੀ। ਉਸ ਦੇ ਹੇਠਲੀ ਚਾਦਰ ਉਸ ਨੂੰ ਆਕੜੀ ਆਕੜੀ ਜਿਹੀ ਲੱਗੀ। ਉਸ ਨੇ ਸਾਰਾ ਬਲ ਇਕੱਠਾ ਕਰ ਕੇ ਚਾਦਰ ਵੱਲ ਸਿਰ ਚੁੱਕ ਕੇ ਦੇਖਿਆ। ਫ਼ੁੱਲਾਂ ਵਾਲ਼ੀ ਚਾਦਰ ਖ਼ੂਨ ਨਾਲ਼ ਲੱਥ ਪੱਥ ਹੋ ਕੇ ਸੁੱਕ ਚੁੱਕੀ ਸੀ। ਦੇਖ ਕੇ ਉਸ ਦਾ ਤ੍ਰਾਹ ਨਿਕਲ਼ ਗਿਆ। ਉਸ ਦੇ ਸਰੀਰ ਦੇ ਹੇਠਲੇ ਹਿੱਸੇ 'ਤੇ ਵੀ ਸੁੱਕੇ ਖ਼ੂਨ ਦੀਆਂ ਪੇਪੜੀਆਂ ਜੰਮੀਆਂ ਹੋਈਆਂ ਸਨ। ਉਸ ਦਾ ਸਾਰਾ ਸਰੀਰ ਚਸਕਾਂ ਮਾਰ ਰਿਹਾ ਸੀ। ਜਿਵੇਂ ਕਿਸੇ ਨੇ ਛੱਲੀਆਂ ਵਾਂਗ ਕੁੱਟਿਆ ਹੋਵੇ! ਉਸ ਨੇ ਉਠ ਕੇ ਕਮਰੇ ਦਾ ਬਾਹਰਲਾ ਦਰਵਾਜਾ ਖੋਲ੍ਹਣਾਂ ਚਾਹਿਆ। ਬਾਹਰੋਂ ਕੁੰਡੀ ਲੱਗੀ ਹੋਈ ਸੀ। ਅੰਤ ਹਾਰ ਕੇ ਉਹ ਉਚੀ ਉਚੀ ਰੋਣ ਲੱਗ ਪਈ। ਵੈਣ ਪਾਉਣ ਵਾਂਗ!
ਉਸ ਦਾ ਰੋਣਾਂ ਸੁਣ ਕੇ ਦੋ ਔਰਤਾਂ ਭੱਜੀਆਂ ਆਈਆਂ।
ਬਾਹਰਲੇ ਦਰਵਾਜੇ ਦੀ ਕੁੰਡੀ ਖੋਲ੍ਹ ਕੇ ਉਹ ਅੰਦਰ ਆ ਗਈਆਂ।

-"ਕੀ ਗੱਲ ਐ...?" ਇਕ ਬੋਲੀ। ਸੀਤਲ ਨੇ ਖ਼ੂਨ ਨਾਲ਼ ਲਿੱਬੜੀ ਚਾਦਰ ਅਤੇ ਆਪਣੇ ਖੁਰਚੇ ਸਰੀਰ ਵੱਲ ਦੇਖਿਆ।
ਦੋਨਾਂ ਔਰਤਾਂ 'ਚੋਂ ਇਕ ਖਿੜ-ਖਿੜਾ ਕੇ ਹੱਸ ਪਈ।
-"ਜੇ ਕੱਲਰ ਜ਼ਮੀਨ 'ਤੇ ਪਹਿਲਾਂ ਬੁਲਡੋਜ਼ਰ ਫੇਰ ਦਿੱਤਾ ਜਾਵੇ, ਤਾਂ ਬਾਅਦ ਵਿਚ ਜ਼ਮੀਨ ਨੂੰ ਸੁਹਾਗਿਆਂ ਦੀ ਬਹੁਤੀ ਚਿੰਤਾ ਨਹੀਂ ਰਹਿੰਦੀ...!" ਇਕ ਔਰਤ ਨੇ ਦੂਜੀ ਕੱਲ੍ਹ ਵਾਲ਼ੀ ਔਰਤ ਨੂੰ ਬੜੇ ਮਜਾਜ ਨਾਲ਼ ਆਖਿਆ। ਦੂਜੀ ਨੇ ਵੀ ਤਸੱਲੀ ਪ੍ਰਗਟਾ ਕੇ 'ਹਾਂ' ਵਿਚ ਸਿਰ ਹਿਲਾਇਆ।
-".........।" ਸੀਤਲ ਨੇ ਸੁਆਲੀਆ ਨਜ਼ਰ ਉਸ ਔਰਤ ਵੱਲ ਸੁੱਟੀ।
-"ਨਹੀਂ ਸਮਝੀ...? ਲੈ ਸੁਣ ਫੇਰ..!" ਦੂਜੀ ਕੱਲ੍ਹ ਵਾਲ਼ੀ ਔਰਤ ਬੋਲੀ, "ਮੇਰਾ ਨਾਂ ਸਾਈਦਾ ਤੇ ਇਹਦਾ ਨਾਂ ਰਫ਼ੀਕਾ ਹੈ, ਯਾਦ ਰੱਖੀਂ..! ਪਹਿਲੀ ਰਾਤ ਹਰ ਨਵੀਂ ਕੁੜੀ ਦਾ ਟੈਸਟ ਲੈਣ ਲਈ ਆਲਮ ਖ਼ਾਂ ਦੇ ਹਵਾਲੇ ਕੀਤਾ ਜਾਂਦੈ..! ਜੇ ਤਾਂ ਕੁੜੀ ਸੋਹਲ ਹੋਵੇ, ਤਾਂ ਪਹਿਲੀ ਰਾਤ ਹੀ ਮਰ ਖ਼ਪ ਜਾਂਦੀ ਐ..! ਤੇ ਜੇ ਤੇਰੇ ਵਰਗੀ ਜੁੱਸੇ ਦੀ ਤਕੜੀ ਹੋਵੇ, ਤਾਂ ਉਸ ਨੂੰ ਸਾਡੇ ਗਰੁੱਪ ਵਿਚ ਸ਼ਾਮਲ ਕਰ ਲਿਆ ਜਾਂਦੈ..! ਅਸਾਂ ਨੂੰ ਹੁਣ ਪੂਰਾ ਵਿਸ਼ਵਾਸ ਏ ਕਿ ਤੂੰ ਹੁਣ ਕਿਸੇ ਮੋੜ 'ਤੇ ਮਾਰ ਨਹੀਂ ਜੇ ਖਾਵੇਂਗੀ..!" ਸਾਈਦਾ ਦੀਆਂ ਆਖੀਆਂ ਗੱਲਾਂ ਦੀ ਸੀਤਲ ਨੂੰ ਕੁਝ ਕੁਝ ਸਮਝ ਪਈ ਕਿ ਮੈਨੂੰ ਕਿਸੇ ਕੰਜਰਖ਼ਾਨੇ ਸੁੱਟਿਆ ਜਾ ਚੁੱਕਾ ਹੈ ਅਤੇ ਮੇਰੀ ਪਹਿਲੀ ਰਾਤ ਦਾ ਇਮਤਿਹਾਨ ਵੀ ਹੋ ਚੁੱਕਾ ਸੀ...! ਸਾਈਦਾ ਦੇ ਆਖਣ ਮੁਤਾਬਿਕ ਹਰ ਨਵੀਂ ਕੁੜੀ ਦਾ ਇੱਥੇ 'ਟੈਸਟ' ਲਿਆ ਜਾਂਦੈ...! ਹੁਣ ਤੂੰ ਪਾਸ ਹੈਂ ਸੀਤਲ...! ਹੁਣ ਤੈਨੂੰ ਹਰ ਰੋਜ ਨਵੇਂ ਮਰਦਾਂ ਦੀ ਸ਼ੇਜ ਦਾ ਟਾਕਰਾ ਕਰਨਾਂ ਪਿਆ ਕਰੇਗਾ...। ਤੂੰ ਕਿਸੇ ਗਿਰੋਹ ਦੇ ਹੱਥ ਆ ਚੁੱਕੀ ਹੈਂ, ਜਾਂ ਵੇਚੀ ਜਾ ਚੁੱਕੀ ਹੈਂ...। ਹੁਣ ਤੈਨੂੰ ਤੇਰੀਆਂ ਕੀਤੀਆਂ ਗ਼ਲਤੀਆਂ ਦਾ ਖ਼ਮਿਆਜਾ ਆਪ ਭੁਗਤਣਾਂ ਪੈਣੈਂ...! ਜਿਹੜਾ ਕੁਝ ਮਾਂ ਪਿੱਟਦੀ ਹੁੰਦੀ ਸੀ, ਉਹ ਕੁਝ ਹੁਣ ਤੇਰੇ ਸਾਹਮਣੇ ਆ ਰਿਹਾ ਹੈ...। ਤੇਰੀਆਂ ਗਲਤੀਆਂ ਕਰਕੇ, ਤੇਰੀ ਜਿ਼ਦ ਕਰਕੇ..! ਤੇਰੇ ਅੰਨ੍ਹੇ ਵਿਸ਼ਵਾਸ ਕਰਕੇ, ਹੁਣ ਤਾਂ ਤੇਰੇ ਹੱਡ ਇੱਥੇ ਹੀ ਰੁਲਣਗੇ...। ਮਾਂ ਬਾਪ ਦੀਆਂ ਗੱਲਾਂ ਨਾ ਮੰਨਣ ਕਰਕੇ ਹੁਣ ਤੂੰ ਇੱਥੇ ਹੀ ਮਰ ਖ਼ਪ ਜਾਵੇਂਗੀ...! ਮਾਂ ਦੀ ਗੱਲ ਸੱਚੀ ਸੀ ਕਿ ਪਾਕਿਸਤਾਨ ਤੈਨੂੰ ਕੌਣ ਬਚਾਉਣ ਜਾਊ...? ਪੰਜਾਬ 'ਚ ਤਾਂ ਵੀਹ ਬੰਨ੍ਹ ਸੁੱਬ ਕਰ ਲੈਂਦੈ ਬੰਦਾ...! ਹੁਣ ਤੈਨੂੰ ਮਾਂ ਬਾਪ ਅਤੇ ਪਾਇਲ ਭੈਣ ਦੇ ਦਰਸ਼ਣ ਤਾਂ ਕੀ...? ਉਹਨਾਂ ਦੀ ਕਿਸੇ ਸੱਜਰੀ ਪੈੜ ਦਾ ਰੇਤਾ ਵੀ ਨਸੀਬ ਨਹੀਂ ਹੋਵੇਗਾ...। ਹੁਣ ਤੂੰ ਉਸ ਰੋਹੀ ਬੀਆਬਾਨ ਵਿਚ ਆ ਕੇ ਫ਼ਸ ਗਈ ਹੈਂ, ਜਿੱਥੇ ਤੈਨੂੰ ਹਰ ਰੋਜ਼ ਕਾਮੀ ਕੀੜੇ ਚੂੰਡਿਆ ਕਰਨਗੇ...! ਤੇਰਾ ਖ਼ੂਨ ਚੂਸਿਆ ਕਰਨਗੇ, ਤੈਨੂੰ ਹਲਾਲ ਕਰਿਆ ਕਰਨਗੇ ਅਤੇ ਤੈਨੂੰ ਬੁਰਕੀਏਂ ਖਾਇਆ ਕਰਨਗੇ...! ਇਹ ਉਹ ਮਾਰੂਥਲ ਹੈ, ਜਿੱਥੇ ਬੰਦਾ ਆ ਤਾਂ ਜਾਂਦਾ ਹੈ, ਪਰ ਵਾਪਿਸ ਮੁੜਨਾਂ ਕਿਸੇ ਦੇ ਵੱਸ ਦਾ ਰੋਗ ਨਹੀਂ...! ਪੰਜਾਬੀ ਅਖ਼ਬਾਰਾਂ ਵਿਚ ਛਪਦੇ ਆਰਟੀਕਲ ਡੈਡ ਤੈਨੂੰ ਪੜ੍ਹ ਕੇ ਸੁਣਾਉਂਦੇ ਹੁੰਦੇ ਸੀ, ਪਰ ਤੂੰ ਤਾਂ ਸੋਚਦੀ ਸੀ ਕਿ ਇਹ ਕੁਝ ਲੋਕਾਂ ਦੀਆਂ ਕੁੜੀਆਂ ਨਾਲ਼ ਹੀ ਵਾਪਰ ਸਕਦਾ ਹੈ, ਤੇਰੇ ਨਾਲ਼ ਨਹੀਂ...! ਆਹ ਦੇਖਲਾ...! ਮਾਂ ਬਾਪ ਦਾ ਆਖਾ ਨਾ ਮੰਨਿਆਂ, ਤਾਂ ਤੂੰ ਨਰਕ 'ਚ ਡਿੱਗੀ ਐਂ ਸੀਤਲ...! ਹਾਏ...! ਜੇ ਮੈਂ ਕਦੇ ਮਾਂ ਬਾਪ ਦੇ ਆਖੇ ਲੱਗ ਜਾਂਦੀ...? ਆਹ ਨਰਕ ਨਾ ਭੋਗਦੀ...! ਉਸ ਦੇ ਚੁੱਪ ਚਾਪ ਹੰਝੂ ਤ੍ਰਿੱਪ-ਤ੍ਰਿੱਪ ਚੋਈ ਜਾ ਰਹੇ ਸਨ। ਉਸ ਦਾ ਚਿਹਰਾ ਵੈਰਾਨ ਹੋਇਆ ਪਿਆ ਸੀ।

-"ਤੂੰ ਇੰਗਲੈਂਡ 'ਚ ਜੰਮੀ ਪਲ਼ੀ ਐਂ ਬੇਬੀ...! ਮੇਰੀ ਗੱਲ ਨਹੀਂ ਸਮਝ ਰਹੀ...! ਮੇਰਾ ਕਹਿਣ ਦਾ ਮਤਲਬ ਹੈ ਕਿ ਜਿੱਥੇ ਆਲਮ ਖ਼ਾਂ ਵਰਗੇ ਬੁਲਡੋਜ਼ਰ ਫਿਰ ਗਏ, ਉਥੇ ਸੰਗਰਾਮ ਖ਼ਾਂ ਵਰਗੇ ਸੁਹਾਗੇ ਦਾ ਹੁਣ ਫਿ਼ਕਰ ਨਹੀਂ...! ਹੁਣ ਡਾਕਟਰ ਆਵੇਗਾ ਤੇ ਤੇਰੀ ਡਾਕਟਰੀ ਕਰੇਗਾ..! ਲੋੜ ਅਨੁਸਾਰ ਟੀਕੇ ਵੀ ਲਾਵੇਗਾ ਤੇ ਦੁਆਈ ਵੀ ਦੇਵੇਗਾ..! ਫਿ਼ਕਰ ਨਾ ਕਰ..!" ਆਖ ਕੇ ਸਾਈਦਾ ਬਾਹਰ ਚਲੀ ਗਈ। ਕੱਲ੍ਹ ਵਾਲ਼ੀ ਅੱਧਖੜ੍ਹ ਔਰਤ ਰਫ਼ੀਕਾ ਸੀਤਲ ਕੋਲ਼ ਬੈਠੀ ਰਹੀ। ਕੱਲ੍ਹ ਵਾਲ਼ੇ ਸੋਫ਼ੇ 'ਤੇ ਹੀ..!
-"ਰਫ਼ੀਕਾ ਭੈਣ..!" ਸੀਤਲ ਨੇ ਰਫ਼ੀਕਾ ਨੂੰ ਬੁਲਾਇਆ। ਰਫ਼ੀਕਾ ਉਸ ਨੂੰ ਸਾਈਦਾ ਨਾਲ਼ੋਂ ਨਰਮ ਦਿਲ ਲੱਗੀ ਸੀ।
-"ਬੋਲ..? ਜੋ ਪੁੱਛਣਾ ਹੈ ਪੁੱਛ, ਪਰ ਮੈਨੂੰ ਭੈਣ ਨਾ ਆਖੀਂ..! ਇੱਥੇ ਨਾ ਕੋਈ ਕਿਸੇ ਦੀ ਭੈਣ ਅਤੇ ਨਾ ਕੋਈ ਕਿਸੇ ਦਾ ਭਾਈ..! ਇਹ ਸਿਰਫ਼ ਇਕ ਰੰਡੀਖ਼ਾਨਾ ਏਂ, ਤੇ ਅਸੀਂ ਸਭ ਰੰਡੀਆਂ..! ਦੱਲਿਆਂ ਦਲਾਲਾਂ ਦੇ ਇਸ਼ਾਰੇ 'ਤੇ ਵੱਡੇ ਵੱਡੇ ਲੋਕਾਂ ਨੂੰ ਖ਼ੁਸ਼ ਕਰਨ ਵਾਲ਼ੀਆਂ ਵੇਸਵਾਵਾਂ..!"
-"ਇਹ ਮੈਨੂੰ ਕਿੰਨਾਂ ਕੁ ਚਿਰ ਐਥੇ ਰੱਖਣਗੇ..?" ਸੀਤਲ ਨੇ ਅੰਤਿਮ ਸੁਆਲ ਪੁੱਛਿਆ।
-"ਹੁਣ ਤਾਂ ਇਹ ਸਮਝ ਲੈ ਬਈ ਮਰਨ ਤੱਕ ਤੇਾਰ ਐਥੋਂ ਨਿਕਲ਼ਣ ਦਾ ਕੋਈ ਰਸਤਾ ਨਹੀਂ...!" ਰਫ਼ੀਕਾ ਨੇ ਇਕ ਵਿਚ ਹੀ ਨਬੇੜ ਦਿੱਤੀ।

ਸੀਤਲ ਦਾ ਫਿਰ ਰੋਣ ਨਿਕਲ਼ ਗਿਆ। ਉਸ ਦੇ ਹਿਰਦੇ ਵਿਚ ਹੌਲ ਪੈ ਰਹੇ ਸਨ!

-"ਜੇ ਤੂੰ ਐਥੋਂ ਭੱਜਣ ਦੀ ਕੋਸਿ਼ਸ਼ ਕਰੇਂਗੀ, ਤਾਂ ਇਹ ਤੇਰੀ ਉਹ ਬੁਰੀ ਹਾਲਤ ਕਰਨਗੇ ਕਿ ਤੇਰੇ ਤੋਂ ਤੇਰੀ ਮੌਤ ਵੀ ਕੰਬ ਉਠੇਗੀ..! ਕਹਿਣ ਦਾ ਮਤਲਬ, ਨਾ ਤੂੰ ਜਿਉਂਦਿਆਂ ਵਿਚ, ਤੇ ਨਾ ਮਰਿਆਂ ਵਿਚ ਦਾਖ਼ਲ ਹੋ ਸਕੇਂਗੀ..! ਐਥੇ ਬਹੁਤ ਕੁੜੀਆਂ ਆਈਆਂ ਤੇਰੇ ਵਰਗੀਆਂ..! ਬਹੁਤੀਆਂ ਨੇ ਖੰਭ ਫ਼ੜਫ਼ੜਾਏ..! ਪਰ ਡਾਢੇ ਹਮੇਸ਼ਾ ਹੀ ਉਹਨਾਂ ਦੇ ਖੰਭ ਕਤਰ ਦਿੰਦੇ ਰਹੇ ਅਤੇ ਲੱਤਾਂ ਬਾਹਾਂ ਵੱਢ ਟੁੱਕ ਕੇ ਕਿਸੇ ਰੇਗਿਸਤਾਨ ਵਿਚ ਸੁੱਟ ਆਉਂਦੇ, ਜਿੱਥੇ ਉਹਨਾਂ ਨੂੰ ਸੱਪ ਸਰਾਲਾਂ ਨਿਗਲ਼ ਗਏ..!" ਸੱਚੀ ਗੱਲ ਆਖ ਕੇ ਰਫ਼ੀਕਾ ਨੇ ਸੀਤਲ ਨੂੰ ਹੋਰ ਡਰਾ ਦਿੱਤਾ।
-"ਇਹ ਕੋਈ ਗਰੋਹ ਐ..?"
-"ਬਹੁਤ ਵੱਡਾ...! ਇੰਟਰਨੈਸ਼ਨਲ ਗਰੋਹ..!"
-"ਤੇ ਇਹਦਾ ਮਾਲਕ, ਮਤਲਬ ਬੌਸ ਕੌਣ ਐਂ...?"
-"ਇਸ ਦਾ ਬੌਸ ਇਕ ਨਹੀਂ, ਕਈ ਨੇ..! ਦੋ ਬਾਹਰ ਇੰਗਲੈਂਡ ਰਹਿੰਦੇ ਨੇ ਤੇ ਦੋ ਇੱਧਰ ਪਾਕਿਸਤਾਨ ਵਿਚ..!"

ਇੰਗਲੈਂਡ ਸੁਣ ਕੇ ਸੀਤਲ ਦੇ ਜਿ਼ਹਨ ਵਿਚ ਖ਼ਾਨ ਅਤੇ ਹੈਦਰ ਦੇ ਚਿਹਰੇ ਉਭਰੇ। ਉਹ ਨਫ਼ਰਤ ਨਾਲ਼ ਗਲ਼ ਤੱਕ ਭਰ ਗਈ। ਹੋਰ ਕੁਝ ਪੁੱਛਣਾ ਉਸ ਨੇ ਮੁਨਾਸਿਬ ਨਾ ਸਮਝਿਆ। ਉਸ ਨੂੰ ਸਾਰੀ ਕਹਾਣੀ ਦੀ ਸਮਝ ਆ ਗਈ ਸੀ ਕਿ ਹੈਦਰ ਅਤੇ ਖ਼ਾਨ ਦਾ ਹੋਰ ਕੋਈ ਕਿੱਤਾ ਜਾਂ ਬਿਜ਼ਨਿਸ ਨਹੀਂ, ਉਹ ਸਿਰਫ਼ ਬਾਹਰੋਂ ਕੁੜੀਆਂ ਲਿਆ ਕੇ ਇੱਧਰ ਵੇਚਦੇ, ਜਾਂ ਰੰਡੀਖ਼ਾਨੇ ਬਿਠਾਉਂਦੇ ਹਨ ਅਤੇ ਉਹਨਾਂ ਦੀ ਕਮਾਈ ਕਰਦੇ ਨੇ!
ਦੁਪਿਹਰ ਜਿਹੀ ਹੋਈ ਤਾਂ ਜਿਪਸੀ ਵਿਚ ਡਾਕਟਰ ਆ ਗਿਆ।
ਉਸ ਨੇ ਸੀਤਲ ਦੀ ਚੈੱਕ ਅੱਪ ਕੀਤੀ। ਸੀਤਲ ਦਾ ਪੇਡੂ ਸੁੱਜਿਆ ਹੋਇਆ ਸੀ। ਖ਼ੂਨ ਅਥਾਹ ਵਗ ਗਿਆ ਸੀ। ਚਿਹਰੇ ਅਤੇ ਛਾਤੀਆਂ 'ਤੇ ਦੰਦਾਂ ਦੇ ਨਿਸ਼ਾਨ ਸਨ।

-"ਰਫ਼ੀਕਾ...!"
-"ਜੀ ਡਾਕਟਰ...!"
-"ਇਸ ਉਤੇ ਪਹਿਲੀ ਰਾਤ ਆਲਮ ਖ਼ਾਂ ਭੁਗਤਾਇਆ ਸੀ...?" ਉਸ ਨੇ ਤਜ਼ਰਬੇ ਅਨੁਸਾਰ ਪੁੱਛਿਆ।
-"ਤੁਸਾਂ ਨੂੰ ਇੱਥੋਂ ਦੇ ਅਸੂਲਾਂ ਦਾ ਪਤਾ ਹੀ ਹੈ ਡਾਕਟਰ ਜਨਾਬ...!" ਰਫ਼ੀਕਾ ਨੇ ਹੋਰ ਬੋਲਣਾਂ ਉਚਿੱਤ ਨਾ ਸਮਝਿਆ।
-"ਬੜਾ ਹਰਾਮਜ਼ਦਾ ਹੈ..! ਨਿਰਾ ਜੰਗਲੀ ਅਤੇ ਨਿਰਦਈ ਬੰਦਾ...!" ਡਾਕਟਰ ਨੇ ਸਿਰ ਫ਼ੇਰਿਆ।
-"ਤੂੰ ਆਪ ਕਿਹੜਾ ਘੱਟ ਐਂ..?" ਰਫ਼ੀਕਾ ਨੇ ਮਨ ਅੰਦਰ ਹੀ ਕਿਹਾ। ਮੂੰਹੋਂ ਉਹ ਕੁਝ ਵੀ ਨਾ ਬੋਲ ਸਕੀ। ਇਸ ਡਾਕਟਰ ਨੇ ਰਫ਼ੀਕਾ ਦਾ ਵੀ ਬੜਾ ਚੰਮ ਚੱਟਿਆ ਸੀ।

ਡਾਕਟਰ ਨੇ ਸੀਤਲ ਦੇ ਤਿੰਨ ਟੀਕੇ ਲਾਏ ਅਤੇ ਕਾਫ਼ੀ ਸਾਰੇ ਕੈਪਸੂਲ ਦਿੱਤੇ।

-"ਇਸ ਨੂੰ ਇਹ ਕੈਪਸੂਲ ਹਰ ਚਾਰ ਚਾਰ ਘੰਟੇ ਬਾਅਦ ਤਾਜ਼ੇ ਪਾਣੀ ਨਾਲ਼ ਦਿੰਦੇ ਰਹਿਣਾਂ...! ਆਹ ਕਰੀਮ ਹਰ ਦੋ ਘੰਟੇ ਬਾਅਦ ਚਿਹਰੇ ਅਤੇ ਛਾਤੀਆਂ ਦੇ ਜ਼ਖ਼ਮਾਂ 'ਤੇ ਲਾ ਲੈਣੀਂ..! ਦੋ ਦਿਨ ਅਤੇ ਦੋ ਰਾਤਾਂ ਇਸ ਨੂੰ ਪੂਰਾ ਅਰਾਮ ਕਰਨ ਦਿਓ, ਮੈਂ ਪਰਸੋਂ ਰਾਤ ਨੂੰ ਆ ਕੇ ਇਸ ਦੀ ਖ਼ੁਦ ਚੈੱਕ ਅੱਪ ਕਰਾਂਗਾ..! ਹੋਰ ਕੋਈ ਇਸ ਦੇ ਨੇੜੇ ਨਾ ਜਾਵੇ..!"
-"ਠੀਕ ਹੈ ਡਾਕਟਰ..! ਜਿਵੇਂ ਤੁਸਾਂ ਦੀ ਇੱਛਾ...!"

ਡਾਕਟਰ ਚਲਾ ਗਿਆ।

-"ਕਿੱਡਾ ਸੂਅਰ ਦਾ ਪੁੱਤਰ ਐ...!" ਰਫ਼ੀਕਾ ਨੇ ਮੂੰਹ ਸਕੋੜ ਕੇ ਕਿਹਾ।
-"ਕਿਉਂ...? ਕੀ ਗੱਲ ਹੋ ਗਈ...?" ਰੱਬ ਦਾ ਭਾਣਾਂ ਜਿਹਾ ਮੰਨੀ ਬੈਠੀ ਸੀਤਲ ਨੇ ਰਫ਼ੀਕਾ ਨੂੰ ਪੁੱਛਿਆ।
-"ਇਹ ਡਾਕਟਰ ਹੁਣ ਤੇਰੇ ਨਾਲ਼ ਰਾਤ ਬਿਤਾਵੇਗਾ..! ਮੇਰੀ ਗੱਲ ਮੰਨ ਕੇ ਇਸ ਡਾਕਟਰ ਨੂੰ ਖ਼ੁਸ਼ ਰੱਖ਼ੀ..! ਫਿਰ ਇਹ ਤੇਰਾ ਵੀ ਖਿ਼ਆਲ ਰੱਖੇਗਾ..! ਤੈਨੂੰ ਦੋ ਚਾਰ ਦਿਨ ਅਰਾਮ ਕਰਨ ਦੀ ਆੜ ਹੇਠ ਰੈਸਟ ਵੀ ਕਰਵਾ ਦਿਆ ਕਰੇਗਾ...! ਅਗਰ ਤੂੰ ਇਸ ਡਾਕਟਰ ਨੂੰ ਨਰਾਜ਼ ਕਰ ਲਿਆ, ਬਹੁਤ ਤੰਗ ਹੋਵੇਂਗੀ, ਖਿ਼ਆਲ ਰੱਖ਼ੀਂ...!" ਰਫ਼ੀਕਾ ਨੇ ਬਗੈਰ ਭੂਮਿਕਾ ਤੋਂ ਉਸ ਨੂੰ ਸਾਰੀ ਗੱਲ ਦੱਸ ਦਿੱਤੀ। ਹੁਣ ਕੋਈ ਓਹਲਾ ਜਾਂ ਲਕੋ ਵੀ ਕੀ ਸੀ...? ਔਝੜੇ ਅਤੇ ਬਿੱਖੜੇ ਪੈਂਡਿਆਂ ਦੀਆਂ ਮੁਸਾਫਿ਼ਰ ਇਕ ਰਸਤੇ ਹੀ ਤਾਂ ਹਾਣੀ ਬਣ ਤੁਰ ਪਈਆਂ ਸਨ। ਹੁਣ ਉਚੇ ਨੀਵਿਆਂ ਬਾਰੇ ਓਹਲਾ ਕੀ ਰੱਖਣਾਂ ਸੀ..?
-"ਰਫ਼ੀਕਾ, ਤੂੰ ਇਸ ਧੰਦੇ ਵਿਚ ਕਿਵੇਂ ਆਈ..?"
-"ਕੋਈ ਵੀ ਖ਼ਾਨਦਾਨੀ ਲੜਕੀ ਆਪਣੀ ਮਰਜ਼ੀ ਨਾਲ਼ ਰੰਡੀਖ਼ਾਨੇ ਨਹੀਂ ਬੈਠਦੀ..! ਜਾਂ ਤਾਂ ਉਸ ਦੀ ਕੋਈ ਮਜਬੂਰੀ, ਤੇ ਜਾਂ ਧੱਕਾ ਉਸ ਨੂੰ ਇਸ ਧੰਦੇ ਵੱਲ ਖਿੱਚ ਕੇ ਲੈ ਆਉਂਦੈ...! ਮੇਰੀ ਕਹਾਣੀ ਤੇਰੇ ਨਾਲ਼ੋਂ ਕੋਈ ਬਹੁਤੀ ਵੱਖਰੀ ਨਹੀਂ..! ਪਹਿਲਾਂ ਪਹਿਲਾਂ ਕੁੜੀ ਭੱਜਣ ਲਈ ਹੱਥ ਪੈਰ ਜਿਹੇ ਮਾਰਦੀ ਐ, ਤੇ ਫਿਰ ਉਹ ਇਸ ਸਾਰੇ ਸਿੜ੍ਹੀ ਸਿਆਪੇ ਦੀ ਆਦੀ ਹੋ ਜਾਂਦੀ ਐ, ਤੇ ਉਸ ਨੂੰ ਕੁਝ ਵੀ ਬੁਰਾ ਨਹੀਂ ਲੱਗਦਾ..! ਹੌਲ਼ੀ ਹੌਲ਼ੀ ਉਹ ਸੋਚਣ ਲੱਗਦੀ ਐ ਕਿ ਜੇ ਸੂਅਰਾਂ ਯੱਧੇ ਮਰਦਾਂ ਨੂੰ ਨਹੀਂ ਸ਼ਰਮ, ਤਾਂ ਸਾਨੂੰ ਕਿਉਂ...? ਪਹਿਲਾਂ ਮਰਦ ਸਾਡੇ ਨਾਲ਼ ਆਪਣੀ ਹਵਸ ਮਿਟਾਉਂਦੇ ਐ, ਫੇਰ ਅਸੀਂ ਮਰਦਾਂ ਨਾਲ਼ ਆਪਣੀ ਹਵਸ ਮਿਟਾਉਣ ਲੱਗ ਜਾਂਦੀਆਂ ਹਾਂ..! ਮੈਂ ਵੀ ਇੰਡੀਆ ਦੀ ਪੰਜਾਬਣ ਹਾਂ, ਮੇਰਾ ਨਾਂ ਰਵਿੰਦਰ ਸੀ, ਤੇ ਇਹਨਾਂ ਨੇ ਮੇਰਾ ਧਰਮ ਬਦਲੀ ਕਰਵਾ ਕੇ ਰਫ਼ੀਕਾ ਬਣਾ ਲਿਆ..! ਇਹ ਜਿਹੜੀ ਸਾਈਦਾ ਹੈ, ਉਹ ਤਾਂ ਪਾਕਿਸਤਾਨਣ ਕੁੜੀ ਐ, ਇਸ ਨੂੰ ਤੇਰੀ ਕੁ ਉਮਰ ਦੀ ਨੂੰ, ਮਤਲਬ ਵੀਹ ਕੁ ਸਾਲ ਦੀ ਨੂੰ ਇੱਥੇ ਲੈ ਆਏ ਸੀ..! ਹੁਣ ਇਹ ਇੱਥੋਂ ਦੀ ਇੰਚਾਰਜ ਬਣਾਈ ਹੋਈ ਐ...! ਬੜੀ ਚੰਡਾਲਣ ਹੈ..! ਬਚ ਕੇ ਰਹੀਂ..!"

-"ਤੁਸੀਂ ਪੰਜਾਬਣ ਹੋ..?" ਸੀਤਲ ਦਾ ਮੂੰਹ ਅੱਡਿਆ ਗਿਆ।
-"ਹਾਂ..! ਮੇਰੀ ਤਾਂ ਤੇਰੇ ਨਾਲ਼ੋਂ ਵੀ ਹਿਰਦੇਵੇਧਕ ਕਹਾਣੀ ਐਂ..!" ਉਹ ਰੋਈ ਤਾਂ ਨਹੀਂ, ਪਰ ਘੋਰ ਉਦਾਸ ਹੋ ਗਈ।
-"ਤੁਹਾਨੂੰ ਕਿੰਨਾਂ ਚਿਰ ਹੋ ਗਿਆ ਐਥੇ..?"
-"ਮੈਨੂੰ ਤਕਰੀਬਨ ਇੱਕੀ ਸਾਲ ਹੋ ਗਏ...!"
-"ਇੱਕੀ ਸਾਲ..?" ਸੀਤਲ ਅੱਗੇ ਧਰਤੀ ਘੁਕਣ ਲੱਗ ਪਈ।
-"ਹਾਂ, ਇੱਕੀ ਸਾਲ...! ਮੈਂ ਵੀ ਦਿੱਲੀ ਦੰਗਿਆਂ ਦੀ ਉਜਾੜੀ ਕਿਵੇਂ ਨਾ ਕਿਵੇਂ ਇੰਗਲੈਂਡ ਪਹੁੰਚੀ ਸੀ ਤੇ ਇਹਨਾਂ ਦੇ ਦੱਲਿਆਂ ਨੇ ਮੈਨੂੰ ਜਾਹਲੀ ਕਾਗਜ਼ਾਤ ਤਿਆਰ ਕਰਕੇ, ਤੇ ਕਿਸੇ ਏਅਰਲਾਈਨ ਵਿਚ ਏਅਰ ਹੋਸਟਸ ਕੰਮ ਕਰਨ ਦਾ ਲਾਲਚ ਦੇ ਕੇ ਐਥੇ ਲਿਆ ਸਿੱਟਿਆ, ਤੇ ਆਹ ਦੇਖਲਾ ਮੈਂ ਕਿਹੜੀ ਏਅਰਲਾਈਨ 'ਚ ਲੱਗੀ ਹੋਈ ਆਂ..?"
-"ਸਾਰੀ ਗੱਲ ਸੁਣਾਅ ਰਵਿੰਦਰ..!"

-"ਮੈਨੂੰ ਮੁੜ ਕੇ ਰਵਿੰਦਰ ਨਾਂ ਆਖੀਂ..! ਜੇ ਕਿਸੇ ਨੇ ਸੁਣ ਲਿਆ, ਪਰਲੋਂ ਆ ਜਾਊ...! ਮੈਨੂੰ ਰਫ਼ੀਕਾ ਈ ਆਖਿਆ ਕਰ..! ਰਾਤ ਨੂੰ ਸਾਈਦਾ ਬੰਦੇ ਭੁਗਤਾਉਣ 'ਤੇ ਮਸ਼ਰੂਫ਼ ਹੋ ਜਾਊ, ਤੇ ਮੈਂ ਤੇਰੀ ਰਾਖੀ 'ਤੇ ਹਾਂ! ਮੇਰੇ ਨਾਲ਼ ਬੀਤੀ ਤੈਨੂੰ ਰਾਤ ਨੂੰ ਸੁਣਾਊਂ, ਹੁਣ ਤੂੰ ਕੈਪਸੂਲ ਲੈ ਕੇ ਅਰਾਮ ਕਰ..! ਤੇ ਹਾਂ, ਭੱਜਣ ਨੱਠਣ ਦੀ ਕੋਸਿ਼ਸ਼ ਨਾ ਕਰੀਂ...! ਤੇਰੇ ਨਾਲ਼ ਮੇਰੀ ਸ਼ਾਮਤ ਵੀ ਆ ਜਾਊ...!" ਤੇ ਰਫ਼ੀਕਾ ਸੀਤਲ ਲਈ ਪਾਣੀ ਲੈਣ ਚਲੀ ਗਈ।

ਦੋ ਕੈਪਸੂਲ ਸੀਤਲ ਨੇ ਲੈ ਲਏ ਅਤੇ ਰਾਤ ਹੋਣ ਦੀ ਉਡੀਕ ਕਰਨ ਲੱਗੀ।
ਸ਼ਾਮ ਦੇ ਛੇ ਵਜੇ ਹੀ ਸਾਰੀਆਂ ਰੋਟੀ ਖਾ ਕੇ ਵਿਹਲੀਆਂ ਹੋ ਗਈਆਂ। ਰਫ਼ੀਕਾ ਅਤੇ ਸੀਤਲ ਪਿਛਲੇ ਕਮਰੇ ਵਿਚ ਚਲੀਆਂ ਗਈਆਂ। ਸਾਈਦਾ ਗੇਟ ਨਾਲ਼ ਦੇ ਕਮਰੇ ਵਿਚ ਆ ਗਈ। ਸੱਤ ਕੁ ਵੱਜਦੇ ਨਾਲ਼ ਹੀ ਟਾਈਮ ਅਨੁਸਾਰ 'ਗਾਹਕਾਂ' ਦੀਆਂ ਕਾਰਾਂ ਜੀਪਾਂ ਘੂਕਣ ਲੱਗ ਪਈਆਂ। ਇਹ ਵਿਸ਼ਾਲ ਕੋਠੀ ਚਾਰ ਹਿੱਸਿਆਂ ਵਿਚ ਵੰਡੀ ਹੋਈ ਸੀ। ਹਰ ਹਿੱਸੇ ਵਿਚ ਪੰਜ ਪੰਜ ਕਮਰੇ ਅਤੇ ਤਿੰਨ ਤਿੰਨ ਕੁੜੀਆਂ ਸਨ। ਇਕ ਹਿੱਸੇ ਦੀਆਂ ਕੁੜੀਆਂ ਨੂੰ ਦੂਜੇ ਹਿੱਸਿਆਂ ਦੀਆਂ ਕੁੜੀਆਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਸੀ। ਕੋਠੀ ਦੇ ਉਪਰ ਚਾਰ ਹਥਿਆਰਬੰਦ ਦੱਲਿਆਂ ਦਾ ਪਹਿਰਾ ਰਹਿੰਦਾ ਸੀ। ਸਭ ਤੋਂ ਵੱਡਾ ਦੱਲਾ ਆਲਮ ਖ਼ਾਂ ਮੰਨਿਆਂ ਜਾਂਦਾ ਸੀ। ਗਰੋਹ ਦੇ ਮੁਖੀਆਂ ਤੋਂ ਬਾਅਦ ਇੱਥੇ ਆਲਮ ਖ਼ਾਂ ਦਾ ਹੁਕਮ ਚੱਲਦਾ ਸੀ ਅਤੇ ਉਹ ਪੂਰਾ ਰਿੰਡ ਪ੍ਰਧਾਨ ਸੀ। ਹਰ ਹਥਿਆਰਬੰਦ ਦੱਲੇ ਅਤੇ ਸਾਈਦਾ ਕੋਲ਼ ਆਧੁਨਿਕ ਮੋਬਾਇਲ ਫ਼ੋਨ ਸੀ। ਇਕ ਉਜਾੜ ਜਿਹੇ ਵਿਚ ਖੜ੍ਹੀ ਇਸ ਕੋਠੀ ਦੇ ਇਰਦ ਗਿਰਦ ਉਹਨਾਂ ਦੇ ਹੁਕਮ ਬਿਨਾਂ ਪੱਤਾ ਨਹੀਂ ਹਿੱਲਦਾ ਸੀ।
ਰਾਤ ਨੂੰ ਰਾਫ਼ੀਕਾ ਨੇ ਸੀਤਲ ਨੂੰ ਆਪਣੀ ਸਾਰੀ ਦਰਦ ਭਰੀ ਵਿਥਿਆ ਦੱਸਣੀ ਸ਼ੁਰੂ ਕੀਤੀ...!

....ਰਵਿੰਦਰ ਦਾ ਸਾਰਾ ਪ੍ਰੀਵਾਰ ਦਿੱਲੀ ਵਿਚ ਰਹਿੰਦਾ ਸੀ। ਰਵਿੰਦਰ ਹੋਰੀਂ ਦੋ ਭੈਣਾਂ ਅਤੇ ਤਿੰਨ ਭਰਾ ਸਨ। ਉਸ ਦੇ ਬਾਪ ਕਰਤਾਰ ਸਿੰਘ ਦਾ ਚੰਗਾ ਕਾਰੋਬਾਰ ਸੀ। ਉਸ ਦੇ ਪੰਜ ਟਰੱਕ ਚੱਲਦੇ ਸਨ। ਇਕ ਟਰੱਕ ਉਹ ਆਪ ਚਲਾਉਂਦਾ ਸੀ ਅਤੇ ਬਾਕੀ ਚਾਰ ਟਰੱਕਾਂ 'ਤੇ ਉਸ ਨੇ ਡਰਾਈਵਰ ਰੱਖੇ ਹੋਏ ਸਨ। ਰਵਿੰਦਰ ਦੀ ਮਾਂ ਬਚਨ ਕੌਰ ਇਕ ਸੁੱਘੜ ਸਿਆਣੀ ਔਰਤ ਆਪਣੇ ਬੱਚਿਆਂ ਦੀ ਦੇਖ ਭਾਲ਼ ਕਰਦੀ ਸੀ। ਉਸ ਨੇ ਸਾਰੇ ਬੱਚਿਆਂ ਨੂੰ ਪੂਰੇ ਗੁਰਸਿੱਖ ਬਣਾਇਆ ਹੋਇਆ ਸੀ ਅਤੇ ਤਿੰਨਾਂ ਮੁੰਡਿਆਂ ਦੇ ਬਚਪਨ ਤੋਂ ਹੀ ਕੇਸ ਰੱਖੇ ਹੋਏ ਸਨ। ਬਚਨ ਕੌਰ ਸਾਰੇ ਬੱਚਿਆਂ ਨਾਲ਼ ਹਰ ਰੋਜ਼ ਗੁਰਦੁਆਰੇ ਜਾਂਦੀ। ਸਵੇਰੇ ਸਾਰੇ ਬੱਚੇ ਜਪੁਜੀ ਸਾਹਿਬ ਦੀਆਂ ਪੰਜ ਪੌੜੀਆਂ ਦਾ ਪਾਠ ਕਰਕੇ ਨਾਸ਼ਤਾ ਕਰਦੇ! ਅਰਦਾਸ ਕਰਕੇ ਸਕੂਲ ਜਾਂਦੇ! ਕਰਤਾਰ ਸਿੰਘ ਟਰੱਕ ਡਰਾਈਵਰ ਹੋਣ ਦੇ ਬਾਵਜੂਦ ਵੀ ਕਿਸੇ ਨਸ਼ੇ ਦੇ ਨੇੜੇ ਨਾ ਢੁੱਕਿਆ। ਉਹ ਟਰੱਕ ਵਿਚ ਸਾਰੇ ਰਾਹ ਗੁਰਬਾਣੀ ਜਾਂ ਕੀਰਤਨ ਸਰਵਣ ਕਰਦਾ ਰਹਿੰਦਾ। ਛੇਤੀ ਕੀਤੇ ਕਿਸੇ ਨਸ਼ਈ 'ਕਲੀਂਡਰ' ਨੂੰ ਆਪਣੇ ਟਰੱਕ 'ਤੇ ਨਾ ਰੱਖਦਾ। ਸਿਰਫ਼ ਉਸ ਨੂੰ ਹੀ ਕੰਮ ਦਿੰਦਾ, ਜੋ ਉਸ ਦਿਨ ਤੋਂ ਨਸ਼ੇ ਨਾ ਕਰਨ ਦੀ ਕਸਮ ਖਾਂਦਾ। ਕਈ ਤਾਂ ਉਸ ਨਾਲ਼ ਕੰਮ ਕਰਕੇ ਰਾਜ਼ੀ ਵੀ ਨਹੀਂ ਸਨ। ਉਸ ਨੂੰ ਡਰਾਈਵਰ ਨਹੀਂ, ਗੁਰਦੁਆਰੇ ਦਾ ਗਿਆਨੀ ਹੀ ਦੱਸਦੇ! ਤੁਣਕੀ ਡਰਾਈਵਰ ਨੇ ਤਾਂ ਇਕ ਦਿਨ ਕਰਤਾਰ ਨੂੰ ਤਰਕ ਮਾਰ ਕੇ ਆਖ ਹੀ ਦਿੱਤਾ ਸੀ।

-"ਕਰਤਾਰ, ਤੂੰ ਤਾਂ ਬਾਧੂ ਟਰੱਕ ਡਰੈਵਰੀ ਦੇ ਟਟਬੈਰ 'ਚ ਪੈ ਗਿਆ, ਤੂੰ ਬੱਡੇ ਭਾਈ ਨਾ ਆਪ ਖਾਣਾਂ ਤੇ ਨਾਂ ਦੂਜੇ ਨੂੰ ਖਾਣ ਦੇਣਾਂ..! ਤੂੰ ਟਰੱਕ ਡਰੈਬਰੀ ਦਾ ਛੱਡ ਖਹਿੜਾ, ਤੇ ਕਿਸੇ ਗੁਰਦੁਆਰੇ ਬਹਿ ਕੇ ਰੱਬ ਰੱਬ ਕਰ..! ਤੂੰ ਡਰੈਬਰੀ ਨੂੰ ਤਾਂ ਲਾਜ ਲਾਉਣੀ ਈ ਸੀ, ਤੂੰ ਤਾਂ ਸਾਡਾ ਡਰੈਬਰ ਭਾਈਚਾਰਾ ਵੀ ਖਰਾਬ ਕਰੀ ਜਾਨੈਂ...?"
-"ਜੇ ਨਸ਼ੇ ਛੁਡਾਉਣੇ ਈ ਡਰਾਈਵਰੀ ਨੂੰ ਲਾਜ ਲਾਉਣੀਂ ਐਂ, ਤਾਂ ਛੋਟੇ ਭਾਈ ਮੈਨੂੰ ਇਸ ਲਾਜ ਲਾਉਣ 'ਤੇ ਬੜਾ ਮਾਣ ਐਂ, ਬਈ ਚਲੋ ਕਿਸੇ ਨੇ ਤਾਂ ਇਹ ਲਾਜ ਲਾਉਣ ਆਲ਼ੀ ਲੀਹ ਤੋਰੀ..?" ਕਰਤਾਰ ਨੇ ਸ਼ਰਾਰਤੀ ਤੁਣਕੀ ਨੂੰ ਪੁੱਠੀ ਪਲਟੀ ਦਿੱਤੀ। ਡਰਾਈਵਰਾਂ ਵਿਚ ਕਰਤਾਰ ਇੱਕੋ ਇਕ ਡਰਾਈਵਰ ਸੀ, ਜੋ ਕੋਈ ਨਸ਼ਾ ਪੱਤਾ ਨਹੀਂ ਕਰਦਾ ਸੀ।

31 ਅਕਤੂਬਰ ਦਾ ਦਿਨ ਸੀ। ਹਿੰਦੋਸਤਾਨ ਦੀ ਪ੍ਰਧਾਨ ਮੰਤਰੀ ਸ੍ਰੀ ਮਤੀ ਇੰਦਰਾ ਗਾਂਧੀ ਦਾ ਕਤਲ ਹੋ ਗਿਆ। ਉਸ ਨੂੰ ਕਤਲ ਕਰਨ ਵਾਲ਼ੇ ਦੋ ਸਿੱਖ ਸਨ। ਇਕ ਤਾਂ ਵਿਰੋਧੀ ਕਾਰਵਾਈ ਕਾਰਨ ਥਾਂ 'ਤੇ ਹੀ ਮਾਰਿਆ ਗਿਆ ਸੀ ਅਤੇ ਦੂਜਾ ਸਖ਼ਤ ਫ਼ੱਟੜ ਸੀ। ਇਸ ਕਾਂਡ ਕਾਰਨ ਦਿੱਲੀ, ਕਾਨਪੁਰ ਅਤੇ ਬੁਖ਼ਾਰੋ ਦੇ ਸਿੱਖਾਂ ਦੀ ਸ਼ਾਮਤ ਆ ਗਈ। ਚਾਹੇ ਦੋ ਸਿੱਖਾਂ ਦੇ ਇਸ ਕਾਰੇ ਨਾਲ਼ ਸਾਰੀ ਕੌਮ ਦੋਸ਼ੀ ਨਹੀਂ ਹੋ ਗਈ ਸੀ। ਪਰ ਕੁਝ ਕੱਟੜ ਹਿੰਦੂਆਂ ਅਤੇ ਇੰਦਰਾ ਗਾਂਧੀ ਪੱਖੀਆਂ ਨੇ ਸਿੱਖਾਂ ਨੂੰ ਘਰਾਂ 'ਚੋਂ ਬਾਹਰ ਕੱਢ ਕੱਢ ਕੇ ਉਹਨਾਂ ਦਾ ਸ਼ਰੇਆਮ ਕਤਲੇਆਮ ਕਰਨਾਂ ਸ਼ੁਰੂ ਕਰ ਦਿੱਤਾ। ਪ੍ਰਸ਼ਾਸਨ ਚੁੱਪ ਸੀ! ਪੁਲੀਸ ਤਮਾਸ਼ਬੀਨ ਬਣੀ ਹੋਈ ਸੀ। ਸਿੱਖ ਆਪਣੇ ਭਰੇ ਭਰਾਏ ਘਰ ਬਾਰ ਅਤੇ ਮਲਕੀਅਤ ਛੱਡ ਕੇ ਪ੍ਰੀਵਾਰਾਂ ਦੀ ਜਾਨ ਬਚਾਉਣ ਲਈ ਜਿੱਧਰ ਮੂੰਹ ਆਇਆ, ਬਚਾਓ ਲਈ ਭੱਜ ਤੁਰੇ...। ਜਿਹੜੇ ਮੁਕਾਬਲਾ ਕਰਨ ਦੇ ਸਮਰੱਥ ਸਨ, ਉਹਨਾਂ ਨੇ ਹਮਲਾਵਰਾਂ ਦਾ ਮੁਕਾਬਲਾ ਵੀ ਡੱਟ ਕੇ ਕੀਤਾ। ਪਰ ਇਤਨੇ ਹਜੂਮ ਸਾਹਮਣੇ 'ਕੱਲੇ-ਦੁਕੱਲੇ ਸਿੱਖ ਦਾ ਕੀ ਵੱਟਿਆ ਜਾਣਾਂ ਸੀ..? ਕੁਝ ਰਹਿਮ ਦਿਲ ਹਿੰਦੂ ਪ੍ਰੀਵਾਰਾਂ ਨੇ ਕੁਝ ਸਿੱਖਾਂ ਦੀ ਮੱਦਦ ਵੀ ਕੀਤੀ। ਜਿਸ ਬਦਲੇ ਉਹਨਾਂ ਹਿੰਦੂਆਂ ਦੇ ਵੀ ਘਰ ਘਾਟ ਅੱਗ ਦੀ ਭੇਂਟ ਕਰ ਦਿੱਤੇ ਗਏ। ਕੁਝ ਕੁ ਨੂੰ ਫ਼ੱਟੜ ਅਤੇ ਕੁਝ ਕੁ ਨੂੰ ਮਾਰਿਆ ਵੀ ਗਿਆ।

ਦਿੱਲੀ ਦੇ ਇਸ ਏਰੀਏ ਵਿਚ ਅਜੇ ਸ਼ਾਂਤੀ ਸੀ, ਜਿੱਥੇ ਕਰਤਾਰ ਦਾ ਟੱਬਰ ਵੱਸਦਾ ਸੀ। ਕਰਤਾਰ ਟਰੱਕ ਲੈ ਕੇ ਉੜੀਸਾ ਗਿਆ ਹੋਇਆ ਸੀ। ਕਿੰਨੇ ਦਿਨ ਹੋ ਗਏ ਸਨ। ਉਹ ਪਰਤਿਆ ਨਹੀਂ ਸੀ। ਉਸ ਦਾ ਸਾਰਾ ਆਂਢ ਗੁਆਂਢ ਕਰਤਾਰ ਦੇ ਪ੍ਰੀਵਾਰ ਨੂੰ ਬੜਾ ਚੰਗਾ ਸਮਝਦਾ ਸੀ। ਗੁਆਂਢੀਆਂ ਨੇ ਬਚਨ ਕੌਰ ਕੋਲ਼ ਹਿੱਕ ਥਾਪੜੀ ਸੀ ਕਿ ਉਹ ਬੇਫਿ਼ਕਰ ਰਹੇ..! ਉਹਨਾਂ ਦੇ ਹੁੰਦਿਆਂ ਕੋਈ ਬਚਨ ਕੌਰ ਜਾਂ ਉਸ ਦੇ ਪ੍ਰੀਵਾਰ ਵੱਲ ਅੱਖ ਪੱਟ ਕੇ ਨਹੀਂ ਝਾਕ ਸਕਦਾ। ਇਸ ਕਰਕੇ ਬਚਨ ਕੌਰ ਦਾ ਦਿਲ ਕੁਝ ਟਿਕਾਣੇ ਸੀ। ਦਿੱਲੀ ਵਿਚ ਮੱਚੀ ਅੱਗ ਹਰ ਰੋਜ਼ ਹੀ ਸੈਂਕੜੇ ਸਿੱਖਾਂ ਦੀ ਬਲੀ ਲੈ ਰਹੀ ਸੀ। ਨਿੱਤ ਨਵੀਆਂ ਖ਼ਬਰਾਂ ਕਾਲ਼ਜਾ ਕੱਢ ਲੈਂਦੀਆਂ ਸਨ। ਅੱਗ ਦੇ ਲਾਂਬੂ ਘਟਦੇ ਨਹੀਂ, ਦਿਨੋਂ ਦਿਨ ਵੱਧ ਰਹੇ ਸਨ। ਲਾਟਾਂ ਹੋਰ ਉਚੀਆਂ ਹੁੰਦੀਆਂ ਜਾ ਰਹੀਆਂ ਸਨ। ਹਜ਼ਾਰਾਂ ਨਿਰਦੋਸ਼ ਅਗਨ ਭੇਂਟ ਕੀਤੇ ਜਾ ਚੁੱਕੇ ਸਨ ਅਤੇ ਅਰਬਾਂ ਦੀ ਜਾਇਦਾਦ ਸਾੜ ਕੇ ਰਾਖ਼ ਕੀਤੀ ਜਾ ਚੁੱਕੀ ਸੀ।

ਐਤਵਾਰ ਦਾ ਦਿਨ ਸੀ।
ਕਰਤਾਰ ਅਜੇ ਵੀ ਵਾਪਿਸ ਨਹੀਂ ਆਇਆ ਸੀ। ਬਚਨ ਕੌਰ ਦੀ ਜਾਨ ਮੁੱਠੀ ਵਿਚ ਆਈ ਹੋਈ ਸੀ। ਉਹ ਵਾਰ ਵਾਰ ਗੁਰੂ ਨੂੰ ਧਿਆਉਂਦੀ। ਅਰਦਾਸਾਂ ਕਰਦੀ।

ਦੁਪਿਹਰ ਦੇ ਗਿਆਰਾਂ ਵੱਜੇ ਸਨ। ਰਵਿੰਦਰ ਉਪਰ ਪਾਣੀ ਵਾਲ਼ੀ ਟੈਂਕੀ ਸਾਫ਼ ਕਰ ਰਹੀ ਸੀ। ਉਸ ਦੀ ਸੋਲ਼ਾਂ ਕੁ ਸਾਲ ਦੀ ਛੋਟੀ ਭੈਣ ਮਿੰਦਰ ਹੇਠਾਂ ਸਬਜ਼ੀ ਕੱਟ ਰਹੀ ਸੀ। ਰਵਿੰਦਰ ਦਾ ਇਕ ਭਰਾ ਕੇਸੀ ਨਹਾ ਕੇ ਹਟਿਆ ਸੀ ਅਤੇ ਦੂਜੇ ਦੋ ਭਰਾ ਪੜ੍ਹ ਰਹੇ ਸਨ।
ਅਚਾਨਕ ਭੜ੍ਹਕੀ ਭੀੜ੍ਹ ਨੇ ਬਚਨ ਕੌਰ ਦੇ ਘਰ 'ਤੇ ਹੱਲਾ ਬੋਲ ਦਿੱਤਾ। ਲੋਹੇ ਦਾ ਗੇਟ ਤੋੜ ਕੇ ਹਜੂਮ ਅੰਦਰ ਆ ਵੜਿਆ ਅਤੇ ਉਸ ਦੇ ਵੱਡੇ ਭਰਾ ਨੂੰ ਚੁੱਕ ਕੇ ਉਸ ਦੇ ਲੰਮੇ ਕੇਸ ਬਿਜਲੀ ਦੀਆਂ ਨੰਗੀਆਂ ਤਾਰਾਂ ਨਾਲ਼ ਬੰਨ੍ਹ ਦਿੱਤੇ ਅਤੇ ਬਟਨ ਦੱਬ ਦਿੱਤਾ। ਜਿੱਥੇ ਉਹ ਚਾਰ ਸੌ ਚਾਲ਼ੀ ਵੋਲਟ ਦੀ ਬਿਜਲੀ ਦੇ ਕਰੰਟ ਨਾਲ਼ ਕੁਝ ਪਲਾਂ ਅੰਦਰ ਹੀ ਤੜਫ਼ ਕੇ ਮਰ ਗਿਆ। ਬਚਨ ਕੌਰ ਨੇੜਲੇ ਗੁਰਦੁਆਰੇ ਗਈ ਹੋਈ ਸੀ। ਜਦੋਂ ਰਵਿੰਦਰ ਦੇ ਵੱਡਿਓਂ ਛੋਟੇ ਭਰਾ ਨੂੰ ਹਮਲਾਵਰਾਂ ਨੇ ਬਾਹਰ ਕੱਢਿਆ ਤਾਂ ਕੁਦਰਤ ਰੱਬ ਦੀ ਬਚਨ ਕੌਰ ਗੁਰਦੁਆਰੇ ਤੋਂ ਵਾਪਿਸ ਆ ਰਹੀ ਸੀ। ਜਦੋਂ ਉਸ ਨੇ ਹਜੂਮ ਆਪਣੇ ਘਰ ਦੇ ਸਾਹਮਣੇ ਖੜ੍ਹਾ ਦੇਖਿਆ ਤਾਂ ਉਸ ਦੀਆਂ ਖਾਨਿਓਂ ਗੁਆਚ ਗਈਆਂ। ਉਹ ਸਿਰ ਤੋੜ ਹਮਲਾਵਰਾਂ ਦੀ ਭੀੜ੍ਹ ਨੂੰ ਚੀਰਦੀ ਆਪਣੇ ਪੁੱਤ ਉਪਰ ਜਾ ਡਿੱਗੀ। ਉਸ ਨੇ ਗੁਆਂਢੀਆਂ ਨੂੰ 'ਬਚਾਓ-ਬਚਾਓ' ਦੇ ਵਸਤੇ ਪਾਏ। ਪਰ ਹਜੂਮ ਦਾ ਪਲੜਾ ਭਾਰੀ ਦੇਖ ਕੇ ਸਾਰੇ ਦੜ ਵੱਟ ਗਏ ਸਨ। ਕਿਸੇ ਦੀ ਬਲ਼ਦੀ ਵਿਚ ਕੌਣ ਹੱਥ ਪਾਉਂਦੈ..?

ਪੁੱਤ ਦੇ ਉਪਰ ਢਾਲ ਬਣ ਕੇ ਡਿੱਗੀ ਬਚਨ ਕੌਰ ਦੁਹਾਈਆਂ ਦਿੰਦੀ, ਉਹਨਾਂ ਦੇ ਵਾਸਤੇ ਪਾਉਂਦੀ ਰਹੀ। ਪਰ ਸੁਣਨੀ ਕਿਸ ਨੇ ਸੀ...? ਉਪਰ ਟੈਂਕੀ ਸਾਫ਼ ਕਰਦੀ ਰਵਿੰਦਰ ਦੀਆਂ ਅੱਖਾਂ ਮੂਹਰੇ ਭੂਚਾਲ਼ ਆਇਆ ਹੋਇਆ ਸੀ। ਉਹ ਭੀੜ੍ਹ ਤੋਂ ਡਰੀ ਟੈਂਕੀ ਵਿਚ ਹੀ ਦੜ ਗਈ ਸੀ। ਟੈਂਕੀ ਵਿਚਲੀ ਮੋਰੀ ਵਿਚੋਂ ਉਸ ਨੂੰ ਉਸ ਦਾ ਸਾਰਾ ਘਰ ਨਜ਼ਰ ਆ ਰਿਹਾ ਸੀ। ਰਵਿੰਦਰ ਦੀਆਂ ਅੱਖਾਂ ਆਪਣੀ ਨਿੱਕੀ ਭੈਣ ਮਿੰਦਰ ਨੂੰ ਲੱਭ ਰਹੀਆਂ ਸਨ। ਪਰ ਮਿੰਦਰ ਵੀ ਦੁਸ਼ਟਾਂ ਤੋਂ ਡਰ ਕੇ ਕੱਪੜਿਆਂ ਵਾਲ਼ੀ ਪੇਟੀ ਵਿਚ ਛੁਪ ਗਈ ਸੀ।

ਮਾਂ ਦੇ ਵੈਣ, ਕੀਰਨੇ ਅਤੇ ਤਰਲੇ ਪਾਉਣ ਦੇ ਬਾਵਜੂਦ ਵੀ ਉਸ ਦੇ ਪੁੱਤ ਨੂੰ ਕਿਸੇ ਨੇ ਨਾਂ ਬਖ਼ਸਿ਼ਆ। ਉਹਨਾਂ ਨੇ ਬਚਨ ਕੌਰ ਨੂੰ ਚੁੱਕ ਕੇ ਇੱਟ ਵਾਂਗ ਇਕ ਪਾਸੇ ਮਾਰਿਆ ਅਤੇ ਮੁੰਡੇ ਦੇ ਸਿਰ ਵਿਚ ਲੋਹੇ ਦੀ ਲੱਠ ਮਾਰ ਕੇ ਬੇਸੁਰਤ ਕਰ ਦਿੱਤਾ ਅਤੇ ਗਲ਼ ਵਿਚ ਟਾਇਰ ਪਾ ਕੇ ਅੱਗ ਲਾ ਦਿੱਤੀ...! ਮਾਂ ਦਾ ਛੋਟਾ ਅਤੇ ਸੁੱਖੀ ਲੱਧਾ ਲਾਡਲਾ ਪੁੱਤ ਅੱਗ ਲੱਗਣ ਕਾਰਨ ਤੜਫ਼ ਉਠਿਆ ਅਤੇ ਉਸ ਨੇ ਲਾਟਾਂ ਵਿਚ ਭੁੱਜਦੇ ਨੇ ਪੀੜ ਨਾਲ਼ ਟੱਪਣਾਂ ਸ਼ੁਰੂ ਕਰ ਦਿੱਤਾ। ਭੀੜ੍ਹ ਹੱਸ ਰਹੀ ਸੀ। ਖ਼ੂਨੋਂ ਖ਼ੂਨ ਹੋਏ ਜ਼ਖ਼ਮੀ ਦਿਲ 'ਤੇ ਚੋਭਾਂ ਮਾਰ ਰਹੀ ਸੀ, "ਦੇਖੋ, ਸਰਦਾਰ ਨਾਚ ਕਰ ਰਹਾ ਹੈ...!" ਲਾਡਲੇ ਅਤੇ ਸਧਰਾਂ ਨਾਲ਼ ਪਾਲ਼ੇ ਪੁੱਤ ਦੀ ਇਹ ਹਾਲਤ ਦੇਖ ਕੇ ਮਾਂ ਬੇਹੋਸ਼ ਹੋ ਕੇ ਸਪਾਲ਼ ਡਿੱਗ ਪਈ। ਰਵਿੰਦਰ ਅਜੇ ਵੀ ਸਹਿਮੀ ਟੈਂਕੀ ਵਿਚ ਹੀ ਬੈਠੀ ਸੀ। ਅੱਡੀਆਂ ਹੋਈਆਂ ਅੱਖਾਂ ਨਾਲ ਸਾਰਾ ਤਾਂਡਵ ਨਾਚ ਦੇਖਦੀ! ਉਹ ਚਾਹੁੰਦੀ ਹੋਈ ਵੀ ਕਿਸੇ ਦੀ ਮੱਦਦ ਨਹੀਂ ਕਰ ਸਕੀ ਸੀ। ਉਸ ਦੇ ਦਿਲ ਵਿਚ ਇਹ ਹੀ ਡਰ ਸੀ ਕਿ ਮੇਰਾ ਪ੍ਰੀਵਾਰ ਤਾਂ ਦੁਸ਼ਟਾਂ ਨੇ ਖਪਾ ਦਿੱਤਾ, ਮੇਰੀ ਪਤਾ ਨਹੀਂ ਕੀ ਭੈੜ੍ਹੀ ਹਾਲਤ ਕਰਨਗੇ...? ਡਰ ਆਦਮੀ ਨੂੰ ਬੁੱਲ੍ਹ ਸੀਣ ਅਤੇ ਲਹੂ ਦੀ ਘੁੱਟ ਪੀ ਕੇ ਚੁੱਪ ਚਾਪ ਜਿਉਣ ਲਈ ਮਜਬੂਰ ਕਰ ਦਿੰਦਾ ਹੈ! ਕਿਸੇ ਦੁਰਗਤੀ ਦੇ ਡਰ ਨੇ ਰਵਿੰਦਰ ਨੂੰ ਟੈਂਕੀ ਵਿਚੋਂ ਹਿੱਲਣ ਨਾ ਦਿੱਤਾ। ਉਹ ਪੱਥਰ ਬਣੀ ਸਾਰਾ ਕੁਝ ਮੋਰੀ ਵਿਚੋਂ ਦੇਖਦੀ ਰਹੀ ਸੀ। ਤੀਜੇ ਭਰਾ ਦੀ ਵੀ ੲਹਿੀ ਦੁਰਦਸ਼ਾ ਕੀਤੀ ਗਈ। ਉਸ ਉਪਰ ਮਿੱਟੀ ਦਾ ਤੇਲ ਸੁੱਟ ਕੇ ਅੱਗ ਲਾ ਦਿੱਤੀ ਗਈ ਅਤੇ "ਸਰਦਾਰ ਭੰਗੜਾ ਕਰ ਰਹਾ ਹੈ" ਦੀਆਂ ਅਵਾਜ਼ਾਂ ਹਾਸੇ ਵਿਚ ਫਿਰ ਉਚੀਆਂ ਉਠੀਆਂ!

ਤਿੰਨੇ ਭਰਾਵਾਂ ਦੀ ਬਲੀ ਲੈਣ ਤੋਂ ਬਾਅਦ ਹੁਣ ਵਾਰੀ ਆਈ ਲੁੱਟ ਖ਼ਸੁੱਟ ਦੀ! ਭੜ੍ਹਕੀ ਭੀੜ੍ਹ ਬਾਂਦਰਾਂ ਵਾਂਗ ਅੰਦਰ ਵੜ ਘਰ ਨੂੰ ਲੁੱਟਣ ਲੱਗ ਪਈ। ਜਿਸ ਦੇ ਜੋ ਹੱਥ ਆਇਆ, ਪਤਾ ਨਹੀਂ ਕਿੱਧਰ ਨੂੰ ਲਿਜਾਇਆ ਜਾ ਰਿਹਾ ਸੀ? ਅਖੀਰ ਉਹਨਾਂ ਨੇ ਉਹ ਪੇਟੀ ਜਾ ਖੋਲ੍ਹੀ, ਜਿਸ ਵਿਚ ਮਿੰਦਰ ਛੁਪੀ ਹੋਈ ਸੀ। ਦੇਖ ਕੇ ਭੀੜ੍ਹ ਦੰਗ ਰਹਿ ਗਈ।

-"ਅਰੇ ਬਹਿਨ ਚੋ, ਅਸਲ ਮਾਲ ਤੋ ਇਧਰ ਛੁਪਾ ਹੂਆ ਹੈ...!" ਇਕ ਕਰੂਪ ਜਿਹੀ ਸ਼ਕਲ ਵਾਲ਼ੇ ਨੇ ਬਰਾਛਾਂ ਖਿਲਾਰ ਕੇ ਆਖਿਆ।
ਭੀੜ੍ਹ ਮਿੰਦਰ 'ਤੇ ਟੁੱਟ ਪਈ...! ਮਿੰਦਰ ਦੀਆਂ ਚੀਕਾਂ ਭੀੜ੍ਹ ਦੇ ਹਾਸੇ ਵਿਚ ਮਰ ਮੁੱਕ ਰਹੀਆਂ ਸਨ। ਪਤਾ ਨਹੀਂ ਕਿੰਨਿਆਂ ਦੁਸ਼ਟਾਂ ਨੇ ਬੇਰਹਿਮੀ ਨਾਲ਼ ਮਿੰਦਰ ਨਾਲ਼ ਬਲਾਤਕਾਰ ਕੀਤਾ! ਦੋ ਘੰਟੇ ਭੀੜ੍ਹ ਮਿੰਦਰ ਨੂੰ ਨੋਚਦੀ, ਬੁਰਕੀਏਂ ਖਾਂਦੀ ਰਹੀ। ਬਾਲ ਵਰੇਸ ਮਿੰਦਰ ਪੀੜ ਨਾ ਜਰਦੀ ਬੇਹੋਸ਼ ਹੋ ਗਈ ਸੀ। ਜਦ ਸਾਰੇ ਆਪਣੇ ਮੰਦੇ ਕਾਰਜ ਤੋਂ ਵਿਹਲੇ ਹੋਏ, ਤਾਂ ਇਕ ਨੇ ਵਿਹੜੇ ਵਿਚ ਪਈ ਕੋਕਾ ਕੋਲਾ ਦੀ ਖਾਲੀ ਬੋਤਲ ਚੁੱਕੀ ਅਤੇ ਮੂੰਹ ਵਾਲ਼ੇ ਪਾਸਿਓਂ ਮਿੰਦਰ ਦੇ ਲਹੂ ਲੁਹਾਣ ਹੋਏ ਗੁਪਤ ਅੰਗ ਵਿਚ ਦੇ ਕੇ, ਉਸ ਨੂੰ ਅੱਡੀ ਦੇ ਪੂਰੇ ਜੋਰ ਨਾਲ਼ ਮਿੰਦਰ ਦੇ ਅੰਦਰ ਧੱਕ ਦਿੱਤਾ। ਅਥਾਹ ਦਰਦ ਨਾਲ਼ ਮਿੰਦਰ ਨੇ ਆਖਰੀ ਬਲ ਇਕੱਤਰ ਕਰ ਕੇ ਇਕ ਚੀਕ ਮਾਰੀ ਅਤੇ ਫਿਰ ਉਸ ਨੇ ਸਦੀਵੀ ਚੁੱਪ ਧਾਰ ਲਈ...! ਕੱਟੀਦੇ ਬੱਕਰੇ ਵਾਂਗ..! ਅੰਦਰ ਮਿੰਦਰ ਦੀ ਅਤੇ ਬਾਹਰ ਤਿੰਨ ਭਰਾਵਾਂ ਦੀਆਂ ਲਾਸ਼ਾਂ ਸਮਾਜ ਦੇ ਚਿਹਰੇ 'ਤੇ ਕਲੰਕ ਬਣੀਆਂ ਪਈਆਂ ਲੋਕਤੰਤਰ ਦਾ ਮੂੰਹ ਚਿੜਾ ਰਹੀਆਂ ਸਨ। ਪ੍ਰਸ਼ਾਸਨ 'ਤੇ ਇਕ ਗ੍ਰਹਿਣ..! ਰਵਿੰਦਰ ਗੂੰਗੀ-ਬੋਲ਼ੀ ਹੀ ਤਾਂ ਹੋ ਗਈ ਸੀ। ਉਸ ਨੂੰ ਜਿਵੇਂ ਸੁਣਨਾਂ ਬੰਦ ਹੋ ਗਿਆ ਸੀ। ਜੁਬਾਨ ਤਾਲੂਏ ਲੱਗ ਗਈ ਸੀ। ਅੱਖਾਂ ਅੱਗੇ ਹਨ੍ਹੇਰ ਛਾ ਗਿਆ ਸੀ! ਇਸ ਜੱਗੋਂ ਤੇਹਰਵੀਂ ਨੇ ਉਸ ਨੂੰ ਬੌਰੀ ਕਰ ਸੁੱਟਿਆ ਸੀ!

ਜਦੋਂ ਉਸ ਦੀ ਮਾਂ ਬਚਨ ਕੌਰ ਨੂੰ ਹੋਸ਼ ਆਈ ਤਾਂ ਉਸ ਨੇ ਕਮਲਿ਼ਆਂ ਵਾਂਗ ਅੱਗੇ ਪਿੱਛੇ ਦੇਖਿਆ ਅਤੇ ਸਿਰ ਤੋੜ ਦੌੜ ਪਈ। ਵੱਡੇ ਪੁੱਤ ਦੀ ਲਾਸ਼ ਖੰਭੇ ਦੀਆਂ ਤਾਰਾਂ ਵਿਚ ਫ਼ਸੀ ਪਈ ਸੀ। ਕਿਸੇ ਕਾਂ ਦੀ ਤਰ੍ਹਾਂ...! ਵਿਚਕਾਰਲੇ ਅਤੇ ਛੋਟੇ ਸੁੱਖੀ ਲੱਧੇ ਪੁੱਤਰ ਦੀ ਲਾਸ਼ ਪਛਾਣੀ ਤੱਕ ਨਹੀਂ ਜਾ ਰਹੀ ਸੀ। ਉਹ ਸੜ-ਬਲ਼ ਕੇ ਇਕ ਗੰਢ ਜਿਹੀ ਹੀ ਬਣ ਕੇ ਰਹਿ ਗਏ ਸਨ। ਸਧਰਾਂ ਨਾਲ਼ ਪਾਲ਼ੇ ਪੁੱਤਾਂ ਦੀਆਂ ਲਾਸ਼ਾਂ ਦੀ ਬੁਰੀ ਹਾਲਤ ਦੇਖੀ ਤਾਂ ਮਾਂ ਨੇ ਅਸਮਾਨ ਵੱਲ ਦੇਖਿਆ ਅਤੇ ਫਿਰ ਛਾਤੀ 'ਤੇ ਦੁਹੱਥੜ ਮਾਰ ਕੇ ਕੀਰਨਾ ਪਾਇਆ, "ਵੇ ਮੈਂ ਤੇਰੇ ਹੁੰਦੇ ਲੁੱਟੀ ਗਈ ਵੇ ਮੇਰਿਆ ਡਾਢਿਆ ਰੱਬਾ...! ਵੇ ਇਹਨਾਂ ਨੇ ਤਾਂ ਜੱਗ ਦਾ ਵੀ ਅਜੇ ਕੁਛ ਨ੍ਹੀ ਸੀ ਦੇਖਿਆ ਵੇ ਨਿਰਦਈਆ ਰੱਬਾ...! ਵੇ ਮੇਰੇ ਪੁੱਤਾਂ ਨੇ ਤਾਂ ਕਦੇ ਕੀੜੀ 'ਤੇ ਵੀ ਪੈਰ ਨਹੀਂ ਸੀ ਧਰਿਆ ਵੇ ਮੇਰਿਆ ਬੇਰਹਿਮਿਆਂ ਰੱਬਾ...! ਵੇ ਤੂੰ ਸਾਥੋਂ ਕਿਹੜੇ ਜੁੱਗ ਦਾ ਬਦਲਾ ਲੈ ਲਿਆ ਵੇ ਮੇਰਿਆ ਦੁਸ਼ਮਣਾਂ ਰੱਬਾ...! ਵੇ ਐਦੂੰ ਤਾਂ ਮੈਨੂੰ ਪੁੱਤ ਨਾ ਈ ਦਿੰਦਾ ਵੇ ਡਾਢਿਆ ਰੱਬਾ..! ਵੇ ਤੈਨੂੰ ਮੇਰੇ 'ਤੇ ਜਰਾ ਵੀ ਤਰਸ ਨਾ ਆਇਆ ਵੇ ਸੁੱਤਿਆ ਰੱਬਾ...!" ਤੇ ਉਸ ਨੇ ਆਖਰੀ ਵਾਰ ਆਪਣੀ ਅਤੰਤ ਛਾਤੀ ਪਿੱਟੀ ਅਤੇ ਮਾਂ 'ਫ਼ੜਾਕ' ਕਰਦੀ ਧਰਤੀ 'ਤੇ ਵਿਛ ਗਈ ਅਤੇ ਮੁੜ ਕਦੇ ਨਾ ਉਠੀ...!

....ਰਫ਼ੀਕਾ ਦੀ ਹਿਰਦੇਵੇਧਕ, ਪਰ ਸੱਚੀ ਹੱਡ ਬੀਤੀ ਸੁਣ ਕੇ ਸੀਤਲ ਦੇ ਹੰਝੂ 'ਪਰਲ਼-ਪਰਲ਼' ਉਸਦੀ ਛਾਤੀ 'ਤੇ ਡਿੱਗੀ ਜਾ ਰਹੇ ਸਨ। ਰਫ਼ੀਕਾ ਵੀ ਰੋ ਰਹੀ ਸੀ। ਕਾਫ਼ੀ ਦੇਰ ਬਾਅਦ ਅੱਜ ਉਸ ਨੇ ਕਿਸੇ ਨਾਲ਼ ਦਿਲ ਦਾ ਦੁਖੜਾ ਸਾਂਝਾ ਕੀਤਾ ਸੀ। ਹਿਰਦੇ ਦੇ ਨਾਸੂਰਾਂ ਵਕਤ ਨਾਲ਼ ਆਠਰ ਗਏ ਸਨ। ਪਰ ਅੱਜ ਸੀਤਲ ਨੂੰ ਨੰਗਾ ਸੱਚ ਦੱਸ ਕੇ ਫਿਰ ਰਿਸਣ ਲੱਗ ਪਏ ਸਨ।
-"ਫਿਰ ਬਾਪੂ ਜੀ ਵੀ ਨਹੀਂ ਘਰ ਆਏ..?" ਸੀਤਲ ਉਸ ਦੇ ਦੁੱਖ ਵਿਚ ਪਾਣੀਓਂ ਪਾਣੀ ਹੋਈ ਬੈਠੀ ਸੀ।
-"ਤੁਰ ਗਏ ਕਿਤੇ ਮੁੜੇ ਐ ਸੀਤਲ...? ਜੇ ਉਹ ਜਿਉਂਦੇ ਹੁੰਦੇ, ਕਿਤੇ ਹੁਣ ਤੱਕ ਉਹਨਾਂ ਦਾ ਪਤਾ ਨਾ ਚੱਲਦਾ..?" ਉਸ ਨੇ ਧੁਖ਼ਦੇ ਦਿਲ 'ਚੋਂ ਬਲ਼ਦਾ ਹਾਉਕਾ ਲਿਆ।
-"ਫੇਰ ਤੂੰ ਇੰਗਲੈਂਡ ਕਿਵੇਂ ਪਹੁੰਚੀ...?"
-"ਇਕ ਰਿਸ਼ਤੇਦਾਰ ਦੇ ਮਨ ਮਿਹਰ ਪਈ ਜਾਂ ਖੋਟ ਆਈ, ਰੱਬ ਜਾਣੇ..! ਉਹ ਟਰੱਪਲ਼ ਮਾਰ ਕੇ ਮੈਨੂੰ ਇੰਗਲੈਂਡ ਲੈ ਆਇਆ, ਅਖੇ ਮੈਂ ਆਪੇ ਤੇਰੀ ਸ਼ਾਦੀ ਕਰੂੰ..! ਪਰ ਕਰਨੀ ਕੀਹਨੇ ਸੀ...? ਮੈਨੂੰ ਇਕ ਕੱਪੜੇ ਸਿਉਣ ਵਾਲ਼ੀ ਫ਼ੈਕਟਰੀ 'ਚ ਕੰਮ 'ਤੇ ਲੁਆ ਦਿੱਤਾ..! ਫ਼ੈਕਟਰੀ ਕਿਸੇ ਦੇਸੀ ਬੰਦੇ ਦੀ ਹੀ ਸੀ, ਮੇਰਾ ਰਿਸ਼ਤੇਦਾਰ ਮੇਰੀ ਕਮਾਈ ਸਾਰੀ ਫੜ ਲੈਂਦਾ..! ਦਿਨ ਟੱਪਦਿਆਂ ਨੂੰ ਕੀ ਲੱਗਦੈ..? ਦਿਨ ਤੋੜਦੀ ਰਹੀ, ਤੇ ਉਦੋਂ ਨੂੰ ਮੇਰਾ ਵੀਜ਼ਾ ਲੰਘ ਗਿਆ..! ਮੈਂ ਬਿਨਾ ਵੀਜ਼ੇ ਤੋਂ ਕੰਮ ਕਰਦੀ ਰਹੀ...! ਮੇਰੇ ਸਿਰ ਤੋਂ ਪਾਣੀ ਤਾਂ ਉਦੋਂ ਲੰਘਿਆ, ਜਦੋਂ ਉਸ ਦੇ ਘਰਵਾਲ਼ੀ ਆਬਦੀ ਮਾਂ ਮਰੀ ਤੋਂ ਦੋ ਕੁ ਮਹੀਨੇ ਲਈ ਇੰਡੀਆ ਚਲੀ ਗਈ, ਤੇ ਉਹਨੇ ਮੈਨੂੰ ਸਤੀ ਸਵਿਤਰੀ ਨੂੰ ਜ਼ਬਰਦਸਤੀ ਆਬਦੀ ਘਰਵਾਲ਼ੀ ਦੀ ਥਾਂ ਵਰਤਣਾਂ ਸ਼ੁਰੂ ਕਰ ਦਿੱਤਾ...!" ਤੇ ਰਫ਼ੀਕਾ ਦਾ ਫਿਰ ਰੋਣ ਨਿਕਲ਼ ਗਿਆ।

-"ਨਾਲ਼ੇ ਕਹਿੰਨੀ ਐਂ ਬਈ ਤੇਰਾ ਉਹ ਰਿਸ਼ਤੇਦਾਰ ਸੀ...?" ਗੱਲ ਸੀਤਲ ਦੇ ਹਲ਼ਕ ਵਿਚ ਦੀ ਥੱਲੇ ਨਾ ਉਤਰੀ।
-"ਬਹੁਤ ਦੂਰ ਦਾ ਰਿਸ਼ਤੇਦਾਰ ਸੀ, ਸਾਡੇ ਘਰਦਿਆਂ ਨਾਲ਼ ਦੂਰੋਂ ਕੋਈ ਅਟੀ ਸਟੀ ਰਲ਼ਦੀ ਸੀ..! ਉਹ ਦਾਰੂ ਪੀ ਕੇ ਮੈਨੂੰ ਹਰ ਰੋਜ ਈ ਮਧੋਲ਼ਦਾ, ਸਾਰੀ ਸਾਰੀ ਰਾਤ..! ਜਦੋਂ ਮੈਂ ਇਕ ਦਿਨ ਉਸ ਦੀ ਘਰਵਾਲ਼ੀ ਨੂੰ ਦੱਸਣ ਬਾਰੇ ਆਖਿਆ, ਤਾਂ ਉਹਨੇ ਪੀ ਕੇ ਰਾਤ ਨੂੰ ਮੈਨੂੰ ਘਰੋਂ ਕੱਢ ਦਿੱਤਾ, ਤੇ ਮੈਂ ਸੜਕਾਂ 'ਤੇ ਧੱਕੇ ਖਾਂਦੀ ਬੁੱਢੇ ਖ਼ਾਲਿਦ ਦੇ ਢਹੇ ਚੜ੍ਹਗੀ...! ਦੇਖ ਸੀਤਲ, ਬੰਦਾ ਵਿਸ਼ਵਾਸ ਕਰੇ ਤਾਂ ਕਿਸ 'ਤੇ ਕਰੇ..? ਧਰਤੀ ਵਿਸ਼ਵਾਸ ਆਸਰੇ ਖੜ੍ਹੀ ਐ..! ਜਦੋਂ ਆਪਾਂ ਜਹਾਜ 'ਤੇ ਚੜ੍ਹਦੇ ਆਂ, ਆਪਾਂ ਕਦੇ ਪਾਇਲਟ ਨੂੰ ਪੁੱਛਿਐ ਬਈ ਤੈਨੂੰ ਜਹਾਜ ਚਲਾਉਣਾ ਆਉਂਦੈ ਕਿ ਨਹੀਂ...? ਆਪਾਂ ਬੱਸ ਵਿਚ ਚੜ੍ਹਦੇ ਆਂ, ਕਦੇ ਡਰਾਈਵਰ ਨੂੰ ਪੁੱਛਿਐ ਬਈ ਤੂੰ ਅਣਜਾਣ ਡਰਾਈਵਰ ਤਾਂ ਨਹੀਂ...? ਅਸੀਂ ਉਹਨਾਂ 'ਤੇ ਇਤਬਾਰ ਕਰਕੇ ਬੈਠ ਜਾਂਦੇ ਹਾਂ, ਪਰ ਹਾਦਸੇ ਫਿਰ ਵੀ ਹੋ ਜਾਂਦੇ ਨੇ, ਬੰਦੇ ਮਰਦੇ ਨੇ, ਕੁਛ ਉਮਰ ਭਰ ਲਈ ਫ਼ੱਟੜ ਹੋ ਕੇ ਮੰਜੇ ਜੋਕਰੇ ਹੀ ਰਹਿ ਜਾਂਦੇ ਨੇ...?"
-"...........!"
-"ਮੈਨੂੰ ਟਿਊਬ ਸਟੇਸ਼ਨ 'ਤੇ ਖੜ੍ਹੀ ਨੂੰ ਉਹ ਬੁੱਢਾ ਖ਼ਾਲਿਦ ਆਪਦੇ ਕਿਸੇ ਟਿਕਾਣੇ 'ਤੇ ਲੈ ਗਿਆ, ਇਹਦੇ ਕੋਲ਼ ਚੋਟੀ ਦੀ ਕਾਰ...! ਤੇ ਇਹਦਾ ਪਹਿਰਾਵਾ ਤੇ ਬੋਲ ਚਾਲ ਦੇਖ ਕੇ ਮੈਂ ਸੋਚਿਆ ਬਈ ਕੋਈ ਚੰਗਾ ਸਾਊ ਤੇ ਅਮੀਰ ਬੰਦਾ ਲੱਗਦੈ..! ਉਸ ਨੇ ਮੈਨੂੰ ਦੱਸਿਆ ਕਿ ਉਹ ਕਿਸੇ ਏਅਰਲਾਈਨ ਦਾ ਹਿੱਸੇਦਾਰ ਐ, ਤੇ ਮੈਨੂੰ ਏਅਰ ਹੋਸਟਸ ਦੀ ਨੌਕਰੀ ਲੁਆ ਦੇਵੇਗਾ..! ਮੈਂ ਉਸ ਮਿੱਠ ਬੋਲੜੇ, ਪਰ ਬੇਈਮਾਨ ਬੁੱਢੇ 'ਤੇ ਵਿਸ਼ਵਾਸ ਕਰਕੇ ਉਹਦੇ ਨਾਲ਼ ਚਲੀ ਗਈ..! ਕੁਛ ਦਿਨ ਉਹਨੇ ਮੈਨੂੰ ਆਪਣੇ ਕੋਲ਼ ਰੱਖਿਆ, ਚੰਗੀ ਸੇਵਾ ਕੀਤੀ, ਪੱਲਿਓਂ ਪੈਸੇ ਦਿੱਤੇ..! ਪਰ ਦੋ ਕੁ ਹਫ਼ਤੇ ਬਾਅਦ ਮੈਨੂੰ ਜਾਅਲੀ ਕਾਗਜ਼ ਦਿਖਾ ਕੇ, ਟਰੇਨਿੰਗ ਦੇਣ ਦਾ ਲਾਰਾ ਲਾ ਕੇ ਪਾਕਿਸਤਾਨ ਲੈ ਆਇਆ, ਤੇ ਮੈਨੂੰ ਐਥੇ ਲਿਆ ਸੁੱਟਿਆ...! ਉਦੋਂ ਤੋਂ ਲੈ ਕੇ ਹੁਣ ਤੱਕ...!" ਰਫ਼ੀਕਾ ਰੋਣ ਲੱਗ ਪਈ।

-".........।" ਸੀਤਲ ਉਸ ਦੇ ਦੁੱਖ ਵਿਚ ਪਸੀਜੀ ਬੈਠੀ ਸੀ। ਉਸ ਨੇ ਉਠ ਕੇ ਰਫ਼ੀਕਾ ਦੇ ਮੋਢੇ 'ਤੇ ਹੱਥ ਰੱਖਿਆ। ਪਰ ਰਫ਼ੀਕਾ ਡਰ ਗਈ।
-"ਐਥੇ ਕਿਸੇ ਨਾਲ਼ ਹਮਦਰਦੀ ਜਿਤਾਉਣਾਂ ਘੋਰ ਗੁਨਾਂਹ ਤੇ ਅਪਰਾਧ ਐ ਸੀਤਲ...! ਮੁੜ ਕੇ ਕਿਸੇ ਨੂੰ ਧਰਵਾਸ ਜਾਂ ਹੌਸਲਾ ਦੇਣ ਦੀ ਕੋਸਿ਼ਸ਼ ਨਾ ਕਰੀਂ..! ਇਹਨਾਂ ਦੁਸ਼ਟਾਂ ਨੂੰ ਜੇ ਪਤਾ ਲੱਗ ਗਿਆ, ਆਪਣੇ ਰਸਤੇ ਵੱਖਰੇ ਕਰ ਦੇਣਗੇ...!" ਰਫ਼ੀਕਾ ਨੇ ਉਸ ਨੂੰ ਚੁਕੰਨੀ ਕੀਤਾ।
-"ਤੇ ਤੂੰ ਇਸਲਾਮ ਧਰਮ ਕਿਉਂ ਅਪਨਾਇਆ..?"
-"ਇਹ ਵੀ ਇਕ ਮਜਬੂਰੀ ਸੀ ਸੀਤਲ..! ਆਹ ਜਿਹੜੇ ਐਥੇ ਗਾਹਕ ਆਉਂਦੇ ਐ, ਸਾਰੇ ਬੜੇ ਅਮੀਰ ਘਰਾਣਿਆਂ ਨਾਲ਼ ਸਬੰਧ ਰੱਖਦੇ ਐ..! ਇਹਨਾਂ 'ਚੋਂ ਕਈ ਐਨੇ ਕੱਟੜ ਐ ਕਿ ਕਿਸੇ ਗ਼ੈਰ ਧਰਮ ਦੀ ਕੁੜੀ ਨਾਲ਼ ਹਮਬਿਸਤਰ ਨਹੀਂ ਹੋਣਾਂ ਚਾਹੁੰਦੇ, ਇਸ ਲਈ ਇਹ ਜ਼ਾਲਮ ਖ਼ਾਂ ਵਰਗੇ ਮੱਲੋਮੱਲੀ ਥੋਨੂੰ ਧਰਮ ਬਦਲੀ ਕਰਨ ਲਈ ਜੋਰ ਪਾਉਂਦੇ ਐ, ਤੇ ਕਾਮਯਾਬ ਵੀ ਹੁੰਦੇ ਐ..! ਐਥੇ ਕਿਹੜਾ ਕੋਈ ਜੋਰ ਐ ਸੀਤਲ..? ਨਾਲ਼ੇ ਹੁਣ ਆਪਣਾਂ ਧਰਮ ਰਹਿ ਵੀ ਕਿਹੜਾ ਗਿਆ..? ਕੰਜਰੀ ਤੇ ਦੱਲੇ ਦਾ ਤਾਂ ਕੋਈ ਵੀ ਧਰਮ ਨਹੀਂ ਹੁੰਦਾ..! ਕੰਜਰੀ ਦਾ ਤਾਂ ਇਕ ਹੀ ਕਿੱਤਾ ਹੁੰਦੈ, ਤੇ ਉਹ ਹੈ ਕਾਮ ਵਾਸ਼ਨਾਂ ਵਿਚ ਅੰਨ੍ਹੇ ਹੋਏ ਬੁੱਚੜਾਂ ਨੂੰ ਖ਼ੁਸ਼ ਤੇ ਸੰਤੁਸ਼ਟ ਕਰ ਕੇ ਤੋਰਨਾਂ..! ਕੁਛ ਚਿਰ ਤਾਂ ਮੈਂ ਵੀ ਬਾਹਰ ਨਿਕਲ਼ਣ ਲਈ ਹੱਥ ਪੈਰ ਮਾਰੇ..! ਪਰ ਭੈਣ ਮੇਰੀਏ..! ਫੇਰ ਬੇਵੱਸ ਹੋ ਕੇ ਹਾਲਾਤਾਂ ਨਾਲ਼ ਸਮਝੌਤਾ ਕਰ ਲਿਆ..! ਤੇ ਉਦੋਂ ਤੋਂ ਲੈ ਕੇ ਹੁਣ ਤੱਕ ਜਿ਼ੰਦਗੀ ਨਾਲ਼ ਲੜਦੀ ਭਿੜ੍ਹਦੀ ਆਉਨੀਂ ਐਂ..! ਤੇਰੇ ਸਾਹਮਣੇ ਈ ਐ, ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਈ ਕੋਈ ਨ੍ਹੀ...!" ਆਖ ਕੇ ਰਫ਼ੀਕਾ ਰੂਹ ਪੱਖੋਂ ਸੁਖ਼ਾਲੀ ਹੋ ਗਈ।

-"ਆਪਣਾਂ ਭਵਿੱਖ ਕੀ ਹੋਊ ਰਫ਼ੀਕਾ..?" ਹਾਲਾਤਾਂ ਦੀਆਂ ਘੁੰਮਣਘੇਰੀਆਂ ਵਿਚ ਫ਼ਸੀ ਸੀਤਲ ਨੇ ਅਜੇ ਵੀ ਆਸ ਦਾ ਪੱਲਾ ਨਹੀਂ ਛੱਡਿਆ ਸੀ। ਉਸ ਨੂੰ ਅਜੇ ਵੀ ਰਿਹਾਈ ਦੀ ਆਸ ਸੀ।
-"ਸੀਤਲ, ਸਿਆਣੇ ਆਖਦੇ ਹੁੰਦੇ ਐ, ਕੱਟ ਲੈ ਮਨਾਂ ਚਿੱਤ ਲਾ ਕੇ ਲਿਖੀਆਂ ਲੇਖ ਦੀਆਂ..! ਮੈਂ ਤਾਂ ਹੁਣ ਸਾਰੇ ਪਾਸੇ ਤੋਂ ਆਸ ਛੱਡ ਦਿੱਤੀ ਐ..! ਮੈਂ ਤਾਂ ਜਿ਼ੰਦਗੀ ਤੋਂ ਬਿਲਕੁਲ ਉਚਾਟ ਹੋ ਗਈ ਐਂ...!"
-"ਇਕ ਗੱਲ ਐ ਰਫ਼ੀਕਾ..! ਜਿਹੜਾ ਦਸੌਂਟਾ ਭੁਗਤਣੈਂ, ਉਹ ਤਾਂ ਆਪਾਂ ਨੂੰ ਹਰ ਹਾਲਤ ਭੁਗਤਣਾਂ ਪੈਣੈਂ..! ਪਰ ਮੈਂ ਰਿਹਾਅ ਹੋਣ ਲਈ ਆਪਣੀ ਹਰ ਵਾਹ ਲਾਊਂਗੀ, ਚਾਹੇ ਮੈਨੂੰ ਕੁਛ ਵੀ ਕਰਨਾ ਪਵੇ..! ਮੇਰੀ ਸਿਰਫ਼ ਇਕ ਇੱਛਾ ਐ, ਬਈ ਹੈਦਰ ਤੇ ਖ਼ਾਨ ਵਰਗਿਆਂ ਨੂੰ ਇਕ ਵਾਰੀ ਸੀਖਾਂ ਪਿੱਛੇ ਜਰੂਰ ਪਹੁੰਚਾਉਣੈਂ, ਚਾਹੇ ਮੈਨੂੰ ਕੋਈ ਹਰਬਾ ਵਰਤਣਾਂ ਪਵੇ...!" ਸੀਤਲ ਬਦਲੇ ਦੀ ਅੱਗ ਵਿਚ ਸੜੀ ਜਾ ਰਹੀ ਸੀ। ਘੋਰ ਬਿਪਤਾ ਵਿਚ ਵੀ ਉਸ ਨੇ ਹੌਸਲਾ ਨਹੀਂ ਹਾਰਿਆ ਸੀ। ਅੰਦਰੋਂ ਚਕਨਾਚੂਰ ਹੋਈ ਸੀਤਲ ਦੇ ਦਿਲ ਵਿਚ ਅਜੇ ਵੀ ਇੰਤਕਾਮ ਦੇ ਭਾਂਬੜ ਬਲ਼ ਰਹੇ ਸਨ!
ਤੀਜੇ ਦਿਨ ਸ਼ਾਮ ਜਿਹੀ ਨੂੰ ਡਾਕਟਰ ਆਇਆ।
ਰਫ਼ੀਕਾ ਅਤੇ ਸੀਤਲ ਖਾਣਾਂ ਤਿਆਰ ਕਰ ਰਹੀਆਂ ਸਨ। ਡਾਕਟਰ ਭੂਤ ਵਾਂਗ ਸਿੱਧਾ ਰਸੋਈ ਵਿਚ ਆ ਵੱਜਿਆ! ਉਸ ਦੇ ਹੱਥ ਵਿਚ ਵਿਸਕੀ ਦੀ ਬੋਤਲ ਸੀ।
-"ਰਫ਼ੀਕਾ, ਪਾਣੀ ਦੇਹ..!" ਉਸ ਨੇ ਹੁਕਮ ਕੀਤਾ।
ਰਫ਼ੀਕਾ ਨੇ ਪਾਣੀ ਦਾ ਗਿਲਾਸ ਦੇ ਦਿੱਤਾ।
ਉਹ ਡਾਕਟਰ ਦੀਆਂ ਸਾਰੀਆਂ ਆਦਤਾਂ ਤੋਂ ਜਾਣੂੰ ਸੀ।
ਡਾਕਟਰ ਨੇ ਪੈੱਗ ਲਾ ਲਿਆ।

ਪੈੱਗ ਲਾ ਕੇ ਉਸ ਨੇ ਕਿਚਨ ਵਿਚ ਖੜ੍ਹੀ ਸੀਤਲ ਨੂੰ ਫੜ ਕੇ ਨੇੜੇ ਕਰ ਲਿਆ। ਜਿਵੇਂ ਬਲੀ ਲੈਣ ਵਾਲ਼ਾ ਬੱਕਰੇ ਨੂੰ ਪੂਛੋਂ ਫੜ ਕੇ ਨਜ਼ਦੀਕ ਕਰਦੈ! ਉਸ ਨੇ ਲਾਈਟ ਦੇ ਨੇੜੇ ਕਰ ਕੇ ਸੀਤਲ ਦੇ ਚਿਹਰੇ ਦੀ ਜਾਂਚ ਕੀਤੀ। ਚਿਹਰੇ 'ਤੇ ਪਏ ਨਿਸ਼ਾਨ ਹੁਣ ਬਿਲਕੁਲ ਠੀਕ ਸਨ। ਫਿਰ ਉਸ ਨੇ ਸੀਤਲ ਦੀਆਂ ਛਾਤੀਆਂ ਦੀ ਨਿਰਖ਼ ਕੀਤੀ। ਰਫ਼ੀਕਾ ਦੇ ਸਾਹਮਣੇ..! ਸਭ ਕੁਝ ਠੀਕ ਸੀ! ਨਾਲ਼ੇ ਹੁਣ ਸ਼ਰਮ ਵੀ ਕਾਹਦੀ ਸੀ..? ਜੇ ਹਾਲਾਤਾਂ ਅਨੁਸਾਰ ਬੰਦਾ ਨਾ ਤੁਰੇ, ਤਾਂ ਵਾਧੂ ਦੁਖੀ ਹੁੰਦੈ..! ਸੀਤਲ ਸੋਚ ਰਹੀ ਸੀ।

-"ਟਿਊਬ ਹਰ ਦੋ-ਦੋ ਘੰਟੇ ਬਾਅਦ ਲਾਈ ਸੀ..?"
-"ਜੀ ਡਾਕਟਰ..! ਲਾਈ ਸੀ..!" ਸੀਤਲ ਨੇ ਉਤਰ ਦਿੱਤਾ।
ਖਾਣਾਂ ਬਣਦੇ ਬਣਦੇ ਡਾਕਟਰ ਨੇ ਤਕਰੀਬਨ ਪੌਣੀਂ ਬੋਤਲ ਸੂਤ ਧਰੀ। ਉਸ ਦੀਆਂ ਅੱਖਾਂ ਦਾ ਰੰਗ ਪਹਿਲਾਂ ਸੰਧੂਰੀ ਅਤੇ ਫਿਰ ਜੋਗੀਆ ਹੋ ਗਿਆ ਸੀ।
ਖਾਣਾਂ ਖਾ ਕੇ ਡਾਕਟਰ ਸੀਤਲ ਨੂੰ ਕਮਰੇ ਵਿਚ ਲੈ ਗਿਆ।
-"ਮੈਂ ਦੂਜੇ ਲੋਕਾਂ ਵਰਗਾ ਬੇਰਹਿਮ ਨਹੀਂ ਆਂ ਮੇਰੀ ਜਾਨ..! ਅੱਲਾਹ ਦਾ ਖ਼ੌਫ਼ ਦਿਲ ਵਿਚ ਰੱਖਨਾਂ ਵਾਂ..! ਮੇਰੇ ਵਰਗਾ ਨਰਮ ਦਿਲ ਜਣਾਂ ਤੈਨੂੰ ਸਾਰੀ ਦੁਨੀਆਂ ਵਿਚ ਨਹੀਂ ਜੇ ਲੱਭਣਾਂ..!" ਕਰਦੇ ਕਰਦੇ ਸ਼ਰਾਬ ਵਿਚ ਧੁੱਤ ਡਾਕਟਰ ਨੇ ਸੀਤਲ ਨੂੰ ਸਾਰੀ ਰਾਤ ਜਿ਼ਬਾਹ ਕੀਤਾ। ਦੰਦਾਂ ਵਿਚ ਜੀਭ ਲਈ ਪਈ ਸੀਤਲ ਦੇ ਮਨ ਵਿਚ ਰਫ਼ੀਕਾ ਦੀ ਡਾਕਟਰ ਨੂੰ ਖ਼ੁਸ਼ ਰੱਖਣ ਵਾਲ਼ੀ ਗੱਲ ਹੀ ਘੁੰਮੀ ਗਈ ਸੀ। ਸੀਤਲ ਸੋਚ ਰਹੀ ਸੀ ਕਿ ਐਹੋ ਜਿਹੇ ਗਾਲੜੀ ਅਤੇ ਫ਼ੁਕਰੇ ਜਿਹੇ ਡਾਕਟਰ ਨੂੰ ਹੱਥ ਹੇਠ ਕੀਤਾ ਜਾਵੇ..! ਜਿ਼ੰਦਗੀ ਦੇ 'ਯੁੱਧ' ਵਿਚ ਕਈ 'ਨੀਤੀਆਂ' ਹੁੰਦੀਆਂ ਹਨ..! ਕਿਸੇ ਤਰ੍ਹਾਂ ਇਸ ਡਾਕਟਰ ਦਾ ਵਿਸ਼ਵਾਸ ਜਿੱਤਿਆ ਜਾਵੇ..! ਇਹ ਮੇਰੇ ਬਹੁਤ ਕੰਮ ਆ ਸਕਦਾ ਹੈ..! ਉਸ ਦੇ ਦਿਮਾਗ ਵਿਚ ਸੋਚਾਂ ਦੇ ਘੜਿਆਲ਼ ਖੜਕੀ ਜਾ ਰਹੇ ਸਨ। ਉਹ ਆਪਣੀ ਬੰਦ ਖ਼ਲਾਸੀ ਲਈ ਮੁੱਢ ਤੋਂ ਲੈ ਕੇ ਹੀ ਸੁਚੇਤ ਸੀ। ਉਸ ਨੂੰ ਆਪਣੇ ਆਪ 'ਤੇ ਪੂਰਨ ਭਰੋਸਾ ਅਤੇ ਸਵੈ-ਵਿਸ਼ਵਾਸ ਸੀ।

ਸਵੇਰੇ ਡਾਕਟਰ ਉਠਿਆ ਤਾਂ ਸੀਤਲ ਨੇ ਉਸ ਨੂੰ ਗਲਵਕੜੀ ਪਾ ਲਈ। ਡਾਕਟਰ ਦਾ ਦਿਲ ਠਰ ਗਿਆ। ਉਹ ਖ਼ੁਸ਼ ਹੋਣ ਦੇ ਨਾਲ਼ ਨਾਲ਼ ਹੈਰਾਨ ਵੀ ਹੋਇਆ ਕਿ ਸੀਤਲ ਪਹਿਲੀ ਕੁੜੀ ਸੀ, ਜਿਸ ਨੇ ਹਮ-ਬਿਸਤਰ ਹੋਣ ਤੋਂ ਬਾਅਦ ਉਸ ਨੂੰ ਜੱਫ਼ੀ ਪਾਈ ਸੀ। ਨਹੀਂ ਤਾਂ ਹੁਣ ਤੱਕ ਜਿੰਨੀਆਂ ਵੀ ਕੁੜੀਆਂ ਉਸ ਦੀ ਜਿ਼ੰਦਗੀ ਵਿਚ ਆਈਆਂ ਸਨ, ਡਾਕਟਰ ਦੇ ਦਫ਼ਾ ਹੋਣ ਦੀ ਉਡੀਕ ਵਿਚ ਹੀ ਰਹਿੰਦੀਆਂ ਸਨ। ਪਰ ਸੀਤਲ ਤਾਂ ਅਨੋਖੀ ਹੀ ਕੁੜੀ ਸੀ..? ਡਾਕਟਰ ਦੀਆਂ ਬਾਛਾਂ ਖਿੜ ਗਈਆਂ। ਉਸ ਨੇ ਵੀ ਸੀਤਲ ਨੂੰ ਜੱਫ਼ੀ ਵਿਚ ਲੈ ਲਿਆ। ਖ਼ੁਸ਼ੀ ਵਿਚ ਡਾਕਟਰ ਦਾ ਦਿਲ ਹਲਟ ਦੇ ਕੁੱਤੇ ਵਾਂਗ ਛਾਤੀ ਵਿਚ ਵੱਜ ਰਿਹਾ ਸੀ।

-"ਕੁੜੀਏ..! ਜਿੱਥੇ ਵੀ ਮੈਂ ਤੇਰੇ ਕੰਮ ਆ ਸਕਾਂ, ਬੱਸ ਇਕ ਵਾਰ ਡਾਕਟਰ ਯਾਰ ਨੂੰ ਯਾਦ ਕਰੀਂ..! ਹਾਜ਼ਰ ਪਿਆ ਹੋਵਾਂਗਾ..!" ਡਾਕਟਰ ਨੇ ਸੀਤਲ ਨੂੰ ਕੱਟਰੂ ਵਾਂਗ ਚੱਭਾ ਮਾਰਿਆ।

ਸੀਤਲ ਨੇ ਵੀ ਉਸ ਨੂੰ ਮੋਹ ਦਾ ਅਹਿਸਾਸ ਕਰਵਾਉਣ ਲਈ ਫਿਰ ਗਲਵਕੜੀ ਵਿਚ ਜਕੜ ਲਿਆ। ਚਾਹੇ ਇਹ ਮੋਹ 'ਫ਼ੋਕਾ' ਹੀ ਸੀ!
ਸੀਤਲ ਨੇ ਸੋਚਿਆ ਕਿ ਡਾਕਟਰ ਵਾਕਿਆ ਹੀ ਮੇਰੇ ਕੰਮ ਆ ਸਕਦਾ ਹੈ! ਜੇ ਇਸ ਨੂੰ ਕੀਲ ਕੇ ਰੱਖਿਆ, ਇਹ ਜ਼ਰੂਰ ਮੇਰੇ ਕਿਸੇ ਕੰਮ ਆਵੇਗਾ!
ਅਗਲੀ ਰਾਤ ਨਵੀਂ ਮਰਸਰੀ ਕਾਰ 'ਤੇ ਇਕ ਪਠਾਣ ਆਇਆ..। ਸਾਢੇ ਛੇ ਫ਼ੁੱਟ ਕੱਦ..! ਛੇ ਬਾਡੀਗਾਰਡ ਉਸ ਦੇ ਨਾਲ਼ ਸਨ। ਰਫ਼ੀਕਾ ਝੱਟ ਉਸ ਦੀ ਸੇਵਾ ਵਿਚ ਹਾਜ਼ਰ ਹੋ ਗਈ।

-"ਆਸਲਾਮਾਂ ਲੇਕੁੰਮ ਸੱਲ੍ਹਤ ਖ਼ਾਨ...!" ਰਫ਼ੀਕਾ ਉਸ ਦੀ ਇੱਜ਼ਤ ਵਿਚ ਧਰਤੀ ਛੂਹ ਗਈ।
-"ਬਾ-ਲੇਕੁੰਮ ਸਲਾਮ ਰਫ਼ੀਕਾ..! ਕਿਆ ਹਾਲ ਚਾਲ ਨੇ...? ਸਭ ਖ਼ੈਰਾਂ..?" ਉਹ ਧਰਤੀ ਲਤੜ ਲਤੜ ਤੁਰਦਾ ਸੀ। ਤੁਰਦੇ ਦੀ ਧਮਕ ਪੈਂਦੀ ਸੀ! ਤੁਰਦਾ ਸੱਲ੍ਹਤ ਖ਼ਾਨ ਧਰਤੀ ਦੀ ਹਿੱਕ 'ਤੇ ਟੋਆ ਪਾਉਣ ਦੀ ਸਮਰੱਥਾ ਰੱਖਦਾ ਸੀ! ਸੱਲ੍ਹਤ ਖ਼ਾਨ ਆਲਮ ਖ਼ਾਂ ਨਾਲੋਂ ਕੱਦ ਵਿਚ ਥੋੜਾ ਹੀ ਛੋਟਾ ਸੀ। ਪਰ ਉਸ ਵਰਗਾ 'ਜ਼ਾਲਮ' ਨਹੀਂ ਦਿਸਦਾ ਸੀ। ਪੰਜਾਹ ਕੁ ਸਾਲਾਂ ਦੇ ਸੱਲ੍ਹਤ ਖ਼ਾਨ ਦੀ ਪਰਬਤ ਵਰਗੀ ਛਾਤੀ ਉਸ ਦੀਆਂ ਖਾਧੀਆਂ ਖ਼ੁਰਾਕਾਂ ਦੀ ਅਗਵਾਹੀ ਭਰਦੀ ਸੀ। ਖੁੱਲ੍ਹੇ ਕੁੜਤੇ ਅਤੇ ਸਲਵਾਰ ਵਿਚ ਉਹ ਆਦਮ ਕੱਦ, ਦਰਸ਼ਣੀ ਜੁਆਨ ਨਜ਼ਰ ਆਉਂਦਾ ਸੀ। ਕੁੱਲੇ ਵਾਲ਼ੀ ਪੱਗ ਦਾ ਤੁਰਲ੍ਹਾ ਉਸ ਦੇ ਸਿਰ 'ਤੇ ਗਿੱਧਾ ਪਾ ਰਿਹਾ ਸੀ। ਗਲ਼ ਪਾਇਆ ਰਿਵਾਲਵਰ ਵੱਖ ਪ੍ਰਭਾਵ ਦੇ ਰਿਹਾ ਸੀ! ਊਠ ਵਾਂਗ ਪੁਲਾਂਘਾਂ ਪੁੱਟਦਾ ਉਹ ਰਫ਼ੀਕਾ ਕੋਲ਼ ਆ ਖੜ੍ਹਿਆ। ਰਫ਼ੀਕਾ ਸੱਲ੍ਹਤ ਖਾਨ ਕੋਲ਼ ਖੜ੍ਹੀ ਇੰਜ ਜਾਪਦੀ ਸੀ ਕਿਵੇਂ ਬੋਤੇ ਕੋਲ਼ ਬੱਕਰੀ ਖੜ੍ਹੀ ਹੋਵੇ!

-"ਅੱਲਾਹ ਤਾਲਾ ਦਾ ਫ਼ਜ਼ਲ ਈ ਜਨਾਬੇ ਸੱਲ੍ਹਤ ਖ਼ਾਨ..! ਹੁਕਮ ਕਰੋ, ਖਿ਼ਦਮਤਗ਼ਾਰ ਰਫ਼ੀਕਾ ਤੁਸਾਂ ਦੀ ਕੀ ਖਿ਼ਦਮਤ ਕਰ ਸਕਦੀ ਏ..?" ਰਫ਼ੀਕਾ ਉਸ ਅੱਗੇ ਪੂਰਾ ਸਾਹ ਵੀ ਨਹੀਂ ਲੈ ਰਹੀ ਸੀ।
-"ਵਾਹ ਖ਼ੁਸ਼ ਕੀਤਾ ਈ ਰਫ਼ੀਕਾ..! ਇਸੇ ਲਈ ਤਾਂ ਅਸੀਂ ਤੇਰੇ ਆਫ਼ਰੀਨੇ ਜਾਂਦੇ ਪਏ ਆਂ..!" ਉਸ ਨੇ ਰਫ਼ੀਕਾ ਨੂੰ ਕੁੱਕੜ ਵਾਂਗ ਕੁੱਛੜ ਚੁੱਕ ਕੇ ਚੁੰਮ ਲਿਆ।
-"ਆਪ ਕਾ ਹੀ ਨੂਰ ਹੈ, ਜੋ ਪੜ ਰਹਾ ਹੈ ਹਮਾਰੇ ਚਿਹਰੇ ਪੇ, ਵਰਨਾਂ ਕੌਨ ਦੇਖਤਾ ਹਮੇਂ ਇੰਨ੍ਹ ਅੰਧੇਰੋਂ ਮੇਂ...?" ਰਫ਼ੀਕਾ ਨੇ ਬਾਂਹ ਲੰਮੀ ਕਰਕੇ ਉਸ ਦੇ ਬੁੱ਼ਲ੍ਹਾਂ 'ਤੇ ਉਂਗਲ਼ ਰੱਖੀ। ਉਹ ਬੇਜਾਨ ਜਿਹੀ ਉਸ ਦੇ ਹੱਥਾਂ ਵਿਚ ਸੀ। ਜਿਵੇਂ ਇੱਲ੍ਹ ਦੇ ਪੰਜੇ ਵਿਚ ਚਿੜੀ ਦਾ ਬੱਚਾ ਸਾਹ ਸਤ ਜਿਹੇ ਛੱਡ ਜਾਂਦਾ ਹੈ!
-"ਕੁਰਬਾਨ..! ਬਲਿਹਾਰੇ ਰਫ਼ੀਕਾ...! ਸੱਲ੍ਹਤ ਖ਼ਾਨ ਤੇਰੇ ਤੋਂ ਕੁਰਬਾਨ..!" ਉਸ ਨੇ ਰਫ਼ੀਕਾ ਨੂੰ ਹਵਾ ਵਿਚ ਉਛਾਲ਼ਾ ਦਿੱਤਾ ਅਤੇ ਫਿਰ ਮੂੰਗਲ਼ੇ ਵਰਗੀਆਂ ਬਾਂਹਾਂ ਵਿਚ ਬੱਚੇ ਵਾਂਗ ਬੋਚ ਲਿਆ!
-"ਸੱਲ੍ਹਤ ਖ਼ਾਨ, ਮਾਰਨਾ ਏ ਤੁਸਾਂ ਨੇ ਮੈਨੂੰ...?"
-"ਰਫ਼ੀਕਾ, ਤੈਨੂੰ ਮਾਰਨ ਤੋਂ ਪਹਿਲਾਂ ਸੱਲ੍ਹਤ ਖ਼ਾਨ ਆਪ ਨਾ ਮਰ ਜਾਸੀ..? ਇਕ ਗੱਲ ਦੱਸ..?"
-"ਜਨਾਬੇ ਆਲੀ, ਹੁਕਮ ਤੇ ਕਰੋ..! ਚਾਹੇ ਸੌ ਪੁੱਛੋ ਜੇ ਸੱਲ੍ਹਤ ਖ਼ਾਨ..! ਗੋਲੀ ਕੀਹਦੀ ਤੇ ਗਹਿਣੇਂ ਕੀਹਦੇ..?"
-"ਸੁਣਿਆਂ ਈ ਇਕ ਨਵੀਂ ਨੱਢੀ ਲਿਆਂਦੀ ਜੇ..?" ਉਸ ਨੇ ਮੁੰਨਿਆਂ ਮੂੰਹ ਬਘਿਆੜ੍ਹ ਵਾਂਗ ਖੋਲ੍ਹ ਕੇ ਪੁੱਛਿਆ। ਉਸ ਦੀਆਂ ਲੰਮੀਆਂ ਮੁੱਛਾਂ ਉਸ ਦੇ ਮੂੰਹ 'ਤੇ ਕੋਹੜ ਕਿਰਲ਼ੇ ਵਾਂਗ ਨੱਚ ਰਹੀਆਂ ਸਨ।
-"ਦਰੁਸਤ ਸੁਣਿਆਂ ਈ ਤੁਸਾਂ..! ਉਹ ਤਿਆਰ ਪਈ ਹੁੰਦੀ ਏ, ਤੁਸਾਂ ਤਸ਼ਰੀਫ਼ ਰੱਖੋ..! ਹੁਕਮ ਕਰੋ ਤੁਸਾਂ ਦੀ ਖਿ਼ਦਮਤ ਵਿਚ ਹੋਰ ਕੀ ਪੇਸ਼ ਕਰਾਂ..?" ਰਫ਼ੀਕਾ ਉਸ ਅੱਗੇ ਗਲੀਚੇ ਦੀ ਤਰ੍ਹਾਂ ਵਿਛ ਵਿਛ ਜਾਂਦੀ ਸੀ।
-"ਬੱਸ, ਅੱਜ ਨਵੀਂ ਨੱਢੀ ਦੀ ਝਲਕ ਪਈ ਦੇਖਣੀ ਏਂ..! ਔਰ ਹਾਂ, ਉਸ ਨੂੰ ਅਸਾਂ ਬਾਰੇ ਦੱਸ ਦੇਵੀਂ ਕਿ ਅਸੀਂ ਕੌਣ ਹੁੰਨੇ ਆਂ..!" ਉਸ ਦੀ ਗੜ੍ਹਕਦੀ ਅਵਾਜ਼ ਕਿਸੇ ਨਗਾਰੇ ਵਾਂਗ ਵੱਜਦੀ ਸੀ।
-"ਤੁਸਾਂ ਤਸ਼ਰੀਫ਼ ਤੇ ਰੱਖੋ...! ਕਾਹਨੂੰ ਕਾਹਲੇ ਪਏ ਪੈਂਦੇ ਓ..? ਨੱਢੀ ਹਾਜ਼ਰ ਹੋ ਜਾਵੇਗੀ..!"
ਜਦੋਂ ਸੱਲ੍ਹਤ ਖ਼ਾਨ ਸਾਰਾ ਸਰੀਰ ਖੋਲ੍ਹ ਕੇ ਬੈਠਿਆ ਤਾਂ ਸੋਫ਼ੇ ਨੇ ਇਕ ਤਰ੍ਹਾਂ ਨਾਲ਼ ਦੁਹਾਈ ਮਚਾ ਦਿੱਤੀ।
-"ਹੋਰ ਕੀ ਹਾਲ ਚਾਲ...?" ਰਫ਼ੀਕਾ ਨੇ ਉਸ ਨੂੰ ਮਸ਼ਰੂਫ਼ ਰੱਖਣ ਦੇ ਰੌਂਅ ਵਿਚ ਰਵਾਇਤੀ ਜਿਹਾ ਸੁਆਲ ਕੀਤਾ।
-"ਅੱਲਾਹ ਦਾ ਫ਼ਜ਼ਲ ਈ ਰਫ਼ੀਕਾ..! ਸਭ ਖ਼ੈਰਾਂ ਨੇ..! ਪਰਸੋਂ ਬਿਜ਼ਨਸ ਦੇ ਮਾਮਲੇ ਵਿਚ ਡੁਬਈ ਜਾ ਰਹੇ ਆਂ, ਹਫ਼ਤੇ ਕੁ ਲਈ..! ਸੋਚਿਆ ਰਫ਼ੀਕਾ ਦੇ ਦੀਦਾਰ ਤੇ ਰੋਜ਼ ਪਏ ਕਰਨੇ ਆਂ, ਅੱਜ ਨਵੀਂ ਨੱਢੀ ਨੂੰ ਵੀ ਤੱਕ ਲਿਆ ਜਾਵੇ..!" ਉਸ ਨੇ ਉਂਗਲਾਂ ਦੇ ਭੜ੍ਹਾਕੇ ਪਾਏ ਅਤੇ ਪੂਰਾ ਮੂੰਹ ਖੋਲ੍ਹ ਕੇ ਹੱਸਿਆ। ਰਫ਼ੀਕਾ ਨੂੰ ਸੱਲ੍ਹਤ ਖ਼ਾਨ ਦਾ ਮੂੰਹ ਮਗਰਮੱਛ ਦੇ ਖ਼ੂਨੀ ਜਬਾੜ੍ਹੇ ਵਰਗਾ ਜਾਪਿਆ।
-"ਮੁਬਾਰਕ ਅਸਾਂ ਦੇ ਮੁਕੱਦਰ ਦੇ ਸੱਲ੍ਹਤ ਖ਼ਾਨ, ਤੁਸਾਂ ਨੇ ਅਸਾਂ ਨੂੰ ਇਸ ਲਾਇਕ ਸਮਝਿਆ..!"

ਇਤਨੇ ਨੂੰ ਸੀਤਲ ਬਾਹਰ ਆ ਗਈ।
ਜਗਦੀਆਂ ਬੱਤੀਆਂ ਵਿਚ ਉਸ ਦਾ ਰੂਪ ਡੁੱਲ੍ਹ ਡੁੱਲ੍ਹ ਪੈਂਦਾ ਸੀ।

-"ਸੁਭਾਨ ਅੱਲਾਹ..! ਸੁਭਾਨ ਅੱਲਾਹ..! ਇਹ ਚੰਦ ਦਾ ਟੁਕੜਾ ਤੁਸਾਂ ਨੇ ਕਿੱਥੋਂ ਪਿਆ ਲਿਆਂਦਾ ਜੇ..? ਅੱਲਾਹ ਨੂੰ ਹਾਜ਼ਰ ਨਾਜ਼ਰ ਜਾਣ ਕੇ ਪਏ ਆਖਨੇ ਆਂ, ਇਹ ਤਾਂ ਜੱਨਤ ਦਾ ਨਿਰੀ ਫ਼ਲ ਪਈ ਜਾਪਦੀ ਏ..!" ਲੈਰੀ ਜਿਹੀ ਸੀਤਲ ਵੱਲ ਦੇਖ ਕੇ ਸੱਲ੍ਹਤ ਖ਼ਾਨ ਦੀਆਂ ਅੱਖਾਂ ਵਿਚ ਬਿਜਲੀ ਚਮਕੀ। ਦਿਮਾਗ ਵਿਚ ਬੱਦਲ਼ ਗਰਜਿ਼ਆ। ਕੁੜਤੇ ਦੇ ਗੀਝੇ ਵਿਚੋਂ ਖ਼ਾਨ ਨੇ ਰੁੱਗ ਨੋਟਾਂ ਦਾ ਕੱਢਿਆ ਅਤੇ ਰਫ਼ੀਕਾ ਦੇ ਸਿਰ ਉਪਰ ਖਿ਼ਲਾਰ ਦਿੱਤਾ। ਫ਼ਰਸ਼ 'ਤੇ ਇਕ ਤਰ੍ਹਾਂ ਨਾਲ਼ ਨੋਟਾਂ ਦਾ ਮੀਂਹ ਵਰ੍ਹ ਪਿਆ ਸੀ।
-"ਇਹ ਇੰਗਲੈਂਡ ਤੋਂ ਆਈ ਏ ਜਨਾਬ...!" ਰਫ਼ੀਕਾ ਨੋਟ ਇਕੱਠੇ ਕਰਨ ਲੱਗ ਪਈ।
-"ਇਹ ਝਲਕ ਪੱਖੋਂ ਮੁਸਲਮਾਨ ਤੇ ਨਹੀਂ ਜੇ ਲੱਗਦੀ..?" ਖ਼ਾਨ ਦੀਆਂ ਖੋਜੀ ਨਜ਼ਰਾਂ ਨੇ ਸੀਤਲ ਦੇ ਬਦਨ ਦੀ ਤਲਾਸ਼ੀ ਲਈ।
-"ਇਹ ਮੁਸਲਮਾਨ ਨਹੀਂ ਜੇ ਸੱਲ੍ਹਤ ਮੀਆਂ, ਇਹ ਸਰਦਾਰਨੀ ਜੇ..!" ਰਫ਼ੀਕਾ ਡਰਿਆਂ ਵਾਂਗ ਬੋਲੀ।
-"ਇਹ ਸਰਦਾਰਨੀ ਜੇ..? ਇਸ ਦੇ ਬਜ਼ੁਰਗ ਤਾਂ ਇੱਜ਼ਤ ਦੀ ਖ਼ਾਤਿਰ ਮਰਨ ਲੱਗੇ ਪਲ ਨਹੀਂ ਲਗਾਂਦੇ ਸਨ, ਇਹ ਕਿਸ ਲੁੱਚੇ ਕੰਮ ਵੱਲ ਟੁਰ ਪਈ ਜੇ..?" ਸੱਲ੍ਹਤ ਖ਼ਾਨ ਦੀਆਂ ਅੱਖਾਂ ਵਿਚ ਖ਼ੂਨ ਉਤਰ ਆਇਆ।
-"ਮਜਬੂਰੀ ਇਨਸਾਨ ਤੋਂ ਬਹੁਤ ਕੁਝ ਪਈ ਕਰਾ ਦਿੰਦੀ ਏ ਖ਼ਾਨ ਮੀਆਂ..!"
-"ਮਜਬੂਰੀ..? ਇੱਜ਼ਤ ਅਣਖ਼ ਵਿਚ ਮਜਬੂਰੀ ਕਿਆ ਸ਼ੈਅ..? ਇਸ ਨੂੰ ਤਾਂ ਅੱਜ ਟਿਕਾ ਕੇ ਜ੍ਹੈਸਾਂ...!" ਸੱਲ੍ਹਤ ਖ਼ਾਨ ਕਿਸੇ ਖੁੰਧਕ ਵਿਚ ਤੂਫ਼ਾਨ ਵਾਂਗ ਉਠਿਆ। ਗਜ ਗਜ ਦੀਆਂ ਪੁਲਾਂਘਾਂ ਪੁੱਟਦਾ ਉਹ ਧਰਤੀ ਦੇ ਸੀਨੇ ਸੱਟਾਂ ਮਾਰ ਰਿਹਾ ਸੀ।
ਰਫ਼ੀਕਾ ਦੇ ਇਸ਼ਾਰੇ 'ਤੇ ਸੀਤਲ ਉਸ ਦੇ ਮਗਰ ਮਗਰ ਤੁਰ ਪਈ।
ਉਸ ਦੀ ਛਾਤੀ ਅੰਦਰ ਡਰ ਦਾ ਭੂਚਾਲ਼ ਆਇਆ ਹੋਇਆ ਸੀ।
ਲੇਲੇ ਦੇ ਸ਼ੇਰ ਅੱਗੇ ਧੌਣ ਝੁਕਾ ਕੇ ਖੜ੍ਹਨ ਵਾਂਗ ਸੀਤਲ ਸੱਲ੍ਹਤ ਖ਼ਾਨ ਅੱਗੇ ਆਤਮ ਸਮਰਪਣ ਕਰੀ ਖੜ੍ਹੀ ਸੀ।
ਗਲ਼ ਕੋਲ਼ ਹੱਥ ਪਾ ਕੇ ਸੱਲ੍ਹਤ ਖ਼ਾਨ ਨੇ ਸੀਤਲ ਦੇ ਗਲ਼ ਪਾਏ ਕੱਪੜੇ ਭਰਾੜ੍ਹ ਕਰ ਧਰੇ! ਡਰ ਨਾਲ਼ ਸੀਤਲ ਦੀ ਚੀਕ ਨਿਕਲ਼ ਗਈ।
ਪਰ ਖ਼ਾਨ ਨੂੰ ਜਿਵੇਂ ਕੁਝ ਸੁਣਿਆਂ ਹੀ ਨਹੀਂ ਸੀ। ਉਸ ਨੇ ਖੰਡ ਦੇ ਖਿਡਾਉਣੇਂ ਵਾਂਗ ਸੀਤਲ ਨੂੰ ਬੈੱਡ 'ਤੇ ਲਿਟਾ ਸੁੱਟਿਆ।
ਸੀਤਲ ਨੇ ਜੀਭ ਦੰਦਾਂ ਵਿਚ ਲੈ ਲਈ ਅਤੇ ਸਰੀਰ ਢਿੱਲਾ ਛੱਡ ਦਿੱਤਾ।
ਸਵੇਰ ਦੇ ਚਾਰ ਵਜੇ ਤੱਕ ਸੀਤਲ ਸੂਲ਼ੀ ਟੰਗੀ ਰਹੀ। ਖ਼ਾਨ ਉਸ ਨੂੰ ਕੋਹਲੂ ਵਿਚ ਪੀੜਦਾ ਰਿਹਾ।
ਖ਼ਾਨ ਨੇ ਉਠ ਕੇ ਕੱਪੜੇ ਪਾਏ। ਸਿਰ 'ਤੇ ਕੁੱਲੇ ਵਾਲ਼ੀ ਪੱਗ ਰੱਖੀ। ਜਾਣ ਲੱਗੇ ਨੇ ਨੋਟਾਂ ਦਾ ਮੀਂਹ ਵਰ੍ਹਾਇਆ ਅਤੇ ਸੀਤਲ ਦੇ ਮੂੰਹ 'ਤੇ ਥੁੱਕ ਦਿੱਤਾ।

-"ਬੜੀ ਹਰਾਮਜ਼ਾਦੀ, ਕੁੱਤੀ ਐਂ ਤੂੰ..! ਬੜੀ ਮਾਂ ਬਾਪ ਅਤੇ ਬਜੁਰਗਾਂ ਦੀ ਇੱਜ਼ਤ ਬਣਾਂਦੀਂ ਪਈ ਏਂ...! ਤੂੰ ਤੇ ਸਰਦਾਰਾਂ ਦੇ ਨਾਂ 'ਤੇ ਇਕ ਕਲੰਕ ਏਂ ਬਦਚੱਲਣ..! ਅਗਰ ਤੈਨੂੰ ਆਪਣਾਂ ਨਹੀਂ, ਤਾਂ ਆਪਣੇ ਖ਼ਾਨਦਾਨ ਦੀ ਇੱਜ਼ਤ ਦਾ ਖਿ਼ਆਲ ਤਾਂ ਕਰਦੀ, ਬਦਜ਼ਾਤ ਲੜਕੀ..? ਧਿਰਗ ਹਰਾਮ ਈ ਤੇਰੇ ਜੀਣੇ ਦੇ...! ਤੇਰੀ ਮਾਂ ਤੈਨੂੰ ਜਨਮ ਦੇਣ ਤੋਂ ਪਹਿਲੇ ਮਰ ਕਿਉਂ ਨਹੀਂ ਗਈ...? ਤੂੰ ਕਿਸੇ ਸਰਦਾਰ ਦਾ ਖ਼ੂਨ ਨਹੀਂ ਹੋ ਸਕਦੀ..! ਤੇਰੀ ਬਦਜ਼ਾਤ ਮਾਂ ਕਿਸੇ ਹਰਾਮ ਦਾ ਬੀਜ਼ ਪੁਆ ਕੇ ਲਿਆਈ ਹੋਵੇਗੀ...! ਤੇਰੇ ਬਜੁਰਗ ਤਾਂ ਬਹੁਤ ਅਣਖ਼ੀ ਇਨਸਾਨ ਹੁੰਦੇ ਨੇ, ਤੇ ਤੂੰ....? ਇਕ ਰੰਡੀ, ਲੁੱਚੀ, ਕੰਜਰੀ...!" ਤੇ ਖ਼ਾਨ ਨੇ ਇਕ ਵਾਰ ਫਿਰ ਉਸ ਦੇ ਮੂੰਹ 'ਤੇ ਥੁੱਕਿਆ ਅਤੇ ਮਸਤ ਬੋਤੇ ਵਾਂਗ ਪੈਰ ਪੁੱਟਦਾ ਤੁਰ ਗਿਆ।

ਸੀਤਲ ਰੋਣ ਲੱਗ ਪਈ। ਉਸ ਦਾ ਦਿਲ ਦੋਫ਼ਾੜ ਹੋ ਗਿਆ। ਉਹ ਖ਼ਾਨ ਨੂੰ ਰੋਕ ਕੇ ਸਾਰਾ ਹਾਲ ਸੁਣਾਉਣਾਂ ਚਾਹੁੰਦੀ ਸੀ। ਪਰ ਸੁਣਾਂ ਨਾ ਸਕੀ। ਉਸ ਨੂੰ ਉਸ ਦੀ ਮਜਬੂਰੀ ਦਾ ਕੀ ਪਤਾ ਸੀ..? ਉਸ ਨੇ ਤਾਂ ਬਿਨਾਂ ਸੁਣੇ ਹੀ ਉਸ ਨੂੰ ਦੋਸ਼ੀ ਗਰਦਾਨ ਦਿੱਤਾ ਸੀ। ਕਿਸੇ ਦਾ ਦੋਸ਼ ਦੱਸਣ ਤੋਂ ਬਾਅਦ ਸਫ਼ਾਈ ਦੇਣ ਲਈ ਤਾਂ ਜੱਜ ਵੀ ਮੌਕਾ ਦਿੰਦਾ ਹੈ? ਪਰ ਸੱਲ੍ਹਤ ਖ਼ਾਨ ਤਾਂ ਉਸ ਨੂੰ ਨਿਰਦੋਸ਼ੀ ਨੂੰ ਹੀ ਸਜ਼ਾ ਸੁਣਾ ਕੇ ਰਾਹ ਪੈ ਗਿਆ ਸੀ..? ਸੀਤਲ ਨੇ ਫ਼ਰਸ਼ 'ਤੇ ਖਿੰਡੇ ਪੈਸਿਆਂ ਨੂੰ ਹੱਥ ਤੱਕ ਨਾ ਲਾਇਆ। ਹਰ ਕੁੜੀ ਦੀ ਰਾਤ ਦੀ ਮੁਕੱਰਰ ਕੀਤੀ ਰਕਮ ਦੱਲਾ ਆਲਮ ਖ਼ਾਂ ਪਹਿਲਾਂ ਹੀ ਫੜ ਕੇ ਬੋਝੇ ਵਿਚ ਪਾ ਲੈਂਦਾ ਸੀ। ਬਾਕੀ ਜੋ ਵੀ ਕੋਈ ਦੇ ਕੇ ਜਾਂਦਾ ਸੀ, ਉਹ ਅਗਲੇ ਨਾਲ਼ ਰਾਤ ਕੱਟਣ ਵਾਲ਼ੀ ਵੇਸਵਾ ਦਾ ਹੀ ਹੁੰਦਾ ਸੀ। ਪਰ ਸੀਤਲ ਨੇ ਪੈਸਿਆਂ ਵੱਲ ਅੱਖ ਪੱਟ ਕੇ ਵੀ ਨਾ ਦੇਖਿਆ। ਖ਼ਾਨ ਦੇ ਚਲੇ ਜਾਣ ਤੋਂ ਬਾਅਦ ਰਫ਼ੀਕਾ ਸੀਤਲ ਦੇ ਕਮਰੇ ਵਿਚ ਆਈ। ਉਸ ਨੇ ਨੋਟ ਇਕੱਠੇ ਕਰ ਲਏ।

-"ਕੀ ਹੋ ਗਿਆ, ਤੂੰ ਪੈਸੇ ਨ੍ਹੀ ਚੱਕਦੀ..?" ਰਫ਼ੀਕਾ ਨੇ ਪੁੱਛਿਆ।
-".......।" ਸੀਤਲ ਰਫ਼ੀਕਾ ਨੂੰ ਦੇਖ ਕੇ ਭੁੱਬੀਂ ਰੋ ਪਈ।
ਰਫ਼ੀਕਾ ਨੇ ਉਸ ਨੂੰ ਧਰਵਾਸੇ ਵਜੋਂ ਪਲ਼ੋਸਣਾਂ ਸ਼ੁਰੂ ਕਰ ਦਿੱਤਾ।
-"ਕੀ ਗੱਲ ਹੋ ਗਈ ਸੀਤਲ...?" ਉਸ ਨੇ ਪੇਟ ਘੁੱਟੀ ਬੈਠੀ ਸੀਤਲ ਨੂੰ ਥਾਪੜਿਆ।
-"ਕਿੱਥੇ ਲੈ ਕੇ ਜਾਣੇਂ ਐਂ ਇਹ ਪੈਸੇ ਮੈਂ ਰਫ਼ੀਕਾ..? ਮਾਂ ਨੂੰ ਭੇਜਾਂ ਕਿ ਪਿਉ ਨੂੰ..? ਤੇ ਨਾਲ਼ ਲਿਖ ਦਿਆਂ ਕਿ ਥੋਡੀ ਕੁੜੀ ਬੜੀ ਹੱਕ ਹਲਾਲ ਦੀ ਕਮਾਈ ਕਰ ਰਹੀ ਐ, ਤੇ ਤੁਸੀਂ ਇਸ ਨੂੰ ਖਾ ਕੇ ਵਧੋ ਫ਼ੁੱਲੋ..!" ਉਹ ਇਕ ਤਰ੍ਹਾਂ ਨਾਲ਼ ਚੀਕੀ ਸੀ।
ਰਫ਼ੀਕਾ ਨੇ ਉਸ ਦੇ ਮੂੰਹ 'ਤੇ ਹੱਥ ਰੱਖ ਦਿੱਤਾ।
-"ਹੌਲ਼ੀ ਸੀਤਲ..! ਹੌਲ਼ੀ...! ਇਸ ਕੋਠੀ ਦੀਆਂ ਕੰਧਾਂ ਬੜੀਆਂ ਖ਼ੂਨੀ ਤੇ ਬੇਰਹਿਮ ਐਂ..! ਅਗਰ ਅਵਾਜ਼ ਬਾਹਰ ਚਲੀ ਗਈ, ਤਾਂ ਇਹ ਅਵਾਜ਼ ਹਮੇਸ਼ਾ ਲਈ ਬੰਦ ਹੋ ਜਾਵੇਗੀ..!"
-"ਹੋ ਜਾਣ ਦੇ ਰਫ਼ੀਕਾ...! ਐਸੀ ਜ਼ਲੀਲ ਜਿ਼ੰਦਗੀ ਨਾਲੋਂ ਤਾਂ ਮਰ ਜਾਣਾਂ ਈ ਚੰਗਾ..!" ਉਹ ਛਾਲ਼ ਮਾਰ ਕੇ ਖੜ੍ਹੀ ਹੋ ਗਈ। ਉਸ ਦੇ ਹੇਠਲੇ ਹਿੱਸੇ 'ਚੋਂ ਖ਼ੂਨ ਵਗ ਕੇ ਗੋਡਿਆਂ ਤੱਕ ਆ ਗਿਆ ਸੀ। ਜਿਸ ਦਾ ਸ਼ਾਇਦ ਸੀਤਲ ਨੂੰ ਪਤਾ ਹੀ ਨਹੀਂ ਸੀ ਲੱਗਿਆ।
ਪਰ ਕਿਵੇਂ ਨਾ ਕਿਵੇਂ ਰਫ਼ੀਕਾ ਨੇ ਸੀਤਲ ਨੂੰ ਸ਼ਾਂਤ ਕਰ ਲਿਆ।

ਆਲਮ ਖ਼ਾਂ ਦੀ ਬਾਜ਼ ਨਜ਼ਰ ਕੋਠੀ 'ਤੇ ਅੱਠੇ ਪਹਿਰ ਪਹਿਰਾ ਦਿੰਦੀ। ਉਸ ਦੇ ਹੁਕਮ ਬਿਨਾਂ ਉਥੇ ਪੱਤਾ ਵੀ ਨਹੀਂ ਝੁੱਲ ਸਕਦਾ ਸੀ। ਉਹ ਕੋਠੀ ਦੇ ਅੰਦਰ ਬਾਹਰ ਭਲਵਾਨੀ ਗੇੜਾ ਦਿੰਦਾ। ਸੀਤਲ ਅਤੇ ਰਫ਼ੀਕਾ ਨੂੰ ਖ਼ੁਫ਼ੀਆ ਨਜ਼ਰ ਨਾਲ਼ ਤਾੜਦਾ। ਜਦੋਂ ਉਹ ਗੇੜਾ ਕੱਢਦਾ ਤਾਂ ਰਫ਼ੀਕਾ ਅਤੇ ਸੀਤਲ ਉਸ ਨੂੰ ਇਹ ਅਹਿਸਾਸ ਨਹੀਂ ਹੋਣ ਦਿੰਦੀਆਂ ਸਨ ਕਿ ਉਹ ਇਕ ਦੂਜੀ ਦੀਆਂ ਇਤਨੀਆਂ ਹਮਦਰਦ ਅਤੇ ਹਮ-ਖਿ਼ਆਲੀ ਹੋ ਚੁੱਕੀਆਂ ਸਨ! ਕਿਉਂਕਿ ਅੱਗੇ ਬਹੁਤ ਕੁੜੀਆਂ ਨੂੰ ਉਹਨਾਂ ਨੇ ਰਫ਼ੀਕਾ ਕੋਲ਼ ਛੱਡਿਆ ਸੀ। ਪਰ ਰਫ਼ੀਕਾ ਨੇ ਕਦੇ ਵੀ ਸ਼ਕਾਇਤ ਦਾ ਮੌਕਾ ਨਹੀਂ ਦਿੱਤਾ ਸੀ। ਵੱਡੇ ਵੱਡੇ ਦੱਲਿਆਂ ਤੋਂ ਲੈ ਕੇ ਆਲਮ ਖ਼ਾਂ ਤੱਕ ਸਾਈਦਾ ਅਤੇ ਰਫ਼ੀਕਾ ਦਾ ਨਾਂ ਵਫ਼ਦਾਰਾਂ ਵਿਚ ਵੱਜਦਾ ਸੀ। ਇਸ ਲਈ ਆਲਮ ਖ਼ਾਂ ਨੂੰ ਕੋਈ ਸ਼ੱਕ ਨਹੀਂ ਸੀ। ਕੋਈ ਸ਼ਕਾਇਤ ਨਹੀਂ ਸੀ।
ਸੀਤਲ ਨੂੰ ਮਹੀਨੇ ਤੋਂ ਉਪਰ ਹੋ ਗਿਆ ਸੀ ਇਸ ਰੰਡੀਖ਼ਾਨੇ ਆਇਆਂ।

ਹੁਣ ਉਸ ਨੂੰ ਹਰ ਰੋਜ਼ ਕੋਈ ਨਵਾਂ ਮਰਦ ਭੁਗਤਾਉਣਾਂ ਪੈਂਦਾ। ਹਰ ਰੋਜ਼ ਬਘਿਆੜ੍ਹਾਂ ਵਰਗੇ ਮਰਦ ਨਹੀਂ, ਜੰਗਲੀ ਜਾਨਵਰ ਆਉਂਦੇ ਅਤੇ ਉਸ ਨੂੰ ਮੱਕੀ ਦੇ ਦੋਧੇ ਵਾਂਗ ਚੂੰਡ ਕੇ ਰਾਹ ਪੈਂਦੇ..। ਕੁਝ ਸੀਤਲ ਨੂੰ ਖ਼ੁਸ਼ ਹੋ ਕੇ ਪੈਸੇ ਵੀ ਦਿੰਦੇ ਅਤੇ ਕੁਝ ਸੱਲ੍ਹਤ ਖ਼ਾਨ ਵਰਗੇ ਉਸ ਦੇ ਮੂੰਹ 'ਤੇ ਥੁੱਕ ਕੇ ਵੀ ਜਾਂਦੇ ਅਤੇ ਕਈ "ਬੜੀ ਚੰਗੀ ਸਰਦਾਰਨੀ ਏਂ ਤੂੰ, ਕਲੰਕ..!" ਦੇ ਮਿਹਣੇ ਦੀ ਕਟਾਰ ਵੀ ਹਿੱਕ ਵਿਚ ਖੋਭ ਜਾਂਦੇ! ਜੇ ਉਸ ਨੂੰ 'ਪੀਰੀਅਡ' ਆਏ ਹੁੰਦੇ ਤਾਂ ਜਾ ਕੇ ਕੁਝ ਦਿਨ ਉਸ ਦੀ ਖ਼ਲਾਸੀ ਹੁੰਦੀ। ਨਹੀਂ ਤਾਂ ਕਈ ਵਾਰ ਨਵੀਂ ਕੁੜੀ ਨੂੰ ਚੂੰਡਣ ਦੇ ਸ਼ੌਕੀਨ ਉਸ ਨੂੰ 'ਪਿੱਛੋਂ' ਦੀ ਅਤੇ ਜਾਂ ਫਿਰ 'ਮੁੱਖ-ਮੈਥੁਨ' ਰਾਹੀਂ ਸੰਤੁਸ਼ਟ ਕਰਨੇ ਪੈਂਦੇ! ਉਸ ਦਾ ਜੀਅ ਕਦੇ ਕਦੇ ਕੰਧਾਂ ਵਿਚ ਟੱਕਰਾਂ ਮਾਰਨ ਨੂੰ ਕਰਦਾ। ਉਹ ਰਾਤ ਨੂੰ ਜਣਦਿਆਂ ਨੂੰ ਰੋਂਦੀ। ਆਪਣੇ ਆਪ 'ਤੇ ਖਿਝਦੀ। ਹੁਣ ਰਾਤ ਨੂੰ ਜਾਗਣਾਂ ਅਤੇ ਦਿਨ ਨੂੰ ਸੌਣਾਂ ਉਸ ਦਾ 'ਰੁਟੀਨ' ਬਣ ਗਿਆ ਸੀ। ਹੁਣ ਉਸ ਨੇ ਵਕਤੀ ਤੌਰ 'ਤੇ ਹਾਲਾਤਾਂ ਨਾਲ਼ ਸਮਝੌਤਾ ਜਿਹਾ ਕਰ ਲਿਆ ਸੀ। ਸੀਤਲ ਆਪਣੇ ਆਪ ਨੂੰ ਕਸੂਰਵਾਰ ਠਹਿਰਾਉਂਦੀ। ਆਪਣੇ ਆਪ ਨੂੰ ਕੋਸਦੀ! ਮਾਂ ਬਾਪ ਨੇ ਤਾਂ ਉਸ ਨੂੰ ਬਹੁਤ ਸਮਝਾਇਆ ਅਤੇ ਖ਼ਬਰਦਾਰ ਕੀਤਾ ਸੀ। ਪਰ ਉਸ ਨੇ ਹੀ ਨਹੀਂ ਕੰਨ ਧਰਿਆ ਸੀ। ਹੁਣ ਉਸ ਦੀਆਂ ਖ਼ੁਦ ਦੀਆਂ ਕੀਤੀਆਂ ਗ਼ਲਤੀਆਂ ਦੀ ਸਜ਼ਾ ਉਸ ਨੂੰ ਆਪ ਨੂੰ ਹੀ ਭੁਗਤਣੀ ਪੈਣੀ ਸੀ। ਮਾਂ ਬਾਪ ਕਿਹੜਾ ਉਸ ਦੇ ਢਿੱਡ ਵਿਚ ਕੁਝ ਘੋਲ਼ ਕੇ ਪਾ ਦਿੰਦੇ..? ਨਾਲ਼ੇ ਉਹ ਕਿਹੜਾ ਨਿਆਣੀ ਸੀ..? ਸਾਰਾ ਕੁਝ ਚੰਗਾ ਮੰਦਾ

ਸਮਝਦੀ ਸੀ! ਤੂੰ ਆਪਦੇ ਮਾਂ ਬਾਪ ਨੂੰ ਅਤੀਅੰਤ ਤੰਗ ਕੀਤੈ ਸੀਤਲ, ਹੁਣ ਉਸ ਦਾ ਖ਼ਮਿਆਜਾ ਤੈਨੂੰ ਖ਼ੁਦ ਨੂੰ ਭਰਨਾ ਪੈਣੈਂ..!

ਸੀਤਲ ਨੂੰ ਪੰਜ ਭੱਠ ਬੁਖ਼ਾਰ ਚੜ੍ਹਿਆ ਹੋਇਆ ਸੀ। ਉਸ ਦੀਆਂ ਅੱਖਾਂ ਮੱਚੀ ਜਾ ਰਹੀਆਂ ਸਨ ਅਤੇ ਸਿਰ ਘੁਕੀ ਜਾ ਰਿਹਾ ਸੀ। ਭੁੱਖ ਨਾ ਪਿਆਸ ਲੱਗਦੀ ਸੀ। ਉਲਟੀਆਂ ਆ ਆ ਕੇ ਉਸ ਦਾ ਬੁਰਾ ਹਾਲ ਸੀ। ਕਮਜ਼ੋਰੀ ਕਾਰਨ ਉਸ ਦਾ ਸਾਰਾ ਸਰੀਰ ਹੀ ਨਿਰਬਲ ਹੋਇਆ ਪਿਆ ਸੀ। ਨਜ਼ਰ ਪਾਟ ਪਾਟ ਜਾਂਦੀ ਸੀ..! ਪਿਸ਼ਾਬ ਵੀ ਉਸ ਨੂੰ ਰਫ਼ੀਕਾ ਨੇ ਫੜ ਕੇ ਕਰਵਾਇਆ ਸੀ।
ਰਫ਼ੀਕਾ ਨੇ ਆਲਮ ਖ਼ਾਂ ਨੂੰ ਸੱਦਿਆ।
ਆਲਮ ਖ਼ਾਂ ਨੇ ਡਾਕਟਰ ਨੂੰ ਫ਼ੋਨ ਕਰ ਦਿੱਤਾ।
ਡਾਕਟਰ ਨੇ ਆ ਕੇ ਸੀਤਲ ਦੇ ਦੋ ਟੀਕੇ ਲਾਏ ਅਤੇ ਥੋਕ ਵਿਚ ਕੈਪਸੂਲ ਦੇ ਦਿੱਤੇ। ਇਕ ਦੁਆਈ ਤਾਕਤ ਵਾਲ਼ੀ ਪੀਣ ਲਈ ਦੇ ਦਿੱਤੀ।

-"ਕੱਲ੍ਹ ਤੱਕ ਠੀਕ ਹੋ ਜਾਸੀ..! ਨ੍ਹੋ ਫਿ਼ਕਰ..! ਦੋ ਦਿਨ ਮੁਕੰਮਲ ਅਰਾਮ..! ਖਾਣ ਲਈ ਇਸ ਨੂੰ ਦਲ਼ੀਆ ਜਾਂ ਡਬਲਰੋਟੀ ਦੇ ਦੇਣੀਂ..! ਮੈਂ ਪਰਸੋਂ ਆ ਕੇ ਖ਼ੁਦ ਚੈੱਕ ਕਰਾਂਗਾ..!" ਤੇ ਡਾਕਟਰ ਚਲਾ ਗਿਆ।
ਅਗਲੇ ਦਿਨ ਸੀਤਲ ਕੁਝ ਠੀਕ ਹੋ ਗਈ। ਪਰ ਕਮਜ਼ੋਰੀ ਉਸ ਦੇ ਗੋਡੇ ਮੱਲੀ ਬੈਠੀ ਸੀ।
ਅਗਲੇ ਦਿਨ ਸੀਤਲ ਕੋਠੀ ਦੇ ਵਿਹੜੇ ਵਿਚ ਕੁਰਸੀ 'ਤੇ ਧੁੱਪੇ ਘੋਰ ਉਦਾਸ ਬੈਠੀ ਸੀ।

ਸ਼ਾਮ ਨੂੰ ਚਾਰ ਕੁ ਵਜੇ ਕੋਠੀ ਦਾ ਵੱਡਾ ਗੇਟ ਖੁੱਲ੍ਹਿਆ ਤਾਂ ਬਾਹਰ ਇਕ ਕਾਲ਼ੇ ਰੰਗ ਦੀ 'ਰੇਂਜ ਰੋਵਰ' ਗੱਡੀ ਖੜ੍ਹੀ ਸੀ। ਜਦ ਸੀਤਲ ਨੇ ਗਹੁ ਨਾਲ਼ ਤੱਕਿਆ ਤਾਂ ਉਸ ਦੀਆਂ ਅੱਖਾਂ ਵਿਚ ਖ਼ੂਨ ਉਤਰ ਆਇਆ। ਤੌਰ ਮਗਜ਼ ਨੂੰ ਚੜ੍ਹ ਗਏ। ਗੁੱਸੇ ਅਤੇ ਕਰੋਧ ਨਾਲ਼ ਉਹ ਭੁੱਜ ਉਠੀ ਸੀ। ਗੱਡੀ ਵਿਚ ਖ਼ਾਨ ਅਤੇ ਹੈਦਰ ਬੈਠੇ ਕਿਸੇ ਨਾਲ਼ ਗੱਲਾਂ ਕਰ ਰਹੇ ਸਨ..!

ਸੀਤਲ ਸਿਰ ਤੋੜ ਗੱਡੀ ਵੱਲ ਨੂੰ ਦੌੜੀ ਅਤੇ ਜਾ ਕੇ ਖ਼ਾਨ ਨੂੰ ਚੀਤੇ ਵਾਂਗ ਚਿੰਬੜ ਗਈ। ਪਤਾ ਨਹੀਂ ਕਿੰਨੇ ਵਾਰ ਉਸ ਨੇ ਖ਼ਾਨ ਦੇ ਮੂੰਹ 'ਤੇ ਥੁੱਕਿਆ।

ਖ਼ਾਨ ਨੇ ਉਸ ਨੂੰ ਬੜੀ ਬੇਰਹਿਮੀ ਨਾਲ਼ ਧੱਕਾ ਦਿੱਤਾ ਅਤੇ ਗੱਡੀ ਤੋਂ ਉਤਰ ਖੜ੍ਹਿਆ। ਉਸ ਨੇ ਡਿੱਗੀ ਪਈ ਸੀਤਲ 'ਤੇ ਮੁੱਕੀਆਂ, ਥੱਪੜਾਂ ਅਤੇ ਠੁੱਡਾਂ ਦਾ ਮੀਂਹ ਵਰ੍ਹਾ ਦਿੱਤਾ। ਸ਼ਰੀਫ਼ਾ ਇਕ ਪਾਸੇ ਖੜ੍ਹੀ 'ਥਰ-ਥਰ' ਕੰਬੀ ਜਾ ਰਹੀ ਸੀ। ਇਹ ਕਾਰਾ ਸਰਾਸਰ ਸੀਤਲ ਦੇ ਹੱਕ ਵਿਚ ਨਹੀਂ ਜਾਂਦਾ ਸੀ..! ਇਹ ਇਕ ਖ਼ੂਨੀ ਕਾਂਡ ਸੀ..!

ਜਦ ਖ਼ਾਨ ਸੀਤਲ ਨੂੰ ਕੁੱਟਣੋਂ ਨਾ ਹੀ ਹਟਿਆ ਤਾਂ ਹੈਦਰ ਨੇ ਵਰਜਿਆ।

-"ਨ੍ਹਾਂ ਭਾਈ ਜਾਨ, ਨ੍ਹਾਂ...! ਸੋਨੇ ਦਾ ਅੰਡਾ ਦੇਣ ਵਾਲ਼ੀ ਮੁਰਗੀ ਨੂੰ ਕੋਈ ਬੇਵਕੂਫ਼ ਈ ਪਿਆ ਮਾਰਦਾ ਏ..!" ਉਤਰ ਕੇ ਹੈਦਰ ਨੇ ਬੜੇ ਸ਼ਾਂਤਮਈ ਢੰਗ ਨਾਲ਼ ਹਫ਼ੇ ਹੋਏ ਖ਼ਾਨ ਦਾ ਮੋਢਾ ਥਾਪੜਿਆ।

ਗੁੱਸੇ ਵਿਚ ਪਾਗ਼ਲ ਹੋਏ ਖ਼ਾਨ ਨੇ ਸੀਤਲ ਦੇ ਕਸ ਕੇ ਚੁਪੇੜ ਮਾਰੀ। ਉਹ ਨਿਰਬਲ ਹੋਈ ਧਰਤੀ 'ਤੇ ਇੱਟ ਵਾਂਗ ਡਿੱਗੀ! ਉਸ ਦਾ ਸਿਰ ਪਟਾਕ ਕਰਕੇ ਥੱਲੇ ਵੱਜਿਆ ਸੀ।

-"ਤੂੰ ਤਾਂ ਮਜਹਬ ਤਬਦੀਲ ਨਹੀਂ ਕਰਦੀ ਸੈਂ, ਹੁਣ ਦੱਸ..?" ਉਹ ਜੇਤੂ ਅੰਦਾਜ਼ ਵਿਚ ਪੁੱਛ ਰਿਹਾ ਸੀ।
-"ਤੇਰੇ ਵਰਗੇ ਦੱਲੇ ਲਈ ਕਿਹੜਾ ਮਜ਼ਹਬ ਮਾਹਨਾ ਰੱਖਦੈ ਦੱਲਿਆ..? ਤੂੰ ਤਾਂ ਨਿਰਦੋਸ਼ ਕੁੜੀਆਂ ਦਾ ਵਪਾਰ ਕਰਨ ਵਾਲ਼ਾ ਲਾਲਚੀ ਕੁੱਤੈਂ, ਨਾ ਕਿ ਕੋਈ ਮਜ਼ਹਬੀ ਬੰਦਾ..! ਇਮਾਨਦਾਰ ਮੁਸਲਮਾਨ ਤਾਂ ਬਿਗਾਨੀ ਧੀ ਭੈਣ ਵੱਲ ਉਚੀ ਅੱਖ ਨਾਲ਼ ਨ੍ਹੀ ਦੇਖਦੇ, ਤੇ ਤੂੰ..? ਤੂੰ ਤਾਂ ਇਸਲਾਮ ਦੇ ਨਾਮ 'ਤੇ ਇਕ ਧੱਬਾ ਐਂ, ਸੂਰਾ..!" ਉਹ ਫ਼ੱਟੜ ਸ਼ੀਹਣੀਂ ਵਾਂਗ ਗਰਜੀ ਸੀ।
-"ਖ਼ਾਨ ਦੇ ਅੱਗੇ ਪਈ ਬੋਲਦੀ ਏਂ ਕੁੱਤੀਏ ਰੰਨੇ..! ਮੈਂ ਤੇਰੇ ਜੈਸੀ ਨੂੰ ਖਾ ਕੇ ਡਕਾਰ੍ਹ ਨਾ ਮਾਰਾਂ..!" ਖ਼ਾਨ ਨੇ ਪੂਰੇ ਜੋਰ ਨਾਲ਼ ਇਕ ਚੁਪੇੜ ਹੋਰ ਮਾਰੀ ਅਤੇ ਫਿਰ ਡਿੱਗੀ ਪਈ 'ਤੇ ਠੁੱਡਾਂ ਦੀ ਵਰਖ਼ਾ ਕਰ ਦਿੱਤੀ।
-"ਕਿਉਂ ਆਪਣੀ ਜਾਨ ਦੇ ਵੈਰੀ ਪਏ ਬਣੇਂ ਓਂ ਖ਼ਾਨ ਭਾਈ..? ਇਸ ਨਾਲ਼ ਰੋਜ਼ਾਨਾ ਬਥੇਰ੍ਹੀ ਕੁੱਤੇ ਖਾਣੀਂ ਪਈ ਹੁੰਦੀ ਏ ..!" ਹੈਦਰ ਨੇ ਖ਼ਾਨ ਨੂੰ ਫੜ ਕੇ ਰੋਕ ਲਿਆ।
-"ਕਮੀਨੀ..!" ਹਫਿ਼ਆ ਖ਼ਾਨ ਪਿੱਛੇ ਹਟ ਗਿਆ।
-"ਜਿਸ ਦਿਨ ਮੈਂ ਇੰਗਲੈਂਡ ਵਾਪਸ ਆ ਗਈ ਕੁੱਤਿਆ, ਤੇਰੀ ਬੋਟੀ ਬੋਟੀ ਨੋਚ ਲਊਂਗੀ..!"

ਰੁਮਾਲ ਨਾਲ਼ ਹੱਥ ਪੂੰਝਦਾ ਖ਼ਾਨ ਖ਼ੂਨੀ ਹਾਸਾ ਹੱਸ ਪਿਆ।

-"ਜੇ ਇੰਗਲੈਂਡ ਪਹੁੰਚੇਂਗੀ ਤਦ ਨ੍ਹਾਂ, ਹਰਾਮਜ਼ਾਦੀਏ..? ਖ਼ੂਹ 'ਚ ਡਿੱਗੀ ਇੱਟ ਕਦੇ ਸੁੱਕੀ ਨਿਕਲ਼ੀ ਏ਼..?" ਖ਼ਾਨ ਨੇ ਇਕ ਹੋਰ ਠੁੱਡਾ ਦੇ ਮਾਰਿਆ।
ਹੈਦਰ ਨੇ ਫਿਰ ਫੜ ਲਿਆ।
-"ਕਿਉਂ ਇਸ ਨੂੰ ਬਦਸੂਰਤ ਪਏ ਕਰਦੇ ਓ, ਖ਼ਾਨ ਭਾਈ..? ਇਸ ਦੇ ਹੁਸਨ ਦਾ ਈ ਤੇ ਮੁੱਲ ਪੈ ਰਿਹਾ ਏ..!"
-"ਰਫ਼ੀਕਾ...!" ਖ਼ਾਨ ਬੱਦਲ਼ ਵਾਂਗ ਗੱਜਿਆ।
ਰਫ਼ੀਕਾ ਹਾਜ਼ਰ ਸੀ।
-"ਲੈ ਜਾਹ ਇਸ ਬਦਤਮੀਜ਼ ਲੜਕੀ ਨੂੰ..! ਔਰ ਇਸ ਨੂੰ ਤਮੀਜ਼ ਸਿਖਾ..! ਜਦ ਅਸੀਂ ਮੁੜ ਪਏ ਆਈਏ, ਇਸ ਨੂੰ ਅਕਲ ਆਈ ਹੋਣੀ ਚਾਹੀਦੀ ਏ..!" ਤੇ ਉਹ ਗੱਡੀ ਵਿਚ ਬੈਠ ਹਵਾ ਹੋ ਗਏ। ਰਫ਼ੀਕਾ ਸੀਤਲ ਨੂੰ ਫੜ ਕੇ ਅੰਦਰ ਲੈ ਆਈ।
-"ਇਹ ਕੀ ਕਹਿਰ ਢਾਹ ਦਿੱਤਾ ਬਦਤਮੀਜ਼...? ਤੈਨੂੰ ਨ੍ਹੀ ਪਤਾ ਉਹ ਕਿੰਨੇ ਖ਼ਤਰਨਾਕ ਆਦਮੀ ਨੇ..?" ਰਫ਼ੀਕਾ ਅੱਤ ਘਬਰਾਈ ਹੋਈ ਆਖ ਰਹੀ ਸੀ। ਉਸ ਨੇ ਸੀਤਲ ਨੂੰ ਕੁਰਸੀ 'ਤੇ ਬਿਠਾ ਦਿੱਤਾ ਅਤੇ ਠੰਢੇ ਪਾਣੀ ਦਾ ਗਿਲਾਸ ਦਿੱਤਾ।
ਸੀਤਲ ਨੇ ਪਾਣੀਂ ਪੀ ਲਿਆ। ਉਸ ਦਾ ਸਾਹ ਚੜ੍ਹਿਆ ਹੋਇਆ ਸੀ। ਨੱਕ ਵਿਚੋਂ ਖ਼ੂਨ ਵਗ ਰਿਹਾ ਸੀ। ਵਾਲ਼ ਖਿੱਲਰੇ ਹੋਏ ਸਨ ਅਤੇ ਮੂੰਹ ਮੱਥਾ ਘੱਟੇ ਨਾਲ਼ ਲਿੱਬੜਿਆ ਹੋਇਆ ਸੀ!
-"ਮੈਨੂੰ ਮਾਰ ਈ ਦੇਣਗੇ ਨ੍ਹਾ ਰਫ਼ੀਕਾ..? ਹੋਰ ਕੀ ਕਰਨਗੇ..? ਮਰਨ ਨੂੰ ਤਾਂ ਮੈਂ ਤਿਆਰ ਐਂ..! ਤੇ ਨਾਲ਼ੇ ਹੁਣ ਕਿਹੜਾ ਮੈਂ ਜਿਉਂਦਿਆਂ ਵਿਚ ਐਂ..? ਆਹ ਵੀ ਕੋਈ ਜਿ਼ੰਦਗੀ ਐ..? ਜਦੋਂ ਲੋਟ ਲੱਗਦੈ, ਜ਼ਾਲਮ ਖ਼ਾਂ ਵਰਗਾ ਬੱਕਰੇ ਵਾਂਗੂੰ ਢਾਹ ਲੈਂਦੈ..! ਜਦੋਂ ਜੀਅ ਕਰਦੈ, ਡਾਕਟਰ ਉਤੇ ਆ ਚੜ੍ਹਦੈ..! ਹਰ ਰੋਜ਼ ਕੋਈ ਨਵਾਂ ਬੰਦਾ..! ਕੀ ਜਿ਼ੰਦਗੀ ਹੈ ਇਹ..?" ਉਸ ਨੇ ਛੋਟੀ ਜਿਹੀ ਉਮਰ ਦਾ ਕੌੜਾ ਤਜ਼ਰਬਾ ਹੀ ਤਾਂ ਦੱਸਿਆ ਸੀ।
-"ਚੁੱਪ ਹਰਾਮਜ਼ਾਦੀ...!" ਰਫ਼ੀਕਾ ਨੇ ਆਲਮ ਖ਼ਾਂ ਨੂੰ ਆਉਂਦਿਆਂ ਦੇਖ ਕੇ ਆਪਣਾ ਰੁੱਖ ਬਦਲਿਆ।
ਸਮੇਂ ਦੀ ਨਜ਼ਾਕਤ ਦੇਖ ਕੇ ਸੀਤਲ ਵੀ ਚੁੱਪ ਹੋ ਗਈ।
-"ਕੀ ਗੱਲ ਏ..? ਕੋਈ ਖ਼ਰੂਦ ਪਈ ਕਰਦੀ ਏ..?" ਉਸ ਦੀ ਅਵਾਜ਼ ਘੜ੍ਹਿਆਲ਼ ਵਾਂਗ ਖੜਕੀ।
-"ਕੁਝ ਨਹੀਂ ਜੇ ਆਲਮ ਖ਼ਾਂ..! ਇਹ ਹਰਾਮਜ਼ਾਦੀ ਬੀਮਾਰ ਏ..! ਬੁਖ਼ਾਰ ਵਿਚ ਅਵਾ ਤਵਾ ਬੋਲਦੀ ਪਈ ਏ..!" ਰਫ਼ੀਕਾ ਬੋਲੀ।
-"ਜੇ ਤੰਗ ਫ਼ੰਗ ਕਰੇ ਦੱਸ ਦੇਵੀਂ..! ਤਮੀਜ਼ ਸਿਖਲਾ ਦੇਸਾਂ..!" ਤੇ ਉਹ ਪੁੱਠਾ ਹੀ ਵਾਪਸ ਮੁੜ ਗਿਆ।

੧੮।੦੩।੨੦੧੨

ਕਾਂਡ 1 ਕਾਂਡ 2 ਕਾਂਡ 3 ਕਾਂਡ 4 ਕਾਂਡ 5 ਕਾਂਡ 6 ਕਾਂਡ 7 ਕਾਂਡ 8
ਕਾਂਡ 9 ਕਾਂਡ 10 ਕਾਂਡ 11 ਕਾਂਡ 12 ਕਾਂਡ 13 ਕਾਂਡ 14 ਕਾਂਡ 15 ਕਾਂਡ 16
ਕਾਂਡ 17 ਕਾਂਡ 18 ਕਾਂਡ 19 ਕਾਂਡ 20        

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi.com