WWW 5abi.com  ਸ਼ਬਦ ਭਾਲ

ਨਾਵਲ
ਸੱਜਰੀ
ਪੈੜ ਦਾ ਰੇਤਾ
ਸ਼ਿਵਚਰਨ ਜੱਗੀ ਕੁੱਸਾ

ਕਾਂਡ 1 ਕਾਂਡ 2 ਕਾਂਡ 3 ਕਾਂਡ 4 ਕਾਂਡ 5 ਕਾਂਡ 6 ਕਾਂਡ 7 ਕਾਂਡ 8
ਕਾਂਡ 9 ਕਾਂਡ 10 ਕਾਂਡ 11 ਕਾਂਡ 12 ਕਾਂਡ 13 ਕਾਂਡ 14 ਕਾਂਡ 15 ਕਾਂਡ 16
ਕਾਂਡ 17 ਕਾਂਡ 18 ਕਾਂਡ 19 ਕਾਂਡ 20        
ਕਾਂਡ 19
ਧੀ ਭੈਣ ਕਾ ਜੋ ਪੈਸਾ ਖਾਵੈ
ਕਹੈ ਗੋਬਿੰਦ ਸਿੰਘ ਨਰਕ ਕੋ ਜਾਵੈ
(ਰਹਿਤਨਾਮਾ)


ਸੀਤਲ ਨੂੰ ਪਾਕਿਸਤਾਨ ਦੇ ਇਸ ਕੰਜਰਖਾਨੇ ਆਈ ਨੂੰ ਤਕਰੀਬਨ ਨੌਂ ਮਹੀਨੇ ਹੋ ਗਏ ਸਨ।

ਉਸ ਨਾਲ਼ ਹਰ ਰਾਤ ਘਟਨਾਵਾਂ ਨਹੀਂ, 'ਹਾਦਸੇ' ਵਾਪਰਦੇ ਸਨ। ਕਦੇ ਜ਼ਾਲਮ ਖ਼ਾਂ ਉਸ ਨੂੰ ਮਿੱਧ-ਮੁੱਛ ਜਾਂਦਾ ਅਤੇ ਕਦੇ ਡਾਕਟਰ ਉਸ ਦਾ ਗਾਹ ਪਾ ਜਾਂਦਾ। ਕਹਿਰ ਦੀ ਰਾਤ ਤਾਂ ਉਸ 'ਤੇ ਉਦੋਂ ਆਉਂਦੀ, ਜਦੋਂ ਸੱਲ੍ਹਤ ਖ਼ਾਨ ਪਠਾਣ ਆਉਂਦਾ। ਉਹ ਸਾਰੀ ਸਾਰੀ ਰਾਤ ਸੀਤਲ ਦਾ 'ਝਟਕਾ' ਕਰਕੇ ਉਸ ਉਪਰੋਂ ਪੈਸਿਆਂ ਦੀ ਵਰਖ਼ਾ ਕਰਦਾ ਅਤੇ ਮੂੰਹ 'ਤੇ ਥੁੱਕਦਾ..! ਨਾਲ਼ ਦੀ ਨਾਲ਼ ਉਸ ਨੂੰ "ਬੜੀ ਅਣਖ਼ੀ ਸਰਦਾਰਨੀ ਐਂ ਤੂੰ" ਦਾ ਮਿਹਣਾਂ ਮਾਰ ਕੇ ਸੀਨੇ ਵਿਚ ਗਜ ਚੌੜਾ ਪਾੜ ਪਾ ਜਾਂਦਾ..! ਇਹ ਮਿਹਣੇ ਭਰਿਆ ਨਸ਼ਤਰ ਕਿਸੇ ਸ਼ਮਸ਼ੀਰ ਵਾਂਗ ਉਸ ਦੀ ਹਿੱਕ ਦੇ ਆਰ ਪਾਰ ਹੋ ਜਾਂਦਾ ਅਤੇ ਉਹ ਘੰਟਿਆਂ ਬੱਧੀ ਉਸ ਮਿਹਣੇਂ ਦੀ ਮਾਰੀ ਹੋਈ ਰੋਂਦੀ ਅਤੇ ਆਪਣੇ ਆਪ ਵਿਚ ਖਪਦੀ ਰਹਿੰਦੀ। ਉਸ ਦਾ ਕਸੂਰ ਵੀ ਕੀ ਸੀ...? ਉਹ ਕਿਹਛਾ ਇੱਥੇ ਆਪਣੀ ਮਰਜ਼ੀ ਨਾਲ਼ ਆਈ ਸੀ...? ਉਹ ਤਾਂ ਤਦ ਕਸੂਰਵਾਰ ਹੁੰਦੀ, ਜੇ ਉਹ ਆਪਣੀ ਇੱਛਾ ਅਨੁਸਾਰ ਇਹ ਸਭ ਕੁਝ ਕਰ ਰਹੀ ਹੁੰਦੀ...? ਉਹ ਅੰਦਰੋ ਅੰਦਰੀ ਹੈਦਰ ਅਤੇ ਇਮਰਾਨ ਦੇ ਬਾਪ, ਖ਼ਾਨ ਦੀ ਜਾਨ ਦਾ ਪਿੱਟ ਸਿਆਪਾ ਕਰਦੀ। ਉਸ ਦਾ ਜੀਅ ਕਰਦਾ ਕਿ ਖ਼ਾਨ ਕਦੇ ਇਕੱਲਾ ਉਸ ਇਕੱਲੀ ਦੇ ਸਾਹਮਣੇਂ ਆ ਜਾਵੇ ਤਾਂ ਉਹ ਉਸ ਦੀ ਛਾਤੀ 'ਤੇ ਬੈਠ ਕੇ ਦੰਦਾਂ ਨਾਲ਼ ਬੁਰਕੀਆਂ ਵੱਢੇ..! ਉਸ ਦੇ ਗੰਦੇ ਖ਼ੂਨ ਦਾ ਕਤਰਾ ਕਤਰਾ ਪੀ ਜਾਵੇ..! ਜਾਂ ਉਸ ਦੇ ਗੋਲ਼ੀ ਮਾਰ ਦੇਵੇ, ਜਾਂ ਫਿਰ ਆਪ ਮਰ ਜਾਵੇ..! ਉਸ ਨੇ ਕਈ ਵਾਰ ਖ਼ੁਦਕਸ਼ੀ ਕਰਨ ਦੀ ਵੀ ਸੋਚੀ। ਪਰ ਰਫ਼ੀਕਾ ਦਾ ਉਸ ਤੋਂ ਵਿਸ਼ਵਾਸ ਉਠ ਜਾਵੇਗਾ ਅਤੇ ਹੋ ਸਕਦੈ ਉਸ ਨੂੰ ਕਿਤੇ ਹੋਰ ਭੇਜ ਦਿੱਤਾ ਜਾਵੇ..? ਸੋਚ ਕੇ ਉਹ ਖ਼ੁਦਕਸ਼ੀ ਕਰਨ ਦਾ ਫ਼ੈਸਲਾ ਤਿਆਗ ਦਿੰਦੀ। ਰਫ਼ੀਕਾ ਨੇ ਉਸ ਨੂੰ ਇਕ ਨਹੀਂ, ਵਾਰ ਵਾਰ ਸਮਝਾਇਆ ਸੀ ਕਿ ਅਗਰ ਹੁਣ ਉਸ ਨੇ ਕੋਈ ਹਿੰਮਤ ਜਾਂ ਹਿਮਾਕਤ ਕਰਨ ਦੀ ਕੋਸਿ਼ਸ਼ ਕੀਤੀ, ਤਾਂ ਇਹ ਉਸ ਦੀ ਜਿੰਦਗੀ ਦੀ ਆਖਰੀ ਗਲਤੀ ਹੋਵੇਗੀ..! ਕਿਉਂਕਿ ਇੱਥੇ ਕਿੰਨੀਆਂ ਹੀ ਕੁੜੀਆਂ ਆਈਆਂ ਅਤੇ ਪਤਾ ਨਹੀਂ ਕਿਸ ਨੇ ਕਿੱਥੇ ਖਪਾ ਦਿੱਤੀਆਂ ਗਈਆਂ..? ਉਹਨਾਂ ਨੂੰ ਧਰਤੀ ਨਿਗਲ਼ ਗਈ ਜਾਂ ਅਸਮਾਨ ਹੜੱਪ ਕਰ ਗਿਆ, ਹੁਣ ਤੱਕ ਕੋਈ ਪਤਾ ਨਹੀਂ ਚੱਲਿਆ ਸੀ..! ਇਸ ਲਈ ਬਿਹਤਰ ਇਹੀ ਸੀ ਕਿ ਉਹ ਆਪਣੇ ਹਾਲਾਤਾਂ ਅਨੁਸਾਰ, ਰੱਬ ਦੀ ਰਜ਼ਾ ਵਿਚ ਰਾਜ਼ੀ ਰਹਿ ਕੇ ਵਿਚਰੇ ਅਤੇ ਆਪਣੇ ਚੰਗੇ-ਮੰਦੇ ਲਈ ਸੋਚਣਾਂ ਬੰਦ ਕਰ ਦੇਵੇ..! ਹੁਣ ਉਸ ਦੀ ਜਾਨ ਅਤੇ ਚੰਗਾ ਮਾੜਾ ਸੋਚਣਾਂ ਗੈਂਗ ਦੇ ਦੱਲਿਆਂ ਹੱਥ ਸੀ..। ਜਿੰਨਾਂ ਚਿਰ ਉਹ ਉਹਨਾਂ ਅਨੁਸਾਰ ਚੱਲਦੀ ਰਹੇਗੀ, ਸੌਖੀ ਰਹੇਗੀ..! ਪਰ ਜਿੱਦੇਂ ਉਹਨਾਂ ਦੀ ਕਿਸੇ ਇੱਛਾ ਤੋਂ ਬਾਗ਼ੀ ਹੋਈ, ਉਸ ਦੀ ਜਾਨ ਲਈ ਧੋਖਾ ਸੀ..! ਉਹਨਾਂ ਦੇ ਵਿਧਾਨ ਦੀ ਸਜ਼ਾ ਸਿਰਫ਼ ਅਤੇ ਸਿਰਫ਼ ਮੌਤ ਸੀ..! ਸੀਤਲ ਹਰ ਵਕਤ ਰੱਬ ਨੂੰ ਧਿਆਉਂਦੀ ਰਹਿੰਦੀ, ਕਿ ਕਦੇ ਤਾਂ ਰੱਬ ਉਸ ਦੀ ਸੁਣੂੰਗਾ..? ਮਾਂ ਦੀਆਂ ਦਿੱਤੀਆਂ ਦਲੀਲਾਂ, ਆਖੀਆਂ ਗੱਲਾਂ ਹੁਣ ਹੂ-ਬ-ਹੂ ਪ੍ਰਤੱਖ ਸਾਹਮਣੇ ਆ ਰਹੀਆਂ ਸਨ। ਐਵੇਂ ਤਾਂ ਨਹੀਂ ਸਿਆਣੇ ਆਖਦੇ ਕਿ ਸਿਆਣਿਆਂ ਦਾ ਕਿਹਾ ਅਤੇ ਔਲ਼ੇ ਦਾ ਖਾਧਾ ਪਿੱਛੋਂ ਸੁਆਦ ਦਿੰਦੈ..? ਹੁਣ ਉਸ ਨੂੰ ਮਾਂ ਦੀ ਯਾਦ ਸਭ ਤੋਂ ਵੱਧ ਆਉਂਦੀ..। ਆਪਣੀ ਭੈਣ ਪਾਇਲ ਦਾ ਮੋਹ ਆਉਂਦਾ..। ਬਾਪ ਦਾ ਹਿਤ ਆਉਂਦਾ। ਪਰ ਉਹ ਸੜੇ ਖੰਭਾਂ ਵਾਲ਼ੇ ਪੰਛੀ ਵਾਂਗ ਬੇਵੱਸ ਸੀ..। ਨਿਆਸਰਾ ਸੀ..।

ਇਕ ਦਿਨ ਸੀਤਲ ਅਤੇ ਰਫ਼ੀਕਾ ਵਾਲ਼ੀ ਕੋਠੀ ਦੀ ਕੁਝ ਜਿ਼ਆਦਾ ਹੀ ਝਾੜ ਪੂੰਝ ਹੋਣ ਲੱਗ ਪਈ। ਜ਼ਾਲਮ ਖ਼ਾਂ ਵੀ ਹਰ ਕੋਨੇ ਦਾ ਜਾਇਜ਼ਾ ਲੈ ਰਿਹਾ ਸੀ। ਫ਼ੁੱਲ ਬੂਟੇ ਬੜੇ ਸਲੀਕੇ ਨਾਲ਼ ਧੋਤੇ ਜਾ ਰਹੇ ਸਨ। ਬੈੱਡਾਂ ਦੀਆਂ ਚਾਦਰਾਂ ਬਦਲੀਆਂ ਜਾ ਰਹੀਆਂ ਸਨ। ਚਾਹੇ ਬੈੱਡਾਂ ਦੀਆਂ ਚਾਦਰਾਂ ਹਰ ਰੋਜ਼ ਹੀ ਬਦਲੀਆਂ ਜਾਂਦੀਆਂ ਸਨ। ਪਰ ਅੱਜ ਤਾਂ ਸ਼ਹਿਰੋਂ ਨਵੀਆਂ ਲਿਆ ਕੇ ਵਿਛਾਈਆਂ ਜਾ ਰਹੀਆਂ ਸਨ। ਸ਼ਾਇਦ ਕੋਈ "ਖ਼ਾਸ ਮਹਿਮਾਨ" ਹੀ ਆ ਰਿਹਾ ਸੀ। ਕੋਠੀ ਵਿਚ ਬੱਕਰੇ ਅਤੇ ਮੁਰਗੇ ਦਾ ਮਾਸ ਲਿਆਂਦਾ ਜਾ ਚੁੱਕਾ ਸੀ। ਵਿਦੇਸ਼ੀ ਸ਼ਰਾਬ ਦੀਆਂ ਪੇਟੀਆਂ ਪੁੱਜ ਚੁੱਕੀਆਂ ਸਨ। ਫ਼ੁੱਲਾਂ ਦੇ ਗੁਲਦਸਤੇ ਖ਼ਰੀਦੇ ਜਾ ਰਹੇ ਸਨ! ਕੋਠੀ ਦੇ ਦੂਜੇ ਹਿੱਦੇ 'ਚੋਂ ਸੋਫ਼ੇ ਉਪਰ ਢੋਹੇ ਜਾ ਰਹੇ ਸਨ। ਇਸ ਦਾ ਮਤਲਬ ਸੀ ਕਿ ਮਹਿਮਾਨ ਇਕ ਅੱਧੀ ਰਾਤ ਦੀ ਰਹਾਇਸ਼ ਵੀ ਕਰੇਗਾ ਅਤੇ ਉਸ ਨਾਲ਼ ਹੋਰ ਬੰਦੇ ਵੀ ਹੋਣਗੇ!
ਸ਼ਨਿੱਚਰਵਾਰ ਦਾ ਦਿਨ ਸੀ।

ਸ਼ਾਮ ਨੂੰ ਛੇ ਕੁ ਵਜੇ ਰਫ਼ੀਕਾ ਨੇ ਸੀਤਲ ਨੂੰ ਤਿਆਰ ਹੋ ਜਾਣ ਲਈ ਆਖਿਆ।

ਜਦ ਸੀਤਲ ਨੇ ਰਫ਼ੀਕਾ ਤੋਂ ਕਾਰਨ ਪੁੱਛਿਆ ਤਾਂ ਰਫ਼ੀਕਾ ਨੇ ਸਿਰਫ਼ ਇਤਨਾ ਮੂੰਹ ਹੀ ਖੋਲ੍ਹਿਆ ਸੀ ਕਿ ਅੱਜ 'ਸ਼ਾਹ ਜੀ' ਨੇ ਆਉਣਾਂ ਸੀ। ਇਹ ਸ਼ਾਹ ਜੀ ਕੌਣ ਸਨ..? ਸ਼ਾਇਦ ਸੀਤਲ ਨੂੰ ਕੱਖ ਪਤਾ ਨਹੀਂ ਸੀ। ਸਫ਼ਾਈਆਂ ਕਰ ਕੇ ਜਦ ਤਮਾਮ ਦੱਲੇ ਅਤੇ ਜ਼ਾਲਮ ਖ਼ਾਂ ਚਲੇ ਗਏ, ਤਾਂ ਸੀਤਲ ਨੇ ਰਫ਼ੀਕਾ ਨੂੰ 'ਸ਼ਾਹ ਜੀ' ਦੇ ਬਾਰੇ ਪੁੱਛਿਆ। ਅਸਲ ਵਿਚ ਸ਼ਾਹ ਜੀ ਪਾਕਿਸਤਾਨ ਦਾ ਇਕ ਤੇਲ ਦਾ ਵਿਉਪਾਰੀ ਸੀ। ਉਸ ਦੀਆਂ ਚਾਰ ਬੀਵੀਆਂ ਅਤੇ ਬਾਈ ਬੱਚੇ ਸੁਣੀਂਦੇ ਸਨ। ਇਸ ਏਰੀਏ ਵਿਚ ਜਿੰਨੀਆਂ ਵੀ ਕੋਠੀਆਂ ਰੰਡੀਖਾਨੇ ਲਈ ਵਰਤੀਆਂ ਜਾ ਰਹੀਆਂ ਸਨ, ਇਹ ਸ਼ਾਹ ਜੀ ਦੀਆਂ ਹੀ ਸਨ। ਪਰ ਇਸ ਚੱਲਦੇ ਕੰਜਰਖਾਨੇ ਬਾਰੇ ਸ਼ਾਹ ਜੀ ਨੂੰ ਕੱਖ ਪਤਾ ਨਹੀਂ ਸੀ। ਉਸ ਨੂੰ ਤਾਂ ਇਹ ਦੱਸਿਆ ਗਿਆ ਸੀ ਕਿ ਇਹ ਕੋਠੀਆਂ ਵੱਡੇ ਵੱਡੇ ਅਫ਼ਸਰਾਂ ਅਤੇ ਹਾਈ ਕਮਿਸ਼ਨਰਾਂ ਲਈ ਕਿਰਾਏ 'ਤੇ ਲਈਆਂ ਗਈਆਂ ਸਨ, ਜਿੱਥੇ ਉਹਨਾਂ ਦੇ ਪ੍ਰੀਵਾਰ ਅਤੇ ਬੀਵੀਆਂ ਰਹਿੰਦੀਆਂ ਸਨ। ਸ਼ਾਹ ਜੀ ਰੰਗੀਲੇ ਬੰਦੇ ਸਨ। ਜਦ ਉਹ ਆਉਂਦੇ, ਦੱਲੇ ਉਹਨਾਂ ਲਈ ਸ਼ਰਾਬ, ਕਵਾਬ ਅਤੇ ਸ਼ਬਾਬ ਦਾ ਹਰ ਪ੍ਰਬੰਧ ਕਰਦੇ..! ਉਹਨਾਂ ਨੂੰ ਇਹ ਵੀ ਦੱਸਿਆ ਗਿਆ ਸੀ ਕਿ ਅਫ਼ਸਰ ਅਤੇ ਹਾਈ ਕਮਿਸ਼ਨਰ ਹਫ਼ਤੇ ਦੇ ਅਖ਼ੀਰ ਵਿਚ ਇੱਥੇ ਨਹੀਂ ਰਹਿੰਦੇ ਸਨ। ਉਹ ਆਪਣੇ ਪ੍ਰੀਵਾਰਾਂ ਨਾਲ਼ ਜਾਂ ਤਾਂ ਵੱਡੇ ਹੋਟਲਾਂ ਵਿਚ ਰਾਤ ਕੱਟਦੇ ਸਨ ਅਤੇ ਜਾਂ ਫਿਰ ਆਪਣੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ ਮਿਲਣ ਚਲੇ ਜਾਂਦੇ ਸਨ। ਇਸ ਲਈ ਸ਼ਾਹ ਜੀ ਵਾਹ ਲੱਗਦੀ ਹਫ਼ਤੇ ਦੇ ਅਖ਼ੀਰ ਵਿਚ ਹੀ ਚੱਕਰ ਲਾਉਂਦੇ..! ਸ਼ਾਹ ਜੀ ਸਾਲ ਵਿਚ ਇਕ ਅੱਧੀ ਵਾਰ ਹੀ ਇੱਥੇ ਗੇੜਾ ਮਾਰਦੇ ਸਨ ਅਤੇ ਆਪਣਾ ਕਿਰਾਇਆ ਬਗੈਰਾ ਲੈ ਕੇ ਅਤੇ ਇਕ ਅੱਧੀ ਰਾਤ 'ਐਸ਼' ਕਰਕੇ ਚਲੇ ਜਾਂਦੇ। ਕਿੱਥੇ ਜਾਂਦੇ..? ਇਸ ਬਾਰੇ ਸ਼ਾਇਦ ਕਿਸੇ ਨੂੰ ਵੀ ਪਤਾ ਨਹੀਂ ਸੀ..! ਵੈਸੇ ਆਮ ਕਿਆਫ਼ੇ ਸਨ ਕਿ ਉਹ ਤੇਲ ਦੇ ਵਿਉਪਾਰ ਦੇ ਮਸਲੇ ਵਿਚ ਬਹੁਤਾ ਯੂਰਪ, ਅਮਰੀਕਾ ਜਾਂ ਕੈਨੇਡਾ ਹੀ ਰਹਿੰਦੇ। ਕਦੇ ਕਦੇ ਇਰਾਕ ਅਤੇ ਸਾਊਦੀ ਅਰਬ ਵੀ ਚਲੇ ਜਾਂਦੇ..! ਉਹਨਾਂ ਕੋਲ਼ ਲਿਮੋਸਿੰਨ ਕਾਰਾਂ ਤੋਂ ਇਲਾਵਾ ਇਕ ਆਪਣਾ 'ਜੈੱਟ' ਵੀ ਰੱਖਿਆ ਹੋਇਆ ਸੀ। ਸਾਰੀ ਐਸ਼ ਉਹ ਦੱਲਿਆਂ ਦੇ ਸਿਰੋਂ ਹੀ ਕਰਦੇ। ਪਰ ਚੱਲ ਰਹੇ ਵੇਸਵਾ ਘਰਾਂ ਬਾਰੇ ਉਹ ਉਕਾ ਹੀ ਨਾਵਾਕਿਫ਼ ਸਨ। ਦੱਲੇ ਉਹਨਾਂ ਅੱਗੇ ਪ੍ਰਾਪਰਟੀ ਡੀਲਰ ਬਣ ਕੇ ਪੇਸ਼ ਹੁੰਦੇ..।

ਸਾਰੀ ਕੋਠੀ ਵੰਨ-ਸਵੰਨੀਆਂ ਲਾਈਟਾਂ ਨਾਲ਼ 'ਜਗਮਗ-ਜਗਮਗ' ਕਰ ਉਠੀ ਸੀ।
ਬਾਗ ਅਤੇ ਬਗੀਚੇ ਵਿਚ ਵੀ ਜੋਬਨਮੱਤਾ ਖੇੜਾ ਆਇਆ ਪਿਆ ਸੀ।

ਰਾਤ ਦੇਰ ਨਾਲ਼ ਸ਼ਾਹ ਜੀ ਆਪਣੇ ਲਾਮ ਲਸ਼ਕਰ ਨਾਲ਼ ਆਏ। ਕੋਠੀ ਦਾ ਉਪਰਲਾ ਪੂਰਾ ਹਿੱਸਾ ਉਹਨਾਂ ਲਈ ਸਜਾਇਆ ਹੋਇਆ ਸੀ। ਫ਼ੁੱਲਾਂ ਦੇ ਗੁਲਦਸਤੇ ਰੱਖੇ ਗਏ ਸਨ। ਅਤਰ ਕਪੂਰ ਛਿੜਕੇ ਗਏ ਸਨ। ਸ਼ਾਹ ਜੀ ਨਾਲ਼ ਪੂਰੀਆਂ ਸੱਤ ਵੱਡੀਆਂ ਕਾਰਾਂ ਦਾ ਇਕ ਕਾਫ਼ਲਾ ਸੀ। ਉਹਨਾਂ ਨਾਲ਼ ਅੱਠ ਆਦਮ ਕੱਦ ਹਥਿਆਰਬੰਦ ਬਾਡੀਗਾਰਡ ਸਨ। ਸ਼ਾਹ ਜੀ ਦਾ ਸ਼ਾਹੀ ਸੁਆਗਤ ਕੀਤਾ ਗਿਆ। ਪਰ ਸ਼ਾਹ ਜੀ ਇਸ ਸਾਰੇ ਸੁਆਗਤ ਤੋਂ ਅਣਭਿੱਜ ਜਿਹੇ ਹੀ ਰਹੇ। ਉਹ ਸਿੱਧੇ ਸਲੋਟ ਹੀ ਉਪਰ ਆਪਣੇ ਰਿਹਾਇਸ਼ੀ ਟਿਕਾਣੇਂ 'ਤੇ ਪੁੱਜ ਗਏ। ਰਾਤ ਨੂੰ ਵੀ ਉਹਨਾਂ ਦੇ ਕਾਲ਼ੀਆਂ ਐਨਕਾਂ ਲਾਈਆਂ ਹੋਈਆਂ ਸਨ। ਸ਼ਾਹ ਜੀ ਦੀ ਉਮਰ ਦੇਖਣ ਤੋਂ ਸੱਠ ਕੁ ਸਾਲ ਤੋਂ ਵੱਧ ਨਹੀਂ ਲੱਗਦੀ ਸੀ। ਉਹ ਕਿਸੇ ਨਾਲ਼ ਬਹੁਤੀ ਗੱਲ ਨਹੀਂ ਕਰ ਰਹੇ ਸਨ। ਉਹਨਾਂ ਦੇ ਬਾਡੀਗਾਰਡ ਵੀ ਔਤਾਂ ਦੀ ਮਟੀ ਵਾਂਗ ਚੁੱਪ ਸਨ। ਉਹਨਾਂ ਦੀਆਂ ਸਿਰਫ਼ ਅੱਖਾਂ ਹੀ ਫ਼ਰਕਦੀਆਂ ਨਜ਼ਰ ਪੈ ਰਹੀਆਂ ਸਨ। ਸ਼ਾਹ ਜੀ ਦੇ ਸਰੀਰ 'ਤੇ ਤਕਰੀਬਨ ਇੱਕ ਕਿੱਲੋ ਸੋਨਾਂ ਪਾਇਆ ਹੋਇਆ ਸੀ। ਹੱਥਾਂ ਦੀਆਂ ਦਸਾਂ ਉਂਗਲਾਂ ਵਿਚ ਛਾਪਾਂ, ਗਲ਼ ਵਿਚ ਸੰਗਲ਼ ਵਰਗੀ ਸੋਨੇ ਦੀ ਚੈਨ ਅਤੇ ਹੱਥ ਵਿਚ ਨੌਂ ਤੋਲ਼ੇ ਦਾ ਬਰੈਸਲੈੱਟ..! ਉਹਨਾਂ ਦੇ ਨਾਲ਼ ਉਹਨਾਂ ਦਾ ਨਿੱਜੀ ਸਕੱਤਰ, ਜਿਸ ਕੋਲ਼ ਇਕ ਭਾਰੀ ਕਾਲ਼ਾ ਬੈਗ ਫੜਿਆ ਹੋਇਆ ਸੀ, ਜਿਸ ਵਿਚ ਸ਼ਾਇਦ ਨੋਟ ਭਰੇ ਹੋਏ ਸਨ। ਸ਼ਾਹ ਜੀ ਨੇ ਇਸ਼ਾਰੇ ਨਾਲ਼ ਆਪਣੇ ਬਾਡੀਗਾਰਡਾਂ ਅਤੇ ਨਿੱਜੀ ਸਕੱਤਰ ਨੂੰ ਹੇਠਾਂ ਉਤਾਰ ਦਿੱਤਾ। ਉਹਨਾਂ ਦੀ ਰਹਾਇਸ਼ ਅਤੇ ਖਾਣ ਪੀਣ ਦਾ ਪ੍ਰਬੰਧ ਨਾਲ਼ ਲੱਗਦੀ ਕੋਠੀ ਵਿਚ ਸੀ।

ਜਦੋਂ ਸ਼ਾਹ ਜੀ ਇਕੱਲੇ ਰਹਿ ਗਏ ਤਾਂ ਜ਼ਾਲਮ ਖ਼ਾਂ ਰਫ਼ੀਕਾ ਨੂੰ ਇਸ਼ਾਰਾ ਦੇ ਕੇ ਆਪ ਚਲਿਆ ਗਿਆ।
ਰਫ਼ੀਕਾ ਸ਼ਾਹ ਜੀ ਦੀ ਸੇਵਾ ਵਿਚ ਜਾ ਹਾਜ਼ਰ ਹੋਈ ਅਤੇ ਝੁਕ ਕੇ ਬੜੇ ਅਦਬ ਨਾਲ਼ 'ਆਦਾਬ ਅਰਜ਼' ਕੀਤਾ।

-"ਆ ਬਈ ਰਫ਼ੀਕਾ..! ਸਭ ਖ਼ੈਰੀਅਤ ਏ..?" ਸ਼ਾਹ ਜੀ ਸਿਰਫ਼ ਗਾਊਨ ਵਿਚ ਹੀ ਸਨ। ਪੈਰੀਂ ਚੱਪਲਾਂ ਸਨ। ਹੱਥ ਵਿਚ ਵਿਸਕੀ ਦਾ ਪੈੱਗ ਸੀ। ਐਨਕ ਉਹਨਾਂ ਨੇ ਉਤਾਰ ਦਿੱਤੀ ਸੀ।
-"ਅੱਲਾਹ ਦਾ ਫ਼ਜ਼ਲ ਈ ਸ਼ਾਹ ਜੀ..! ਆਪ ਸੁਣਾਓ..?" ਰਫ਼ੀਕਾ ਸਤਿਕਾਰ ਵਿਚ ਅੱਧੀ ਹੋਈ ਖੜ੍ਹੀ ਸੀ।
-"ਬੱਸ ਰਫ਼ੀਕਾ, ਤੁਸਾਂ ਨੂੰ ਪਤਾ ਈ ਕਿ ਮਰਨ ਦਾ ਵੀ ਵਿਹਲ ਨਹੀਂ ਜੇ..! ਹੋਰ ਸੁਣਾਓ..? ਪ੍ਰੀਵਾਰ ਕਿੱਦਾਂ ਈ..?"
-"ਸਭ ਖ਼ੈਰੀਅਤ ਈ ਸ਼ਾਹ ਜੀ..!"
-"ਅੱਜ ਕੋਈ ਨਵੀਂ ਸ਼ੈਅ ਪੇਸ਼ ਕੀਤੀ ਜਾ ਰਹੀ ਏ ਜਾਂ ਤੂੰ ਹੀ ਮੇਰੇ ਪਾਸ ਰਹਿਸੀ..?" ਸ਼ਾਹ ਜੀ ਨੇ ਪੈੱਗ ਰੱਖ ਕੇ ਰਫ਼ੀਕਾ ਨੂੰ ਬੁੱਕਲ਼ ਵਿਚ ਘੁੱਟ ਲਿਆ।
-"ਨਹੀਂ ਸ਼ਾਹ ਜੀ, ਅੱਜ ਆਪ ਨੂੰ ਇਕ ਨਵੀਂ ਸ਼ੈਅ ਈ ਪੇਸ਼ ਕਰਾਂਗੀ..! ਉਮਰ ਇੱਕੀ ਸਾਲ..!"
-"ਇੱਕੀ ਸਾਲ..? ਅਸਾਂ ਲਈ ਤਾਂ ਇਹ ਬਹੁਤ ਛੋਟੀ ਏ ਰਫ਼ੀਕਾ..! ਇੱਕੀ ਸਾਲ ਵੀ ਕੋਈ ਉਮਰ ਹੋਸੀ..? ਉਹ ਤੇ ਅਜੇ ਬੱਚੀ ਏ..!"
-"ਨਹੀਂ ਸ਼ਾਹ ਜੀ, ਪੱਕ ਚੁੱਕੀ ਏ..! ਕੋਈ ਖ਼ਤਰਾ ਨਹੀਂ..! ਆਪ ਜੋ ਮਰਜ਼ੀ ਤਰੀਕਾ ਅਪਨਾਓ, ਨਾਂਹ ਨਹੀਂ ਜੇ ਕਰੇਗੀ..! ਬੜੀ ਤਜ਼ਰਬੇਕਾਰ ਈ ਸ਼ਾਹ ਜੀ..! ਤੁਸਾਂ ਹੈਰਾਨ ਰਹਿ ਜਾਓਗੇ..!"
-"ਖ਼ੁਸ਼ ਕੀਤਾ ਈ ਰਫ਼ੀਕਾ..! ਆਹ ਫ਼ੜ ਜੇ ਆਪਣਾ ਇਨਾਮ..!" ਉਸ ਨੇ ਰੁੱਗ ਭਰ ਕੇ ਰਫ਼ੀਕਾ ਨੂੰ ਪੈਸੇ ਦਿੰਦਿਆਂ ਕਿਹਾ।
-"ਮਿਹਰਬਾਨੀ ਜਨਾਬ..! ਪੈੱਗ ਪਾ ਕੇ ਦੇਵਾਂ..?" ਰਫ਼ੀਕਾ ਨੇ ਬੜੀ ਚੁੱਸਤ ਅੱਖ ਨਾਲ਼ ਤੱਕਿਆ ਕਿ ਸ਼ਾਹ ਜੀ ਦਾ ਗਿਲਾਸ ਖਾਲੀ ਹੋ ਚੁੱਕਾ ਸੀ।
-"ਨਹੀਂ, ਹੁਣ ਤੂੰ ਜਾਹ ਤੇ ਉਸ ਨੱਢੀ ਨੂੰ ਪਈ ਭੇਜ..! ਹੁਣ ਤੇਰੀ ਉਮਰ ਜਵਾਬ ਪਈ ਦਿੰਦੀ ਜਾਂਦੀ ਏ, ਤੂੰ ਹੁਣ ਇਹ ਕੰਮ ਛੱਡ ਕੇ ਕੋਈ ਹੋਰ ਕਿੱਤਾ ਕਿਉਂ ਨਹੀਂ ਕਰ ਲੈਂਦੀ..?"
-"ਸ਼ਾਹ ਜੀ, ਇਹ ਕਿੱਤਾ ਈ ਐਸਾ ਜਲ਼ੀਲ ਹੈ ਕਿ ਔਰਤ ਇਸ ਕੰਮ ਨੂੰ ਛੱਡ ਕੇ ਭੁੱਖੀ ਹੀ ਮਰੇਗੀ..! ਜਿਸ ਤਰ੍ਹਾਂ ਬਜੁਰਗ ਬਾਤ ਪਏ ਪਾਂਦੇ ਸਨ ਕਿ ਮੈਂ ਕੰਬਲ਼ੀ ਨੂੰ ਛੱਡਦੀ ਆਂ, ਪਰ ਕੰਬਲ਼ੀ ਮੈਨੂੰ ਨਹੀਂ ਜੇ ਛੱਡ ਰਹੀ..!"
-"ਚੱਲ, ਹੁਣ ਨਸ਼ਾ ਨਾ ਖੋਟਾ ਕਰ..! ਉਸ ਨੱਢੀ ਨੂੰ ਪਈ ਭੇਜ ਜਾ ਕੇ..! ਅੱਜ ਅਸਾਂ ਉਸ ਦੇ ਮਾਲੂਕ ਹੱਥਾਂ ਦੇ ਈ ਪੈੱਗ ਪਏ ਪੀਵਾਂਗੇ..!"

ਉਸ ਨੇ ਰਫ਼ੀਕਾ ਦਾ ਇਕ ਤਰ੍ਹਾਂ ਨਾਲ਼ ਰੱਸਾ ਲਾਹ ਦਿੱਤਾ। ਰਫ਼ੀਕਾ ਸੋਚ ਰਹੀ ਸੀ ਕਿ ਚਾਹੇ ਕੋਈ ਕਿੰਨ੍ਹਾਂ ਵੀ ਅਮੀਰ ਹੋ ਜਾਵੇ, ਚਾਰ ਚਾਰ ਤੀਵੀਂਆਂ ਵੀ ਰੱਖ ਲਵੇ, ਪਰ ਉਸ ਦੀ ਨੀਅਤ ਬਿਗਾਨੀਆਂ ਔਰਤਾਂ ਵੱਲ ਝਾਕਣ ਵੱਲੋਂ ਨਹੀਂ ਭਰਦੀ।
ਰਫ਼ੀਕਾ ਨੇ ਝੁਕ ਕੇ ਸ਼ਾਹ ਜੀ ਨੂੰ ਫਿਰ 'ਆਦਾਬ' ਕੀਤਾ ਅਤੇ ਪੌੜੀਆਂ ਉਤਰ ਗਈ।
ਕੁਝ ਪਲਾਂ ਵਿਚ ਨਿੱਖਰੀ-ਤਿੱਖਰੀ ਅਤੇ ਸਜੀ-ਧਜੀ ਸੀਤਲ ਕਮਰੇ ਵਿਚ ਪ੍ਰਵੇਸ਼ ਹੋਈ। ਜਿਵੇਂ ਕਮਰੇ ਅੰਦਰ ਨੂਰ ਵਰ੍ਹ ਪਿਆ ਸੀ। ਸੀਤਲ ਦੀ ਦਿਲਕਸ਼ ਸੂਰਤ ਨੇ ਸ਼ਾਹ ਜੀ ਦੀ ਸੁਰਤ ਨੂੰ ਮਧੋਲ਼ ਸੁੱਟਿਆ।

-"ਸੁਭਾਅਨ ਅੱਲਾਹ..! ਸੁਭਾਅਨ ਅੱਲਾਹ..!! ਇਹ ਚੰਦ ਅੱਜ ਕਿੱਧਰੋਂ ਚੜ੍ਹ ਪਿਆ ਈ..? ਆ ਜਾਹ ਨੱਢੀਏ..! ਆ ਜਾਹ..! ਸੰਗਦੀ ਕਿਉਂ ਪਈ ਏਂ..? ਬਹੁਤ ਤਾਰੀਫ਼ ਮੈਂ ਸੁਣ ਚੁੱਕਿਆ ਵਾਂ ਤੇਰੀ ਰਫ਼ੀਕਾ ਬੇਗਮ ਤੋਂ..! ਤਸ਼ਰੀਫ਼ ਲਿਆਓ..!" ਸ਼ਾਹ ਜੀ ਨੂੰ ਵਿਸਕੀ ਨਾਲ਼ੋਂ ਸੀਤਲ ਦਾ ਸਰੂਰ ਵੱਧ ਚੜ੍ਹ ਗਿਆ ਸੀ। ਉਹ ਧਤੂਰਾ ਪੀਤੇ ਵਾਂਗ ਸ਼ੁਦਾਈ ਹੀ ਤਾਂ ਹੋ ਗਿਆ ਸੀ। ਉਸ ਨੇ ਬੜੇ ਸਲੀਕੇ ਨਾਲ਼ ਸੀਤਲ ਨੂੰ ਆਪਣੇ ਬੈੱਡ 'ਤੇ ਬਿਠਾਇਆ ਅਤੇ ਸੀਤਲ ਨੂੰ ਬੜੀ ਰੀਝ ਨਾਲ਼, ਨੀਝ ਲਾ ਕੇ ਤੱਕਿਆ। ਹੁਸਨ ਦੀ ਮੂਰਤ ਸੀਤਲ ਤੋਂ ਉਸ ਦਾ ਕੁਰਬਾਨ ਹੋ ਜਾਣ ਨੂੰ ਜੀਅ ਕਰਦਾ ਸੀ।
-"ਤੂੰ ਹੁਣ ਤੱਕ ਕਿੱਥੇ ਛੁਪੀ ਰਹੀ..?"
ਸੀਤਲ ਚੁੱਪ ਸੀ।
-"ਮੈਂ ਤਾਂ ਹੁਣ ਤੱਕ ਸੁੱਕੇ ਹੱਡਾਂ ਨਾਲ ਈ ਮੱਥਾ ਟਕਰਾਂਦਾ ਪਿਆ ਸਾਂ..!" ਉਹ ਆਪਣੀ ਬੇਵਕੂਫ਼ੀ ਵਿਚ ਝੂਰ ਰਿਹਾ ਸੀ।
ਸੀਤਲ ਫਿਰ ਵੀ ਕੁਝ ਨਾ ਬੋਲੀ।
-"ਕੱਪੜੇ ਤਾਂ ਉਤਾਰ ਲੈ..! ਕਿਉਂ ਅਸਾਂ ਨੂੰ ਬੇਸਬਰੇ ਪਏ ਕਰਦੇ ਓਂ..?" ਸ਼ਾਹ ਜੀ ਨੇ ਦਰਵਾਜੇ ਦੀ ਕੁੰਡੀ ਲਾ ਕੇ ਪਰਦੇ ਕਰਨ ਲੱਗਿਆਂ ਬਾਹਰ ਨਜ਼ਰ ਮਾਰੀ। ਸਾਰਾ ਜੱਗ ਜਹਾਨ ਨੀਂਦ ਵਿਚ ਡੁੱਬਿਆ ਪਿਆ ਸੀ। ਸ਼ਾਹ ਜੀ ਨੇ ਪਰਦੇ ਕਰ ਦਿੱਤੇ।
ਸੀਤਲ ਨੇ ਕੱਪੜੇ ਉਤਰਾਨੇ ਸ਼ੁਰੂ ਕਰ ਦਿੱਤੇ।
ਸੰਗਮਰਮਰ ਦੀ ਤਰਾਸ਼ੀ ਮੂਰਤ ਵਾਂਗ ਸੀਤਲ ਹੁਣ ਸ਼ਾਹ ਜੀ ਦੇ ਸਾਹਮਣੇ ਨਿਰਵਸਤਰ ਖੜ੍ਹੀ ਸੀ।
ਦੇਖ ਦੇਖ ਕੇ ਸ਼ਾਹ ਜੀ ਬੇਸੁੱਧ ਹੁੰਦੇ ਜਾ ਰਹੇ ਸਨ।
-"ਕੀ ਤਾਰੀਫ਼ ਐ ਤੁਸਾਂ ਦੀ ਬਾਨੋਂ..?" ਸ਼ਾਹ ਜੀ ਨੇ ਸੁਰਤ ਪਰਤਣ 'ਤੇ ਪੁੱਛਿਆ।
-"ਸੀਤਲ...!" ਉਸ ਦੇ ਪਪੀਸੀ ਬੁੱਲ੍ਹਾਂ ਪਿੱਛੋਂ ਮੋਤੀਆਂ ਦੀ ਮਾਲ਼ਾ ਦੰਦ ਲਿਸ਼ਕੇ!
-"ਕੀ ਫ਼ੁਰਮਾਇਆ..?" ਸ਼ਾਹ ਜੀ ਹੈਰਾਨ ਸਨ।
-"ਸੀਤਲ..!" ਡਰਦੀ ਸੀਤਲ ਨੇ ਦੁਹਰਾ ਦਿੱਤਾ। ਉਹ ਸੋਚ ਰਹੀ ਸੀ ਕਿ ਕਿਤੇ ਸ਼ਾਹ ਵੀ ਉਸ ਨੂੰ 'ਗ਼ੈਰ ਮਜਹਬ' ਦੀ ਹੋਣ ਕਾਰਨ ਠੁਕਰਾ ਨਾ ਦੇਵੇ?
-"ਕਿੱਥੋਂ ਦੀ ਰਹਿਣ ਵਾਲ਼ੀ ਏਂ..?"
-"ਇੰਗਲੈਂਡ ਦੀ..!"
-"ਇੰਗਲੈਂਡ ਦੀ ਰਹਿਣ ਵਾਲ਼ੀ ਤੇ ਕੰਮ ਆਹ ਕੁੱਤੇ..?" ਉਸ ਦਾ ਨਸ਼ਾ ਲਹਿ ਗਿਆ, "ਐਥੋਂ ਦੀਆਂ ਔਰਤਾਂ ਤਾਂ ਮਜਬੂਰੀ ਵੱਸ ਪਈਆਂ ਕਰਦੀਆਂ ਨੇ, ਪਰ ਤੈਨੂੰ ਕੀ ਮਜਬੂਰੀ ਆ ਪਈ..? ਪੰਜਾਬੀ ਬੋਲਦੀ ਪਈ ਏਂ, ਕਿਹੜੀ ਜ਼ਾਤ ਐ ਤੇਰੀ..?"
-"ਮੈਂ ਸਿੱਖਾਂ ਦੀ ਕੁੜੀ ਆਂ ਸ਼ਾਹ ਜੀ..!"
-"ਸਿੱਖਾਂ ਦੀ ਲੜਕੀ ਤੇ ਕਾਰੇ ਆਹ ਲੁੱਚੇ..?" ਸ਼ਾਹ ਜੀ ਦੀ ਜ਼ਮੀਰ ਨੇ ਜਿਵੇਂ ਉਸ ਦਾ ਸਿਆਪਾ ਕੀਤਾ।

ਸੀਤਲ ਪਹਿਲਾਂ ਹੁਬਕੀਂ ਅਤੇ ਫਿਰ ਭੁੱਬੀਂ ਰੋ ਪਈ!

-"ਰੋਣ ਦਾ ਮਸਲਾ ਨਹੀਂ, ਅਸਲ ਗੱਲ ਦੱਸ ਜੇ..!" ਸ਼ਾਹ ਜੀ ਨੇ ਉਸ ਨੂੰ ਡੌਲਿ਼ਆਂ ਤੋਂ ਫੜ ਕੇ ਖੜ੍ਹੀ ਕਰ ਲਿਆ।
ਇਕ ਦੇ ਵਾਢਿਓਂ ਸੀਤਲ ਨੇ ਸਾਰਾ ਦੁਖਾਂਤ ਸ਼ਾਹ ਜੀ ਦੇ ਅੱਗੇ ਬਗੈਰ ਕਿਸੇ ਵਲ਼-ਫ਼ੇਰ ਤੋਂ ਰੱਖ ਦਿੱਤਾ।
ਕੋਠੀ ਦੇ ਚੁਬਾਰੇ ਵਿਚ ਸੰਨਾਟਾ ਛਾ ਗਿਆ। ਸਿਰਫ਼ ਕੰਧ 'ਤੇ ਲੱਗੀ ਘੜ੍ਹੀ ਦੀ ਟਿੱਕ-ਟਿੱਕ ਆਪਣੀਂ ਹੋਂਦ ਦਰਸਾ ਰਹੀ ਸੀ।
ਸ਼ਾਹ ਜੀ ਨੇ ਗਿਲਾਸ ਭਰ ਕੇ ਅੰਦਰ ਸੁੱਟਿਆ। ਉਸ ਦੀਆਂ ਅੱਖਾਂ ਦਾ ਰੰਗ ਗੇਰੂ ਹੋ ਗਿਆ ਸੀ।
-"ਬੜੇ ਬੜੇ ਸਰਦਾਰ ਮੇਰੇ ਯਾਰ ਨੇ ਕੁੜੀਏ..! ਤੂੰ ਕੱਪੜੇ ਪਾ..!"

ਸੀਤਲ ਨੂੰ ਰੱਬ ਦਇਆਲ ਹੁੰਦਾ ਜਾਪਿਆ।

-"ਸਰਦਾਰਨੀਆਂ ਤਾਂ ਆਪਣੀ ਅਣਖ਼ ਇੱਜ਼ਤ ਤੇ ਮਜ੍ਹਬ ਲਈ ਆਪਣੇ ਬੱਚਿਆਂ ਦੇ ਟੋਟੇ ਝੋਲੀਆਂ ਵਿਚ ਪੁਆਂਦੀਆਂ ਪਈਆਂ ਸਨ, ਤੇ ਤੂੰ ਇਹਨਾਂ ਬਦ-ਹਾਲਾਤਾਂ ਨਾਲ ਸਮਝੌਤਾ ਕਿਸ ਤਰ੍ਹਾਂ ਕਰੀ ਬੈਠੀ ਏਂ..? ਆਪਣੇ ਖ਼ਾਨਦਾਨ ਦੀ ਇੱਜ਼ਤ ਲਈ ਕੁਝ ਤੇ ਪਈ ਸੋਚਦੀ ਕੁੜੀਏ..! ਕੋਈ ਮਹੁਰਾ ਪਈ ਚੱਟ ਕੇ ਮਰ ਜਾਂਦੀ..? ਇੱਜ਼ਤ 'ਤੇ ਬਰਕਰਾਰ ਰਹਿੰਦੀ..?" ਸ਼ਾਹ ਉਸ ਨੂੰ ਲਾਹਣਤਾਂ ਪਾ ਰਿਹਾ ਸੀ।
-"ਮੇਰੇ ਕੋਈ ਵੱਸ ਦੀ ਗੱਲ ਨਹੀਂ ਰਹੀ ਸ਼ਾਹ ਜੀ..! ਮੈਂ ਮਜਬੂਰ ਸੀ ਤੇ ਅੱਜ ਵੀ ਮਜਬੂਰ ਹਾਂ..! ਇਹ ਸਾਰਾ ਕੰਮ ਮਜਬੂਰੀ ਵਿਚ ਹੀ ਕਰਦੀ ਰਹੀ, ਪਰ ਮੈਨੂੰ ਰੱਬ 'ਤੇ ਪੱਕਾ ਵਿਸ਼ਵਾਸ ਐ ਕਿ ਕੋਈ ਰੱਬ ਦਾ ਬੰਦਾ ਆਊਗਾ, ਤੇ ਮੈਨੂੰ ਇਸ ਨਰਕ ਭਰੀ ਜਿ਼ੰਦਗੀ 'ਚੋਂ ਕੱਢੂਗਾ..!" ਉਸ ਦਾ ਫਿਰ ਰੋਣ ਨਿਕਲ਼ ਗਿਆ।
-"ਉਹ ਰੱਬ ਦਾ ਬੰਦਾ ਆਵੇਗਾ ਨਹੀਂ, ਇੰਸ਼ਾਲਾ ਆ ਚੁੱਕਾ ਈ ਕੁੜੀਏ..!" ਸ਼ਾਹ ਨੇ ਬੈੱਡ ਤੋਂ ਲਾਹ ਕੇ ਚਾਦਰ ਨਾਲ਼ ਸੀਤਲ ਦਾ ਨਗਨ ਬਦਨ ਢਕ ਦਿੱਤਾ।
-"ਪਰ ਐਥੋਂ ਨਿਕਲਣਾਂ ਖ਼ਤਰੇ ਤੋਂ ਖਾਲੀ ਨਹੀਂ ਐਂ ਸ਼ਾਹ ਜੀ..!"
-"ਜਹੱਨਮ 'ਚ ਪਿਆ ਪਵੇ ਖ਼ਤਰਾ..! ਇਸ ਦਾ ਤੂੰ ਫਿ਼ਕਰ ਨਾ ਕਰ..! ਇਸ ਦਾ ਕੰਮ ਮੇਰੇ ਉਪਰ ਪਈ ਛੱਡ..! ਮੈਂ ਕੱਢਾਂਗਾ ਤੁਸਾਂ ਨੂੰ ਇਸ ਜ਼ਲਾਲਤ ਵਿਚੋਂ..! ਮੇਰੇ ਬੜੇ ਬੜੇ ਸਰਦਾਰ ਯਾਰ ਈ..! ਹਿੱਕ ਦੇ ਵਾਲ, ਹਮ ਪਿਆਲਾ, ਹਮ ਨਿਵਾਲਾ..! ਮੇਰੇ ਬਿਜ਼ਨਸ ਵਿਚ ਮੇਰਾ ਬੜਾ ਸਾਥ ਪਏ ਦਿੰਦੇ ਨੇ..! ਤੇ ਉਹ ਵੀ ਬੜੀ ਇਮਾਨਦਾਰੀ ਨਾਲ..! ਤੂੰ ਚਿੰਤਾ ਕੋਈ ਨਹੀਂ ਕਰਨੀ..! ਮੈਂ ਵੈਸੇ ਸੁਭਾਹ ਜਾਣਾਂ ਸੀ, ਪਰ ਮੈਂ ਕੱਲ੍ਹ ਵੀ ਐਥੇ ਈ ਰਹਿਸਾਂ..! ਕਿਸੇ ਨੂੰ ਕੋਈ ਗੱਲ ਬਾਤ ਨਹੀਂ ਜੇ ਦੱਸਣੀ..! ਸੁਣ ਲਿਆ ਈ..? ਮੈਂ ਤੈਨੂੰ ਐਥੋਂ ਕੱਢਣ ਲਈ ਇੰਸ਼ਾ-ਲਾ ਪੂਰੀ ਸਕੀਮ ਬਣਾਉਨਾਂ..! ਕੱਲ੍ਹ ਰਾਤ ਫਿਰ ਮੇਰੇ ਕੋਲ ਆਣਾਂ..! ਰਾਤੋ ਰਾਤ ਤੁਸਾਂ ਨੂੰ ਕਿਸੇ ਟਿਕਾਣੇ ਪਏ ਪਹੁੰਚਾ ਦਿਆਂਗੇ..! ਬੜੇ ਸਿਆਸਤਦਾਨ ਤੇ ਹਾਈ ਕਮਿਸ਼ਨਰ ਮੇਰੇ ਮਿੱਤਰ ਨੇ..! ਤੂੰ ਇਹ ਗੱਲ ਕਿਸੇ ਕੋਲ ਨਹੀਂ ਜੇ ਕਰਨੀ, ਤੇ ਕੱਲ੍ਹ ਇੰਸ਼ਾ-ਲਾ ਪੂਰੀ ਤਿਆਰੀ ਕਰ ਕੇ ਆਣਾਂ ਜੇ..! ਕੁਝ ਵੀ ਨਾਲ ਨਹੀਂ ਜੇ ਖੜਨਾ..! ਕਿਸੇ ਨੂੰ ਸ਼ੱਕ ਨਹੀਂ ਹੋਣੀਂ ਚਾਹੀਦੀ..! ਮੈਨੂੰ ਤਾਂ ਕੋਈ ਡਰ ਨਹੀਂ, ਲੇਕਿਨ ਤੈਨੂੰ ਨਾ ਅੱਗੇ ਪਿੱਛੇ ਪਏ ਕਰ ਦੇਣ, ਤੇਰੇ ਲਈ ਇਹ ਖ਼ਤਰਾ ਅਸਾਂ ਨੇ ਮੁੱਲ ਨਹੀਂ ਜੇ ਲੈਣਾਂ, ਸਮਝ ਗਈ..? ਕਿਸੇ ਕੋਲ ਕੋਈ ਗੱਲ ਨਹੀਂ ਜੇ ਕਰਨੀ, ਮੂੰਹ ਬੰਦ ਰੱਖਣਾਂ ਈ..! ਇਹ ਇਤਨੇ ਹਰਾਮੀ ਤੇ ਜ਼ਲੀਲ ਲੋਕ..? ਮੈਨੂੰ ਹਰਾਮਜ਼ਾਦੇ ਪਏ ਆਖਦੇ ਸਨ ਕਿ ਇੱਥੇ ਤਾਂ ਜੀ ਵੱਡੇ ਵੱਡੇ ਅਫ਼ਸਰ ਵਸਦੇ ਨੇ, ਉਹਨਾਂ ਦੇ ਪ੍ਰੀਵਾਰ ਵਸਦੇ ਨੇ! ਇਹ ਜੋ ਰਫ਼ੀਕਾ ਵਰਗੀਆਂ ਤੁਸਾਂ ਨੂੰ ਪੇਸ਼ ਕਰਦੇ ਪਏ ਆਂ, ਇਹ ਸ਼ੌਂਕੀਆ ਧੰਦਾ ਪਈਆਂ ਕਰਦੀਆਂ ਨੇ! ਪੈਸੇ ਲਈ ਕਰਦੀਆਂ ਨੇ..! ਅਸਾਂ ਨੂੰ ਕੀ ਪਤਾ ਕੀ ਇਹ ਕੰਜਰ ਮਾਸੂਮ ਕੁੜੀਆਂ ਨੂੰ ਆਪਣੇ ਜਾਲ ਵਿਚ ਫ਼ਸਾ ਕੇ ਜ਼ਲੀਲ ਪਏ ਕਰਦੇ ਨੇ ਤੇ ਪੈਸੇ ਵੱਲੋਂ ਹੱਥ ਪਏ ਰੰਗਦੇ ਨੇ..? ਕੋਈ ਗੱਲ ਨਹੀਂ, ਇਹਨਾਂ ਹਰਾਮਜ਼ਾਦਿਆਂ ਨੂੰ ਮੈਂ ਸਬਕ ਸਿਖਾ ਕੇ ਰਹਾਂਗਾ..! ਪਰ ਤੂੰ ਆਪਣੀ ਜ਼ੁਬਾਨ ਬੰਦ ਰੱਖਣੀ ਏਂ, ਸਮਝ ਗਈ ਜੇ ਮੇਰੀ ਗੱਲ..? ਹੋਰ ਨਾ ਕਿਤੇ ਕੀਤਾ ਕਰਾਇਆ ਖ਼ੂਹ ਵਿਚ ਪਈ ਸੁੱਟ ਛੱਡੇਂ..! ਮੂਰਖ਼ਤਾਈ ਨਹੀਂ ਜੇ ਕਰਨੀ..! ਬੱਸ ਚੁੱਪ ਰਹਿਣਾਂ ਜੇ..! ਕਿਸੇ ਨੂੰ ਕੁਝ ਵੀ ਮਹਿਸੂਸ ਨਾ ਹੋਵੇ ਕੀ ਆਪਣੀ ਕੋਈ ਗੱਲ ਬਾਤ ਹੋਈ ਏ..! ਤੇ ਬੱਚਿਆਂ ਵਾਲੀ ਗੱਲ ਨਾ ਪਈ ਕਰੀਂ..! ਬੱਸ ਅੱਲਾਹ ਦਾ ਨਾਂਮ ਲੈ ਕੇ ਕੱਲ੍ਹ ਨੂੰ ਆ ਜਾਵੀਂ, ਤੇ ਕੱਲ੍ਹ ਰਾਤ ਨੂੰ ਤੁਸਾਂ ਨੂੰ ਇੱਥੋਂ ਕੱਢ ਲਵਾਂਗੇ..! ਔਰ ਹਾਂ, ਕੱਲ੍ਹ ਵੀ ਇਸੇ ਤਰ੍ਹਾਂ ਹੀ ਤਿਆਰ ਹੋ ਕੇ ਆਣਾਂ ਜੇ..! ਕਿਸੇ ਨੂੰ ਸ਼ੱਕ ਨਹੀਂ ਹੋਵੇਗੀ..!" ਸ਼ਾਹ ਜੀ ਨੇ ਕਿੰਨਾਂ ਕੁਝ ਸੀਤਲ ਨੂੰ ਸਮਝਾ ਦਿੱਤਾ।

ਸੀਤਲ ਨੇ ਝੁਕ ਕੇ ਸ਼ਾਹ ਜੀ ਦੇ ਪੈਰ ਫੜ ਲਏ। ਸ਼ਾਹ ਜੀ ਨੇ ਉਸ ਨੂੰ ਆਪਣਿਆਂ ਪੈਰਾਂ ਤੋਂ ਉਠਾ ਕੇ ਕਿਸੇ ਬੱਚੇ ਵਾਂਗ ਛਾਤੀ ਨਾਲ਼ ਲਾ ਲਿਆ।

-"ਸੀਤਲ, ਤੂੰ ਇਕ ਤਰ੍ਹਾਂ ਨਾਲ ਹੁਣ ਮੇਰੀ ਬੱਚੀ ਏਂ..! ਇਕ ਅਣਖ਼ੀ ਸਰਦਾਰ ਦੀ ਧੀ, ਮੇਰੀ ਧੀ ਏ..! ਚਿੰਤਾ ਨਹੀਂ ਜੇ ਕਰਨੀ..! ਜੋ ਤੂੰ ਮੇਰੇ ਸਾਹਮਣੇ ਕੱਪੜੇ ਉਤਾਰੇ ਤੇ ਅਸਾਂ ਨੇ ਤੇਰਾ ਨੰਗਾ ਬਦਨ ਤੱਕਿਆ, ਇਸ ਲਈ ਅਸਾਂ ਨੂੰ ਮੁਆਫ਼ ਕਰਨਾਂ..!" ਸ਼ਾਹ ਜੀ ਨੇ ਸੀਤਲ ਅੱਗੇ ਹੱਥ ਜੋੜੇ। ਪਰ ਸੀਤਲ ਨੇ ਉਸ ਦੇ ਜੋੜੇ ਹੱਥ ਸਤਿਕਾਰ ਵਜੋਂ ਫੜ ਕੇ ਮੱਥੇ ਨਾਲ਼ ਲਾਏ।
-"ਸੀਤਲ, ਗੁੰਡਿਆਂ ਨੂੰ ਗੁੰਡੇ ਹੀ ਖ਼ਤਮ ਕਰ ਸਕਦੇ ਨੇ, ਸਾਡਾ ਸਮਾਜ, ਸਾਡਾ ਕਾਨੂੰਨ, ਸਾਡਾ ਭਾਈਚਾਰਾ, ਸਾਡੀਆਂ ਅਦਾਲਤਾਂ ਗੁੰਡਿਆਂ ਨੂੰ ਨੱਥ ਨਹੀਂ ਜੇ ਪਾ ਸਕਦੀਆਂ..! ਸਾਡਾ ਕਾਨੂੰਨ ਗਿਰਵੀ ਏ, ਸਾਡਾ ਸਮਾਜ ਨਿਪੁੰਸਕ ਏ, ਸਾਡੀਆਂ ਅਦਾਲਤਾਂ ਗ਼ੁਲਾਮ ਨੇ, ਸਾਡੇ ਭਾਈਚਾਰੇ ਦੀ ਜ਼ਮੀਰ ਵਿਕੀ ਹੋਈ ਏ..! ਅੱਲਾਹ ਤਾਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਪਿਆ ਆਖਨਾ ਵਾਂ ਕਿ ਮੈਂ ਤੇ ਸੋਚ ਰਿਹਾ ਸਾਂ ਕਿ ਕੁੜੀਆਂ ਖ਼ੁਦ ਅਯਾਸ਼ੀ ਕਰਨ ਪਈਆਂ ਆਂਦੀਆਂ ਨੇ, ਜਾਂ ਪੈਸੇ ਦੇ ਲਾਲਚ ਵਿਚ ਅਮੀਰ ਘਰਾਂ ਦੀਆਂ ਵਿਗੜੀਆਂ ਲੜਕੀਆਂ ਆਪਣਾ ਸ਼ਾਹੀ ਖ਼ਰਚਾ ਚਲਾਣ ਲਈ ਵੀ ਧੰਦਾ ਪਈਆਂ ਕਰਦੀਆਂ ਨੇ, ਪਰ ਐਸ ਅਸਲ ਗੱਲ ਦਾ ਤਾਂ ਤੂੰ ਮੈਨੂੰ ਅੱਜ ਪਹਿਲੀ ਵਾਰ ਜਿ਼ਕਰ ਕੀਤਾ ਈ..! ਸਾਡੀ ਤਮਾਮ ਸਕੀਮ ਅੱਲਾਹ ਦੇ ਫ਼ਜ਼ਲ ਨਾਲ ਇੰਸ਼ਾ-ਲਾ ਕੱਲ੍ਹ ਨੂੰ ਸਿਰੇ ਲੱਗ ਜਾਵੇਗੀ..!" ਸ਼ਾਹ ਜੀ ਨੇ ਉਠ ਕੇ ਫਿਰ ਬਾਹਰਲਾ ਪਰਦਾ ਪਰ੍ਹੇ ਕਰਕੇ ਦੇਖਿਆ। ਚਾਰੇ ਪਾਸੇ ਸੁੰਨ ਸਰਾਂ ਸੀ। ਕੋਈ ਬੰਦਾ, ਨਾ ਪਰਿੰਦਾ ਨਜ਼ਰ ਆਉਂਦਾ ਸੀ। ਸਾਰਾ ਜਹਾਨ ਗੂੜ੍ਹੀ ਨੀਂਦ ਵਿਚ ਡੁੱਬਿਆ ਹੋਇਆ ਸੀ। ਕੋਠੀ ਦੇ ਸਿਰ 'ਤੇ ਪੁੰਨਿਆਂ ਦਾ ਚੰਦਰਮਾਂ ਮੁਸਕਰਾ ਰਿਹਾ ਸੀ ਅਤੇ ਨਿਰਮਲ ਅਸਮਾਨ ਦੀ ਹਿੱਕ 'ਤੇ ਤਾਰੇ ਖਿੜੇ ਹੱਸ ਰਹੇ ਸਨ।

ਸੀਤਲ ਦੇ ਮਨ ਤੋਂ ਮਣਾਂ-ਮੂੰਹੀਂ ਬੱਜਰ ਬੋਝ ਉਤਰ ਗਿਆ ਸੀ। ਉਹ ਸੋਚ ਰਹੀ ਸੀ ਕਿ ਉਹ ਵੀ ਆਪਣੇ ਆਪ ਨੂੰ ਮੁਸਲਮਾਨ ਅਖਵਾਉਣ ਵਾਲ਼ੇ ਦੈਂਤ ਸਨ, ਜਿਹਨਾਂ ਨੇ ਮੈਨੂੰ ਜਿਉਂਦੀ ਜਾਗਦੀ ਨੂੰ ਐਡੇ ਨਰਕ ਵਿਚ ਲਿਆ ਸੁੱਟਿਆ..? ਅਤੇ ਇਹ ਵੀ ਇਕ ਮੁਸਲਮਾਨ ਸੀ, ਜਿਸ ਨੇ ਮੈਨੂੰ ਇਸ ਕੁੰਭੀ ਨਰਕ ਵਿਚੋਂ ਕੱਢਣ ਦਾ ਬੀੜਾ ਚੁੱਕਿਆ। ਇਨਸਾਨ ਅਸਲ ਵਿਚ ਇਨਸਾਨ ਹੁੰਦਾ ਹੈ, ਉਸ ਦਾ ਕੋਈ ਮਜ੍ਹਬ ਜਾਂ ਧਰਮ ਨਹੀਂ ਹੁੰਦਾ..! ਮਜ੍ਹਬ ਜਾਂ ਧਰਮ ਦਾ ਫ਼ੋਕਾ ਹੋਕਾ ਸਿਰਫ਼ ਪਾਖੰਡੀ ਅਤੇ ਲੁਟੇਰੇ ਹੀ ਦਿੰਦੇ ਹਨ! ਸਭ ਤੋਂ ਵੱਡੇ ਠੱਗ ਹੀ ਧਰਮ-ਮਜ੍ਹਬ ਦੇ ਠੇਕੇਦਾਰ ਬਣਦੇ ਨੇ..! ਮਜ੍ਹਬ ਦੇ ਭੇਸ ਵਿਚ ਦੁਨੀਆਂ ਨੂੰ ਲੁੱਟਣ ਖਾਣ ਲਈ!

-"ਇੰਸ਼ਾ-ਲਾ, ਕੱਲ੍ਹ ਨੂੰ ਤੈਨੂੰ ਇੱਥੋਂ ਕੱਢ ਕੇ, ਮੈਂ ਇਹਨਾਂ ਸੂਅਰ ਦੇ ਪੁੱਤਰਾਂ ਤੋਂ ਆਪਣੀਆਂ ਕੋਠੀਆਂ ਖਾਲੀ ਪਿਆ ਕਰਵਾਂਦਾ ਹਾਂ..! ਮੈਂ ਇਹਨਾਂ ਜ਼ਲਾਲਤ ਭਰੇ ਬੰਦਿਆਂ ਨੂੰ ਐਸਾ ਸਬਕ ਦੇਸਾਂ ਕਿ ਇਹ ਤੌਬਾ ਪਏ ਕਰ ਜਾਣਗੇ..! ਜੇ ਇਹਨਾਂ ਕੁੱਤੀ ਦੇ ਪੁੱਤਰਾਂ ਤੋਂ ਜੇਲ੍ਹ ਵਿਚ ਚੱਕੀ ਨਾ ਪਿਸਾਈ, ਤਾਂ ਅਸਾਂ ਨੂੰ ਸ਼ਾਹ ਜੀ ਕਿਸੇ ਨਹੀਂ ਜੇ ਆਖਣਾਂ..!" ਸ਼ਾਹ ਅੰਦਰੋਂ ਕਰੋਧ ਨਾਲ਼ ਉਬਲ਼ ਉਬਲ਼ ਪੈਂਦਾ ਸੀ।
ਉਸ ਨੇ ਆਪਣੇ ਆਪ ਨੂੰ ਹਲਕੀ-ਹਲਕੀ ਮਹਿਸੂਸ ਕੀਤਾ।

ਆਮ ਰੁਟੀਨ ਵਾਂਗ ਸੀਤਲ ਸ਼ਾਹ ਜੀ ਕੋਲ ਸਵੇਰ ਦੇ ਚਾਰ ਵਜੇ ਤੱਕ ਰਹੀ ਅਤੇ ਹੇਠਾਂ ਆ ਕੇ ਰਫ਼ੀਕਾ ਕੋਲ਼ ਪੈ ਗਈ। ਹੇਠਾਂ ਉਤਰਨ ਤੋਂ ਪਹਿਲਾਂ ਉਸ ਨੇ ਚਾਰੇ ਪਾਸੇ ਗਹੁ ਨਾਲ਼ ਦੇਖਿਆ ਸੀ। ਮਤਾਂ ਕਿਸੇ ਚੁਗਲਖ਼ੋਰ ਨੇ ਉਹਨਾਂ ਦੀਆਂ ਗੱਲਾਂ ਨਾ ਸੁਣ ਲਈਆਂ ਹੋਣ...? ਪਰ ਸਭ ਸੁੱਖ ਸਾਂਦ ਸੀ। ਸੀਤਲ ਦੇ ਮਨ 'ਤੇ ਕੋਈ ਬਹੁਤੀ ਖ਼ੁਸ਼ੀ ਨਹੀਂ ਆਈ ਸੀ। ਉਸ ਨੂੰ ਵਿਸ਼ਵਾਸ ਹੀ ਨਹੀਂ ਆ ਰਿਹਾ ਸੀ ਕਿ ਉਹ ਇਸ ਜ਼ਲਾਲਤ ਭਰੀ ਜਿ਼ੰਦਗੀ 'ਚੋਂ ਕਦੇ ਨਿਜ਼ਾਤ ਪਾ ਜਾਵੇਗੀ...? ਅਨੀਂਦਰੀ ਹੋਣ ਕਾਰਨ ਵੀ ਨੀਂਦ ਉਸ ਦੇ ਨਜ਼ਦੀਕ ਨਹੀਂ ਢੁੱਕੀ ਸੀ। ਸਵੇਰ ਹੋਣ ਤੱਕ ਉਹ ਮੁਲਾਇਮ ਬੈੱਡ 'ਤੇ ਪਈ ਪਾਸੇ ਪਰਤਦੀ ਰਹੀ ਸੀ। ਸੂਰਜ ਚੜ੍ਹਨ ਸਮੇਂ ਕਿਤੇ ਉਸ ਨੂੰ ਨੀਂਦ ਪਈ।
ਦੁਪਿਹਰ ਦੇ ਗਿਆਰਾਂ ਕੁ ਵਜੇ ਸੀਤਲ ਦੀ ਜਾਗ ਖੁੱਲ੍ਹੀ।
ਰਫ਼ੀਕਾ ਬਾਹਰ ਫ਼ੁੱਲਵਾੜੀ ਵਿਚ ਕੁਰਸੀ 'ਤੇ ਬੈਠੀ ਸੀ।

ਸ਼ਾਹ ਜੀ ਕਿਤੇ ਜਾ ਚੁੱਕੇ ਸਨ।
ਜਦ ਸੀਤਲ ਉਠ ਕੇ ਬਾਹਰ ਆਈ ਤਾਂ ਰਫ਼ੀਕਾ ਉਸ ਨੂੰ ਬੜੀ ਖ਼ੁਸ਼ ਖ਼ੁਸ਼ ਨਜ਼ਰ ਆਈ।
ਹੈਰਾਨ ਹੋ ਕੇ ਸੀਤਲ ਨੇ ਖ਼ੁਸ਼ੀ ਦਾ ਕਾਰਨ ਪੁੱਛਿਆ।

-"ਸ਼ਾਹ ਜੀ ਅੱਜ ਦੀ ਰਾਤ ਹੋਰ ਐਥੇ ਰਹਿਣਗੇ..!" ਰਫ਼ੀਕਾ ਨੇ ਸੀਤਲ ਨੂੰ ਦੱਸਿਆ ਸੀ। ਪਰ ਸੀਤਲ ਨੂੰ ਤਾਂ ਇਸ ਗੱਲ ਦਾ ਪਹਿਲਾਂ ਹੀ ਪਤਾ ਸੀ। ਉਸ ਦੇ ਮਨ 'ਤੇ ਬਹੁਤਾ ਕੋਈ ਅਸਰ ਨਾ ਹੋਇਆ।
-"ਅੱਗੇ ਤਾਂ ਕਦੇ ਸ਼ਾਹ ਜੀ ਇਕ ਰਾਤ ਤੋਂ ਵੱਧ ਐਥੇ ਰਹੇ ਨ੍ਹੀ ਸੀ..? ਕੀ ਘੋਲ਼ ਕੇ ਪਾ ਦਿੱਤਾ ਤੂੰ ਸ਼ਾਹ ਜੀ ਦੇ ਸਿਰ ਸੀਤਲ..?"
-"ਮੈਂ ਕੀ ਘੋਲ਼ ਕੇ ਪਾਉਣਾਂ ਸੀ ਭੈਣੇਂ..? ਜੋ ਹੋਰ ਲੋਕਾਂ ਨਾਲ਼ ਹਰ ਰਾਤ ਕਰਦੀ ਆਂ, ਓਹੀ ਸ਼ਾਹ ਜੀ ਨਾਲ਼ ਕੀਤੈ..! ਹੋਰ ਮੈਂ ਕੀ ਵੱਖਰਾ ਕਰ ਦਿੱਤਾ..?" ਚਾਹ ਪੀਂਦੀ ਸੀਤਲ ਨੇ ਗੱਲ ਘੱਟੇ ਪਾ ਦਿੱਤੀ।

ਦੁਪਿਹਰ ਦਾ ਖਾਣਾਂ ਖਾਣ ਤੋਂ ਬਾਅਦ ਰਫ਼ੀਕਾ ਅਤੇ ਸੀਤਲ ਫਿਰ ਅਰਾਮ ਕਰਨ ਲਈ ਪੈ ਗਈਆਂ।
ਸੀਤਲ ਦੇ ਦਿਮਾਗ ਵਿਚ ਸੋਚਾਂ ਦਾ ਭੂਚਾਲ਼ ਆਇਆ ਹੋਇਆ ਸੀ।
ਰਫ਼ੀਕਾ ਅਰਾਮ ਕਰ ਰਹੀ ਸੀ। ਪਰ ਸੀਤਲ ਨੂੰ ਇਕ ਅਜੀਬ ਅੱਚਵੀ ਲੱਗੀ ਹੋਈ ਸੀ।
ਉਸ ਨੂੰ ਟੇਕ ਜਿਹੀ ਨਹੀਂ ਆ ਰਹੀ ਸੀ।

ਉਹ ਵਾਰ ਵਾਰ ਪਾਸਾ ਪਰਤ ਕੇ ਰਫ਼ੀਕਾ ਵੱਲ ਦੇਖਦੀ। ਅੱਜ ਉਸ ਨੂੰ ਰਫ਼ੀਕਾ ਦਾ ਬਹੁਤਾ ਹੀ ਮੋਹ ਜਿਹਾ ਆ ਰਿਹਾ ਸੀ। ਰਫ਼ੀਕਾ ਨੇ ਸੀਤਲ ਨੂੰ ਕਦੇ ਕੰਡੇ ਜਿੰਨੀ ਤਕਲੀਫ਼ ਨਹੀਂ ਦਿੱਤੀ ਸੀ। ਜਦੋਂ ਦਿੱਤੀ ਸੀ, ਵੱਡੀਆਂ ਭੈਣਾਂ ਵਾਂਗ ਕੋਈ ਜਾਇਜ਼ ਮੱਤ ਹੀ ਦਿੱਤੀ ਸੀ। ਕਦੇ ਈਰਖ਼ਾ ਜਾਂ ਸਾੜਾ ਨਹੀਂ ਕੀਤਾ ਸੀ। ਕਦੇ ਮੰਦਾ ਬਚਨ ਨਹੀਂ ਬੋਲਿਆ ਸੀ। ਕਦੇ ਕਿਸੇ ਗੱਲੋਂ ਸਤਾਇਆ ਨਹੀਂ ਸੀ। ਕਦੇ ਕੋਈ ਚੋਭਵੀਂ ਗੱਲ ਨਹੀਂ ਕੀਤੀ ਸੀ। ਸਾਈਦਾ ਲਈ ਸੀਤਲ ਦੇ ਮਨ ਵਿਚ ਅੱਤ ਦੀ ਘ੍ਰਿਣਾਂ ਸੀ। ਸਾਈਦਾ ਨੇ ਸ਼ੁਰੂ ਸ਼ੁਰੂ ਵਿਚ ਸੀਤਲ ਨੂੰ ਬੜਾ ਤੰਗ ਕੀਤਾ ਸੀ। ਜਿੰਨਾਂ ਚਿਰ ਸੀਤਲ ਇਸ ਧੰਦੇ ਵਿਚ ਪ੍ਰਪੱਕ ਨਹੀਂ ਹੋ ਗਈ ਸੀ, ਉਤਨਾਂ ਚਿਰ ਸਾਈਦਾ ਅਤੇ ਜ਼ਾਲਮ ਖ਼ਾਂ ਦੀ ਬਾਜ਼ ਅੱਖ ਸੀਤਲ 'ਤੇ ਹੀ ਘੁੰਮਦੀ ਰਹਿੰਦੀ। ਉਹਨਾਂ ਦੋਨਾਂ ਨੇ ਸੀਤਲ ਨੂੰ ਕੁੱਟਣ ਮਾਰਨ ਤੋਂ ਇਲਾਵਾ ਬੜਾ ਅਣਮਨੁੱਖੀ ਤਸ਼ੱਦਦ ਕੀਤਾ ਸੀ। ਜ਼ਾਲਮ ਖ਼ਾਂ ਨੇ ਉਸ ਨੂੰ ਬੜਾ ਚੂੰਡਿਆ ਸੀ। ਘੋਰ ਜ਼ੁਲਮ ਕੀਤਾ ਸੀ। ਗਿਣ ਗਿਣ ਕੇ ਬਦਲੇ ਲਏ ਸਨ। ਉਸ ਨੂੰ ਡਰਾਉਣ ਅਤੇ ਇਸ ਰਸਤੇ ਤੋਰਨ ਲਈ ਵਾਹ ਲੱਗਦੀ ਹਰ ਜ਼ੁਲਮ ਕੀਤਾ ਸੀ।

ਸ਼ਾਮ ਨੂੰ ਜਦੋਂ ਸੀਤਲ ਅਤੇ ਰਫ਼ੀਕਾ ਉਠੀਆਂ ਤਾਂ ਕੋਠੀ ਦੇ ਉਪਰਲੇ ਹਿੱਸੇ ਦੀ ਸਫ਼ਾਈ ਕੀਤੀ ਜਾ ਚੁੱਕੀ ਸੀ।

ਰਫ਼ੀਕਾ ਤੋਂ ਬਾਅਦ ਸੀਤਲ ਨਹਾਉਣ ਚਲੀ ਗਈ। ਉਸ ਨੇ ਬੜੀ ਰੀਝ ਨਾਲ਼ ਆਪਣਾਂ ਸਰੀਰ ਧੋਤਾ। ਮਲ਼ ਮਲ਼ ਕੇ..! ਉਹ ਸੋਚ ਰਹੀ ਸੀ ਕਿ ਜਿਤਨਾਂ ਸੰਕਟ ਭੋਗਣਾਂ ਸੀ, ਉਹ ਤਾਂ ਭੋਗ ਚੁੱਕੀ ਹਾਂ..! ਇਸ ਜੇਲ੍ਹ ਵਿਚੋਂ ਅੱਜ ਉਸ ਦੀ 'ਰਿਹਾਈ' ਹੋ ਜਾਣੀ ਸੀ। ਪਰ ਉਸ ਦਾ ਦਿਲ ਸ਼ੱਕੀ ਜਿਹਾ ਹੋਇਆ ਪਿਆ ਸੀ। ਗਧਾ ਆਪਣੇ ਆਪ ਨੂੰ ਮਾਲਕ ਦਾ ਇਤਨਾ ਗੁ਼ਲਾਮ ਮੰਨ ਲੈਂਦਾ ਹੈ ਕਿ ਜਦ ਉਸ ਦਾ ਮਾਲਕ ਗਧੇ ਦੇ ਗਲ਼ ਵਿਚ ਸਿਰਫ਼ ਰੱਸਾ ਪਾ ਕੇ, ਬਿਨਾਂ ਬੰਨ੍ਹੇ ਤੋਂ ਰੱਸਾ ਕਿਸੇ ਖੁਰਨੀ 'ਤੇ ਰੱਖ ਦਿੰਦਾ ਹੈ, ਤਾਂ ਗਧਾ ਆਪਣੇ ਆਪ ਨੂੰ 'ਬੱਝਿਆ' ਹੋਣ ਕਾਰਨ ਬਿਲਕੁਲ ਹੀਲ ਹੁੱਜਤ ਨਹੀਂ ਕਰਦਾ ਅਤੇ ਸੀਲ ਜਿਹਾ ਬਣਿਆਂ ਉਸ ਥਾਂ 'ਤੇ ਹੀ ਖੜ੍ਹਾ ਰਹਿੰਦਾ ਹੈ!

ਇਹ ਹੀ ਹਾਲ ਅੱਜ ਸੀਤਲ ਦਾ ਹੋਇਆ ਪਿਆ ਸੀ ਕਿ ਪਤਾ ਨਹੀਂ ਉਸ ਦੀ ਰਿਹਾਈ ਸੰਭਵ ਹੋਵੇਗੀ, ਕਿ ਨਹੀਂ...? ਛੁਟਕਾਰਾ ਮਿਲੇਗਾ ਕਿ ਨਹੀਂ..? ਪਰ ਪਤਾ ਨਹੀਂ ਕਿਉਂ, ਉਸ ਨੂੰ ਸ਼ਾਹ ਜੀ 'ਤੇ ਅੱਤ ਦਾ ਵਿਸ਼ਵਾਸ ਬੱਝ ਗਿਆ ਸੀ! ਉਹ ਸੋਚ ਰਹੀ ਸੀ ਕਿ ਅਗਰ ਸ਼ਾਹ ਜੀ ਦੇ ਦਿਲ ਵਿਚ ਕੋਈ ਖੋਟ ਹੁੰਦਾ, ਤਾਂ ਉਹ ਸਾਰੀ ਰਾਤ ਉਸ ਨਾਲ਼ 'ਜਸ਼ਨ' ਕਰਦੇ..! ਉਸ ਨੂੰ ਲੋਕਾਂ ਵਾਂਗ ਮਧੋਲ਼ਦੇ..! ਜ਼ਾਲਮ ਖ਼ਾਂ ਵਾਂਗ ਨੋਚਦੇ..! ਸਰੀਰ 'ਤੇ ਨੀਲ ਪੈਂਦੇ, ਆਤਮਾਂ ਜਿ਼ਬਾਹ ਹੁੰਦੀ..! ਹਰ ਰਾਤ ਦੀ ਤਰ੍ਹਾਂ ਜ਼ਮੀਰ ਦਾ ਗਲ਼ ਘੁੱਟਿਆ ਜਾਂਦਾ ਅਤੇ ਕਸ਼ਟ ਜਰਨ ਲਈ ਉਸ ਨੂੰ ਦੰਦਾਂ ਹੇਠ ਜੀਭ ਲੈਣੀਂ ਪੈਂਦੀ..! ਪਰ ਸ਼ਾਹ ਜੀ ਨੇ ਉਸ ਨਾਲ਼ ਕਰਨਾ ਤਾਂ ਕੀ ਸੀ, ਚਾਦਰ ਨਾਲ਼ ਉਸ ਦਾ ਨਗਨ ਬਦਨ ਢਕ ਕੇ ਉਸ ਤੋਂ ਮੁਆਫ਼ੀ ਵੀ ਮੰਗੀ ਸੀ..! ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਸੀਤਲ..! ਮਾਂ ਪਤਾ ਨਹੀਂ ਕਿੰਨ੍ਹਾਂ ਕੁ ਪਾਠ ਕਰਦੀ ਹੋਵੇਗੀ ਮੇਰੇ ਲਈ..? ਇਹ ਉਸ ਦੇ ਪਾਠ ਦਾ ਨਤੀਜਾ ਹੀ ਹੋ ਸਕਦਾ ਹੈ..! ਰੱਬ ਨੂੰ ਕਿਹੜਾ ਕੋਈ ਮਿਲਿ਼ਐ..? ਰੱਬ ਵੀ ਆਖਰ ਬੰਦਿਆਂ ਵਿਚ ਦੀ ਹੀ ਬਹੁੜਦਾ ਹੈ..! ਪਰ ਮਾਂ ਨੂੰ ਤਾਂ ਇਹ ਵੀ ਪਤਾ ਨਹੀਂ ਹੋਣਾਂ ਕਿ ਮੈਂ ਪਾਕਿਸਤਾਨ ਵਿਚ ਹਾਂ ਅਤੇ ਕੰਜਰਖ਼ਾਨੇ ਠੂਸ ਦਿੱਤੀ ਗਈ ਹਾਂ..? ਹਰ ਰਾਤ ਸੀਤਲ ਨਾਂ ਦਾ ਕਾਰਤੂਸ ਕਿਸੇ ਬੰਦੂਕ ਵਿਚ ਚਾੜ੍ਹ ਦਿੱਤਾ ਜਾਂਦੈ, ਜਿਸ ਨਾਲ਼ ਕਾਮ ਦੇ ਜਾਨੂੰਨ ਵਿਚ ਸੜੇ ਬੇਈਮਾਨਾਂ ਦਾ ਕਾਲ਼ਜਾ ਫ਼ੁੰਡਿਆ ਜਾਂਦੈ..! ਮਾਂ ਦੇ ਨਾਂ ਨੂੰ ਸੀਤਲ ਦੇ ਅੰਦਰ ਇੱਕ ਅਜੀਬ ਝੋਕਾ ਜਿਹਾ ਫਿ਼ਰ ਗਿਆ..। ਉਸ ਦਾ ਮਨ ਭਰ ਆਇਆ। ਉਸ ਨੇ ਤ੍ਰਭਕ ਕੇ ਆਸੇ ਪਾਸੇ ਦੇਖਿਆ। ਕੋਈ ਨੇੜੇ ਨਹੀਂ ਸੀ। ਰਫ਼ੀਕਾ ਦੂਰ ਲਾਅਨ ਵਿਚ ਫਿ਼ਰ ਰਹੀ ਸੀ। ਉਹ ਧੁੱਪ ਵਿਚ ਤੁਰ ਫਿਰ ਕੇ ਗਿੱਲੇ ਕੇਸ ਸੁਕਾ ਰਹੀ ਸੀ। ਹੋ ਸਕਦਾ ਹੈ ਰਫ਼ੀਕਾ ਨੂੰ ਸ਼ਾਹ ਜੀ ਨੇ ਕੁਛ ਦੱਸ ਦਿੱਤਾ ਹੋਵੇ..? ਪਰ ਨਹੀਂ..! ਸ਼ਾਹ ਜੀ ਇਕ ਤਜ਼ਰਬੇਕਾਰ, ਸੁਲ਼ਝੇ ਅਤੇ ਤੁਰੇ ਫਿ਼ਰੇ ਬੰਦੇ ਹਨ..! ਐਹੋ ਜਿਹੀ ਗੁਪਤ ਅਤੇ ਖ਼ਤਰਨਾਕ ਗੱਲ ਕਿਸੇ ਨੂੰ ਨਹੀਂ ਦੱਸਣਗੇ..! ਉਹ ਸੋਚਾਂ ਦੀਆਂ ਕਪੜਛੱਲਾਂ ਵਿਚ ਰੁੜ੍ਹੀ ਜਾ ਰਹੀ ਸੀ।

ਸ਼ਾਮ ਹੋ ਗਈ।

ਪਰ ਸ਼ਾਹ ਜੀ ਦਾ ਕਿਤੇ ਝੌਲ਼ਾ ਵੀ ਨਹੀਂ ਪੈਂਦਾ ਸੀ। ਸੀਤਲ ਦਾ ਦਿਲ ਜੋਰ ਨਾਲ਼ ਧੜਕਣ ਲੱਗ ਪਿਆ। ਅਮੀਰਾਂ ਦਾ ਕੀ ਇਤਬਾਰ ਸੀਤਲ..? ਅੱਜ ਕਿਤੇ, ਕੱਲ੍ਹ ਕਿਤੇ..? ਕਿੰਨੇ ਬੰਦਿਆਂ ਨਾਲ਼ ਇਹਨਾਂ ਦਾ ਵਾਹ ਪੈਂਦਾ ਹੈ..! ਕੀ ਪਤਾ ਅੱਜ ਆਉਣ ਹੀ ਨ੍ਹਾਂ..? ਸ਼ਾਹ ਜੀ ਬਾਰੇ ਤਾਂ ਸੁਣ ਰੱਖਿਆ ਹੈ ਕਿ ਉਹ ਅੱਜ ਸਾਊਦੀ ਅਰਬ ਅਤੇ ਅਗਲੇ ਦਿਨ ਅਮਰੀਕਾ ਹੁੰਦੇ ਨੇ..! ਉਹ ਨਾਸ਼ਤਾ ਪਾਕਿਸਤਾਨ ਵਿਚ ਕਰਦੇ ਨੇ, ਦੁਪਿਹਰ ਦਾ ਖਾਣਾਂ ਇੰਗਲੈਂਡ ਵਿਚ ਖਾਂਦੇ ਨੇ ਅਤੇ ਰਾਤ ਦਾ ਖਾਣਾਂ ਕੈਨੇਡਾ ਵਿਚ..! ਐਹੋ ਜਿਹੇ ਮਸ਼ਰੂਫ਼ ਬੰਦੇ ਦਾ ਕੀ ਇਤਬਾਰ..? ਕਿਤੋਂ ਬਿਜ਼ਨਸ ਦੇ ਸਬੰਧ ਵਿਚ ਫ਼ੋਨ ਆ ਗਿਆ ਅਤੇ ਸ਼ਾਹ ਜੀ ਫ਼ਲਾਈਟ ਲੈ ਕੇ ਚੜ੍ਹ ਗਏ..!

-"ਕੀ ਗੱਲ ਹੋਗੀ ਸੀਤਲ..? ਕਿਵੇਂ ਅੱਜ ਬਹੁਤੀ ਈ ਚੁੱਪ ਚੁੱਪ ਜੀ ਐਂ..?" ਰਫ਼ੀਕਾ ਨੇ ਉਸ ਦੀ ਸੋਚ ਦੀ ਬਿਰਤੀ ਤੋੜੀ।
ਸੀਤਲ ਕਿਸੇ ਖ਼ਲਾਅ ਵਿਚੋਂ ਵਾਪਸ ਪਰਤੀ।
-"ਨਹੀਂ, ਅੱਜ ਨੀਂਦ ਜੀ ਨ੍ਹੀ ਆਈ ਚੱਜ ਨਾਲ਼..!" ਘਬਰਾਈ ਸੀਤਲ ਨੇ ਗੱਲ ਬੋਚ ਲਈ।

ਸ਼ਾਮ ਹੋਰ ਗੂੜ੍ਹੀ ਹੋ ਗਈ ਸੀ। ਪ੍ਰਛਾਵੇਂ ਕੋਠੀ ਦੇ ਬਨੇਰਿਆਂ ਤੋਂ ਛਿਤਮ ਹੋ ਗਏ ਸਨ। ਬੱਤੀਆਂ ਜਗ ਪਈਆਂ ਸਨ। ਜ਼ਾਲਮ ਖ਼ਾਂ ਨੇ ਵਿਹੜੇ ਵਿਚ ਭਲਵਾਨੀ ਗੇੜਾ ਦਿੱਤਾ ਅਤੇ ਸੀਤਲ ਕੋਲ਼ ਆ ਕੇ ਉਸ ਵੱਲ ਕੁਝ ਜਿ਼ਆਦਾ ਹੀ ਘੋਖ਼ਵੀਆਂ ਨਜ਼ਰਾਂ ਨਾਲ਼ ਝਾਕਿਆ। ਇੱਲ੍ਹ ਦੀ ਨਜ਼ਰ ਵਰਗੀ ਜ਼ਾਲਮ ਖ਼ਾਂ ਦੀ ਨਜ਼ਰ ਨੇ ਸੀਤਲ ਦਾ ਦਿਲ ਕੱਢ ਲਿਆ ਸੀ। ਉਸ ਨੇ ਲੱਗੜ ਵਾਂਗ ਝਾਕਦੇ ਜ਼ਾਲਮ ਖ਼ਾਂ ਤੋਂ ਨਜ਼ਰ ਬੋਚ ਕੇ ਨੀਵੀਂ ਪਾ ਲਈ। ਉਸ ਦਾ ਦਿਲ ਕਿਸੇ ਘਬਰਾਹਟ ਨਾਲ਼ 'ਠੱਕ-ਠੱਕ' ਛਾਤੀ ਵਿਚ ਵੱਜ ਰਿਹਾ ਸੀ। ਜ਼ਾਲਮ ਖ਼ਾਂ ਬਾਹਰਲੀ ਬੱਤੀ ਜਗਾ ਕੇ ਸੂਣ ਵਾਲ਼ੀ ਮੱਝ ਵਾਂਗ ਪਾਸੇ ਜਿਹੇ ਮਾਰਦਾ ਕੋਠੀ ਤੋਂ ਬਾਹਰ ਨਿਕਲ਼ ਗਿਆ। ਅਜੇ ਸੀਤਲ ਨੇ ਸੁਖ ਦਾ ਸਾਹ ਲਿਆ ਹੀ ਸੀ ਕਿ ਭੂਤ ਵਾਂਗ ਸਾਈਦਾ ਆ ਵੱਜੀ। ਸੀਤਲ ਤ੍ਰਹਿ ਗਈ ਕਿ ਕੋਈ ਨਾ ਕੋਈ ਗੱਲ ਜ਼ਰੂਰ ਸੀ..! ਉਸ ਦਾ ਅੰਦਰੋ ਅੰਦਰੀ ਖ਼ੂਨ ਸੁੱਕੀ ਜਾ ਰਿਹਾ ਸੀ।

-"ਸ਼ਾਹ ਜੀ ਨੂੰ ਖ਼ੁਸ਼ ਕਰਨ ਵਾਲੀ ਕੋਈ ਕਸਰ ਬਾਕੀ ਨਾ ਰਹੇ..! ਬੜੀ ਮੋਟੀ ਸਾਅਮੀ ਐਂ..! ਜੇ ਕੋਈ ਸ਼ਕਾਇਤ ਆਈ, ਥਾਂ ਤੇ ਦਫ਼ਨ ਕਰ ਦਿਆਂਗੀ ਹਰਾਮਜ਼ਾਦੀ..! ਸੁਣ ਲਿਆ ਈ..?" ਤੇ ਸਾਈਦਾ ਹਦਾਇਤ ਜਿਹੀ ਕਰ ਕੇ ਚਿੱਤੜ ਹਿਲਾਉਂਦੀ ਤੁਰ ਗਈ। ਸੀਤਲ ਸੋਚ ਰਹੀ ਸੀ ਕਿ ਅਗਰ ਔਰਤ ਹੀ ਔਰਤ ਨਾਲ਼ ਇਨਸਾਫ਼ ਨਾ ਕਰੇਗੀ, ਤਾਂ ਮਰਦ ਨੇ ਉਸ ਨੂੰ ਕਦੋਂ ਬਰਾਬਰ ਦਾ ਰੁਤਬਾ ਦਿੱਤਾ..? ਜਾਂ ਕਦੋਂ ਰਹਿਮ ਕੀਤਾ...?? ਸੀਤਲ ਨੂੰ ਸਾਈਦਾ ਦੀਆਂ ਭੈੜ੍ਹੀਆਂ ਜਿਹੀਆਂ ਅੱਖਾਂ ਤੋਂ ਸਖ਼ਤ ਨਫ਼ਰਤ ਸੀ। ਪਰ ਸਾਈਦਾ ਦੀ ਤਾਕੀਦ ਸੁਣਨ ਤੋਂ ਬਾਅਦ ਸੀਤਲ ਨੇ ਸੁਖ ਦਾ ਸਾਹ ਜ਼ਰੂਰ ਲਿਆ ਸੀ ਕਿ ਕੋਈ ਖ਼ਾਸ ਗੱਲ ਨਹੀਂ, ਬੱਸ ਹਦਾਇਤਾਂ ਜਿਹੀਆਂ ਹੀ ਦਿੱਤੀਆਂ ਜਾ ਰਹੀਆਂ ਨੇ..!
ਟਿਕੀ ਰਾਤ ਤੋਂ ਸ਼ਾਹ ਜੀ ਦਾ ਲਾਮ ਲਸ਼ਕਰ ਆ ਗਿਆ। ਕੋਠੀ ਵਿਚ ਇਕ ਤਰ੍ਹਾਂ ਨਾਲ਼ ਭੂਚਾਲ਼ ਆ ਗਿਆ ਸੀ। ਅੱਜ ਉਹਨਾਂ ਦੇ ਕਾਫ਼ਲੇ ਨਾਲ਼ ਸੱਤ ਹੋਰ ਓਪਰੇ ਬੰਦੇ ਸਨ।

ਬਾਡੀਗਾਰਡ ਅਤੇ ਸਹਾਇਕ ਸ਼ਾਹ ਜੀ ਦੇ ਨਾਲ਼ ਹੀ ਦਗੜ-ਦਗੜ ਕਰਦੇ ਉਪਰ ਚੜ੍ਹ ਗਏ ਸਨ। ਸ਼ਾਹ ਜੀ ਨੇ ਕਿਸੇ ਦੀ ਕੋਈ 'ਸਲਾਮ' ਨਹੀਂ ਮੰਨੀ ਸੀ। ਕਿਸੇ ਦੇ 'ਆਦਾਬ' ਵੱਲ ਤੱਕਿਆ ਨਹੀਂ ਸੀ। ਸੀਤਲ ਨੂੰ ਉਹ ਰਾਤ ਵਾਲ਼ਾ ਸ਼ਾਹ ਨਹੀਂ ਲੱਗਦਾ ਸੀ। ਜ਼ਾਹਿਰਾ ਤੌਰ 'ਤੇ ਬਦਲਿਆ ਬਦਲਿਆ ਇਨਸਾਨ ਜਾਪਦਾ ਸੀ। ਸੀਤਲ ਨਿਰਾਸ਼ ਹੋ ਗਈ। ਇਹਨਾਂ ਅਮੀਰਾਂ ਦਾ ਕੀ ਵਿਸਾਹ..? ਅਮੀਰ ਅਤੇ ਰੱਬ ਦੇ ਭਗਤ ਤਾਂ ਬੇਪ੍ਰਵਾਹ ਅਤੇ ਬੇ-ਮੁਹਤਾਜੇ ਹੁੰਦੇ ਨੇ..! ਕਿਹੜਾ ਕਿਸੇ ਤੱਕ ਕੋਈ ਜ਼ਰੂਰਤ ਹੁੰਦੀ ਐ..? ਮੁਹਤਾਜ ਵੀ ਬੰਦਾ ਕਿਸੇ ਦਾ ਉਦੋਂ ਹੁੰਦੈ, ਜਦੋਂ ਆਰਥਿਕ ਪੱਖੋਂ ਮਾਰ ਖਾਵੇ..! ਅਮੀਰਾਂ ਨੂੰ ਕਿਸੇ ਤੱਕ ਕੀ ਗੌਂਅ..? ਪੈਸਾ ਅੱਜ ਦੀ ਦੁਨੀਆਂ ਦਾ ਰੱਬ, ਪੈਸਾ ਖ਼ੈਰ-ਖ਼ੁਆਹ..! ਪੈਸਾ ਯਾਰ, ਪੈਸਾ ਮਿੱਤਰ..! ਕਿਸੇ ਦਾ ਕੋਈ ਮੁਹਤਾਜ ਹੋਊ ਤਾਂ ਸਿਰਫ਼ ਨੰਗ..! ਇਹਨਾਂ ਨੂੰ ਕਿਸੇ ਗੋਚਰਾ ਹੋਣ ਦੀ ਕੀ ਲੋੜ...? ਨਾਲ਼ੇ ਪੈਸੇ ਵਾਲ਼ੇ ਨੂੰ ਕਿਸੇ ਨਾਲ਼ ਕੀ ਲਗਾਓ..?

ਰਾਤ ਟਿਕ ਗਈ ਸੀ।

ਸ਼ਾਹ ਜੀ, ਉਸ ਦੇ ਅੰਗ ਰੱਖਿਅਕ ਅਤੇ ਸਕੱਤਰ ਸਾਰੇ ਅਜੇ ਵੀ ਉਪਰ ਹੀ ਸਨ।

ਉਪਰ ਕੋਈ ਗੱਲ ਬਾਤ ਚੱਲ ਰਹੀ ਸੀ। ਸ਼ਾਇਦ ਬਿਜ਼ਨਸ ਦੇ ਸਬੰਧ ਵਿਚ ਕੋਈ ਮੀਟਿੰਗ ਹੋ ਰਹੀ ਸੀ..? ਪਰ ਅੰਗ ਰੱਖਿਅਕਾਂ ਦਾ ਬਿਜ਼ਨਸ ਨਾਲ਼ ਕੀ ਕੰਮ..? ਉਹਨਾਂ ਦਾ ਕੰਮ ਹੈ ਸ਼ਾਹ ਜੀ ਦੀ ਰਾਖੀ ਕਰਨਾ। ਉਸ ਦੀ ਬਿਰਤੀ ਬਾਡੀਗਾਰਡਾਂ ਦੀ ਪੈੜ ਚਾਲ ਨਾਲ਼ ਟੁੱਟੀ। ਉਹ ਲੜਾਕੇ ਜਹਾਜ ਵਾਂਗ ਥੱਲੇ ਉਤਰੇ ਸਨ ਅਤੇ ਨਾਲ਼ ਦੀ ਕੋਠੀ ਵਿਚ ਘੁਸ ਗਏ ਸਨ। ਸੀਤਲ ਦਾ ਦਿਲ ਧੜ੍ਹਕ ਨਹੀਂ, ਇਕ ਤਰ੍ਹਾਂ ਨਾਲ਼ ਫ਼ਟ ਰਿਹਾ ਸੀ..! ਉਸ ਨੂੰ ਮਹਿਸੂਸ ਹੋਇਆ ਜਿਵੇਂ ਉਸ ਦੀਆਂ ਕੰਨਾਂ ਦੀਆਂ ਪੇਪੜੀਆਂ ਵਿਚੋਂ ਖ਼ੂਨ ਚੋਅ ਰਿਹਾ ਸੀ..!

-"ਇਹਨਾਂ ਨੂੰ ਕੀ ਹੋਇਐ..?" ਰਫ਼ੀਕਾ ਨੇ ਸੀਤਲ ਕੋਲ਼ ਆ ਕੇ ਹੈਰਾਨ ਹੁੰਦਿਆਂ ਪੁੱਛਿਆ।
-"ਰੱਬ ਜਾਣੇਂ..! ਕਿਤੇ ਸ਼ਾਹ ਜੀ ਨੂੰ ਤਾਂ ਨ੍ਹੀ ਕੁਛ ਹੋ ਗਿਆ..?"
-"ਸ਼ਾਹ ਜੀ ਨੂੰ ਤਾਂ ਕੀ ਹੋਣਾਂ ਸੀ..? ਪਰ ਕੋਈ ਗੱਲ ਜ਼ਰੂਰ ਐ..!" ਰਫ਼ੀਕਾ ਇਕ ਤਰ੍ਹਾਂ ਨਾਲ਼ ਥਿੜਕੀ ਖੜ੍ਹੀ ਸੀ।
ਰਾਤ ਅੱਧੀ ਹੋ ਕੇ ਪੂਰੀ ਟਿਕ ਗਈ ਸੀ।

ਰਫ਼ੀਕਾ ਅਤੇ ਸੀਤਲ ਹੋਰਾਂ ਦਾ ਮੂੰਹ ਉਦੋਂ ਹੈਰਾਨੀ ਵਿਚ ਅੱਡਿਆ ਗਿਆ, ਜਦੋਂ ਸ਼ਾਹ ਜੀ ਦੇ ਬਾਡੀਗਾਰਡਾਂ ਨੇ ਜ਼ਾਲਮ ਖ਼ਾਂ ਅਤੇ ਸਾਈਦਾ ਨੂੰ ਕੋਠੀ ਦੇ ਵਿਹੜੇ ਵਿਚ ਮੂਧੇ ਮੂੰਹ ਲਿਆ ਸੁੱਟਿਆ। ਉਹਨਾਂ ਦੀਆਂ ਮੁਸ਼ਕਾਂ ਬੰਨ੍ਹੀਆਂ ਹੋਈਆਂ ਸਨ ਅਤੇ ਜ਼ਾਲਮ ਖ਼ਾਂ ਦੇ ਸਿਰ ਵਿਚੋਂ ਬਿੱਲੀ ਦੀ ਪੂਛ ਵਰਗੀ ਖ਼ੂਨ ਦੀ ਧਾਰ ਵਗ ਰਹੀ ਸੀ। ਸਾਈਦਾ ਦਾ ਮੂੰਹ ਬੰਨ੍ਹਿਆਂ ਹੋਇਆ ਸੀ। ਸੀਤਲ ਅਤੇ ਰਫ਼ੀਕਾ ਡੁੱਬੀਆਂ ਅੱਖਾਂ ਨਾਲ਼ ਇਸ ਹੋਏ ਚਮਤਕਾਰ ਨੂੰ ਤੱਕ ਰਹੀਆਂ ਸਨ। ਜ਼ਾਲਮ ਖ਼ਾਂ ਸਿਰ ਚੁੱਕ ਕੇ ਕੁਝ ਬੋਲਣ ਹੀ ਲੱਗਿਆ ਸੀ ਕਿ ਸ਼ਾਹ ਜੀ ਦੇ ਇਕ ਅੰਗ ਰੱਖਿਅਕ ਨੇ ਏ. ਕੇ. ਸੰਤਾਲ਼ੀ ਦਾ ਬੱਟ ਮਾਰਿਆ। ਜ਼ਾਲਮ ਖ਼ਾਂ ਦੀ ਬੂਥ ਗੱਡੀ ਗਈ।

ਸ਼ਾਹ ਜੀ ਪੌੜੀਆਂ ਉਤਰੇ ਆ ਰਹੇ ਸਨ। ਦੋ ਹਥਿਆਰਬੰਦ ਅੰਗ ਰੱਖਿਅਕ ਉਹਨਾਂ ਦੇ ਪਿੱਛੇ ਕੰਧ ਬਣੇ ਖੜ੍ਹੇ ਸਨ।

-"ਇਹਨਾਂ ਹਰਾਮ ਯੱਧਿਆਂ ਨੂੰ ਮੇਰੀਆਂ ਨਜ਼ਰਾਂ ਤੋਂ ਦੂਰ ਲੈ ਜਾਵੋ..!" ਸ਼ਾਹ ਜੀ ਨੇ ਨਾਲ਼ ਆਏ ਓਪਰੇ ਜਿਹੇ ਬੰਦਿਆਂ ਨੂੰ ਹੱਥ ਦਾ ਇਸ਼ਾਰਾ ਕੀਤਾ।

ਸ਼ਾਹ ਜੀ ਦਾ ਇਸ਼ਾਰਾ ਹੁੰਦਿਆਂ ਹੀ ਉਹਨਾਂ ਓਪਰੇ ਜਿਹੇ ਬੰਦਿਆਂ ਨੇ ਜ਼ਾਲਮ ਖ਼ਾਂ ਅਤੇ ਸਾਈਦਾ ਨੂੰ ਖਲ਼ ਦੀ ਬੋਰੀ ਵਾਂਗ ਗੱਡੀ ਵਿਚ ਸੁੱਟ ਲਿਆ ਗਿਆ ਅਤੇ ਗੱਡੀ ਪਤਾ ਨਹੀਂ ਕਿੱਧਰ ਅਲੋਪ ਹੋ ਗਈ...!

-"ਹਾਂ ਰਫ਼ੀਕਾ..! ਤੇਰਾ ਕੀ ਖਿ਼ਆਲ ਈ...?" ਸ਼ਾਹ ਜੀ ਨੇ ਕੌੜਾ ਜਿਹਾ ਮੁਸਕਰਾ ਕੇ ਪੁੱਛਿਆ।
-"ਨਹੀਂ ਸ਼ਾਹ ਜੀ..!" ਸੀਤਲ ਰਫ਼ੀਕਾ ਦੇ ਅੱਗੇ ਆ ਕੇ ਤਣ ਗਈ, "ਇਹ ਤਾਂ ਆਪ ਮੇਰੇ ਵਾਂਗੂੰ ਮਜਬੂਰੀ 'ਚ ਫ਼ਸੀ ਹੋਈ ਐ..! ਇਹ ਵੀ ਸਿੱਖਾਂ ਦੀ ਈ ਕੁੜੀ ਐ..! ਇਹਨੇ ਮੇਰੀ ਬਹੁਤ ਮੱਦਦ ਕੀਤੀ..! ਇਸ ਨੂੰ ਕੁਛ ਨਾ ਆਖਿਓ, ਇਹਦਾ ਵੀ ਖਹਿੜ੍ਹਾ ਛੁਡਾਓ, ਮੇਰੀ ਬੇਨਤੀ ਐ..!"
-"ਇਹ ਸਿੱਖਾਂ ਦੀ ਕੁੜੀ ਏ..? ਤੇ ਨਾਂ ਰਫ਼ੀਕਾ..?"
-"ਕੀ ਦੱਸਾਂ ਸ਼ਾਹ ਜੀ, ਚੋਰ ਦੀ ਮਾਂ ਤੇ ਕੋਠੀ 'ਚ ਮੂੰਹ..! ਇਹਨਾਂ ਬਦਜ਼ਾਤਾਂ ਨੇ ਮੇਰਾ ਮਜ੍ਹਬ ਤਬਦੀਲ ਕਰਵਾ ਦਿੱਤਾ ਸੀ, ਧੱਕੇ ਨਾਲ਼..! ਤੇ ਮਜ੍ਹਬ ਬਦਲੀ ਕਰਵਾਉਣ ਤੋਂ ਬਾਅਦ ਇਹਨਾਂ ਨੇ ਮੇਰਾ ਨਾਂ ਵੀ ਰਫ਼ੀਕਾ ਈ ਰੱਖ ਦਿੱਤਾ..! ਅਸਲ ਨਾਮ ਤੇ ਮੇਰਾ ਰਵਿੰਦਰ ਏ..! ਦਿੱਲੀ ਦੰਗਿਆਂ 'ਚ ਘਰ ਉਜੜਿਆ, ਕਿਸੇ ਰਿਸ਼ਤੇਦਾਰ ਨੇ ਗੱਲਾਂ ਦੇ ਸਬਜ਼ਬਾਗ ਦਿਖਾ ਕੇ ਇੰਗਲੈਂਡ ਵਾੜ ਦਿੱਤਾ..! ਇੰਗਲੈਂਡ ਦੀ ਆੜ 'ਚ ਮੇਰਾ ਸ਼ੋਸ਼ਣ ਕੀਤਾ...!"
-"ਯਾ ਮੌਲਾ-ਏ ਪਰਵਰ ਦਿਗ਼ਾਰ..! ਇਹ ਲੋਕ ਬੁਰਾਈ ਦਾ ਬੂਟਾ ਲਾਉਣ ਲੱਗੇ ਕਿਉਂ ਨਹੀਂ ਸੋਚਦੇ..? ਜ਼ਬਰੀ ਕਿਸੇ ਦਾ ਮਜ਼ਹਬ ਤਬਦੀਲ ਕਰਨਾ ਕਿੱਧਰਲਾ ਇਨਸਾਫ਼ ਏ..?" ਸ਼ਾਹ ਜੀ ਨੇ ਅਸਮਾਨ ਵੱਲ ਹੱਥ ਖੋਲ੍ਹ ਕੇ ਪੁੱਛਿਆ।
ਰਫ਼ੀਕਾ ਅਤੇ ਸੀਤਲ ਨੂੰ ਸ਼ਾਹ ਜੀ ਨੇ ਕਲ਼ਾਵੇ ਵਿਚ ਲੈ ਲਿਆ।
-"ਚਲੋ ਬੈਠੋ ਗੱਡੀਆਂ ਵਿਚ..! ਐਥੇ ਹੋਰ ਰਹਿਣਾਂ ਠੀਕ ਨਹੀਂ..! ਬਾਕੀ ਸੂਅਰ ਦੇ ਪੁੱਤਰਾਂ ਨਾਲ਼ ਮੈਂ ਕੱਲ੍ਹ ਪਿਆ ਸਿੱਝਾਂਗਾ..!"

ਉਹ ਸ਼ਾਹ ਜੀ ਨਾਲ਼ ਕਾਰ ਵਿਚ ਬੈਠ ਗਈਆਂ।
ਕਾਰਾਂ ਦਾ ਕਾਫ਼ਲਾ ਤੁਰ ਪਿਆ।
ਸਵੇਰ ਤਿੰਨ ਵਜੇ ਉਹ ਇਕ ਹੋਰ ਆਲੀਸ਼ਾਨ ਕੋਠੀ ਵਿਚ ਆ ਉਤਰੇ।
ਸੀਤਲ ਅਤੇ ਰਫ਼ੀਕਾ ਖ਼ੁਸ਼ ਸਨ। ਨੀਂਦ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਢੁੱਕੀ ਸੀ।
ਸੀਤਲ ਦੇ ਕੋਈ ਗੱਲ ਸੁਣਾਉਣ ਬਾਰੇ ਆਖਣ 'ਤੇ ਰਫ਼ੀਕਾ ਨੇ ਆਪਣੀ ਗੱਲ ਸ਼ੁਰੂ ਕੀਤੀ।

-"ਦੀਨ ਦੁਨੀਆਂ ਬਾਪੂ ਨੇ ਦੇਖਣ ਨਹੀਂ ਸੀ ਦਿੱਤੀ ਸੀਤਲ, ਸ਼ਾਇਦ ਇਸ ਕਰਕੇ ਈ ਮੈਂ ਐਨਾਂ ਸੰਤਾਪ ਭੋਗਿਐ..!"
ਸੀਤਲ ਨੇ ਚੁੱਪ ਅਤੇ ਘੋਖ਼ ਭਰੀਆਂ ਅੱਖਾਂ ਉਪਰ ਚੁੱਕੀਆਂ ਤਾਂ ਰਫ਼ੀਕਾ ਨੇ ਗੱਲ ਅੱਗੇ ਤੋਰੀ।
-"ਕਾਫ਼ੀ ਦੇਰ ਦੀ ਮੈਂ ਇਹ ਗੱਲਾਂ ਕਿਸੇ ਨਾਲ਼ ਸਾਂਝੀਆਂ ਕਰਨ ਬਾਰੇ ਸੋਚ ਰਹੀ ਸੀ, ਪਰ ਕਿਤੇ ਮੌਕਾ ਈ ਨ੍ਹੀ ਸੀ ਮਿਲਿ਼ਆ ਆਪਣੇ ਦੁੱਖ ਫ਼ਰੋਲਣ ਦਾ...! ਲੋਕਾਂ ਨੂੰ ਖ਼ੁਸ਼ ਕਰਨ ਤੋਂ ਬਿਨਾਂ, ਜਾਂ ਦੱਲਿਆਂ ਦੇ ਛਿੱਤਰ ਖਾਣ ਤੋਂ ਬਿਨਾਂ ਸਾਨੂੰ ਵੇਹਲ ਹੈ ਵੀ ਕਿੱਥੇ ਸੀ..? ਪਰ ਅਜਿਹੀ ਕੋਈ ਖ਼ਾਸ ਗੱਲ ਵੀ ਨਹੀਂ, ਪਰ ਇਕ ਸ਼ਰਮਿੰਦਗੀ ਜ਼ਰੂਰ ਐ, ਤੂੰ ਆਖੇਂਗੀ ਕਿ ਐਨੀ ਵੱਡੀ ਹੋ ਕੇ ਤੈਨੂੰ ਇਹਨਾਂ ਗੱਲਾਂ ਦਾ ਨਹੀਂ ਸੀ ਪਤਾ..? ਮੈਂ ਤਾਂ ਇਹ ਹੀ ਕਹੂੰਗੀ ਕਿ ਕਦੇ ਇਹਨਾਂ ਨਜਾਇਜ਼ ਸਬੰਧਾਂ, ਕੰਜਰਖ਼ਾਨਿਆਂ ਤੇ ਖ਼ੁਦਗਰਜ਼ ਰਿਸ਼ਤਿਆਂ, ਆਦਮੀ ਦਾ ਖ਼ੂਨ ਪੀਣੀਆਂ ਜੋਕਾਂ ਬਾਰੇ ਮੈਂ ਕਦੇ ਕਹਾਣੀਆਂ ਨਾਵਲਾਂ ਵਿਚ ਪੜ੍ਹਦੀ ਸੁਣਦੀ ਹੁੰਦੀ ਸੀ, ਮੈਂ ਇਹ ਹੀ ਸਮਝਦੀ ਸੀ ਕਿ ਇਹ ਤਾਂ ਸਿਰਫ਼ ਕਲਪਤ ਗੱਲਾਂ ਨੇ, ਤੇ ਲੋਕ ਐਵੇਂ ਝੂਠ ਬੋਲਦੇ ਨੇ..! ਤੈਨੂੰ ਪਤਾ ਹੀ ਐ ਬਈ ਅਸੀਂ ਦੋ ਭੈਣਾਂ ਤੇ ਸਾਡੇ ਤਿੰਨ ਭਰਾ ਸੀ, ਉਹਨਾਂ ਦੀ ਮੌਤ ਹੋ ਗਈ ਸੀ, ਦਿੱਲੀ ਦੰਗਿਆਂ ਬਾਰੇ ਤੈਨੂੰ ਦੱਸਿਆ ਈ ਸੀ, ਤੈਨੂੰ ਪਤਾ ਈ ਐ..! ਮੈਂ ਸਭ ਤੋਂ ਵੱਡੀ ਸੀ, ਨਾਂ ਤਾਂ ਕੋਈ ਵੱਡਾ ਭੈਣ ਭਰਾ ਤੇ ਨਾ ਹੀ ਕੋਈ ਭਾਬੀ..! ਨਾ ਹੀ ਮੇਰੇ ਮਾਂ ਬਾਪ ਸਕੂਲ ਤੋਂ ਬਾਅਦ ਕਿਤੇ ਆਉਣ ਜਾਣ ਦਿੰਦੇ ਸੀ..! ਬੱਸ ਸਕੂਲ ਵਿਚ ਵੀ ਮੇਰੀਆਂ ਮੇਰੇ ਵਰਗੀਆਂ ਸਹੇਲੀਆਂ ਸੀਗੀਆਂ..! ਮੈਂ ਆਪਣੇ ਮਾਂ ਬਾਪ ਤੋਂ ਬਹੁਤ ਡਰਦੀ ਹੁੰਦੀ ਸੀ, ਤੂੰ ਮੈਨੂੰ ਡਰਪੋਕ ਵੀ ਆਖ ਸਕਦੀ ਐਂ..! ਬੱਸ ਇਕ ਦਬ ਦਬਾ ਜਿਆ ਬਣਿਆਂ ਹੋਇਆ ਸੀ, ਨਾਨਕਿਆਂ ਦਾ, ਤਾਇਆਂ ਚਾਚਿਆਂ ਦਾ, ਸਭ ਰਿਸ਼ਤੇਦਾਰਾਂ ਦਾ ਦਬਦਬਾ...! ਤੂੰ ਸਮਝ ਲੈ ਕਿ ਕਦੇ ਕਿਸੇ ਨਾਲ਼ ਖੁੱਲ੍ਹੀ ਗੱਲ ਕਰਨ ਦਾ ਕੋਈ ਮੌਕਾ ਹੀ ਨਹੀਂ ਸੀ ਮਿਲਿ਼ਆ..! ਮੇਰੇ ਪਾਪਾ ਅਖ਼ਬਾਰ ਰਸਾਲੇ ਤੇ ਕਿਤਾਬਾਂ ਪੜ੍ਹਦੇ ਹੁੰਦੇ ਸੀ, ਸਾਨੂੰ ਵੀ ਘਰ ਵਿਚ ਕੌਮਿਕਸ, ਚੰਦਾ ਮਾਮਾ ਅਤੇ ਹੋਰ ਕਹਾਣੀਆਂ ਦੀਆਂ ਕਿਤਾਬਾਂ ਲਿਆ ਕੇ ਪੜ੍ਹਨ ਲਈ ਦਿੰਦੇ ਹੁੰਦੇ ਸੀ! ਕਿਤਾਬਾਂ ਰਸਾਲਿਆਂ ਦੀ ਪੜ੍ਹਾਈ ਨਾਲ਼ ਸਾਡੀ ਸਾਂਝ ਮੇਰੇ ਪਾਪਾ ਨੇ ਪੁਆਈ! ਸੋ ਅਸੀਂ ਕਿਤਾਬਾਂ ਨਾਲ਼ ਦਿਲ ਲਾਈ ਰੱਖਦੇ, ਜਾਂ ਫਿਰ ਘਰ ਵਿਚ ਹੀ ਪਾਪਾ ਨਾਲ਼ ਤਾਸ਼, ਬੈੱਡਮੈਂਟਨ, ਗੁੱਲੀ ਡੰਡਾ, ਬੰਟੇ ਖੇਡਦੇ ਹੁੰਦੇ ਸੀ..! ਮੇਰੇ ਕਹਿਣ ਦਾ ਮਤਲਬ ਇਹ ਐ ਕਿ ਬਾਹਰਲੀ ਦੁਨੀਆਂ ਨਾਲ਼ ਸਾਡਾ ਵਾਹ ਵਾਸਤਾ ਘੱਟ ਹੀ ਪਿਆ..! ਜਿੱਥੇ ਵੀ ਗਏ ਜਾਂ ਰਹੇ, ਹਮੇਸ਼ਾ ਮਾਂ ਬਾਪ ਜਾਂ ਰਿਸ਼ਤੇਦਾਰਾਂ ਦੀ ਨਿਗਰਾਨੀ ਹੇਠ ਹੀ ਦਿਨ ਕਟੀ ਕੀਤੀ, ਜਿਵੇਂ ਕੋਈ ਮੁਜ਼ਰਮ ਹੋਈਏ..! ਜਦੋਂ ਮੈਂ ਅੱਜ ਇਹ ਗੱਲਾਂ ਸੋਚਦੀ ਹਾਂ ਤਾਂ ਮੈਨੂੰ ਬਹੁਤ ਗੁੱਸਾ ਆਉਂਦੈ ਕਿ ਬੱਚਿਆਂ ਨੂੰ ਚੰਗੀਆਂ ਮਾੜੀਆਂ ਗੱਲਾਂ ਦਾ ਪਤਾ ਲੱਗਣਾਂ ਚਾਹੀਦੈ..! ਅੱਗੇ ਵੀ ਗਰਲਜ਼ ਕਾਲਜ 'ਚ ਪੜ੍ਹੀ, ਤੂੰ ਸਮਝ ਈ ਸਕਦੀਂ ਐਂ-!"

-"ਮੇਰੇ ਰਿਸ਼ਤੇਦਾਰਾਂ ਦੀਆਂ ਤਕਰੀਬਨ ਸਾਰੀਆਂ ਕੁੜੀਆਂ ਵੀ ਮੇਰੇ ਆਲ਼ੇ ਕਾਲਜ 'ਚ ਪੜ੍ਹਦੀਆਂ ਸੀ..! ਸ਼ਰਮ ਤਾਂ ਮੈਨੂੰ ਇਹ ਸੋਚ ਕੇ ਆਉਂਦੀ ਐ ਕਿ ਮੈਂ ਤੇਰੇ ਨਾਲ਼ੋਂ ਕਿੰਨੀ ਵੱਡੀ ਐਂ, ਤੈਨੂੰ ਕੀ ਕੁਛ ਪਤੈ ਤੇ ਮੈਨੂੰ ਮੇਰੇ ਨਾਲ਼ ਬਲਾਤਕਾਰ ਹੋਣ ਤੱਕ ਜਿ਼ੰਦਗੀ ਦਾ ਕੱਖ ਵੀ ਪਤਾ ਨਹੀਂ ਸੀ..! ਮੈਂ ਸਹੁੰ ਖਾ ਕੇ ਆਖਦੀ ਆਂ ਕਿ ਇੰਗਲੈਂਡ ਆਉਣ ਤੱਕ ਇਹਨਾਂ ਗੱਲਾਂ ਦਾ ਪਤਾ ਨਹੀਂ ਸੀ, ਤੇ ਇਹਨਾਂ ਗੱਲਾਂ ਨੂੰ ਮੈਂ ਝੂਠ ਹੀ ਸਮਝਦੀ ਰਹੀ..! ਸੋਚਦੀ ਸੀ ਕਿ ਇਹ ਸਿਰਫ਼ ਸ਼ੈਤਾਨ ਲੋਕਾਂ ਦੇ ਦਿਮਾਗ ਦੀ ਹੀ ਕਾਢ ਹੈ..! ਮੈਂ ਕਦੇ ਸੋਚ ਵੀ ਨਹੀਂ ਸਕਦੀ ਸੀ ਕਿ ਇਹ ਗੱਲਾਂ ਸਾਡੇ ਪਿੰਡਾਂ, ਸ਼ਹਿਰਾਂ ਜਾਂ ਸਮਾਜ ਵਿਚ ਵੀ ਵਾਪਰ ਸਕਦੀਆਂ ਨੇ...? ਸੋਚਦੀ ਸੀ ਕਿ ਪਿੰਡਾਂ ਦੇ ਲੋਕ ਬੜੇ ਸਤਯੁਗੀ, ਭੋਲ਼ੇ ਅਤੇ ਇਮਾਨਦਾਰ ਹੁੰਦੇ ਨੇ..! ਪਰ ਹੁਣ ਮੈਨੂੰ ਵੀ ਪਤਾ ਲੱਗ ਗਿਆ ਕਿ ਮੈਂ ਕਿੰਨੀ ਗਲਤ ਸੀ ਤੇ ਕਿੰਨਾਂ ਗਲਤ ਸੋਚ ਰਹੀ ਸੀ..! ਇਹ ਨਹੀਂ ਕਿ ਮੈਂ ਸ਼ਹਿਰ 'ਚ ਪਲ਼ੀ ਹੋਣ ਕਾਰਨ ਕਦੇ ਪਿੰਡ ਦੇਖੇ ਨਹੀਂ, ਜਾਂ ਕਦੇ ਪਿੰਡ 'ਚ ਗਈ ਨਹੀਂ..? ਬਹੁਤ ਨਜ਼ਰਸਾਨੀ ਕੀਤੀ ਪਿੰਡਾਂ ਦੀ..! ਪਰ ਮੈਨੂੰ ਕੁਛ ਵੀ ਯਾਦ ਨਹੀਂ, ਸਿਵਾਏ ਇਕ ਘਟਨਾ ਦੇ ਕਿ ਇਹੋ ਜਿਹੇ ਦੁਸ਼ਟ ਲੋਕ ਵੀ ਹੁੰਦੇ ਐ..? ਹਲਕੀ ਜਿਹੀ ਯਾਦ ਹੈ ਕਿ ਮੇਰੇ ਨਾਨਕੇ ਪਿੰਡ ਇਕ ਨੂੰਹ ਬਾਰੇ ਕਹਿੰਦੇ ਹੁੰਦੇ ਸੀ ਕਿ ਉਸ ਦੇ ਕਿਸੇ ਹੋਰ ਬੰਦੇ ਨਾਲ਼ ਨਜਾਇਜ਼ ਸਬੰਧ ਨੇ, ਪਰ ਮੈਂ ਸੋਚਦੀ ਸੀ ਕਿ ਉਹ ਜੁਆਨ ਵਿਧਵਾ ਹੈ, ਇਸ ਕਰਕੇ ਲੋਕ ਐਵੇਂ ਵਿਹਲੇ ਬੈਠ ਕੇ ਝੂਠੀਆਂ ਗੱਲਾਂ ਕਰਦੇ ਨੇ..! ਤੇ ਜਦੋਂ ਜਿੰਦਗੀ 'ਚ ਪਤਾ ਲੱਗਣ 'ਤੇ ਆਇਆ, ਤਾਂ ਕਸਰ ਹੀ ਕੋਈ ਨਹੀਂ ਰਹੀ, ਵੇਸਵਾ ਬਣਾਂ ਦਿੱਤੀ ਗਈ..! ਮੇਰੀ ਜਿ਼ੰਦਗੀ ਤਾਂ ਧੱਕੇ ਧੋੜ੍ਹੇ ਖਾਂਦੀ ਦੀ ਲੰਘ ਜਾਣੀ ਐਂ..!" ਰਫ਼ੀਕਾ ਰੋਣ ਲੱਗ ਪਈ। ਸੀਤਲ ਨੇ ਉਸ ਨੂੰ ਬੁੱਕਲ਼ ਵਿਚ ਲੈ ਲਿਆ ਅਤੇ ਉਸ ਨੇ ਫਿਰ ਦਿਲ ਕਰੜਾ ਕਰਕੇ ਅੱਗੇ ਕਹਿਣਾਂ ਸ਼ੁਰੂ ਕੀਤਾ, "ਲੁਕਾਉਣ ਵਾਲ਼ੀ ਤਾਂ ਕੋਈ ਗੱਲ ਰਹੀ ਈ ਨਹੀਂ, ਬੱਸ ਹੁਣ ਇਕ ਮਿਹਰਬਾਨੀ ਕਰੀਂ..! ਤੈਨੂੰ ਮੇਰੇ ਬਾਰੇ ਬਹੁਤ ਕੁਛ ਪਤਾ ਚੱਲ ਗਿਐ, ਮੇਰੇ ਦੁਖਾਂਤ ਬਾਰੇ ਕਿਸੇ ਨੂੰ ਨਾ ਦੱਸੀਂ..! ਕਿਉਂਕਿ ਜੋ ਮਰਜ਼ੀ ਐ ਕਹਿ ਲੈ, ਆਪਣੇ ਲੋਕ ਅਜੇ ਐਨੇ ਅਗਾਂਹਵਧੂ ਨਹੀਂ ਹੋਏ ਕਿ ਅਜਿਹੇ ਰਿਸ਼ਤਿਆਂ ਨੂੰ ਜਾਂ ਕਿਸੇ ਦੇ ਮੰਦੇ ਹਾਲਾਤਾਂ ਨੂੰ, ਜਾਂ ਮਜਬੂਰੀ ਨੂੰ ਸਮਝ ਸਕਣ..! ਜਾਂ ਫਿਰ ਔਰਤ ਮਰਦ ਦੀ ਦੋਸਤੀ ਨੂੰ ਪ੍ਰਵਾਨ ਕਰ ਸਕਣ...!"

ਰਫ਼ੀਕਾ ਰੋਈ ਜਾ ਰਹੀ ਸੀ।

ਕਿਸੇ ਲੰਬੀ ਕਾਰਵਾਈ ਤੋਂ ਬਾਅਦ ਸ਼ਾਹ ਜੀ ਆ ਗਏ!

-"ਹੁਣ ਤੂੰ ਰਫ਼ੀਕਾ ਨਹੀਂ, ਰਵਿੰਦਰ ਏਂ..!" ਉਸ ਨੇ ਰਵਿੰਦਰ ਦੇ ਸਿਰ 'ਤੇ ਹੱਥ ਰੱਖਿਆ।

ਰਵਿੰਦਰ ਨੇ ਸ਼ੁਕਰਾਨੇ ਭਰੀਆਂ ਅੱਖਾਂ ਨਾਲ਼ ਸਤਯੁੱਗੀ ਸ਼ਾਹ ਜੀ ਵੱਲ ਤੱਕਿਆ।
ਸ਼ਾਹ ਜੀ ਵਿਚੋਂ ਉਸ ਨੂੰ ਕੋਈ ਫ਼ਰਿਸ਼ਤਾ ਹੀ ਤਾਂ ਨਜ਼ਰ ਆਇਆ ਸੀ।
ਉਹ ਉਠ ਕੇ ਸ਼ਾਹ ਜੀ ਦੇ ਪੈਰਾਂ 'ਤੇ ਢੇਰੀ ਹੋ ਗਈ।

-"ਉਹ ਕਮਲੀਏ, ਕੀ ਕਰਨ ਡਹੀ ਏਂ..?" ਸ਼ਾਹ ਜੀ ਨੇ ਉਸ ਦੇ ਹੱਥ ਬੋਚ ਲਏ।
ਰਵਿੰਦਰ ਦਾ ਫਿਰ ਰੋਣ ਨਿਕਲ਼ ਗਿਆ। ਸ਼ਾਹ ਜੀ ਨੇ ਉਸ ਦੇ ਹੰਝੂ ਪੂੰਝ ਦਿੱਤੇ। ਸੀਤਲ ਵੀ ਕੋਲ਼ ਮਸੋਸੀ ਜਿਹੀ ਬੈਠੀ ਸੀ।
-"ਸਾਰਾ ਪ੍ਰਬੰਧ ਹੋ ਗਿਆ ਐ, ਕੱਲ੍ਹ ਤੁਹਾਨੂੰ ਬ੍ਰਿਟਿਸ਼ ਹਾਈ ਕਮਿਸ਼ਨ ਕੋਲ਼ ਪਹੁੰਚਾ ਦਿੱਤਾ ਜਾਵੇਗਾ..! ਉਹ ਤੁਹਾਨੂੰ ਅੱਗੇ ਪਹੁੰਚਾਣ ਦਾ ਪ੍ਰਬੰਧ ਕਰਨਗੇ..!" ਸ਼ਾਹ ਜੀ ਨੇ ਖ਼ੁਸ਼ੀ ਭਰੀ ਨਵੀਂ ਖ਼ਬਰ ਦਿੱਤੀ।
ਸੀਤਲ ਦੇ ਮਨ ਅੰਦਰ ਖ਼ੁਸ਼ੀ ਦੀਆਂ ਘੰਟੀਆਂ ਖੜਕੀਆਂ।
-"ਸੀਤਲ ਤਾਂ ਚਲੀ ਜਾਊਗੀ ਸ਼ਾਹ ਜੀ, ਕਿਉਂਕਿ ਇਹਦੇ ਕੋਲ਼ ਬ੍ਰਿਟਿਸ਼ ਪਾਸਪੋਰਟ ਐ, ਪਰ ਮੈਂ..?" ਰਵਿੰਦਰ ਅੱਗੇ ਇਕ ਪਰਬਤ ਵਰਗੀ ਔਕੜ ਸੀ।
-"ਫਿ਼ਕਰ ਨਾ ਕਰ ਕੁੜੀਏ..! ਤੇਰਾ ਵੀਜ਼ਾ ਵੀ ਮੈਂ ਲੁਆ ਕੇ ਟੋਰਾਂਗਾ..! ਸ਼ਾਹ ਜੀ ਕਿਸ ਸ਼ੈਅ ਦਾ ਨਾਮ ਈ..? ਸ਼ਾਹ ਕਾਹਦੇ ਵਾਸਤੇ ਬੈਠਾ ਈ..? ਜਦ ਮੈਂ ਤੁਸਾਂ ਦੀ ਬਾਂਹ ਫੜੀ ਜੇ, ਪਾਰ ਲਾ ਕੇ ਪਿਆ ਛੋੜਾਂਗਾ, ਕਿਸੇ ਗੱਲ ਦੀ ਚਿੰਤਾ ਨਹੀਂ ਜੇ ਕਰਨੀ..! ਜਾਓ ਖਾਣਾਂ ਲੱਗ ਗਿਆ ਈ, ਖਾਣਾਂ ਖਾ ਲਓ.!"

ਉਹ ਖਾਣਾਂ ਖਾਣ ਲਈ ਉਠ ਖੜ੍ਹੀਆਂ ਹੋਈਆਂ। ਸ਼ਾਹ ਜੀ ਉਹਨਾਂ ਨੂੰ ਅਗਵਾਈ ਦਿੰਦੇ ਅੱਗੇ ਲੱਗ ਤੁਰੇ।

੨੫।੦੩।੨੦੧੨

ਕਾਂਡ 1 ਕਾਂਡ 2 ਕਾਂਡ 3 ਕਾਂਡ 4 ਕਾਂਡ 5 ਕਾਂਡ 6 ਕਾਂਡ 7 ਕਾਂਡ 8
ਕਾਂਡ 9 ਕਾਂਡ 10 ਕਾਂਡ 11 ਕਾਂਡ 12 ਕਾਂਡ 13 ਕਾਂਡ 14 ਕਾਂਡ 15 ਕਾਂਡ 16
ਕਾਂਡ 17 ਕਾਂਡ 18 ਕਾਂਡ 19 ਕਾਂਡ 20        

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi.com