WWW 5abi.com  ਸ਼ਬਦ ਭਾਲ

ਨਾਵਲ
ਸੱਜਰੀ
ਪੈੜ ਦਾ ਰੇਤਾ
ਸ਼ਿਵਚਰਨ ਜੱਗੀ ਕੁੱਸਾ

ਕਾਂਡ 1 ਕਾਂਡ 2 ਕਾਂਡ 3 ਕਾਂਡ 4 ਕਾਂਡ 5 ਕਾਂਡ 6 ਕਾਂਡ 7 ਕਾਂਡ 8
ਕਾਂਡ 9 ਕਾਂਡ 10 ਕਾਂਡ 11 ਕਾਂਡ 12 ਕਾਂਡ 13 ਕਾਂਡ 14 ਕਾਂਡ 15 ਕਾਂਡ 16
ਕਾਂਡ 17 ਕਾਂਡ 18 ਕਾਂਡ 19 ਕਾਂਡ 20        
ਕਾਂਡ 20
ਧੀ ਭੈਣ ਕਾ ਜੋ ਪੈਸਾ ਖਾਵੈ
ਕਹੈ ਗੋਬਿੰਦ ਸਿੰਘ ਨਰਕ ਕੋ ਜਾਵੈ
(ਰਹਿਤਨਾਮਾ)


ਸ਼ਾਹ ਜੀ ਨੇ ਸਾਰੀ ਗੱਲ ਬ੍ਰਿਟਿਸ਼ ਹਾਈ ਕਮਿਸ਼ਨ ਨਾਲ਼ ਮਿਥੀ ਹੋਈ ਸੀ।

ਅਗਲੇ ਦਿਨ ਉਸ ਨੇ ਰਵਿੰਦਰ ਅਤੇ ਸੀਤਲ ਨੂੰ ਹਾਈ ਕਮਿਸ਼ਨ ਦੇ ਹਵਾਲੇ ਕਰ ਦਿੱਤਾ ਅਤੇ ਉਹਨਾਂ ਨੂੰ ਇੰਗਲੈਂਡ ਆ ਕੇ ਮਿਲਣ ਦਾ ਵਾਅਦਾ ਵੀ ਦਿੱਤਾ। ਹਾਈ ਕਮਿਸ਼ਨ ਨੇ ਰਵਿੰਦਰ ਦੀ ਸਪੌਂਸਰਸ਼ਿੱਪ ਮੰਗੀ ਤਾਂ ਸ਼ਾਹ ਜੀ ਨੇ ਲੋੜੀਂਦੇ ਕਾਗਜ਼ਾਂ 'ਤੇ ਦਸਤਖ਼ਤ ਕਰ ਦਿੱਤੇ। ਸ਼ਾਹ ਜੀ ਨੇ ਉਸ ਨੂੰ ਆਪਣੀ ਫ਼ਰਮ ਵਿਚ ਕੰਮ ਦੇਣ ਦੀ ਪੇਸ਼ਕਸ਼ ਕਰ ਦਿੱਤੀ ਅਤੇ ਇਕ 'ਕਾਂਨਟਰੈਕਟ' 'ਤੇ ਦਸਤਖ਼ਤ ਕਰ ਦਿੱਤੇ! ਇਸਲਾਮਾਬਾਦ ਦੇ ਪੁਲੀਸ ਮੁਖੀ ਨੇ ਬ੍ਰਿਟਿਸ਼ ਹਾਈ ਕਮਿਸ਼ਨਰ ਦੀ ਮੌਜੂਦਗੀ ਵਿਚ ਸੀਤਲ ਅਤੇ ਰਵਿੰਦਰ ਦੀ ਸਟੇਟਮੈਂਟ ਲਈ। ਬਿਆਨਾਂ ਦੇ ਆਧਾਰ 'ਤੇ ਦੋਸ਼ੀਆਂ ਖਿ਼ਲਾਫ਼ ਕਾਰਵਾਈ ਆਰੰਭੀ ਜਾਣੀ ਸੀ। ਬਾਹਰਲੇ ਦੇਸ਼ਾਂ ਵਿਚੋਂ ਪਾਕਿਸਤਾਨ ਲਿਆ ਕੇ, ਉਹਨਾਂ ਤੋਂ ਧੰਦਾ ਕਰਵਾਉਣ ਵਾਲ਼ੇ ਇਕ ਗੈਂਗ ਦਾ ਪਰਦਾਫ਼ਾਸ਼ ਹੋ ਚੁੱਕਾ ਸੀ। ਹੈਦਰ, ਖ਼ਾਨ ਅਤੇ ਇਮਰਾਨ ਖਿ਼ਲਾਫ਼ ਕੇਸ ਦਰਜ਼ ਕੀਤਾ ਜਾ ਚੁੱਕਾ ਸੀ। ਸਾਈਦਾ ਅਤੇ ਜ਼ਾਲਮ ਖ਼ਾਂ ਪਹਿਲਾਂ ਹੀ ਹਿਰਾਸਤ ਵਿਚ ਸਨ। ਉਹਨਾਂ ਦੀਆਂ ਗਵਾਹੀਆਂ ਪੁਆਈਆਂ ਜਾ ਚੁੱਕੀਆਂ ਸਨ। ਹੈਦਰ, ਖ਼ਾਨ ਅਤੇ ਇਮਰਾਨ ਦੀ ਗ੍ਰਿਫ਼ਤਾਰੀ ਦੇ ਵਾਰੰਟ ਲੈ ਕੇ ਇਕ ਵਿਸ਼ੇਸ਼ ਪੁਲੀਸ ਦਸਤਾ ਹਾਈ ਕਮਿਸ਼ਨ ਦੀ ਹਮਾਇਤ ਨਾਲ਼ ਇੰਗਲੈਂਡ ਰਵਾਨਾਂ ਹੋ ਗਿਆ ਸੀ।

ਹਾਈ ਕਮਿਸ਼ਨਰ ਨੇ ਸੀਤਲ ਦਾ ਨਾਂ ਅਤੇ ਬਾਕੀ ਨਿੱਜੀ ਵੇਰਵਾ ਲੈ ਕੇ ਨਵੇਂ ਪਾਸਪੋਰਟ ਜਾਰੀ ਕਰਨ ਲਈ ਫ਼ਾਈਲ ਤਿਆਰ ਕਰਵਾਉਣੀ ਸ਼ੁਰੂ ਕਰ ਦਿੱਤੀ। ਮੰਤਰਾਲੇ ਨਾਲ਼ ਈ-ਮੇਲਾਂ ਅਤੇ ਫ਼ੈਕਸਾਂ ਦਾ ਅਦਾਨ-ਪ੍ਰਦਾਨ ਜੰਗੀ ਪੱਧਰ 'ਤੇ ਜਾਰੀ ਸੀ। ਪਰ ਇਸ ਗੱਲ ਦਾ 'ਪ੍ਰੈੱਸ' ਕੋਲ਼ ਭੋਗ ਨਹੀਂ ਪਾਇਆ ਗਿਆ ਸੀ, ਕਿਉਂਕਿ ਹਾਈ ਕਮਿਸ਼ਨਰ ਅਤੇ ਹੋਰ ਅਫ਼ਸਰਾਂ ਦਾ ਵਿਚਾਰ ਸੀ ਕਿ ਪ੍ਰੈੱਸ ਵਿਚ ਖ਼ਬਰ ਨਸ਼ਰ ਹੋਣ 'ਤੇ ਦੋਸ਼ੀ ਗ੍ਰਿਫ਼ਤਾਰੀ ਤੋਂ ਬਚਣ ਲਈ ਕਿਤੇ ਤਿਲ੍ਹਕ ਸਕਦੇ ਹਨ ਅਤੇ ਫਿਰ ਉਹਨਾਂ ਨੂੰ ਗ੍ਰਿਫ਼ਤਾਰ ਕਰਨਾ ਔਖਾ ਹੋ ਜਾਣਾਂ ਸੀ।

ਰਵਿੰਦਰ ਦਾ ਪਾਸਪੋਰਟ ਭਾਰਤੀ ਦੂਤਘਰ ਤੋਂ ਜਾਰੀ ਕਰਵਾਇਆ ਜਾਣਾਂ ਸੀ। ਸ਼ਾਹ ਜੀ ਦੇ ਬੰਦੇ ਰਵਿੰਦਰ ਦੀ ਹਰ ਸੰਭਵ ਮੱਦਦ ਕਰ ਰਹੇ ਸਨ।

ਅੰਬੈਸੀ ਵਿਚ ਫ਼ਾਈਲ ਜਮ੍ਹਾਂ ਕਰਵਾਉਣ ਤੋਂ ਬਾਅਦ ਬ੍ਰਿਟਿਸ਼ ਹਾਈ ਕਮਿਸ਼ਨਰ ਸੀਤਲ ਕੋਲ਼ ਆਇਆ।

-"ਜੇ ਤੁਸੀਂ ਚਾਹੋਂ ਤਾਂ ਅਸੀਂ ਮੰਤਰਾਲੇ ਰਾਹੀਂ ਤੁਹਾਡੇ ਮਾਂ ਬਾਪ ਨੂੰ ਸੂਚਨਾਂ ਦੇ ਸਕਦੇ ਹਾਂ..!" ਗੋਰੇ ਹਾਈ ਕਮਿਸ਼ਨਰ ਨੇ ਸੀਤਲ ਨੂੰ ਪੁੱਛਿਆ ਤਾਂ ਸੀਤਲ ਦਾ ਰੋਣ ਨਿਕਲ਼ ਗਿਆ।

ਪਰ ਉਸ ਨੇ 'ਹਾਂ' ਪੱਖੀ ਹੁੰਗਾਰਾ ਭਰ ਦਿੱਤਾ।

-"ਕਿਰਪਾ ਕਰਕੇ ਐਥੇ ਆਪਣੇ ਘਰ ਦਾ ਨੰਬਰ ਲਿਖ ਦਿਓ..! ਅਸੀਂ ਮੰਤਰਾਲੇ ਨੂੰ ਇਹ ਨੰਬਰ ਦਿਆਂਗੇ ਅਤੇ ਉਹ ਤੁਹਾਡੇ ਮਾਂ ਬਾਪ ਨੂੰ ਸੂਚਿਤ ਕਰ ਦੇਣਗੇ..!"

ਸੀਤਲ ਨੇ ਅੱਖਾਂ ਪੂੰਝ ਕੇ ਆਪਣੇ ਮਾਂ-ਬਾਪ ਦਾ ਨੰਬਰ ਲਿਖ ਦਿੱਤਾ ਅਤੇ ਨੰਬਰ ਲੈ ਕੇ ਗੋਰਾ ਚਲਾ ਗਿਆ।

ਅੰਬੈਸੀ ਦੀ ਸਾਰੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਹਾਈ ਕਮਿਸ਼ਨਰ ਦੀ ਹਾਜਰੀ ਵਿਚ ਇਸਲਾਮਾਬਾਦ ਦੀ ਪੁਲੀਸ ਨੇ ਸੀਤਲ ਅਤੇ ਰਵਿੰਦਰ ਦੇ ਬਿਆਨ ਇਕ ਵਾਰ ਫਿਰ ਲੈ ਕੇ ਪੁਸ਼ਟੀ ਕੀਤੀ। ਫ਼ੋਟੋਆਂ ਖਿੱਚੀਆਂ ਅਤੇ ਦੋਸ਼ੀ ਸਾਈਦਾ ਅਤੇ ਜ਼ਾਲਮ ਖ਼ਾਂ ਦੀ ਸ਼ਨਾਖ਼ਤ ਕਰਵਾਈ। ਵੱਖੋ ਵੱਖ ਧਾਰਾਵਾਂ ਲਾ ਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਅਤੇ ਪਾਕਿਸਤਾਨ ਵਿਚ ਰਹਿੰਦੇ ਬਾਕੀ ਦੋਸ਼ੀਆਂ ਦੀ ਭਾਲ਼ ਲਈ ਥਾਂ-ਥਾਂ 'ਤੇ ਛਾਪੇ ਵੱਜਣੇ ਸ਼ੁਰੂ ਹੋ ਗਏ! ਹਾਈ ਕਮਿਸ਼ਨ ਅੱਗੇ ਪੁਲੀਸ ਊਰੀ ਬਣੀ ਫਿ਼ਰਦੀ ਸੀ। ਜ਼ਾਲਮ ਖ਼ਾਂ ਅਤੇ ਸਾਈਦਾ ਦੇ ਇਕਬਾਲੀਆ ਬਿਆਨਾਂ ਦੇ ਆਧਾਰ 'ਤੇ ਕੇਸ ਮੜ੍ਹਿਆ ਗਿਆ। ਸੀਤਲ ਅਤੇ ਰਵਿੰਦਰ ਦੀਆਂ ਗਵਾਹੀਆਂ ਨਾਲ਼ ਨੱਥੀ ਕੀਤੀਆਂ ਗਈਆਂ।

ਪੰਜ ਕੁ ਦਿਨਾਂ ਦੀ ਤੂਫ਼ਾਨੀ ਕਾਰਵਾਈ ਤੋਂ ਬਾਅਦ ਰਵਿੰਦਰ ਨੂੰ ਭਾਰਤੀ ਅਤੇ ਸੀਤਲ ਨੂੰ ਬ੍ਰਿਟਿਸ਼ ਪਾਸਪੋਰਟ ਜਾਰੀ ਕਰ ਦਿੱਤੇ ਗਏ ਅਤੇ ਰਵਿੰਦਰ ਨੂੰ ਬ੍ਰਿਟਿਸ਼ ਅੰਬੈਸੀ ਨੇ ਸ਼ਾਹ ਜੀ ਦੀ ਸ਼ਾਹਦੀ 'ਤੇ ਛੇ ਮਹੀਨੇ ਦਾ ਮਲਟੀਪਲ ਵੀਜ਼ਾ ਦੇ ਦਿੱਤਾ ਗਿਆ। ਟਿਕਟਾਂ ਦਾ ਪ੍ਰਬੰਧ ਅਤੇ ਖ਼ਰਚਾ ਸ਼ਾਹ ਜੀ ਨੇ ਹੀ ਕੀਤਾ ਸੀ।

ਜ਼ਿੰਦਗੀ ਦੇ ਭਾਗਾਂ ਵਿਚ ਲਿਖਿਆ ਸੰਤਾਪ ਭੋਗਣ ਤੋਂ ਬਾਅਦ ਹਫ਼ਤੇ ਦੇ ਵਿਚ ਵਿਚ ਸੀਤਲ ਅਤੇ ਰਵਿੰਦਰ ਇੰਗਲੈਂਡ ਨੂੰ ਉਡਾਰੀ ਮਾਰ ਗਈਆਂ...!

-"ਜੇ ਮੈਂ ਤੇਰੇ ਤੇ ਡੈਡ ਦੇ ਆਖੇ ਲੱਗ ਕੇ ਚੱਲਦੀ, ਤਾਂ ਮੈਂ ਐਨਾਂ ਦੁੱਖ ਨ੍ਹੀ ਸੀ ਭੋਗਣਾ ਮੰਮ.!" ਅਗਲੀ ਸਵੇਰ ਹੀਥਰੋ ਏਅਰਪੋਰਟ 'ਤੇ ਸੀਤਲ ਆਪਣੀ ਮਾਂ ਦੀ ਬੁੱਕਲ਼ ਵਿਚ ਗੁਆਚੀ ਧਾਹਾਂ ਮਾਰੀ ਜਾ ਰਹੀ ਸੀ। ਰਵਿੰਦਰ ਉਸ ਦੀ ਪਿੱਠ ਪਲ਼ੋਸ ਕੇ ਧਰਵਾਸ ਦੇਣ ਦੇ ਯਤਨ ਵਿਚ ਸੀ! ਸੀਤਲ ਦਾ ਬਾਪ ਗੁਰਚਰਨ ਅਤੇ ਭੈਣ ਪਾਇਲ ਰਵਿੰਦਰ ਵੱਲ ਸੁਆਲੀਆਂ ਨਜ਼ਰਾਂ ਨਾਲ਼ ਤੱਕ ਰਹੇ ਸਨ। ਰਵਿੰਦਰ ਵੱਲੋਂ ਕੀਤੀ ਜਾਂਦੀ ਮਿਹਰਬਾਨੀ ਦਾ ਉਹਨਾਂ ਨੂੰ ਹੁਣ ਤੱਕ ਪਤਾ ਨਹੀਂ ਲੱਗਿਆ ਸੀ।

ਤੀਜੇ ਦਿਨ ਹੈਦਰ, ਇਮਰਾਨ ਅਤੇ ਖ਼ਾਨ ਦੀ ਹੋਈ ਗ੍ਰਿਫ਼ਤਾਰੀ ਦਾ ਅਖ਼ਬਾਰਾਂ ਵਿਚ ਤੜਥੱਲ ਮੱਚਿਆ ਪਿਆ ਸੀ।

*** ਸਮਾਪਤ **
੨੫।੦੩।੨੦੧੨

ਕਾਂਡ 1 ਕਾਂਡ 2 ਕਾਂਡ 3 ਕਾਂਡ 4 ਕਾਂਡ 5 ਕਾਂਡ 6 ਕਾਂਡ 7 ਕਾਂਡ 8
ਕਾਂਡ 9 ਕਾਂਡ 10 ਕਾਂਡ 11 ਕਾਂਡ 12 ਕਾਂਡ 13 ਕਾਂਡ 14 ਕਾਂਡ 15 ਕਾਂਡ 16
ਕਾਂਡ 17 ਕਾਂਡ 18 ਕਾਂਡ 19 ਕਾਂਡ 20        

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi.com