WWW 5abi.com  ਸ਼ਬਦ ਭਾਲ

ਨਾਵਲ
ਸਮੁੰਦਰ ਮੰਥਨ

ਮੇਜਰ ਮਾਂਗਟ, ਕਨੇਡਾ

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        
   

ਭਾਗ 2

ਸਮੁੰਦਰ ਮੰਥਨ (PDF, 568KB)    


ਪਿੰਡ ਰਣੀਆ। ਜਿਲ੍ਹਾ ਲੁਧਿਆਣਾ ਦਾ ਇੱਕ ਛੋਟਾ ਜਿਹਾ ਪਿੰਡ। ਜਿਸ ਦਾ ਇਤਿਹਾਸ ਸਦੀਆਂ ਪੁਰਾਣਾ ਸੀ। ਇਸ ਵਿੱਚ ਪ੍ਰਾਚੀਨ ਨਾਗ ਜਾਤੀ ਨਾਲ ਸਬੰਧਤ ਲੋਕ ਰਹਿੰਦੇ ਸਨ। ਜਿਨਾਂ ਦਾ ਗੋਤ ਪਨਾਗ ਸੀ। ਇਨ੍ਹਾਂ ਹੀ ਪੁਰਾਤਨ ਸਮਿਆਂ ‘ਚੋਂ ਜਨਮਿਆ ਸੀ ‘ਤਕਸ਼ਕ’ ਕਬੀਲਾ। ਤਕਸ਼ਕ ਕਬੀਲੇ ਵਾਲੇ ਆਪਣੇ ਆਪ ਨੂੰ ‘ਤੱਖੀ’ ਅਖਵਾਂਉਂਦੇ। ਤੱਖੀ ਨਾਗ ਵੀ ਸਰਪ ਜਾਤੀ ਵਿੱਚ ਕਾਫੀ ਮਸ਼ਹੂਰ ਸੀ। ਤੱਖੀ ਕਬੀਲੇ ਵਾਲਿਆਂ ਨੇ ਰਣੀਏ ਦੇ ਨਾਲ ਪਿੰਡ ਤੱਖਰ ਵਸਾਇਆ ਹੋਇਆ ਸੀ। ਇਨ੍ਹਾਂ ਦੋਹਾਂ ਪਿੰਡਾਂ ਦੇ ਲੋਕ ਅਜੇ ਵੀ ਸੱਪਾਂ ਦੀ ਪੂਜਾ ਕਰਦੇ ਸਨ। ਸੱਪ ਨੂੰ ਸੱਪ ਕਹਿਣ ਦੀ ਬਜਾਏ ਸਤਿਕਾਰ ਨਾਲ ਬਾਬਾ ਕਿਹਾ ਜਾਂਦਾ। ਦੋਹਾਂ ਪਿੰਡਾਂ ਵਿੱਚ ਸੱਪਾਂ ਨੂੰ ਮਾਰਿਆ ਵੀ ਨਹੀਂ ਸੀ ਜਾਂਦਾ ਸਗੋਂ ਸ਼ਿਸ਼ਕੇਰਿਆ ਜਾਂਦਾ ਸੀ। ਹਰ ਮਹੀਨੇ ਨਾਗ ਦੇਵਤਾ ਦੀ ਕੜ੍ਹਾਹੀ ਕਰਕੇ ਪ੍ਰਸ਼ਾਦ ਵੰਡਿਆ ਜਾਂਦਾ।

ਵੈਦਿਕ ਕਾਲ ਤੋਂ ਚਲੇ ਆ ਰਹੇ ਇਹ ਪਿੰਡ ਆਰੀਅਨ ਕਬੀਲਿਆਂ ਨੇ ਸਦੀਆਂ ਪਹਿਲਾਂ ਵਸਾਏ ਸਨ। ਜੋ ਕਈ ਵਾਰ ਉੱਜੜੇ ਤੇ ਕਈ ਵਾਰ ਵਸੇ। ਰਣੀਏ ਪਿੰਡ ਦੇ, ਹੁਣ ਵਾਲੀ ਥਾਂ ਇੱਕ ਵਾਰ ਕਹਿੰਦੇ ਕੋਈ ਪੁਰਾਣਾ ਪਿੰਡ, ਪੂਰੀ ਤਰ੍ਹਾਂ ਨਸ਼ਟ ਵੀ ਹੋ ਗਿਆ ਸੀ। ਫੇਰ ਉਸੇ ਹੀ ਥੇਹ ਤੇ ਇਹ ਨਵਾਂ ਪਿੰਡ ਉਸਾਰ ਲਿਆ ਗਿਆ। ਪੁਰਾਤਨ ਥੇਹ ਦੀਆਂ ਨਿਸ਼ਾਨੀਆਂ ਅਜੇ ਵੀ ਮੌਜੂਦ ਸਨ। ਏਥੇ ਹੁਣ ਵੀ ਮਿੱਟੀ ਪੁੱਟਣ ਵੇਲੇ ਪੁਰਾਣੇ ਠੀਕਰ, ਬਰਤਣ ਜਾਂ ਜੰਗਾਲ ਖਾਧੇ ਸੰਦ ਮਿਲਦੇ।

ਥੇਹ ਤੇ ਪੁਰਾਣੇ ਲੋਕਾਂ ਦੀ ਯਾਦ ਵਿੱਚ ਅਜੇ ਵੀ ਇੱਕ ਮੋੜ੍ਹੀ ਗੱਡੀ ਹੋਈ ਸੀ। ਜੋ ਮੁੜ ਨਵਾਂ ਪਿੰਡ ਬੰਨਣ ਵਾਲਿਆਂ ਨੇ ਪੁਰਾਣੇ ਲੋਕਾਂ ਦੀ ਯਾਦ ਵਿੱਚ ਗੱਡ ਦਿੱਤੀ ਹੋਵੇਗੀ। ਹੁਣ ਏਸ ਮੋੜ੍ਹੀ ਨੂੰ ਵੱਡੇ ਵਡੇਰੇ ਸਮਝਕੇ ਸਾਰਾ ਪਿੰਡ ਦਸਵੀਂ ਵਾਲੇ ਦਿਨ ਮੱਥਾ ਟੇਕਦਾ। ਨਵਾਂ ਪਿੰਡ ਬੰਨੇ ਨੂੰ ਵੀ ਭਾਵੇ ਸੈਂਕੜੇ ਵਰੇ ਬੀਤ ਗਏ ਸਨ, ਪਰ ਇਹ ਵਿਕਾਸ ਪੱਖੋਂ ਅਜੇ ਵੀ ਬਹੁਤ ਪਛੜਿਆ ਹੋਇਆ ਸੀ। ਤਹਿਸੀਲ ਸਮਰਾਲਾ ਦੇ ਬਲਾਕ ਮਾਛੀਵਾੜਾ ਵਿੱਚ ਵਸੇ ਏਸ ਪਿੰਡ ਦਾ ਰਕਬਾ ਹੁਣ 439 ਹੇੈਕਟੇਅਰ ਅਤੇ ਵਸੋਂ ਮਸਾਂ ਬਾਰਾਂ ਕੁ ਸੌ ਜੀ ਹੀ ਸੀ। ਹੁਣ ਇਸ ਪਿੰਡ ਵਿੱਚ ਪਨਾਗਾਂ ਤੋਂ ਬਿਨਾਂ ਬੋਲ਼ੇ,ਭੰਡਾਲ ਅਤੇ ਕੂਨਰ ਵੀ ਆ ਵਸੇ ਸਨ। ਜਿਨਾਂ ਦੀਆਂ ਆਪਣੀਆਂ ਆਪਣੀਆਂ ਗਲੀਆਂ ਅਤੇ ਪੱਤੀਆਂ ਸਨ।

ਜੇ 1961 ਦੀ ਗੱਲ ਕਰੀਏ ਤਾਂ ਪਿੰਡ ਵਿੱਚ ਕਾਫੀ ਘਰ ਨਾਨਕਸ਼ਾਹੀ ਇੱਟਾਂ ਦੇ ਬਣੇ ਹੋਏ ਸੀ ਪਰ ਬਹੁਤੇ ਅਜੇ ਵੀੇ ਚੀਰੂ ਮਿੱਟੀ ਨਾਲ ਹੀ ਬਣੇ ਹੋਏ ਸਨ। ਜਿਨਾਂ ਉੱਪਰ ਕੜੀਆਂ ਅਤੇ ਸਰਕੜੇ ਦੀਆਂ ਛੱਤਾਂ ਪਈਆਂ ਹੋਈਆਂ ਸਨ। ਇਹ ਛੱਤਾਂ ਮੀਂਹ ਪੈਣ ਵੇਲੇ ਅਕਸਰ ਚੋਣ ਲੱਗ ਜਾਂਦੀਆਂ। ਲੋਕ ਬੋਰੀਆਂ ਦੇ ਝੁੰਗਲ਼ ਮਾਟੇ ਮਾਰ ਕੇ ਕੱਚੀਆਂ ਛੱਤਾਂ ਤੇ ਮੋਰੀਆਂ ਬੰਦ ਕਰਨ ਚੜ ਜਾਂਦੇ। ਮੀਂਹ ਦੇ ਪਾਣੀ ਨਾਲ ਘਰਾਂ ਅੰਦਰ ਕੰਧਾਂ ਤੇ ਘਰਾਲਾਂ ਪੈਂਦੀਆਂ ਰਹਿੰਦੀਆਂ।

ਘਰਾਂ ਦੀਆਂ ਛੱਤਾਂ ਵਿੱਚ ਰੌਸ਼ਨੀ ਆਉਣ ਲਈ ਮੋਘੇ ਰੱਖੇ ਜਾਂਦੇ। ਜਿਨਾਂ ਨੂੰ ਮੀਂਹ ਪੈਣ ਵੇਲੇ ਟੀਨ ਦੇ ਢੱਕਣਾਂ ਨਾਲ ਢਕ ਦਿੱਤਾ ਜਾਂਦਾ। ਤੇਜ਼ ਕਣੀਆਂ ਟੀਨ ਤੇ ਡਿੱਗ ਕੇ ਰਸਭਿੰਨਾ ਸੰਗੀਤ ਛੇੜਦੀਆਂ। ਝੜੀ ਲੱਗਣ ਵੇਲੇ ਕਈ ਕੱਚੀਆਂ ਕੰਧਾਂ ਡਿੱਗ ਵੀ ਪੈਂਦੀਆਂ। ਕੱਚੇ ਰਸਤਿਆਂ ਵਿੱਚ ਪਾਣੀ ਦੇ ਟੋਭੇ ਲੱਗ ਜਾਂਦੇ। ਜਿੰਨਾਂ ਦੇ ਕਿਨਾਰੇ ਬਹਿ ਕੇ ਡੱਡੂ ਗੜੈਂ ਗੜੈਂ ਕਰਦੇ। ਪਿੰਡ ਦੀਆਂ ਗਲੀਆਂ ਵਿੱਚ ਚਿੱਕੜ ਅਤੇ ਤਿਲਕਣ ਆਮ ਹੀ ਹੋ ਜਾਂਦੇ। ਸਾਉਣ ਦੇ ਮਹੀਨੇ ਇਨ੍ਹਾਂ ਸਭ ਮੁਸ਼ਕਲਾਂ ਤੋਂ ਬੇਖਬਰ ਪਿੰਡ ਦੇ ਲੋਕ ਮਾਹਲ਼ ਪੂੜੇ ਬਣਾ ਕੇ ਖਾਂਦੇ। ਗੁਲਗਲੇ ਕਚੌਰੀਆਂ ਦਾ ਆਨੰਦ ਮਾਣਦੇ ਅਤੇ ਰੱਬ ਨੂੰ ਵੀ ਹਰ ਵਕਤ ਯਾਦ ਕਰਦੇ ਰਹਿੰਦੇ।

ਇਸ ਪਿੰਡ ਦਾ ਚੌਗਿਰਦਾ ਉੱਚੇ ਉੱਚੇ ਰੇਤਲੇ ਟਿੱਬਿਆਂ ਨਾਲ ਘਿਰਿਆ ਹੋਇਆ ਸੀ। ਭਾਵਂੇ ਕਿਤੇ ਕਿਤੇ ਟਿੱਬਿਆਂ ਤੇ ਸਰਕੜਾ, ਕਾਹੀਂ ਦੇ ਬੂਝੇ, ਬਰੂ, ਕੰਡਿਆਲੀਆਂ ਝਾੜੀਆਂ ਅਤੇ ਬੇਰੀਆਂ ਦੇ ਝੁੰਡ ਵੀ ਦਿਖਾਈ ਦਿੰਦੇ ਪਰ ਤਾਂ ਵੀ ਸਾਰਾ ਦਿਨ ਰੇਤ ਉੱਡਦੀ ਰਹਿੰਦੀ। ਰੇਤਲੀ ਜ਼ਮੀਨ ਵਿੱਚ ਕੁੱਝ ਕੁ ਫਸਲਾਂ ਹੀ ਸੂਤ ਬੈਠਦੀਆਂ ਸਨ, ਜਿਨਾਂ ਵਿੱਚ ਮੂੰਗਫਲੀ , ਕਣਕ, ਜੌਂ, ਛੋਲੇ, ਗੁਆਰਾ, ਬਾਜ਼ਰਾ, ਸਰੋਂ, ਤਾਰਾਮੀਰਾ, ਅਲਸੀ, ਮੱਕੀ, ਕਮਾਦ ਅਤੇ ਨਰਮਾ ਮੁੱਖ ਸਨ। ਰੇਤੇ ਵਿੱਚ ਛੋਟੇ ਸੰਖ ਸਿੱਪੀਆਂ ਅਤੇ ਘੋਗੇ ਵੇਖ ਕੇ ਖੋਜ਼ੀ ਆਖਦੇ ਕਿ ਕਦੀ ਇਹ ਧਰਤੀ ਡੂੰਘੇ ਪਾਣੀ ਦਾ ਤਲ ਰਹੀ ਹੋਵੇਗੀ। ਕਈ ਕਹਿੰਦੇ ਏਥੇ ਸਮੁੰਦਰ ਹੋਵੇਗਾ ਅਤੇ ਕਈ ਕਹਿੰਦੇ ਪੁਰਾਤਨ ਸਮੇਂ ਦਰਿਆ ਸਰਸਵਤੀ, ਦਰਿਆ ਸ਼ਤਦਰੂ ਜਾਂ ਅਜੋਕਾ ਸਤਲੁਜ ਇਸੇ ਜਗਾ ਵਗਿਆ ਕਰਦੇ ਸਨ। ਨਾਗ ਜਾਤੀ ਨੇ ਪਹਿਲਾ ਪਿੰਡ ਵੀ ਕਿਸੇ ਦਰਿਆ ਦੇ ਕੰਡੇ ਤੇ ਹੀ ਵਸਾਇਆ ਹੋਵੇਗਾ। ਜੋ ਹੋ ਸਕਦਾ ਹੈ ਕਦੇ ਪਾਣੀ ਦੀ ਭੇਂਟ ਹੀ ਚੜ੍ਹ ਗਿਆ ਹੋਵੇ। ਤੇ ਕਦੀ ਇਹ ਰਣੀਆ ਪਿੰਡ ਵੀ ਦਰਿਆ ਦੇ ਕੰਢੇ ਤੇ ਹੀ ਹੋਵੇਗਾ। ਕਈ ਤਾਂ ਇਹ ਵੀ ਦੱਸਦੇ ਸਨ ਕਿ ਦਰਿਆ ਸਤਲੁਜ ਹੁਣ ਖਿਸਕਦਾ ਖਿਸਕਦਾ ਚੌਵੀ ਪੱਚੀ ਕਿਲੋਮੀਟਰ ਦੂਰ ਚਲਾ ਗਿਆ ਏ। ਜੋ ਹੁਣ ਪੂਰਬ ਵਲ ਮਾਛੀਵਾੜੇ ਦੇ ਉੱਪਰ ਰਾਂਹੋਂ ਕੋਲ ਵੱਗਦਾ ਸੀ। ਤੇ ਪੱਛਮ ਵਾਲੇ ਪਾਸੇ ਹੁਣ ਇਹ ਲੋਧੀਆਂ ਦੇ ਵਸਾਏ ਸ਼ਹਿਰ ‘ਲੁਧਿਆਣਾ’ ਤੋਂ ਪਾਰ ਵੱਗਦਾ ਸੀ। ਪਰ ਅੱਜ ਕੱਲ ਤਾਂ ਇਸ ਪਿੰਡ ਦੀਆਂ ਬਰੂਹਾਂ ਤੇ ਉਨੀਵੀਂ ਸਦੀ ਦੇ ਅਖੀਰ ਵਿੱਚ ਕੱਢੀ ਨਹਿਰ ਸਰਹਿੰਦ ਵਗਦੀ ਹੈ। ਜਿਸ ਦਾ ਇਸ ਪਿੰਡ ਦੇ ਲੋਕਾਂ ਨੂੰ ਕੋਈ ਭਾਅ ਨਹੀਂ।

ਜ਼ਿਅਦਾਤਰ ਜ਼ਮੀਨ ਮਾਰੂ ਹੈ ਅਤੇ ਫਸਲਾਂ ਮੀਂਹ ਦੇ ਆਸਰੇ ਪਲਦੀਆਂ ਸਨ। ਇਸ ਪਿੰਡ ਵਿੱਚ ਅਜੇ ਵੀ ਲੋਕ ਸਾਂਝੀ ਖੂਹੀ ਦਾ ਪਾਣੀ ਪੀਂਦੇ ਸਨ। ਜਿੱਥੇ ਆਥਣ ਸਵੇਰ ਪਾਣੀ ਕੱਢਣ ਵਾਲਿਆਂ ਦਾ ਡੋਲ ਖੜਕਦਾ ਹੀ ਰਹਿੰਦਾ।

ਹੁਣ ਤਾਂ ਪਿੰਡ ਵਿੱਚ ਕੋਈ ਕੋਈ ਖੂਹ ਵੀ ਲੱਗ ਗਿਆ ਸੀ। ਪਰ ਬਲਦਾਂ ਨਾਲ ਚੱਲਣ ਵਾਲੇ ਖੂਹ ਪਹਿਲਾਂ ਨਹੀਂ ਸਨ ਤਾਂ ਲੋਕ ਫਸਲਾਂ ਦੀ ਸਿੰਚਾਈ ਲਈ ਸਿਰਫ ਬੋਕੇ ਨਾਲ ਹੀ ਪਾਣੀ ਕੱਢਦੇ। ਹੁਣ ਕੁੱਝ ਨਵੇਂ ਖੂਹਾਂ ਦੇ ਲੱਗਣ ਨਾਲ ਰਾਤਾਂ ਨੂੰ ਵੀ ਬਲਦਾਂ ਦੀਆਂ ਟੱਲੀਆਂ ਖੜਕਦੀਆਂ ਰਹਿੰਦੀਆਂ। ਤੇ ਕਿਸਾਨਾਂ ਦੀਆਂ ਹੇਕਾਂ ਵਾਤਾਰਰਨ ਵਿੱਚ ਮਿਸ਼ਰੀ ਘੋਲਦੀਆਂ ਰਹਿੰਦੀਆਂ।

ਰਥ ਜਾਂ ਗੱਡੇ ਇਸ ਪਿੰਡ ਦਾ ਸ਼ਿੰਗਾਰ ਸਨ। ਟਿਕੀ ਰਾਤ ਵਿੱਚ ਘੋੜੀਆਂ ਦੀਆਂ ਘੁੰਗਰਾਲ਼ਾ ਵੀ ਖੜਕਦੀਆਂ, ਜਿਵੇਂ ਕੁਦਰਤ ਦੇਵੀ ਖਿੜ ਖਿੜ ਕਰਕੇ ਹੱਸਦੀ ਹੋਵੇ।
ਇਸ ਪਿੰਡ ਦਾ ਧਰਾਤਲ ਵੀ ਕੁੱਝ ਅਜੀਬ ਜਿਹਾ ਹੀ ਸੀ। ਇੱਕ ਪਾਸੇ ਰੇਤਲੇ ਟਿੱਬੇ ਤੇ ਦੂਸਰੇ ਪਾਸੇ ਨਹਿਰ ਦੀ ਸੇਮ। ਜੇ ਲਹਿੰਦੇ ਪਾਸੇ ਫਸਲਾਂ ਸੋਕੇ ਨਾਲ ਮਰ ਰਹੀਆਂ ਹੁੰਦੀਆਂ ਤਾਂ ਚੜਦੇ ਪਾਸੇ ਉਨ੍ਹਾਂ ਨੂੰ ਸੇਮ ਦਾ ਪਾਣੀ ਮਾਰ ਦਿੰਦਾ। ਨਹਿਰ ਨਾਲ ਫੈਲ਼ੀ ਸੇਘਲ਼ ਵਿੱਚ ਪਾਣੀ ਦਾ ਪੱਧਰ ਏਨਾ ਉੱਚਾ ਸੀ ਕਿ ਦੋ ਫੁੱਟ ਡੂੰਘਾ ਟੋਆ ਪੁੱਟਣ ਨਾਲ ਹੀ ਪਾਣੀ ਨਿੱਕਲ ਆਉਂਦਾ। ਇਹ ਸਾਰੀ ਸੇਘਲ਼ ਡੰਗਰਾ ਲਈ ਚਰਾਂਦ ਸੀ। ਸਾਰਾ ਦਿਨ ਏਥੇ ਪਸ਼ੂਆਂ ਦੇ ਵੱਗ ਚਰਦੇ ਰਹਿੰਦੇ। ਜੋ ਦਿਨ ਦੇ ਛਿਪਾ ਨਾਲ ਹੀ ਘਰਾਂ ਨੂੰ ਪਰਤਦੇ। ਸ਼ਾਮ ਨੂੰ ਵਾਗੀ ਹੋਕਰੇ ਲਾਉਂਦੇ ਅਤੇ ਰਾਹਾਂ ਵਿੱਚ ਧੂੜ ਉੱਡਦੀ ਰਹਿੰਦੀ। ਇਹਦੇ ਵਿੱਚ ਹੀ ਲੰਬੜਾਂ ਦਾ ਮਾਲ ਡੰਗਰ ਵੀ ਹੁੰਦਾ।

ਸਾਰਾ ਪਿੰਡ ਸ਼ਾਮ ਨੂੰ ਟੋਕਾ ਕੁਤਰਦਾ। ਸੁਆਣੀਆਂ ਸੰਨੀਆਂ ਕਰਦੀਆਂ ਅਤੇ ਧਾਰਾਂ ਕੱਢਦੀਆਂ। ਸੰਤਾ ਸਿੰਘ ਲੰਬੜਦਾਰ ਦਾ ਟੱਬਰ ਵੀ ਏਸੇ ਆਹਰ ਵਿੱਚ ਜੁਟ ਜਾਂਦਾ। ਜਦੋਂ ਇਸ ਪਰਿਵਾਰ ਵਿੱਚ ਬੱਚੇ ਦੀ ਆਮਦ ਹੋਈ ਤਾਂ ਜਿਵੇਂ ਹਥਲੇ ਕੰਮ ਵਿੱਚੇ ਹੀ ਰਹਿ ਗਏ। ਲਾਲੋ ਦੀ ਭੱਠੀ ਤੇ ਭੁੱਜਦੇ ਦਾਣਿਆਂ ਦੀ ਮਹਿਕ ਹੋਰ ਵੀ ਤਿੱਖੀ ਹੋ ਗਈ। ਗੁਰਦਵਾਰੇ ਦੀ ਘੰਟੀ ਨੇ ਤਾਂ ਜਿਵੇਂ ਪੂਰੀ ਫਿਜ਼ਾ ਵਿੱਚ ਹੀ ਸੰਗੀਤ ਘੋਲ਼ ਦਿੱਤਾ ਹੋਵੇ।
 

ਸਮੁੰਦਰ ਮੰਥਨ (PDF, 568KB)    

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com