WWW 5abi.com  ਸ਼ਬਦ ਭਾਲ

ਨਾਵਲ
ਸਮੁੰਦਰ ਮੰਥਨ

ਮੇਜਰ ਮਾਂਗਟ, ਕਨੇਡਾ

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        
   

ਭਾਗ 4

ਸਮੁੰਦਰ ਮੰਥਨ (PDF, 568KB)    


ਸਰਦ ਰੁੱਤ ਦੀ ਮਿੱਠੀ ਜਿਹੀ ਸ਼ਾਮ ਸੀ। ਅਸਮਾਨ ਤੇ ਤਿੱਤਰ ਖੰਭੀਆਂ ਬੱਦਲੀਆਂ ਵਿੱਚ ਢਲਦਾ ਸੂਰਜ ਲੁਕਣ ਮੀਟੀ ਖੇਡ ਰਿਹਾ ਸੀ। ਸਾਰਾ ਪਿੰਡ ਹੀ ਜਿਵੇਂ ਗੁਲਾਬੀ ਭਾਅ ਮਾਰ ਰਿਹਾ ਹੋਵੇ। ਸਿਮਰੋ ਨੇ ਕੋਠੇ ਤੇ ਸੁੱਕਣੇ ਪਾਏ ਕੱਪੜੇ ਇਕੱਠੇ ਕੀਤੇ ਤੇ ਮੰਜੇ ਤੇ ਰੱਖ ਕੇ ਉਨ੍ਹਾਂ ਦੀ ਤਹਿਆਂ ਮਾਰਨ ਲੱਗੀ। ਹਰਦੇਵ ਕੌਰ ਪੱਕੀਆਂ ਪੌੜੀਆਂ ‘ਚ ਖੜੀ ਕਹਿ ਰਹੀ ਸੀ “ਕੁੜੇ ਗੁੱਡੋ ਥੱਲੇ ਆੳਂੁਦੀ ਹੋਈ ਅਚਾਰ ਵਾਲਾ ਬਰਤਮਾਨ ਤੇ ਸੇਵੀਆਂ ਵੀ ਚੱਕ ਲਿਆਈਂ। ਫੇਰ ਤੇਲ਼ ਪੈਜੂਗੀ। ਬਥੇਰੀ ਧੁੱਪ ਲੱਗ ਗੀ। ਨਾਲੇ ਦਿਨ ਛਿਪਣ ‘ਚ ਕਿਹੜਾ ਹੁਣ ਗੋਡੇ ਨੇ” ਉਹ ‘ਚੰਗਾ ਭਾਬੀ’ ਕਹਿ ਕੇ ਹੱਥਲਾ ਕੰਮ ਛੇਤੀ ਛੇਤੀ ਨਿਬੇੜਨ ਲੱਗ ਪਈ।

ਸਰਨੋ ਵਿਹੜੇ ਦੀ ਇੱਕ ਨੁੱਕਰੇ ਬਣਾਈ ਰਸੋਈ ਵਿੱਚ, ਲਸਣ ਅਧਰਕ ਛਿੱਲ ਰਹੀ ਸੀ। ਜੋਗਿੰਦਰੋ ਉਸ ਦੇ ਕੋਲ ਹੀ ਚਾਦਰ ਵਿਛਾ, ਸਾਗ ਚੀਰ ਚੀਰ ਤੌੜੀ ਵਿੱਚ ਪਾ ਰਹੀ ਸੀ। ਸਾਗ ਰਿੱਝਣਾ ਧਰਕੇ ਉਹ ਕਹਿਣ ਲੱਗੀ “ਬੇਬੇ ਮੇਰਾ ਭਰਾ ਗੇਲਾ ਖੰਨਿਉ ਇੱਕ ਗਿਲਟ ਜਿਹੀ ਦਾ ਪਤੀਲਾ ਲਿਆਇਆ ਏ। ਕਹਿੰਦੇ ਉਹਦ ‘ਚ ਸਾਗ ਬੜੀ ਛੇਤੀ ਬਣਦੈ। ਆਪਾਂ ਵੀ ਸ਼ਹਿਰੋਂ ਉਹ ਮੰਗਾ ਲੀਏ? ਬਾਪੂ ਜੀ ਨੂੰ ਕਹਿ ਕੇ ਦੇਖ ਲੀ…। ਨਾਲੇ ਆਹ ਤੌੜੀਆਂ ਤੋਂ ਖਹਿੜਾ ਛੁੱਟਜੂ। ਮਾਂਜਣੀਆਂ ਕਿਹੜਾ ਸੌਖੀਆਂ ਨੇ। ਮਹਿਤਾਬ ਕੁਰ ਨੇ ਐਨਾ ਈ ਕਿਹਾ “ਖਨੀ ਜੈ ਖਾਣਾ ਉਹ ਕਾਹਦਾ ਬਣਿਆ ਹੋਊ? ਹੁਣ ਤੱਕ ਤੌੜੀ ਚੇ ਈ ਸਾਗ ਬਣਾਉਂਦੇ ਰਹੇ ਆਂ। ਭਾਈ ਹੁਣ ਨਵੀਂ ਸਮੋਂ ਆਗੀ। ਚੱਲ ਕਹਿ ਕੇ ਦੇਖ ਲੂੰ”

ਮਹਿਤਾਬ ਕੁਰ ਚੁੱਲੇ ਚੌਂਕੇ ਤੇ ਗੇੜਾ ਮਾਰ ਕੇ ਬਚਨੋਂ ਦਾ ਹਾਲ ਚਾਲ ਵੀ ਪੁੱਛ ਆਉਂਦੀ। ਭੁਰੂ ਕੁੱਤਾ ਬੇਬੇ ਨੂੰ ਦੇਖ ਦੇਖ ਪੂਛ ਹਿਲਾ ਰਿਹਾ ਸੀ। ਜੋ ਨੇਮ ਅਨੁਸਾਰ ਪਹਿਲੀ ਅਨਚੋਪੜੀ ਰੋਟੀ ਭੁਰੂ ਨੂੰ ਪਾਉਂਦੀ ਤੇ ਕਹਿੰਦੀ “ਵਿਚਾਰਾ ਦਰਵੇਸ਼ ਆ। ਗੂੰਗਾ ਮੁੱਖ। ਏਹਨੇ ਕਿਹੜਾ ਮੰਗ ਕੇ ਲੈਣੀਆ…”। ਜੇ ਉਸਦੀ ਕੋਈ ਨੂੰਹ ਕੁੱਤੇ ਨੂੰ ਡੰਡਾ ਜਾਂ ਵਗਵਾਂ ਭੂਕਨਾ ਮਾਰਦੀ ਤੇ ਉਹ ਕੁੱਤਾ ਚਊਂ ਚਊਂ ਕਰਕੇ ਦੌੜਦਾ, ਤਾਂ ਮਹਿਤਾਬ ਕੁਰ ਆਖਦੀ “ਚੰਦਰੀਏ ਕਾਹਨੂੰ ਮਾਰਨਾ ਤੀ। ਦਰਵੇਸ਼ ਦੀ ਕੂਕ ਤਾਂ ਕਹਿੰਦੇ ਦਰਗਾਹ ਤੱਕ ਸੁਣਦੀ ਆ। ਅੱਗੇ ਈ ਪਤਾ ਨੀ ਕਿਹੜੈ ਪਾਪਾਂ ਦੇ ਮਾਰੇ ਹੋਏ ਆਂ”। ਹੁਣ ਜਿਸ ਦਿਨ ਦਾ ਦੋਹਤਾ ਹੋਇਆਂ ਸੀ, ਤਾਂ ਉਹ ਤੁਰੀ ਫਿਰਦੀ ਇਹ ਵੀ ਕਹੀ ਜਾ ਰਹੀ ਸੀ “ਦੋਹਤਮਾਨ ਤਾਂ ਭਾਈ ਸੌ ਬਾਹਮਣਾ ਦੇ ਬਰਾਬਰ ਹੁੰਦੈ। ਦੋਹਤਮਾਨ ਨੂੰ ਖੁਸ਼ ਕਰਕੇ ਤਾਂ ਸੌ ਜੱਗਾਂ ਦਾ ਫਲ ਮਿਲਦੈ”

ਫੇਰ ਦੇਖਦੇ ਹੀ ਦੇਖਦੇ ਦਿਨ ਛਿਪ ਗਿਆ। ਛਿਟੀਆਂ ਦੇ ਬਾਲਣ ਨਾਲ ਚੁੱਲਿਆਂ ਵਿੱਚ ਲਟਾ ਲਟ ਅੱਗ ਬਲ਼ ਰਹੀ ਸੀ। ਦੂਰ ਮੰਜੇ ਤੇ ਬੈਠਾ ਸੰਤਾ ਸਿਉਂ ਰਹਿਰਾਸ ਦਾ ਪਾਠ ਕਰ ਰਿਹਾ ਸੀ। ਪਾਣੀ ਦਾ ਵਲਟੋਹਾ ਗਰਮ ਹੋ ਗਿਆ ਸੀ। ਜਿਉਂ ਹੀ ਸਾਗ ਰਿੱਝਿਆ, ਤਾਂ ਹਰਦੇਵ ਕੌਰ ਉਸ ਵਿੱਚ ਆਲਣ ਪਾਉਣ ਲੱਗ ਪਈ। ਉਹ ਅਜੇ ਸਾਗ ਘੋਟ ਹੀ ਰਹੀ ਸੀ ਕਿ ਖੇਤੋਂ ਬਲਕਾਰ ਸਿਉਂ ਵੀ ਆ ਗਿਆ। ਉਸ ਦੇ ਹੱਥ ਵਿੱਚ ਤਾਜ਼ਾ ਪੱਟੀਆਂ ਮੂਲੀਆਂ ਅਤੇ ਖੀਸੇ ਵਿੱਚ ਹਰੀਆਂ ਮਿਰਚਾ ਵੀ ਸਨ। ਉਸ ਨੇ ਕਿਹਾ “ਬੇਬੇ ਮੈਨੂੰ ਤੱਤਾ ਪਾਣੀ ਪਾ ਦਿਉ। ਮੈਂ ਹੱਥ ਮੂੰਹ ਧੋ ਕੇ ਗੁਰਜੀਤ ਤੇ ਦੇਬੂ ਦੀ ਰੋਟੀ ਖੇਤ ਹੀ ਦੇ ਕੇ ਆਉਣੀ ਆ। ਅੱਧਾ ਵਿੱਘਾ ਕਣਕ ਅਜੇ ਸਿੰਜਣੋ ਰਹਿ ਗੀ। ਬਰਸੀਮ ਵੀ ਸਿੰਜਣ ਵਾਲਾ ਪਿਆ ਹੈ। ਕਹਿੰਦੇ ਹੁਣ ਕੰਮ ਨਬੇੜ ਕੇ ਹੀ ਆਮਾਂਗੇ। ਆਹ ਮੂਲ਼ੀਆਂ ਤੇ ਹਰੀਆਂ ਮਿਰਚਾਂ ਦੇ ਨਾਲ ਆਦੇ ਦਾ ਅਚਾਰ ਵੀ ਬੰਨ ਦਿਉ। ਹਾਂ ਸੱਚ ਦੁੱਧ ਦੀ ਥਾਂ ਕੈੜੀ ਜਿਹੀ ਚਾਹ ਬਣਾ ਦਿਉ”।

ਜੋਗਿੰਦਰ ਕੁਰ ਨੇ ਬਾਲਟੀ ‘ਚ ਗਰਮ ਪਾਣੀ ਪਾ ਕੇ ਠੰਡਾ ਪਾਣੀ ਰਲਾ, ਹੱਥ ਪੈਰ ਧੋਣ ਲਈ, ਚੌਂਤਰੇ ਤੇ ਧਰ ਦਿੱਤਾ।ਨਾਲ ਹੀ ਘਰਦੇ ਬਣਾਏ ਹੋਏ ਸਾਬਣ ਦੀ ਇੱਕ ਟਿੱਕੀ ਅਤੇ ਤੌਲੀਆ ਵੀ ਰੱਖ ਦਿੱਤਾ। ਮੂੰਗਫਲੀ ਦੀਆਂ ਗਿਰੀਆਂ ਕੁੱਟ ਕੇ ਉਨ੍ਹਾਂ ਵਿੱਚ ਕਾਸਟਡ ਸੋਢਾ ਰਲਾ ਇਹ ਸਾਬਣ ਬਣਾਉਣ ਦਾ ਰੁਝਾਨ ਪਿੰਡ ਵਿੱਚ ਅਜੇ ਨਵਾਂ ਹੀ ਪ੍ਰਚੱਲਤ ਹੋਇਆ ਸੀ। ਹੱਥ ਪੈਰ ਧੋਅ ਕੇ ਬਲਕਾਰ ਸਿੰਘ ਅਰਾਮ ਕੁਰਸੀ ਅੱਗੇ ਸਟੂਲ ਰੱਖ ਕੇ ਰੋਟੀ ਖਾਣ ਬੈਠ ਗਿਆ। ਉਹ ਇਕੱਲਾ ਹੀ ਕੁਰਸੀ ਤੇ ਬਹਿ ਕੇ ਰੋਟੀ ਖਾਂਦਾ ਸੀ, ਨਹੀਂ ਤਾਂ ਬਾਕੀ ਸਾਰਾ ਟੱਬਰ ਬੋਰੀਆਂ ਤੇ ਬਹਿ ਕੇ ਹੀ ਰੋਟੀ ਖਾਂਦਾ।

ਨਵਾਂ ਜੰਮਿਆ ਬਾਲ ਵਾਰ ਵਾਰ ਰੋਅ ਰਿਹਾ ਹੋਣ ਕਰਕੇ, ਮਹਿਤਾਬ ਕੌਰ ਉਸ ਨੂੰ ਚੁੱਕ ਕੇ ਬਲਕਾਰ ਦੇ ਕੋਲ ਲੈ ਆਈ “ਆਹਦੇ ਤੇਰਾ ਮਾਮਾ। ਜਾਣਾ ਏ ਮਾਮੇ ਕੋਲ? ਉ ਉ ਉ ਸਦਕੇ ਜਾਵਾਂ” ਕਹਿੰਦੀ ਹੋਈ ਉਸ ਨੇ ਬੱਚਾ ਬਲਕਾਰ ਸਿੰਘ ਨੂੰ ਫੜਾ ਦਿੱਤਾ । ਪਰ ਬਲਕਾਰ ਨੂੰ ਸੰਗ ਆ ਗਈ। ਉਸ ਦਾ ਨੰਨਾ ਜਿਹਾ ਭਾਣਜਾ ਮੁੱਠੀਆਂ ਮੀਚੀ ਅੱਖਾਂ ਬੰਦ ਕਰੀਂ, ਸੌਂ ਰਿਹਾ ਸੀ।

ਮਹਿਤਾਬ ਕੌਰ ਨੇ ਬਲਕਾਰ ਤੋਂ ਬਾਅਦ ਸਾਰੇ ਟੱਬਰ ਨੂੰ ਮੱਕੀ ਦੀ ਰੋਟੀ ਦੇ ਨਾਲ ਸਰੋਂ ਦਾ ਸਾਗ, ਵਿੱਚ ਮੱਖਣ ਪਾ ਕੇ ਪਰੋਸ ਦਿੱਤਾ। ਉਨੀ ਦੇਰ ਸਿਮਰੋ ਤੇ ਸਰਨੋ ਬਚਨੋ ਕੋਲ ਬੈਠੀਆਂ ਰਹੀਆਂ। ਬਾਅਦ ਵਿੱਚ ਮਹਿਤਾਬ ਕੁਰ ਨੇ ਦੋਨਾਂ ਧੀਆਂ ਨਾਲ ਬਹਿ ਕੇ ਰੋਟੀ ਖਾਧੀ। ਬਚਨੋਂ ਨੂੰ ਤਾਂ ਅੱਜ ਵੀ ਦੇਸੀ ਘਿਉ ਵਾਲੀਆਂ ਸੇਵੀਆਂ ਹੀ ਖੁਆਈਆਂ ਗਈਆਂ। ਫੇਰ ਗੁਰਮੀਤੋ ਦੀਆਂ ਗੱਲਾਂ ਛਿੜ ਪਈਆਂ। ਬੇਬੇ ਮਹਿਤਾਬ ਕੁਰ ਉਸਦੀ ਮਾੜੀ ਕਿਸਮਤ ਨੂੰ ਕੋਸਦੀ ਇਹ ਵੀ ਕਹਿ ਰਹੀ ਸੀ “ਜੇ ਉਹ ਗੇੜਾ ਮਾਰ ਜਾਏ ਤਾਂ ਕਿੰਨਾ ਚੰਗਾ ਹੋਵੇ” ਉਸ ਨੂੰ ਉਹ ਦਿਨ ਯਾਦ ਆਏ ਜਦੋਂ ਉਨ੍ਹਾਂ ਦੇ ਵਿਹੜੇ ਵਿੱਚ ਤ੍ਰਿੰਜਣ ਲੱਗਦਾ ਸੀ। ਸਾਰੇ ਪਿੰਡ ਦੀਆਂ ਕੁੜੀਆਂ ਰਲ਼ ਕੇ ਚਰਖੇ ਕੱਤਦੀਆਂ ਸਨ। ਗੁਰਮੀਤੋ ਵੀ ਉਨ੍ਹਾਂ ਵਿੱਚ ਹੁੰਦੀ। ਸਭ ਤੋਂ ਸ਼ੋਹਲੀ ਸੀ ਉਹ।

ਫੇਰ ਮਹਿਤਾਬ ਕੁਰ ਕਹਿਣ ਲੱਗੀ “ਕੁੜੇ ਕਿਉਂ ਨਾ ਅੱਜ ਦੋ ਦੋ ਗਲੋਟੇ ਹੀ ਲਾਹ ਲਹੀਏ? ਨਾਲੇ ਦਿਲ ਲੱਗਿਆ ਰਹੂ।ਰੋਟੀ ਪਾਣੀ ਤੋਂ ਵਿਹਲੇ ਹੋ ਕੇ ਉਨ੍ਹਾਂ ਸੁਆਹ ਨਾਲ ਭਾਡੇ ਮਾਂਜੇ ਦਿੱਤੇ। ਫੇਰ ਧੋਤੇ ਹੋਏ ਭਾਡੇ ਇੱਕ ਟੋਕਰੀ ਵਿੱਚ ਸੁੱਕਣੇ ਰੱਖ ਦਿੱਤੇ। ਪਿਛਲੇ ਅੰਦਰ ਅੱਗੇ ਬਣੇ ਦਲਾਨ ਵਿੱਚ ਉਨ੍ਹਾਂ ਤਿੰਨ ਚਰਖੇ ਡਾਹ ਲਏ। ਉਨ੍ਹਾਂ ਦੀਆਂ ਚਰਮਖਾਂ ਅਤੇ ਤੱਕਲੇ ਮਾਹਲਾਂ ਦੀ ਨਿਰਖ ਪਰਖ ਕਰਕੇ, ਉਨ੍ਹਾਂ ਪੂਣੀਆਂ ਵਾਲੇ ਬੋਹੀਏ ਕੋਲ ਰੱਖ ਲਏ। ਤੇ ਰੋਟੀ ਖਾਅ ਕੇ ਉਹ ਚਰਖੇ ਕੱਤਣ ਲੱਗੀਆ।
ਹਰਦੇਵ ਕੌਰ ਨੇ ਦੂਸਰੇ ਦਿਨ ਵਾਸਤੇ ਚੁੱਲੇ ਵਿੱਚ ਅੱਗ ਦੱਬ ਦਿੱਤੀ। ਉਸਨੇ ਦੁੱਧ ਨੂੰ ਵੀ ਜਾਗ ਲਾਇਆ। ਜੁਗਿੰਦਰ ਕੌਰ ਸਾਰਿਆਂ ਦੇ ਵਿਸਤਰੇ ਵਿਛਾ ਕੇ ਆਪ ਚੁਬਾਰੇ ੱਿਵਚ ਸੌਣ ਚਲੀ ਗਈ। ਸੰਤਾ ਸਿੰਘ ਨੇ ਬਾਹਰਲੇ ਘਰ ਮਾਲ ਪਸ਼ੂ ਦੀ ਰਾਖੀ ਲਈ ਸੌਣ ਜਾਣਾ ਸੀ।

ਹੁਣ ਉਹ ਚਾਰੇ ਗੱਲਾਂ ਮਾਰ ਰਹੀਆਂ ਸਨ। ਬੁੱਝਣ ਵਾਲੀਆਂ ਬਾਤਾਂ ਪਾ ਰਹੀਆਂ ਸਨ। ਤੇ ਲੰਬੇ ਲੰਬੇ ਤੰਦ ਵੀ ਕੱਢ ਰਹੀਆਂ ਸਨ। ਉਨ੍ਹਾਂ ਨੇ ਉਨਾਂ ਚਿਰ ਹੀ ਕੱਤਣਾ ਸੀ ਜਿੰਨਾ ਚਿਰ ਗੁਰਜੀਤ ਦਾ ਹਲਟ ਚੱਲਦਾ ਸੀ। ਰਾਤ ਦੇ ਦਸ ਵੱਜ ਗਏ ਪਰ ਉਹ ਅਜੇ ਤੱਕ ਨਹੀਂ ਸੀ ਆਇਆ। ਬੋਤਾ ਵੀ ਵਿਚਾਰਾ ਭੁੱਖਣ ਭਾਣਾ ਸੀ। ਹਰਦੇਵ ਕੌਰ ਧੋਤੇ ਹੋਏ ਭਾਂਡੇ ਪੀੜੇ ਤੇ ਰੱਖਣ ਲੱਗ ਪਈ। ਕੈਂਹ ਦੇ ਛੰਨੇ, ਵਲਟੋਹੀਆਂ, ਕੌਲ, ਕਰਮੰਡਲ, ਪਿੱਤਲ ਦੇ ਗਲਾਸ, ਪਰਾਤਾਂ ਅਤੇ ਬਾਲਟੀਆਂ। ਇਨ੍ਹਾਂ ‘ਚੋਂ ਕਈਂ ਭਾਡੇ ਤਾਂ ਵੀਹ ਸਾਲ ਪੁਰਾਣੇ ਸਨ। ਹੱਲਿਆਂ ਵੇਲਿਆਂ ਦੇ। ਜਿਨਾਂ ਨੂੰ ਦੇਖ ਕੇ ਮਹਿਤਾਬ ਕੁਰ ਨੂੰ ਬਹੁਤ ਕੁੱਝ ਯਾਦ ਆ ਜਾਂਦਾ।

ਇਹਨਾਂ ਭਾਡਿਆਂ ਵਿੱਚ ਕਈ ਭਾਂਡੇ ਜਿਵੇਂ ਕਿਸੇ ਹੋਰ ਦੇ ਸਨ ਤੇ ਹੁਣ ਵਿਚੇ ਰਲ਼ ਗਏ। ਇਸ ਘਰ ਵਿੱਚ ਵੀ ਹੁਣ ਜੋ ਨਵਾਂ ਜੀ ਆਇਆ ਸੀ ਉਸ ਨੇ ਵੀ ਏਵੇਂ ਟੱਬਰ ਵਿੱਚ ਰਲ਼ ਜਾਣਾ ਸੀ। ਜਿਹੜੇ ਪਿਛਲੇ ਅੰਦਰ ਬਚਨੋ ਪਈ ਸੀ, ਇਹ ਕਦੇ ਕਰੀਮ ਮੁਸਲਮਾਨ ਦਾ ਘਰ ਹੋਇਆ ਕਰਦਾ ਸੀ। ਜਿਸ ਨੂੰ ਹੱਲਿਆਂ ਵੇਲੇ ਛੱਡ ਕੇ, ਉਨ੍ਹਾਂ ਨੂੰ ਭੱਜਣਾ ਪਿਆ ਸੀ। ਕਦੀ ਉਹ ਤੇ ਉਹਦਾ ਪਰਿਵਾਰ ਏਥੇ ਨਮਾਜ਼ ਅਦਾ ਕਰਿਆ ਕਰਦੇ ਸਨ। ਹੁਣ ਏਸੇ ਸਥਾਨ ਤੇ ਗੁਰਬਾਣੀ ਨਾਲ ਸਬੰਧਤ ਪਵਿੱਤਰ ਪੋਥੀਆਂ ਤੇ ਗੁਟਕੇ ਪਏ ਸਨ।

ਇਸ ਹਨੇਰੇ ਕਮਰੇ ਨੂੰ ਮਹਿਤਾਬ ਕੌਰ ਸਾਫ ਸੁਥਰਾ ਰੱਖਦੀ। ਹਰ ਰੋਜ਼ ਦੇਸੀ ਘਿਉ ਦੀ ਜੋਤ ਜਗਾ ਕੇ, ਧੂਫ ਦਿੰਦੀ ਤੇ ਨਿੱਤ ਨੇਮ ਕਰਦੀ। ਇਸ ਕੋਠੇ ਵਿੱਚ ਉਸਦਾ ਸੰਦੂਕ, ਤਿੰਨ ਲੋਹੇ ਦੇ ਟਰੰਕ, ਦੋ ਆਟੇ ਵਾਲੇ ਭੜੋਲੇ ਅਤੇ ਹੋਰ ਨਿੱਕੜ ਸੁੱਕੜ ਪਿਆ ਸੀ। ਅਲਮਾਰੀ ਵਿੱਚ ਪੋਥੀਆਂ ਅਤੇ ਗੁਟਕੇ ਸਨ। ਇੱਕ ਖੂੰਜੇ ਨਿੱਤਨੇਮ ਕਰਨ ਵਾਲਾ ਅਸਣ ਸੀ। ਇਸ ਘਰ ਵਿੱਚ ਹੁਣ ਤੱਕ ਚਾਰ ਵਿਆਹ ਹੋ ਚੁੱਕੇ ਸਨ। ਹਰ ਵਾਰੀ ਕੀਮਤੀ ਗਹਿਣਾ ਗੱਟਾ, ਦਾਜ ਵਰੀ, ਕੀਮਤੀ ਸਮਾਨ ਅਤੇ ਮਠਿਆਈ ਇਸੇ ਕਮਰੇ ਵਿੱਚ ਰੱਖੇ ਜਾਂਦੇ। ਡਾਟਾਂ ਵਾਲੇ ਬੂਹੇ ਨੂੰ ਲੱਗਿਆ ਦਰਵਾਜਾ, ਇਸ ਨੂੰ ਬਾਕੀ ਘਰ ਨਾਲੋਂ ਵੱਖ ਕਰ ਦਿੰਦਾ। ਜਦੋਂ ਵੀ ਜਰੂਰਤ ਹੁੰਦੀ ਤਾਂ ਏਥੇ ਜਿੰਦਰਾ ਲਗਾ ਦਿੱਤਾ ਜਾਂਦਾ। ਮਹਿਤਾਬ ਕੁਰ ਨੇ ਅੱਜ ਪੁਰਾਣੀ ਗੱਲ ਫੇਰ ਛੇੜ ਲਈ ਸੀ।

“ਕਰੀਮ ਦੇ ਘਰ ਵਾਲੀ ਗੁਲਬਾਨੋ ਮੈਨੂੰ ਧੀਆਂ ਵਾਂਗ ਪਿਆਰ ਕਰਦੀ ਸੀ। ਉਸ ਦੀਆਂ ਕੁੜੀਆਂ ਬਸ਼ੀਰੋ ਅਤੇ ਰਹਿਮਤਾਂ ਮੇਰੀਆਂ ਸਹੇਲੀਆਂ ਸਨ। ਕਰੀਮ ਚਾਚੇ ਦਾ ਮੁੰਡਾ ਮੁਹੰਮਦ ਬਖਸ਼ ਥੋਡੇ ਬਾਪੂ ਨਾਲ ਬਿੜੀ ਪਾਕੇ ਖੇਤੀ ਕਰਦਾ ਸੀ। ‘ਕੱਠੇ ਬਹਿੰਦੇ ‘ਕੱਠੇ ਖਾਂਦੇ…। ਫੇਰ ਲਹੂ ਦੀ ‘ਨੇਰੀ ਵਗੀ, ਤੇ ਸਾਰਾ ਕੁਛ ਉਡਾ ਕੇ ਲੈ ਗੀ। ਉਸਦਾ ਹੱਥੀ ਬਣਾਇਆ ਆਪਣਾ ਘਰ ਈ ਬਗਾਨਾ ਹੋ ਗਿਆ। ਤੇ ਚਾਰੇ ਪਾਸੇ ਗਦਰ ਪੈ ਗਿਆ ਤੀ”।

“ਬੇਬੇ ਕੀਹਨੇ ਐਂ ਕੀਤਾ ਹੋਊ…। ਦੱਸ ਵਿਚਾਰੇ ਕਿੱਥੇ ਗਏ ਹੋਣਗੇ?”

“ਰੱਬ ਜਾਣੇ ਭਾਈ…ਲੋਕ ਤਾਂ ਕੈਂਹਦੇ ਤੀ ਇਹ ਗੋਰਿਆਂ ਨੇ ਕੀਤੈ। ਪਰ ਸਾਨੂੰ ਅਨਪੜਾਂ ਨੂੰ ਕੀ ਪਤੈ? ਫੇਰ ਲੋਕਾਂ ਨੂੰ ਮੁਸਲਮਾਨਾਂ ਨਾਲ ਪੁਰਾਣੀਆਂ ਗੱਲਾਂ ਤੇ ਗੁਰੂਆਂ ਵੇਲੇ ਦੀ ਦੁਸ਼ਮਣੀ ਯਾਦ ਔਣ ਲੱਗੀ। ਤਾਂ ਨਿੱਕੇ ਨਿੱਕੇ ਬੱਚਿਆਂ ਨੂੰ ਨੇਜਿਆਂ ਤੇ ਟੰਗ ਕੇ ਮਾਰਨ ਲੱਗੇ। ਮਾਰ ਕੇ, ਕੀ ਗਭਰੂ ਤੇ ਕੀ ਬੁੜੇ ਠੇਰੇ ਸਭ ਨੂੰ ਕੋਹ ਕੋਹ ਕੇ ਮਾਰਿਆ। ਧੀਆਂ ਵਰਗੀਆਂ ਕੁੜੀਆਂ ਦੀ ਇੱਜਤ ਵੀ ਖੇਹ ਖਰਾਬ ਕਰਨ ਲੱਗੇ। ਸੱਚ ਦੱਸਾਂ ਭਾਈ ਉਦੋਂ ਤਾਂ ਬੰਦੇ ਜਾਣੀ ਜੈ ਖਾਣੇ ਰਾਕਸ਼ ਬਣ ਗੇ ਤੀ। ਪਸੂਆਂ ਤੋਂ ਵੀ ਨਿੱਘਰ ਗੇ ਤੀ” ਵਾਖਰੂ ਵਾਖਰੂ ਕਰਦੀ ਮਹਿਤਾਬ ਕੌਰ ਦੀਆਂ ਅੱਖਾਂ ‘ਚ ਪਾਣੀ ਤੈਰਨ ਲੱਗਿਆ। ਉਸ ਘਟਨਾ ਨੂੰ ਯਾਦ ਕਰਕੇ, ਅੱਜ ਵੀ ਉਸਦੀ ਰੂਹ ਕੰਬ ਉੱਠਦੀ ਹੈ। ਉਸ ਨੇ ਸਬਰ ਇਕੱਠਾ ਕਰਕੇ ਫੇਰ ਗੱਲ ਅੱਗੇ ਤੋਰੀ।

“ਪਰ ਮਜਾਲ ਐ ਜੇ ਤੇਰੇ ਬਾਪੂ ਨੇ ਕੋਈ ਉਨਾਂ ਨੂੰ ਤੱਤੀ ਵਾਹ ਵੀ ਲੱਗਣ ਦਿੱਤੀ ਹੋਵੇ? ਤੇਰਾ ਬਾਪੂ ਕਹਿੰਦਾ ਮਹੰਮਦ ਬਖਸ਼ ਮੇਰਾ ਭਰਾ ਏ। ਜੇ ਕੋਈ ਇਹਦੇ ਵਲ ਵੇਖੂਗਾ ਤਾਂ ਮੈਂ ਸੀਰਮੇ ਪੀ ਜਾਊ। ਜੇ ਕਿਸੇ ਨੇ ਰਹਿਮਤਾਂ ਵਲ ਜਾਂ ਗੁਲਬਾਨੋ ਵਲ ਝਾਕਿਆ ਵੀ ਤਾਂ ਖਲਪਾੜਾਂ ਕਰ ਕੇ ਰੱਖ ਦਊਂ। ਲੋਕਾਂ ਨੇ ਬਥੇਰੀ ਤੋਇ ਤੋਇ ਕੀਤੀ ਕਿ ਇਹ ਮੁਸਲਿਆਂ ਦੀ ਮੱਦਤ ਕਰਦੈ। ਭਾਈ ਏਨੇ ਜਾਨ ਤਲੀ ਤੇ ਧਰ ਆਪਣੇ ਬੋਲ ਪੁਗਾਏ”

“ਫੇਰ ਉਹ ਕਿੱਥੇ ਚਲੇ ਗਏ?” ਸਰਨੋ ਨੇ ਪੁੱਛਿਆ

“ਜਾਣਾ ਕਿੱਥੇ ਤੀ …। ਪਹਿਲਾਂ ਤਾਂ ਕਰੀਮ ਬਖਸ਼ ਕਹਿੰਦਾ ਕੁੜੀਆਂ ਦੀ ਖੇਹ ਖਰਾਬੀ ਕਰਾਉਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਹੱਥੀਂ ਮਾਰ ਦਿੰਨੇ ਆਂ। ਪਰ ਤੇਰਾ ਬਾਪੂ ਕਹਿਣ ਲੱਗਿਆ “ਚਾਚਾ ਕਮਲ਼ਾ ਨਾ ਬਣ। ਇਹ ਪਾਪ ਨਾ ਕਰੀਂ। ਕੰਨਿਆ ਦੇਵੀਆਂ ਨੇ। ਮੇਰੀਆਂ ਭੈਣਾ ਨੇ। ਹੁਣ ਮੈਂ ਜਾਣਾ ਜਾਂ ਮੇਰਾ ਕੰਮ”

“ਜਦੋਂ ਭਾਈ ਰੌਲਾ ਜਾਦਾ ਪੈ ਗਿਆ, ਤਾਂ ਗੱਲ ਹੱਥੋਂ ਨਿੱਕਲਦੀ ਦੇਖ, ਤੇਰਾ ਬਾਪੂ ਆਪ ਮੁੰਡਿਆਂ ਦੇ ਟੋਲੇ ਨਾਲ ਉਨ੍ਹਾਂ ਨੂੰ ਦੋਰਾਹੇ ਕੈਂਪ ‘ਚ ਛੱਡ ਆਇਆ। ਆ ਕੇ ਦੱਸਦਾ ਸੀ ਕਿ ਸਾਰੀ ਨਹਿਰ ਲਾਸ਼ਾਂ ਨਾਲ ਭਰੀ ਜਾਂਦੀ ਤੀ। ਪਾਣੀ ਵੀ ਲਾਲੋ ਲਾਲ ਹੋ ਗਿਆ ਤੀ ਨਹਿਰ ਦਾ। ਉਸ ਦਿਨ ਕੈਂਹਦੇ ਦੋਰਾਹੇ ਮੁਸਲਮਾਨਾ ਦੀ ਭਰੀ ਹੋਈ ਰੇਲ ਗੱਡੀ ਰੋਕ ਕੇ ਕਤਲੇਆਮ ਕੀਤਾ ਤੀ। ਪਰ ਕਰੀਮ ਚਾਚੇ ਦੇ ਟੱਬਰ ਨੂੰ ਕੈਂਪ ਤਕ ਪੁੱਜਦਾ ਕਰਕੇ ਤੇਰਾ ਬਾਪੂ ਸੁਰਖਰੂ ਹੋ ਗਿਆ। ਫੇਰ ਕਿੰਨੀਆਂ ਹੀ ਰਾਤਾਂ ਉਹਨੇ ਰੋਟੀ ਨਾਂ ਖਾਧੀ। ਜਾਣੋ ਅੱਧ ਕਮਲ਼ਾ ਜਿਹਾ ਹੋ ਗਿਆ”

“ ਭਾਈ ਕੀ ਦੱਸਾਂ ਘਰੋਂ ਤੁਰਨ ਲੱਗਿਆਂ ਚਾਚੀ ਫਾਤਿਮਾਂ ਦੀਆਂ ਭੁੱਬਾਂ ਨਿੱਕਲ ਗਈਆਂ।ਘਰ ਛੱਡਣੇ ਕਿਤੇ ਸੌਖੇ ਪਏ ਨੇ। ਫੇਰ ਕਰੀਮ ਚਾਚਾ ਤੇਰੇ ਬਾਪੂ ਨੂੰ ਕਹਿਣ ਲੱਗਿਆਂ “ਘਰ ਤੇ ਸਮਾਨ ਪੁੱਤਰਾ ਤੂੰ ਹੀ ਸੰਭਾਲ ਲੈ। ਜਦੋਂ ਮੁੜ ਆਏ ਲੈ ਲਮਾਂਗੇ। ਪਰ ਵਰੇ ਬੀਤ ਗਏ ਉਹ ਕਦੇ ਮੁੜਕੇ ਨਾਂ ਆਏ। ਛੇਕੜ ਨੂੰ ਤੇਰੇ ਬਾਪੂ ਨੇ ਵਿਚਲੀ ਕੰਧ ਢੁਆ ਕੇ ਉਹਦਾ ਘਰ ਵੀ ਆਪਣੇ ਨਾਲ ਰਲ਼ਾ ਲਿਆ। ਇਹ ਪਿਛਲਾ ਅੰਦਰ ਉਸੇ ਦਾ ਈ ਐ। ਏਥੇ ਹੀ ਥੋਡੇ ਜਨਮ ਹੋਏ ਤੀ। ਇਹ ਭਾਗਾ ਵਾਲਾ ਥਾਂ ਏ। ਪਤਾ ਨਹੀਂ ਉਹ ਵਿਚਾਰੇ ਹੁਣ ਕਿੱਥੇ ਹੋਣਗੇ? ਬੱਸ ਕੋਈ ਦੇਣ ਲੈਣ ਦੇ ਸਰਬੰਧ ਨੇ” ਮੈਂ ਤਾਂ ਰੋਜ ਉੱਥੇ ਬਹਿ ਕੇ ਅਰਦਾਸ ਕਰਦੀ ਆਂ ਕੇ ਹੇ ਪ੍ਰਮਾਤਮਾ ਸਭ ਨੂੰ ਸਮੱਤ ਬਖਸ਼। ਫੇਰ ਨਾ ਕੋਈ ਰੌਲ਼ਾ ਗੌਲ਼ਾ ਪਵੇ”

ਮਹਿਤਾਬ ਕੌਰ ਦੇ ਮਨ ਤੇ ਜਿਵੇਂ ਅਜੇ ਵੀ ਯਾਦਾਂ ਦੇ ਰੋਂਦੇ ਕਰਲਾਉਂਦੇ ਸੈਕੜੇ ਕਾਫਲੇ ਤੁਰੇ ਜਾ ਰਹੇ ਹੋਣ।

ਉਹਨੇ ਕਿਹਾ “ਭਾਈ ਹੁਣ ਨੀ ਚਿੱਤ ਕਰਦਾ ਕੱਤਣ ਨੂੰ। ਮੇਰਾ ਤਾਂ ਜਿਵੇ ਮਨ ਜਿਹਾ ਮਸੋਸਿਆ ਗਿਆ ਏ। ਚੱਕਦੋ ਕੁੜੇ ਚਰਖੋ। ਸਵੇਰੇ ਦੇਖੀ ਜਾਊ। ਜੈ ਖਾਣਾ ਦੁਨੀਆਂ ਵਿੱਚ ਰੱਖਿਆ ਵੀ ਕੀ ਏ? ਐਵੈਂ ਬੰਦਾ ਮੇਰੀ ਮੇਰੀ ਕਰੀ ਜਾਂਦੈ। ਚਲੋ ਕੁੜੀਉ ਪਵੋ ਹੁਣ। ਚੱਲ ਹਰਦੇਵ ਕੁਰੇ ਤੂੰ ਵੀ ਜਾ ਕੇ ਪੈ ਜਾ। ਭਾਈ ਗੁਰਜੀਤ ਉਹਨੀ ਵੀ ਹੁਣ ਤਾਂ ਆਉਣ ਈ ਵਾਲੇ ਹੋਣੇ ਨੇ ”

ਜਦੋਂ ਸਾਰੇ ਪੈ ਗਏ ਤਾਂ ਬਚਨੋ ਦੀ ਵੀ ਅੱਖ ਵੀ ਲੱਗ ਗਈ। ਮਹਿਤਾਬ ਕੌਰ ਸੌਣ ਤੋਂ ਪਹਿਲਾਂ ਟਾਂਡ ਤੇ ਪਏ ਦੀਵੇ ਨੂੰ ਫੂਕ ਮਾਰ ਕੇ ਬੁਝਾਉਂਦਿਆਂ ਇਹ ਗੀਤ ਵੀ ਗੁਣਗਣਾਆ:

ਜਾਹ ਘਰ ਆਪਣੇ ਦੀਵਟਿਆ ਖੜੀ ਉਡੀਕੇ ਮਾਂ
ਭਲਕੇ ਆਈਂ ਸੁੱਖ ਮਨਾਈਂ, ਚਾਨਣ ਬੱਤੀ ਲੈਂਦਾ ਆਈਂ
 

ਸਮੁੰਦਰ ਮੰਥਨ (PDF, 568KB)    

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com