WWW 5abi.com  ਸ਼ਬਦ ਭਾਲ

ਨਾਵਲ
ਸਮੁੰਦਰ ਮੰਥਨ

ਮੇਜਰ ਮਾਂਗਟ, ਕਨੇਡਾ

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        
   

ਭਾਗ 17

ਸਮੁੰਦਰ ਮੰਥਨ (PDF, 568KB)    


ਮਨਦੀਪ ਸਾਢੇ ਚਾਰ ਵਰਿਆਂ ਦਾ ਹੋ ਗਿਆ ਸੀ। ਉਹ ਤੋਤਲੀ ਜ਼ੁਬਾਨ ਵਿੱਚ ਗੱਲਾਂ ਕਰਦਾ। ਬਾਪੂ, ਬੀਬੀ, ਮਾਮਾ, ਨਾਨਾ ਕਹਿ ਲੈਂਦਾ। ਦਲੇਰ ਸਿੰਘ ਨੇ ਉਸ ਨੂੰ ਹੁਣੇ ਸਕੂਲ ਪਾਉਣ ਦੀਆਂ ਹਦਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਸੰਤਾ ਸਿੰਘ ਕਹਿੰਦਾ ਕਿ ਪੰਜ ਸਾਲ ਦਾ ਹੋਣ ਤੇ ਮਨਦੀਪ ਨੂੰ ਪਿੰਡ ਦੇ ਮਦਰਸੇ ਦਾਖਲ ਕਰਵਾਕੇ ਆਵੇਗਾ। ਉਸ ਨੂੰ ਦੋਨੋ ਮਾਸਟਰ ਜਾਣਦੇ ਸਨ। ਉਹ ਸਕੂਲ ਨੂੰ ਹਮੇਸ਼ਾਂ ਮਦਰਸਾ ਹੀ ਕਹਿੰਦਾ। ਸੰਤਾ ਸਿੰਘ ਆਪ ਤਾਂ ਅਨਪੜ੍ਹ ਸੀ ਪਰ ਉਹ ਸਿਰਫ ‘ਲੰਡੇ’ ਜਾਣਦਾ ਸੀ। ਵਹੀਆਂ ਤੇ ਢਾਲ਼ ਦਾ ਹਿਸਾਬ ਕਿਤਾਬ ਰੱਖਣ ਲਈ ਲੰਡੇ ਹੀ ਲਿਖੇ ਜਾਂਦੇ ਸਨ। ਲੈਣ ਦੇਣ ਦਾ ਹਿਸਾਬ ਵੀ ਉਹ ਲੰਡਿਆ ਵਿੱਚ ਲਿਖ ਲੈਂਦਾ। ਪਿੰਡਾਂ ਸ਼ਹਿਰਾਂ ਵਿੱਚ ਏਹੋ ਹਿਸਾਬ ਕਿਤਾਬ ਦੀ ਭਾਸ਼ਾ ਸੀ। ਜਿਸ ਨੂੰ ਆਮ ਵਿਅੱਕਤੀ ਛੱਡਦੇ ਜਾ ਰਹੇ ਸਨ।

ਸੰਤਾ ਸਿੰਘ ਡੇਰਿਆਂ ਤੇ ਗਿਆਨਵਾਨ ਲੋਕਾਂ ਦੀ ਸੰਗਤ ਕਰਦਾ ਰਹਿੰਦਾ। ਉਸ ਨੂੰ ਬਹੁਤ ਸਾਰੀਆਂ ਧਾਰਮਿਕ ਸਾਖੀਆਂ ਇਤਿਹਾਸ, ਮਿਥਿਆਸ ਮੂੰਹ ਜ਼ੁਬਾਨੀ ਯਾਦ ਸਨ। ਉਹ ਸੰਤਾਂ ਮਹਾਤਮਾਵਾਂ ਦੀ ਕਥਾ ਸੁਣਦਾ ਤੇ ਉਸ ਨੂੰ ਕੰਠ ਕਰਦਾ। ਤੇ ਫੇਰ ਏਹੋ ਕਹਾਣੀਆਂ ਉਹ ਆਪਣੇ ਪਰਿਵਾਰ ਨੂੰ ਸੁਣਾਉਂਦਾ। ਉਦਾਹਰਣਾ ਦੇ ਦੇ ਕੇ ਦੱਸਦਾ। ਮਨਦੀਪ ਵੀ ਉਸ ਦੇ ਨਵੇਂ ਸਰੋਤਿਆਂ ਵਿੱਚ ਸ਼ਾਮਲ ਹੋ ਗਿਆ ਸੀ। ਉਹ ਤੋਤਲੀ ਜ਼ੁਬਾਨ ਨਾਲ ਹੁੰਗਾਰੇ ਭਰਦਾ। ਸੰਤਾਂ ਸਿੰਘ ਉਸਦੇ ਜੀਵਨ ਦੀਆਂ ਨੀਹਾਂ ਬੰਨ ਰਿਹਾ ਸੀ।

ਆਪਣੀ ਸਿੱਖਿਆਂ ਦੇ ਨਾਲ ਨਾਲ, ਸਕੂਲੀ ਸਿੱਖਿਆ ਦਵਾਉਣ ਲਈ ਉਹ ਇੱਕ ਦਿਨ ਮਨਦੀਪ ਅਤੇ ਧਰਮੂ ਨੂੰ ਸਕੂਲ ਦਾਖਲ ਕਰਵਾਉਣ ਲੈ ਤੁਰਿਆ। ਹਰਦੇਵ ਕੌਰ ਨੇ ਦੋਵੇ ਬੱਚੇ ਤਿਆਰ ਕਰ ਦਿੱਤੇ। ਮੀਡੀਆਂ ਗੁੰਦ ਕੇ ਜੂੜਿਆਂ ਤੇ ਚਿੱਠੇ ਰੁਮਾਲ ਬੰਨ ਦਿੱਤੇ। ਬੱਚੇ ਬੜੇ ਸੋਹਣੇ ਲੱਗ ਰਹੇ ਸਨ। ਦੇਖਣ ਸਾਰ ਪ੍ਰੀਤੀਪੁਰ ਵਾਲਾ ਮਾਸਟਰ ਬੋਲਿਆ “ਲੰਬੜਦਾਰਾ ਇਹ ਹੰਸਾ ਦੀ ਜੋੜੀ ਨੂੰ ਅੱਜੇ ਦਾਖਲ ਕਰ ਦਿੰਦੇ ਆਂ” ਦੋਹਾਂ ਦੀ ਜਨਮ ਤਰੀਖ ਦਾ ਸੰਤਾ ਸਿੰਘ ਨੂੰ ਪੱਕਾ ਤਾਂ ਯਾਦ ਨਹੀਂ ਸੀ। ਪਰ ਪ੍ਰੀਤੀ ਪੁਰੀਏ ਮਾਸਟਰ ਨੇ ਅੰਦਾਜ਼ੇ ਨਾਲ ਹੀ ਲਿਖ ਦਿੱਤੀ। ਇਸ ਤਰ੍ਹਾਂ ਬੜੇ ਨੂੰ ਛੋਟਾ ਤੇ ਛੋਟੇ ਨੂੰ ਬੜਾ ਬਣਾ ਦਿੱਤਾ ਗਿਆ।

ਹੁਣ ਲਿਖੀ ਤਾਰੀਕ ਅਨੁਸਾਰ ਮਨਦੀਪ ਧਰਮੂ ਤੋਂ ਛੇ ਮਹੀਨੇ ਵੱਡਾ ਸੀ। ਸਕੂਲਾਂ ਵਿੱਚ ਅਜਿਹਾ ਸਭ ਕੁੱਝ ਚੱਲਦਾ ਸੀ। ਕੋਈ ਨਹੀਂ ਸੀ ਪੁੱਛਦਾ। ਬਹੁਤੇ ਨਿਆਣੇ ਅੰਦਾਜਨ ਜਨਮ ਤਾਰੀਕਾਂ ਵਾਲੇ ਹੀ ਸਨ। ਫੇਰ ਮਾਸਟਰ ਜੀ ਨੇ ਦੱਸਿਆ ਕਿ ਬੱਚਿਆਂ ਨੂੰ ਕਾਇਦੇ ਲੈ ਦਿਉ ਤੇ ਫੱਟੀਆਂ ਲੈ ਦਿਉ। ਸਿਆਹੀ ਦੀਆਂ ਦਵਾਤਾਂ ਵੀ ਲੈ ਦਿਉ। ਇਹ ਬੱਚੇ ਕੱਲ ਤੋਂ ਸਕੂਲ ਆ ਜਾਇਆ ਕਰਨ।

ਬਚਨ ਕੌਰ ਨੂੰ ਆਪਣੇ ਮੁੰਡੇ ਦੇ ਸਕੂਲ ਜਾਣ ਦਾ ਬੇਹੱਦ ਚਾਅ ਸੀ। ਉਸ ਨੇ ਉਸਦਾ ਝੋਲਾ ਆਪ ਤਿਆਰ ਕੀਤਾ। ਉੱਪਰ ਉਸ ਦਾ ਸੂਈ ਧਾਗੇ ਨਾਲ ਨਾਉਂ ਕੱਢਿਆ। ਸੰਤਾ ਸਿੰਘ ਨੇ ਕੁੱਝ ਹੀ ਦਿਨਾਂ ਵਿੱਚ ਦੋਹਾਂ ਨੂੰ ਸਕੂਲ ਦਾ ਸਮਾਨ ਲਿਆ ਦਿੱਤਾ। ਦੋਹਾਂ ਨੇ ਸਮਾਨ ਬਸਤਿਆਂ ਵਿੱਚ ਪਾਇਆ ਤੇ ਸਕੂਲ ਜਾਣ ਲੱਗ ਪਏ।

ਹਰਦੇਵ ਕੌਰ ਰੋਜ਼ ਦੋਹਾਂ ਦੇ ਜੂੜੇ ਗੁੰਦਦੀ, ਰੁਮਾਲ ਬੰਨਦੀ ਤੇ ਇੱਕੋ ਜਿਹੇ ਕੱਪੜੇ ਪਾ ਕੇ ਸਕੂਲ ਤੋਰ ਦਿੰਦੀ। ਪ੍ਰੀਤੀਪੁਰੀਆ ਉਨ੍ਹਾਂ ਨੂੰ ਹੰਸਾ ਦੀ ਜੋੜੀ ਹੀ ਕਹਿੰਦਾ ਤੇ ਸੀਲੋਂ ਵਾਲਾ ਮਾਸਟਰ ਜੌੜੇ ਕਹਿ ਕੇ ਬੁਲਾਉਂਦਾ। ਹੁਣ ਉਹ ਉੱਠਣਾ ਬੈਠਣਾ ਸਿੱਖਣ ਦੇ ਨਾਲ ਨਾਲ ੳ ਅ ਵੀ ਸਿੱਖ ਰਹੇ ਸਨ।

ਬੱਚੇ ਲਈ ਏਥੋਂ ਇੱਕ ਨਵਾਂ ਸੰਸਾਰ ਸ਼ੁਰੂ ਹੁੰਦਾ ਹੈ। ਜੋ ਤਾਰਾ ਬਣਕੇ ਉਸ ਦੇ ਪੂਰ ਜੀਵਨ ਵਿੱਚ ਟਿਮਟਮਾਉਂਦਾ ਰਹਿੰਦਾ ਹੈ। ਮਨਦੀਪ ਦੇ ਤੁਰਨ ਵਾਲਾ ਰੇੜ੍ਹਾ ਹੁਣ ਬਹੁਤ ਛੋਟਾ ਹੋ ਗਿਆ ਸੀ। ਜੋ ਰਘਵੀਰ ਦੇ ਕੰਮ ਆ ਰਿਹਾ ਸੀ। ਦਲੇਰ ਸਿੰਘ ਬੱਚੇ ਨੂੰ ਆਪਣੇ ਪਿੰਡ ਦੇ ਸਕੂਲ ਵਿੱਚ ਦਾਖਲ ਕਰਵਾਉਣਾ ਚਾਹੁੰਦਾ ਸੀ ਪਰ ਬਚਨੋਂ, ਜੇਠ ਜਠਾਣੀ ਦੇ ਕਲੇਸ਼ ਕਾਰਨ, ਉੱਥੇ ਰਹਿਣਾ ਨਹੀਂ ਸੀ ਮੰਨੀ। ਬੇਅੰਤ ਕੌਰ ਤੇ ਚੰਦ ਸਿੰਘ ਵੀ ਇਸ ਫੈਸਲੇ ਨਾਲ ਸਹਿਮਤ ਹੋ ਗਏ ਸਨ। ਫੇਰ ਮਨਦੀਪ ਦੇ ਕੱਪੜੇ ਵੀ ਛੋਟੇ ਹੋਣ ਲੱਗ ਪਏ ਤੇ ਜ਼ੁਬਾਨ ਸਾਫ ਹੋਣ ਲੱਗੀ। ਉਹ ਬੜਾ ਸੋਹਣਾ ਬੋਲਦਾ। ਫੱਟੀ ਸੁਕਾਉਂਦਾ ਪਿਤਲੀ ਜਿਹੀ ਆਵਾਜ਼ ਵਿੱਚ ਇਹ ਗੀਤ ਵੀ ਗਾਉਂਦਾ:

ਸੁੱਕ ਸੁੱਕ ਫੱਟੀਏ
ਸੁਕਾਉਣ ਵੱਲੇ ਆਏ ਨੇ
ਡੰਡਾ ਲੈ ਕੇ ਆਏ ਨੇ
ਡੰਡਾ ਗਿਆ ਟੁੱਟ
ਫੱਟੀ ਗਈ ਸੁੱਕ
ਕਦੀ ਕਦੀ ਉਹ ਸੂਰਜ ਵਲ ਮੂੰਹ ਕਰਕੇ ਗਾਂਉਂਦਾ

ਸੂਰਜਾ ਸੂਰਜਾ ਫੱਟੀ ਸੁਕਾ
ਨਹੀਂ ਸੁਕਾਉਣੀ ਤਾਂ ਘਰ ਨੂੰ ਜਾਹ

ਇਹ ਗੀਤ ਉਸ ਨੇ ਆਪਣੇ ਨਾਲ ਦੇ ਸਕੂਲੀ ਮੁੰਡਿਆਂ ਤੋਂ ਸਿੱਖੇ ਸਨ। ਸਕੂਲ ਕੋਈ ਜਿਆਦ ਵੱਡਾ ਨਹੀਂ। ਦੋ ਕੁ ਸੌ ਬੱਚੇ ਜਿਨਾਂ ਵਿੱਚ ਸੱਠ ਦੇ ਕਰੀਬ ਕੁੜੀਆਂ ਸਨ। ਪਹਿਲਾਂ ਤਾਂ ਲੋਕ ਕੁੜੀਆਂ ਨੂੰ ਬਿਲਕੁੱਲ ਨਹੀਂ ਸਨ ਪੜ੍ਹਾਉਂਦੇ। ਹੁਣ ਐਨੀ ਕੁ ਜਾਗਰਤੀ ਆ ਗਈ ਸੀ ਕਿ ਸਿਲਾਈ ਕਢਾਈ ਦੇ ਨਾਲ ਨਾਲ ਲੋਕ ਇਹ ਵੀ ਚਾਹੁੰਦੇ ਸਨ ਕਿ ਕੁੜੀ ਚਿੱਠੀ ਪੱਤਰ ਪੜ੍ਹਨ ਜੋਗੀ ਹੋ ਜਾਏ।

ਇਹ ਪ੍ਰਾਇਮਰੀ ਸਕੂਲ ਸਰਪੰਚ ਦਿਆਲ ਸਿੰਘ ਨਾਲ ਰਲ਼ ਕੇ ਸੰਤਾਂ ਸਿਉਂ ਆਪ ਪਿੰਡ ਲੈ ਕੇ ਆਇਆ ਸੀ। ਪਿੰਡ ਦੇ ਲੋਕਾਂ ਨੇ ਹੰਭਲਾ ਮਾਰ ਕਿ ਇਹ ਇਮਾਰਤ ਉਸਾਰੀ ਸੀ। ਇੱਕ ਦਲਾਨ, ਉਸ ਦੇ ਮੂਹਰੇ ਬਰਾਂਡਾ ਤੇ ਦੋ ਕਮਰੇ। ਦਲਾਨ ਦੀਆਂ ਤਾਕੀਆਂ ਪਿਛਲੀ ਗਲੀ ਵੱਲ ਖੁੱਲਦੀਆਂ। ਵਿਹੜੇ ਵਿੱਚ ਇੱਕ ਸੰਘਣੀ ਛਾਂ ਦਾਰ ਟਾਹਲੀ ਸੀ, ਜਿਸ ਦੀ ਛਾਂ ਹੇਠ ਬੱਚੇ ਕਲਾਸਾਂ ਲਾਂਉਂਦੇ। ਸਕੂਲ ਦੇ ਮੱਥੇ ਤੇ ਸਕੂਲ ਦਾ ਨਾਂ ਸੀ, ‘ਸਰਕਾਰੀ ਪ੍ਰਾਇਮਰੀ ਸਕੂਲ ਰਣੀਆ’ ਕੰਧਾਂ ਤੇ ਇਹ ਸਤਰਾਂ ਲਿਖੀਆਂ ਹੋਈਆਂ ਸਨ, ਕਰ ਭਲਾ ਹੋ ਭਲਾ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਪੰਜਵੀ ਕਰਨ ਤੋਂ ਬਾਅਦ ਬੱਚਿਆਂ ਨੂੰ ਨਾਲ ਦੇ ਪਿੰਡਾ ਤੱਖਰ ਵਿੱਚ ਪੜ੍ਹਨ ਜਾਣਾ ਪੈਂਦਾ ਸੀ।

ਇਸ ਸਕੂਲ ਦੀਆਂ ਦੋ ਕਲਾਸਾਂ ਦਲਾਨ ਵਿੱਚ ਲੱਗਦੀਆਂ, ਦੋ ਵਿਹੜੇ ਵਿੱਚ ਅਤੇ ਇੱਕ ਟਾਹਲੀ ਹੇਠ ਲੱਗਦੀ। ਸਾਰੇ ਸਕੂਲ ਵਿੱਚ ਦੋ ਹੀ ਵੱਡੇ ਟਾਟ ਸਨ ਜੋ ਡੀ ਓ ਆਉਣ ਵੇਲੇ ਹੀ ਕੱਢੇ ਜਾਂਦੇ। ਦੋ ਬਲੈਕ ਬੋਰਡ ਅਤੇ ਚਾਰ ਕੁਰਸੀਆਂ ਸਨ। ਬਾਕੀ ਦਾ ਸਮਾਨ ਜਿਵੇਂ ਚਾਕਾਂ ਦੇ ਡੱਬੇ, ਪੋਸਟਰ, ਪੀ ਟੀ ਕਰਨ ਵਾਲੇ ਡੰਬਲ ਤੇ ਹੋਰ ਸਮਾਨ ਦੋ ਪੇਟੀਆਂ ਵਿੱਚ ਬੰਦ ਪਿਆ ਰਹਿੰਦਾ ਸੀ। ਇਹ ਪੇਟੀਆਂ ਗਰਮੀਆਂ ਦੇ ਦਿਨਾਂ ਵਿੱਚ ਅੱਧੀ ਛੁੱਟੀ ਵੇਲੇ ਮਾਸਟਰਾਂ ਦੇ ਸਾਉਣ ਦੇ ਕੰਮ ਆਉਂਦੀਆਂ। ਉਹ ਰੋਟੀ ਖਾਂ ਕੇ ਕੁੱਝ ਦੇਰ ਲਈ ਪੇਟੀਆਂ ਤੇ ਕੱਪੜਾ ਵਿਛਾ ਕੇ ਸੌਂ ਜਾਂਦੇ।

ਪ੍ਰੀਤੀ ਪੁਰੀਆ ਪਿਆਰਾ ਸਿਉਂ ਅਤੇ ਸੀਲੋਂ ਵਾਲਾ ਨੇਤਰ ਸਿਉਂ, ਰੋਟੀ ਤਾਂ ਭਾਂਵੇਂ ਘਰੋਂ ਲਿਆਂਦੀ ਹੋਈ ਖਾਂਦੇ ਪਰ ਲੱਸੀ ਦਾ ਡੋਲੂ ਨਾਹਰੇ ਦੇ ਘਰੋਂ ਹੀ ਜਾਂਦਾ। ਕਈ ਲੋਕ ਮਾਸਟਰਾਂ ਨੂੰ ਚਾਹ ਬਣਾ ਕੇ ਵੀ ਦੇ ਆਉਂਦੇ। ਤੇ ਕਈ ਸਾਗ ਜਾਂ ਦਾਲਾਂ ਸਬਜ਼ੀਆਂ ਵੀ। ਰੱਜ ਕੇ ਸੁੱਤੇ ਮਾਸਟਰਾਂ ਦੇ ਅੱਧੀ ਛੁੱਟੀ ਵੇਲੇ ਘੁਰਾੜੇ ਸੁਣ ਸੁਣ ਕੇ ਜੁਆਾਕ ਹੱਸਦੇ। ਬਹੁਤੇ ਤਾਂ ਰੋਟੀ ਖਾਣ ਘਰਾਂ ਨੂੰ ਹੀ ਚਲੇ ਜਾਂਦੇ । ਬੱਚੇ ਹਮੇਸ਼ਾਂ ਘਰੋਂ ਲਿਆਂਦੀਆਂ ਬੋਰੀਆਂ ਵਿਛਾ ਕੇ ਬੈਠਦੇ।

ਸਕੂਲ ਵਿੱਚ ਬੱਚਿਆਂ ਦੇ ਟੱਟੀ ਪਿਸ਼ਾਬ ਲਈ ਕੋਈ ਗ਼ੁਸਲਖਾਨਾ ਨਹੀਂ ਸੀ। ਬੱਚੇ ਸਕੂਲ ਸਾਹਮਣੇ ਬਣੀਆਂ ਰੂੜੀਆਂ ਵਲ ਹੀ ਹਾਜਤ ਲਈ ਦੌੜਦੇ। ਕੋਈ ਨਾਂ ਕੋਈ ਬੱਚਾਂ ਉਂਗਲ ਚੁੱਕ ਖੜਾ ਹੀ ਰਹਿੰਦਾ “ਮਾਸਟਰ ਜੀ ਇੱਕ ਨੰਬਰ ਜਾ ਆਵਾਂ ਜਾਂ ਮਾਸਟਰ ਜੀ ਦੋ ਨੰਬਰ ਜਾ ਆਵਾਂ। ਤੇ ਅੱਗੋਂ ਮਾਸਟਰ ਕਹਿੰਦਾ “ਜਾਂ ਭੱਜ ਜਾ ਥੋੜਾ ਖਾ ਪੀ ਲਿਆ ਕਰੋ” ਪਰ ਕਈ ਨਿਆਣੇ ਉੱਥੇ ਜਾ ਕੇ ਵੀ ਖੇਡੀਂ ਪੈ ਜਾਂਦੇ।

ਸਕੂਲ ਦੇ ਟਾਟ, ਮਾਸਟਰ ਇਸ ਲਈ ਨਹੀਂ ਸਨ ਦਿੰਦੇ ਤਾਂ ਕਿ ਨਿਆਣੇ ਸ਼ਿਆਹੀ ਡੋਲ ਕੇ ਗੰਦੇ ਨਾ ਕਰ ਦੇਣ। ਬੋਰੀਆਂ ਉਨ੍ਹਾਂ ਦੀਆਂ ਆਪਣੀਆਂ ਸਨ, ਭਾਵੇਂ ਸ਼ਿਆਹੀ ਡੋਲਣ ਜਾਂ ਮੀਂਹ ਕਣੀ ਵਿੱਚ ਉੱਪਰ ਲੈ ਲੈਣ। ਜਿਸ ਦਿਨ ਜ਼ਿਆਦਾ ਮੀਂਹ ਪੈਣ ਲੱਗ ਜਾਂਦਾ ਤਾਂ ਸਕੂਲੋਂ ਛੁੱਟੀ ਹੋ ਜਾਂਦੀ। ਪੰਜ ਕਲਾਸਾਂ ਦਾ ਬਰਾਂਡੇ ਅਤੇ ਦਲਾਨ ਵਿੱਚ ਸਮਾਉਣਾਂ ਬਹੁਤ ਔਖਾ ਸੀ। ਕਈ ਵਾਰ ਕੋਸ਼ਿਸ਼ ਵੀ ਕੀਤੀ ਪਰ ਨਿਆਣਿਆਂ ਦੇ ਘੁਸੜ ਘੁਸੜ ਬੈਠਣ ਨਾਲ, ਸਕੂਲ ਮੁਰਗ਼ੀ ਖਾਨਾ ਬਣ ਜਾਂਦਾ। ਨਿਆਣੇ ਮੀਂਹ ਨੂੰ ਉਡੀਕਦੇ ਹੀ ਰਹਿੰਦੇ। ਜੇ ਕਦੇ ਇਹ ਸੁਭਾਗੀ ਘੜੀ ਆ ਜਾਂਦੀ ਤਾਂ ਉਨ੍ਹਾਂ ਤੋਂ ਖੁਸ਼ੀ ਨਾਂ ਸੰਭਾਲੀ ਜਾਂਦੀ। ਉਹ ਵੀਹੀਆਂ ਵਿੱਚ ਰੌਲਾਂ ਪਾਉਂਦੇ ਘਰਾਂ ਵਲ ਦੌੜਦੇ। ਤੇ ਮਾਸਟਰ ਗੱਲੀਂ ਰੁੱਝ ਜਾਂਦੇ। ਪਿੰਡ ਚੋਂ ਕੁੱਝ ਬੰਦੇ ਅਕਸਰ ਮਾਸਟਰਾਂ ਨਾਲ ਗੱਲੀਂ ਆ ਜੁਟਦੇ। ਤੇ ਕਦੇ ਨਿਆਣਿਆਂ ਨੂੰ ਮਾਸਟਰ ਪੈਂਤੀ ਜਾਂ ਪਹਾੜੇ ਚੇਤੇ ਕਰਨ ਲਾ ਦਿੰਦੇ। ਉਹ ਉੱਚੀ ਉੱਚੀ ਚੀਕਦੇ ਇੱਕ ਦੂਣੀ ਦੂਣੀ ਦੋ ਦੂਣੀ ਚਾਰ।

ਮੁੱੰਡੇ ਕੁੜੀਆਂ ਭਾਂਵੇ ਅੱਡ ਅੱਡ ਬੈਠਦੇ ਪਰ ਜੇ ਕੋਈ ਮੁੰਡਾ ਕਿਸੇ ਕੁੜੀ ਨੂੰ ਛੋਹ ਜਾਵੇ ਤਾਂ ਉਸਦੀ ਸ਼ਾਮਤ ਆ ਜਾਂਦੀ। ਉਂਝ ਵੀ ਬੱਚੇ ਕੋਈ ਨਾਂ ਕੋਈ ਸ਼ਕਾਇਤ ਲਈਂ, ਖੜੇ ਹੀ ਰਹਿੰਦੇ, “ਮਾਸਟਰ ਜੀ ਇਹ ਮੇਰੀ ਦਵਾਤ ‘ਚੋਂ ਡੋਬਾ ਲੈ ਗਿਆ ਤੇ ਨਾਲੇ ਮੇਰੀ ਕਲਮ ਤੋੜ ਦਿੱਤੀ। ਕੋਈ ਕਹਿੰਦਾ ਜੀ ਏਹਨੇ ਮੇਰੀ ਫੱਟੀ ਤੇ ਪੈਰ ਰੱਖਤਾ ਤਾਂ ਅਗਲਾ ਜਵਾਕ ਕਹਿੰਦਾ ਜੀ ਇਹ ਮੇਰੇ ਬਾਪੂ ਦੀ ਰੀਸ ਲੌਂਦਾ ਤੀ … ਬਗੈਰਾ ਬਗੈਰਾ...।

ਜਦੋਂ ਕੋਈ ਕਲਮ ਦੀ ਸ਼ਕਾਇਤ ਲੈ ਕੇ ਆਂਉਦਾ ਤਾਂ ਮਾਸਟਰ ਨੇਤਰ ਸਿਉਂ ਕਲਮ ਬਾਰੇ ਭਾਸ਼ਨ ਦੇਣਾ ਨਾਂ ਭੁੱਲਦਾ। ਕਲਮ ਕਾਨੇ ਦੀ ਨਹੀਂ ਨੜੇ ਦੀ ਹੋਣੀ ਚਾਹੀਦੀ ਹੈ। ਨਿੱਬ ਵਿੱਚ ਚੀਰਾ ਦੇਣਾ ਨਾਂ ਭੁੱਲੋ। ਨੜੇ ਪਿੰਡ ਦੇ ਬਾਹਰ ਬੂਝਿਆਂ ਵਿੱਚ ਮਿਲਦੇ ਸਨ। ਪਰ ਇਨ੍ਹਾਂ ਨਾਲ ਬੜੀ ਖੁਸ਼ਕੱਤ ਫੱਟੀ ਲਿਖ ਹੁੰਦੀ ਸੀ। ਕਈ ਨਿਆਣੇ ਬਲੇਡ ਨਾਲ ਕਲਮ ਤਿੱਖੀ ਕਰਦੇ ਕਰਦੇ ਆਪਣੀ ਉਂਗਲ ਵੀ ਵੱਢ ਲੈਂਦੇ। ਕਈਆਂ ਨੂੰ ਨੇਤਰ ਸਿਉਂ ਆਪ ਕਲਮਾਂ ਘੜ ਕੇ ਦਿੰਦਾ।

ਪ੍ਰੀਤੀ ਪੁਰੀਆਂ ਪਿਆਰਾ ਸਿਉਂ ਫੱਟੀ ਉਘਾੜਨ ਦੀਆਂ ਹਦਾਇਤਾ ਦਿੰਦਾ। ਪੈਨਸਲ ਨਾਲ ਲਿਖੇ ਅੱਖਰਾਂ ਤੇ ਅੱਖਰ ਲਿਖਣ ਨੂੰ ਕਹਿੰਦਾ। ਇਸ ਰੇਤਲੇ ਪਿੰਡ ਵਿੱਚ ਵਸੇ ਬੱਚਿਆ ਦਾ ਇੱਕ ਆਪਣਾ ਹੀ ਸੰਸਾਰ ਸੀ। ਮਨਦੀਪ ਵੀ ਇਸੇ ਦਾ ਇੱਕ ਹਿੱਸਾ ਸੀ। ਉਹ ਰੇਤੇ ਤੇ ਅੱਖਰ ਵਾਹੁੰਦਾ। ਘਰ ਗਇਆ ਨੂੰ ਹਰਦੇਵ ਕੌਰ ਕਦੀ ਚੁੱਲੇ ਦੀ ਕਾਲਖ ਤੋਂ ਸ਼ਿਆਹੀ ਬਣਾ ਕੇ ਦਿੰਦੀ ਤੇ ਕਦੇ ਸੁਆਹ ਵਿਛਾ ਕੇ ਲਿਖਣ ਲਈ ਆਖਦੀ।

ਮਨਦੀਪ ਦੀ ਆੜੀ ਮਾਣੂ ਨਾਲ ਪੈ ਗਈ। ਜੋ ਰੁਲਦੇ ਚੂੜੇ ਦਾ ਮੁੰਡਾ ਸੀ। ਉਹ ਸਕੂਲ ਵਿੱਚ ਉਸੇ ਨਾਲ ਬੈਠਦਾ ਉਸੇ ਨਾਲ ਫੱਟੀ ਧੋਂਦਾ ਤੇ ਸੁਕਾਉਂਦਾ। ਦੋਵੇਂ ਸਿਆਹੀ ਪੱਕੀ ਕਰਦੇ ਤੇ ਦਵਾਤਾਂ ਹਿਲਾਉਂਦੇ ਇੱਕੋ ਗੀਤ ਵੀ ਗਾਂਉਂਦੇ। ਮਾਣੂ ਚੰਗਾ ਗੀਤ ਵੀ ਗਾ ਲੈਂਦਾ ਸੀ। ਉਹ ਹਰ ਸ਼ਨਿੱਚਰਵਾਰ ਨੂੰ ਹੋਣ ਵਾਲੇ ਬਾਲ-ਦਰਬਾਰ ਵਿੱਚ ਮੂੰਹ ਨਾਲ ਤੁੰਬ ਲੁੰਬ, ਤੁੰਬ ਲੁੰਬ ਕਰਕੇ ਤੂੰਬੀ ਵੀ ਵਜਾਉਂਦਾ ਤੇ ਗੀਤ ਵੀ ਗਾਉਂਦਾ। ਉਸ ਨੇ ਏਹ ਚੇਟਕ ਮਨਦੀਪ ਨੂੰ ਵੀ ਲਾ ਦਿੱਤੀ ਸੀ। ਧਰਮੂ ਨੂੰ ਮਨਦੀਪ ਦਾ ਮਾਣੂ ਨਾਲ ਰਹਿਣਾ ਚੰਗਾ ਨਾ ਲੱਗਦਾ। ਉਹ ਹਰ ਰੋਜ਼ ਘਰ ਜਾਕੇ ਉਸਦੀ ਸ਼ਕਾਇਤ ਲਾਉਂਦਾ। ਪਿੰਡ ਵਿੱਚ ਸੁੱਚ ਭਿੱਟ ਦਾ ਵੀ ਅਜੇ ਬਹੁਤ ਰੁਝਾਨ ਸੀ। ਨੀਵੀਂ ਜਾਤ ਦੇ ਛੋਹ ਜਾਣ ਤੇ ਵੀ ਪਾਣੀ ਦੇ ਛਿੱਟੇ ਮਾਰ ਕੇ ਉਸ ਨੂੰ ਸੁੱਚਾ ਕੀਤਾ ਜਾਂਦਾ। ਮਹਿਤਾਬ ਕੌਰ ਸਕੂਲੋਂ, ਮਾਣੂ ਨਾਲ ਖੇਡ ਕੇ ਆਏ ਮਨਦੀਪ ਨੂੰ ਪਾਣੀ ਦੇ ਛਿੱਟੇ ਮਾਰ ਕੇ ਸੁੱਚਾ ਕਰਦੀ ਅਤੇ ਹਦਾਇਤ ਵੀ ਦਿੰਦੀ ਕਿ ਅੱਗੋਂ ਤੋਂ ਉਸ ਨਾਲ ਨਹੀਂ ਖੇਡਣਾ। ਪਰ ਮਨਦੀਪ ਦੇ ਬਾਲ ਮਨ ਨੂੰ ਇਹ ਗੱਲਾਂ ਸਮਝ ਨਾਂ ਆਂਉਦੀਆ।

ਗੁਰਦੁਵਾਰੇ ਵੀ ਚੌਥੇ ਪੌੜੇ ਵਾਲੇ ਕਹਿ ਕੇ, ਚੂਹੜੇ ਚਮਾਰਾਂ ਨੂੰ ਬਾਹਰ ਵਿਹੜੇ ਵਿੱਚ ਅੱਡ ਹੀ ਬਿਠਾਇਆ ਜਾਂਦਾ। ਮਾਣੂ ਤਾਂ ਅੰਦਰ ਜਾ ਕੇ ਦੇਗ ਵੀ ਨਾ ਲੈ ਸਕਦਾ। ਪਿੰਡ ‘ਚ ਕੋਈ ਜੱਗ ਹੋਣਾ ਤਾਂ ਵੀ ਉਨ੍ਹਾਂ ਦੀ ਲਾਈਨ ਵੱਖਰੀ ਹੋਣੀ। ਮਨਦੀਪ ਨੂੰ ਆਪਣੇ ਨਾਨੇ ਵਲੋਂ ਸੁਣਾਈਆਂ ਸਾਖੀਆਂ, ਸ਼ੱਕੀ ਸ਼ੱਕੀ ਜਿਹੀਆਂ ਜਾਪਦੀਆਂ। ਉਸ ਨੂੰ ਹੁਣ ਦੁਨੀਆਂ ਇੱਕੋ ਰੱਬ ਦਾ ਰੂਪ ਨਾ ਜਾਪਦੀ। ਪਰ ਜੇ ਉਹ ਕਦੀ ਸਵਾਲ ਕਰਦਾ ਤਾਂ ਸੰਤਾ ਸਿੰਘ ਆਖਦਾ “ਦੇਖ ਹੁਣੇ ਤੋਂ ਕਿਵੇਂ ਵਕੀਲਾਂ ਵਾਂਗੂੰ ਬਹਿਸਦੈ। ਅੱਜ ਕੱਲ ਦੇ ਨਿਆਣੇ ਵੱਡਿਆਂ ਅੱਗੇ ਕਿਵੇਂ ਬੋਲਦੇ ਨੇ...”

ਇੱਕ ਦਿਨ ਮਨਦੀਪ ਪਿੰਡ ਦੇ ਥੇਹ ਤੇ ਨਿਆਣਿਆਂ ਨਾਲ ਖੇਡਣ ਗਿਆ, ਮਾਣੂ ਦੇ ਘਰ ਵੀ ਚਲਾ ਗਿਆ। ਉਸ ਦਿਨ ਤਾਂ ਮਹਿਤਾਬ ਕੌਰ ਨੇ ਉਸ ਨੂੰ ਚੰਗਾ ਹਲੂਣ ਹਲੂਣ ਕੇ ਘੂਰਿਆ। ਪਰ ਬਾਅਦ ਵਿੱਚ ਉਹ ਖੁਦ ਹੀ ਕਹਿਣ ਲੱਗੀ “ਨਿਆਣਿਆਂ ਦੀ ਤਾਂ ਜੈ ਖਾਣੀ ਕੋਈ ਜਾਤ ਨੀ ਹੁੰਦੀ। ਸਾਰੇ ਇੱਕੋ ਰੱਬ ਦਾ ਰੂਪ ਹੁੰਦੇ ਨੇ। ਪਰ ਜਮਾਨੇ ਚੰਦਰੇ ਦਾ ਕੀ ਕਰੀਏ? ਲੋਕਾਂ ਨਾਲ ਹੀ ਜੀਣਾ ਏ”।

ਸੰਤਾਂ ਸਿੰਘ ਆਪ ਤਾਂ ਸਿੱਖ ਧਰਮਾਂ ੱਿਵਚ ਬਰਾਬਰੀ ਦੀਆਂ ਗੱਲਾਂ ਕਰਦਾ। ਗੁਰੂ ਗੋਬਿੰਦ ਸਿੰਘ ਵਲੋਂ ਜਾਤ ਪਾਤ ਮਿਟਾਏ ਜਾਣ ਦੀਆਂ ਕਹਾਣੀਆਂ ਵੀ ਸੁਣਾਉਂਦਾ, ਪਰ ਦਿਹਾੜੀ ਤੇ ਆਏ ਲੰਗੜੇ ਦੇਬੂ ਨੂੰ ਨੀਵੀਂ ਜਾਤ ਦਾ ਸਮਝਕੇ ਥੱਲੇ ਬਿਠਾ ਕੇ ਦੂਰੋਂ ਹੀ ਉਸਦੇ ਹੱਥ ਤੇ ਰੋਟੀ ਸੁੱਟੀ ਜਾਂਦੀ। ਬਾਅਦ ਵਿੱਚ ਉਸ ਵਲੋਂ ਵਰਤੇ ਭਾਂਡਿਆਂ ਵਿੱਚ ਅੱਗ ਪਾ ਕੇ ਪਵਿੱਤਰ ਕੀਤਾ ਜਾਂਦਾ। ਫੇਰ ਮਨਦੀਪ ਤੇ ਇਹ ਅਖੌਤੀ ਬਰਾਬਰੀ ਦੀਆਂ ਕਹਾਣੀਆਂ ਅਸਰ ਕਰਨੋਂ ਹਟ ਗਈਆਂ ਸਨ।

ਮਨਦੀਪ ਦੇ ਕੋਮਲ ਮਨ ਵਿੱਚ ਸ਼ੰਕੇ ਤਾਂ ਕਈ ਹੋਰ ਵੀ ਉਪਜ ਰਹੇ ਸਨ। ਨਾਨੀ ਕਹਿੰਦੀ ਉਸ ਨੇ ‘ਸਤੀਆਂ’ ਵਲ ਮੂੰਹ ਕਰਕੇ ਪਿਸ਼ਾਬ ਕੀਤਾ ਹੋਉੂ, ਤਾਂ ਬੁਖਾਰ ਚੜ ਗਿਆ। ਸ਼ਹੀਦਾ ਦੀਆਂ ਮਟੀਆਂ ਨੂੰ ਮੱਥਾ ਨਹੀਂ ਟੇਕਿਆ ਹੋਊ ਤਾਂ ਹੀ ਸਿਰ ਦੁਖਦਾ ਹੈ। ਅਜਿਹੀ ਹਾਲਤ ਵਿੱਚ ਪਿੰਡ ਦਾ ਫਕੀਰ ਸਿਉਂ ਹੱਥੌਲਾ ਕਰਦਾ। ਇੱਕ ਬਹੁਕਰ ਜਿਹੀ ਲੈ ਕੇ ਵਾਰ ਵਾਰ ਸਿਰ ਤੋਂ ਘੁਮਾਉਂਦਾ ਤੇ ਮੂੰਹ ਵਿੱਚ ਬੁੜਬੁੜ ਜਿਹੀ ਕਰਦਾ ਜਿਵੇਂ ਕੋਈ ਮੰਤਰ ਪੜ੍ਹ ਰਿਹਾ ਹੋਵੇ। ਨਾਲ ਹੀ ਸਤੀਆਂ ਦੀ ਕਹਾਣੀ ਵੀ ਦੱਸਦਾ ਕਿ ਕਿਵੇਂ ਕੱਤੇ ਦੀ ਬਿਮਾਰੀ ਵੇਲੇ ਪਿੰਡ ਦੀਆਂ ਇਹ ਨਵ-ਵਿਆਹੀਆਂ ਨੂੰ ਉਨ੍ਹਾਂ ਦੇ ਪਤੀਆਂ ਨਾਲ ਜੀਂਦੇ ਜੀ ਹੀ ਚਿਖਾ ਵਿੱਚ ਸਾੜ ਦਿੱਤਾ ਗਿਆ ਸੀ। ਪੂਰੋ, ਧੰਨੋ, ਗੇਲੋ, ਭਿੰਦਰੋ ਨੂੰ ਹੁਣ ਲੋਕ ਪੂਜਦੇ ਸਨ ਜਿਨਾਂ ਆਪਣਾ ਪਤੀ ਬ੍ਰਤਾ ਧਰਮ ਨਿਭਾਇਆ ਸੀ। ਪਰ ਇਹ ਕਹਾਣੀ ਸੁਣ ਕੇ ਤਾਂ ਮਨਦੀਪ ਬੇਹੱਦ ਡਰ ਜਾਂਦਾ। ਕਿਵੇਂ ਕੋਈ ਜਿੰਦੇ ਇਨਸਾਨ ਨੂੰ ਸਾੜ ਸਕਦਾ ਹੈ? ਤੇ ਕਿਵੇਂ ਉਹ ਘਾਹ ਫੂਸ ਵਾਂਗ ਮੱਚੀਆਂ ਹੋਣਗੀਆਂ? ਕਿਸੇ ਨੇ ਰੋਕਿਆ ਨਹੀਂ ਹੋਊ? ਨਾਨਾ ਜੀ ਨੇ ਵੀ ਨਹੀਂ?” ਉਹ ਆਪਣੇ ਆਪ ਨੂੰ ਪੁੱਛਦਾ। “ਬਾਬੇ ਨਾਨਕ ਦੀ ਸਾਖੀ ਵਿੱਚ ਤਾਂ ਨਾਨਾ ਦੱਸਦਾ ਸੀ ਕਿ ਬਾਬਾ ਜੀ ਨੇ ਬੁਰਾਈਆਂ ਦਾ ਘੁੱਪ ਹਨੇਰਾ ਦੂਰ ਕੀਤਾ। ਤੇ ਔਰਤ ਨੂੰ ਉੱਚਾ ਚੁੱਕਿਆ। ਪਰ ਉਸ ਦੇ ਮੰਨਣ ਵਾਲੇ ਕੀ ਕਰ ਰਹੇ ਸਨ?” ਜੇ ਉਹ ਕੁੱਝ ਪੁੱਛਦਾ ਤਾਂ ਸਾਰੇ ਕਹਿੰਦੇ ‘ਨਿਆਣੇ ਸਵਾਲ ਜਵਾਬ ਨੀ ਕਰਦੇ ਹੁੰਦੇ’

ਉਹ ਨਾਨੀ ਨੂੰ ਪੁੱਛਦਾ “ਸਤੀਆਂ ਤਾਂ ਮਰ ਗੀਆਂ ਫੇਰ ਕਿਵੇਂ ਚੁੰਬੜ ਜਾਂਦੀਆਂ ਨੇ” ਤਾਂ ਮਹਿਤਾਬ ਕੁਰ ਕਹਿੰਦੀ “ਅਣਆਈ ਮੌਤ ਮਰਨ ਵਾਲਿਆ ਦੀ ਗਤੀ ਨਹੀਂ ਹੁੰਦੀ ਤੇ ਰੂਹਾਂ ਭਟਕਦੀਆਂ ਰਹਿੰਦੀਆਂ ਨੇ। ਅੱਗ ‘ਚ ਸੜ ਕੇ ਮਰਨ ਵਾਲੇ ਦੀ ਤਾਂ ਜਮਾਂ ਈ ਗਤੀ ਨੀ ਹੁੰਦੀ। ਤਾਂ ਹੀ ਤਾਂ ਕੋਈ ਕੁੜੀ ਚਿੜੀ ਉਧਰੋਂ ਤਿਆਰ ਬਿਆਰ ਹੋਕੇ ਜਾਂ ਅਤਰ ਫੁਲੇਲ ਲਾ ਕੇ ਨੀ ਲੰਘਦੀ, ਕਿ ਕਿਤੇ ਸਤੀਆਂ ਨਾ ਚੁੰਬੜ ਨਾ ਜਾਣ”। ਮਨਦੀਪ ਅੱਗੋਂ ਪੁੱਛਦਾ “ਨਾਨੀ ਕੀ ਸਤੇ ਵੀ ਹੁੰਦੇ ਨੇ? ਜਿਹੜੇ ਬੰਦੇ ਘਰਵਾਲੀਆਂ ਨਾਲ ਮਰੇ ਹੋਣਗੇ...?”।

ਤਾਂ ਮਹਿਤਾਬ ਕੌਰ ਕਹਿੰਦੀ ਬਹੁਤਾ ਨੀ ਬੋਲੀ ਦਾ। ਸਿਆਣੇ ਜੋ ਕਹਿਣ ਸੁਣੀਦਾ ਏ। ਸਤੀਆ ਸਿਰਫ ਤੀਵੀਆਂ ਹੀ ਹੁੰਦੀਆ ਨੇ। ਵਿਚਾਰੀਆਂ ਦੀ ਜੂਨ ਬੁਰੀ…। ਜਾਂ ਜੰਮਦੀਆਂ ਨੂੰ ਮਾਰ ਦੋ ਜਾਂ ਸਤੀ ਕਰਕੇ ਮਾਰ ਦੋ। ਤੇਰੀਆਂ ਚਾਰ ਮਾਸੀਆਂ ਨੇ ਪਰ ਆਪਾਂ ਨੀ ਇਹ ਪਾਪ ਹੋਣ ਦਿੱਤਾ। ਤੂੰ ਵੀ ਮੇਰਾ ਪੁੱਤ ਵੱਡਾ ਹੋ ਕੇ ਚੰਗਾ ਬਣੀ। ਫੇਰ ਨਾਨੀ ਨੂੰ ਪਿਆਰ ਆ ਜਾਂਦਾ ਤੇ ਮਨਦੀਪ ਨੂੰ ਬੁੱਕਲ ‘ਚ ਲੈ ਕੇ ਗਾਂਉਂਦੀ

‘ਨੰਦ ਹੈ ਨੀ ਨੰਦ ਐ ਇਹ ਤਾਂ ਮੇਰ ਚੰਦ ਹੈ

ਹੁਣ ਮਨਦੀਪ ਦੇ ਮਨ ਤੇ ਹੋਰ ਬੋਝ ਪੈ ਗਿਆ ਕਿ ਜੰਮਦੀਆਂ ਕੁੜੀਆਂ ਨੂੰ ਕਿਉਂ ਮਾਰ ਦਿੰਦੇ ਸਨ? ਉਹ ਅਜੇ ਸੋਚ ਹੀ ਰਿਹਾ ਸੀ ਤਾਂ ਇੱਕ ਰਾਤ ਰਜ਼ਈਆਂ ‘ਚ ਬੈਠੀਆਂ ਉਸਦੀਆਂ ਮਾਮੀਆਂ ਮਾਸੀਆਂ ਉਸਨੇ ਗੱਲਾਂ ਕਰਦੀਆਂ ਸੁਣੀਆਂ। ਕਿਵੇਂ ਕਿਵੇਂ ਜੰਮਦੀਆਂ ਕੁੜੀਆਂ ਨੂੰ ਮਾਰ ਦਿੱਤਾ ਜਾਂਦਾ ਸੀ। ਹਰਦੇਵ ਕੁਰ ਨੇ ਆਪਣੇ ਭਰਾਵਾਂ ਦੀਆਂ ਦੋ ਕੁੜੀਆਂ ਨੂੰ ਗੱਡੀ ਚੜ੍ਹਾਇਆ ਸੀ। ਹੁਣ ਉਹ ਮਾਣ ਨਾਲ ਦੱਸਦੀ ਸੀ ਕਿ ‘ਔਖਾ ਕੀ ਹੈ? ਅੱਕ ਦੇ ਦੁੱਧ ਦੀ ਬੱਤੀ ਬੱਤੀ ਮੂੰਹ ‘ਚ ਪਾਕੇ ਐਨਾ ਕਹਿਣਾ ਹੁੰਦਾ ਐ

‘ਦੁੱਧੀਂ ਨਾਹਵੀ ਪੂਣੀ ਕੱਤੀਂ ਆਪ ਨਾ ਆਈ ਵੀਰਾ ਘੱਤੀਂ’

ਜੋਗਿੰਦਰੋ ਨੇ ਵੀ ਆਪਣੀ ਭੈਣ ਦੀ ਕੁੜੀ ਦੀ ਜੰਮਣ ਸਾਰ ਸੰਘੀ ਨੱਪੀ ਸੀ। ਇਹ ਕੰਮ ਤਾਂ ਦਾਈਆਂ ਆਪ ਹੀ ਕਰ ਦਿੰਦੀਆਂ ਸਨ ਜਾਂ ਕਿਸੇ ਤੋਂ ਕਰਵਾ ਦਿੰਦੀਆਂ ਸਨ। ਪਰ ਹੁਣ ਇਹ ਕੁਰੀਤੀ ਟਾਵੀਂ ਟਾਵੀਂ ਸੀ। ਇਨ੍ਹਾਂ ਗੱਲਾਂ ਨੇ ਮਨਦੀਪ ਦਾ ਮਨ ਵਲੂੰਧਰ ਧਰਿਆ। ਕਿੱਥੇ ਬਾਬੇ ਦੀ ਬਾਣੀ ‘ਸੋ ਕਿਉ ਮੰਦਾ ਆਖੀਐ’। ਕਿੱਥੇ ਕੁੜੀ ਮਾਰਾਂ ਨਾਲ ਰੋਟੀ ਬੇਟੀ ਦੀ ਸਾਂਝ ਨਾ ਰੱਖਣ ਦੀਆਂ ਸਾਖੀਆਂ ਤੇ ਕਿੱਥੇ ਸੰਤਾ ਸਿੰਘ ਦੇ ਆਪਣੇ ਹੀ ਘਰ ਕੁੜੀਆਂ ਦੀਆਂ ਕਾਤਲ ਨੂੰਹਾਂ। ਇਸ ਘਰ ਵਿੱਚ ਕੁੜੀਆਂ ਨੂੰ ਘਰੋਂ ਬਾਹਰ ਨਾਂ ਨਿੱਕਲਣ ਦੇਣਾ, ਜਾਂ ਪੜ੍ਹਨ ਨਾਂ ਦੇਣਾ, ਹੁਣ ਉਸ ਨੂੰ ਚੰਗਾ ਨਾ ਲੱਗਦਾ। ਉਸ ਦੀ ਛੋਟੀ ਮਾਸੀ ਤਾਂ ਹੀ ਸਿਰਫ ਪੰਜ ਪੜ੍ਹੀ ਸੀ।

ਪਰ ਪਿੰਡ ਵਿੱਚ ਹੁਣ ਫਰਕ ਪੈ ਰਿਹਾ ਸੀ ਸੱਠ ਦੇ ਕਰੀਬ ਕੁੜੀਆਂ ਸਕੂਲ ਜਾਂਦੀਆਂ ਸਨ। ਕੁੜੀਆਂ ਦੀ ਵਧ ਰਹੀ ਖੁੱਲ ਨੂੰ ਸੰਤਾ ਸਿਉਂ ਕਲਯੁੱਗ ਦਾ ਪਹਿਰਾ ਆਖਦਾ। ਪਰ ਉਹ ਕੁੜੀਆਂ ਮਾਰਨ ਦੇ ਹੱਕ ਵਿੱਚ ਨਹੀਂ ਸੀ।

ਸਕੂਲ ਵਿੱਚ ਕੁੜੀਆਂ ਵੱਖਰੀ ਲਾਈਨ ਵਿੱਚ ਬੈਠਦੀਆਂ। ਮੁੰਡੇ ਉਨ੍ਹਾਂ ਨਾਲ ਗੱਲ ਵੀ ਨਾਂ ਕਰ ਸਕਦੇ। ਪਰ ਉਹ ਇਕੱਠੇ ਪੈਂਤੀ ਪੜ੍ਹਦੇ। ਪਹਾੜੇ ਰਟਦੇ। ਕੁੜੀਆਂ ਅੱਧੀ ਛੁੱਟੀ ਵੇਲੇ ਖੱਡਾ ਖੇਡਦੀਆਂ, ਗੀਟੀਆਂ ਖੇਡਦੀਆਂ, ਮੁੰਡੇ ਕੋਟਲਾ ਛਪਾਕੀ ਜਾਂ ਬਾਂਦਰ ਕੀਲਾ ਖੇਡਦੇ। ਕਈ ਲੁਕਣ ਮੀਟੀ ਵੀ ਖੇਡਦੇ। ਹੁਣ ਤਾਂ ਮਨਦੀਪ ਆਪਣਾ ਨਾਂ ਵੀ ਲਿਖ ਲੈਂਦਾ। ਬਚਨ ਕੌਰ ਲਈ ਉਹ ਕਿੱਡਾ ਖੁਸ਼ੀ ਦਾ ਦਿਨ ਸੀ ਜਿਸ ਦਿਨ ਦਲੇਰ ਸਿੰਘ ਨੂੰ ਲਿਖੀ ਚਿੱਠੀ ਵਿੱਚ ਮਨਦੀਪ ਨੇ ਆਪਣਾ ਨਾਂ ਖੁਦ ਲਿਖਿਆ ਸੀ। ਉਸ ਦਾ ਪੁੱਤਰ ਵੱਡਾ ਹੋ ਰਿਹਾ ਸੀ...।

 

ਸਮੁੰਦਰ ਮੰਥਨ (PDF, 568KB)    

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com